Subscription About Us Contact Us


ਖ਼ਬਰਾਂ ਦੇ ਆਰ-ਪਾਰ

- ਇੰਡੀਆ ਅਵੇਅਰਨੈਸ ਬਿਉਰੋ -

ਬੇਕਸੂਰ ਸਿੱਖਾਂ ’ਤੇ ਜ਼ੁਲਮ ਜਾਰੀ

ਗੁਰਜੰਟ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਲਿਆਉਂਦਿਆਂ ਕੋਲਕਾਤਾ ਦੀ ਪੁਲਿਸ

ਸਿੱਖਾਂ ਦੇ ਹੋਂਦ ਵਿਚ ਆਉਣ ਦੇ ਸਮੇਂ ਤੋਂ ਹੀ ਬ੍ਰਾਹਮਣਵਾਦੀ ਇਨ੍ਹਾਂ ਨੂੰ ਬਲੀ ਕੇ ਬਕਰਿਆਂ ਵਾਂਗ ਵਰਤਦੇ ਅਤੇ ਦੁਰਕਾਰਦੇ ਰਹੇ ਹਨ। ਜਿਸ ਮੋਰਚੇ ’ਤੇ ਬ੍ਰਾਹਮਣਵਾਦੀ ਕਮਜ਼ੋਰ ਹੁੰਦੇ ਹਨ, ਉੱਥੇ ਉਹ ਸਿੱਖਾਂ ਨੂੰ ਆਪਣਾ ਜ਼ਾਹਿਰੀ ਸਾਥੀ ਬਣਾ ਕੇ, ਮੌਤ ਦੇ ਮੂੰਹ ਵਿਚ ਝੋਕ ਦਿੰਦੇ ਹਨ ਅਤੇ ਜਿਥੇ ਖ਼ੁਦ ਤਾਕਤਵਰ ਪੁਜ਼ੀਸ਼ਨ ਵਿਚ ਹੁੰਦੇ ਹਨ, ਉਥੇ ਖ਼ੁਦ ਸਿੱਖਾਂ ਦਾ ਕਤਲੇਆਮ ਕਰਨ ਜਾਂ ਉਨ੍ਹਾਂ ਨੂੰ ਸਿੱਖੀ ਨੂੰ ਤਿਆਗਣ ਲਈ ਮਜਬੂਰ ਕਰ ਦਿੰਦੇ ਹਨ। ਜਿਵੇਂ ਮੁਗਲ ਕਾਲ ਤੇ ਅੰਗਰੇਜ਼ਾਂ ਦੇ ਸ਼ਾਸਨ ਕਾਲ ਦੌਰਾਨ ਬ੍ਰਾਹਮਣਵਾਦੀਆਂ ਨੇ ਸਿੱਖਾਂ ਨੂੰ ਵਕਤ ਦੇ ਹੁਕਮਰਾਨਾਂ ਨਾਲ ਲੜ ਕੇ ਆਪਣੀਆਂ ਜਾਨਾਂ ਗੁਆਉਣ ਲਈ ਉਕਸਾਇਆ, ਜਦਕਿ ਖ਼ੁਦ ਘਰਾਂ ਵਿਚ ਦੁਬਕੇ ਰਹਿ ਕੇ ਆਪਣੀਆਂ ਜਾਨਾਂ ਬਚਾ ਲਈਆਂ। ਪਰ ਭਾਰਤ ਦੇ ‘ਅਜ਼ਾਦ’ ਹੋਣ ਦਾ ਐਲਾਨ ਹੁੰਦਿਆਂ ਹੀ ਸਿੱਖਾਂ ਖਿਲਾਫ਼ ਸਰਕਾਰੀ ਅਤੇ ਗੈਰ-ਸਰਕਾਰੀ ਪੱਧਰ ’ਤੇ ਜ਼ੁਲਮ ਅਰੰਭ ਦਿੱਤੇ। ਪੰਜਾਬੀ ਸੂਬੇ ਦੀ ਮੰਗ ਦੀ ਲਹਿਰ, ਪੰਜਾਬ ਦੇ ਦਰਿਆਈ ਪਾਣੀਆਂ ਦੀ ਮੰਗ ਦੀ ਲਹਿਰ, ਸਾਕਾ ਨੀਲਾ ਤਾਰਾ ਅਤੇ ਇੰਦਰਾ ਗਾਂਧੀ ਦੇ ਕਤਲ ਉਪਰੰਤ ਹਿੰਦੂਆਂ ਨੇ ਸਿੱਖਾਂ ਪ੍ਰਤੀ ਆਪਣੀ ਨਫ਼ਰਤ ਪ੍ਰਗਟਾਉਣ ਵਿਚ ਕੋਈ ਸੰਕੋਚ ਨਹੀਂ ਦਿਖਾਇਆ। ਸਾਕਾ ਨੀਲਾ ਤਾਰਾ ਉਪਰੰਤ ਇਕ ਦਹਾਕੇ ਤੱਕ ਜਿਸ ਤਰ੍ਹਾਂ ਪੰਜਾਬ ਵਿਚ ਲੱਖਾਂ ਬੇਕਸੂਰ ਸਿੱਖ ਨੌਜੁਆਨਾਂ ਦਾ ਪੁਲਿਸ ਐਨਕਾਊਂਟਰਾਂ ਦੇ ਨਾਂ ’ਤੇ ਸ਼ਿਕਾਰ ਖੇਡਿਆ ਗਿਆ, ਉਸਨੇ ਸਾਰੀ ਮਨੁੱਖਤਾ ਦਾ ਸਿਰ ਸ਼ਰਮ ਨਾਲ ਨੀਵਾਂ ਕਰ ਦਿੱਤਾ।

ਪਰ ਬ੍ਰਾਹਮਣਵਾਦੀਆਂ ਦੀਆਂ ਫਿਰਕੂ ਨਫ਼ਰਤ ਨਾਲ ਲਬਰੇਜ਼ ਕਾਰਵਾਈਆਂ ਅੱਜ ਵੀ ਜਾਰੀ ਹਨ। ਇਸ ਗੱਲ ਦਾ ਪ੍ਰਮਾਣ ਪਿਛਲੇ ਦਿਨੀਂ ਉਦੋਂ ਮਿਲਿਆ ਜਦ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿਚ ਇਕ ਬੇਕਸੂਰ ਸਿੱਖ ਟਰੱਕ ਡ੍ਰਾਈਵਰ ’ਤੇ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦਾ ਮੁਕੱਦਮਾ ਦਰਜ ਕਰ ਦਿੱਤਾ ਗਿਆ। ਗੱਲ ਸਿਰਫ਼ ਏਨੀ ਸੀ ਕਿ ਜਦ 9 ਅਗਸਤ ਨੂੰ ਮਮਤਾ ਬੈਨਰਜੀ ਇਕ ਰੈਲੀ ਨੂੰ ਸੰਬੋਧਨ ਕਰਕੇ ਆਪਣੇ ਕਾਰਾਂ ਦੇ ਕਾਫ਼ਿਲੇ ਵਿਚ ਵਾਪਸ ਆ ਰਹੀ ਸੀ, ਤਾਂ ਇਕ ਟਰੱਕ ਦੀਆਂ ਬ੍ਰੇਕਾਂ ਫੇਲ੍ਹ ਹੋ ਜਾਣ ਕਾਰਨ ਉਸਦਾ ਡ੍ਰਾਈਵਰ ਟਰੱਕ ’ਤੇ ਨਿਯੰਤਰਨ ਨਾ ਰੱਖ ਸਕਿਆ ਅਤੇ ਮਮਤਾ ਬੈਨਰਜੀ ਦੇ ਕਾਫ਼ਲੇ ਦੀਆਂ ਗੱਡੀਆਂ ਵਿਚੋਂ ਇਕ ਕਾਰ ਦੇ ਅਗਲੇ ਹਿੱਸੇ ਨਾਲ ਨੂੰ ਟੱਕਰ ਨੁਕਸਾਨ ਪੁਜਾ ਬੈਠਾ। ਕੋਲਕਾਤਾ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਫਿਰ ਡ੍ਰਾਈਵਰ ’ਤੇ ਤੇਜ਼ ਅਤੇ ਲਾਪਰਵਾਹ ਡ੍ਰਾਈਵਿੰਗ ਕਰਨ ਦਾ ਮਾਮਲਾ ਦਰਜ ਕਰਕੇ ਜ਼ਮਾਨਤ ’ਤੇ ਛੱਡ ਦਿੱਤਾ।

ਇਥੋਂ ਤੱਕ ਤਾਂ ਗੱਲ ਕੁਝ ਜਾਇਜ਼ ਸੀ। ਪਰ ਛੇਤੀ ਹੀ ਬਾਅਦ ਵਿਚ ਪੁਲਿਸ ਨੇ ਟਰੱਕ ਕੇ ਡ੍ਰਾਈਵਰ ਗੁਰਜੰਟ ਸਿੰਘ ਨੂੰ ਮੁੜ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਉਸ ’ਤੇ ਮਮਤਾ ਬੈਨਰਜੀ ਨੂੰ ਕਤਲ ਕਰਨ ਦੀ ਸਾਜਿਸ਼ ਕਰਨ ਦਾ ਮੁਕੱਦਮਾ ਦਰਜ ਕਰਕੇ 12 ਦਿਨਾਂ ਦੇ ਪੁਲਿਸ ਰਿਮਾਂਡ ਵਿਚ ਭੇਜ ਦਿੱਤਾ !! ਖੁਸ਼ਕਿਸਮਤੀ ਨਾਲ ਇਸ ਮਾਮਲੇ ਦੀ ਭਿਣਕ ਕੇਂਦਰੀ ਖੇਡ ਮੰਤਰੀ ਮਨੋਹਰ ਸਿੰਘ ਗਿੱਲ ਨੂੰ ਲੱਗ ਗਈ ਅਤੇ ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਤੇ ਬੰਗਾਲ ਦੇ ਹੋਰਨਾਂ ਸਿਆਸਤਦਾਨਾਂ ਨਾਲ ਗੱਲਬਾਤ ਕਰਕੇ ਗੁਰਜੰਟ ਸਿੰਘ ’ਤੇ ਪਾਏ ਗਏ ਇਸ ਨਾਜਾਇਜ਼ ਮੁਕੱਦਮੇ ਨੂੰ ਰੱਦ ਕਰਵਾਉਣ ਲਈ ਕਦਮ ਪੁੱਟਣ ਵਾਸਤੇ ਕਿਹਾ। ਇਹ ਲਿਖਤ ਪ੍ਰੈਸ ’ਚ ਜਾਣ ਵੇਲੇ ਤੱਕ ਗੁਰਜੰਟ ਸਿੰਘ ’ਤੇ ਪਾਇਆ ਗਿਆ ਕਤਲ ਦਾ ਮਾਮਲਾ ਰੱਦ ਤਾਂ ਨਹੀਂ ਹੋ ਸਕਿਆ ਸੀ ਪਰ ਇਸ ਗੱਲ ਨਾਲ ਹੀ ਕਾਫੀ ਰਾਹਤ ਮਿਲਦੀ ਹੈ ਕਿ ਕਿਸੇ ਸਿੱਖ ਸੰਸਦ ਮੈਂਬਰ ਨੇ, ਮੁਸੀਬਤ ਵਿਚ ਘਿਰੇ ਕਿਸੇ ਹੋਰ ਸਿੱਖ ਦੀ ਮਦਦ ਲਈ ਕੋਈ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਦਿਲਚਸਪ ਤੱਥ ਇਹ ਹੈ ਕਿ ਸ੍ਰ: ਮਨੋਹਰ ਸਿੰਘ ਗਿੱਲ ਨੇ ਇਕ ਕਾਂਗਰਸੀ ਆਗੂ ਹੋਣ ਦੇ ਬਾਵਜੂਦ ਅਜਿਹਾ ਕਦਮ ਚੁੱਕਿਆ ਜਦਕਿ ਖ਼ੁਦ ਨੂੰ ਪੰਥਕ ਅਖਵਾਉਣ ਵਾਲੇ ਬਾਦਲਕਿਆਂ ਨੇ ਨਾ ਤਾਂ ਇਸ ਮਾਮਲੇ ਵਿਚ ਅਤੇ ਨਾ ਹੀ ਪਹਿਲਾਂ ਕਦੇ, ਸਿੱਖਾਂ ਦਾ ਕੁਝ ਸਵਾਰਿਆ ਹੈ। ਕੀ ਬਾਦਲ ਪਾਰਟੀ ਸ੍ਰ: ਮਨੋਹਰ ਸਿੰਘ ਗਿੱਲ ਤੋਂ ਹੀ ਕੋਈ ਪ੍ਰੇਰਣਾ ਲੈ ਸਕੇਗੀ?

ਕਾਮਨਵੈਲਥ ਖੇਡਾਂ ਵਿਚ ਭ੍ਰਿਸ਼ਟਾਚਾਰ

ਖੇਡਾਂ ਤੋਂ ਐਨ ਪਹਿਲਾਂ ਖ਼ਸਤਾ ਹਾਲਤ ਵਿਚ ਪਿਆ ਦਿੱਲੀ ਦਾ ਇਕ ਸਟੇਡੀਅਮ

ਦਿੱਲੀ ਵਿਚ ਅਕਤੂਬਰ 2010 ਵਿਚ ਹੋਣ ਵਾਲੀਆਂ ਕਾਮਨਵੈਲਥ ਖੇਡਾਂ ਦੇ ਆਯੋਜਨ ਵਿਚ ਵੱਡੀ ਪੱਧਰ ’ਤੇ ਫੈਲਾਇਆ ਜਾ ਰਿਹਾ ਭ੍ਰਿਸ਼ਟਾਚਾਰ ਹੁਣ ਆਮ ਲੋਕਾਂ ਦੀ ਵੀ ਸਮਝ ਵਿਚ ਆ ਗਿਆ ਹੈ। ਨਿੱਤ ਦਿਨ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਫਲਾਣੇ ਸਟੇਡੀਅਮ ਦੀ ਉਸਾਰੀ/ਮੁਰੰਮਤ ਦਾ ਬਹੁਤ ਸਾਰਾ ਕੰਮ ਹਾਲਾਂ ਬਾਕੀ ਹੈ, ਫਲਾਣੇ ਸਟੇਡੀਅਮ ਦੀ ਛੱਤ ਬਾਰਿਸ਼ ਨਾਲ ਚੋਣ ਲੱਗ ਪਈ, ਫਲਾਣੇ ਸਟੇਡੀਅਮ ਵਿਚ ਮਲਬਾ ਭਰਿਆ ਪਿਆ ਹੈ, ਖਿਡਾਰੀਆਂ ਦੀ ਡਾਕਟਰੀ ਸਹੂਲੀਅਤ ਵਾਲੇ ਕੈਂਪ ਵਿਚ ਫਲਾਣੀ ਕਮੀ ਹੈ, ਫਲਾਣੇ ਆਯੋਜਨ ਵਿਚ ਫਲਾਣੀ ਕਮੀ ਹੈ, ਫਲਾਣੇ ਦੇਸ਼ ਵਿਚ ਖੇਡਾਂ ਦੇ ਆਯੋਜਨ ਤੋਂ ਪਹਿਲਾਂ ਅਮੁਕਾ ਪ੍ਰਬੰਧ ਕੀਤਾ ਗਿਆ ਸੀ ਜੋ ਭਾਰਤ ਵਿਚ ਖੇਡਾਂ ਦੇ ਆਯੋਜਨ ਦੌਰਾਨ ਨਹੀਂ ਕੀਤਾ ਜਾ ਰਿਹਾ ਆਦਿਕ। ਅਜਿਹੀਆਂ ਖ਼ਬਰਾਂ ਕਰਕੇ ਹਰ ਆਮ ਅਤੇ ਖ਼ਾਸ ਵਿਅਕਤੀ ਇਹ ਗੱਲ ਮੰਨਣ ’ਤੇ ਮਜਬੂਰ ਹੈ ਕਿ ਖੇਡਾਂ ਦੇ ਆਯੋਜਨ ਦੇ ਬਹਾਨੇ ਬਹੁਤ ਵੱਡੀ ਪੱਧਰ ’ਤੇ ਜਨਤਾ ਦਾ (ਟੈਕਸ ਦੇ ਰੂਪ ਵਿਚ ਵਸੂਲਿਆ ਗਿਆ) ਪੈਸਾ ਸਿਆਸੀ ਆਗੂ ਅਤੇ ਅਫ਼ਸਰਸ਼ਾਹੀ ਹੜੱਪ ਕਰ ਗਈ ਹੈ। ਯੂ.ਪੀ.ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਵੀ ਇਹ ਗੱਲ ਮੰਨਣ ’ਤੇ ਮਜਬੂਰ ਹੋ ਗਈ ਹੈ, ਹਾਲਾਂਕਿ ਉਸਦਾ ਕਹਿਣਾ ਹੈ ਕਿ ਪਹਿਲਾਂ ਖੇਡਾਂ ਹੋ ਲੈਣ ਦਿਓ (ਕਿਉਂਕਿ ਇਹ ਕਥਿਤ ਤੌਰ ’ਤੇ ਦੇਸ਼ ਦੀ ਇੱਜ਼ਤ ਦਾ ਸਵਾਲ ਹਨ) ਅਤੇ ਬਾਅਦ ਵਿਚ ਸਾਰੇ ਮਾਮਲੇ ਦੀ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾ ਦਿੱਤੀਆਂ ਜਾਣਗੀਆਂ।

ਇਸ ਸਾਰੇ ਵਰਤਾਰੇ ਤੋਂ ਸਪਸ਼ਟ ਹੈ ਕਿ ਭਾਰਤ ਦੀ ਇੱਜ਼ਤ ਵਧਾਉਣ ਦੇ ਨਾਮ ’ਤੇ ਆਯੋਜਿਤ ਕੀਤੀਆਂ ਜਾ ਰਹੀਆਂ ਇਨ੍ਹਾਂ ਖੇਡਾਂ ਦਾ ਮੁੱਖ ਮਕਸਦ ਭ੍ਰਿਸ਼ਟਾਚਾਰ ਰਾਹੀਂ ਵੱਧ ਤੋਂ ਵੱਧ ਪੈਸਾ ਕਮਾਉਣਾ ਹੈ, ਭਾਵੇਂ ਇਸ ਨਾਲ ਦੇਸ਼ ਦੀ ਕੌਮਾਂਤਰੀ ਪੱਧਰ ’ਤੇ ਜਿੰਨੀ ਮਰਜ਼ੀ ਬੇਇਜ਼ਤੀ ਹੁੰਦੀ ਰਹੇ। ਗੌਰਤਲਬ ਹੈ ਕਿ ਬ੍ਰਾਹਮਣਵਾਦੀ ਵੈਸੇ ਤਾਂ ‘ਦੇਸ਼, ਦੇਸ਼’ ਦਾ ਰੌਲਾ ਪਾ ਕੇ ਘੱਟ-ਗਿਣਤੀ ਕੌਮਾਂ ਦੀ ਨਿਵੇਕਲੀ ਹੋਂਦ ਦੇ ਸੰਕਲਪ ਨੂੰ ਰੱਦ ਕਰਦੇ ਰਹਿੰਦੇ ਹਨ ਅਤੇ ਅੱਤਵਾਦ ਦੇ ਬਹਾਨੇ ਘੱਟ-ਗਿਣਤੀ ਕੌਮਾਂ ਦੇ ਨੌਜੁਆਨਾਂ ਨੂੰ ਝੂਠੇ ਐਨਕਾਊਂਟਰਾਂ ਵਿਚ ਜਾਨੋਂ ਮਾਰਨ ਜਾਂ ਝੂਠੇ ਮੁਕੱਦਮਿਆਂ ਵਿਚ ਫਸਾ ਦੇਣ ਦੀ ਨੀਤੀ ਅਪਣਾਉਂਦੇ ਹਨ ਪਰ ਜਦ ਖ਼ੁਦ ਦੇਸ਼ ਲਈ ਕੁਝ ਕਰਨ ਦਾ ਵੇਲਾ ਹੁੰਦਾ ਹੈ ਤਾਂ ਨਿਜੀ ਲਾਭ ਕਮਾਉਣ ਵਾਸਤੇ ਭ੍ਰਿਸ਼ਟਾਚਾਰ ਦੇ ਸਾਰੇ ਹੱਦ-ਬੰਨ੍ਹੇ ਪਾਰ ਕਰਦਿਆਂ ਫੌਜੀ ਜਵਾਨਾਂ ਦੇ ਕਫ਼ਨਾਂ ਤੱਕ ’ਚੋਂ ਕਮਿਸ਼ਨ ਖਾ ਜਾਂਦੇ ਹਨ। ਹੁਣ ਵੀ ਕਾਮਨਵੈਨਥ ਖੇਡਾਂ ਦੇ ਆਯੋਂਜਨ ਵਿਚ ਪਾਇਆ ਜਾ ਰਹੇ ਪ੍ਰਤੱਖ ਭ੍ਰਿਸ਼ਟਾਚਾਰ ਨੂੰ ਕੁਝ ਗਿਣਤੀ ਦੇ ਵਿਅਕਤੀਆਂ ਦੇ ਸਿਰ ’ਤੇ ਥੋਪ ਕੇ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਕੀ ਇਹ ਸੱਚ ਨਹੀਂ ਕਿ ਅਜਿਹੇ ਭ੍ਰਿਸ਼ਟਾਚਾਰ ਦੀ ਅਸਲੀ ਵਜ੍ਹਾ ਦੇਸ਼ ਨਾਲ ਹਰ ਸਮੇਂ ਗੱਦਾਰੀ ਕਰਨ ਨੂੰ ਤਿਆਰ ਰਹਿੰਦੀ ਬ੍ਰਾਹਮਣਵਾਦੀ ਮਾਨਸਿਕਤਾ ਹੈ?

ਟੈਲੀਫ਼ਿਲਮ ‘ਪਖੰਡੀ ਗੁਰੂ’ ਵੀ ਬਾਦਲਕਿਆਂ ਨੂੰ ਚੁੱਭਣ ਲੱਗੀ

ਟੈਲੀਫ਼ਿਲਮ ‘ਪਖੰਡੀ ਗੁਰੂ’

ਡੇਰੇਦਾਰਾਂ ਵੱਲੋਂ ਫੈਲਾਏ ਜਾ ਰਹੇ ਪਖੰਡਵਾਦ ਵਿਰੁੱਧ ਬਣੀ ਵੀਡੀਓ ਸੀ.ਡੀ. ‘ਪਖੰਡੀ ਗੁਰੂ’ ਦੇ ਸਬੰਧ ਵਿਚ ਪੰਜਾਬ ਪੁਲਿਸ ਨੇ ਸਿਰਸਾ ਦੇ ਸੌਦਾ ਸਾਧ ਦੇ ਚੇਲਿਆਂ ਦੀ ਸ਼ਿਕਾਇਤ ਦੇ ਅਧਾਰ ’ਤੇ ਫਿਲਮ ਦੇ ਨਿਰਮਾਣ ਨਾਲ ਜੁੜੇ ਬਾਬਾ ਬਲਜੀਤ ਸਿੰਘ ਦਾਦੂਵਾਲ, ਢਾਡੀ ਗੁਰਸੇਵਕ ਸਿੰਘ ਯੋਗੀ ਅਤੇ ਹੋਰਨਾਂ ਦਰਜਨਾਂ ਸਿੱਖਾਂ ’ਤੇ ਧਾਰਾ 295-ਏ (ਧਾਰਮਕ ਭਾਵਨਾਵਾਂ ਨੂੰ ਭੜਕਾਉਣ) ਦਾ ਮੁਕੱਦਮਾ ਦਰਜ ਕਰ ਲਿਆ ਹੈ। ਇਸ ਮੁਕੱਦਮੇ ਦੇ ਸਬੰਧ ਵਿਚ ਢਾਡੀ ਗੁਰਸੇਵਕ ਸਿੰਘ ਨੂੰ ਪੁਲਿਸ ਵਲੋਂ ਹਿਰਾਸਤ ਵਿਚ ਵੀ ਲੈ ਲਿਆ ਗਿਆ ਸੀ ਅਤੇ ਉਸਦੇ ਘਰੋਂ ਸੀ.ਡੀਆਂ ਵੀ ਜਬਤ ਕਰ ਲਈਆਂ ਸਨ।

ਗੌਰਤਲਬ ਹੈ ਕਿ ਫਿਲਮ ਵਿਚ ਸੌਦਾ ਸਾਧ ਦਾ ਨਾਮ ਨਹੀਂ ਲਿਆ ਗਿਆ ਬਲਕਿ ਇਸਦੀ ਕਹਾਣੀ ਦੇ ਪਾਤਰਾਂ ਨੂੰ ‘ਕਾਲਪਨਿਕ’ ਦੱਸਿਆ ਗਿਆ ਹੈ। ਫਿਰ ਵੀ ਪੁਲਿਸ ਵੱਲੋਂ ਇਸ ਫ਼ਿਲਮ ਨੂੰ ਸੌਦਾ ਸਾਧ ਬਾਰੇ ਬਣਾਈ ਗਈ ਫ਼ਿਲਮ ਦੱਸ ਕੇ ਸਿੱਖਾਂ ਖਿਲਾਫ਼ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰੀਆਂ ਕਰਨ ਦਾ ਅਰਥ ਹੈ ਕਿ ਇਹ ਸਭ ਉੱਪਰੋਂ ਪੈ ਰਹੇ ਸਿਆਸੀ ਦਬਾਅ ਕਾਰਨ ਹੋ ਰਿਹਾ ਹੈ।

ਇਹ ਵੀ ਗੌਰਤਲਬ ਹੈ ਕਿ ਉਕਤ ਵੀਡੀਓ ਵਿਚ ਤਾਂ ਸੌਦਾ ਸਾਧ ਦੀਆਂ ਕਰਤੂਤਾਂ ਬਾਰੇ ਅਸਿੱਧੇ ਢੰਗ ਨਾਲ ਜਾਣਕਾਰੀ ਦਿੱਤੀ ਗਈ ਹੈ ਜਦਕਿ ਸੀ.ਬੀ.ਆਈ. ਨੇ ਤਾਂ ਆਪਣੀ ਚਾਰਜਸ਼ੀਟ ਵਿਚ ਬਲਾਤਕਾਰ ਅਤੇ ਕਈ ਕਤਲਾਂ ਲਈ ਸੌਦਾ ਸਾਧ ਦਾ ਨਾਮ ਲੈ ਕੇ ਉਸ ਮੁੱਖ ਦੋਸ਼ੀ ਦੱਸਿਆ ਹੈ। ਸਪਸ਼ਟ ਹੈ ਕਿ ਬਾਦਲ ਦੇ ਰਾਜ ਵਿਚ ਪੰਜਾਬ ’ਚ ਸੌਦਾ ਸਾਧ, ਨੂਰਮਹਿਲੀਆਂ, ਭਨਿਆਰਾ ਵਾਲਾ ਜੋ ਮਰਜੀ ਕਰੀ ਤੇ ਕਹੀ ਜਾਣ ਕੋਈ ਰੋਕ ਟੋਕ ਨਹੀਂ ਪਰ ਸਿੱਖਾਂ ਨੂੰ ਪਾਖੰਡਵਾਦ ਦੇ ਵਿਰੁੱਧ ਬੋਲਣ ਦੀ ਆਜ਼ਾਦੀ ਵੀ ਨਹੀਂ ਹੈ। ਇਹ ਵੀ ਸਪਸ਼ਟ ਹੈ ਕਿ ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ ਸੌਧਾ ਸਾਧ ਦੇ ਚੇਲਿਆਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਬਾਦਲ ਸਰਕਾਰ ਵੱਲੋਂ ਪਾਖੰਡਵਾਦ ਦੇ ਵਿਰੁੱਧ ਬੋਲਣ ਵਾਲਿਆਂ ਦੀ ਅਵਾਜ਼, ਜੋ ਉਨ੍ਹਾਂ ਦਾ ਕਾਨੂੰਨੀ ਤੇ ਸੰਵਿਧਾਨਕ ਹੱਕ ਹੈ, ਨੂੰ ਵੀ ਬੰਦ ਕਰਨ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।

ਦਿਲਚਸਪ ਤੱਥ ਹੈ ਕਿ ਸੌਦਾ ਸਾਧ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਨ ਕਰਨ ਉਪਰੰਤ ਭਾਵੇਂ ਬਾਦਲ ਸਰਕਾਰ ਨੇ ਸਿੱਖਾਂ ਦੇ ਕਾਰਨ ਉਸ ’ਤੇ ਆਈ.ਪੀ.ਸੀ. ਦੀ ਧਾਰਾ 295 ਤਹਿਤ ਧਾਰਮਕ ਭਾਵਨਾਵਾਂ ਨੂੰ ਭੜਕਾਉਣ ਦਾ ਮੁਕੱਦਮਾ ਦਰਜ ਕਰਵਾ ਦਿੱਤਾ ਸੀ ਪਰ ਨਾਲ ਦੇ ਨਾਲ ਉਸਨੂੰ ਜੈਡ ਪਲੱਸ ਸੁਰੱਖਿਆ ਵੀ ਦੇ ਦਿੱਤੀ ਸੀ। ਅਜਿਹੇ ਵਿਚ ਸਵਾਲ ਪੈਦਾ ਹੁੰਦਾ ਹੈ ਕਿ ਕੀ ਜਿਨ੍ਹਾਂ ਸਿੱਖਾਂ ’ਤੇ ਹੁਣ ਧਾਰਾ 295 ਵਾਲਾ ਮੁਕੱਦਮਾ ਦਰਜ ਕੀਤਾ ਗਿਆ ਹੈ, ਕੀ ਬਾਦਲ ਸਰਕਾਰ ਉਨ੍ਹਾਂ ਨੂੰ ਜ਼ੈੱਡ ਪਲਸ ਸੁਰੱਖਿਆ ਮੁਹੱਈਆ ਕਰਵਾਏਗੀ?

ਫੋਕੇ ਸਿੱਖ ਆਗੂਆਂ ਦੀ ‘ਸੇਲ’ ਜਾਰੀ

ਜਸਬੀਰ ਸਿੰਘ ਰੋਡੇ

ਪੰਜਾਬ ਵਿਚ ਅਜਿਹੇ ਕਈ ‘ਅਕਾਲੀ ਦਲ’ ਹਨ, ਜਿਨ੍ਹਾਂ ਦੀ ਸਥਾਪਨਾ ਮੁੱਖ ਤੌਰ ’ਤੇ ਸਭ ਤੋਂ ਵੱਡੇ ਅਕਾਲੀ ਦਲ (ਬਾਦਲ ਦਲ) ਤੋਂ ਅਲੱਗ ਹੋਏ ਆਗੂਆਂ ਨੇ ਕੀਤੀ ਹੁੰਦੀ ਹੈ। ਕੁਝ ਹੋਰ ਵਿਅਕਤੀ, ਜਿਨ੍ਹਾਂ ਨੂੰ ਸਿੱਖ ਸਮਾਜ ਵਿਚ ਵਾਪਰੀਆਂ ਕੁਝ ਖ਼ਾਸ ਘਟਨਾਵਾਂ ਕਰਕੇ ਵੀ ਥੋੜੀ ਜਿਹੀ ਸ਼ੋਹਰਤ ਅਤੇ ਸਿੱਖਾਂ ਦੀ ਕੁਝ ਹਮਦਰਦੀ ਮਿਲ ਜਾਂਦੀ ਹੈ, ਵੀ ਆਪੋ-ਆਪਣੇ ਅਕਾਲੀ ਦਲ ਬਣਾ ਕੇ ਤੁਰੇ-ਫਿਰਦੇ ਹਨ। ਇਨ੍ਹਾਂ ਸਾਰੇ ਅਖੌਤੀ ਅਕਾਲੀ ਦਲਾਂ ਦਾ ਮੁੱਖ ਇਲਜ਼ਾਮ ਇਹੀ ਹੁੰਦਾ ਹੈ ਕਿ ਸਿੱਖ ਕੌਮ ਦੀ ਮਾੜੀ ਦਸ਼ਾ ਅਤੇ ਪੰਜਾਬ ਦੇ ਆਰਥਕ, ਸਮਾਜਕ ਤੇ ਸਿਆਸੀ ਪਤਨ ਲਈ ਬਾਦਲ ਪਰਵਾਰ ਹੀ ਜ਼ਿੰਮੇਵਾਰ ਹੈ। ਇਸ ਕਥਨ ਵਿਚ ਬਹੁਤ ਹੱਦ ਤੱਕ ਸੱਚਾਈ ਵੀ ਹੈ।

ਪਰ ਵੇਖਣ ਵਿਚ ਇਹ ਆਉਂਦਾ ਹੈ ਕਿ ਪੰਜਾਬ ਵਿਚ ਹੋਣ ਵਾਲੀਆਂ ਸਿਆਸੀ ਜਾਂ ਧਾਰਮਕ (ਸ਼੍ਰੋਮਣੀ ਕਮੇਟੀ ਦੀਆਂ) ਚੋਣਾਂ ਦੌਰਾਨ ਜੇਕਰ ਕਿਸੇ ਖਿੱਤੇ ਵਿਚ ਬਾਦਲ ਨੂੰ ਜਿੱਤ ਪ੍ਰਾਪਤ ਕਰਨ ਲਈ ਅਜਿਹੇ ਕਿਸੇ ਅਕਾਲੀ ਦਲ ਦੇ ਆਗੂ ਦੀ ਮਦਦ ਦੀ ਲੋੜ ਪਏ, ਤਾਂ ਉਹ ਅਜਿਹੇ ਅਖੌਤੀ ਆਗੂਆਂ ਸਾਹਮਣੇ, ਜਨਤਾ ਤੋਂ ਗੁਪਤ ਰੂਪ ਵਿਚ, ਪਤਾ ਨਹੀਂ ਕਿਹੜੀ ਬੁਰਕੀ ਸੁੱਟਦਾ ਹੈ ਕਿ ਅਜਿਹੇ ‘ਆਗੂ’ ਆਪਣੀ ਪੂੰਛ ਹਿਲਾਉਂਦੇ ਹੋਏ ਬਾਦਲ ਦੇ ਖੇਮੇ ਵਿਚ ਸ਼ਾਮਲ ਹੋ ਜਾਂਦੇ ਹਨ ਅਤੇ ਆਪਣੇ ਹੀ ਬਾਦਲ-ਵਿਰੋਧੀ ਬਿਆਨਾਂ ਤੋਂ ਮੁਨਕਰ ਹੋ ਜਾਂਦੇ ਹਨ। ਪਿਛਲੇ ਸਮੇਂ ਵਿਚ ਅਜਿਹੀ ਨੀਤੀ ਟੌਹੜਾ ਗੁਟ ਦੇ ਖ਼ਾਸ ਕਹੇ ਜਾਂਦੇ ਆਗੂਆਂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਕਰਨੈਲ ਸਿੰਘ ਪੰਜੋਲੀ ਵੱਲੋਂ ਵੀ ਅਪਣਾਈ ਜਾ ਚੁੱਕੀ ਹੈ। ਮੌਜੂਦਾ ਸਮੇਂ ਵਿਚ ਖਾੜਕੂ ਧਿਰ ਦੇ ਆਗੂ ਕਿਹਾ ਜਾਂਦਾ ਰਿਹਾ ਜਸਬੀਰ ਸਿੰਘ ਰੋਡੇ, ਜੋ ਅਕਾਲ ਤਖ਼ਤ ਸਾਹਿਬ ਦਾ ਸਾਬਕਾ ਮੁੱਖ ਸੇਵਾਦਾਰ ਰਹਿਣ ਦੇ ਇਲਾਵਾ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਭਤੀਜਾ ਵੀ ਦੱਸਿਆ ਜਾਂਦਾ ਹੈ, ਆਪਣਾ ਪਾਲਾ ਬਦਲ ਕੇ ਬਾਦਲ ਪਾਰਟੀ ਵਿਚ ਸ਼ਾਮਲ ਹੋ ਗਿਆ ਹੈ।

ਹੋਰਨਾਂ ਵਿਕਾਊ-ਮਾਲ ਬਣ ਕੇ ਬਾਦਲ ਦੇ ਤਲਵੇ ਚੱਟਣ ਵਾਲੇ ਆਗੂਆਂ ਵਾਂਗ ਬਾਦਲ ਪਾਰਟੀ ਵਿਚ ਸ਼ਾਮਲ ਹੋਣ ਦੇ ਆਪਣੇ ਨਿਰਣੇ ਬਾਰੇ ਜਸਬੀਰ ਸਿੰਘ ਰੋਡੇ ਨੇ ਸਫ਼ਾਈ ਦਿੱਤੀ ਹੈ ਕਿ ਉਸਨੇ ਅਜਿਹਾ ਵਡੇਰੇ ਪੰਥਕ ਹਿੱਤਾਂ ਅਤੇ ਕਾਂਗਰਸ ਪਾਰਟੀ ਨੂੰ ਮਾਤ ਦੇਣ ਵਾਸਤੇ ਕੀਤਾ ਹੈ। ਇਹ ਨੁਕਤੇ ਬੜੇ ਹੀ ਹਾਸੋਹੀਣੇ ਹਨ ਕਿਉਂਕਿ ਜੇਕਰ ਬਾਦਲ ਸਾਹਮਣੇ ਪੂਛ ਹਿਲਾਉਣਾ ਹੀ ਪੰਥਕ ਹਿੱਤ ਹੈ, ਤਾਂ ਜਸਬੀਰ ਸਿੰਘ ਰੋਡੇ ਵਰਗੇ ਆਗੂਆਂ ਨੂੰ ਆਪਣੇ ਅਲੱਗ ਧੜੇ ਖੜੇ ਕਰਨ ਅਤੇ ਸਾਲਾਂਬੱਧੀ ਬਾਦਲ ਦੀ ਬਦਖੋਈ ਕਰਨ ਦੀ ਕੀ ਲੋੜ ਸੀ - ਉਹ ਹੁਣ ਵਾਲੀ ਕਾਰਵਾਈ ਪਹਿਲਾਂ ਹੀ ਕਰਕੇ ਬਾਦਲ ਨੂੰ ਮੱਥਾ ਟੇਕ ਦਿੰਦੇ। ਇਸੇ ਤਰ੍ਹਾਂ ਇਹ ਨੁਕਤਾ ਵੀ ਅਧਾਰਹੀਨ ਹੈ ਕਿ ਕਾਂਗਰਸ ਨੂੰ ਹਰਾਉਣ ਨਾਲ ਹੀ ਸਿੱਖਾਂ ਦੀਆਂ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਪੰਜਾਬ ਅਤੇ ਕੇਂਦਰ ਵਿਚ ਕਾਂਗਰਸ ਪਾਰਟੀ ਕਈ ਵਾਰ ਚੋਣਾਂ ਹਾਰਦੀ ਹੈ ਅਤੇ ਉਸ ਸਮੇਂ ਸਰਕਾਰ ਬਾਦਲ ਦਲ ਤੇ ਉਸਦੀ ਸਹਿਯੋਗੀ ਬੀਜੇਪੀ ਦੀ ਹੀ ਬਣਦੀ ਹੈ। ਪਰ ਇਨ੍ਹਾਂ ਪਾਰਟੀਆਂ ਵੱਲੋਂ ਆਪਣੀਆਂ ਸਰਕਾਰਾਂ ਦੌਰਾਨ ਸਿੱਖਾਂ ਦੀ ਭਲਾਈ ਲਈ ਕੀਤਾ ਇਕ ਵੀ ਸਾਰਥਕ ਕਦਮ ਚੁੱਕਿਆ ਗਿਆ ਹੋਵੇ, ਤਾਂ ਜਸਬੀਰ ਸਿੰਘ ਰੋਡੇ ਦੇ ਬਹਾਨੇ ਨੂੰ ਚਰਚਾ ਯੋਗ ਸਮਝਿਆ ਜਾ ਸਕਦਾ ਹੈ। ਕੀ ਰੋਡੇ ਅਜਿਹੀ ਕੋਈ ਮਿਸਾਲ ਪੇਸ਼ ਕਰ ਸਕਦੇ ਹਨ?