

ਰੱਬ ਨੂੰ ਲੱਭਣ ਤੋਂ ਪਹਿਲਾਂ ‘ਗੁਰੂ’ ਨੂੰ ਲੱਭਣਾ ਜਰੂਰੀ
- ਸਰਬਜੀਤ ਸਿੰਘ -
ਦੁਨੀਆ ਵਿਚ ਬਹੁਤ ਸਾਰੇ ਲੋਕ ‘ਰੱਬ’ ਜਾਂ ‘ਭਗਵਾਨ’ ਨੂੰ ਪ੍ਰਾਪਤ ਕਰਨ ਜਾਂ ਉਸਦੀ ਹਸਤੀ ਤੇ ਸਰੂਪ ਨੂੰ ਸਮਝਣ ਲਈ ਬਹੁਤ ਸਾਰੇ ਜਤਨ ਕਰਦੇ ਰਹੇ ਹਨ ਅਤੇ ਹੁਣ ਵੀ ਕਰ ਰਹੇ ਹਨ। ਪਰ ਇਹ ਵੀ ਇਕ ਕੌੜੀ ਸੱਚਾਈ ਹੈ ਕਿ ਦੁਨੀਆ ਭਰ ਵਿਚ ਜਿੰਨੀਆ ਠੱਗੀਆਂ ਅਤੇ ਭੋਲੇ-ਭਾਲੇ ਲੋਕਾਂ ਦਾ ਸ਼ੋਸ਼ਣ ਰੱਬ ਦੀ ਪ੍ਰਾਪਤੀ ਕਰਵਾਉਣ ਦੇ ਨਾਂ ’ਤੇ ਕੀਤਾ ਗਿਆ ਹੈ, ਓਨਾ ਸ਼ਾਇਦ ਕਿਸੇ ਹੋਰ ਬਹਾਨੇ ਨਾਲ ਨਹੀਂ।
ਰੱਬ ਨੂੰ ਜਾਣਨ-ਸਮਝਣ ਦੀ ਕੋਸ਼ਿਸ਼ ਕਰਨ ਦੀ ਪ੍ਰਕ੍ਰਿਆ ਇਨਸਾਨ ਦੀ ਹੋਂਦ ਤੋਂ ਹੀ ਸ਼ੁਰੂ ਹੈ। ਅਰੰਭਕ ਦੌਰ ਵਿਚ ਇਨਸਾਨ ਕੁਦਰਤੀ ਨੇਮਾਂ ਦੀ ਅਸਮਝ ਕਾਰਨ ਹਰ ਕੁਦਰਤੀ ਵਰਤਾਰੇ ਨੂੰ ‘ਰੱਬ’ ਜਾਂ ਕਿਸੇ ਦੈਵੀ ਸ਼ਕਤੀ ਦਾ ਪ੍ਰਕੋਪ ਸਮਝ ਕੇ ਡਰਦਾ ਰਿਹਾ। ਆਮ ਇਨਸਾਨਾਂ ਦੇ ਇਸ ਡਰ ਦਾ ਲਾਭ ਪੁਜਾਰੀ ਵਰਗ ਨੇ ਚੁੱਕਿਆ ਅਤੇ ਉਨ੍ਹਾਂ ਦਾ ਆਰਥਕ, ਜਿਸਮਾਨੀ ਤੇ ਸਰੀਰਕ ਸ਼ੋਸ਼ਣ ਸ਼ੁਰੂ ਕਰ ਦਿੱਤਾ। ਇਸ ਕੜੀ ਵਿਚ ਬਾਰਿਸ਼ ਹੋਣ ਨੂੰ ਇੰਦਰ ਦੇਵਤਾ ਦਾ ਉਪਰਾਲਾ ਦੱਸ ਕੇ, ਹੜ੍ਹ ਜਾਂ ਸੋਕੇ ਜਿਹੀਆਂ ਸਥਿਤੀਆਂ ਤੋਂ ਬਚਣ ਲਈ ਇੰਦਰ ਦੇਵਤਾ ਦੀ ਪੂਜਾ ਕਰਨ ਲਈ ਪ੍ਰੇਰਿਆ ਗਿਆ। ਇਸ ਪੂਜਾ ਦੇ ਬਹਾਨੇ ਪੁਜਾਰੀ ਆਪਣੀ ਮੋਟੀ ਆਮਦਨ ਕਰ ਲੈਂਦੇ। ਇਸੇ ਤਰ੍ਹਾਂ ਕਈ ਖੂੰਖਾਰ ਜਾਨਵਰਾਂ (ਜਿਵੇਂ ਸੱਪ ਆਦਿਕ) ਨੂੰ ਵੀ ਰੱਬ ਦੇ ਅਵਤਾਰ ਜਾਂ ਰੱਬੀ ਸ਼ਕਤੀਆਂ ਵਾਲੇ ਦੱਸ ਕੇ ਉਨ੍ਹਾਂ ਦੀ ਪੂਜਾ ਕਰਵਾਈ ਜਾਂਦੀ ਰਹੀ, ਜੋ ਅੱਜ ਵੀ ਬਦਸਤੂਰ ਜਾਰੀ ਹੈ। ਕੁਝ ਖ਼ਾਸ ਤਰ੍ਹਾਂ ਦੇ ਪੇੜ੍ਹ-ਪੌਦਿਆਂ ਜਿਵੇਂ ਪਿੱਪਲ, ਤੁਲਸੀ ਆਦਿਕ ਨੂੰ ਵੀ ਰੱਬੀ ਸ਼ਕਤੀਆਂ ਦੇ ਸਾਧਨ ਦੱਸ ਕੇ ਉਨ੍ਹਾਂ ਨੂੰ ਵੀ ਪੂਜਾ ਦਾ ਨਿਸ਼ਾਨਾ ਬਣਾ ਦਿੱਤਾ ਗਿਆ। ਇਹ ਵਰਤਾਰਾ ਵੀ ਅੱਜ ਤੱਕ ਜਾਰੀ ਹੈ।
ਕੁਝ ਇਸੇ ਤਰ੍ਹਾਂ, ਬਹੁਤ ਸਾਰੇ ਲੋਕ ਮਿਥਿਹਾਸਕ (ਕਾਲਪਨਿਕ) ਦੇਵੀ-ਦੇਵਤਿਆਂ ਨੂੰ ‘ਰੱਬ’ ਸਮਝ ਕੇ ਉਨ੍ਹਾਂ ਦੀਆਂ ਫੋਟੋਆਂ ਜਾਂ ਮੂਰਤੀਆਂ ਦੀ ਪੂਜਾ ਕਰਦੇ ਹਨ। ਇਸ ਮਕਸਦ ਲਈ ਉਹ ਮੂਰਤੀ ਜਾਂ ਤਸਵੀਰ ਨੂੰ ਕਿਸੇ ਖ਼ਾਸ ਕਿਸਮ ਦੇ ਪ੍ਰਸ਼ਾਦਿ ਦਾ ਚੜ੍ਹਾਵਾ (ਜਿਵੇਂ ਹਨੂੰਮਾਨ ਦੀ ਮੂਰਤੀ ਲਈ ਮੰਗਲਵਾਰ ਨੂੰ ਬੂੰਦੀਆਂ ਦਾ ਪ੍ਰਸ਼ਾਦਿ) ਚੜ੍ਹਾਉਣ ਦੇ ਇਲਾਵਾ, ਇਨ੍ਹਾਂ ਮੂਰਤੀਆਂ ਜਾਂ ਤਸਵੀਰਾਂ ਨੂੰ ਹਾਰ ਚੜ੍ਹਾਉਣਾ, ਧੂਫ ਧੁਖਾਉਣਾ, ਮੱਥੇ ਟੇਕਣਾ, ਆਰਤੀਆਂ ਕਰਨੀਆਂ ਆਦਿਕ ਕਰਮ-ਕਾਂਡ ਕਰਦਿਆਂ ਵੀ ਸ਼ਰਧਾ ਨਾਲ ਪੂਰਨ ਕੀਤੇ ਜਾਂਦੇ ਹਨ।
ਕੁਝ ਹੋਰ ਲੋਕ ਆਪਣੇ ਧਰਮ ਦੇ ਪੈਗੰਬਰ ਨੂੰ ‘ਰੱਬ’ ਸਮਝ ਕੇ, ਉਸ ਪੈਗੰਬਰ ਦੀ ਪੈਦਾਇਸ਼ ਵਾਲੇ ਸਥਾਨ ਦੀ ਦਿਸ਼ਾ ਵਿਚ ਪੂਜਾ ਕਰਨ ਨੂੰ ਹੀ ਰੱਬ ਦੀ ਪ੍ਰਾਪਤੀ ਦਾ ਸਾਧਨ ਮੰਨੀ ਬੈਠੇ ਹਨ। ਅਜਿਹੇ ਲੋਕ ਵੀ ਖ਼ਾਸ ਤਰ੍ਹਾਂ ਦੇ ਕਰਮ-ਕਾਂਡਾਂ ਜਿਵੇਂ ਇਕ ਖ਼ਾਸ ਗਿਣਤੀ ਵਿਚ ਰੱਬ ਦਾ ਨਾਂ ਲੈਣਾ, ਖ਼ਾਸ ਤਰ੍ਹਾਂ ਦਾ ਲਿਬਾਸ ਪਹਿਣਨਾ, ਖ਼ਾਸ ਤੀਰਥਾਂ ਦੀ ਯਾਤਰਾ ਕਰਨਾ ਆਦਿਕ ਤੱਕ ਸੀਮਤ ਰਹਿੰਦੇ ਹਨ। ‘ਧਰਮੀ’ ਪੁਰਸ਼ਾਂ ਦਾ ਇਕ ਹੋਰ ਵਰਗ ਹਫ਼ਤੇ ਵਿਚ ਇਕ ਵਾਰ ਆਪਣੇ ਧਰਮ ਅਸਥਾਨ ’ਤੇ ਜਾ ਕੇ, ਉਥੋਂ ਦੇ ਪੁਜਾਰੀ ਦਾ ਲੈਕਚਰ ਸੁਣ ਕੇ ਘਰ ਵਾਪਸ ਆਉਣ ਅਤੇ ਆਪਣੇ ਧਰਮ ਦੇ ਪੈਗੰਬਰ ਨੂੰ ਮੁਕਤੀ ਦਾ ਇਕ-ਮਾਤਰ ਸ੍ਰੋਤ ਸਮਝਣ ਨੂੰ ਹੀ ਰੱਬ ਦੀ ਪ੍ਰਾਪਤੀ ਦਾ ਸਾਧਨ ਮੰਨਦਾ ਹੈ।
ਜਿਹੜੇ ਪੜ੍ਹੇ-ਲਿਖੇ ਲੋਕ ਕਥਿਤ ਧਰਮੀ ਲੋਕਾਂ ਦੀ ਇਸ ਸਥਿਤੀ ਨੂੰ ਮਹਿਸੂਸ ਕਰਦੇ ਹਨ, ਉਨ੍ਹਾਂ ਦਾ ਮਨ ਪ੍ਰਚਲਿਤ ਧਰਮਾਂ ਦੀਆਂ ਰਵਾਇਤਾਂ ਤੋਂ ਉਚਾਟ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿਚ ਉਹ ਰੱਬ ਜਾਂ ਧਰਮ ਦੀ ਹੋਂਦ ਨੂੰ ਹੀ ਬੇਲੋੜਾ ਸਮਝਣ ਲੱਗ ਪੈਂਦੇ ਹਨ ਤੇ ਮਨੁੱਖੀ ਸਮਾਜ ਦੀ ਹਰ ਸਮੱਸਿਆ ਲਈ ਰੱਬ ਜਾਂ ਧਰਮ ਦੇ ਸੰਕਲਪ ਨੂੰ ਦੋਸ਼ੀ ਠਹਿਰਾਉਣ ਲੱਗ ਪੈਂਦੇ ਹਨ। ਕਮਿਊਨਿਸਟ ਜਾਂ ਨਾਸਤਿਕ ਕਹੇ ਜਾਂਦੇ ਅਜਿਹੇ ਸੱਜਣਾਂ ਦੀ ਮੌਲਿਕ ਭਾਵਨਾ ਭਾਵੇਂ ਮਾੜੀ ਨਾ ਹੋਵੇ, ਪਰ ਅਗਿਆਨਤਾ ਦਾ ਸ਼ਿਕਾਰ ਉਹ ਵੀ ਹੁੰਦੇ ਹਨ ਕਿਉਂਕਿ ਉਹ ਕੁਦਰਤ ਵਿਚ ਵਰਤ ਰਹੇ ਰੱਬੀ ਨੇਮਾਂ ਨੂੰ ਵੇਖਣ, ਮਹਿਸੂਸ ਕਰਨ ਦੇ ਅਸਮਰਥ ਹੁੰਦੇ ਹਨ। ਸਪਸ਼ਟ ਹੈ ਕਿ ਿਜਥੇ ਰੱਬ ਦੀ ਪ੍ਰਾਪਤੀ ਦੇ ਚਾਹਵਾਨ ਬਹੁਤੇ ਲੋਕ ਗੁੰਮਰਾਹ ਹੋ ਕੇ ਅੰਧ-ਵਿਸ਼ਵਾਸਾਂ, ਕਰਮ-ਕਾਂਡਾਂ ਅਤੇ ਅਗਿਆਨਤਾ ਦਾ ਸ਼ਿਕਾਰ ਹੋ ਗਏ ਹਨ ਉਥੇ ਰੱਬ ਵਿਚ ਵਿਸ਼ਵਾਸ ਨਾ ਰੱਖਣ ਵਾਲਿਆਂ ਦੀ ਸਥਿਤੀ ਵੀ ਕੋਈ ਉਤਸ਼ਾਹਜਨਕ ਨਹੀਂ ਹੈ।
ਅਜਿਹੇ ਵਿਚ ਸਵਾਲ ਪੈਦਾ ਹੁੰਦਾ ਹੈ ਕਿ ਅਖੀਰ ਰੱਬ ਜਾਂ ਰੱਬ ਦੇ ਅਧਾਰ ’ਤੇ ਸੱਚ ਜਾਣਨ ਦੇ ਇੱਛੁਕ ਸ਼ਰਧਾਲੂ ਨੂੰ ਕੀ ਕਰਨਾ ਚਾਹੀਦਾ ਹੈ? ਕੀ ਉਸਨੂੰ ਨਾਸਤਿਕ ਬਣ ਕੇ ਧਰਮ ਦੇ ਨਾਂ ’ਤੇ ਪ੍ਰਚਲਿਤ ਸਾਰੀ ਮਾਨਤਾਵਾਂ ਤੋਂ ਦੂਰ ਹੋ ਜਾਣਾ ਚਾਹੀਦਾ ਹੈ ਜਾਂ ਫਿਰ ਪੁਜਾਰੀਆਂ ਤੇ ਹੋਰ ਕਥਿਤ ਧਰਮ ਪ੍ਰਚਾਰਕਾਂ ਦੇ ਪਿਛਲੱਗੂ ਬਣ ਕੇ ਦਰ-ਦਰ ਦੀਆਂ ਠੋਕਰਾਂ ਅਤੇ ਕਰਮਕਾਂਡਾਂ ਤੱਕ ਸੀਮਤ ਰਹਿ ਜਾਣਾ ਚਾਹੀਦਾ ਹੈ? ਕੀ ਉਨ੍ਹਾਂ ਨੂੰ ਰੱਬ ਜਾਂ ਰੱਬੀ ਨੇਮਾਂ ਦੀ ਹੋਂਦ ਬਾਰੇ ਆਪਣੀ ਖੋਜ ਖ਼ਤਮ ਕਰਕੇ, ਆਪਣੀ ਮਨ-ਮਰਜ਼ੀ ਮੁਤਾਬਿਕ ਬੇਤਰਤੀਬਾ ਜੀਵਨ ਬਤੀਤ ਕਰਨਾ ਚਾਹੀਦਾ ਹੈ?
ਇਨ੍ਹਾਂ ਸਵਾਲਾਂ ਦਾ ਜਵਾਬ ਹੈ - ਨਹੀਂ। ਰੱਬ ਦੇ ਸੱਚੇ ਗੁਣਾਂ ਨੂੰ ਜਾਣਨਾ ਅਤੇ ਉਸਦੇ ਅਟੱਲ ਨੇਮਾਂ ਨੂੰ ਸਮਝਣਾ ਇਸ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਇਨ੍ਹਾਂ ਨੂੰ ਅਪਣਾਏ ਬਿਨ੍ਹਾਂ ਮਨੁੱਖ ਵਹਿਮ, ਅਗਿਆਨਤਾ, ਮੱਕਾਰੀ, ਫਰੇਬ, ਲਾਲਚ, ਹਉਮੈ, ਅਨਿਯੰਤਰਿਤ ਕਾਮ ਵਾਸਨਾ ਆਦਿਕ ਔਗੁਣਾਂ ਤੋਂ ਗ੍ਰਸਤ ਹੋ ਕੇ; ਇਕ ਆਦਰਸ਼ ਮਨੁੱਖ ਬਣਨ ਦੀ ਰਾਹ ਤੋਂ ਬਹੁਤ ਦੂਰ ਹੋ ਜਾਂਦਾ ਹੈ। ਜੇਕਰ ਇਹ ਕਹਿ ਲਈਏ ਕਿ ਰੱਬੀ ਗੁਣਾਂ ਨੂੰ ਅਪਣਾਏ ਬਿਨ੍ਹਾਂ ਮਨੁੱਖ ਦਾ ਜੀਵਨ ਅਤੇ ਮਾਨਸਿਕਤਾ ਜਾਨਵਰਾਂ ਵਰਗਾ ਹੀ ਹੋ ਜਾਂਦਾ ਹੈ, ਤਾਂ ਇਹ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ।
ਪਰ ਰੱਬ ਜਾਂ ਅਗੰਮੀ ਸੱਚ ਨੂੰ ਜਾਣਨ ਦੇ ਇਛੁੱਕ ਵਿਅਕਤੀ ਨੂੰ ਇਸ ਰਾਹ ਵਿਚ ਆਮ ਤੌਰ ’ਤੇ ਮਿਲਣ ਵਾਲੀਆਂ ਅਸਫ਼ਲਤਾਵਾਂ ਤੋਂ ਨਿਰਾਸ਼ ਹੋ ਕੇ ਉਕਤ ਕਿਸਮ ਦੀਆਂ ਨੀਤੀਆਂ ਅਪਣਾਉਣ ਦੀ ਲੋੜ ਨਹੀਂ - ਉਸਨੂੰ ਸਿਰਫ਼ ਅਗੰਮੀ ਸੱਚ ਬਖਸ਼ਣ ਵਾਲੇ ਰਾਹਨੁਮਾ ਤੋਂ ਸੱਚਾ ਗਿਆਨ ਪ੍ਰਾਪਤ ਕਰਕੇ, ਇਸ ਨੂੰ ਆਪਣੀ ਜ਼ਿੰਦਗੀ ਵਿਚ ਅਪਣਾਉਣ ਦੀ ਲੋੜ ਹੈ। ਇਥੇ ਇਹ ਚਰਚਾ ਯੋਗ ਹੈ ਕਿ ਆਮ ਤੌਰ ’ਤੇ ਲੋਕ ਧਰਮ ਜਾਂ ਰੱਬ ਦੇ ਵਿਸ਼ੇ ਦੀ ਜਾਣਕਾਰੀ ਲੈਣ ਲਈ ਕਿਨ੍ਹਾਂ ਕਿਸਮਾਂ ਦੇ ਰਾਹਨੁਮਾਵਾਂ ਤੋਂ ਸੇਧ ਲੈਂਦੇ ਹਨ।
ਸਭ ਤੋਂ ਵੱਧ ਸ਼ਰਧਾਲੂ, ਧਰਮ ਜਾਂ ਰੱਬ ਸਬੰਧੀ ਜਿਗਿਆਸਾਵਾਂ ਨੂੰ ਸ਼ਾਂਤ ਕਰਨ ਲਈ ਆਪੋ-ਆਪਣੇ ਧਰਮ ਦੇ ਪੁਜਾਰੀਆਂ ’ਤੇ ਨਿਰਭਰ ਹੁੰਦੇ ਹਨ। ਜਿਵੇਂ ਹਿੰਦੂ ਸੱਜਣ ਆਪਣੇ ਧਰਮ ਜਾਂ ਰੱਬ ਬਾਰੇ ਜਾਣਕਾਰੀ ਲੈਣ ਲਈ ਆਮ ਤੌਰ ’ਤੇ ਕਿਸੇ ਮੰਦਰ ਦੇ ਪੰਡਤ ਕੋਲ ਹੀ ਜਾਂਦੇ ਹਨ। ਮੁਸਲਮਾਨ ਵੀਰ ਮਸਜਿਦਾਂ ਦੇ ਮੌਲਵੀਆਂ, ਇਸਾਈ ਵੀਰ ਗਿਰਜਾਘਰਾਂ ਦੇ ਪਾਦਰੀਆਂ ਅਤੇ ਸਿੱਖ ਗੁਰਦੁਆਰਿਆਂ ਦੇ ਗ੍ਰੰਥੀਆਂ ’ਤੇ ਨਿਰਭਰ ਕਰਦੇ ਹਨ। ਪਰ ਕਿਸੇ ਵੀ ਧਰਮ ਦੇ ਪੁਜਾਰੀ ਦਾ ਮਕਸਦ ਸ਼ਰਧਾਲੂਆਂ ਨੂੰ ਗਿਆਨਵਾਨ ਬਣਾ ਕੇ ਸੱਚ ਨਾਲ ਜੋੜਨਾ ਨਹੀਂ ਬਲਕਿ ਆਪਣਾ ਪਿਛਲੱਗੂ ਬਣਾ ਕੇ ਉਨ੍ਹਾਂ ਦਾ ਆਰਥਕ, ਮਾਨਸਿਕ ਤੇ ਕਈ ਹਾਲਾਤਾਂ ਵਿਚ, ਜਿਸਮਾਨੀ ਸ਼ੋਸ਼ਣ ਕਰਨਾ ਵੀ ਹੁੰਦਾ ਹੈ।
ਇਹ ਵੀ ਸੱਚ ਹੈ ਕਿ ਆਮ ਤੌਰ ’ਤੇ ਪੁਜਾਰੀਆਂ ਨੂੰ ਖ਼ੁਦ ਆਪਣੇ ਧਰਮ ਦੇ ਸਿਧਾਂਤਾਂ ਦੀ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ। ਉਸਨੇ ਸਿਰਫ਼ ਆਪਣੇ ਧਰਮ ਵਿਚ ਵਿਕਸਿਤ ਹੋ ਚੁੱਕੇ ਧਾਰਮਕ-ਸਮਾਜਕ ਰਸਮੋ-ਰਿਵਾਜਾਂ, ਜਿਵੇਂ ਜਨਮ-ਦਿਵਸ, ਵਿਆਹ, ਮ੍ਰਿਤਕ ਸੰਸਕਾਰ ਆਦਿਕ ਦੀ ਪੂਰਤੀ ਕਰਵਾਉਣ ਦੀ ਸਿਖਲਾਈ ਲਈ ਹੁੰਦੀ ਹੈ। ਬਹੁਤ ਸਾਰੇ ਪੁਜਾਰੀਆਂ ਨੇ ਕਦੇ ਵੀ ਆਪਣੇ ਧਰਮ ਦੇ ਫਲਸਫ਼ੇ ਦੇ ਸ੍ਰੋਤ ਗ੍ਰੰਥਾਂ ਦਾ ਪੂਰੀ ਤਰ੍ਹਾਂ ਕਦੇ ਵੀ ਅਧਿਐਨ ਨਹੀਂ ਕੀਤਾ ਹੁੰਦਾ ਬਲਕਿ ਸਮਾਜਕ ਸੰਸਕਾਰਾਂ ਸਮੇਂ ਇਨ੍ਹਾਂ ਵਿਚੋਂ ਹਵਾਲਾ ਦੇ ਸਕਣ ਵਾਲੇ ਕੁਝ ਖ਼ਾਸ ਭਾਗਾਂ ਨੂੰ ਰਟਿਆ ਹੁੰਦਾ ਹੈ। ਮੰਦਰ, ਮਸਜਿਦ, ਗੁਰਦੁਆਰੇ ਜਾਂ ਗਿਰਜਾਘਰ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਰੱਬੀ ਸਿਧਾਂਤਾਂ ਦੀ ਜਾਣਕਾਰੀ (ਭਾਵੇਂ ਆਪੋ-ਆਪਣੇ ਧਰਮ ਮੁਤਾਬਿਕ ਹੀ ਸਹੀ) ਨਹੀਂ ਦਿੱਤੀ ਜਾਂਦੀ ਬਲਕਿ ਉਨ੍ਹਾਂ ਨੂੰ ਵੱਖ-ਵੱਖ ਦੇਵੀ-ਦੇਵਤਿਆਂ ਜਾਂ ਪੈਗੰਬਰਾਂ ਦੀ ਕਥਿਤ ਮਹਾਨਤਾ ਦੇ ਵਖਿਆਨਾਂ ਵਿਚ ਜਾਂ ਧਰਮ ਗ੍ਰੰਥਾਂ ਦੇ ਕਿਸੇ ਖ਼ਾਸ ਹਿੱਸੇ ਦੇ ਰਸਮੀ ਪਾਠ ਜਿਹੇ ਕਰਮ-ਕਾਂਡਾਂ ਤੱਕ ਸੀਮਿਤ ਕਰ ਦਿੱਤਾ ਜਾਂਦਾ ਹੈ। ਇਸ ਨਾਲ ਸ਼ਰਧਾਲੂਆਂ ਦਾ ਮਾਨਸਿਕ ਵਿਕਾਸ ਨਹੀਂ ਹੋ ਪਾਉਂਦਾ ਹੈ ਅਤੇ ਉਹ ਸਾਰੀ ਜ਼ਿੰਦਗੀ ਇਕ ਸੀਮਤ ਜਿਹੇ ਦਾਇਰੇ ਅੰਦਰ ਹੀ ਆਪਣਾ ‘ਧਰਮ’ ਨਿਭਾਉਂਦੇ ਰਹਿੰਦੇ ਹਨ।
ਕੁਝ ਸੱਜਣ, ਜਿਨ੍ਹਾਂ ਨੂੰ ਅਕਸਰ ਘਰੇਲੂ ਜਾਂ ਵਪਾਰਕ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੋਵੇ, ਇਨ੍ਹਾਂ ਦਿੱਕਤਾਂ ਲਈ ਕਿਸੇ ਗੈਬੀ-ਸ਼ਕਤੀ ਨੂੰ ਜ਼ਿੰਮੇਵਾਰ ਸਮਝ ਕੇ, ਤਾਂਤਰਿਕ ਕਿਸਮ ਦੇ ਕਥਿਤ ਧਾਰਮਕ ਆਗੂਆਂ ਦੇ ਪਿਛਲੱਗੂ ਬਣ ਜਾਂਦੇ ਹਨ। ਤਾਂਤਰਿਕ ਲੋਕ ਕਿਸੇ ਖ਼ਾਸ ਦੇਵੀ-ਦੇਵਤਾ ਜਾਂ ‘ਭਗਵਾਨ’ ਦੀ ਸ਼ਕਤੀ ਖ਼ੁਦ ਵਿਚ ਆ ਜਾਣ ਦਾ ਦਾਅਵਾ ਕਰਕੇ, ਲੋਕਾਂ ਦੀਆਂ ਦਿੱਕਤਾਂ ਠੀਕ ਕਰਨ ਦਾ ਦਾਅਵਾ ਕਰਦੇ ਹਨ। ਲਗਭਗ ਹਰ ਤਾਂਤਰਿਕ ਆਪਣੇ ਕੋਲ ਆਏ ਲੋਕਾਂ ਨੂੰ ਇਹੀ ਦੱਸਦਾ ਹੈ ਕਿ ਉਨ੍ਹਾਂ ਦੇ ਘਰ, ਉਨ੍ਹਾਂ ਦੇ ਕਿਸੇ ਦੁਸ਼ਮਣ ਨੇ ਕੁਝ ਕੀਤਾ ਹੋਇਆ ਹੈ। ਇਸ ‘ਕੀਤੇ’ ਨੂੰ ਠੀਕ ਕਰਨ ਲਈ ਤਾਂਤਰਿਕ ਚੜ੍ਹਾਵੇ ਜਾਂ ਨਿਸ਼ਚਿਤ ਰਕਮ ਦੇ ਬਦਲੇ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕਰਦਾ ਹੈ। ਕੁਝ ਮਾਮਲਿਆਂ ਵਿਚ ਤੁੱਕੇ ਵਜੋਂ ਕੁਝ ਸੱਜਣਾਂ ਦੀਆਂ ਦਿੱਕਤਾਂ ਠੀਕ ਵੀ ਹੋ ਜਾਂਦੀਆਂ ਹਨ। ਜਿਵੇਂ ਕਿ, ਜੇਕਰ ਕਿਸੇ ਵਿਅਕਤੀ ਦੀ ਪਤਨੀ ਗਰਭਵਤੀ ਹੋਵੇ ਅਤੇ ਉਹ ਕਿਸੇ ਤਾਂਤਰਿਕ ਕੋਲ ਜਾ ਕੇ ਇਹ ਮੰਗ ਕਰੇ ਕਿ ਮੇਰੇ ਘਰ ਮੁੰਡਾ ਹੀ ਹੋਣਾ ਚਾਹੀਦਾ ਹੈ, ਤਾਂ ਬਹੁਤੇ ਮਾਮਲਿਆਂ ਵਿਚ ਤਾਂਤਰਿਕ ਇਹ ‘ਅਸ਼ੀਰਵਾਦ’ ਦੇ ਹੀ ਦਿੰਦਾ ਹੈ ਕਿ ਉਸਦੇ ਘਰ ਮੁੰਡਾ ਹੀ ਹੋਵੇਗਾ। ਪਰ ਇਹ ਇਕ ਕੁਦਰਤੀ ਨੇਮ ਹੈ ਕਿਸੇ ਵੀ ਵਿਅਕਤੀ ਦੇ ਘਰ ਮੁੰਡਾ ਜਾਂ ਕੁੜੀ ਪੈਦਾ ਹੋਣ ਦੀ ਸੰਭਾਵਨਾ 50 ਫੀਸਦੀ ਤਾਂ ਹੁੰਦੀ ਹੀ ਹੈ (ਕਿਸੇ ਵੀ ਔਰਤ ਦੇ ਜਾਂ ਤਾਂ ਮੁੰਡਾ ਪੈਦਾ ਹੁੰਦਾ ਹੈ ਜਾਂ ਕੁੜੀ)। ਇਸਲਈ ਜੇਕਰ ਤਾਂਤਰਕਿ 10 ਜੋੜਿਆਂ ਨੂੰ ਮੁੰਡਾ ਹੋਣ ਦਾ ਅਸ਼ੀਰਵਾਦ ਦੇ ਦੇਵੇ, ਤਾਂ ਉਨ੍ਹਾਂ ਵਿਚੋਂ ਘੱਟੋ-ਘੱਟ 5 ਜੋੜਿਆਂ ਦੇ ਘਰ ਤਾਂ ਮੁੰਡਾ ਹੀ ਪੈਦਾ ਹੋਣਾ ਹੁੰਦਾ ਹੈ।
ਤਾਂਤਰਿਕਾਂ ਦੀਆਂ ਕਥਿਤ ਚਮਤਕਾਰੀ ਸ਼ਕਤੀਆਂ ਦੇ ਪ੍ਰਭਾਵ ਵਿਚ ਆਇਆ ਵਿਅਕਤੀ ਅਪਣੀ ਤਰਕਸ਼ੀਲ ਸੋਚ-ਵਿਚਾਰ ਗੁਆ ਬੈਠਦਾ ਹੈ ਅਤੇ ਘਰ ਵਿਚ ਛੋਟੀ-ਮੋਟੀ ਸਮੱਸਿਆ ਪੈਦਾ ਹੋਣ ’ਤੇ ਵੀ ਤਾਂਤਰਿਕਾਂ ਦੇ ਤਲਵੇ ਚੱਟਣਾ ਸ਼ੁਰੂ ਕਰ ਦਿੰਦਾ ਹੈ। ਇਸਲਈ ਉਹ ਨਿਰਾਕਾਰ ਪਰਮਾਤਮਾ ਦੀਆਂ ਅਪਾਰ ਸ਼ਕਤੀਆਂ ਬਾਰੇ ਵਿਚਾਰ ਕਰਨ ਦੀ ਬਜਾਏ, ਤਾਂਤਰਿਕਾਂ ਦੀਆਂ ਕਥਿਤ ਸ਼ਕਤੀਆਂ ਨੂੰ ਹੀ ਹਰ ਸਮੱਸਿਆ ਦਾ ਇਲਾਜ ਮੰਨ ਕੇ, ਉਨ੍ਹਾਂ ਦਾ ਮਾਨਸਿਕ ਗੁਲਾਮ ਬਣਿਆ ਰਹਿੰਦਾ ਹੈ।
ਕੁਝ ਹੋਰ ਸੱਜਣ ਰੱਬ ਦੀ ਭਾਲ ਵਿਚ ਵੱਖ-ਵੱਖ ਡੇਰੇਦਾਰਾਂ ਦੇ ਸ਼ਰਧਾਲੂ ਬਣ ਜਾਂਦੇ ਹਨ। ਡੇਰੇਦਾਰ ਵੀ ਪੁਜਾਰੀਆਂ ਤੇ ਤਾਂਤਰਿਕਾਂ ਦਾ ਮਿਲਿਆ-ਜੁਲਿਆ ਰੂਪ ਹੁੰਦੇ ਹਨ। ਡੇਰੇਦਾਰ ਖ਼ੁਦ ਆਪਣੇ ਮੂੰਹੋਂ ਤਾਂ ਆਪਣੇ ਚਮਤਕਾਰੀ ਹੋਣ ਦਾ ਦਾਅਵਾ ਨਹੀਂ ਕਰਦੇ, ਪਰ ਉਨ੍ਹਾਂ ਦੇ ਤਨਖ਼ਾਹਦਾਰ ਅਤੇ ਮੁਫ਼ਤ ਦੇ (ਸ਼ਰਧਾਲੂ) ਚੇਲੇ ਆਪਣੇ ਬਾਬੇ ਦੀਆਂ ਚਮਤਕਾਰੀ ਸ਼ਕਤੀਆਂ ਬਾਰੇ ਬਹੁਤ ਸਾਰੀ ਕਹਾਣੀਆਂ ਘੜ ਲੈਂਦੇ ਹਨ। ਭੋਲੇ-ਭਾਲੇ ਲੋਕ ਇਨ੍ਹਾਂ ਕਹਾਣੀਆਂ ਨੂੰ ਸੱਚਾ ਸਮਝ ਕੇ ਡੇਰੇਦਾਰਾਂ ਦੇ ਸ਼ਰਧਾਲੂ ਬਣ ਜਾਂਦੇ ਹਨ ਅਤੇ ਅਗਿਆਨਤਾ ਦੇ ਰਸਤੇ ’ਤੇ ਪੈ ਜਾਂਦੇ ਹਨ। ਜ਼ਿਆਦਾਤਰ ਡੇਰੇਦਾਰ ਆਪਣੇ ਧਾਰਮਕ ਲਿਬਾਸ ਅਤੇ ਪ੍ਰਭਾਵ ਦੀ ਆੜ ਵਿਚ ਬਹੁਤ ਸਾਰੀਆਂ ਗੈਰ-ਕਾਨੂੰਨੀ ਕਾਰਵਾਈਆਂ ਜਿਵੇਂ ਸਮਗਲਿੰਗ ਕਰਨਾ, ਸੈਕਸ ਰੈਕੇਟ ਚਲਾਉਣਾ, ਲੋਕਾਂ ਦੀਆਂ ਜ਼ਮੀਨਾਂ ਹਥਿਆਉਣਾ ਆਦਿਕ ਵਿਚ ਸ਼ਾਮਲ ਹੁੰਦੇ ਹਨ। ਇਨ੍ਹਾਂ ਕਾਰਜਾਂ ਵਿਚ ਸਰਕਾਰ ਅਤੇ ਬਾਬੂਸ਼ਾਹੀ ਵੀ ਆਪਣੇ ਲਾਭ ਲਈ ਇਨ੍ਹਾਂ ਦੀ ਖੂਬ ਮਦਦ ਕਰਦੀ ਹੈ। ਵੱਡੇ-ਵੱਡੇ ਪੁਲਿਸ ਅਫ਼ਸਰ ਅਤੇ ਸਿਆਸੀ ਆਗੂ ਇਨ੍ਹਾਂ ਡੇਰੇਦਾਰਾਂ ਦੇ ਦਰ ’ਤੇ ਮੱਥੇ ਰਗੜ ਕੇ ਉਨ੍ਹਾਂ ਦਾ ਪ੍ਰਭਾਵ ਵਧਾਉਣ ਲਈ ਹਰ ਸੰਭਵ ਯਤਨ ਕਰਦੇ ਹਨ।
ਡੇਰੇਦਾਰ ਵੀ ਵੱਧ ਤੋਂ ਵੱਧ ਲੋਕਾਂ ਨੂੰ ਆਪਣੀ ਗ੍ਰਿਫ਼ਤ ਵਿਚ ਲਿਆਉਣ ਲਈ ਜਿਥੇ ਸਾਰੇ ਧਰਮ ਗ੍ਰੰਥਾਂ ਦੀਆਂ ਤੁਕਾਂ ਸੁਣਾ ਕੇ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਦਾ ਜਤਨ ਕਰਦੇ ਹਨ, ਉ¤ਥੇ ਭ੍ਰਿਸ਼ਟ ਸਿਆਸੀ ਲੋਕਾਂ ਲਈ ਖ਼ਤਰਾ ਬਣ ਸਕਦੇ ਧਰਮਾਂ (ਜਿਵੇਂ ਸਿੱਖ ਧਰਮ) ਨੂੰ ਦੂਜੇ ਧਰਮਾਂ ਵਿਚ ਮਿਲਗੋਭਾ ਕਰਕੇ ਖ਼ਤਮ ਕਰਨ ਲਈ ਵੱਖ-ਵੱਖ ਚਾਲਾਂ ਚਲਦੇ ਰਹਿੰਦੇ ਹਨ।
ਕੁਝ ਡੇਰੇਦਾਰ ਜਿਥੇ ਖ਼ੁਦ ਦੇ ਇਕ ਖ਼ਾਸ ਧਰਮ ਨਾਲ ਸਬੰਧਿਤ ਹੋਣ ਦਾ ਦਾਅਵਾ ਕਰਕੇ ਉਸ ਧਰਮ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਥੇ ਕੁਝ ਹੋਰ ਡੇਰੇਦਾਰ ਆਪਣੇ ਧਾਰਮਕ ਪਿਛੋਕੜ ਬਾਰੇ ਜਾਣਕਾਰੀ ਦੇਣ ਦੀ ਬਜਾਏ, ਨਵੀਂ ਕਿਸਮ ਦੀ ਮਿਲਗੋਭਾ ਜਿਹੀ ਵਿਚਾਰਧਾਰਾ ਦਾ ਪ੍ਰਚਾਰ ਸ਼ੁਰੂ ਕਰ ਦਿੰਦੇ ਹਨ। ਮਿਸਾਲ ਵਜੋਂ ਨਾਨਕਸਰ ਵਰਗੇ ਡੇਰੇ ਖ਼ੁਦ ਨੂੰ ਸਿੱਖ ਧਰਮ ਦੇ ਧਰਮ ਅਸਥਾਨਾਂ ਵਜੋਂ ਪੇਸ਼ ਕਰਦੇ ਹਨ, ਪਰ ਇਨ੍ਹਾਂ ਡੇਰਿਆਂ ਵਿਚ ਜਿਹੜੇ ਕਰਮ-ਕਾਂਡ ਪ੍ਰਚਲਿਤ ਕੀਤੇ ਜਾਂਦੇ ਹਨ, ਉਹ ਹਿੰਦੂਵਾਦ ਅਤੇ ਮਨਮਤਿ ਦਾ ਹੀ ਸਿੱਧਾ ਜਾਂ ਅਸਿੱਧਾ ਪ੍ਰਚਾਰ ਹੀ ਹੁੰਦਾ ਹੈ। ਦੂਜੇ ਪਾਸੇ, ਬਿਆਸ ਵਾਲੇ ਡੇਰਾ ਰਾਧਾ ਸੁਆਮੀ ਜਾਂ ਸਿਰਸੇ ਵਾਲੇ ਡੇਰਾ ਸੱਚਾ ਸੌਦਾ ਜਿਹੇ ਡੇਰੇ ਖ਼ੁਦ ਦੇ ਹਿੰਦੂ ਜਾਂ ਸਿੱਖ ਵਿਚਾਰਧਾਰਾ ਨਾਲ ਸਬੰਧਿਤ ਹੋਣ ਦਾ ਸਪਸ਼ਟ ਜਿਕਰ ਕਰਨ ਦੀ ਬਜਾਏ ਸਿੱਖਾਂ ਨੂੰ ਹਿੰਦੂਆਂ ਵਿਚ ਜਜ਼ਬ ਕਰਨ ਵਾਲੀ ਵਿਚਾਰਧਾਰਾ ਦਾ ਪ੍ਰਚਾਰ ਕਰਦੇ ਹਨ।
ਸੋ ਸਪਸ਼ਟ ਹੈ ਕਿ ਡੇਰੇਦਾਰ ਵੀ ਸ਼ਰਧਾਲੂਆਂ ਨੂੰ ਸੱਚ ਦਾ ਗਿਆਨ ਦੇਣ ਦੀ ਬਜਾਏ ਉਨ੍ਹਾਂ ਨੂੰ ਗੁੰਮਰਾਹ ਕਰਕੇ ਆਰਥਕ ਤੇ ਸਿਆਸੀ ਲਾਭ ਚੁੱਕਣ ਦੀ ਰਾਹ ’ਤੇ ਤੁਰ ਰਹੇ ਹੁੰਦੇ ਹਨ। ਇਸਲਈ ਡੇਰੇਦਾਰਾਂ ਨੂੰ ਆਪਣਾ ਰਹਿਨੁਮਾ ਮੰਨਣ ਵਾਲਾ ਸ਼ਰਧਾਲੂ ਵੀ ਕਦੇ ਰੱਬੀ ਨੇਮਾਂ ਨੂੰ ਸਮਝਣ ਦੀ ਬਜਾਏ, ਡੇਰੇਦਾਰਾਂ ਦੀ ਜੈ-ਜੈਕਾਰ ਵਿਚ ਹੀ ਰੁੱਝ ਕੇ ਰਹਿ ਜਾਂਦਾ ਹੈ।
ਇਥੋਂ ਸਵਾਲ ਉਠਦਾ ਹੈ ਕਿ ਜੇਕਰ ਪੁਜਾਰੀਆਂ, ਤਾਂਤਰਿਕਾਂ ਜਾਂ ਡੇਰੇਦਾਰਾਂ - ਕਿਸੇ ਕੋਲੋਂ ਦੀ ਰੱਬ ਤੱਕ ਪਹੁੰਚ ਦਾ ਸਹੀ ਢੰਗ ਪ੍ਰਾਪਤ ਨਹੀਂ ਹੁੰਦਾ, ਤਾਂ ਫਿਰ ਸੱਚੀ ਤੜਪ ਵਾਲਾ ਸ਼ਰਧਾਲੂ ਕਿਸ ਨੂੰ ਆਪਣਾ ‘ਰਹਿਨੁਮਾ’ ਬਣਾਏ? ਇਸ ਸਮੱਸਿਆ ਦਾ ਸਮਾਧਾਨ ਸਿਰਫ਼ ਇਕ ਹੈ - ਮਨੁੱਖ ਕਿਸੇ ਹੋਰ ਅਵਿਸ਼ਵਸਨੀਕ ਮਨੁੱਖ ਨੂੰ ਰਾਹਨੁਮਾ (ਗੁਰੂ) ਬਣਾਉਣ ਦੀ ਬਜਾਏ ਸੱਚ ਦੇ ਗਿਆਨ ਨੂੰ ਗੁਰੂ ਬਣਾਏ। ਅਜਿਹਾ ਗਿਆਨ, ਜੋ ਕਿਸੇ ਧਰਮ ਦੇ ਸੰਸਥਾਪਕ ਦੀਆਂ ਨਿਜੀ ਵਡਿਆਈਆਂ ਤੱਕ ਸੀਮਤ ਨਾ ਹੋਵੇ, ਬਲਕਿ ਉਸ ਨਿਰਾਕਾਰ ਤੇ ਹਰ ਥਾਂ ਮੌਜੂਦ ਪਰਮਾਤਮਾ ਦੇ ਗੁਣਾਂ ਦੀ ਸੋਝੀ ਬਖਸ਼ਦਾ ਹੋਵੇ। ਅਜਿਹੇ ਗਿਆਨ ਦੇ ਸਿਧਾਂਤ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਅਪਣਾ ਕੇ ਮਨੁੱਖ ਆਪਣਾ ਜੀਵਨ ਉ¤ਚਾ-ਸੁੱਚਾ ਤੇ ਵਹਿਮ-ਭਰਮਾਂ ਤੋਂ ਮੁਕਤ ਕਰ ਸਕਦਾ ਹੈ। ਦੁਨੀਆ ਭਰ ਦੇ ਸਾਰੇ ਸੱਚੇ ਮਹਾਂਪੁਰਖ ਵੀ ਅਜਿਹੇ ਗਿਆਨ ਨੂੰ ਆਪਣੀ ਜ਼ਿੰਦਗੀ ਵਿਚ ਅਪਣਾਉਣ ਕਾਰਨ ਹੀ ਹੋਰਨਾਂ ਲੋਕਾਂ ਲਈ ਪ੍ਰੇਰਣਾ ਦਾ ਸ੍ਰੋਤ ਬਣੇ ਸਨ - ਨਿਰੇ ਕਿਸੇ ਧਰਮ ਦੇ ਰਸਮੋ-ਰਿਵਾਜਾਂ ਤੇ ਕਰਮ-ਕਾਂਡਾਂ ਦੀ ਪੁਜਾਰੀਆਂ ਵੱਲੋਂ ਮਿੱਥੀ ਗਈ ਵਿਧੀ ਨੂੰ ਪੂਰਾ ਕਰਕੇ ਨਹੀਂ।
ਪਰ ਇਕ ਸਮੱਸਿਆ ਇਹ ਵੀ ਉਠਦੀ ਹੈ ਕਿ ਅਜਿਹੇ ਸੱਚ ਦਾ ਗਿਆਨ ਪ੍ਰਾਪਤ ਕਿਥੋਂ ਹੋ ਸਕਦਾ ਹੈ। ਇਸ ਸਮੱਸਿਆ ਦੇ ਹੱਲ ਵਾਸਤੇ ਹਰ ਮੁੱਖ ਧਰਮ ਵਿਚ ਆਪਣੇ ਸਿਧਾਂਤਾਂ ਨੂੰ ਦਰਸਾਉਣ ਵਾਲੀ ਕੋਈ ਨਾ ਕੋਈ ‘ਪਵਿੱਤਰ’ ਕਿਤਾਬ ਜਰੂਰ ਮਨੋਨੀਤ ਕੀਤੀ ਗਈ ਹੈ। ਜਿਵੇਂ ਯਹੂਦੀਆਂ ਵਿਚ ਅੰਜੀਲ, ਇਸਾਈਆਂ ਵਿਚ ਬਾਈਬਲ, ਮੁਸਲਮਾਨਾਂ ਵਿਚ ਕੁਰਾਨ, ਹਿੰਦੂਆਂ ਵਿਚ ਵੇਦ, ਪੁਰਾਣ, ਉਪਨਿਸ਼ਦ, ਸਿੰਮ੍ਰਿਤੀਆਂ ਤੇ ਹੋਰ ਸ਼ਾਸਤਰ। ਪਰ ਇਹ ਸਭ ਪੁਸਤਕਾਂ ਸੱਚੇ ਗਿਆਨ ਦਾ ਕੋਈ ਵਿਸ਼ਵਸਨੀਕ ਸ੍ਰੋਤ ਨਹੀਂ ਬਣ ਪਾਉਂਦੀਆਂ। ਅੰਜੀਲ, ਬਾਈਬਲ ਤੇ ਕੁਰਾਨ ਆਪੋ-ਆਪਣੇ ਧਰਮਾਂ ਦੇ ਸੰਸਥਾਪਕਾਂ ਵੱਲੋਂ ਨਹੀਂ ਲਿਖੀਆਂ ਗਈਆਂ ਬਲਕਿ ਇਨ੍ਹਾਂ ਸੰਸਥਾਪਕਾਂ ਦੇ ਜੀਵਨ-ਕਾਲ ਉਪਰੰਤ, ਉਨ੍ਹਾਂ ਦੇ ਚੇਲਿਆਂ ਵੱਲੋਂ ਲਿਖੀਆਂ ਗਈਆਂ ਸਨ। ਲੰਬੇ ਸਮੇਂ ਦਰਮਿਆਨ ਇਨ੍ਹਾਂ ਪੁਸਤਕਾਂ ਵਿਚ, ਇਨ੍ਹਾਂ ਹੀ ਧਰਮਾਂ ਦੇ ਆਗੂਆਂ ਦੀ ਮਰਜ਼ੀ ਮੁਤਾਬਿਕ ਕਈ ਤਬਦੀਲੀਆਂ ਵੀ ਕੀਤੀਆਂ ਜਾ ਚੁੱਕੀਆਂ ਹਨ। ਇਸਦੇ ਇਲਾਵਾ ਇਨ੍ਹਾਂ ਪੁਸਤਕਾਂ, ਖ਼ਾਸਕਰ ਬਾਈਬਲ ਦਾ ਬਹੁਤ ਸਾਰਾ ਅੰਸ਼ ਪਰਮਾਤਮਾ ਦੇ ਗੁਣਾਂ ਦੀ ਸੋਝੀ ਬਖਸ਼ਣ ਦੀ ਬਜਾਏ, ਆਪਣੇ ਧਰਮ ਦੇ ਸੰਸਥਾਪਕ ਦੀ ਜੀਵਨੀ ਵੱਖ-ਵੱਖ ਲਿਖਾਰੀਆਂ ਵੱਲੋਂ ਪੇਸ਼ ਕਰਨ ਵਾਲਾ ਹੀ ਹੈ। ਇਨ੍ਹਾਂ ਪੁਸਤਕਾਂ ਵਿਚ ਪੇਸ਼ ਕੀਤੇ ਗਏ ਬਹੁਤ ਸਾਰੇ ਦਾਅਵੇ, ਜਿਵੇਂ ਰੱਬ ਵੱਲੋਂ ਛੇ ਦਿਨਾਂ ਵਿਚ ਸਾਰੀ ਸ੍ਰਿਸ਼ਟੀ ਬਣਾ ਕੇ ਸੱਤਵੇਂ ਦਿਨ ਅਰਾਮ ਕਰਨਾ, ਆਦਮ ਅਤੇ ਹਵਾ ਤੋਂ ਸਾਰੇ ਇਨਸਾਨਾਂ ਦੀ ਉਤਪਤੀ ਹੋਣਾ ਆਦਿਕ, ਵਿਗਿਆਨ ਦੀ ਕਸਵੱਟੀ ’ਤੇ ਖਰੇ ਨਹੀਂ ਉਤਰਦੇ। ਇਸਲਈ ਪੜ੍ਹੇ-ਲਿਖੇ, ਤਰਕਸ਼ਾਲੀ ਤੇ ਨਿਰਪੱਖ ਵਿਚਾਰਵਾਨ ਇਨ੍ਹਾਂ ਪੁਸਤਕਾਂ ਨੂੰ ਰੱਬੀ ਗਿਆਨ ਦਾ ਸ੍ਰੋਤ ਨਹੀਂ ਮੰਨਦੇ।
ਜਿਥੋਂ ਤੱਥ ਹਿੰਦੂ ਸਮਾਜ ਦੀਆਂ ਧਾਰਮਕ ਪੁਸਤਕਾਂ ਦੀ ਗੱਲ ਹੈ, ਇਨ੍ਹਾਂ ਬਾਬਤ ਜ਼ਿਆਦਾ ਕੁਝ ਨਾ ਹੀ ਕਿਹਾ ਜਾਏ, ਤਾਂ ਚੰਗਾ ਹੋਵੇਗਾ। ਇਹ ਪੁਸਤਕਾਂ ਕਿਸੇ ਵੀ ਤਰ੍ਹਾਂ ਰੱਬੀ ਗਿਆਨ ਬਖਸ਼ਣ ਵਾਲੀਆਂ ਜਾਂ ਇਨਸਾਨ ਨੂੰ ਨੈਤਿਕ ਸਿੱਖਿਆਵਾਂ ਦੇਣ ਵਾਲੀਆਂ ਨਹੀਂ ਮੰਨੀਆਂ ਜਾ ਸਕਦੀਆਂ। ਵੇਦਾਂ ਵਿਚ ਇਸ ਕਿਸਮ ਦੀਆਂ ਬੇਹੂਦਾ ਪ੍ਰਾਥਨਾਵਾਂ ਕੀਤੀਆਂ ਗਈਆਂ ਹਨ ਕਿ ਹੇ ਭਗਵਾਨ, ਸੋਕੇ ਵੇਲੇ ਖੇਤ ਉ¤ਪਰ ਬਾਰਿਸ਼ ਹੋਵੇ, ਪਰ ਮੇਰੇ ਗੁਆਂਢੀ ਦੇ ਖੇਤ ਉ¤ਪਰ ਨਾ ਹੋਵੇ। ਸਿੰਮ੍ਰਤੀਆਂ ਖ਼ਾਸਕਰ ਮਨੂੰ ਸਿੰਮਤ੍ਰੀ ਵਿਚ ਇਕ ਇਨਸਾਨ (ਬ੍ਰਾਹਮਣ) ਵੱਲੋਂ ਦੂਜੇ ਇਨਸਾਨ (ਸ਼ੂਦਰ) ਦਾ ਸ਼ੋਸ਼ਣ ਕਰਨ ਅਤੇ ਜ਼ੁਲਮ ਢਾਹੁਣ ਦੇ ਤਰੀਕੇ ਦੱਸੇ ਗਏ ਹਨ। ਪੁਰਾਣਾਂ ਵਿਚ ਬੇਸਿਰ-ਪੈਰ ਦੀਆਂ ਨਿਰੀ ਗਪੌੜ ਕਿਸਮ ਦੀਆਂ ਕਹਾਣੀਆਂ ਭਰੀਆਂ ਪਈਆਂ ਹਨ। ਰਮਾਇਣ, ਮਹਾਂਭਾਰਤ ਆਦਿਕ ਗ੍ਰੰਥਾਂ ਵਿਚ ਘਰੇਲੂ ਲੜਾਈਆਂ ਜਿੱਤਣ ਲਈ ਅਪਣਾਈਆਂ ਜਾਂਦੀਆਂ ਮੱਕਾਰ ਨੀਤੀਆਂ ਦਾ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਗ੍ਰੰਥਾਂ, ਖ਼ਾਸਕਰ ਮਹਾਂਭਾਰਤ, ਵਿਚ ਬਹੁਤ ਹੀ ਅਜੀਬੋ-ਗਰੀਬ ਅਤੇ ਨੀਵੇਂ ਕਿਸਮ ਦੇ ਕਾਮ-ਸਬੰਧਾਂ (ਜਿਵੇਂ ਪਿਉ ਵੱਲੋਂ ਧੀ ਦਾ ਬਲਾਤਕਾਰ, ਕ੍ਰਿਸ਼ਨ ਜਿਹੇ ਅਵਤਾਰ ਵੱਲੋਂ ਆਪਣੀ ਮਾਮੀ ਰਾਧਾ ਨਾਲ ਪਤੀ-ਪਤਨੀ ਜਿਹਾ ਰਿਸ਼ਤਾ ਸਥਾਪਿਤ ਕਰ ਲੈਣਾ ਅਤੇ ਨਦੀ ਵਿਚ ਨਹਾ ਰਹੀਆਂ ਲੜਕੀਆਂ ਨੂੰ ਆਪਣੇ ਸਾਹਮਣੇ ਨੰਗੇ ਆਉਣ ਲਈ ਮਜਬੂਰ ਕਰਨਾ, ਪਵਨ ਦੇਵਤਾ ਵੱਲੋਂ ਪਹਾੜ ’ਤੇ ਤੁਰੀ ਜਾ ਰਹੀ ਇਸਤ੍ਰੀ ਨਾਲ ਬਲਾਤਕਾਰ ਕਰਕੇ ਹਨੂੰਮਾਨ ਜਿਹੀ ਨਾਜਾਇਜ਼ ਔਲਾਦ ਨੂੰ ਜਨਮ ਦੇਣਾ, ਦ੍ਰੋਪਦੀ ਜਿਹੀ ਇਸਤ੍ਰੀ ਵੱਲੋਂ ਪੰਜ-ਪੰਜ ਪਤੀਆਂ ਦੀ ਸੇਵਾ ਕਰਨੀ, ਇਕੋ ਇਸਤ੍ਰੀ ਵੱਲੋਂ ਘੜੇ ਰਾਹੀਂ 100 ਬੱਚਿਆਂ ਨੂੰ ਜਨਮ ਦੇਣਾ ਆਦਿਕ) ਵਾਲੇ ਸਮਾਜ ਨੂੰ ਆਦਰਸ਼ ਬਣਾ ਕੇ ਪੇਸ਼ ਕੀਤਾ ਗਿਆ ਹੈ। ਰਮਾਇਣ ਵਿਚ ਵੀ ਇਸਤ੍ਰੀ ਵੱਲੋਂ ਘੋੜੇ ਨਾਲ ਸੰਭੋਗ ਕਰਕੇ ਬੱਚੇ ਪੈਦਾ ਕਰਨ ਜਿਹੀਆਂ ਬੇਹੂਦਾ ਗੱਲਾਂ ਭਰੀਆਂ ਪਈਆਂ ਹਨ।
ਅਜਿਹੀ ਸਥਿਤੀ ਵਿਚ ਸਮੁੱਚੇ ਸੰਸਾਰ ਨੂੰ ਸੱਚ ਦਾ ਗਿਆਨ ਬਖਸ਼ ਸਕਣ ਵਾਲੇ ਸ੍ਰੋਤ ਬਾਰੇ ਨਿਰਪੱਖਤਾ ਨਾਲ ਵਿਚਾਰ ਕੀਤਿਆਂ ਇਕ ਹੀ ਜਵਾਬ ਬਣਦਾ ਹੈ - ਗੁਰੂ ਗ੍ਰੰਥ ਸਾਹਿਬ। ਗੁਰੂ ਸਾਹਿਬਾਨ ਅਤੇ ਹੋਰਨਾਂ ਭਗਤਾਂ ਦੀਆਂ ਖ਼ੁਦ ਦੀਆਂ ਅਤਿ ਉ¤ਚੇ ਦਰਜੇ ਦੀਆਂ ਰਚਨਾਵਾਂ ਵਾਲੇ ਇਸ ਮਹਾਨ ਗ੍ਰੰਥ ਵਿਚ ਗੁਰੂ ਜਾਂ ਭਗਤਾਂ ਦੀਆਂ ਜੀਵਨੀਆਂ ਨਹੀਂ ਪੇਸ਼ ਕੀਤੀਆਂ ਗਈਆਂ ਬਲਕਿ ਸਿਰਫ਼ ਪਰਮਾਤਮਾ ਦੇ ਗੁਣਾਂ ਦੀ ਸਿਫ਼ਤਿ-ਸਲਾਹ ਕੀਤੀ ਗਈ ਹੈ। ਇਨ੍ਹਾਂ ਰਚਨਾਵਾਂ ਵਿਚ ਇਨਸਾਨ ਨੂੰ ਅਜਿਹੇ ਨੈਤਿਕ ਗੁਣ ਅਪਣਾਉਣ ਦੀ ਸਿੱਖਿਆ ਦਿੱਤੀ ਗਈ ਹੈ, ਜਿਸਨੂੰ ਹਰ ਧਰਮ, ਹਰ ਸੰਪਰਦਾਅ ਦਾ ਵਿਅਕਤੀ ਅਪਣਾ ਸਕਦਾ ਹੈ। ਹੋਰਨਾਂ ਬਹੁਤ ਸਾਰੇ ਗ੍ਰੰਥਾਂ ਦੇ ਉਲਟ, ਗੁਰੂ ਗ੍ਰੰਥ ਸਾਹਿਬ ਵਿਚ ਮਿਥਿਹਾਸਕ ਕਹਾਣੀਆਂ ਬਿਲਕੁਲ ਵੀ ਸ਼ਾਮਲ ਨਹੀਂ ਹਨ ਅਤੇ ਇਸ ਵਿਚ ਦਰਜ ਰਚਨਾਵਾਂ ਦੇ ਉਪਦੇਸ਼ਾਂ ਦਾ ਕਿਧਰੇ ਵੀ ਵਿਗਿਆਨ ਨਾਲ ਟਕਰਾਅ ਨਹੀਂ ਹੁੰਦਾ। ਬਲਕਿ ਕਈ ਉਪਦੇਸ਼ ਅਜਿਹੇ ਹਨ, ਜਿਹੜੇ ਵਿਗਿਆਨ ਦੇ ਸਿਧਾਂਤਾਂ ਦੀ ਪੁਸ਼ਟੀ ਹੀ ਕਰਦੇ ਹਨ (ਅਸਲ ਵਿਚ ਤਾਂ ਵਿਗਿਆਨ ਹੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦੀ ਪੁਸ਼ਟੀ ਕਰਦੀ ਹੈ)।
ਹਰ ਮਨੁੱਖ, ਭਾਵੇਂ ਉਹ ਕਿਸੇ ਵੀ ਧਰਮ ਨਾਲ ਸਬੰਧ ਰੱਖਦਾ ਹੋਵੇ, ਗੁਰੂ ਗ੍ਰੰਥ ਸਾਹਿਬ ਵਿਚ ਦਰਜ ਅਤਿ ਉ¤ਚ ਕਿਸਮ ਦੇ ਉਪਦੇਸ਼ਾਂ ਨੂੰ ਆਪਣੀ ਜ਼ਿੰਦਗੀ ਵਿਚ ਅਪਣਾ ਕੇ ਧਰਮ ਦੇ ਨਾਂ ’ਤੇ ਪ੍ਰਚਲਿਤ ਮਨੁੱਖਤਾ-ਵਿਰੋਧੀ, ਗੈਰ-ਵਿਗਿਆਨਕ ਤੇ ਸ਼ਰਧਾਲੂਆਂ ਦਾ ਸ਼ੋਸ਼ਣ ਕਰਨ ਵਾਲੇ ਰਸਮੋ-ਰਿਵਾਜਾਂ ਜਿਵੇਂ ਜਾਤ-ਪਾਤ ਦੇ ਸੰਕਲਪ ਕਾਰਨ ਹੋਰਨ ਇਨਸਾਨਾਂ ਨੂੰ ਨਫ਼ਰਤ ਕਰਨਾ, ਮੂਰਤੀ ਪੂਜਾ ਕਰਨੀ, ਮਾਲਾ ਫੇਰਨੀ, ਜਪ-ਤਪ ਕਰਨਾ, ਸਮਾਧੀਆਂ ਲਗਾਉਣਾ ਆਦਿਕ ਤੋਂ ਛੁਟਕਾਰਾ ਪਾ ਸਕਦਾ ਹੈ।
ਪਰ ਇਹ ਵੀ ਧਿਆਨ ਦੇਣ ਯੋਗ ਤੱਥ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਨੂੰ ਅਪਣਾਉਣ ਲਈ ਉਨ੍ਹਾਂ ਦੇ ਉਪਦੇਸ਼ਾਂ ਨੂੰ ਪੜ੍ਹ ਜਾਂ ਸੁਣ ਕੇ ਵਿਚਾਰਨਾ ਅਤੇ ਫਿਰ ਆਪਣੀ ਜ਼ਿੰਦਗੀ ਵਿਚ ਅਪਣਾਉਣਾ ਜ਼ਰੂਰੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਮਹਿੰਗੇ ਰੁਮਾਲੇ ਚੜ੍ਹਾਉਣਾ, ਸੋਨੇ ਦੀਆਂ ਪਾਲਕੀਆਂ ਲਗਾਉਣਾ, ਸੁਖਾਸਨ ਵਾਲੇ ਕਮਰੇ ਵਿਚ ਏਅਰ-ਕੰਡੀਸ਼ਨਰ ਲਗਾਉਣਾ, ਸਰਦੀਆਂ ਵਿਚ ਕੰਬਲ ਓਢਾਉਣਾ ਆਦਿਕ ਕਰਮ-ਕਾਂਡ ਮੂਰਤੀ ਪੂਜਾ ਦਾ ਹੀ ਦੂਜਾ ਰੂਪ ਹਨ। ਡੇਰੇਦਾਰਾਂ ਅਤੇ ਲਾਲਚੀ ਕਿਸਮ ਦੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਇਸ ਕਿਸਮ ਦੀ ਕਥਿਤ ਸੇਵਾ ਦਾ ਹਊਆ ਬਣਾਏ ਜਾਣ ਕਾਰਨ ਬਹੁਤ ਸਾਰੇ ਲੋਕ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਪੜ੍ਹਨ ਦੀ ਬਜਾਏ ਉਕਤ ਕਿਸਮ ਦੇ ਕਰਮ-ਕਾਂਡਾਂ ਤੱਕ ਸੀਮਤ ਰਹਿ ਗਏ ਹਨ।
ਇਨਸਾਨੀਅਤ ਨੂੰ ਰੱਬੀ ਸੱਚ ਦੇ ਗਿਆਨ ਤੋਂ ਵਾਂਝਾ ਰੱਖ ਕੇ ਸ਼ੈਤਾਨ ਦੇ ਪੈਰੋਕਾਰ ਬਣਾਉਣ ਦੀਆਂ ਚਾਹਵਾਨ ਤਾਕਤਾਂ ਨੇ ਗੁਰੂ ਗ੍ਰੰਥ ਸਾਹਿਬ ਬਾਰੇ ਭੰਬਲ-ਭੂਸਾ ਖੜਾ ਕਰਨ ਲਈ ਉਨ੍ਹਾਂ ਦੇ ਬਰਾਬਰ ਅਸ਼ਲੀਲ ਰਚਨਾਵਾਂ ਦੇ ਇਕ ਪੁਲਿੰਦੇ ਨੂੰ ‘ਗੁਰੂ’ ਵਜੋਂ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਹੈ। ਕੁਝ ਹੋਰ ਡੇਰੇਦਾਰ ਉਕਤ ਕੂੜ ਗ੍ਰੰਥ ਦੇ ਇਲਾਵਾ ਹੋਰਨਾਂ ਲਿਖਤਾਂ ਨੂੰ ਵੀ ਗੁਰੂ ਦੀਆਂ ਲਿਖਤਾਂ ਵਜੋਂ ਪ੍ਰਚਾਰ ਕੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਜੋਰਾਂ-ਸ਼ੋਰਾਂ ਨਾਲ ਡਟੇ ਹੋਏ ਹਨ। ਚੰਡੀਗੜ੍ਹ ਦੇ ਇਕ ਟੁੱਕੜਬੋਚ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਬਾਰੇ ਕੂੜ ਪ੍ਰਚਾਰ ਅਰੰਭ ਕੇ ਇਸਦੇ ਮੌਜੂਦਾ ਸਰੂਪ ਨੂੰ ‘ਨਕਲੀ’ ਗ੍ਰੰਥ ਵਜੋਂ ਹੀ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਹੈ।
ਇਸਲਈ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਦਾਅਵਾ ਕਰਨ ਵਾਲਿਆਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਕੂੜ ਦਾ ਪ੍ਰਚਾਰ ਕਰ ਰਹੇ ਅਜਿਹੀਆਂ ਮਨੁੱਖਤਾ-ਵਿਰੋਧੀ ਤਾਕਤਾਂ ਤੋਂ ਸਮੁੱਚੇ ਸੰਸਾਰ ਨੂੰ ਮੁਕਤ ਕਰਵਾਉਣ ਲਈ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਬਾਰੇ ਸਾਰੇ ਸੰਸਾਰ ਦੇ ਲੋਕਾਂ ਨੂੰ, ਉਨ੍ਹਾਂ ਦੀਆਂ ਭਾਸ਼ਾਵਾਂ ਵਿਚ ਜਾਣਕਾਰੀ ਦੇ ਕੇ, ਸੱਚੇ ਗਿਆਨ ਦੇ ਇਸ ਇਕ-ਮਾਤਰ ਸ੍ਰੋਤ ਬਾਰੇ ਸੰਸਾਰ ਨੂੰ ਜਾਗ੍ਰਿਤ ਕਰਨ ਤਾਂ ਜੋ ਸਮੁੱਚੀ ਦੁਨੀਆ ਦੇ ਲੋਕ ਇਨ੍ਹਾਂ ਨੂੰ ਆਪਣੇ ‘ਰਹਿਨੁਮਾ’ ਵਜੋਂ ਅਪਣਾ ਸਕਣ। ਸਿੱਖਾਂ ਦਾ ਇਹ ਵੀ ਪਰਮ ਫਰਜ਼ ਬਣਦਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਇਲਾਵਾ ਕਿਸੇ ਵੀ ਹੋਰ ਅਖੌਤੀ ਗ੍ਰੰਥ ਦੀਆਂ ਮਨਮਤੀ ਰਚਨਾਵਾਂ ਪੜ੍ਹ ਕੇ ਆਪਣਾ ਸਮਾਂ ਖਰਾਬ ਕਰਨ ਅਤੇ ਵਿਚਾਰਧਾਰਾ ਬਾਰੇ ਦੁਚਿੱਤੀ ਵਿਚ ਪੈਣ ਦੀ ਬਜਾਏ ਸਿਰਫ਼ ਤੇ ਸਿਰਫ਼ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਹੀ ਅਧਿਆਤਮਕ ਸੇਧ ਲੈਣ ਕਿਉਂਕਿ ਗੁਰਬਾਣੀ ਦਾ ਫੁਰਮਾਨ ਹੈ :
ਗਉੜੀ ਬੈਰਾਗਣਿ ਮਹਲਾ 4 ।।
ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੁ ਕਹੀਐ ।।
ਮਨ ਕੀ ਦੁਬਿਧਾ ਬਿਨਸਿ ਜਾਇ ਹਰਿ ਪਰਮ ਪਦੁ ਲਹੀਐ ।।1।।
ਮੇਰਾ ਸਤਿਗੁਰੁ ਪਿਆਰਾ ਕਿਤੁ ਬਿਧਿ ਮਿਲੈ ।।
ਹਉ ਖਿਨੁ ਖਿਨੁ ਕਰੀ ਨਮਸਕਾਰੁ ਮੇਰਾ ਗੁਰੁ ਪੂਰਾ ਕਿਉ ਮਿਲੈ ।।1।। ਰਹਾਉ ।।
ਕਰਿ ਕਿਰਪਾ ਹਰਿ ਮੇਲਿਆ ਮੇਰਾ ਸਤਿਗੁਰੁ ਪੂਰਾ।।
ਇਛ ਪੁੰਨੀ ਜਨ ਕੇਰੀਆ ਲੇ ਸਤਿਗੁਰ ਧੂਰਾ ।।2।।
ਹਰਿ ਭਗਤਿ ਦ੍ਰਿੜਾਵੈ ਹਰਿ ਭਗਤਿ ਸੁਣੈ ਤਿਸੁ ਸਤਿਗੁਰ ਮਿਲੀਐ ।।
ਤੋਟਾ ਮੂਲਿ ਨ ਆਵਈ ਹਰਿ ਲਾਭੁ ਨਿਤਿ ਦ੍ਰਿੜੀਐ ।।3।।
ਜਿਸ ਕਉ ਰਿਦੈ ਵਿਗਾਸੁ ਹੈ ਭਾਉ ਦੂਜਾ ਨਾਹੀ ।।
ਨਾਨਕ ਤਿਸੁ ਗੁਰ ਮਿਲਿ ਉਧਰੈ ਹਰਿ ਗੁਣ ਗਾਵਾਹੀ ।।4।।8।।
(ਗੁਰੂ ਗ੍ਰੰਥ ਸਾਹਿਬ, ਪੰਨਾ 164)