Subscription About Us Contact Us


ਕੀ ਤਰਕਸ਼ੀਲਾਂ ਵੱਲੋਂ ਅਜਾਦੀ ਸਮਾਰੋਹ ਵਿੱਚ ਸ਼ਾਮਿਲ ਕਰਨ ਲਈ ਲਿਆਂਦੀ ਝਾਕੀ ਨੂੰ ਰੋਕਣਾ ਹੀ ਅਜਾਦੀ ਹੈ?

- ਹਰਲਾਜ ਸਿੰਘ ‘ਬਹਾਦਰਪੁਰ’, ਮਾਨਸਾ -
ਫੋਨ : 9417023911

17 ਅਗਸਤ ਦੇ ਪੰਜਾਬੀ ਟ੍ਰਿਬਿਊਨ ਵਿੱਚ ਮਾਲਵਾ ਅੰਕ ਦੇ ਪੰਨਾ ਨੰਬਰ ਚਾਰ ਤੇ ਖਬਰ ਪੜ੍ਹੀ, ਜਿਸਦਾ ਸਿਰਲੇਖ ਸੀ ਕਿ ਹਿੰਦੂ ਪ੍ਰੀਸ਼ਦ ਦੇ ਵਿਰੋਧ ਕਰਨ ਕਾਰਨ ਤਰਕਸ਼ੀਲਾਂ ਦੀ ਝਾਕੀ ਰੋਕੀ। ਇਹ ਖਬਰ ਇਸ ਤਰ੍ਹਾਂ ਸੀ ਕਿ ਤਰਕਸ਼ੀਲ ਆਗੂਆਂ ਵੱਲੋਂ ਦਵਾਈਆਂ ਅਤੇ ਜਾਦੂਈ ਇਲਾਜ ਬਾਰੇ ਇਤਰਾਜਯੋਗ ਇਸ਼ਤਿਹਾਰਬਾਜੀ, ਟੀ.ਵੀ., ਕੇਬਲ ਰਾਹੀਂ ਫੈਲਾਏ ਜਾ ਰਹੇ ਅੰਧ ਵਿਸ਼ਵਾਸ਼ਾਂ ਤੋਂ ਸੁਚੇਤ ਕਰਦੀ ਝਾਕੀ ਨੂੰ ਬਠਿੰਡਾ ਵਿਖੇ ਹੋ ਰਹੇ ਆਜ਼ਾਦੀ ਸਮਾਰੋਹਾਂ ਵਿੱਚ ਸ਼ਾਮਿਲ ਕੀਤਾ ਜਾਣਾ ਸੀ, ਇਸ ਝਾਕੀ ਦੀ ਪ੍ਰਸ਼ਾਸ਼ਨ ਵੱਲੋਂ ਪ੍ਰਵਾਨਗੀ ਵੀ ਮਿਲੀ ਹੋਈ ਸੀ। ਪਰ ਹਿੰਦੂ ਪ੍ਰੀਸ਼ਦ ਦੇ ਕਾਰਕੁੰਨਾਂ ਨੇ ਪ੍ਰਸ਼ਾਸ਼ਨ ਦੀ ਪ੍ਰਵਾਹ ਨਾ ਕਰਦਿਆਂ ਇਸ ਝਾਕੀ ਨੂੰ ਅਜਾਦੀ ਸਮਾਰੋਹ ਵਿੱਚ ਸ਼ਾਮਿਲ ਹੋਣੋ ਰੁਕਵਾ ਦਿੱਤਾ ਅਤੇ ਤਰਕਸ਼ੀਲ ਆਗੂਆਂ ਨਾਲ ਗਾਲੀ ਗਲੋਚ ਵੀ ਕੀਤਾ। ਹਿੰਦੂ ਪ੍ਰੀਸ਼ਦ ਦੇ ਕਾਰਕੁਨਾਂ ਦਾ ਕਹਿਣਾ ਸੀ ਕਿ ਇਸ ਝਾਕੀ ਵਿੱਚ ਭਗਵੇ ਕੱਪੜੇ ਦਾ ਅਪਮਾਨ ਕੀਤਾ ਜਾ ਰਿਹਾ ਸੀ ਜਦੋਂ ਕਿ ਭਗਵਾਂ ਕੱਪੜਾ ਕੁਰਬਾਨੀ ਦਾ ਪ੍ਰਤੀਕ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਉਹ ਵੀ ਪਾਖੰਡਵਾਦ ਦੇ ਖਿਲਾਫ ਹਨ।

ਓਪਰੀ ਨਜ਼ਰੇ ਇਹ ਖਬਰ ਬੇਸ਼ੱਕ ਆਮ ਜਿਹੀ ਹੀ ਸੀ, ਪਰ ਸਮਝਣ ਵਾਲਿਆਂ ਲਈ ਇਹ ਇੱਕ ਚੇਤਾਵਨੀ ਸੀ। ਸੰਵਿਧਾਨ ਮੁਤਾਬਿਕ ਤਾਂ ਸਾਡੇ ਦੇਸ਼ ਵਿੱਚ ਹਰ ਇੱਕ ਨੂੰ ਆਪਣੀ ਗੱਲ ਪੇਸ਼ ਕਰਨ ਦਾ ਹੱਕ ਹੈ, ਕਿਸੇ ਨੂੰ ਆਪਣੀ ਗੱਲ ਕਹਿਣ ਤੋਂ ਰੋਕਣਾ ਉਸਦੀ ਆਜਾਦੀ ਉੱਪਰ ਹਮਲਾ ਹੈ। ਪਰ ਆਜਾਦੀ ਦੇ ਜਸ਼ਨ ਮਨਾਉਂਦਿਆਂ ਤਕਰਸ਼ੀਲ ਵੀਰਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਗਿਆ। ਸਵਾਲ ਪੈਦਾ ਹੁੰਦੇ ਹਨ ਕੀ ਇਹੀ ਅਜਾਦੀ ਸੀ, ਜਿਸ ਨੂੰ ਪ੍ਰਾਪਤ ਕਰਨ ਲਈ ਸਾਡੇ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ ਸਨ? ਕੀ ਸਾਡੇ ਦੇਸ਼ ਦਾ ਇਹੀ ਲੋਕਤੰਤਰ ਹੈ ਜਿੱਥੇ ਕਿਸੇ ਨੂੰ ਸੱਚ ਪੇਸ਼ ਕਰਨ ਦੀ ਵੀ ਇਜਾਜਤ ਨਹੀਂ ਹੈ? ਕੀ ਇਹ ਅਜਾਦੀ ਸਮਾਰੋਹ ਹਨ, ਜਿੰਨ੍ਹਾਂ ਵਿੱਚ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ? ਇਸ ਦਾ ਉੱਤਰ ਹੈ ਕਿ ਨਾ ਤਾਂ ਸਾਡੇ ਸ਼ਹੀਦਾਂ ਨੇ ਅਜਿਹੀ ਅਜਾਦੀ ਲਈ ਕੁਰਬਾਨੀਆਂ ਕੀਤੀਆਂ ਸਨ, ਨਾ ਹੀ ਇੱਥੇ ਕੋਈ ਲੋਕਤੰਤਰ ਹੈ, ਨਾ ਇੱਥੇ ਕਿਸੇ ਨੂੰ ਸੱਚ ਪੇਸ਼ ਕਰਨ ਦਾ ਹੱਕ ਹੈ, ਨਾ ਹੀ ਇਹ ਅਜਾਦੀ ਸਮਾਰੋਹ ਹਨ। ਇਹ ਤਾਂ ਹੁਕਮਰਾਨਾਂ ਦੇ ਸ਼ੁਗਲੀਆਂ ਮੇਲੇ ਹਨ। ਜਿੱਥੇ ਸੱਚ ਪੇਸ਼ ਕਰਨ ਵਾਲਿਆਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ।

ਅਜਿਹਾ ਕੀ ਸੀ ਇਸ ਝਾਕੀ ਵਿੱਚ? ਪਤਾ ਲੱਗਾ ਹੈ ਕਿ ਇਸ ਝਾਕੀ ਵਿੱਚ ਅੰਧ ਵਿਸ਼ਵਾਸ਼ ਫੈਲਾਉਣ ਵਾਲੇ ਭਗਵੇਂ ਕੱਪੜਿਆਂ ਵਿੱਚ ਇੱਕ ਜਨੇਊਧਾਰੀ ਨੂੰ ਵਿਖਾਇਆ ਗਿਆ ਸੀ, ਜਿਸ ਕਾਰਨ ਹਿੰਦੂ ਪ੍ਰੀਸ਼ਦ ਦੇ ਕਾਰਕੁੰਨਾਂ ਨੇ ਇਸ ਝਾਕੀ ਨੂੰ ਭਗਵੇ ਕਪੜੇ ਦੇ ਅਪਮਾਨ ਵੱਜੋਂ ਵੇਖਿਆ ਅਤੇ ਝਾਕੀ ਕੱਢਣ ਵਾਲੇ ਤਰਕਸ਼ੀਲਾਂ ਨਾਲ ਗਾਲੀ-ਗਲੋਚ ਵੀ ਕੀਤੀ ਅਤੇ ਉਨ੍ਹਾਂ ਦੀ ਝਾਕੀ ਵਾਲੀ ਟ੍ਰਾਲੀ ਉੱਤੇ ਲੱਗੀਆਂ ਸ਼ਹੀਦ ਭਗਤ ਸਿੰਘ ਦੀਆਂ ਫਲੈਕਸਾਂ ਵੀ ਇਹ ਕਹਿ ਕੇ ਉਤਾਰ ਲਈਆਂ ਕਿ ਇੱਥੇ ਸ਼ਹੀਦ ਭਗਤ ਸਿੰਘ ਦਾ ਅਪਮਾਨ ਕੀਤਾ ਜਾ ਰਿਹਾ ਸੀ (ਮੇਰੇ ਖਿਆਲ ਵਿੱਚ ਤਾਂ ਜਦੋਂ ਝਾਕੀ ਨੂੰ ਰੋਕ ਕੇ ਤਰਕਸ਼ੀਲਾਂ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਸਨ ਤੇ ਸ਼ਹੀਦ ਭਗਤ ਸਿੰਘ ਦੀਆਂ ਫਲੈਕਸਾਂ ਉਤਾਰੀਆਂ ਜਾ ਰਹੀਆਂ ਹੋਣਗੀਆਂ ਤਾਂ ਇਸ ਧੱਕੇ ਨੂੰ ਵੇਖ ਕੇ ਉਸ ਸਮੇਂ ਹੱਸ ਕੇ ਫਾਂਸੀ ਤੇ ਚੜ੍ਹਨ ਵਾਲੇ ਭਗਤ ਸਿੰਘ ਦੀ ਰੂਹ ਸ਼ਕੀਨਨ ਰੋ ਰਹੀ ਹੋਵੇਗੀ)।

ਕੀ ਹਿੰਦੂ ਪ੍ਰੀਸ਼ਦ ਦੇ ਕਾਰਕੁਨ ਸੱਚਮੁੱਚ ਹੀ ਭਗਵੇਂ ਕੱਪੜੇ ਅਤੇ ਸ਼ਹੀਦ ਭਗਤ ਸਿੰਘ ਦੇ ਇੰਨੇ ਹੀ ਹਮਦਰਦ ਹਨ? ਕਿਉਂਕਿ ਅੱਜ ਸ਼ਹੀਦ ਭਗਤ ਸਿੰਘ ਦੀ ਸੋਚ ਦੇ ਉਲਟ ਭਗਵੇਂ ਭੇਖ ਵਿੱਚ ਅਨੇਕਾਂ ਹੀ ਜਨੇਊਧਾਰੀ ਅੰਧਵਿਸ਼ਵਾਸ ਫੈਲਾ ਕੇ ਲੋਕਾਂ ਨੂੰ ਲੁੱਟ ਰਹੇ ਹਨ, ਜਿੰਨ੍ਹਾਂ ਨੇ ਦੁਕਾਨਾਂ ਵਿੱਚ ਹਿੰਦੂ ਦੇਵੀ ਦੇਵਤਿਆਂ/ਸਿੱਖ ਗੁਰੂਆਂ ਅਤੇ ਸ਼ਹੀਦ ਭਗਤ ਸਿੰਘ ਵਰਗਿਆਂ ਦੀਆਂ ਫੋਟੋਆਂ ਲਗਾਈਆਂ ਹੁੰਦੀਆਂ ਹਨ, ਟੀ.ਵੀ. ਚੈਨਲਾਂ ਰਾਹੀਂ ਵੀ ਅੰਧਵਿਸ਼ਵਾਸ਼ ਫੈਲਾਇਆ ਜਾ ਰਿਹਾ ਹੁੰਦਾ ਹੈ। ਆਪਣੇ ਆਪ ਨੂੰ ਪਾਖੰਡਵਾਦ ਦੇ ਵਿਰੋਧੀ ਕਹਾਉਣ ਵਾਲੇ ਹਿੰਦੂ ਪ੍ਰੀਸ਼ਦ ਦੇ ਕਾਰਕੁਨ (ਝਾਕੀ ਰੋਕਣ ਵਾਲਿਆਂ) ਨੇ ਅਜਿਹਾ ਅੰਧਵਿਸ਼ਵਾਸ਼ ਫੈਲਾਉਣ ਵਾਲੀਆਂ ਕਿੰਨੀਆਂ ਕੁ ਦੁਕਾਨਾਂ ਬੰਦ ਕਰਵਾਈਆਂ ਹਨ ਜਾਂ ਕਿੰਨੇ ਕੁ ਚੈਨਲਾਂ ਦਾ ਵਿਰੋਧ ਕੀਤਾ ਹੈ? ਕਮਾਲ ਦੀ ਗੱਲ ਹੈ ਕਿ ਸ਼ਰੇਆਮ ਭਗਵੇ ਕੱਪੜੇ ਪਾ ਕੇ ਠੱਗੀਆਂ ਮਾਰਨ ਵਾਲਿਆਂ ਨਾਲ ਤਾਂ ਭਗਵੇਂ ਦਾ ਅਪਮਾਨ ਨਹੀਂ ਹੁੰਦਾ, ਪਰ ਜੇ ਅਜਿਹੇ ਪਾਖੰਡਵਾਦ ਨੂੰ ਨੰਗਾ ਕਰਨ ਲਈ ਆਰਜੀ ਤੌਰ ਤੇ ਇੱਕ ਝਾਕੀ ਪੇਸ਼ ਕਰ ਦਿੱਤੀ ਤਾਂ ਉਸ ਨਾਲ ਭਗਵੇਂ ਦਾ ਅਪਮਾਨ ਹੋ ਗਿਆ।

ਇਹ ਝਾਕੀ ਤਾਂ ਨਕਲ ਦੇ ਰੂਪ ਵਿੱਚ ਕੁੱਝ ਸਮੇਂ ਲਈ ਤਿਆਰ ਕੀਤੀ ਗਈ ਸੀ ਜਦਕਿ ਅਸਲੀਅਤ ਤਾਂ ਇੱਥੇ ਮਾਲੇਗਾਓਂ ਬੰਬ ਕਾਂਡਾਂ ਅਤੇ ਇੱਛਾਧਾਰੀਆਂ ਦੇ ਰੂਪ ਵਿੱਚ ਸ਼ਰੇਆਮ ਵਿਚਰ ਰਹੀ ਹੈ। ਇੱਥੇ ਗੱਲ ਤਰਕਸ਼ੀਲਾਂ ਦੀ ਝਾਕੀ ਰੋਕਣ ਦੀ ਨਹੀਂ ਹੈ ਅਸਲ ਗੱਲ ਤਾਂ ਸੱਚ ਅਤੇ ਝੂਠ ਦੀ ਲੜਾਈ ਦੀ ਹੈ ਜੋ ਸ਼ੁਰੂ ਤੋਂ ਚੱਲਦੀ ਆ ਰਹੀ ਹੈ ਤੇ ਅੰਤ ਤੱਕ ਚਲਦੀ ਰਹੇਗੀ। ਇਸ ਦੁਨੀਆਂ ਵਿੱਚ ਤਿੰਨ ਤਰ੍ਹਾਂ ਦੇ ਲੋਕ ਹਨ ਲੁੱਟੇ ਜਾਣ ਵਾਲੇ (ਆਮ ਲੋਕ) ਲੁੱਟਣ ਵਾਲੇ ਲੋਕ (ਪੁਜਾਰੀ ਅਤੇ ਹੁਕਮਰਾਨ) ਅਤੇ ਜਾਗਰੂਕ ਲੋਕ। ਇਹ ਲੜਾਈ ਲੁੱਟਣ ਵਾਲਿਆਂ ਤੇ ਜਾਗਰੁਕ ਲੋਕਾਂ ਦੇ ਵਿਚਕਾਰ ਹੈ। ਜਿੱਥੇ ਲੁੱਟਣ ਵਾਲੇ ਲੋਕ ਪੱਥਰ ਦਿਲ, ਅਧਰਮੀ, ਝੂਠੇ, ਭਾਵਨਾਵਾਂ ਦੇ ਕਾਤਲ ਅਤੇ ਇਨਸਾਨੀਅਤ ਦੇ ਦੁਸ਼ਮਣ ਹੁੰਦੇ ਹਨ, ਉੱਥੇ ਜਾਗਰੁਕ ਲੋਕ ਮੋਮ ਦਿਲ, ਧਰਮੀ, ਸੱਚੇ, ਕੋਮਲ ਭਾਵਨਾਵਾਂ ਵਾਲੇ ਅਤੇ ਇਨਸਾਨੀਅਤ ਦੇ ਮੁਦੱਈ ਹੁੰਦੇ ਹਨ। ਪਰ ਅਜਿਹੇ ਚੰਗੇ ਲੋਕ ਬਹੁਤ ਥੋੜੀ ਗਿਣਤੀ ਦੇ ਵਿੱਚ ਹੁੰਦੇ ਹਨ।

ਗੁਰਬਾਣੀ ਵੀ ਇਸ ਬਾਰੇ ਕਹਿੰਦੀ ਹੈ ਕਿ :-

ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ ।।
ਪੰਨਾ ਨੰ: 517

ਆਮ ਲੋਕਾਂ ਦੀ ਹੋ ਰਹੀ ਲੁੱਟ ਨੂੰ ਵੇਖ ਕੇ ਇਨ੍ਹਾਂ ਜਾਗਰਕ (ਵਿਰਲੇ) ਲੋਕਾਂ ਦੇ ਮਨ ਨੂੰ ਠੇਸ ਪਹੁੰਚਦੀ ਹੈ। ਜਿਸ ਕਾਰਨ ਇਹ ਸੱਚੇ ਧਰਮ ਉੱਤੇ ਪਹਿਰਾ ਦਿੰਦੇ ਹੋਏ ਲੁਟੇਰਿਆਂ ਦਾ ਪਰਦਾਫਾਸ਼ ਕਰਦੇ ਹਨ ਅਤੇ ਲੁੱਟੇ ਜਾ ਰਹੇ ਲੋਕਾਂ ਨੂੰ ਜਗਾਉਂਦੇ ਹਨ। ਜਦੋਂ ਲੁਟੇਰਿਆਂ ਦੇ ਪਰਦੇਫਾਸ਼ ਹੁੰਦੇ ਹਨ ਤਾਂ ਫਿਰ ਲੁਟੇਰਿਆਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਦੀ ਹੈ, ਕਿਉਂਕਿ ਭਾਵਨਾਵਾਂ ਤਾਂ ਹਰ ਇੱਕ ਪ੍ਰਾਣੀ ਦੀਆਂ ਹੀ ਹੁੰਦੀਆਂ ਹਨ। ਜਿਵੇਂ ਕਿ ਜਦੋਂ ਕਿਸੇ ਘੁੱਗੀ ਦੇ ਆਲ੍ਹਣੇ ਵਿੱਚ ਘੁੱਗੀ ਦੇ ਆਂਡੇ ਪੀਣ (ਖਾਣ) ਆਏ ਕਾਂ ਦਾ ਘੁੱਗੀ ਵਿਰੋਧ ਕਰਦੀ ਹੈ ਤਾਂ ਕਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਦੀ ਹੈ। ਕਿਉਂਕਿ ਕਾਂ ਦੀ ਭਾਵਨਾ ਤਾਂ ਸ਼ਾਂਤੀ ਨਾਲ ਬਹਿ ਕੇ ਆਂਡੇ ਪੀਣ ਦੀ ਸੀ। ਜਦੋਂ ਕੋਈ ਚੋਰ ਪਾੜ ਵਿੱਚ ਪਕੜ ਲਿਆ ਜਾਵੇ ਤਾਂ ਉਸ ਚੋਰ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਦੀ ਹੈ, ਕਿਉਂਕਿ ਉਸਦੀ ਭਾਵਨਾ ਤਾਂ ਅਰਾਮ ਨਾਲ ਚੋਰੀ ਕਰਕੇ ਵਾਪਿਸ ਮੁੜਨ ਦੀ ਸੀ। ਜਦੋਂ ਕੋਈ ਬਲਾਤਕਾਰੀ ਦੇ ਵਿਰੁੱਧ ਰੌਲਾ ਪਾਉਂਦਾ ਹੈ ਤਾਂ ਬਲਾਤਕਾਰੀ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਦੀ ਹੈ, ਕਿਉਂਕਿ ਉਸਦੀ ਭਾਵਨਾ ਚੁੱਪ-ਚਾਪ ਬਲਾਤਕਾਰ ਕਰਨ ਦੀ ਸੀ। ਪਰ ਕੀ ਉਪਰੋਕਤ ਧੱਕਿਆਂ ਦੇ ਸ਼ਿਕਾਰ ਪ੍ਰਾਣੀਆਂ ਦੀਆਂ ਭਾਵਨਾਵਾਂ ਨਹੀਂ ਹੁੰਦੀਆਂ? ਭਾਵਨਾਵਾਂ ਤਾਂ ਹੁੰਦੀਆਂ ਹਨ, ਪਰ ਇਹਨਾਂ ਲੁੱਟ ਦੇ ਸ਼ਿਕਾਰ ਲੋਕਾਂ ਦੀ ਅਵਾਜ ਇਨੀ ਘੱਟ ਹੁੰਦੀ ਹੈ ਕਿ ਉਹ ਉਲਟਾ ਲੁਟੇਰਿਆਂ ਵੱਲੋਂ ਭਾਵਨਾਵਾਂ ਦੇ ਨਾਂ ਦੇ ਪਾਏ ਜਾਂਦੇ ਸ਼ੋਰ ਦੇ ਥੱਲੇ (ਹੇਠਾਂ) ਦੱਬ ਕੇ ਰਹਿ ਜਾਂਦੀ ਹੈ। ਕਿਉਂਕਿ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਹੀ ਭਾਵਨਾਵਾਂ ਦੇ ਨਾਮ ਉੱਤੇ ਇੰਨਾ ਉੱਚਾ ਰੌਲਾ ਪਾ ਦਿੰਦੇ ਹਨ ਕਿ ਆਮ ਆਦਮੀ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਕਿਸ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੋਇਆ ਹੈ।

ਕੀ ਤਰਕਸ਼ੀਲਾਂ ਵੱਲੋਂ ਅਜ਼ਾਦੀ ਸਮਾਰੋਹ ਵਿੱਚ ਸ਼ਾਮਿਲ ਕਰਨ ਲਈ ਲਿਆਂਦੀ ਝਾਕੀ ਨੂੰ ਰੋਕਣਾ ਹੀ ਅਜ਼ਾਦੀ ਹੈ? ਅਜ਼ਾਦੀ ਦਿਵਸ ਸਮਾਗਮਾਂ ਵਿੱਚ ਪੇਸ਼ ਕਰਨ ਲਈ ਤਰਕਸ਼ੀਲਾਂ ਵੱਲੋਂ ਲਿਆਂਦੀ ਗਈ ਝਾਕੀ ਨੂੰ ਵਾਪਿਸ ਮੋੜ ਦਿੱਤੇ ਜਾਣ ਅਤੇ ਫਿਰ ਉਸਨੂੰ ਰਸਤੇ ਵਿੱਚ ਘੇਰਨ ਦੀ ਘਟਨਾ ਨੇ ਜਿੱਥੇ ਅਜਾਦੀ ਸ਼ਬਦ ਉੱਪਰ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ, ਉੱਥੇ ਇਹ ਸੋਚਣ ਲਈ ਵੀ ਮਜਬੂਰ ਕਰ ਦਿੱਤਾ ਹੈ ਕਿ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਵੇਗਾ? ਕੀ ਆਉਣ ਵਾਲੇ ਸਮੇਂ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਪਾਬੰਦੀ ਤਾਂ ਨਹੀਂ ਲੱਗ ਜਾਵੇਗੀ? ਕਿਉੇਂਕਿ ਗੁਰੂ ਗ੍ਰੰਥ ਸਾਹਿਬ ਜੀ ਤਾਂ ਸੱਚ ਬੋਲ ਕੇ ਪੁਜਾਰੀਆਂ ਅਤੇ ਹੁਕਮਰਾਨ ਲੁਟੇਰਿਆਂ ਦੀਆਂ ਭਾਵਨਾਵਾਂ ਨੂੰ ਤਰਕਸ਼ੀਲਾਂ ਨਾਲੋਂ ਵੀ ਵੱਧ ਠੇਸ ਪਹੁੰਚਾ ਰਹੇ ਹਨ।
ਮਿਸਾਲ ਵਜੋਂ ਗੁਰਬਾਣੀ ਦੇ ਕੁਝ ਪ੍ਰਮਾਣ ਹਨ:-

ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ।।
ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ ।।
(ਭਗਤ ਕਬੀਰ ਜੀ, ਪੰਨਾ ਨੰ: 654)

ਮੈਲਾ ਬ੍ਰਹਮਾ ਮੈਲਾ ਇੰਦ੍ਰ।।
ਰਵਿ ਮੈਲਾ ਮੈਲਾ ਹੈ ਚੰਦੁ।।1।।
ਮੈਲੇ ਸਿਵ ਸੰਕਰਾ ਮਹੇਸ ।।
ਮੈਲੇ ਸਿਧ ਸਾਧਿਕ ਅਰੁ ਭੇਖ ।।4।।

(ਭਗਤ ਕਬੀਰ ਜੀ, ਪੰਨਾ ਨੰ: 1158)

ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ।।
ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ।।2।।
ਪਾਂਡੇ ਤੁਮਰਾ ਰਾਮ ਚੰਦੁ ਸੋ ਭੀ ਆਵਤੁ ਦੇਖਿਆ ਥਾ ।।
ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ।।3।।
ਹਿੰਦੂ ਅੰਨਾ ਤੁਰਕੁ ਕਾਣਾ ।। ਦੁਹਾਂ ਤੇ ਗਿਆਨੀ ਸਿਆਣਾ ।।
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਤੀਤਿ ।।
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤ ।।4।।

(ਭਗਤ ਨਾਮਦੇਵ ਜੀ, ਪੰਨਾ 874-75)

ਜੌ ਤੂੰ ਬ੍ਰਾਹਮਣੁ ਜਾਇਆ ।। ਤਉ ਆਨ ਬਾਟ ਕਾਹੇ ਨਹੀਂ ਆਇਆ ।।2।।
ਤੁਮ ਕਤ ਬ੍ਰਾਹਮਣ ਹਮ ਕਤ ਸੂਦ ।। ਹਮ ਕਤ ਲੋਹੂ ਕਤ ਦੂਧ ।।3।।
(ਭਗਤ ਕਬੀਰ ਜੀ, ਪੰਨਾ ਨੰ: 324)

ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨੀ ਤਗ ।। ਗਲੀ ਜਿਨਾ ਜਪਮਾਲੀਆ ਲੋਟੇ ਹਥ ਨਿਬਗ ।।
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ।।1।।

(ਭਗਤ ਕਬੀਰ ਜੀ, ਪੰਨਾ ਨੰ: 476)

ਰੋਵੈ ਰਾਮੁ ਨਿਕਾਲਾ ਭਇਆ ਸੀਤਾ ਲਖਮਣੁ ਵਿਛੁੜਿ ਗਇਆ ।।
ਰੋਵੈ ਦਹਸਿਰੁ ਲੰਕ ਗਵਾਇ ।। ਜਿਨਿ ਸੀਤਾ ਆਦੀ ਡਉਰੂ ਵਾਇ ।।
ਰੋਵਹਿ ਪਾਂਡਵ ਭਏ ਮਜੂਰ ।। ਜਿਨ ਕੈ ਸੁਆਮੀ ਰਹਤ ਹਦੂਰ ।।
(ਗੁਰੂ ਨਾਨਕ ਜੀ, ਪੰਨਾ ਨੰ: 953-54)

ਕਾਦੀ ਕੂੜੁ ਬੋਲਿ ਮਲੁ ਖਾਇ ।। ਬ੍ਰਾਹਮਣ ਨਾਵੈ ਜੀਆ ਘਾਇ ।।
ਜੋਗੀ ਜੁਗਤਿ ਨ ਜਾਣੈ ਅੰਧੁ ।। ਤੀਨੇ ਓਜਾੜੇ ਕਾ ਬੰਧ ।।

(ਗੁਰੂ ਨਾਨਕ ਜੀ, ਪੰਨਾ ਨੰ: 662)

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ।।
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀਂ ਕਹ ਚੜਿਆ ।।

(ਗੁਰੂ ਨਾਨਕ ਜੀ, ਪੰਨਾ ਨੰ: 1288)

ਉਪਰੋਕਤ ਸ਼ਬਦਾਂ ਰਾਹੀਂ ਭਗਤਾਂ ਅਤੇ ਗੁਰੂਆਂ ਨੇ ਕਿਸ ਤਰ੍ਹਾਂ ਦੇਵਤਿਆਂ, ਪੁਜਾਰੀਆਂ, ਬ੍ਰਾਹਮਣਾਂ/ ਕਾਦੀਆਂ, ਹੁਕਮਰਾਨਾਂ ਉੱਪਰ ਕਿੰਤੂ-ਪ੍ਰੰਤੂ ਕਰ ਕੇ (ਸੱਚ ਕਹਿ ਕੇ) ਇਨ੍ਹਾਂ ਦੇ ਉਪਸਕਾਂ ਨੂੰ ਠੇਸ ਪਹੁੰਚਾਈ ਹੈ, ਇਸ ਲਈ ਇਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਜ਼ਬਤ ਕਰਕੇ ਭਗਤਾਂ ਅਤੇ ਗੁਰੂਆਂ ਉੱਪਰ ਵੀ ਪਰਚੇ ਦਰਜ ਕੀਤੇ ਜਾ ਸਕਦੇ ਹਨ, ਗੁਰਬਾਣੀ ਪੜ੍ਹਣ ਉੱਪਰ ਵੀ ਪਾਬੰਦੀ ਲੱਗ ਸਕਦੀ ਹੈ। ਮੈਂ ਤਾਂ ਇੱਥੇ ਤਰਕਸ਼ੀਲ ਵੀਰਾਂ ਨੂੰ ਇਹੀ ਸੁਝਾਅ ਦੇਵਾਂਗਾ ਕਿ ਅੱਗੇ ਤੋਂ ਅਜਿਹੀਆਂ ਅੰਧਵਿਸ਼ਵਾਸ਼ ਵਿਰੋਧੀ ਝਾਕੀਆਂ ਨੂੰ ਅੰਧਵਿਸ਼ਵਾਸ਼ ਦੇ ਜਨਮ-ਦਾਤਿਆਂ ਦੇ ਅੰਧ ਵਿਸ਼ਵਾਸੀ ਮੇਲਿਆਂ ਵਿੱਚ ਲਿਜਾਉਣ ਦੀ ਬਜਾਇ ਅੰਧ ਵਿਸ਼ਵਾਸ਼ ਦੇ ਸ਼ਿਕਾਰ ਆਮ ਗਰੀਬ ਲੋਕਾਂ ਵਿੱਚ ਲਿਜਾਇਆ ਜਾਵੇ, ਉੱਥੇ ਹੀ ਇਹਨਾਂ ਦੀ ਲੋੜ ਹੈ, ਤੁਹਾਡੀ ਕੀਤੀ ਮਿਹਨਤ ਵੀ ਉੱਥੇ ਹੀ ਸਫਲ ਹੋਵੇਗੀ। ਕਿਉਂਕਿ ਇੱਥੇ ਤੁਸੀਂ ਖੁਦ ਵੇਖ ਹੀ ਚੁੱਕੇ ਹੋ ਕਿ ਪ੍ਰਸ਼ਾਸ਼ਨ ਤੋਂ ਪ੍ਰਵਾਨਗੀ ਲੈਣ ਅਤੇ ਸਖਤ ਸੁਰੱਖਿਆ ਪ੍ਰਬੰਧ ਹੋਣ ਦੇ ਬਾਵਜੂਦ ਵੀ ਤੁਹਾਡੇ ਨਾਲ ਧੱਕਾ ਹੋਇਆ ਹੈ। ਪੁਲਿਸ ਪ੍ਰਸ਼ਾਸ਼ਨ ਵੀ ਤੁਹਾਨੂੰ ਸੁਰੱਖਿਆ ਨਹੀਂ ਦੇ ਸਕਿਆ, ਅਸਲ ਵਿੱਚ ਪੁਲਿਸ ਪ੍ਰਸ਼ਾਸ਼ਨ ਤੁਹਾਡੀ ਸੁਰੱਖਿਆ ਲਈ ਨਹੀਂ ਹੈ, ਇਹ ਤਾਂ ਤੁਹਾਡੇ ਤੋਂ ਸੁਰੱਖਿਆ ਵਾਸਤੇ ਹੈ। ਕਿਉਂਕਿ ਤੁਸੀਂ ਲੋਕ ਸੱਚ ਬੋਲ ਕੇ ਪੁਜਾਰੀਆਂ ਅਤੇ ਹੁਕਮਰਾਨਾਂ ਦੇ ਰਾਹ ਵਿੱਚ ਮੁਸੀਬਤਾਂ ਖੜ੍ਹੀਆਂ ਕਰਨੀਆਂ ਚਾਹੁੰਦੇ ਹੋ।

ਤੁਹਾਡੇ ਇਸ ਤਰ੍ਹਾਂ ਕਰਨ ਨਾਲ ਇਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਇਨ੍ਹਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਤੁਹਾਡੀ ਜਥੇਬੰਦੀ ਉਨੂੰਪਰ ਪਾਬੰਦੀ ਵੀ ਲਗਾਈ ਜਾ ਸਕਦੀ ਹੈ। ਕਿਉਂਕਿ ਤੁਸੀਂ ਤਾਂ ਨਾਸਤਕ ਹੋਂ ਤੁਹਾਡੀਆਂ ਕਿਹੜਾ ਕੋਈ ਭਾਵਨਾਵਾਂ ਹਨ, ਜਿੰਨ੍ਹਾਂ ਲੁੱਟ ਦੇ ਸ਼ਿਕਾਰ ਲੋਕਾਂ ਦੇ ਹੱਕਾਂ ਲਈ ਤੁਸੀਂ ਲੜ ਰਹੇ ਹੋ, ਨਾ ਕੋਈ ਇਨ੍ਹਾਂ ਦੀਆਂ ਭਾਵਨਾਵਾਂ ਹਨ। ਕਿਉਂਕਿ ਇਹ ਲੋਕ ਤਾਂ ਰੱਬ ਨੇ ਲੁੱਟੇ ਜਾਣ ਲਈ ਹੀ ਪੈਦਾ ਕੀਤੇ ਹਨ, ਇਸ ਲਈ ਇਹਨਾਂ ਨੂੰ ਜਾਗਰੁਕ ਕਰਨਾ ਵੀ ਸਾਡੇ ਦੇਸ਼ ਵਿੱਚ ਗੁਨਾਹ ਹੈ।