Subscription About Us Contact Us


ਪਖੰਡੀ ਕੀਰਤਨੀਏ ਗੁਰਇਕਬਾਲ ਸਿੰਘ ਦਾ ਨਵਾਂ ਸ਼ੋਸ਼ਾ

- ਖੁਸ਼ਵੰਤ ਸਿੰਘ, ਜਲੰਧਰ -
9888633108, 9256670934

ਕੁਛ ਦਿਨ ਪਹਿਲਾਂ ਮੈਂ ਸਵੇਰ ਵੇਲੇ ਚਾਹ ਪੀਂਦੇ ਪੀਂਦੇ ਟੀ.ਵੀ. ਲਗਾ ਲਇਆ। ਸੋਚਿਆ ਕਿਤੇ ਗੁਰਬਾਣੀ ਲਾ ਕੇ ਕੀਰਤਨ ਸੁਣਦਾ ਹਾਂ। ਅਜੇ ਦੋ ਚੈਨਲ ਹੀ ਬਦਲੇ ਸੀ ਕਿ ਭਾਈ ਗੁਰ ਇਕਬਾਲ ਸਿੰਘ ਦੇ ਕੀਰਤਨ ਦੀ ਵੀਡਿਓ ਚਲਦੀ ਦੇਖ ਕੇ ਮੇਰੀ ਧਰਮ ਪਤਨੀ ਬੋਲੀ, ੱਇਨ੍ਹਾ ਦਾ ਕੀਰਤਨ ਲਗਾ ਰਹਿਣ ਦੇਓ ਬਹੁਤ ਵਧੀਆ ਕੀਰਤਨ ਕਰਦੇ ਨੇ’’। ਮੈਂ ਕੁਛ ਕਿਹਾ ਨਾ ਪਰ ਮਨ ਚ ਸੋਚਿਆ ਚਲੋ ਮੈਨੂੰ ਤੇ ਇਨ੍ਹਾਂ ਦਾ ਕੀਰਤਨ ਸਮਝ ਨਹੀ ਪੈਂਦਾ ਪਰ ਜੇ ਇਨ੍ਹੇ ਸੁਣਨਾ ਹੈ ਤੇ ਲਾ ਦਿੰਦਾ ਹਾਂ ਤੇ ਮੈਂ ਅਪਣਾ ਇਕ ਪਾਸੇ ਕੰਮ ਕਰਣ ਲਗ ਪਿਆ। ਅਖੀਰ ਕੰਨਾ ’ਚ ਤਾਂ ਮੇਰੇ ਕੀਰਤਨ-ਵਖਿਆਨ ਪੈ ਹੀ ਰਿਹਾ ਸੀ, ਸੋ ਮੈਂ ਵੀ ਸੁਣਦਾ ਰਿਹਾ।

ਭਾਈ ਗੁਰਇਕਬਾਲ ਸਿੰਘ ਕੀਰਤਨ ਕਰਦਿਆਂ ਸੰਗਤ ਨੂੰ ਸਮਝਾ ਰਹੇ ਸੀ ਕਿ :-

"ਤੁਸੀਂ ਜਿਨ੍ਹੀਂ ਵਾਰ ਹੋ ਸਕੇ ਗੁਰਦੁਆਰੇ ਜਾਇਆ ਕਰੋ। ਸੰਗਤ ਜੀ ਰੋਜ ਗੁਰੁ ਦੇ ਜਿਨ੍ਹੀਂ ਵਾਰ ਦਰਸ਼ਨ ਹੋ ਸਕੇ ਜਰੂਰ ਕਰਿਆ ਕਰੋ ਤੇ ਗੁਰੁ ਤੁਹਾਡੇ ਅੰਗ ਸੰਗ ਸਦਾ ਸਹਾਈ ਹੋਏਗਾ, ਬੋਲੋ ਸਤਿਨਾਮ !!!’’ ਇਨ੍ਹਾਂ ਸੁਣਦਿਆਂ ਮੇਰੀ ਧਰਮ ਪਤਨੀ ਨੇ ਮੈਨੂੰ ਤਾਅਨਾ ਮਾਰ ਕੇ ਕਿਹਾ "ਦੇਖ ਲੋ ਮੈਂ ਵੀ ਤਾਂ ਤੁਹਾਨੂੰ ਇਹੀ ਕਹਿੰਦੀ ਹਾਂ ਕਿ ਗੁਰਦੁਆਰੇ ਜਾਇਆ ਕਰੋ।" ਮੈਂ ਆਖਿਰ ਚੁੱਪ ਰਿਹਾ ਕਿਓਂਕਿ ਮੈਨੂੰ ਟਾਈਮ ਘੱਟ ਹੋਣ ਕਰਕੇ ਰੋਜ ਗੁਰਦੁਆਰੇ ਨਹੀਂ ਜਾ ਪਾਂਦਾ।

ਮੇਰੀ ਪਤਨੀ ਕਹਿੰਦੀ, ਮੈਨੂੰ ਇਨ੍ਹਾਂ ਦਾ ਕੀਰਤਨ ਬਹੁਤ ਚੰਗਾ ਲਗਦਾ ਹੈ, ਬਿਲਕੁਲ ਸਹੀ ਗਲ ਕਰਦੇ ਹਨ। ਮੈਂ ਅਪਣੀ ਪਤਨੀ ਨੂੰ ਇਕ ਛੋਟੀ ਜਿਹੀ ਉਦਾਹਰਣ ਦਿੰਦਿਆਂ ਇਕ ਗੱਲ ਕਹੀ ਕਿ ਜੇਕਰ ਇਕ ਕੁਸ਼ਲ ਨਿਸ਼ਾਨੇਬਾਜ ਅਪਣੇ ਨਿਸ਼ਾਨੇ ਵੱਲ ਜਿੰਨ੍ਹੇ ਤੀਰ ਚਲਾਏ, ਤੀਰ ਚਲਦਿਆਂ ਵੇਲੇ ਦੇਖਣ ਵਾਲੇ ਲੋਕ ਇਹੀ ਅੰਦਾਜਾ ਰਖਦੇ ਨੇ ਕਿ ਇਹਦਾ ਤੀਰ ਤੇ ਬਿਲਕੁਲ ਨਿਸ਼ਾਨੇ ਤੇ ਹੀ ਲਗਦਾ ਹੈ। ਜੇ ਤੀਰ ਥੋੜਾ ਜਿਹਾ ਵੀ ਨਿਸ਼ਾਨੇ ਤੋਂ ਬਾਹਰ ਲਗਾ ਹੋਵੇ ਤੇ ਓਹਨੂੰ ਗਲਤ ਹੀ ਮਨਿਆ ਜਾਂਦਾ ਹੈ। ਭਾਂਵੇਂ ਓਹ ਕਿਨ੍ਹਾਂ ਵੱਡਾ ਕਲਾ ਨਿਪੁੰਣ ਨਿਸ਼ਾਨੇਬਾਜ ਹੋਵੇ। ਮੈਂ ਓਹਨੂੰ ਕੁਝ ਸਮਝਾਉਣਾ ਚਾਹੁੰਦਾ ਸੀ, ਜੋ ਉਹ ਸਮਝ ਨਾ ਸਕੀ ਤੇ ਫਿਰ ਭਾਈ ਗੁਰਇਕਬਾਲ ਸਿੰਘ ਦਾ ਵਖਿਆਨ ਸੁਣਨ ਲਗ ਪਈ।

ਅਗਲੇ ਹੀ ਪਲ ਭਾਈ ਗੁਰਇਕਬਾਲ ਸਿੰਘ ਨੇ ਕਥਾ ਕਰਦਿਆਂ ਜੋ ਕੁਛ ਕਿਹਾ, ਉਹ ਇਸ ਤਰ੍ਹਾਂ ਸੀ :

"ਸਾਧ ਸੰਗਤ ਜੀ ਇਕ ਬੇਨਤੀ ਜੇ, ਤੁਸੀਂ ਰੋਜ ਘੱਟੋ ਘੱਟ ਇਕ ਵਾਰ ਗੁਰਦੁਆਰੇ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਤੇ ਹਾਜ਼ਰੀ ਜਰੂਰ ਲਵਾਇਆ ਕਰੋ, ਤੁਹਾਨੂੰ ਗੁਰੂ ਨਾਨਕ ਦੇ ਦਰਸ਼ਨ ਹੋ ਜਾਣਗੇ, ਬੋਲੋ ਸਤਿਨਾਮ !!! ਜੇ ਤੁਸੀਂ ਅਪਣੇ ਘਰੇ ਗੁਰੂ ਗ੍ਰੰਥ ਦਾ ਪ੍ਰਕਾਸ਼ ਕੀਤਾ ਹੋਇਆ ਹੈ ਤਾਂ ਜਿਨ੍ਹਾਂ ਹੋ ਸਕੇ ਬਾਣੀ ਪੜ੍ਹਣ ਦਾ ਅਭਿਆਸ ਕਰਿਆ ਕਰੋ। ਜੇ ਤੁਹਾਡੇ ਘਰੇ ਗੁਰੁ ਗ੍ਰੰਥ ਦਾ ਪ੍ਰਕਾਸ਼ ਨਹੀ ਹੈ ਤੇ ਜੇ ਤੁਸੀਂ ਗੁਰਦੁਆਰੇ ਵੀ ਨਾ ਜਾ ਸਕਦੇ ਹੋਵੋ ਜਾਂ ਤੁਹਾਡੇ ਘਰ ਦੇ ਨੇੜੇ ਕੋਈ ਗੁਰੁਦਆਰਾ ਨਹੀਂ ਹੈ ਤਾਂ ਘੱਟੋ ਘੱਟ ਘਰੇ ਹੀ ਸਵੇਰੇ ਨਿਤਨੇਮ ਦੀਆਂ ਪੰਜਾਂ ਬਾਣੀਆਂ ਦਾ ਪਾਠ ਕਰ ਲਿਆ ਕਰੋ ਤੁਹਾਨੂੰ ਸਾਕਸ਼ਾਤ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋ ਜਾਣਗੇ, ਬੋਲੋ ਸਤਿਨਾਮ !!!’’

ਅਗਲੀ ਗੱਲ ਸੰਤ ਗੁਰ ਇਕਬਾਲ ਸਿੰਘ ਨੇ ਅਪਣੇ ਸਬਜੈੱਕਟ ਤੋਂ ਹਟਦਿਆਂ ਇਸ ਤਰ੍ਹਾਂ ਕਹੀ ਜਿਸਦਾ ਸੰਬੰਧ, ਮੇਰਾ ਤੀਰ ਦੇ ਨਿਸ਼ਾਨੇ ’ਤੇ ਨ ਲੱਗਣ ਵਾਲੀ ਗੱਲ ਨਾਲ ਹੈ। ਸੋ ਓਹੀ ਹੋਇਆ ਜਿਸਦਾ ਮੈਨੂੰ ਯਕੀਨ ਸੀ। ਭਾਈ ਗੁਰ ਇਕਬਾਲ ਸਿੰਘ ਨੇ ਅਪਣਾ ਤੀਰ ਅਪਣੇ ਹੀ ਨਿਸ਼ਾਨੇ ਤੇ ਛੱਡ ਦਿੱਤਾ। ਕਹਿੰਦੇ :

‘‘ਸਾਧ ਸੰਗਤ ਜੀ, ਜੇ ਕਿਸੇ ਨੂੰ ਪੰਜਾਬੀ ਦੇ ਦੋ ਤਿਨ ਅੱਖਰ ਵੀ ਨਾ ਆਉਂਦੇ ਹੋਣ ਤੇ ਉਹਨੂੰ ਬਾਣੀ ਵੀ ਨ ਪੜਣੀ ਆਉਂਦੀ ਹੋਵੇ, ਤੇ ਫਿਰ ਕੀ ਕਰਿਆ ਕਰੋ, ਪਤਾ ਕੀ ਕਰਿਆ ਕਰੋ....। ਗੁਰੂ ਗੋਬਿੰਦ ਸਿੰਘ ਜੀ ਆਪ ਹੀ ਦਸ ਰਹੇ ਨੇ :

ਅਸ ਕ੍ਰਿਪਾਨ ਖੰਡੋ ਖੜਗ, ਤੁਪਕ ਤੇਜ ਅਰੁ ਤੀਰ । ਸੈਫ ਸਰੋਹੀ ਸੈਹਥੀ ਯਹੈ ਹਮਾਰੇ ਪੀਰ ।।

ਹਰ ਸਿੱਖ ਦੇ ਘਰ ਕਿਰਪਾਨ ਜਾਂ ਸ਼ਸਤਰ ਤੇ ਹੁੰਦੇ ਹੀ ਨੇ, ਸਾਰੇ ਸਸ਼ਤਰਾਂ ਨੂੰ ਇਕ ਸਾਫ ਥਾਂ ਤੇ ਰਖ ਕੇ ਸਿਰ ਝੁਕਾ ਕੇ ਨਮਸ਼ਕਾਰ ਹੀ ਕਰ ਦੇਆ ਕਰੋ, ਤੁਹਾਨੂੰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਉਹਨਾਂ ਸ਼ਸਤਰਾਂ ਚੋਂ ਹੋ ਜਾਣਗੇ, ਬੋਲੋ ਸਤਿਨਾਮ !!!’’

ਸੋ ਇਹ ਸਨ ਸੰਤ ਭਾਈ ਗੁਰਇਕਬਾਲ ਸਿੰਘ ਜਿਨ੍ਹਾਂ ਦੇ ਤੀਰਾਂ ਦਾ ਮੈਂ ਗਲਤ ਨਿਸ਼ਾਨੇ ਤੇ ਲੱਗਣ ਦੀ ਗਲ ਸਮਝਾਉਣਾ ਚਾਉਂਦਾ ਸੀ। ਜਿਨ੍ਹਾਂ ਨੇ ਦਸਮ ਗ੍ਰੰਥ ਦੇ ਪ੍ਰਚਾਰ ਦਾ ਨਵਾਂ ਫਾਰਮੂਲਾ ਕੱਢ ਲਿਆ ਹੈ। ਇਨ੍ਹਾਂ ਦੀਆਂ ਕੁਝ ਕੁ ਕਾਰਗੁਜ਼ਾਰੀਆਂ ਮੈਂ ਤੁਹਾਂਨੂੰ ਸੰਖੇਪ ਚ ਦਸਦਾ ਹਾਂ,

1) ਇਹ ਓਹੀ ਭਾਈ ਗੁਰਇਕਬਾਲ ਸਿੰਘ ਨੇ ਜਿਨ੍ਹਾਂ ਦੇ ਖ਼ਾਸ ਚੇਲਿਆਂ ਨੇ ਕੀਰਤਨ-ਵਖਿਆਨ ਦੇ ਖੇਤਰ ਵਿਚ ਇਨ੍ਹਾਂ ਨੂੰ ਪ੍ਰਸਿੱਧੀ ਮਿਲਣ ’ਤੇ ਇਨ੍ਹਾਂ ਦੇ ਨਾਂ ਅਗੇ ਸੰਤ ਸ਼ਬਦ ਲਗਾ ਦਿੱਤਾ ਸੀ। ਭਾਵੇਂ ਇਨ੍ਹਾਂ ਨੇ ਸੰਗਤ ਦੇ ਕਹਿਣ ’ਤੇ ਹੀ ਸੰਤ ਸ਼ਬਦ ਹੁਣ ਲਾਉਣਾ ਬੰਦ ਕਰ ਦਿੱਤਾ ਹੈ।

2) ਇਹ ਓਹੀ ਭਾਈ ਗੁਰਇਕਬਾਲ ਸਿੰਘ ਨੇ ਜੋ ਬੀਬੀ ਕੌਲਾਂ ਦੇ ਨਾਂ ਅੱਗੇ ‘ਮਾਤਾ ਕੌਲਾਂ’ ਲਗਾ ਕੇ (ਅਤੇ ਇਸ ਤਰ੍ਹਾਂ ਬੀਬੀ ਕੌਲਾਂ ਜਿਹੀ ਅਣਵਿਆਹੀ ਬੀਬੀ ਦਾ ਸਬੰਧ ਗੁਰੂ ਹਰਗੋਬਿੰਦ ਸਾਹਿਬ ਨਾਲ ਜੋੜਨ ਦੀ ਹਿਮਾਕਤ ਕਰਕੇ) ਇਕ ਟਰੱਸਟ ਚਲਾ ਰਹੇ ਨੇ।

3) ਇਹ ਓਹੀ ਭਾਈ ਗੁਰਇਕਬਾਲ ਸਿੰਘ ਨੇ ਜੋ ਅਕਸਰ ਸੰਗਤ ਨੂੰ ਬਾਣੀ ਦੇ ਪਾਠ ਗਿਨਤੀਆਂ ’ਚ ਕਰਨ ਲਈ ਕਹਿੰਦੇ ਨੇ। ਜੀ ਰੋਜ਼ 2 ਜਾ 4 ਪਾਠ ਜਪੁਜੀ ਸਾਹਿਬ ਦੇ ਕਰਨਾ, ਇਕ ਦਿਨ ’ਚ ਜਿੰਨੇ ਹੋ ਸਕੇ ਸੁਖਮਨੀ ਸਾਹਿਬ ਦੇ ਪਾਠ ਕਰਨਾ ਆਦਿ। ਅੱਜਕਲ ਇਨ੍ਹਾਂ ਨੇ ਇਹੋ ਜਿਹੇ ਕੰਮਾਂ ਦੀ ਕਮਾਨ ਅਪਣੇ ਪੁਤੱਰ ਕਾਕਾ ਅਮਨਦੀਪ ਸਿੰਘ ਨੂੰ ਦਿਤੀ ਹੋਈ ਹੈ ਤੇ ਜਿਨ੍ਹਾਂ ਦੀ ਹੁਣੇ ਜਿਹੇ ਹੇਮਕੁੰਟ ਦੇ ਗੀਤਾਂ ਦੀ ਇਕ ਕੈਸੇਟ ਬਾਜ਼ਾਰ ’ਚ ਰੀਲੀਜ਼ ਹੋਈ ਹੈ।

4) ਇਹ ਓਹੀ ਭਾਈ ਗੁਰਇਕਬਾਲ ਸਿੰਘ ਨੇ ਜੋ ਆਏ ਦਿਨ ਨਵੇਂ ਸ਼ੋਸੇ ਛੱਡਦੇ ਰਹਿੰਦੇ ਨੇ। ਪਿਛਲੇ ਕੁਛ ਸਾਲਾਂ ਤੋਂ ਇਨ੍ਹਾਂ ਨੇ ‘300 ਸਾਲ’ ਦਾ ਇਕ ਨਵਾਂ ਸ਼ੋਸ਼ਾ ਛਡਿਆ ਹੋਇਆ ਹੈ - 300 ਸਾਲ ਏਦੇ ਨਾਲ, 300 ਸਾਲ ਓਹਦੇ ਨਾਲ।

5) ਅੱਜਕਲ ਇਕ ਨਵਾਂ ਸ਼ੋਸ਼ਾ ’’300 ਸਾਲ ਸਿੱਖ ਇਤਹਾਸ’’ ਦੇ ਨਾਲ ਛੱਡਿਆ ਹੈ। ਇਹ ਸਿੱਖ ਸੰਗਤਾਂ ਨੂੰ ਇਨਾਮਾਂ ਦੇ ਚੱਕਰਾਂ ’ਚ ਪਾ ਕੇ ਤੋੜਿਆ-ਮਰੋੜਿਆ ਸਿੱਖ ਇਤਿਹਾਸ ਯਾਦ ਕਰਵਾ ਰਹੇ ਨੇ। ਸਿੱਖ ਇਤਹਾਸ ਨਾਂ ਦੀ ਇਕ ਕਿਤਾਬ ਛਪਵਾ ਕੇ 300 ਸਾਲਾਂ ਦੇ ਸਿੱਖ ਇਤਹਾਸ ਦੀ ਪ੍ਰਸ਼ਨ ਉਤੱਰ ਦੇ ਰੂਪ ’ਚ ਜੋ ਇਤਹਾਸ ਇਨ੍ਹਾਂ ਨੇ ਛਪਵਾਇਆ ਹੈ, ਉਹਦਾ ਇਕ ਛੋਟਾ ਜਿਹਾ ਨਮੂਨਾ ਗਿਆਨੀ ਜਗਤਾਰ ਸਿੰਘ ਜਾਚਕ ਜੀ ਦੇ ਲੇਖ ਤੋਂ ਪੜਿਆ ਜਾ ਸਕਦਾ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਵਿਚ ਜਿਸ ਬ੍ਰਾਹਮਣਵਾਦੀ ਵਿਚਾਰਧਾਰਾ ਦਾ ਪ੍ਰਚਾਰ ਇਨ੍ਹਾਂ ਵੱਲੋਂ ਕੀਤਾ ਜਾਂਦਾ ਹੈ ਉਹ ਸਹਿਜੇ ਹੀ ਇਕ ਸੁਚੇਤ ਸਿੱਖ ਦੇ ਸਮਝ ਆ ਜਾਏਗਾ। ਪਰ ਅੱਖਾਂ ਤੇ ਪੱਟੀ ਬੰਨ੍ਹੀਂ ਬੈਠੇ ਸਿੱਖਾਂ ਦੇ ਜੱਥੇਦਾਰਾਂ ਨੂੰ ਇਨ੍ਹਾਂ ਵਰਗੇ ਕੀਰਤਨੀਆਂ ਵਲੋਂ ਕੀਤਾ ਜਾਂਦਾ ਕੁਪ੍ਰਚਾਰ ਨਹੀਂ ਦਿੱਸਦਾ। ਜਦਕਿ ਪੰਥ ਦੇ ਇਕ ਵਿਦਵਾਨ ਕੀਰਤਨੀਏ ਪ੍ਰੋ. ਦਰਸ਼ਨ ਸਿੰਘ ਨੂੰ ਇਨ੍ਹਾਂ ਜਥੇਦਾਰਾਂ ਨੇ ਅਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਪਹਿਲੇ ਤੋਂ ਹੀ ਰਚਿਆ ਇਕ ਡਰਾਮਾ ਜਿਹਾ ਬਣਾ ਕੇ ਉਨ੍ਹਾਂ ਦੇ ਕੀਰਤਨ ਕਰਨ ’ਤੇ ਪਾਬੰਦੀ ਲਾਉਣ ਲੱਗਿਆਂ ਪਲਾਂ ਦੀ ਵੀ ਦੇਰੀ ਨਾ ਕੀਤੀ। ਸੋ ਜਾਂ ਤਾਂ ਇਹ ਜੱਥੇਦਾਰ ਅਪਣੇ ਅਹੁਦੇ ਬਚਾਣ ਲਈ ਇਨ੍ਹਾਂ ਕੀਰਤਨੀਆਂ ਤੇ ਕੋਈ ਕਾਰਵਾਈ ਨਹੀ ਕਰਦੇ ਤੇ ਜਾਂ ਇਨ੍ਹਾਂ ਦਸਮ ਗ੍ਰੰਥੀ ਜਥੇਦਾਰਾਂ ਨੂੰ ਦਸਮ ਗ੍ਰੰਥੀ ਕੀਰਤਨੀਏ ਹੀ ਅਸਲ ’ਚ ਸਿੱਖ ਪ੍ਰਚਾਰਕ ਨਜ਼ਰ ਆਉਂਦੇ ਨੇ। ਐਸੇ ਪਖੰਡੀ ਕੀਰਤਨੀਆਂ ਤੋਂ ਸਿੱਖ ਸੰਗਤ ਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ।