

ਸਾਧ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਕੁਝ ਸਵਾਲ
- ਗੁਰਜੀਤ ਸਿੰਘ, ਬ੍ਰਿਸਬੇਨ -
ਸਿੱਖ ਇਤਹਾਸ ਨੂੰ ਜੇ ਗੌਹ ਨਾਲ ਪੜ੍ਹਿਏ ਤਾਂ ਇਕ ਗੱਲ ਉਭਰ ਕੇ ਸ੍ਹਾਮਣੇ ਆਉਂਦੀ ਹੈ ਕਿ ਸਿੱਖ ਧਰਮ ਦੇ ਵਿਚ ਗੁਰੂ ਨਾਨਕ ਸਾਹਿਬ ਦੇ ਸਮੇ ਤੋਂ ਹੀ ਸੱਚ ਅਤੇ ਝੂਠ ਅਰਥਾਤ ਗੁਰਮਤ ਅਤੇ ਮਨਮਤ ਦੀ ਧੜੇਬੰਦੀ ਦੀ ਸ਼ੁਰੂਆਤ ਹੋ ਗਈ ਸੀ। ਜਿਸ ਗੱਲ ਨੂੰ ਭਾਈ ਸੱਤਾ ਅਤੇ ਬਲਵੰਡ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 967 ਉੱਤੇ ਰਾਮਕਲੀ ਰਾਗ ਵਿਚ ਦਰਜ਼ ਅਪਣੀ ਵਾਰ ਵਿਚ ਇਸ ਸੰਕੇਤ ਵਜੋਂ ਦਰਸਾਇਆ ਹੈ :
ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨੈ
ਮੁਰਟੀਐ ।।
ਦਿਲਿ ਖੋਟੈ ਆਕੀ ਫਿਰਨੈ ਬੰਨੈ ਭਾਰੁ ਉਚਾਇਨੈ ਛਟੀਐ ।।
ਅਰਥਾਤ ਗੁਰੂ ਨਾਨਕ ਸਾਹਿਬ ਦੇ ਸਾਹਿਬਜਾਦੇ ਉਨ੍ਹਾਂ ਦੇ ਉਪਦੇਸ਼ ਨੂੰ ਮੰਨਣ ਤੋਂ ਇਨਕਾਰੀ ਹੋ ਗਏ ਸਨ ਅਤੇ ਇਤਹਾਸ ਦਸਦਾ ਹੈ ਕਿ ਗੁਰੂ ਅੰਗਦ ਸਾਹਿਬ ਨੂੰ ਕਰਤਾਰਪੁਰ ਛੱਡ ਕੇ ਖਡੂਰ ਸਾਹਿਬ ਵਿਖੇ ਆ ਕਰ ਕੇ ਸਿੱਖੀ ਦਾ ਪ੍ਰਚਾਰ ਕਰਨਾ ਪਿਆ ਸੀ। ਇਹ ਗੁਰ ਨਾਨਕ ਸਾਹਿਬ ਦੀ ਨਿੰਦਾ ਨਹੀਂ ਪਰ ਗੁਰੂ ਘਰ ਦੇ ਅਸੂਲ ਅਤੇ ਵਿਸ਼ਾਲ ਹਿਰਦੇ ਦੀ ਜਿਉਂਦੀ ਜਾਗਦੀ ਮਿਸਾਲ ਹੈ ਕੇ ਇਸ ਘਰ ਵਿਚ ਸੱਚ ਨੂੰ ਹੀ ਪਰਵਾਨਤਾ ਹੈ।ਕੁਝ ਇਸੇ ਤਰ੍ਹਾਂ ਦਾ ਵਾਕਿਆ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਨਾਲ ਵੀ ਵਾਪਰਿਆ ਸੀ।ਇਸ ਗੱਲ ਦਾ ਗੁਰੂ ਰਾਮਦਾਸ ਸਾਹਿਬ ਜੀ ਨੂੰ ਗਿਆਨ ਸੀ ਅਤੇ ਪੰਨਾ 366 ਉਤੇ ਰਾਗੁ ਆਸਾ ਇਕ ਸ਼ਬਦ ਵਿਚ ਸਿਖਾਂ ਨੂੰ ਗੁਰਮਤ ਦਾ ਧੜਾ ਧਾਰਨ ਕਰਨ ਦਾ ਉਪਦੇਸ਼ ਦਿੱਤਾ।
ਕਿਸ ਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ ।।
ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ ।।
ਕਿਸ ਹੀ ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ ।।
ਹਮਾਰਾ ਧੜਾ ਹਰਿ ਰਹਿਆ ਸਮਾਈ ।।1।।
ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ ।।
ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ ।।1।। ਰਹਾਉ ।।
ਸਤਿਗੁਰ ਦੀ ਬਖਸ਼ਸ਼ ਨਾਲ ਦਾਸ ਨੇ ਵੀ ਗੁਰੂ ਰਾਮਦਾਸ ਜੀ ਦੀ ਇਸ ਗੱਲ ਨੂੰ ਪੱਲੇ ਬੱਨ੍ਹ ਕੇ ਆਪਣੇ ਸਿੱਖੀ ਜ਼ੀਵਨ ਦੀ ਸੇਧ ਲਈ ਹੈ ਅਤੇ ਗੁਰਮਤ ਤੇ ਪਹਿਰਾ ਦੇਣਾ ਹੀ ਜੀਵਨ ਦਾ ਮਨੋਰਥ ਮੰਨਿਆ ਹੈ। ਦਾਸ ਗੁਰਦਵਾਰਾ ਸਾਹਿਬ ਵਿਚ ਸਾਰੀਆਂ ਸਿੱਖੀ ਰਸਮਾਂ ਅਤੇ ਧਾਰਮਿਕ ਕਾਰਜਾਂ ਦੀ ਸੇਧ ਲਈ ਦਾਸ ਸ੍ਰੀ ਅਕਾਲ ਤਖੱਤ ਸਾਹਿਬ ਵਲੋਂ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਤੋਂ ਸੇਧ ਲੈਂਦਾ ਹੈ। ਇਸੇ ਕਰਕੇ ਹੀ ਬ੍ਰਿਜ਼ਬਨ ਦੇ ਲੋਗਨ ਰੋਡ ਤੇ ਸਥਿੱਤ ਗੁਰਦੁਵਾਰਾ ਸਾਹਿਬ ਦੇ 2008 ਦੇ ਪਹਿਲੇ ਚੋਣ ਮੈਨੀਫੈਸਟੋ ਵਿਚ ਇਸ ਗੱਲ ਨੂੰ ਉਚੇਚੇ ਤੌਰ ਤੇ ਦਰਜ਼ ਕਰਵਾਇਆ ਸੀ। ਦਾਸ ਉਸ ਜੇਤੂ ਕਮੇਟੀ ਵਿਚ ਸੈਕਟਰੀ ਦੇ ਅਹੁਦੇ ’ਤੇ ਨਿਯੁਕਤ ਵੀ ਹੋਇਆ ਸੀ ਪਰ ਬਾਕੀ ਮੈਂਬਰਾਂ ਦਾ ਇਸ ਗੱਲ ਵੱਲ ਖਾਸ ਧਿਆਨ ਨਾਂ ਦੇਣ ਕਰ ਕੇ ਲਗਭਗ ਛੇ ਮਹੀਨੇ ਬਾਅਦ ਇਸ ਅਹੁਦੇ ਤੋਂ ਸੇਵਾ ਮੁਕਤ ਹੋ ਗਇਆ ਸੀ। ਹੁਣ ਦਾਸ ਬ੍ਰਿਜ਼ਬਨ ਦੇ ਨਾਰਥ ਸਾਇਡ ਦੀ ਸੰਸਥਾ ਸਿੰਘ ਸਭਾ ਬ੍ਰਿਜ਼ਬਨ ਦਾ ਸੈਕਟਰੀ ਹੈ ਅਤੇ ਇਸ ਸੰਸਥਾ ਦੇ ਸੰਵਿਧਾਨ ਵਿਚ ਇਸ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਦਾ ਕਲਾਜ਼ (ਫ;਼ਚਤਕ) ਪਾਇਆ ਹੈ। ਪਿਛਲੇ ਦਸ ਸਾਲਾਂ ਤੋਂ ਬ੍ਰਿਜ਼ਬਨ ਵਿਚ ਆਏ ਲਗਭਗ ਹਰੇਕ ਪ੍ਰਚਾਰਕ ਨਾਲ ਬੈਠ ਕੇ ਗੁਰਮਤ ਵਿਚਾਰ ਸਾਂਝੀ ਕੀਤੀ ਹੈ ਅਤੇ ਬੱਚਿਆਂ ਦੇ ਗੁਰਮਤ ਕੈਂਪਾਂ ਅਤੇ ਸਰਬ ਧਰਮ ਬੈਠਕਾਂ ਵਿਚ ਲੈਕਚਰ ਵੀ ਅਤੇ ਸਵਾਲਾਂ ਦੇ ਜਵਾਬ ਵੀ ਦਿੱਤੇ ਹਨ।
ਦਾਸ ਨੂੰ ਇਹ ਸੁਣ ਕੇ ਬੜਾ ਹੀ ਅਫਸੋਸ ਹੋਇਆ ਜਦੋਂ ਜੁਲਾਈ ਮਹੀਨੇ ਵਿਚ ਬ੍ਰਿਜ਼ਬਨ ਆਈ ਭਾਈ ਰਣਜੀਤ ਸਿੰਘ ਜੀ ਨੇ ਦਾਸ ਨੂੰ ਮਿਲਣ ਤੋਂ ਹੀ ਇਨਕਾਰ ਕਰ ਦਿੱਤਾ ਕਿ ਆਪ ਨੇ ਗਿਆਨੀ ਠਾਕੁਰ ਸਿੰਘ ਜੀ ਦੇ ਵਿਰੁਧ ਅਪਣੇ ਪਿਛਲੇ ਲੇਖ ਵਿਚ ਐਸਾ ਕੁਝ ਲਿਖ ਦਿੱਤਾ ਜਿਸ ਕਰਕੇ ਉਹ ਆਪ ਜੀ ਨਾਲ ਕੋਈ ਵੀ ਗੱਲ ਨਹੀਂ ਕਰ ਸਕਦੇ। ਅਪਣੇ ਹਰ ਇਕ ਲੇਖ ਵਿਚ ਦਾਸ ਆਪਣੀ ਈ-ਮੇਲ ਐਡਰਸ ਜਰੂਰ ਲਿਖਦਾ ਹੈ ਤਾਂ ਕਿ ਪਾਠਕਾਂ ਦੇਕਿਸੇ ਵੀ ਗਿਲ੍ਹਾ ਦਾ ਪ੍ਰੇਮ ਪੂਰਬਕ ਜਵਾਬ ਦਿੱਤਾ ਜਾ ਸਕੇ। ਦਾਸ ਨੂੰ ਅਜੇ ਤੱਕ ਕਿਸੇ ਵੀ ਸੱਜਣ ਦਾ ਇਕ ਵੀ ਈ-ਮੇਲ ਨਹੀਂ ਆਇਆ। ਦਾਸ ਨਿਮਰਤਾ ਸਹਿਤ ਫਿਰ ਇਹ ਬੇਨਤੀ ਕਰਦਾ ਹੈ ਕਿ ਦਾਸ ਨੂੰ ਇਸ ਈਮੇਲ ਰਾਹੀਂ ਜ਼ਰੂਰ ਸੰਪਰਕ ਕੀਤਾ ਜਾਵੇ ਜੋਕਿ ਇਸ ਲੇਖ ਦੇ ਅਖੀਰ ਵਿਚ ਅੰਕਿਤ ਕੀਤਾ ਜਾਵੇਗਾ।
ਆਉ ਹੁਣ ਭਾਈ ਰਣਜੀਤ ਸਿੰਘ ਜੀ ਬ੍ਰਿਜ਼ਬਨ ਦੇ ਲੋਗਨ ਰੋਡ ਤੇ ਸਥਿੱਤ ਗੁਰਦੁਵਾਰਾ ਸਾਹਿਬ ਵਿਖੇ
ਸ਼ਾਮਾਂ ਦੇ ਤਿੰਨੇ ਦੀਵਾਨਾਂ ਦੀ ਪੜਚੋਲ ਕਰੀਏ ਜੋ ਕਿ ਦਾਸ ਚਾਹੇਗਾ ਕਿ ਉਹ ਜਰੂਰ ਪੜ੍ਹਨ ਅਤੇ ਹੋ
ਸਕੇ ਈ-ਮੇਲ ’ਤੇ ਲਿਖ ਕੇ ਜਾਂ ਟੈਲੀਫੋਨ ਨੰ: (0421117105) ’ਤੇ ਦਾਸ ਨਾਲ ਸੰਪਰਕ ਕਰ ਕੇ ਜਰੂਰ
ਦੇਣ ਦੀ ਕਿਰਪਾਲਤਾ ਕਰਨ। ਇਹੋ ਸਵਾਲ ਹੀ ਭਾਈ ਸਾਹਿਬ ਨਾਲ ਮਿਲ ਕੇ ਕਰਨੇ ਸਨ ਅਤੇ ਇਹ ਹੀ ਵਿਚਾਰ
ਹੁਣ ਆਪ ਜੀ ਨੂੰ ਨਿਮਰਤਾ ਸਹਿਤ ਲਿੱਖ ਕੇ ਪੁਛੇ ਜਾ ਰਹੇ ਹਨ। ਦਾਸ ਦਾ ਮੰਤਵ ਕੋਈ ਆਪਣੀ ਵਿਵਦਤਾ ਦਾ
ਦਿਖਾਵਾ ਕਰਨ ਦਾ ਨਹੀਂ ਪਰ 21ਵੀਂ ਸਦੀ ਵਿਚ ਸਿੱਖੀ ਦੇ ਪ੍ਰਚਾਰ ਨੂੰ ਹੋਰ ਸੁਚੱਜਾ ਰੂਪ ਦੇਣ ਦਾ
ਅਤੇ ਸਿੱਖੀ ਵਿਚਾਰਧਾਰਾ ਨੂੰ ਚੜ੍ਹਦੀ ਕਲਾ ਵਿਚ ਦੇਖਣ ਦਾ ਹੈ। ਆਪਜੀ ਹਰ ਰੋਜ ਹਜ਼ਾਰਾਂ ਹੀ
ਸ਼ਰਧਾਲੂਆਂ ਦੇ ਸੰਪਰਕ ਵਿਚ ਆਉਂਦੇ ਹੋ ਤੇ ਆਪ ਜੀ ਤੋ ਵੱਧ ਗੁਰਮਤਿ ਦੇ ਇਸ ਵਿਸ਼ਾਲ ਕਾਰਜ ਨੂੰ ਕੌਣ
ਨੇਪਰੇ ਚਾੜ੍ਹਨ ਵਿਚ ਸਮਰੱਥ ਹੋਵੇਗਾ। ਗੁਰਮਤ ਅਨੁਸਾਰ ਸਵਾਲ-ਜਵਾਬ ਕਰਨਾ ਵਾਜਿਬ ਹੈ ਨਹੀਂ ਤਾਂ ਸਿਧ
ਗੋਸਟਿ ਨਾਮਕ ਬਾਣੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਨਾ ਹੁੰਦੀ।
ਵਿਚਾਰ ਨੰ: 1 : ਆਪ ਜੀ ਨੇ ਸਿੱਖ ਧਰਮ ਵਿੱਚ ਏਕਤਾ ਹੋਣੀ ਚਾਹੀਦੀ ਹੈ ਇਸ ਗੱਲ ਤੇ ਜੋਰ ਦਿੱਤਾ ਜੋ ਕਿ ਬਹੁਤ ਹੀ ਉਤੱਮ ਵਿਚਾਰ ਹੈ। ਦਾਸ ਆਪਦੀ ਇਸ ਵਿਚਾਰਧਾਰਾ ਤੋਂ ਬਹੁਤ ਹੀ ਕਦਰ ਕਰਦਾ ਹੈ। ਅਤੇ ਇਹ ਵਿਚਾਰ ਗੁਰਮਤ ਦੇ ਅਨੁਕੂਲ ਹਨ :
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ
ਕਰਹੁ ਲਿਵ ਲਾਇ ।।
ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ।।1।।
(ਪੰਨਾ 1175)
ਦਾਸ ਇਹ ਆਸ ਰੱਖਦਾ ਹੈ ਕਿ ਆਪ ਸਾਰੀਆਂ ਸੰਸਥਾਵਾਂ, ਟਕਸਾਲਾਂ ਅਤੇ ਹੋਰ ਸਿੱਖ ਜਥੇਬੰਦੀਆਂ ਨੂੰ ਸ੍ਰੀ ਅਕਾਲ ਤਖੱਤ ਸਾਹਿਬ ਵੱਲੋਂ ਜਾਰੀ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਨੂੰ ਫੁੱਲ ਚੜ੍ਹਾਉਨ ਵਾਸਤੇ ਸਲਾਹ ਮਸ਼ਵਰਾ ਦਿਓਗੇ ਤੇ ਸਤਿਗੁਰ ਦੀ ਬਖਸ਼ਸ਼ ਨਾਲ ਇਸ ਮਹਾਨ ਕਾਰਜ ਨੂੰ ਸਿਰੇ ਤੱਕ ਲੈ ਜਾਣ ਵਿਚ ਸਫਲ ਹੋਵੋਗੇ ਜੋ ਕਿ ਕਿਸੇ ਕਾਰਨਾਂ ਕਰ ਕੇ ਅਜੇ ਅਧੂਰਾ ਹੀ ਪਿਆ ਹੈ।
ਵਿਚਾਰ ਨੰ: 2 : ਆਪ ਜੀ ਆਪਣੇ ਪਹਿਲੇ ਦੀਵਾਨ ਦੌਰਾਨ ਜਿੱਥੇ
ਕਿ ਸੁੰਦਰ ਦਸਤਾਰੇ ਉਤੇ ਚਮਕਦਾ ਚੱਕਰ ਅਤੇ ਖੰਡਾ ਨਾਲ ਸੁਸ਼ੋਬਤ ਸੀ, ਸ੍ਰੀ ਆਦਿ ਗ੍ਰੰਥ ਜੀ ਦੀ
ਹਜੂਰੀ ਵਿਚ ਸਟੇਜ ਤੇ ਗਲੇ ਵਿਚ ਚਿੱਟੇ ਮੋਤੀਆਂ ਦੀ ਮਾਲਾ ਅਤੇ ਅਪਣੀ ਸੱਜੀ ਕਲਾਈ ਉਤੇ ਕਾਲੇ ਰੰਗ
ਦੇ ਮੋਤੀਆਂ ਦੀ ਅਤੇ ਖੱਬੀ ਕਲਾਈ ਉਤੇ ਇਕ ਹੋਰ ਚਿੱਟੇ ਮੋਤੀਆਂ ਦੀ ਮਾਲਾ ਪਾ ਕਰ ਕੇ ਸੁਸ਼ੋਭਿਤ ਸੀ।
ਦਾਸ ਦੀ ਤੁੱਛ ਬੁੱਧੀ ਅਨੁਸਾਰ ਸਰਬ ਸੰਗਤ ਵਿਚੋਂ ਕੁਝ ਪ੍ਰਾਣੀ ਆਪਦੇ ਪਹਿਰਾਵੇ ਤੋਂ ਵੀ ਕੁਝ
ਸਿੱਖਿਆ ਜਰੂਰ ਲੈਂਦੇ ਹਨ। ‘ਮਾਲਾ’ ਸ਼ਬਦ ਸ੍ਰੀ ਆਦਿ ਗ੍ਰੰਥ ਵਿਚ 38 ਵਾਰ ਦਰਜ਼ ਹੋਇਆ ਹੈ। ਅਤੇ 29
ਵਾਰੀ ਇਹ ਸ਼ਬਦ ‘ਮਾਲਾ’ ਜੋ ਕਿ ਗਲੇ ਫੁੱਲ ਅਥਵਾ ਰਤਨਾਂ ਦਾ ਹਾਰ ਜਾਂ ਹੱਥ ਉੱਤੇ ਸਿਮਰਨੀ ਵਜੋਂ
ਵਰਤੇ ਹੋਇ ਸ਼ਿੰਗਾਰ ਦੀ
ਸੰਕੇਤਕ ਹੈ।
ਜਿੱਥੇ ਵੀ ਇਹ ਸ਼ਬਦ ਹਿੰਦੂ ਧਰਮ ਦੇ ਪਹਿਰਾਵੇ ਵਲੋਂ ਦਰਜ਼ ਹੈ। ਓਹ ਇਸ ਤਰ੍ਹਾਂ ਦੇ ਸੰਕੇਤ ਵਲੋਂ ਹੈ :
ਤੀਰਥ ਦੇਵ ਦੇਹੁਰਾ ਪੋਥੀ ।।
ਮਾਲਾ ਤਿਲਕੁ ਸੋਚ ਪਾਕ ਹੋਤੀ ।।
ਧੋਤੀ ਡੰਡਉਤਿ ਪਰਸਾਦਨ ਭੋਗਾ ।। ਗਵਨੁ ਕਰੈਗੋ ਸਗਲੋ ਲੋਗਾ ।।
(ਪੰਨਾ 237)
ਗਲਿ ਮਾਲਾ ਤਿਲਕੁ ਲਿਲਾਟੰ ।।
ਦੁਇ ਧੋਤੀ ਬਸਤ੍ਰ ਕਪਾਟੰ ।।
ਜੇ ਜਾਣਸਿ ਬ੍ਰਹਮੰ ਕਰਮੰ ।। ਸਭਿ ਫੋਕਟ ਨਿਸਚਉ ਕਰਮੰ ।।
(ਪੰਨਾ 470)
ਭੂਖੇ ਭਗਤਿ ਨ ਕੀਜੈ ।।
ਯਹ ਮਾਲਾ ਅਪਨੀ ਲੀਜੈ ।।
ਹਉ ਮਾਂਗਉ ਸੰਤਨ ਰੇਨਾ ।। ਮੈ ਨਾਹੀ ਕਿਸੀ ਕਾ ਦੇਨਾ ।।1।।
(ਪੰਨਾ 656)
ਧੋਤੀ ਊਜਲ ਤਿਲਕੁ ਗਲਿ ਮਾਲਾ ।।
ਅੰਤਰਿ ਕ੍ਰੋਧੁ ਪੜਹਿ ਨਾਟ ਸਾਲਾ ।।
ਨਾਮੁ ਵਿਸਾਰਿ ਮਾਇਆ ਮਦੁ ਪੀਆ ।। ਬਿਨੁ ਗੁਰ ਭਗਤਿ ਨਾਹੀ ਸੁਖੁ
ਥੀਆ ।।
(ਪੰਨਾ 832)
ਨਾ ਸੁਚਿ ਸੰਜਮੁ ਤੁਲਸੀ ਮਾਲਾ ।।
ਗੋਪੀ ਕਾਨੁ ਨ ਗਊ ਗੋਆਲਾ ।।
(ਪੰਨਾ 470)
ਮਾਥੇ ਤਿਲਕੁ ਹਥਿ ਮਾਲਾ ਬਾਨਾਂ ।।
ਲੋਗਨ ਰਾਮੁ ਖਿਲਉਨਾ ਜਾਨਾਂ ।।1।।
(ਪੰਨਾ 1158)
ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ ।।
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ।।1।।
(ਪੰਨਾ 576)
ਜਿੱਥੇ ਵੀ ਇਹ ਸ਼ਬਦ ਹੋਰ ਸੰਕੇਤਾਂ ਵਲੋਂ ਦਰਜ਼ ਹੈ। ਓਹ ਇਸ ਤਰ੍ਹਾਂ ਹਨ :
ਹਰਿ ਮਾਲਾ ਉਰ ਅੰਤਰਿ ਧਾਰੈ ।।
ਜਨਮ ਮਰਣ ਕਾ ਦੂਖੁ ਨਿਵਾਰੈ ।।2।।
(ਪੰਨਾ 388)
(ਅਰਥਾਤ: ਵਿਵੇਕ ਬੁਧੀ ਨਾਲ ਨਾਮ ਦੀ ਵਿਚਾਰ)
ਕਹੁ ਨਾਨਕ ਜੋ ਰਾਚੈ ਨਾਇ ।।
ਹਰਿ ਮਾਲਾ ਤਾ ਕੈ ਸੰਗਿ ਜਾਇ ।।
(ਪੰਨਾ 388)
(ਅਰਥਾਤ : ਵਿਵੇਕ ਬੁਧੀ ਅਨੁਸਾਰ ਨਾਮ ਦੀ ਵਿਚਾਰ)
ਜੀਉ ਪਿੰਡੁ ਸਭੁ ਤੁਮਰਾ ਮਾਲਾ ।।1।।
(ਪੰਨਾ 744)
(ਅਰਥਾਤ: ਮਾਲ, ਰਾਸਿ, ਪੂੰਜੀ )
ਜੈਸੇ ਹਰਹਟ ਕੀ ਮਾਲਾ ਟਿੰਡ ਲਗਤ ਹੈ ਇਕ ਸਖਨੀ
ਹੋਰ ਫੇਰ ਭਰੀਅਤ ਹੈ ।।
(ਪੰਨਾ 1329)
(ਅਰਥਾਤ: ਖੂ ਦੀ ਮਹਲ)
ਕੀ ਆਪ ਜੀ ਗੁਰਮਤ ਦੀ ਰੌਸ਼ਨੀ ਅਨੁਕੂਲ ਇਸ ਸ਼ਿੰਗਾਰ ਨੂੰ ਧਾਰਨ ਦਾ ਕੋਈ ਕਾਰਨ ਦਸ ਸਕਦੇ ਹੋ?
ਵਿਚਾਰ ਨੰ: 3: ਆਪ ਜੀ ਨੂੰ ਸ਼ਾਇਦ ਯਾਦ ਵੀ ਹੋਵੇ, ਆਪਣੀ ਪਿਛਲੀ ਬ੍ਰਿਜ਼ਬਨ ਪ੍ਰਚਾਰ ਫੇਰੀ ਦੌਰਾਨ ਦਾਸ ਭਾਈ ਰਣਜੀਤ ਸਿੰਘ (ਮੁੱਖ ਸੇਵਾਦਾਰ) ਦੇ ਨਾਲ ਆਪ ਨੂੰ ਉਚੇਚੇ ਤੌਰ ਮਿਲਿਆ ਸੀ ਅਤੇ ਇਹ ਬੇਨਤੀ ਵੀ ਕੀਤੀ ਸੀ ਕਿ ਅਪਣੇ ਦੀਵਾਨਾਂ ਦੌਰਾਨ ਆਪ ਜੀ ਨਿਰੋਲ ਗੁਰਬਾਣੀ ਦੇ ਸ਼ਬਦ ਕੀਰਤਨ ’ਤੇ ਜ਼ਿਆਦਾ ਸਮਾਂ ਦਿਆ ਕਰੋ ਕਿਉਂਕਿ ਆਪ ਜੀ ਨੂੰ ਸਤਿਗੁਰ ਜੀ ਦੀ ਬਖਸ਼ਸ਼ ਨਾਲ ਬੜਾ ਹੀ ਸੁਰੀਲਾ ਕੰਠ ਪ੍ਰਾਪਤ ਹੋਇਆ ਹੈ। ਉਸ ਦੀ ਸਹੀ ਵਰਤੋਂ ਕਰ ਕੇ ‘‘ਆਇਓ ਸੁਨਨ ਪੜਨ ਕਉ ਬਾਣੀ ।।’’ ਵਾਲੇ ਮੁਖਵਾਕ ਤੇ ਖਰੇ ਉਤਰੀਐ ਅਤੇ ਉਸ ਹੀ ਪਾਵਨ ਸ਼ਬਦ ਦੀ ਵਿਚਾਰ ਅਪਣੀ ਤੁਛ ਬੁਧੀ ਅਨੁਸਾਰ ਸਿੱਖ ਸੰਗਤਾਂ ਦੀ ਝੋਲੀ ਪਾਈਐ ਅਤੇ ‘‘ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ।।’’ ਵਾਲੀ ਗੁਰਮਤ ਅਪਣਾ ਕੇ ਸੰਗਤਾਂ ਨੂੰ ਮੁਕਤੀ ਦੇ ਮਾਰਗ ਤੇ ਤੋਰੀਐ।
ਪਰ ਵੇਖਣ ਵਿਚ ਇਹ ਹੀ ਆਇਆ ਹੈ ਕਿ ਆਪ ਜੀ ਦੀਵਾਨ ਦੀ ਸ਼ੁਰੂਆਤ ਤਾਂ ਸ਼ਬਦ ਕੀਰਤਨ ਨਾਲ ਜਰੂਰ ਕਰਦੇ ਹੋ ਪਰ ਕਦੀ-ਕਦੀ ਉਸ ਸ਼ਬਦ ਨੂੰ ਵੀ ਪੂਰਾ ਨਹੀਂ ਪੜ੍ਹਦੇ ਅਤੇ ਰਹਾਉ ਵਾਲੀ ਪੰਕਤੀ ਨੂੰ ਸਥਾਈ ਤੌਰ ਤੇ ਗਾਇਨ ਨਹੀਂ ਕਰਦੇ ਜਿਵੇਂ ਕਿ ਪੰਨਾ 735 ’ਤੇ ‘‘ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ।।’’ ਵਾਲੇ ਸ਼ਬਦ ਵਿਚ ਰਹਾਉ ਵਾਲੀ ਪੰਕਤੀ ‘‘ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ ਮੈ ਤੁਝ ਬਿਨੁ ਅਵਰੁ ਨ ਕੋਈ ।।1।। ਰਹਾਉ ।।’’ ਉਸ ਤੋਂ ਬਾਅਦ ਜਾਂ ਤਾਂ ਧਾਰਨਾ ਹੀ ਗਾਉਂਦੇ ਰਹਿਦੇ ਹੋ ਜਾਂ ਹੋਰ ਕਵੀਆਂ ਆਦਿ ਦੀਆਂ ਸੱਤਰਾਂ ਪੜ੍ਹਦੇ ਰਹਿੰਦੇ ਹੋ। ਗੁਰਬਾਣੀ ਦੇ 1429 ਪੰਨਿਆਂ ’ਤੇ ਦਰਜ ਪੂਰਨ ਬ੍ਰਹਮ ਗਿਆਨ ਦੀ ਓਟ ਘੱਟ ਲੈਂਦੇ ਹੋ। ਦਾਸ ਨੇ ਇਕ ਹਿੰਦੂ ਧਰਮ ਦੇ ਵਿਦਵਾਨ ਭਾਈ ਆਸਾ ਰਾਮ ਜੀ ਦਾ ਪ੍ਰਚਾਰ ਵੀ ਸੁਣਿਆ ਹੈ ਤੇ ਕਈ ਵਾਰੀ ਓਹ ਅਪਣੇ ਵਿਚਾਰਾਂ ਦੌਰਾਨ ਕਿੱਸੇ ਨੁਕਤੇ ਨੂੰ ਸਿੱਧ ਕਰਨ ਵਾਸਤੇ ਗੁਰਬਾਣੀ ਦੀ ਵੱਧ ਓਟ ਤੱਕਦੇ ਹਨ।
ਇਤਿਹਾਸ ਗਵਾਹ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਦੇ ਨਿਰੋਲ ਗੁਰਬਾਣੀ ਦੇ ਕੀਰਤਨ ਕਰਨ ਸਮੇਂ ਭਾਈ ਮਰਦਾਨਾ ਰਬਾਬ ’ਤੇ ਉਨ੍ਹਾਂ ਦਾ ਸਾਥ ਦਿੰਦੇ ਸਨ। ਉਸ ਵੇਲੇ ਆਮ ਸੰਗਤ ਬਹੁਤੀ ਪੜ੍ਹੀ ਲਿਖੀ ਵੀ ਨਹੀਂ ਸੀ। ਸੱਜਣ ਠੱਗ ਨੂੰ ਤਾਂ ਸ਼ਬਦ ਦੁਆਰਾ ਹੀ ਉਪਦੇਸ਼ ਦਿੱਤਾ ਹੋਵੇਗਾ। ਉਪਰੰਤ ਸ੍ਰੀ ਅਰਜਨ ਪਾਤਸ਼ਾਹ ਦੇ ਸਮੇ ਭਾਈ ਸੱਤਾ ਅਤੇ ਭਾਈ ਬਲਵੰਡ ਜੀ ਨੇ ਨਿਰੋਲ ਕੀਰਤਨ ਦੀ ਪ੍ਰਥਾ ਜਾਰੀ ਰੱਖੀ। ਉਪਰੰਤ ਸ੍ਰੀ ਹਰਗੋਬਿੰਦ ਪਾਤਸ਼ਾਹ ਦੇ ਸਮੇਂ ਢਾਡੀ ਵੀ ਵਾਰਾਂ ਵੀ ਸੁਣਾਉਂਦੇ ਸਨ। ਪਰ ਸੰਗਤਾਂ ਨੂੰ ਇਹ ਟਪਲਾ ਨਹੀਂ ਸੀ ਲਗਦਾ ਕਿ ਇਹ ਗੁਰਬਾਣੀ ਹੈ। ਉਪਰੰਤ ਦਸਮ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਸਾਬੋ ਕੀ ਤਲਵੰਡੀ ਵਿਖੇ ਗੁਰਬਾਣੀ ਦੀ ਕਥਾ ਨਾਲ ਵੀ ਜੋੜਿਆ। ਪਰ ਸਿੱਖ ਪਰੰਪਰਾ ਵਿਚ ਧਾਰਨਾ ਵਾਲਾ ਕੀਰਤਨ ਕਿਸ ਗੁਰੂ ਸਾਹਿਬ ਦੀ ਦੇਣ ਹੈ ਇਸ ਬਾਰੇ ਕੋਈ ਤੱਥ ਨਹੀਂ ਲੱਭਦਾ। ਇਸ ਕਰਕੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪੰਥ-ਪ੍ਰਵਾਨਿਤ ਰਹਿਤ ਮਰਿਆਦਾ ਵਿਚ ਇਸ ਦੀ ਮਨਾਹੀ ਹੈ। ਆਪ ਜੀ ਦੀ ਪ੍ਰੋ. ਦਰਸ਼ਨ ਸਿੰਘ ਜੀ ਨਾਲ ਹੋਈ ਗੱਲਬਾਤ ਵਿਚ ਵੀ ਇਸ ਦਾ ਜ਼ਿਕਰ ਹੋਇਆ ਸੀ ਪਰ ਮੁਆਫ ਕਰਨਾ ‘ਛੋਟਾ ਮੂੰਹ ਬੜੀ ਬਾਤ’ ਕਰਨ ਜਾ ਰਹਿਆ ਹਾਂ। ਆਪ ਜੀ ਨੇ ਇਹ ਗੱਲ ਬਿਲਕੁਲ ਹੀ ਅਨਸੁਣੀ ਕਰ ਦਿੱਤੀ। ਇਸ ਦਾ ਇਹ ਮਤਲਬ ਹੋਇਆ ਕਿ ਆਪ ਨੇ ਅਜੇ ਤੱਕ ਗ੍ਰੰਥ ਅਤੇ ਪੰਥ ਦੋਨਾਂ ਦੀ ਗੱਲ ਪਰਵਾਨ ਨਹੀਂ ਕੀਤੀ। ਇਸ ਪ੍ਰਥਾਏ ਪਵਿਤ੍ਰ ਗੁਰਬਾਣੀ ਅੰਦਰ ਇਸ ਤਰ੍ਹਾਂ ਦੇ ਸੰਕੇਤ ਹਨ :
ਧੁਰਿ ਭਗਤ ਜਨਾ ਕਉ ਬਖਸਿਆ ਹਰਿ ਅੰਮ੍ਰਿਤ ਭਗਤਿ
ਭੰਡਾਰਾ ।।
ਮੂਰਖੁ ਹੋਵੈ ਸੁ ਉਨ ਕੀ ਰੀਸ ਕਰੇ ਤਿਸੁ ਹਲਤਿ ਪਲਤਿ ਮੁਹੁ ਕਾਰਾ ।। 2 ।।
(ਪੰਨਾ 733)
ਅਤੇ ਪੰਨਾ 304 ਉੱਤੇ
ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ
।।
ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ ।।
ਅਰਥਾਤ ਬਹੁਤ ਹੀ ਕਰੜੇ ਬਚਨ ਵਰਤੇ ਹਨ ਉਨ੍ਹਾ ਰਾਗੀਆਂ ਅਤੇ ਪ੍ਰਚਾਰਕਾਂ ਦਾ ਦਰਗਾਹ ਵਿਖੇ ਮੂਹ ਕਾਲਾ ਹੋਵੇਗਾ ਅਤੇ ਉਨ੍ਹਾਂ ਉੱਤੇ ਮੂਰਖ ਹੋਣ ਦਾ ਦੋਸ਼ ਥਾਪਿਆ ਜਾਵੇਗਾ। ਦਾਸ ਦੀ ਨਿੰਮਰਤਾ ਸਹਿਤ ਇਹ ਬੇਨਤੀ ਹੈ ਕਿ ਆਪ ਜੀ ਇਨ੍ਹਾਂ ਸ਼ਬਦਾਂ ਦੀ ਗਹੁ ਨਾਲ ਵਿਚਾਰ ਕਰੋਗੇ ਅਤੇ ਭਵਿੱਖ ਵਿਚ ਅਪਣੇ ਪ੍ਰਚਾਰ ਨੂੰ ਗੁਰਮਤ ਅਨੁਸਾਰ ਸਹੀ ਦਿਸ਼ਾ ਦੇਣ ਵਿਚ ਸਫਲ ਹੋਵੋਗੇ ਤੇ ਗ੍ਰੰਥ ਅਤੇ ਪੰਥ ਦੀ ਅਣਥਕ ਸੇਵਾ ਵਿਚ ਅਪਣਾ ਕੀਮਤੀ ਯੋਗਦਾਨ ਪਾਵੋਗੇ। ਅਜੋਕੇ ਕੰਪਿਊਟਰ ਦੇ ਸਮੇਂ ਵਿਚ ਲਗਭਗ ਹਰ ਇਕ ਗੁਰਦਵਾਰਾ ਸਾਹਿਬ ਵਿਚ ਸਕਰੀਨਾਂ ਤੇ ਸ਼ਬਦ ਨਾਲ ਦੀ ਨਾਲ ਦਰਸਾਇਆ ਜਾਂਦਾ ਹੈ। ਨਿਰੋਲ ਗੁਰਬਾਣੀ ਅਤੇ ਨਾਲ ਦੀ ਨਾਲ ਉਸਦੇ ਅਰਥਾਂ ਨਾਲ ਸੰਗਤਾਂ ਨੂੰ ਸਿੱਖ ਵਿਚਾਰਧਾਰਾ ਨਾਲ ਜੋੜਨਾ ਬਹੁਤ ਹੀ ਆਸਾਨ ਹੋ ਗਿਆ ਹੈ। 24 ਘੰਟੇ ਸ੍ਰੀ ਦਰਬਾਰ ਸਾਹਿਬ ਤੋਂ ਕੀਰਤਨ ਵੀ ਸੁਣੇ ਅਤੇ ਨਾਲ ਦੀ ਨਾਲ ਅਰਥਾਂ ਦਾ ਵੀ ਗਿਆਨ ਪ੍ਰਾਪਤ ਕਰੋ।
ਵਿਚਾਰ ਨੰ: 4 : ਦਾਸ ਨੇ ਇਹ ਗੱਲ ਵੀ ਨੋਟ ਕੀਤੀ ਹੈ ਕਿ ਦੀਵਾਨ ਦੌਰਾਨ ਆਪਜੀ ਲੰਬੇ ਵਕਫੇ ਲਈ ‘ਵਾਹਿਗੁਰੂ’ ਸ਼ਬਦ ਦਾ ਬਾਰ-ਬਾਰ ਉਚਾਰਣ ਵੀ ਕਰਵਾਉਂਦੇ ਹੋ। ਸੰਗਤਾਂ ਇਸ ਦਾ ਅੰਨਦ ਵੀ ਮਾਣਦਿਆਂ ਹਨ ਤੇ ਕੁਝ ਨੌਜੁਵਾਨ ਤਾਂ ਵਲਗੁਲਗੇ ਦੇ ਦੀਵਾਨ ਵਿਚ ਵੀ ਆਪਦੀ ਸੰਗਤ ਕਰਨਾ ਚਾਹੁੰਦੇ ਸਨ। ਗੁਰਮਤ ਦੇ 1429 ਪੰਨਿਆਂ ’ਤੇ ਲਿਖੇ ਹੋਏ ਬ੍ਰਹਮ ਗਿਆਨ ਦੇ ਸਿਧਾਤਾਂ ਦੇ ਅਨੁਸਾਰ ਵਾਹਿਗੁਰੂ ਸ਼ਬਦ ਦਾ ਉਚਾਰਣ ‘ਵਾਹ’ ਹੈ, ਨਾਕਿ ‘ਵਾਹੇ’ ਜਾਂ ‘ਵਾਹੋ’। ਇਸ ਉਚਾਰਣ ਦਾ ਪਿਛੋਕੜ ਖੋਜ ਦਾ ਵਿਸ਼ਾ ਹੈ।
ਇਸ ਨੂੰ ਇਸ ਤਰ੍ਹਾਂ ਹੀ ਸਮਝੋ ਜਿਵੇਂ ਕਿ ਅੰਗਰੇਜ਼ੀ ਵਾਲੇ ‘ਹਰੇ ਰਾਮ ਹਰੇ ਕ੍ਰਿਸ਼ਨ’ ਵਿਚ ਮੁਕਤਾ ਮਾਤ੍ਰਾਵਾਂ ਦੇ ਭੇਦ ਨੂੰ ਨਾਂ ਸਮਝਦੇ ਹੋਏ ‘ਹਰੇ ਰਾਮਾ ਹਰੇ ਕ੍ਰਿਸ਼ਨਾ’ ਉਚਾਰਣ ਕਰਦੇ ਹਨ। ਦੂਜੀ ਹੋਰ ਵੀ ਧਿਆਨ ਦੇਣ ਵਾਲੀ ਗੱਲ ਇਹ ਹੈ ਕੇ ਇਸ ‘ਵਾਹਿਗੁਰੂ’ ਲਫ਼ਜ਼ ਨੂੰ ਗੁਰੂ ਦਾ ਜਸ ਕਰਨ ਜਾਂ ਵਡਿਆਈ ਕਰਨ ਦਾ ਪ੍ਰਤੀਕ ਤਾਂ ਮੰਨਿਆ ਜਾ ਸਕਦਾ ਹੈ ਪਰ ਨਾਮ ਜਾਂ ਸਿਮਰਨ ਜਾਂ ਨਾਮ ਸਿਮਰਨ ਕਹਿ ਕਰ ਕੇ ਉਚਾਰਨ ਕਰਵਾਉਣਾ ਉੱਕੀ ਹੀ ਮਨਮਤ ਹੈ। ਗੁਰਮਤ ਅਨੁਸਾਰ ਜਪ ਸ਼ਬਦ ਦੇ ਅਰਥ ‘ਸਮਝਣ’ ਅਤੇ ਸਿਮਰਨ ਸ਼ਬਦ ਦੇ ਅਰਥ ‘ਯਾਦ ਆ ਜਾਣ ਦੇ ਹਨ’ ਨਾਂ ਕਿ ਯਾਦ ਕਰਨ ਦੇ। ਤਦੋਂ ਹੀ ਸੁਖਮਨੀ ਸਾਹਿਬ ਵਿਖੇ ਇਹ ਮੁਖ ਵਾਕ ਦਰਜ਼ ਹਨ ‘ਸਿਮਰਨ ਤੇ ਲਾਗੇ ਜਿਨ ਆਪਿ ਦਇਆਲਾ ।।’ ਜਦੋਂ ਤਕ ਸਿੱਖ ਸੰਗਤ ਇਸ ਸੂਖਮ ਭੇਦ ਨੂੰ ਨਹੀਂ ਸਮਝਦੇ, ਸਭ ਭੰਬਲ-ਭੂਸੇ ਦੇ ਹੀ ਸ਼ਿਕਾਰ ਰਹਿਣਗੇ।
‘ਨਾਮ’ ਸ਼ਬਦ ਵਾਸਤੇ ਕੇਵਲ ਭਾਈ ਗੁਰਦਾਸ ਜੀ ਇਕ ਵਾਰ ਦੀ ਇਕ ਪੌੜੀ ਦੀ ਇਕ ਪੰਕਤੀ ਨੂੰ ਇਸ ਤੱਥ ਦਾ ਆਧਾਰ ਮੰਨ ਕੇ "ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ" ਇਸ ਨਤੀਜੇ ਤੇ ਅਪੜਨਾ ਸਾਡੀ ਸਮਝ ਅਤੇ ਖੋਜ ਦੀ ਕਾਣ ਨੂੰ ਦਰਸਾ ਰਹੀ ਹੈ। ਵਿਚਾਰਵਾਨ ਹੋਵੋ ਅਤੇ ਗੁਰਬਾਣੀ (ਗੁਰੂ ਗ੍ਰੰਥ ਸਾਹਿਬ) ਅੰਦਰੋਂ ਇਸ ਦੇ ਅਰਥ ਖੋਜੋ।
ਦਾਸ ਅਪਣੀ ਵਿਚਾਰ ਨੂੰ ਇਥੇ ਹੀ ਸੰਕੋਚੇਗਾ ਅਤੇ ਸਰਬ ਸਿੱਖ ਸੰਗਤ ਅੱਗੇ ਇਹੀ ਬੇਨਤੀ ਕਰੇਗਾ ਕਿ ਇਸ ਲੇਖ ਦਾ ਉਦੇਸ਼ ਕਿਸੇ ਦੀ ਨਿੰਦਿਆ ਕਰਨ ਜਾਂ ਕਿਸੇ ਨੂੰ ਨੀਵਾਂ ਦਿਖਾਉਣ ਦਾ ਨਹੀਂ। ਸਿੱਖੀ ਗਿਆਨ ਦਾ ਮਾਰਗ ਹੈ ਇਸ ਗੱਲ ਨੂੰ ਮੂਲਮੰਤ੍ਰ ਵਿਚ ਹੀ ‘ਗੁਰਪ੍ਰਸਾਦ੍ਰਿਦ’ ਲਿਖ ਕੇ ਦ੍ਰਿਦ੍ਰੜ੍ਹ ਕਰਵਾਇਆ ਗਿਆ ਹੈ। ਸਰਬ ਸੰਗਤ ਨੂੰ ਗਿਆਨ ਮਾਰਗ ਵੱਲ ਚਲਣ ਵਾਸਤੇ ਪ੍ਰੇਰਣਾ ਦੇਣ ਦਾ ਹੈ। ਅਗੇ ਚੱਲ ਕੇ ਭਗਤ ਕਬੀਰ ਜੀ ਦਾ ਇਹ ਸਲੋਕ ਇਸ ਗੱਲ ਤੇ ਹੋਰ ਵੀ ਮੋਹਰ ਲਗਾ ਦਿੰਦਾ ਹੈ ‘ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ ।।’ ਗੁਰਮਤਿ ਗਿਆਨ ਦੀ ਘਾਟ ਅਰਥਾਤ ਭਰਮ ਨੂੰ ਹੀ ਪਾਪ ਮੰਨਦੀ ਹੈ। ਇਹ ਰਾਕੇਟ ਦਾ ਜੁਗ ਹੈ, ਜੇ ਕੋਈ ਅਜੇ ਵੀ ਬੈਲਗੱਡੀ ਦੀ ਗਤੀ ਨੂੰ ਤੇਜ ਰਫ਼ਤਾਰੀ ਦਾ ਸਾਧਨ ਸਮਝਦੇ ਹੋਣ ਇਹ ਉਨ੍ਹਾਂ ਦੀ ਵੱਡੀ ਭੁੱਲ ਹੈ। ਤਰਕ ਦਾ ਜ਼ਮਾਨਾ ਹੈ। ਜੇ ਉਸ ਤਰ੍ਹਾਂ ਦਾ ਧਾਰਮਿਕ ਗਿਆਨ ਨਾ ਉਪਲਬਧ ਕਰਵਾ ਸਕੇ, ਤਾਂ ਧਰਮ ਇਕ ਕਰਮ-ਕਾਂਡ ਬਣ ਕੇ ਰਹਿ ਜਾਵੇਗਾ।
ਪ੍ਰਚਾਰਕ ਅਤੇ ਗ੍ਰੰਥੀ ਸੱਜਣਾਂ ਦਾ ਇਹ ਖਾਸ ਫਰਜ਼ ਬਣਦਾ ਹੈ ਕਿ ਉਹ ਇਸ ਸਮੇਂ ਦੀ ਵੰਗਾਰ ਲਈ ਹਮੇਸ਼ਾ ਹੀ ਤਿਆਰ ਰਹਿਣ। ਦਾਸ ਦਾ 21ਵੀਂ ਸਦੀ ਦੀ ਸਿੱਖੀ ਵਿਚਾਰਧਾਰਾ ਵੱਲ ਵਧਣ ਦਾ ਇਹ ਨਿਮਾਣਾ ਜਿਹਾ ਯਤਨ ਹੈ। ਸਾਧ ਸੰਗਤ ਜਰੂਰ ਆਪਣੀ ਅਸੀਸ ਬਖਸ਼ੇ ‘ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ’ ਵਾਲੇ ਮੁਖਵਾਕ ਰਾਹੀਂ ਦਾਸ ਦੇ ਗੁਰਮਤ ਦਾ ਧਾਰਣੀ ਹੋਣ ਦੀ ਅਰਦਾਸ ਕਰਨਾ ਜੀ। ਮੇਰੀਆਂ ਭੁੱਲਾਂ ਮੇਰੀ ਝੋਲੀ ਵਿਚ ਹੀ ਪਾ ਦੇਣਾ, ਗੁਰਮਤ ਦੀ ਵਿਚਾਰ ਨੂੰ ਪੱਲੇ ਬੰਨ੍ਹ ਲੈਣਾ ਜੀ।