

ਬਾਦਲ ਪੱਖੀਆਂ ਵਿਰੁੱਧ ਅਸੀਂ ਕੋਈ ਕਾਰਵਾਈ ਨਹੀਂ ਕਰ ਸਕਦੇ,
ਤੁਸੀਂ ਅਦਾਲਤ ’ਚ ਚਲੇ ਜਾਓ: ਗੁਰਬਚਨ ਸਿੰਘ
- ਕ੍ਰਿਪਾਲ ਸਿੰਘ ਬਠਿੰਡਾ -
‘‘ਬਾਦਲ ਪੱਖੀਆਂ ਵਿਰੁੱਧ ਅਸੀਂ ਕੋਈ ਕਾਰਵਾਈ ਨਹੀਂ ਕਰ ਸਕਦੇ, ਜੇ ਤੁਹਾਡੀ ਤਸੱਲੀ ਨਹੀਂ ਹੁੰਦੀ ਤਾਂ ਤੁਸੀਂ ਅਦਾਲਤ ’ਚ ਚਲੇ ਜਾਓ।’’ ਇਹ ਸ਼ਬਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਸ ਸਮੇਂ ਕਹੇ ਜਦ 26 ਜੁਲਾਈ ਨੂੰ ਪੰਜ ਸਿੰਘ ਸਾਹਿਬਾਨਾਂ ਦੀ ਸਰਨਾ-ਫੂਲਕਾ ਵਿਵਾਦ ਦੀ ਸੁਣਵਾਈ ਲਈ ਚੱਲ ਰਹੀ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ, ਪੰਥ ਨਾਲ ਸਬੰਧਤ ਕੁੱਝ ਅਤਿ ਮਹੱਤਵਪੂਰਨ ਮਸਲਿਆਂ ’ਤੇ ਸ੍ਰ. ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰੁੱਧ ਕੁੱਝ ਸ਼ਿਕਾਇਤਾਂ ਲੈ ਕੇ ਉਨ੍ਹਾਂ ਅੱਗੇ ਪੇਸ਼ ਹੋਇਆ।
ਇਸ ਪੱਤਰਕਾਰ ਨਾਲ ਅੱਜ ਗੱਲ ਕਰਦਿਆਂ ਭਾਈ ਸਿਰਸਾ ਨੇ ਦੱਸਿਆ ਕਿ ਉਨ੍ਹਾਂ ਨਾਮਧਾਰੀ ਫਿਰਕੇ ਵੱਲੋਂ ਛਪਿਆ ਹੋਇਆ ਗੁਟਕਾ ਦਿਖਾਇਆ ਜਿਸ ਵਿੱਚ 15 ਗੁਰੂਆਂ ਦੀ ਅਰਦਾਸ ਹੈ ਤੇ ਗੁਟਕੇ ਦੇ ਸ਼ੁਰੂ ਵਿੱਚ 40 ਪੰਨਿਆਂ 'ਤੇ ਉਹ ਮਿਥਿਹਾਸ ਲਿਖਿਆ ਹੈ ਜਿਸ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਬਲਕਿ ਬਾਬਾ ਬਾਲਕ ਸਿੰਘ ਨੂੰ ਸੌਂਪੀ ਸੀ ਜਿਨ੍ਹਾਂ ਤੋਂ ਅੱਗੇ ਬਾਬਾ ਰਾਮ ਸਿੰਘ ਰਾਹੀਂ ਹੁੰਦੀ ਹੋਈ ਅੱਜ ਉਨ੍ਹਾਂ ਦੇ 15ਵੇਂ ਗੁਰੂ ਜਗਜੀਤ ਸਿੰਘ ਤੱਕ ਪਹੁੰਚ ਗਈ ਹੈ। ਇਸਦੇ ਨਾਲ ਹੀ ਉਨ੍ਹਾਂ ਨਾਮਧਾਰੀ ਸੰਸਥਾ ਵੱਲੋਂ ਛਪਿਆ ਇੱਕ ਕੈਲੰਡਰ ਵੀ ਦਿਖਾਇਆ ਜਿਸ ਵਿੱਚ ਵਿਚਕਾਰ ਵੱਡੀ ਫੋਟੋ ਬਾਬਾ ਰਾਮ ਸਿੰਘ ਤੇ ਬਾਬਾ ਹਰੀ ਸਿੰਘ ਦੀ ਹੈ ਅਤੇ ਇਨ੍ਹਾਂ ਦੇ ਦੁਆਲੇ ਦਸ ਗੁਰੂਆਂ ਦੀਆਂ ਛੋਟੀਆਂ ਫੋਟੋਆਂ ਹਨ। ਭਾਈ ਸਿਰਸਾ ਨੇ ਪੁੱਛਿਆ ਕਿ ਗੁਟਕੇ ਅਤੇ ਕੈਲੰਡਰ ਵਿੱਚ ਨਾਮਧਾਰੀਆਂ ਦੇ ਪੰਜਾਂ ਨੂੰ ਹੀ 'ਸਤਿਗੁਰੂ' ਲਿਖਿਆ ਹੋਇਆ ਹੈ ਜਿਸਦਾ ਮਤਲਬ ਇਹ ਹੋਇਆ ਕਿ ਹੁਣ ਸਾਡਾ ਗੁਰੂ, ਗੁਰੂ ਗ੍ਰੰਥ ਸਾਹਿਬ ਨਹੀਂ ਬਲਕਿ ਨਾਮਧਾਰੀਆਂ ਵਾਲਾ ਬਾਬਾ ਜਗਜੀਤ ਸਿੰਘ ਗੁਰੂ ਹੈ। ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਭਾਈ ਸਿਰਸਾ ਦੀ ਦਲੀਲ ਨਾਲ ਸਹਿਮਤ ਹੋ ਗਏ ਤਾਂ ਉਨ੍ਹਾਂ ਪੁੱਛਿਆ ਕਿ ਪ੍ਰਕਾਸ਼ ਸਿੰਘ ਬਾਦਲ ਨਾਮਧਾਰੀਆਂ ਦੇ ਸਮਾਗਮ ਵਿੱਚ ਜਾਂਦਾ ਹੈ ਤਾਂ ਉਹ ਜਗਜੀਤ ਸਿੰਘ ਨੂੰ ਸਤਿਗੁਰੂ ਕਹਿ ਕੇ ਸੰਬੋਧਨ ਕਰਦਾ ਹੈ, ਜਿਸਦਾ ਭਾਵ ਹੈ ਸ੍ਰ. ਬਾਦਲ ਲਈ ਵੀ ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ ਹੈ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ੍ਰ. ਬਾਦਲ ਕੇਵਲ ਸਿੱਖਾਂ ਦੇ ਨਹੀਂ ਬਲਕਿ ਪੰਜਾਬ ਦੇ ਮੁੱਖ ਮੰਤਰੀ ਹਨ। ਉਨ੍ਹਾਂ ਨੇ ਤਾਂ ਹਰ ਥਾਂ ਜਾਣਾ ਹੈ। ਇਹ ਗੁਟਕੇ ਵੀ ਅੱਜ ਦੇ ਨਹੀਂ ਪਿਛਲੇ ਪੰਜਾਹ ਸਾਲਾਂ ਤੋਂ ਛਪਦੇ ਆ ਰਹੇ ਹਨ। ਭਾਈ ਸਿਰਸਾ ਨੇ ਪੁੱਛਿਆ ਕਿ ਇਸਦਾ ਭਾਵ ਇਹ ਹੈ ਕਿ 50 ਸਾਲਾਂ ਤੋਂ ਪੁਰਾਣੇ ਮੁੱਦੇ ਸਾਨੂੰ ਨਹੀਂ ਉਠਾਉਣੇ ਚਾਹੀਦੇ।
ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਗਈ ਸਿੱਖ ਇਤਿਹਾਸ ਹਿੰਦੀ ਪੁਸਤਕ ਵਿੱਚ ਗੁਰੂ ਸਾਹਿਬਾਨ ਦਾ ਰੱਜ
ਕੇ ਅਪਮਾਨ ਕੀਤਾ ਗਿਆ ਹੈ, ਤੁਸੀਂ ਉਸ ਵਿਰੁੱਧ ਅੱਜ ਕੋਈ ਕਾਰਵਾਈ ਨਹੀਂ ਕਰ ਰਹੇ, ਫਿਰ ਕੀ 50
ਸਾਲਾਂ ਪਿੱਛੋਂ ਇਹ ਮਸਲਾ ਉਠਾਇਆ ਨਹੀਂ ਜਾ ਸਕੇਗਾ? ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ 'ਸਿੱਖ
ਇਤਿਹਾਸ' ਹਿੰਦੀ ਦੀ ਪੁਸਤਕ ਵਾਪਸ ਲੈ ਲਈ ਗਈ ਹੈ, ਹੁਣ ਜਿਹੜਾ ਇਸ ਪੁਸਤਕ ਦਾ ਨਾਮ ਲੈ ਕੇ ਪ੍ਰਚਾਰ
ਕਰ ਰਹੇ ਹਨ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਭਾਈ ਸਿਰਸਾ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਚੋਣ ਕਮਿਸ਼ਨ ਵੱਲੋਂ ਛਾਪੇ ਫਾਰਮ ਦਿਖਾਉਂਦੇ ਹੋਏ
ਪੁੱਛਿਆ ਕਿ ਕੀ ਸਿਰਫ ਇਹ ਸ਼ਰਤਾਂ ਪੂਰੀਆਂ ਕਰਨ ਵਾਲਾ ਹੀ ਸਿੱਖ ਹੋ ਸਕਦਾ ਹੈ, ਹੋਰ ਕਿਸੇ ਸ਼ਰਤ ਦੀ
ਲੋੜ ਨਹੀਂ, ਕੀ ਇਸ ਵਿੱਚ ਕਿਸੇ ਸੋਧ ਦੀ ਲੋੜ ਹੈ? ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ
ਬਲਵੰਤ ਸਿੰਘ ਨੰਦਗੜ੍ਹ ਨੇ ਇਹ ਮੰਨਿਆ ਕਿ ਇਹ ਫਾਰਮ ਗਲਤ ਹੈ ਇਸ ਵਿੱਚ ਸੋਧ ਦੀ ਲੋੜ ਹੈ। ਭਾਈ
ਸਿਰਸਾ ਨੇ ਪੁੱਛਿਆ ਕਿ ਜੇ ਤੁਸੀਂ ਇਨ੍ਹਾਂ ਫਾਰਮਾਂ ਨੂੰ ਗਲਤ ਮੰਨਦੇ ਹੋ ਤਾਂ ਇਸ ਵਿੱਚ ਸੋਧ ਕਿਉਂ
ਨਹੀਂ ਕਰਵਾਉਂਦੇ? ਗਿਆਨੀ ਗੁਰਬਚਨ ਸਿੰਘ ਦਾ ਜਵਾਬ ਸੀ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ
ਮੱਕੜ ਕਹਿੰਦੇ ਹਨ ਕਿ ਫਾਰਮ ਠੀਕ ਹਨ ਇਨ੍ਹਾਂ ਵਿੱਚ ਕਿਸੇ ਸੋਧ ਦੀ ਲੋੜ ਨਹੀਂ ਹੈ। ਜੇ ਤੁਹਾਨੂੰ
ਇਸਤੇ ਕੋਈ ਇਤਰਾਜ਼ ਹੈ ਤਾਂ ਅਦਾਲਤ ਵਿੱਚ ਚਲੇ ਜਾਓ। ਇਸ ਉਪਰੰਤ ਭਾਈ ਸਿਰਸਾ ਨੇ ਢਾਡੀ ਬਲਦੇਵ ਸਿੰਘ
ਐਮ ਏ ਵੱਲੋਂ ਇੱਕ ਨੇਤਰਹੀਣ ਰਾਗੀ ਦੀ ਪਤਨੀ ਨਾਲ ਛੇੜਛਾੜ ਦਾ ਕੇਸ ਪੇਸ਼ ਕੀਤਾ ਤਾਂ ਗਿਆਨੀ ਗੁਰਬਚਨ
ਸਿੰਘ ਨੇ ਆਪਣਾ ਉੱਤਰ ਇੱਕ ਵਾਰ ਫਿਰ ਦੁਹਰਾਇਆ ਕਿ ਤੁਹਾਨੂੰ ਦੱਸ ਦਿੱਤਾ ਹੈ ਕਿ ਇਨ੍ਹਾਂ ਵਿਰੁੱਧ
ਅਸੀਂ ਕੋਈ ਕਾਰਵਾਈ ਨਹੀਂ ਕਰ ਸਕਦੇ, ਤੁਸੀਂ ਅਦਾਲਤ ਵਿੱਚ ਚਲੇ ਜਾਓ। ਭਾਈ ਸਿਰਸਾ ਨੇ ਪੁੱਛਿਆ ਕਿ
ਜੇ ਤੁਸੀਂ ਸਿਰਫ ਬਾਦਲ ਵਿਰੋਧੀਆਂ ਵਿਰੁੱਧ ਹੀ ਕਾਰਵਾਈ ਕਰਨੀ ਹੈ ਤਾਂ ਦੱਸੋ ਕੀ ਇਹ ਅਕਾਲ ਤਖ਼ਤ ਹੈ
ਜਾਂ ਬਾਦਲ ਤਖ਼ਤ? ਸਰਬਉੱਚ ਕਹਾਉਣ ਵਾਲੇ ਪੰਜੇ ਜਥੇਦਾਰ ਨਿਰਉੱਤਰ ਹੋ ਗਏ।
ਭਾਈ ਸਿਰਸਾ ਦੀ ਪੰਜਾਂ ਜਥੇਦਾਰਾਂ ਨਾਲ ਹੋਈ ਵਾਰਤਾਲਾਪ ਦੀ ਸਚਾਈ ਜਾਨਣ ਲਈ ਗਿਆਨੀ ਗੁਰਬਚਨ ਸਿੰਘ ਨਾਲ ਸੰਪਰਕ ਕੀਤਾ ਤਾਂ ਫ਼ੋਨ ਸੁਣਨ ਵਾਲੇ ਤੋਂ ਅੱਗੋਂ ਜਵਾਬ ਮਿਲਿਆ ਕਿ ਸਿੰਘ ਸਾਹਿਬ ਸਮਾਗਮ ਵਿੱਚ ਬੈਠੇ ਹਨ ਜਿਹੜਾ ਕਿ ਸ਼ਾਮੀ ਅੱਠ ਵਜੇ ਤੱਕ ਚੱਲੇਗਾ, ਤੁਸੀਂ ਬਾਅਦ ਵਿੱਚ ਗੱਲ ਕਰ ਲੈਣੀ। ਫਿਰ ਇੱਕ ਹੋਰ ਜਥੇਦਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਗੱਲਾਂ ਤਾਂ ਠੀਕ ਇਸੇ ਤਰ੍ਹਾਂ ਹੋਈਆਂ ਹਨ ਪਰ ਭਾਈ ਸਿਰਸਾ ਵੀ ਆਪਣੀ ਹਾਜ਼ਰੀ ਲਵਾਉਣ ਲਈ ਹਰ ਮੀਟਿੰਗ ਵਿੱਚ ਆ ਜਾਂਦਾ ਹੈ ਤੇ ਹਰ ਵਾਰ ਉਸ ਦੀਆਂ ਇਹੋ ਹੀ ਸ਼ਿਕਾਇਤਾਂ ਹੁੰਦੀਆਂ ਹਨ ਜਦ ਉਸਨੂੰ ਇੱਕ ਵਾਰ ਜਵਾਬ ਦੇ ਦਿੱਤਾ ਤਾਂ ਵਾਰ ਵਾਰ ਉਸਨੂੰ ਹੋਰ ਕੀ ਜਵਾਬ ਦਿੱਤਾ ਜਾ ਸਕਦਾ ਹੈ। ਪੁੱਛਿਆ ਗਿਆ ਕਿ ਤੁਸੀਂ ਦਿੱਲੀ ਕਮੇਟੀ ਦੇ ਪ੍ਰਧਾਨ ਨੂੰ ਤਾਂ ਪਿਛਲੇ ਤਿੰਨ ਸਾਲਾਂ ਵਿੱਚ ਛੇਵੀਂ ਵਾਰ ਤਲਬ ਕਰ ਲਿਆ ਹੈ ਤਾਂ ਇਹ ਸ਼ਿਕਾਇਤਾਂ ਕਿਉਂ ਨਹੀਂ ਸੁਣੀਆਂ ਜਾਂਦੀਆਂ? ਉਨ੍ਹਾਂ ਦਾ ਬੜੀ ਢੀਠਤਾਈ ਨਾਲ ਜਵਾਬ ਸੀ ਕਿ ਜੇਕਰ ਕੋਈ ਲਿਖਤੀ ਸ਼ਿਕਾਇਤ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਤਾਂ ਕਰਨੀ ਹੀ ਹੋਈ। ਪੁੱਛਿਆ ਗਿਆ ਕਿ ਤੁਸੀਂ ਤਾਂ ਖ਼ੁਦ ਹੀ ਮੰਨ ਰਹੇ ਹੋ ਕਿ ਭਾਈ ਸਿਰਸਾ ਹਰ ਮੀਟਿੰਗ ਵਿੱਚ ਇਹੋ ਸ਼ਿਕਾਇਤਾਂ ਲਿਖਤੀ ਰੂਪ ਵਿੱਚ ਲੈ ਕੇ ਆਉਂਦਾ ਹੈ ਤਾਂ ਇਨ੍ਹਾਂ ਸ਼ਿਕਾਇਤਾਂ 'ਤੇ ਕਾਰਵਾਈ ਕਿਉਂ ਨਹੀਂ ਹੁੰਦੀ? ਜਥੇਦਾਰ ਸਾਹਿਬ ਫਿਰ ਨਿਰਉੱਤਰ ਸੀ।