

’ਤੇ ਹੁਣ ਬ੍ਰਾਹਮਣਵਾਦੀਆਂ ਦੀ ਨਜ਼ਰ ਕਸ਼ਮੀਰ ਦੇ ਸਿੱਖਾਂ ’ਤੇ
- ਸਰਬਜੀਤ ਸਿੰਘ -
ਪਿਛਲੇ ਦਿਨੀਂ ਭਾਰਤੀ ਮੀਡੀਆ ਨੇ ਇਹ ‘ਖ਼ਬਰ’ ਬੜੀ ਪੁਮੱਖਤਾ ਨਾਲ ਪ੍ਰਕਾਸ਼ਿਤ ਅਤੇ ਪ੍ਰਸਾਰਿਤ ਕੀਤੀ ਕਿ ਕਸ਼ਮੀਰ ਵਿਚ ਅੱਤਵਾਦੀਆਂ ਨੇ ਸਿੱਖਾਂ ਨੂੰ ਮੁਸਲਮਾਨ ਬਣ ਜਾਣ ਜਾਂ ਘਾਟੀ ਛੱਡ ਕੇ ਚਲੇ ਜਾਣ ਦਾ ਫੁਰਮਾਨ ਸੁਣਾ ਦਿੱਤਾ ਹੈ। ਇਨ੍ਹਾਂ ਫੁਰਮਾਨਾਂ ਦਾ ਸ੍ਰੋਤ ਕਸ਼ਮੀਰ ਦੇ ਕੁਝ ਗੁਰਦੁਆਰਿਆਂ ਦੇ ਬਹਾਰ ਲਗਾਏ ਗਏ ਪੱਤਰਾਂ ਨੂੰ ਦੱਸਿਆ ਗਿਆ। ਇਸ ਪ੍ਰਕਰਨ ਵਿਚ ਦਿਲਚਸਪ ਤੱਥ ਇਹ ਰਿਹਾ ਕਿ ਜਿਹੜਾ ਮੀਡੀਆ ਸਿੱਖਾਂ ਦੀ ਕਿਸੇ ਵੀ ਧਾਰਮਕ ਜਾਂ ਸਮਾਜਕ ਮੰਗ ਨੂੰ ਫਿਰਕੂ ਰੰਗਤ ਦੇ ਕੇ ਭੰਡਣਾ ਸ਼ੁਰੂ ਕਰ ਦਿੰਦਾ ਹੈ, ਉਸੇ ਮੀਡੀਆ ਨੇ ਤੁਰੰਤ ਆਪਣਾ ਰੰਗ ਬਦਲਿਆਂ ਸਿੱਖਾਂ ਨਾਲ ਹੋ ਸਕਦੀ ਇਸ ਸੰਭਾਵਿਤ ਬੇਇਨਸਾਫ਼ੀ ਖਿਲਾਫ਼ ਲੰਮੀਆਂ-ਚੌੜੀਆਂ ਰਿਪੋਰਟਾਂ ਪੇਸ਼ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਅੱਜ ਤੱਕ ਸਿੱਖਾਂ ਦੀ ਭਲਾਈ ਲਈ ਡੱਕਾ ਵੀ ਭੰਨ ਕੇ ਦੂਹਰਾ ਨਾ ਕਰਨ ਵਾਲੇ ਅਤੇ ਸੰਸਦ ਵਿਚ ਹਮੇਸ਼ਾ ਗੂੰਗੇ ਦਰਸ਼ਕ ਬਣੇ ਰਹਿਣ ਵਾਲੇ ਬਾਦਲ ਦਲ ਦੇ ਸਾਂਸਦਾਂ ਨੇ ਵੀ ਇਸ ਮਸਲੇ ’ਤੇ ਹੈਰਾਨੀਜਨਕ ਫੁਰਤੀ ਦਿਖਾਈ ਅਤੇ ਆਪਣੀ ਭਾਈਵਾਲ ਸਿਆਸੀ ਪਾਰਟੀ ਬੀਜੇਪੀ ਦੇ ਮੈਂਬਰਾਂ ਦੀ ਸਹਾਇਤਾ ਨਾਲ ਇਸ ਮੁੱਦੇ ਨੂੰ ਸੰਸਦ ਵਿਚ ਏਨੇ ਜੋਰਾਂ-ਸ਼ੋਰਾਂ ਨਾਲ ਚੁੱਕਿਆ, ਜਿਵੇਂ ਕਸ਼ਮੀਰ ਦੇ ਸਿੱਖਾਂ ਨੂੰ ਘਾਟੀ ਛੱਡ ਦੇਣ ਦਾ ਆਦੇਸ਼ ਕੇਂਦਰ ਸਰਕਾਰ ਨੇ ਹੀ ਦਿੱਤਾ ਹੋਵੇ। ਬਾਦਲ ਦਲ ਦੇ ਕੁਝ ਆਗੂਆਂ ਨੇ ਕਸ਼ਮੀਰ ਵਿਚ ਜਾ ਕੇ ਉਥੋਂ ਦੇ ਕਥਿਤ ‘ਵੱਖਵਾਦੀ’ ਲੀਡਰ ਸਈਅਦ ਅਲੀ ਸ਼ਾਹ ਗਿਲਾਨੀ ਨਾਲ ਵੀ ਮੁਲਾਕਾਤ ਕੀਤੀ ਅਤੇ ਕਸ਼ਮੀਰੀ ਸਿੱਖਾਂ ਦੀ ਸੁਰੱਖਿਆ ਪ੍ਰਤੀ ਆਪਣੀ ਕਥਿਤ ਚਿੰਤਾ ਦਾ ਪ੍ਰਗਟਾਵਾ ਕੀਤਾ। ਦਿੱਲੀ ਦੇ ਇਕ ਛੁਟਭਈਏ ਅਕਾਲੀ ਆਗੂ ਨੇ ਤੁਰੰਤ ਆਪਣੇ ਗੁਟ ਦੇ ਕੁਝ ਦਰਜਨ ਲੋਕਾਂ ਨਾਲ ਜੰਤਰ-ਮੰਤਰ ’ਤੇ ਵਿਰੋਧ ਪ੍ਰਦਰਸ਼ਨ ਕਰਕੇ ਅਖ਼ਬਾਰਾਂ ਵਿਚ ਤਸਵੀਰਾਂ ਵੀ ਛਪਵਾ ਲਈਆਂ। ਇਸ ਅਖੌਤੀ ਆਗੂ ਨੇ ਕਸ਼ਮੀਰੀ ਖਾੜਕੂਆਂ ਨੂੰ ਆਪਣੀ ਧਮਕੀ ਵਾਪਸ ਨਾ ਲੈਣ ਦੀ ਸੂਰਤ ਵਿਚ ਆਪਣੀ ‘ਪਾਰਟੀ’ ਵੱਲੋਂ ਸਖ਼ਤ ਪ੍ਰਤੀਕਰਮ ਦਿਖਾਉਣ ਦੀ ਧਮਕੀ ਅਤੇ ਕਸ਼ਮੀਰੀ ਸਿੱਖਾਂ ਨੂੰ ਫਿਕਰ ਨਾ ਕਰਨ ਦੀ ਸਲਾਹ ਵੀ ਦੇ ਦਿੱਤੀ। ਕੁਝ ਹੋਰ ਸਿੱਖਾਂ ਦੇ ਹਮਦਰਦਾਂ ਨੇ, ਜਿਹੜੇ ਮੁੱਖ ਕਰਕੇ ਬਾਦਲ ਦਲ ਜਾਂ ਬੀਜੇਪੀ ਨਾਲ ਸਬੰਧਿਤ ਸਨ, ਇਸ ਮਸਲੇ ’ਤੇ ਪੋਸਟਰਬਾਜ਼ੀ ਕਰਕੇ ਵੀ ਆਪਣੀਆਂ ‘ਗਰਮ’ ਭਾਵਨਾਵਾਂ ਪ੍ਰਗਟਾ ਦਿੱਤੀਆਂ।
ਖੈਰ, ਸਿੱਖਾਂ ਨਾਲ ਵਾਪਰਨ ਵਾਲੀਆਂ ਅਜਿਹੀਆਂ ਘਟਨਾਵਾਂ ਦੌਰਾਨ ਅਜਿਹੇ ਲੋਕ ਹਮੇਸ਼ਾ ਹੀ ਸਰਗਰਮ ਹੋ ਜਾਂਦੇ ਹਨ, ਜਿਹੜੇ ਸਿੱਖਾਂ ਦਾ ਤਾਂ ਕੁਝ ਸਵਾਰ ਨਹੀਂ ਸਕਦੇ (ਅਤੇ ਨਾ ਹੀ ਸਵਾਰਨ ਦੀ ਕੋਈ ਚਾਹਤ ਉਨ੍ਹਾਂ ਦੇ ਮਨ ਵਿਚ ਹੁੰਦੀ ਹੈ) ਪਰ ਆਪਣੀ ਗੈਰ-ਜ਼ਿੰਮੇਦਾਰਾਨਾ ਬਿਆਨਬਾਜ਼ੀ ਕਰਕੇ ਸਿੱਖਾਂ ਤੇ ਟਕਰਾਅ ਵਾਲੀ ਦੂਜੀ ਧਿਰ ਵਿਚਕਾਰ ਹੋਰ ਵਧੇਰੇ ਨਫ਼ਰਤ ਪੈਦਾ ਕਰ ਦਿੰਦੇ ਹਨ। ਇਸ ਤਰ੍ਹਾਂ ਕਰਕੇ ਉਹ ਸਿੱਖ-ਵਿਰੋਧੀ ਮੀਡੀਆ ਦੀ ਬਦੌਲਤ ਸਸਤੀ ਸ਼ੋਹਰਤ ਤਾਂ ਖੱਟ ਲੈਂਦੇ ਹਨ ਪਰ ਮਸਲੇ ਨੂੰ ਪਹਿਲਾਂ ਨਾਲੋਂ ਵੀ ਵੱਧ ਉਲਝਾ ਕੇ ਸਿੱਖਾਂ ਦੇ ਭਵਿੱਖ ਪ੍ਰਤੀ ਹੋਰ ਵਧੇਰੇ ਖਤਰੇ ਪੈਦਾ ਕਰ ਦਿੰਦੇ ਹਨ।
ਪਰ
ਮੌਜੂਦਾ ਘਟਨਾਕ੍ਰਮ ਦੌਰਾਨ ਪਹਿਲੀ ਵਾਰ ਇਕ ਸੁਖਾਵਾਂ ਤੇ ਹਾਂ-ਪੱਖੀ ਵਰਤਾਰਾ ਉਸ ਵੇਲੇ ਵੇਖਣ ਨੂੰ
ਮਿਲਿਆ, ਜਦ ਕਸ਼ਮੀਰ ਦੇ ਸਿੱਖਾਂ ਦੀ ਸੰਸਥਾ ‘ਯੂਨਾਈਟਡ ਸਿੱਖ ਫ੍ਰੰਟ’ ਦੇ ਚੇਅਰਮੈਨ ਇੰਦੂਮੀਤ ਸਿੰਘ
ਨੇ ਸਪਸ਼ਟ ਲਫ਼ਜ਼ਾਂ ਵਿਚ ਕਿਹਾ ਕਿ ‘‘ਇਸ ਤਰ੍ਹਾਂ ਦੇ (ਧਮਕੀਆਂ ਵਾਲੇ) ਪੱਤਰ ਭੇਜਣ ਦੀ ਖਾੜਕੂਆਂ ਨੂੰ
ਲੋੜ ਕੀ ਸੀ? ਜੇਕਰ ਕਿਸੇ ਖਾੜਕੂ ਸੰਗਠਨ ਨੇ ਅਜਿਹਾ ਕੀਤਾ ਹੁੰਦਾ, ਤਾਂ ਉਹ ਪੱਤਰ ਆਪਣੇ ਲੈਟਰ-ਪੈਡ
’ਤੇ ਲਿਖਦੇ। ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਕਾਰਾ ਜਾਂ ਤਾਂ ਸਰਕਾਰ ਨੇ ਕਰਵਾਇਆ ਹੈ ਜਾਂ ਫਿਰ
ਸਰਕਾਰ ਦੇ ਹੀ ਬਣਾਏ ਹੋਏ ਕਿਸੇ ਸੰਗਠਨ ਦਾ। ਸਾਨੂੰ ਕਸ਼ਮੀਰ ਵਿਚ (ਜਾਨ-ਮਾਲ ਦੀ) ਕੋਈ ਸਮੱਸਿਆ ਨਹੀਂ
ਹੈ। ਅਸੀਂ ਪਿਛਲੇ 20 ਸਾਲਾਂ ਤੋਂ ਚਲ ਰਹੇ ਅਤਿ ਤੀਖਣ ਖਾੜਕੂਵਾਦ ਦੌਰਾਨ ਵੀ ਕਸ਼ਮੀਰ ਵਿਚ ਰਹਿ ਰਹੇ
ਹਾਂ ਅਤੇ ਸਾਨੂੰ ਕਦੇ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਿਆ।’’
ਹੋਰਨਾਂ ਸਥਾਨਕ ਸਿੱਖਾਂ ਦਾ ਵੀ ਇਹੀ ਕਹਿਣਾ ਹੈ ਕਿ ਉਨ੍ਹਾਂ ਨੂੰ ਮੁਸਲਮਾਨਾਂ ਤੋਂ ਕੋਈ ਸਮੱਸਿਆ ਨਹੀਂ ਹੈ ਬਲਕਿ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਸਮੇਂ ਮੁਸਲਮਾਨ ਹੀ ਉਨ੍ਹਾਂ ਦੀ ਮਦਦ ਵਾਸਤੇ ਅੱਗੇ ਆਉਂਦੇ ਹਨ। ਕਸ਼ਮੀਰੀ ਸਿੱਖਾਂ ਦੇ ਇਸ ਕਥਨ ਦੀ ਤਸਦੀਕ ਇਸ ਤੱਥ ਤੋਂ ਵੀ ਹੁੰਦੀ ਹੈ ਕਿ ਕਥਿਤ ਧਮਕੀਆਂ ਵਾਲੇ ਪੱਤਰਾਂ ਦੀ ਖ਼ਬਰ ਸਾਹਮਣੇ ਆਉਂਦਿਆਂ ਹੀ ਕਸ਼ਮੀਰ ਦੇ ਮੁੱਖ ਮੰਤਰੀ ਓਮਰ ਅਬਦੁੱਲਾ, ਕਸ਼ਮੀਰ ਅਜ਼ਾਦੀ ਅੰਦੋਲਨ ਦੇ ਆਗੂ ਸਈਅਦ ਅਲੀ ਗਿਲਾਨੀ ਅਤੇ ਹੋਰਨਾਂ ਮੁਸਲਿਮ ਆਗੂਆਂ ਨੇ ਇਸ ਕਾਰੇ ਦੀ ਸਖ਼ਤ ਨਿੰਦਾ ਕਰਦਿਆਂ ਸਿੱਖਾਂ ਦੀ ਪਹਿਲਾਂ ਵਾਂਗ ਸੁਰੱਖਿਆ ਦਾ ਭਰੋਸਾ ਦਿੱਤਾ ਹੈ।
ਇਥੋਂ ਸਵਾਲ ਉਠਦਾ ਹੈ ਕਿ ਜੇਕਰ ਧਮਕੀਆਂ ਵਾਲੇ ਪੱਤਰਾਂ ਦਾ ਇਹ ਕਾਰਾ ਕਸ਼ਮੀਰੀ ਖਾੜਕੂਆਂ ਦਾ ਕੀਤਾ ਹੋਇਆ ਨਹੀਂ ਤਾਂ ਫਿਰ ਇਹ ਕਿਸਦੀ ਕਰਤੂਤ ਹੈ। ਜਿਵੇਂ ਕਿ ਕਸ਼ਮੀਰੀ ਆਗੂ ਇੰਦੂਮੀਤ ਸਿੰਘ ਦਾ ਵੀ ਕਹਿਣਾ ਹੈ, ਇਹ ਕਾਰਾ ਖੁਫੀਆ ਏਜੰਸੀਆਂ (ਸਰਕਾਰ) ਦਾ ਹੀ ਕੀਤਾ ਹੋਇਆ ਹੋ ਸਕਦਾ ਹੈ। ਇਸਦਾ ਮੰਤਵ ਸਮਝਣਾ ਵੀ ਕੋਈ ਔਖਾ ਨਹੀਂ - ਪਿਛਲੇ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਕਸ਼ਮੀਰ ਵਿਚ ਵੱਡੀ ਪੱਧਰ ’ਤੇ ਰੋਹ ਪ੍ਰਦਰਸ਼ਨ ਹੋ ਰਹੇ ਹਨ। ਸੁਰੱਖਿਆ ਬਲਾਂ ਦੀ ਸਖ਼ਤੀ, ਲਾਠੀ ਚਾਰਜ, ਕਰਫਿਊ ਆਦਿਕ ਸਾਧਨਾਂ ਦੀ ਵਰਤੋਂ ਦੇ ਬਾਵਜੂਦ ਇਨ੍ਹਾਂ ਪ੍ਰਦਰਸ਼ਨਾਂ ਅਤੇ ਪ੍ਰਦਰਸ਼ਨਕਾਰੀਆਂ ਵੱਲੋਂ ਸੁਰੱਖਿਆ ਬਲਾਂ ’ਤੇ ਕੀਤੇ ਜਾਂਦੇ ਪਥਰਾਅ ਵਿਚ ਕੋਈ ਕਮੀ ਨਹੀਂ ਆ ਪਾ ਰਹੀ। ਇਸਲਈ ਕੌਮਾਂਤਰੀ ਪੱਧਰ ’ਤੇ ਭਾਰਤ ਦੀ ਹੋ ਰਹੀ ਕਿਰਕਿਰੀ ਤੋਂ ਧਿਆਨ ਵਟਾਉਣ ਲਈ ਉਕਤ ਸ਼ੋਸ਼ਾ ਇਕ ਚੰਗਾ ਹਥਕੰਡਾ ਸਾਬਿਤ ਹੋ ਸਕਦਾ ਸੀ। ਇਸਦੇ ਇਲਾਵਾ, ਜੇਕਰ ਕਸ਼ਮੀਰੀ ਸਿੱਖ ਇਸ ਝਾਂਸੇ ਵਿਚ ਆ ਜਾਂਦੇ ਤਾਂ ਉਨ੍ਹਾਂ ਅਤੇ ਸਥਾਨਕ ਮੁਸਲਮਾਨਾਂ ਵਿਚ ਬੇਲੋੜੀ ਕੁੜੱਤਨ ਪੈਦਾ ਹੋ ਜਾਣੀ ਸੀ, ਜਿਸ ਨਾਲ ਵਧੇਰੇ ਨੁਕਸਾਨ ਸਿੱਖਾਂ ਦਾ ਹੀ ਹੋਣਾ ਸੀ।
ਚੰਗਾ ਹੋਵੇ ਜੇਕਰ ਸਾਰੇ ਭਾਰਤ ਦੇ ਸਿੱਖ ਕਸ਼ਮੀਰੀ ਸਿੱਖਾਂ ਵਾਂਗ ਬ੍ਰਾਹਮਣਵਾਦੀਆਂ ਦੀਆਂ ਕਰਤੂਤਾਂ ਸਮਝਣ ਦੇ ਸਮਰੱਥ ਹੋ ਸਕਣ ਅਤੇ ਉਨ੍ਹਾਂ ਦੀਆਂ ਸਾਜਿਸ਼ਾਂ ਨੂੰ ਸਫ਼ਲ ਹੋਣ ਤੋਂ ਪਹਿਲਾਂ ਹੀ ਬੇਅਸਰ ਕਰ ਸਕਣ।