Subscription About Us Contact Us


ਗੁਰਦੁਆਰਿਆਂ ਦੀਆਂ ਗੋਲਕਾਂ, ਤਾਲੇ ਅਤੇ ਚੋਰ

- ਅਵਤਾਰ ਸਿੰਘ ਮਿਸ਼ਨਰੀ -

ਕਰੀਬ 16-17 ਸਾਲ ਪਹਿਲੇ ਜਦ ਦਾਸ ਪਹਿਲੀ ਵਾਰ ਵਿਦੇਸ਼ੀ ਯਾਤਰਾ ਤੇ ਹਾਂਗਕਾਂਗ ਗਿਆ ਓਦੋਂ ਹਾਂਗਕਾਂਗ ਬ੍ਰਿਟਸ਼ ਗੌਰਮਿੰਟ ਦੇ ਅੰਡਰ ਸੀ। ਬੜਾ ਹੀ ਖੂਬ ਸੂਰਤ ਟਾਪੂ ਹੈ। ਇਸ ਦੇ ਦੋ ਹਿੱਸੇ ਹਨ ਹਾਂਗਕਾਂਗ ਤੇ ਕੋਵਲੂਨ। ਇਹ ਬੰਦਰਗਾਹੀ ਟਾਪੂ ਹੈ। ਇੱਥੇ ਪਹਿਲੇ ਦੋ ਗੁਰਦੁਆਰੇ ਸਨ ਇੱਕ ਖਾਲਸਾ ਦੀਵਾਨ ਅਤੇ ਦੂਜਾ ਸਿੰਧੀ ਭਰਾਵਾਂ ਦਾ। ਹੁਣ ਓਥੇ ‘ਡੇੜ੍ਹ’ ਗੁਰਦੁਆਰਾ ਹੈ। ਡੇੜ੍ਹ ਇਸ ਕਰਕੇ ਕਿ ਜਦ ਤੱਤੇ ਨਾਹਰੇ ਲਾਉਣ ਵਾਲੇ ਪੰਜਾਬੋਂ ਓਥੇ ਪਹੁੰਚੇ ਤਾਂ ਉਹ ਮੋਨਿਆਂ, ਤੇ ਖਾਸ ਕਰ ਗੈਰ-ਸਿੱਖਾਂ ਵੱਲ ਵਿਅੰਗ ਕੱਸ ਕੇ ਨਾਅਰੇਬਾਜੀ ਕਰਦੇ ਸਨ। ਇਸ ਕਰਕੇ ਸਿੰਧੀਆਂ ਨੇ ਗੁਰਦੁਆਰੇ ਨੂੰ ਅੱਧਾ ਮੰਦਰ ਬਣਾ ਦਿੱਤਾ। ਭਾਵ ਅੱਧੇ ਹਿਸੇ ਵਿੱਚ ਦੇਵੀਆਂ ਦੀਆਂ ਮੂਰਤਾਂ ਰੱਖ ਦਿੱਤੀਆਂ। ਸਿੰਧੀ ਲੋਕ ਜਿੱਥੇ ਵੀ ਹਨ ਗੁਰਦੂਆਰੇ ਜਾਂਦੇ ਹਨ ਅਤੇ ਕਈਆਂ ਨੇ ਤਾਂ ਆਪਣੇ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕੀਤਾ ਹੋਇਆ ਹੈ। ਆਪ ਪਰਵਾਰ ਸਮੇਤ ਗੁਰਬਾਣੀ ਦਾ ਪਾਠ ਕਰਦੇ ਹਨ ਪਰ ਅਸੀਂ ਤਾਂ ਸਭ ਕੁਝ ਠੇਕੇ ਤੇ ਹੀ ਕਰਵਾਉਣ ਲੱਗ ਪਏ ਹਾਂ। ਅੱਜ ਗੁਰਦੁਆਰਿਆਂ ਵਿੱਚ ਆਮ ਤੌਰ ’ਤੇ ਪਾਠ, ਕੀਰਤਨ ਅਤੇ ਅਰਦਾਸਾਂ ਪੈਸੇ ਦੇ ਕੇ - ਠੇਕੇ ਤੇ ਹੀ ਧਰਮ ਕਮਾਇਆ ਜਾ ਰਿਹਾ ਹੈ। ਭੁੱਖ ਆਪ ਨੂੰ ਲੱਗੀ ਹੈ ਪਰ ਭੋਜਨ ਭਾਈਆਂ ਨੂੰ ਖਵਾਇਆ ਜਾ ਰਿਹਾ ਹੈ। ਜਿਵੇਂ ਪੰਡਤ ਧਰਮ ਦੇ ਨਾਂ ’ਤੇ ਹਿੰਦੂਆਂ ਨੂੰ ਲੁਟਦਾ ਸੀ, ਓਵੇਂ ਹੀ ਸੰਤ ਬਾਬੇ ਤੇ ਭਾਈ ਸਿੱਖਾਂ ਨੂੰ ਲੁੱਟ ਰਹੇ ਹਨ।

ਗੱਲ ਆਪਾਂ ਗੋਲਕਾਂ, ਤਾਲੇ ਅਤੇ ਚੋਰਾਂ ਦੀ ਕਰ ਰਹੇ ਸੀ ਜਦ ਦਾ ਸੰਸਾਰ ਹੋਂਦ ਵਿੱਚ ਆਇਆ ਹੈ ਨੇਕੀ ਤੇ ਬਦੀ, ਪੁੰਨ ਤੇ ਪਾਪ, ਗੁਣ ਤੇ ਔਗੁਣ, ਕਿਰਤ ਕਮਾਈ ਅਤੇ ਚੋਰੀ ਵੀ ਨਾਲ ਹੀ ਚੱਲੇ ਆ ਰਹੇ ਹਨ। ਵਿਹਲੜ ਅਤੇ ਇਨਸਾਨੀਅਤ ਤੋ ਗਿਰੇ ਹੋਏ ਲੋਕ ਹੀ ਅਜਿਹਾ ਕਰਦੇ ਹਨ। ਇਸੇ ਸਮੇਂ ਦੌਰਾਨ ਕੁਝ ਜਪਾਨੀ ਲੋਕ ਯਾਤਰਾ ਕਰਦੇ ਹੋਏ ਹਾਂਗਕਾਂਗ ਦੇ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਵੀ ਪਹੁੰਚੇ। ਚਾਹ ਪਾਣੀ ਪੀ ਕੇ ਜਦ ਗੁਰਦੁਆਰਾ ਸਾਹਿਬ ਵਿਖੇ ਐਂਟਰ ਹੋਏ, ਜਦ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਮੂਹਰੇ ਲੋਕਾਂ ਨੂੰ ਨਤ ਮਸਤਕ ਹੁੰਦੇ ਦੇਖਿਆ ਤਾਂ ਉਨ੍ਹਾਂ ਵੀ ਐਸਾ ਕਰਦੇ ਹੋਏ ਗਾਡ ਅੱਗੇ ਪ੍ਰੇਅਰ ਕੀਤੀ। ਪਰ ਜਦ ਉਨ੍ਹਾਂ ਦਾ ਧਿਆਨ ਵੱਡੀ ਸਾਰੀ ਗੋਲਕ ਨੂੰ ਲੱਗੇ ਵੱਡੇ ਸਾਰੇ ਤਾਲੇ ਵੱਲ ਗਿਆ ਤਾਂ ਬੜੇ ਨਿਝੱਕ ਹੋ ਕੇ ਕਹਿਣ ਲੱਗੇ ਇਹ ਤਾਂ ਬਾਬੇ ਨਾਨਕ ਦਾ ਦਰਬਾਰ ਹੈ, ਕੀ ਇੱਥੇ ਚੋਰ ਵੀ ਰਹਿੰਦੇ ਹਨ? ਅਸਾਂ ਤਾਂ ਸੁਣਿਆ ਹੈ ਕਿ ਬਾਬੇ ਨਾਨਕ ਦਾ ਦਰ ਤਾਂ ਬੜਾ ਉ¤ਚਾ-ਸੁੱਚਾ ਤੇ ਸਭ ਲਈ ਖੁੱਲ੍ਹਾ ਹੈ। ਉਨ੍ਹਾਂ ਦੀਆਂ ਸੱਚੀਆਂ ਅਤੇ ਨਿਰਛਲ ਗੱਲਾਂ ਸੁਣਕੇ ਸਾਡਾ ਦਿਲ ਸ਼ਰਮ ਮਹਿਸੂਸ ਕਰਕੇ ਸੋਚ ਰਿਹਾ ਸੀ ਕਿ ਕੀ ਸਾਡੇ ਗੁਰੂ ਸਾਹਿਬਾਨ ਵੀ ਗੋਲਕਾਂ ਰੱਖਦੇ ਸਨ? ਕੀ ਗੁਰੂ ਵੀ ਗੋਲਕਾਂ ਨੂੰ ਤਾਲੇ ਮਾਰਦੇ ਸਨ? ਕਦਾਚਿੱਤ ਵੀ ਨਹੀਂ, ਐਸਾ ਸੋਚਣਾ ਵੀ ਗੁਨਾਹ ਹੈ। ਗੁਰੂ ਸਾਹਿਬ ਤਾਂ ਫੁਰਮਾਂਦੇ ਹਨ -

ਚੋਰ ਕੀ ਹਾਮਾ ਭਰੇ ਨਾ ਕੋਇ ।।
ਚੋਰ ਕੀਆ ਚੰਗਾ ਕਿਉਂ ਹੋਇ।।

(662)

ਗੁਰੂ ਦੇ ਦਰ ਆ ਕੇ ਤਾਂ ਭੂਮੀਏ ਵਰਗੇ ਚੋਰ, ਸੱਜਣ ਵਰਗੇ ਠੱਗ ਅਤੇ ਬਿਦੀ ਚੰਦ ਵਰਗੇ ਧਾੜਵੀਆਂ ਦਾ ਵੀ ਮਨ ਪਲਟ ਜਾਂਦਾ ਹੈ। ਉਹ ਗੁਰਮੁਖ ਅਤੇ ਪਰਉਕਾਰੀ ਸੱਜਣ ਬਣ ਜਾਂਦੇ ਹਨ। ਇਉਂ ਥੋੜੀ ਦੇਰ ਬਾਅਦ ਉਹ ਪ੍ਰਮਾਰਥੀ ਸੱਜਨ (ਜਪਾਨੀ ਯਾਤਰੂ) ਤਾਂ ਦਰਸ਼ਨ ਮੇਲੇ ਕਰਕੇ ਚਲੇ ਗਏ ਪਰ ਜਿਹੜੀ ਸ਼ਰਦਾ ਲੈ ਕੇ ਆਏ ਸੀ, ਗੋਲਕ ਨੂੰ ਲੱਗੇ ਵੱਡੇ ਸਾਰੇ ਤਾਲੇ ਨੇ ਤੋੜ ਕੇ ਰੱਖ ਦਿੱਤੀ।

ਆਓ ਜਰਾ ਸੋਚੀਏ ਗੁਰੂ ਘਰਾਂ ਵਿੱਚ ਗੋਲਕਾਂ ਕਿਵੇਂ ਆ ਗਈਆਂ ਅਤੇ ਚੋਰ ਕਿਵੇਂ ਪੈਦਾ ਹੋ ਗਏ? ਜਦ ਤੋਂ ਧਰਮ ਅਤੇ ਧਰਮ ਅਸਥਾਨ ਕਰਮਰੀਅਲ ਕਰ ਦਿੱਤੇ ਗਏ ਅਤੇ ਗੋਲਕ ਸਿਸਟਮ ਸ਼ੁਰੂ ਹੋ ਗਿਆ। ਕੈਸ਼ ਪੈਸਾ ਹੋਣ ਕਰਕੇ ਚੋਰ ਵੀ ਪੈਦਾ ਹੋ ਗਏ। ਗੁਰੂ ਨੇ ਤਾਂ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਕਿਹਾ ਸੀ ਨਾਂ ਕਿ ਜੰਦਰੇ-ਤਾਲੇ ਵਾਲੀ ਗੋਲਕ ਨੂੰ। ਗੁਰੂ ਸਾਹਿਬਾਨਾਂ ਵੇਲੇ ਆਈ-ਚਲਾਈ ਚਲਦੀ ਸੀ, ਭਾਵ ਜੋ ਪੈਸਾ ਜਾਂ ਰਸਤਾਂ-ਬਸਤਾਂ ਆਉਂਦੀਆਂ ਸਨ ਉਨ੍ਹਾਂ ਨੂੰ ਨਾਲੋ-ਨਾਲ ਵਰਤ-ਵਰਤਾ ਦਿੱਤਾ ਜਾਂਦਾ ਸੀ। ਗੁਰੂ ਜੀ ਤਿਜੋਰੀਆਂ ਨਹੀਂ ਸਨ ਭਰਦੇ। ਗੁਰੂ ਨੇ ਤਾਂ ਮਸੰਦ ਸਿਸਟਮ ਖਤਮ ਕਰਕੇ ਦਸਵੰਧ ਸਿਸਟਮ ਚਲਾਇਆ ਸੀ। ਗੁਰਸਿੱਖ ਸੰਗਤਾਂ ਧਰਮ ਕਾਰਜਾਂ ਦੀ ਪੂਰਤੀ ਲਈ ਦਸਵੰਧ ਸਿੱਧਾ ਗੁਰੂ ਨੂੰ ਭੇਟ ਕਰਦੀਆਂ ਭਾਵ ਗੁਰੂ ਦੇ ਖਜ਼ਾਨੇ ਵਿੱਚ ਜਮਾ ਕਰਵਾਉਂਦੀਆਂ ਸਨ। ਗੁਰੂ ਸਾਹਿਬ ਉਸ ਪੈਸੇ ਨੂੰ ਧਰਮ ਪ੍ਰਚਾਰ, ਲੋੜਵੰਦਾਂ ਦੀ ਸਹਾਇਤਾ, ਧਰਮਸਾਲ, ਦਵਾਖਾਨੇ, ਪਾਠਸ਼ਾਲਾ-ਸਕੂਲਾਂ, ਬਾਉਲੀਆਂ, ਖੂਹਾਂ ਅਤੇ ਵਿਆਹਾਂ ਸ਼ਾਦੀਆਂ ਆਦਿਕ ਪਰਉਕਾਰੀ ਕੰਮਾਂ ਤੇ ਖਰਚਦੇ ਸਨ। ਗੁਰੂ ਸਾਹਿਬਾਨ ਨੇ ਨਾ ਅੱਜ ਦੀ ਤਰ੍ਹਾਂ ਬਹੁਤ ਸਾਰੇ ਗੁਰਦੁਆਰੇ ਬਣਵਾਏ ਅਤੇ ਨਾ ਹੀ ਇੱਕ ਗੁਰਦੁਆਰੇ ਵਿੱਚ ਥਾਂ ਥਾਂ ਗੋਲਕਾਂ ਰੱਖੀਆਂ। ਸਿੱਖ ਇਤਿਹਾਸ ਦੱਸਦਾ ਹੈ ਕਿ ਗੁਰੂ ਸਾਹਿਬ ਰਾਤ ਨੂੰ ਭਾਂਡੇ ਖਾਲੀ ਕਰ ਮੁੱਧੇ ਮਾਰ ਕੇ ਸੌਂਦੇ ਸਨ। ਭਾਵ ਉਨ੍ਹਾਂ ਨੂੰ ਰੱਬ ਤੇ ਵਿਸ਼ਵਾਸ਼ ਸੀ ਕਿ ਦਾਤਾ ਫਿਰ ਭਰ ਦੇਵੇਗਾ। ਗੁਰੂਆਂ ਦੇ ਅਜਿਹੇ ਪਰਉਕਾਰਾਂ ਨੇ ਸਿੱਖੀ ਦੇ ਪਰਚਮ ਥਾਂ-ਥਾਂ ਝੁਲਾਏ। ਭਾਵ ਦੇਸ਼ਾਂ-ਵਿਦੇਸ਼ਾਂ ਵਿੱਚ ਸਚ ਧਰਮ ਦਾ ਪ੍ਰਚਾਰ ਤੇ ਪਸਾਰ ਕੀਤਾ। ਗੁਰੂ ਜੀ ਵੇਲੇ ਅੱਜ ਵਰਗੀਆਂ ਜੱਫਾਮਾਰ ਕਮੇਟੀਆਂ, ਚੌਧਰੀ ਅਤੇ ਗੋਲਕਾਂ ਨਹੀਂ ਸਨ। ਗੁਰੂ ਅਤੇ ਸੰਗਤਾਂ ਰਲ-ਮਿਲ ਕੇ ਧਰਮ ਪ੍ਰਚਾਰ ਦੀ ਸੇਵਾ ਕਰਦੀਆਂ ਸਨ। ਵਿਦਵਾਨ ਅਤੇ ਪਰਉਪਕਾਰੀ ਸੱਜਨ ਹੀ ਪ੍ਰਬੰਧ ਚਲਾਉਂਦੇ ਸਨ। ਪਾਠ, ਕੀਰਤਨ, ਕਥਾ ਅਤੇ ਅਰਦਾਸਾਂ ਮੁੱਲ ਨਹੀਂ ਸਨ ਵਿਕਦੀਆਂ। ਹਰੇਕ ਮਾਈ ਭਾਈ ਆਪੋ ਆਪਣਾ ਧਰਮ-ਕਰਮ, ਗੁਰਬਾਣੀ ਪਾਠ, ਕੀਰਤਨ ਅਤੇ ਕਥਾ-ਵਿਚਾਰ ਆਪ ਕਰਦਾ ਸੀ। ਸੰਗਤ ਵਿੱਚ ਵੀ ਨਿਸ਼ਕਾਮ ਕਥਾ ਕੀਰਤਨ ਤੇ ਅਰਦਾਸ ਹੁੰਦੀ ਸੀ। ਲੋੜਵੰਦ ਗਰੀਬਾਂ ਨੂੰ ਗੁਰੂ ਜੀ ਪੈਸਾ ਦੇ ਕੇ ਉਨ੍ਹਾਂ ਦੇ ਕਾਰੋਬਾਰ ਚਲਾ ਦਿੰਦੇ ਸਨ। ਗੁਰੂ ਘਰ ਦਾ ਪੈਸਾ ਅੱਜ ਵਾਂਗ ਚੋਣਾਂ, ਸਰੋਪਿਆਂ, ਕਮਰਸ਼ੀਅਲ ਪਾਠਾਂ, ਸੰਗਮਰਮਰੀ ਬਿਲਡਿੰਗਾਂ, ਸੋਨੇ ਦੇ ਗੁੰਬਦਾਂ, ਪਾਠਾਂ ਦੀਆਂ ਲੜੀਆਂ, ਮਹਿੰਗੇ ਮਹਿੰਗੇ ਕੀਰਤਨ ਦਰਬਾਰਾਂ, ਧਰਨੇ-ਜਲੂਸਾਂ, ਧੜੇਬੰਦੀਆਂ ਅਤੇ ਅਖੌਤੀ ਸੰਤ ਬਾਬਿਆਂ ਤੇ ਨਹੀਂ ਸੀ ਖਰਚਿਆ ਜਾਂਦਾ।

ਅੱਜ ਗੁਰਦੂਆਰਿਆਂ ਦਾ ਪੈਸਾ ਧਰਮ ਪ੍ਰਚਾਰ ਅਤੇ ਲੋੜਵੰਦਾਂ ਤੇ ਘੱਟ ਅਤੇ ਪੁਲੀਟੀਕਲੀ ਜ਼ਿਆਦਾ ਵਰਤਿਆ ਜਾਂਦਾ ਹੈ ਇਸ ਕਰਕੇ ਪਰਉਕਾਰ ਵਾਲੀ ਬਿਰਤੀ ਖਤਮ ਹੋ ਕੇ ਪੈਸਾ ਇਕੱਠਾ ਕਰਨ (ਗੋਲਕ ਭਰਨ) ਅਤੇ ਫਿਰ ਉਸ ਨੂੰ ਚੋਰੀ ਤੋਂ ਬਚਾਉਣ ਲਈ ਵੱਡੇ ਵੱਡੇ ਤਾਲੇ ਅਤੇ ਕੈਮਰੇ ਲਗਾਉਣ ਵਾਲੀ ਹੋ ਗਈ ਹੈ ਪਰ ਚੋਰ ਫਿਰ ਵੀ ਚੋਰੀ ਕਰ ਜਾਂਦੇ ਹਨ। ਜਦ ਤਾਲੇ ਖੋਲ੍ਹ ਕੇ ਪੈਸਾ ਗਿਣਿਆਂ ਜਾਂਦਾ ਹੈ ਤਾਂ ਅੱਖ ਬਚਾ ਕੇ ਕੁਝ ਓਦੋਂ ਅਤੇ ਕੁਝ ਇਧਰ-ਓਧਰ ਦੇ ਬਣਾਏ ਬਿੱਲਾਂ ਅਤੇ ਫਰਜੀ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਨਾਂ ਤੇ ਸੰਭਾਲ ਲਿਆ ਜਾਂਦਾ ਹੈ। ਬਾਕੀ ਆਪਸੀ ਪਾਰਟੀਬਾਜੀ ਦੀਆਂ ਲੜਾਈਆਂ ਵਿੱਚ ਕੋਟ ਕਚਹਿਰੀਆਂ ਅਤੇ ਵਕੀਲਾਂ ਦੀਆਂ ਮਹਿੰਗੀਆਂ ਮਹਿੰਗੀਆਂ ਫੀਸਾਂ ਵਿੱਚ ਉਡਾ ਦਿੱਤਾ ਜਾਂਦਾ ਹੈ। ਚੋਰ ਫੜਨ ਵਾਸਤੇ ਕੈਮਰੇ ਲਾਏ ਜਾਂਦੇ ਹਨ ਅਤੇ ਕਈ ਵਾਰ ਉਹ ਵੀ ਲਾਹ ਦਿੱਤੇ ਜਾਂਦੇ ਹਨ। ਚੋਰ ਤੇ ਰਾਖੇ ਆਪਸ ਵਿੱਚ ਮਿਲ ਗਏ ਹਨ ਪੰਜਾਬੀ ਦਾ ਅਖਾਣ ਹੈ ਜਦ ਚੋਰ ਤੇ ਕੁੱਤੀ ਰਲ ਜਾਣ ਫਿਰ ਚੋਰ ਕਿਵੇਂ ਫੜਿਆ ਜਾ ਸਕਦਾ ਹੈ। ਇਸ ਲਈ ਜੋ ਵੀ ਪੈਸਾ ਆਵੇ ਉਸ ਦੀ ਰਸੀਦ ਕੱਟੀ ਜਾਂਣੀ ਚਾਹੀਦੀ ਹੈ। ਲੋੜ ਪੈਣ ਤੇ ਹੀ ਸੰਗਤ ਨੂੰ ਪੈਸੇ ਦੀ ਅਪੀਲ ਕਰਨੀ ਚਾਹੀਦੀ ਹੈ ਛੋਟੀ ਮੋਟੀ ਗੱਲ ਲਈ ਨਹੀਂ ਅਤੇ ਬੇਲੋੜੇ ਖਰਚੇ ਘਟਾ ਕੇ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਵੱਲ ਵੱਧ ਪੈਸਾ ਖਰਚਨਾ ਚਾਹੀਦਾ ਹੈ। ਦੁਨੀਆਂ ਦੀ ਹਰੇਕ ਬੋਲੀ ਵਿੱਚ ਨਹੀਂ ਤਾਂ ਘੱਟ ਤੋਂ ਘੱਟ ਆਪਣੀ ਮਾਂ-ਬੋਲੀ ਪੰਜਾਬੀ ਅਤੇ ਵਰਡ ਭਾਸ਼ਾ ਅੰਗ੍ਰੇਜੀ ਵਿੱਚ ਤਾਂ ਲਿਟ੍ਰੇਚਰ ਜਰੂਰ ਵੰਡਣਾ ਚਾਹੀਦਾ ਹੈ। ਹਰੇਕ ਗੁਰਦੁਆਰੇ ਵਧੀਆ ਲਾਇਬ੍ਰੇਰੀ ਹੋਣੀ ਚਾਹੀਦੀ ਹੈ। ਪੂਜਾ ਪਾਠ ਆਦਿਕ ਬ੍ਰਾਹਮਣੀ ਕਰਮ-ਕਾਂਡ ਬੰਦ ਕਰਕੇ ਗੁਰਦੁਆਰੇ ਗੁਰਬਾਣੀ ਸਮਝਣ ਸਮਝਾਉਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਐਸ ਵੇਲੇ ਗੁਰੂ ਘਰਾਂ ਵਿੱਚ ਲੜਾਈ ਹੀ ਗੋਲਕ, ਚੌਧਰ ਅਤੇ ਪਾਰਟੀਬਾਜ਼ੀ ਦੀ ਰਹਿ ਗਈ ਹੈ। ਧਰਮ ਤਾਂ ਪੰਖ ਲਾ ਕੇ ਉ¤ਡਦਾ ਜਾ ਰਿਹਾ ਹੈ। ਗੋਲਕਾਂ ਅਤੇ ਚੋਰ ਬਿਰਤੀ ਖਤਮ ਹੋਣੀ ਚਾਹੀਦੀ ਹੈ ਨਹੀਂ ਤਾਂ ਜਪਾਨੀਆਂ ਦੇ ਇਹ ਸ਼ਬਦ ਕਿ ਬਾਬੇ ਨਾਨਕ ਦੇ ਦਰ ਤੇ ਵੀ ਚੋਰ ਰਹਿੰਦੇ ਹਨ, ਰੜਕਦੇ ਰਹਿਣਗੇ। ਇਹ ਹੈ ਵਨੰਗੀ ਮਾਤਰ ਗੋਲਕਾਂ, ਤਾਲੇ ਅਤੇ ਚੋਰਾਂ ਦੀ ਸੰਵੇਦਨਸ਼ੀਲ ਗਾਥਾ, ਜੋ ਸਿੱਖੀ ਦਾ ਘਾਣ ਕਰ ਰਹੀ ਹੈ। ਬੋਲੋ ਭਾਈ ਵਾਹਿਗੁਰੂ ! ਰੱਬ ਰਾਖਾ !!