

ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ।।
- ਤੱਤ ਗੁਰਮਤਿ ਪਰਵਾਰ -
ਸਿੱਖ ਕੌਮ ਵਿੱਚ ‘ਨਿਤਨੇਮ’ ਕਾਫੀ ‘ਸ਼ਰਧਾ’ ਦਾ ਕੇਂਦਰ ਹੈ। ਨਿਤਨੇਮੀ ਮਨੁੱਖ ਨੂੰ ਬਹੁਤ ਉ¤ਚਾ-ਸੁੱਚਾ ਮੰਨਿਆ ਜਾਂਦਾ ਹੈ। ਪਰ ਕੌਮ ਵਿੱਚ ‘ਨਿਤਨੇਮ’ ਵੀ ਵੱਖ-ਵੱਖ ਧੜਿਆਂ ਦੇ ਵੱਖ-ਵੱਖ ਹਨ। ਗੱਲ ਕਰਦੇ ਹਾਂ ਅਕਾਲ ਤਖਤ ਦੇ ਨਾਂ ’ਤੇ ਜਾਰੀ ਕੀਤੀ ਗਈ ‘ਸਿੱਖ ਰਹਿਤ ਮਰਿਯਾਦਾ’ ਦੀ। ਇਸ ਵਿਚ ਦਿੱਤੇ ਗਏ ਨਿਤਨੇਮ ਵਿੱਚ ਹੇਠ ਲਿਖੀਆਂ ਪੰਜ ਰਚਨਾਵਾਂ ਹਨ।
ਪ੍ਰਭਾਤ ਵੇਲੇ : ਜਪੁ, ਜਾਪੁ, 10 ਸਵੱਯੇ (ਸ੍ਰਾਵਗ ਸੁਧ ਵਾਲੇ)
ਸੂਰਜ ਡੁੱਬਣ ਵੇਲੇ : ਰਹਿਰਾਸ (ਸੋ ਦਰੁ ਅਤੇ ਸੋ ਪੁਰੁਖ ਵਾਲੇ 9 ਸ਼ਬਦ, ਬੇਨਤੀ ਚੌਪਈ,
ਸਵੈਯਾ, ਦੋਹਰਾ, ਅਨੰਦ ਸਾਹਿਬ ਦੀਆਂ ਛੇ ਪਉੜੀਆਂ, ਮੁੰਦਾਵਣੀ, ਸਲੋਕ ਮਹਲਾ 5 (ਤੇਰਾ ਕੀਤਾ ਜਾਤੋ
ਨਾਹੀਂ)
ਰਾਤ ਨੂੰ ਸੌਣ ਵੇਲੇ : ਸੋਹਿਲਾ
ਹਰ ਜਾਗਰੁਕ ਸਿੱਖ ਜਾਣਦਾ ਹੈ ਕਿ ਨਾਨਕ ਪਾਤਸ਼ਾਹ ਜੀ ਵਲੋਂ ਚਲਾਏ ‘ਨਿਰਮਲ ਪੰਥ’ ਨੂੰ ਗੁਰਮਤਿ ਤੋਂ ਭਟਕਾ ਕੇ ਵਿਰੋਧੀ ਤਾਕਤਾਂ ਵਲੋਂ ਗੰਧਲਾ (ਮਿਲਗੋਭਾ) ਕਰਨ ਦੀਆਂ ਸਾਜ਼ਿਸ਼ਾਂ ਸ਼ੁਰੂ ਤੋਂ ਹੀ ਕੀਤੀਆਂ ਜਾਂਦੀਆਂ ਰਹੀਆਂ ਹਨ। 1708 ਤੋਂ ਬਾਅਦ ਤਾਂ ਕੌਮ ਦੇ ਬਿਖੜੇ ਸਮੇਂ ਦਾ ਫਾਇਦਾ ਉਠਾ ਕੇ, ਇਹ ਵਿਰੋਧੀ ਤਾਕਤਾਂ ਸਿੱਖ ਭੇਸ ਵਿੱਚ ਘੁਸਪੈਠ ਕਰਕੇ ਵੱਖ-ਵੱਖ ਨਾਵਾਂ ਹੇਠ ਕੌਮ ਦਾ ਹਿੱਸਾ ਬਣ ਗਈਆਂ। ਇਹਨਾਂ ਨੇ ‘ਗੁਰੂ ਗ੍ਰੰਥ ਸਾਹਿਬ ਜੀ’ ਵਿੱਚ ਮਿਲਾਵਟ ਕਰਨ ਦਾ ਜਤਨ ਕੀਤਾ। ਨਾਲ ਹੀ ਗੁਰਮਤਿ ਦੀ ਖੰਡਨਾ ਕਰਨ ਵਾਲੀਆਂ ਰਚਨਾਵਾਂ ਰੱਚ ਕੇ ਉਨ੍ਹਾਂ ਨੂੰ ਕੌਮ ਵਿੱਚ ਮਾਨਤਾ ਦਿਵਾਉਣੀ ਸ਼ੁਰੂ ਕੀਤੀ। ਕੌਮ ਵਿੱਚ ਗਿਆਨ ਦੀ ਥਾਂ ‘ਸ਼ਰਧਾ’ ਨੂੰ ਬੜ੍ਹਾਵਾ ਦਿੱਤਾ ਜਾਣ ਲਗ ਪਿਆ। ਐਸੀਆਂ ਕੱਚੀਆਂ ਰਚਨਾਵਾਂ ਦਾ ਮੁੱਖ ਸ੍ਰੋਤ ‘ਬਚਿਤ੍ਰ ਨਾਟਕ’ ਸੀ ਜਿਸ ਨੂੰ ਦਸ਼ਮੇਸ਼ ਜੀ ਦੀ ਕ੍ਰਿਤ ਪ੍ਰਚਾਰਿਆ ਗਿਆ। ਬਚਿੱਤ੍ਰ ਨਾਟਕ ਦਾ ਨਾਂ ਬਾਅਦ ਵਿੱਚ ‘ਦਸਮ ਗ੍ਰੰਥ’ ਕਰ ਦਿੱਤਾ ਗਿਆ। ‘ਰਾਜ ਭਾਗ’ ਦਾ ਸੁਖਾਲਾ ਸਮਾਂ ਆਉਣ ’ਤੇ ਵੀ ਕੌਮ ਸਿਧਾਂਤਕ ਦ੍ਰਿਦ੍ਰੜ੍ਹਤਾ ਪੱਖੋਂ ਅਵੇਸਲੀ ਹੀ ਰਹੀ। ਨਤੀਜਾ ਰਣਜੀਤ ਸਿੰਘ ਦਾ ਰਾਜ ਸਿਰਫ ਕਹਿਲਾਉਣ ਲਈ ਹੀ ‘ਸਿੱਖ ਰਾਜ’ ਸੀ। ਅਸਲ ਵਿੱਚ ਸਿਧਾਂਤਕ ਤੌਰ ਤੇ ਕੌਮ ਦੀ ਜੀਵਨ-ਜਾਚ ਵਿਚ ਬ੍ਰਾਹਮਣਵਾਦ ਹੀ ਭਾਰੂ ਸੀ। ‘ਦਰਬਾਰ ਸਾਹਿਬ’ ਦੀ ਪਰਿਕਰਮਾ ਵਿੱਚ ਹੀ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਪੂਜਾ ਸ਼ੁਰੂ ਹੋਣਾ ਇਸ ਦਾ ਜਿੰਦਾ-ਜਾਗਦਾ ਸਬੂਤ ਹੈ।
ਸਿੱਖ ਸਮਾਜ ’ਤੇ ਬ੍ਰਾਹਮਣਵਾਦ ਪੂਰੀ ਤਰ੍ਹਾਂ ਛਾ ਚੁੱਕਾ ਸੀ। ਫੇਰ ‘ਨਿਤਨੇਮ’ ਇਸ ਪ੍ਰਭਾਵ ਤੋਂ ਕਿਵੇਂ ਬਚਿਆ ਰਹਿ ਸਕਦਾ ਸੀ? ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਆਇਆ ਹੈ ਕਿ ਉਸ ਵੇਲੇ ਸਵੇਰੇ ਜਪੁ ਜੀ, ਸ਼ਾਮੀ ਸੋਦਰ ਅਤੇ ਰਾਤੀਂ ਸੋਹਿਲਾ ਹੁੰਦਾ ਹੈ। ਪਰ ਸਮੇਂ ਨਾਲ ਇਸ ‘ਨਿਤਨੇਮ’ ਵਿੱਚ ਕੱਚੀਆਂ ਰਚਨਾਵਾਂ (ਅਖੌਤੀ ਦਸਮ ਗ੍ਰੰਥ ਦੀਆਂ) ਵਾੜ ਦਿੱਤੀਆਂ ਗਈਆਂ।
ਦੱਬੇ ਸੁਰ ਵਿੱਚ ਇਸ ਮਿਲਾਵਟ ਬਾਰੇ ਗੱਲ ਤਾਂ ਕਈਆਂ ਨੇ ਕੀਤੀ ਪਰ ਪਹਿਲੀ ਵਾਰ ਖੁੱਲ ਕੇ ਇਸ ਦਾ ਵਿਰੋਧ ਗਿਆਨੀ ਭਾਗ ਸਿੰਘ ਜੀ ਅੰਬਾਲਾ ਨੇ ਕੀਤਾ। ਹੁਣ ਜਾਗਰੁਕ ਸਿੱਖ ਵਿਦਵਾਨਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਦਸਮ ਗ੍ਰੰਥ ਦੀ ਕੋਈ ਵੀ ਰਚਨਾ ਦਸ਼ਮੇਸ਼ ਕ੍ਰਿਤ ਨਹੀਂ। ਪਰ ਮੌਜੂਦਾ ਪੰਥਕ ‘ਨਿਤਨੇਮ’ ਦੀਆਂ ਪੰਜ ਵਿਚੋਂ ਲਗਭਗ ਅੱਧੀਆਂ ਰਚਨਾਵਾਂ ਇਸ ਅਖੌਤੀ ਦਸਮ ਗ੍ਰੰਥ ਵਿੱਚੋਂ ਹਨ। ਕੁਝ ਐਸੀ ਹੀ ਮਿਲਾਵਟ ‘ਪ੍ਰਿਥਮ ਭਗੌਤੀ’ ਆਦਿ ਦੇ ਰੂਪ ਵਿੱਚ ਪੰਥਕ ਅਰਦਾਸ ਵਿੱਚ ਵੀ ਮਿਲਦੀ ਹੈ। ਭਾਵ ਕਿ ਅਸੀਂ ਗੁਰਮਤਿ ਤੋਂ ਉਲਟ (ਮਿਲਗੋਭਾ) ਨਿਤਨੇਮ ਕਰਨ ਦੇ ਬਾਵਜੂਦ ਵੀ ਨਿਤਨੇਮੀ (ਉ¤ਚਾ-ਸੁੱਚਾ) ਹੋਣ ਦਾ ਭਰਮ ਪਾਲ ਰਹੇ ਹਾਂ।
ਜੇ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਨੂੰ ਗੌਰ ਨਾਲ ਵਿਚਾਰਿਆ ਜਾਵੇ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਰਾਗਾਂ ਵਿੱਚ ਬਾਣੀ ਸ਼ੁਰੂ ਹੋਣ ਤੋਂ ਪਹਿਲਾਂ 13 ਸਫਿਆਂ ਵਿਚ ਜੋ ਬਾਣੀ ਹੈ ਉਹ ਨਿਤਨੇਮ ਹੀ ਹੈ। ਕਿਉਂਕਿ ਜਪੁ ਤੋਂ ਛੁੱਟ ਹੋਰ ਸਾਰੇ ਸ਼ਬਦ ਆਪਣੇ ਰਾਗਾਂ ਵਿੱਚ ਦੁਬਾਰਾ ਫਿਰ ਆਏ ਹਨ। ਮੌਜੂਦਾ ਪੰਥਕ ਨਿਤਨੇਮ ਦੇ ਮਿਲਗੋਭਾ ਹੋਣ ਬਾਰੇ ਜਾਣਦੇ ਅਤੇ ਮੰਨਦੇ ਤਾਂ ਲਗਭਗ ਸਾਰੇ ਜਾਗਰੁਕ ਸਿੱਖ ਹਨ। ਪਰ ‘ਪੰਥ ਪ੍ਰਵਾਨਿਕਤਾ’ ਦੀ ਦੁਹਾਈ ਦੇ ਕੇ ਜ਼ਿਆਦਾਤਰ ਜਾਗਰੁਕ ਧਿਰਾਂ ਇਸ ਦੇ ਸੁਧਾਰ ਬਾਰੇ ਗੱਲ ਹੀ ਨਹੀਂ ਕਰਨਾ ਚਾਹੁੰਦੀਆਂ। ਕੁਝ ਧਿਰਾਂ ਇਸ ਦੇ ਸੁਧਾਰ ਦਾ ਉਪਰਾਲਾ ਕਰਨ ਲਈ ‘ਗੱਲੀਂ-ਬਾਤੀਂ’ ਸਹਿਮਤੀ ਵੀ ਪ੍ਰਗਟ ਕਰਦੇ ਹਨ, ਪਰ ਅਮਲੀ ਰੂਪ ਵਿਚ, ਸੰਸਥਾਗਤ ਤੌਰ ਤੇ, ਇਸ ਸੁਧਾਰ ਕਾਰਜ ਲਈ ਅੱਗੇ ਆਉਣ ਨੂੰ ਕੋਈ ਤਿਆਰ ਨਹੀਂ। ਕਈ ਚੇਤਨ ਗੁਰਸਿੱਖ ਵਿਅਕਤੀਗਤ ਤੌਰ ’ਤੇ (ਆਪਣੇ ਪੱਧਰ ’ਤੇ) ਇਹ ਮਿਲਗੋਭਾ ਅਤੇ ਦੋਗਲਾ ‘ਨਿਤਨੇਮ’ ਤਿਆਗ ਚੁੱਕੇ ਹਨ ਪਰ ਸੰਸਥਾਗਤ ਤੌਰ ’ਤੇ ਇਸ ਖੇਤਰ ਵਿੱਚ ਕੋਈ ਉਪਰਾਲਾ ਨਹੀਂ ਹੋਇਆ। ‘ਤੱਤ ਗੁਰਮਤਿ ਪਰਿਵਾਰ’ ਨੇ ਆਪਣੀ ਕਾਇਮੀ ਦੀ ਸ਼ੁਰੂਆਤ ਤੋਂ ਹੀ ਇਸ ਬਾਰੇ ਖੁੱਲ ਕੇ ਗੱਲ ਕੀਤੀ ਹੈ। ਅਸੀਂ ਕਾਫੀ ਸਮੇਂ ਤੋਂ ਕੋਸ਼ਿਸ਼ ਕਰ ਰਹੇ ਸੀ ਕਿ ਜਾਗਰੁਕ ਧਿਰਾਂ ਨੂੰ ਆਪਸੀ ਵਿਚਾਰ ਰਾਹੀਂ, ਗੁਰਮਤਿ ਦੀ ਰੋਸ਼ਨੀ ਵਿੱਚ, ਮੌਜੂਦਾ ‘ਸਿੱਖ ਰਹਿਤ ਮਰਿਯਾਦਾ’ ਦੀਆਂ ਖਾਮੀਆਂ ਨੂੰ ਸੋਧ ਕੇ, ਇਕ ‘ਗੁਰਮਤਿ ਜੀਵਨ ਜਾਚ’ ਤਿਆਰ ਕਰ ਲੈਣੀ ਚਾਹੀਦੀ ਹੈ। ਇਸ ਨਾਲ ‘ਨਿਤਨੇਮ’ ਅਤੇ ਅਰਦਾਸ ਦਾ ਪਹਿਲੂ ਵੀ ਜੁੜਿਆ ਹੋਇਆ ਹੈ। ਪਰ ਇਸ ਖੇਤਰ ਵਿੱਚ ਜਾਗਰੂਕ ਧਿਰਾਂ ਵਲੋਂ ਕੋਈ ਵਧੀਆ ਹੁੰਗਾਰਾ ਪ੍ਰਾਪਤ ਨਹੀਂ ਹੋਇਆ।
ਇਸ ਖੜੌਤ ਨੂੰ ਮਹਿਸੂਸ ਕਰਦੇ ਹੋਏ ਅਸੀਂ ‘ਤੱਤ ਗੁਰਮਤਿ ਪਰਿਵਾਰ’ ਲਈ ਆਪਣੇ ਤੌਰ ’ਤੇ ਇਹ ਸੁਧਾਰ ਉਪਰਾਲਾ ਸ਼ੁਰੂ ਕਰਨ ਦਾ ਮਨ ਬਣਾ ਲਿਆ ਹੈ। ਇਸ ਦੀ ਸ਼ੁਰੂਆਤ ‘ਮੌਜੂਦਾ ਪੰਥਕ ਨਿਤਨੇਮ’ ਵਿੱਚ ਸੁਧਾਰ ਰਾਹੀਂ ਕੀਤੀ ਜਾ ਰਹੀ ਹੈ। ਲਗਭਗ ਸਾਰੀਆਂ ਜਾਗਰੁਕ ਧਿਰਾਂ ਅੰਦਰਖਾਤੇ ਇਹ ਮੰਨਦੀਆਂ ਹਨ ਕਿ ਅਸਲ ਨਿਤਨੇਮ ਉਹੀ ਹੈ ਜਿਹੜਾ ‘ਗੁਰੂ ਗ੍ਰੰਥ ਸਾਹਿਬ ਜੀ’ ਵਿੱਚ ਪਹਿਲੇ 13 ਸਫਿਆਂ ’ਤੇ ਹੈ। ‘ਪਰਿਵਾਰ’ ਇਸੇ ਨਿਤਨੇਮ ਨੂੰ ਅਪਨਾ ਰਿਹਾ ਹੈ। ਨਾਲ ਹੀ ਮੌਜੂਦਾ ਪੰਥਕ ਅਰਦਾਸ ਵਿਚਲੀਆਂ ਕਮੀਆਂ ਨੂੰ ਦੂਰ ਕਰਕੇ, ਗੁਰਮਤਿ ਦੀ ਰੌਸ਼ਨੀ ਵਿਚ ਪਰਿਵਾਰ ਨੇ ਇਹ ਅਰਦਾਸ ਤਿਆਰ ਕਰਨ ਦਾ ਨਿਸ਼ਕਾਮ ਉਪਰਾਲਾ ਕੀਤਾ ਹੈ।
ਮੌਜੂਦਾ ਸਿੱਖ ਸਮਾਜ ਵਿੱਚ ‘ਨਿਤਨੇਮ’ ਉਸ ਤੋਤਾ ਰਟਨੀ ਰੂਪੀ ਕਰਮਕਾਂਡ ਦਾ ਰੂਪ ਧਾਰਨ ਕਰ ਚੁੱਕਾ ਹੈ, ਜਿਸ ਦਾ ਪੁਰਜ਼ੋਰ ਖੰਡਨ ਬਾਬਾ ਨਾਨਕ ਜੀ ਨੇ ਸ਼ੁਰੂ ਵਿਚ ਹੀ ਕਰ ਦਿਤਾ ਸੀ, ਪਰ ਕੌਮ ਵਿਚ ਘੁਸਪੈਠ ਕਰ ਚੁਕੀਆਂ ‘ਪੁਜਾਰੀਵਾਦੀ ਤਾਕਤਾਂ’ ਨੇ ਅਪਣੀ ਨੀਤੀ ਅਨੁਸਾਰ ਇਸ ‘ਤੋਤਾ-ਰਟਨੀ’ ਨੂੰ ਉਤਸਾਹਿਤ ਹੀ ਕੀਤਾ। ਗੁਰਮਤਿ ਅਨੁਸਾਰ ਜ਼ਿਆਦਾ ਬਾਣੀ ਇਸ ਲਈ ਨਹੀਂ ਪੜ੍ਹਨੀ ਕਿ ਜ਼ਿਆਦਾ ਬਾਣੀ ਪੜ੍ਹ ਕੇ ਰੱਬ ਨੂੰ ਖੁਸ਼ ਕਰਨਾ ਹੈ। ਗੁਰਮਤਿ ਐਸੇ ਕਿਸੇ ਵੀ ਭਰਮ ਨੂੰ ‘ਪੜਿ ਪੜਿ ਗਡੀ ਲਦੀਅਹਿ’ ਕਹਿ ਕੇ ਰੱਦ ਕਰਦੀ ਹੈ। ਬਾਣੀ ਪੜ੍ਹਨ ਦਾ ਇਕੋ ਇੱਕ ਮਕਸਦ, ਉਸ ਵਿਚਲੀਆਂ ਸੇਧਾਂ ਨੂੰ ਜੀਵਨ ’ਤੇ ਲਾਗੂ ਕਰਕੇ ਚੰਗਾ ਜੀਵਨ ਬਣਾਉਣਾ ਹੈ। ਇਸ ਲਈ ‘ਨਿਤਨੇਮ’ ਕਰਨ ਦਾ ਮਕਸਦ ਇਕ ਰਸਮ ਪੂਰਤੀ ਕਰਨਾ ਜਾਂ ਰੱਬ ਨੂੰ ਖੁਸ਼ ਕਰਨਾ ਨਹੀਂ। ‘ਨਿਤਨੇਮ’ ਵਿਚ ਗੁਰਮਤਿ ਦੇ ਮੂਲ ਸਿਧਾਂਤ ਹਨ। ਰੋਜ਼ਾਨਾ ਨਿਤਨੇਮ ‘ਬੰਦੇ ਖੋਜੁ ਦਿਲ ਹਰ ਰੋਜ’ ਜੀ ਤਰਜ਼ ’ਤੇ ਆਪਣੇ ਜੀਵਨ ਨੂੰ ਨੇਮਬੱਧ ਤੌਰ ‘ਤੇ ਗੁਰਮਤਿ ਦੀ ਕਸਵੱਟੀ ’ਤੇ ਪਰਖਦੇ ਰਹਿਣਾ ਹੈ।
‘ਗੁਰੂ ਗ੍ਰੰਥ ਸਾਹਿਬ ਜੀ’ ਦੀਆਂ ਰਚਨਾਵਾਂ ਉ¤ਤੇ ਆਧਾਰਿਤ ‘ਨਿਤਨੇਮ’ ਦਾ ਇਹ ਗੁਟਕਾ ਪਹਿਲੀ ਵਾਰ
ਜਾਰੀ ਕਰਨ ਦਾ ‘ਪਰਿਵਾਰ’ ਨਿਮਾਣਾ ਉਪਰਾਲਾ ਕਰ ਰਿਹਾ ਹੈ। ਅਸੀਂ ਸਪਸ਼ਟ ਕਰ ਦੇਈਏ ਕਿ ਇਹ ਨਿਤਨੇਮ
ਮੁੱਢਲੇ ਤੌਰ ’ਤੇ ਸਿਰਫ ‘ਤੱਤ ਗੁਰਮਤਿ ਪਰਿਵਾਰ’ ਦੇ ਮੈਂਬਰਾਂ ਲਈ ਹੈ। ਜੇ ਕਿਸੇ ਹੋਰ ਗੁਰਸਿੱਖ
ਨੂੰ ਇਹ ‘ਨਿਤਨੇਮ’ ਚੰਗਾ ਲਗਦਾ ਹੈ, ਉਹ ਇਸ ਨੂੰ ਅਪਣਾ ਸਕਦਾ ਹੈ। ਨਾਲ ਹੀ ਇਹ ਵੀ ਸਪਸ਼ਟ ਕਰਨਾ
ਚਾਹੁੰਦੇ ਹਾਂ ਕਿ ਇਹ ਨਿਤਨੇਮ ‘ਪਰਿਵਾਰ’ ਵਲੋਂ ਇਸ ਲਈ ਅਪਨਾਇਆ ਗਿਆ ਹੈ ਕਿਉਂਕਿ ਮੌਜੂਦਾ ਪੰਥਕ
ਨਿਤਨੇਮ ਦੇ ਮਿਲਗੋਭੇਪਨ ਵਾਲੇ ਰੂਪ ਨੂੰ ਮੰਨਦੇ ਰਹਿਣਾ ਸਾਡੇ ਜ਼ਮੀਰ ਨੂੰ ਗੰਵਾਰਾ ਨਹੀਂ। ਸਾਡਾ
ਅਟੁੱਟ ਵਿਸ਼ਵਾਸ ਹੈ ਕਿ ਜੇ ਸਾਰੀਆਂ ਪੰਥਕ ਧਿਰਾਂ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਪਹਿਲੇ 13 ਪੰਨਿਆਂ
ਤੇ ਦਰਜ਼ ਇਸ ਅਸਲ ਨਿਤਨੇਮ ਨੂੰ ਅਪਣਾ ਲੈਣ ਤਾਂ (ਜਾਣੇ/ਅਨਜਾਣੇ ਵਿਚ) ਵੱਖ-ਵੱਖ ਸੰਪਰਦਾਵਾਂ,
ਸੰਸਥਾਵਾਂ ਦੇ ਵੱਖਰੇ-ਵੱਖਰੇ ‘ਨਿਤਨੇਮਾਂ’ ਵਾਲੀ ਦੁਬਿਧਾ ਖਤਮ ਹੋ ਜਾਵੇਗੀ ਅਤੇ ਇਸ ਸਮੱਸਿਆ ਦਾ
ਸਥਾਈ ਹੱਲ ਹੋ ਜਾਵੇਗਾ। ਅਸੀਂ ਭਰੋਸਾ ਦਿਵਾਉਂਦੇ ਹਾਂ ਕਿ ਭਵਿੱਖ ਵਿੱਚ ਜਦੋਂ ਵੀ ਜਾਗਰੁਕ ਪੰਥਕ
ਧਿਰਾਂ ਵਲੋਂ ਨਿਰੋਲ ਗੁਰਮਤਿ ਅਨੁਸਾਰੀ ਨਿਤਨੇਮ (ਅਰਦਾਸ ਸਮੇਤ) ਤਿਆਰ ਕਰ ਲਿਆ ਗਿਆ ਤਾਂ ‘ਪਰਿਵਾਰ’
ਬਿਨਾਂ ਸੰਕੋਚ ਉਸ ਨੂੰ ਅਪਣਾ ਲਵੇਗਾ।
‘ਤੱਤ ਗੁਰਮਤਿ ਪਰਿਵਾਰ’ ਨਿਮਰਤਾ ਸਹਿਤ ਬੇਨਤੀ ਕਰਦਾ ਹੈ ਕਿ ਇਹ ਨਿਤਨੇਮ ਇਕ ‘ਤੋਤਾ ਰਟਨੀ ਜਾਂ
ਰਸਮ-ਪੂਰਤੀ’ ਮਾਤਰ ਨਾ ਹੋਵੇ, ਬਲਕਿ ਇਸ ਨੂੰ ਭਾਵ ਅਰਥਾਂ ਸਮੇਤ ਵਿਚਾਰਦੇ ਹੋਏ, ਉਸ ਤੋਂ ਜੀਵਨ ਸੇਧ
ਲਈ ਜਾਵੇ।