Subscription About Us Contact Us


ਬੀਬੀ ਕੌਲਾਂ ਨੂੰ ਮਾਤਾ ਕੌਲਾਂ ਪ੍ਰਚਾਰਨ ਵਾਲਾ ਪਖੰਡੀ ਗੁਰਇਕਬਾਲ ਸਿੰਘ ਸਿੱਖ ਇਤਿਹਾਸ ਨੂੰ ਨੇਤਸਨਾਬੂਦ ਕਰਨ ਲਈ ਤਰਲੋ-ਮੱਛੀ ਹੋਣ ਲੱਗਾ

- ਗਿ: ਜਗਤਾਰ ਸਿੰਘ ਜਾਚਕ -
ਫੋਨ : 9855205089

ਸਿੱਖੀ ਜੀਵਨ ਦੇ ਅਧਾਰ, ਨਾਮ-ਅੰਮ੍ਰਿਤ ਦੇ ਭੰਡਾਰ, ਜੁੱਗੋ-ਜੁੱਗ ਅਟੱਲ ਸ਼ਬਦ-ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 300 ਸਾਲਾ ਗੁਰਗੱਦੀ ਪੁਰਬ ਸਮੇਂ, ਤਖ਼ਤ ਸ੍ਰੀ ਹਜ਼ੂਰ ਸਾਹਿਬ (ਨੰਦੇੜ) ਦੇ ਪ੍ਰਬੰਧਕੀ ਸੇਵਾਦਾਰਾਂ ਨੇ ਅਗਿਆਨਤਾ ਵੱਸ ਬਿਨ੍ਹਾਂ ਵਿਚਾਰੇ ਇੱਕ ਸਲੋਗਨ ਲਿਖ ਦਿੱਤਾ ‘300 ਸਾਲ ਗੁਰੂ ਦੇ ਨਾਲ’, ਜੋ ਸਿਧਾਂਤਕ ਤੇ ਇਤਿਹਾਸਕ ਪੱਖੋਂ ਬਿਲਕੁਲ ਗਲਤ ਸੀ। ਕਿਉਂਕਿ, ਸਨਮੁਖ ਸਿੱਖ ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸਮੇਂ ਤੋਂ ਹੀ ਸ਼ਬਦ ਗੁਰੂ ਦੇ ਨਾਲ ਜੁੜੇ ਆ ਰਹੇ ਹਨ। "ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ।। ਸਿਮਰਿ ਸਿਮਰਿ ਤਿਸੁ ਸਦਾ ਸਮਾਲੇ।।" (394- ਆਸਾ, ਮ: 5) ਦੇ ਗੁਰਵਾਕ ਮੁਤਾਬਿਕ ਸ਼ਬਦ ਸੁਰਤ ਦੇ ਸੁਮੇਲ ਸਦਕਾ ਉਨ੍ਹਾਂ ਦਾ ਤਾਂ ਹਰ ਪਲ ਗੁਰੂ ਦੇ ਨਾਲ ਗੁਜ਼ਰਦਾ ਹੈ। ਭਾਵ, ਉਹ ਆਪਣਾ ਸਾਰਾ ਜੀਵਨ-ਵਿਹਾਰ ਗੁਰਸ਼ਬਦ ਵਿਚਾਰ ਦੀ ਰੌਸ਼ਨੀ ਵਿੱਚ ਕਰਦੇ ਹਨ। ਸੂਝਵਾਨ ਵਿਦਵਾਨ ਸਜਣਾਂ ਨੇ ਉਸ ਵੇਲੇ ਵੀ ਵਿਰੋਧ ਕੀਤਾ ਸੀ। ਪਰ, ਨਗਾਰਖ਼ਾਨੇ ਵਿੱਚ ਤੂਤੀ ਦੀ ਸੁਣਦਾ ਕੌਣ ਹੈ?

ਪ੍ਰੰਤੂ, ਹੋਰ ਵੀ ਦੁੱਖ ਦੀ ਗੱਲ ਹੈ ਕਿ ਗੁਰਬਾਣੀ ਬੋਧ ਤੋਂ ਬਿਲਕੁਲ ਅਣਜਾਣ, ਗੁਰਮਤਿ ਸਿਧਾਂਤਾਂ ਦੀ ਸੋਝੀ ਤੋਂ ਸੱਖਣੇ ਅਤੇ ਇਤਿਹਾਸ ਤੋਂ ਕੋਰੇ ਸ੍ਰੀ ਅੰਮ੍ਰਿਤਸਰ ਵਾਲੇ ਬਿਪਰਵਾਦੀ ਗੁਰਇਕਬਾਲ ਸਿੰਘ ਦੀ ਵਪਾਰਿਕ ਬਿਰਤੀ ਨੇ ਗੁਰਸਿੱਖ ਸ਼ਰਧਾਲੂਆਂ ਅੰਦਰਲੀ ਉਪਰੋਕਤ ਕਿਸਮ ਦੀ ਜਜ਼ਬਾਤੀ ਲਹਿਰ ਦਾ ਲਾਭ ਉਠਾਦਿਆਂ ‘300 ਸਾਲ ਗੁਰਬਾਣੀ ਕੰਠ ਦੇ ਨਾਲ, ਲਿਖਣ ਭਗਤੀ ਦੇ ਨਾਲ, ਸਿੱਖੀ ਸਰੂਪ ਦੇ ਨਾਲ ਅਤੇ ਹੁਣ 300 ਸਾਲ ਸਿੱਖ ਇਤਿਹਾਸ ਦੇ ਨਾਲ’ ਅਜਿਹੀ ਭੇਡ-ਚਾਲ ਚੱਲਾਈ ਹੈ, ਜਿਹੜੀ ਪੰਥ-ਦਰਦੀ ਜਾਗਰੂਕ ਸਿੱਖਾਂ ਦੀ ਦ੍ਰਿਸ਼ਟੀ ਵਿੱਚ ਕੇਵਲ ਦੇਹਧਾਰੀ ਤੇ ਡੇਰੇਦਾਰੀ ਗੁਰੂਡੰਭ ਨੂੰ ਉਤਸ਼ਾਹਤ ਕਰਨ ਵਾਲੀ ਹੀ ਨਹੀਂ। ਸਗੋਂ ਗੁਰੂ ਸਾਹਿਬਾਨ ਅਤੇ ਹੁਣ ਤੱਕ ਦੇ ਗੁਰਮੁਖ ਗੁਰਸਿੱਖਾਂ ਦੀ ਘਾਲ-ਕਮਾਈ ’ਤੇ ਪਾਣੀ ਫੇਰਦਿਆਂ ਗੁਰਸਿੱਖੀ ਦੀ ਜੜ੍ਹੀਂ ਤੇਲ ਦੇਣ ਵਾਲੀ ਹੈ। ਇਥੇ ਸੁਆਲ ਖੜੇ ਹੁੰਦੇ ਹਨ ਕਿ ਸਿੱਖ ਇਤਿਹਾਸ 300 ਸਾਲ ਦਾ ਹੈ ਜਾਂ 540 ਸਾਲ ਦਾ ? ਸਿੱਖ ਕੌਮ 300 ਸਾਲ ਤੋਂ ਸਿੱਖੀ ਸਰੂਪ ਦੇ ਨਾਲ ਹਾਂ ਜਾਂ 540 ਸਾਲ ਤੋਂ?

ਪ੍ਰੰਤੂ ਕੀ ਕਰੀਏ? ‘‘ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰੁ ।। (967, ਰਾਮਕਲੀ ਵਾਰ-ਸੱਤਾ ਤੇ ਬਲਵੰਡਿ)’’ ਦੇ ਰੱਬੀ ਫੁਰਮਾਨ ਅਨੁਸਾਰ ਨੋਟਾਂ ਨੇ ਸਾਡੇ ਧਾਰਮਿਕ ਆਗੂਆਂ ਅਤੇ ਵੋਟਾਂ ਨੇ ਸਾਡੇ ਕਥਿਤ ਪੰਥਕ ਤੇ ਰਾਜਨੀਤਕ ਆਗੂਆਂ ਦੀ ਅਜਿਹੀ ਮੱਤ ਮਾਰੀ ਹੈ ਕਿ ਉਹ ਵੀ ਅੱਖਾਂ ਮੀਟ ਕੇ ਗੁਰਇਕਬਾਲ ਸਿੰਘ ਦੇ ਨਾਲ ਤੁਰੀ ਜਾ ਰਹੇ ਹਨ। ਸਿੱਟੇ ਵਜੋਂ ਇਨ੍ਹਾਂ ਵੱਲ ਦੇਖ ਕੇ ਸ਼ਰਧਾਲੂ ਸਿੱਖ ਜਗਤ ਗੁੰਮਰਾਹ ਹੋ ਰਿਹਾ ਹੈ। ਲਗਭਗ ਦੋ ਸਾਲ ਪਹਿਲਾਂ ਦਾਸ (ਜਗਤਾਰ ਸਿੰਘ ਜਾਚਕ) ਨੇ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਗੁਰ-ਸ਼ਬਦ ਵਿਚਾਰ ਕਰਦਿਆਂ ਟਾਈਮ ਟੀ.ਵੀ. ਤੋਂ ਬੜੇ ਹੀ ਸ਼ੰਕੋਚਵੇਂ ਸ਼ਬਦਾਂ ਵਿੱਚ ਸੁਆਲ ਉਠਾਇਆ ਸੀ ਕਿ ਦੱਸਿਆ ਜਾਵੇ ਕਿ ਦਲਭੰਜਨ ਗੁਰ ਸੂਰਮੇਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਇਤਿਹਾਸ ਨੂੰ ਆਚਰਣਕ ਤੌਰ ’ਤੇ ਕਲੰਕਤ ਕਰਨ ਵਾਲੇ ਪ੍ਰਸੰਗ ਦੀ ਪਾਤਰ ਬੀਬੀ ਕੌਲਾਂ ਗੁਰਸਿੱਖਾਂ ਦੀ ਮਾਤਾ ਕਿਵੇਂ ਬਣ ਗਈ? ਅਤੇ ਉਸ ਨੇ ਕਦੋਂ ਤੇ ਕਿਹੜੀ ਟਕਸਾਲ ਚਲਾਈ ਸੀ? ਸਿੱਟੇ ਵਜੋਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਸਰਨਾ ਦੀ ਮੌਜੂਦਗੀ ਵਿੱਚ ਹੋਈ ਵਿਚਾਰ ਚਰਚਾ ਸਮੇਂ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਫੋਨ ’ਤੇ ਦਿੱਤੇ ਆਦੇਸ਼ਾਂ ਮੁਤਾਬਿਕ ਮਾਤਾ ਕੋਲਾਂ ਟ੍ਰਸਟ ਦੇ ਮੈਂਬਰਾਂ ਨੇ ਮੰਨਿਆਂ ਕਿ ਅੱਜ ਤੋਂ ਉਹ ‘ਮਾਤਾ ਕੌਲਾਂ ਟਕਸਾਲ’ ਨਹੀਂ ਲਿਖਣਗੇ।

ਜਾਗਰੂਕ ਸਿੱਖ ਵਿਦਵਾਨਾਂ ਦੀ ਦ੍ਰਿਦ੍ਰਸ਼ਟੀ ਵਿੱਚ ਤਾਂ ਭਾਈ ਗੁਰਇਕਬਾਲ ਸਿੰਘ ਦਾ ਕੀਰਤਨ ਤੇ ਪ੍ਰਚਾਰ ਢੰਗ ਮੁੱਢ ਤੋਂ ਹੀ ਬਿਪਰਵਾਦੀ, ਪੰਥਕ ਵਿਧਾਨ ਦੇ ਵਿਪਰੀਤ, ਸਿਧਾਂਤਹੀਣ ਅਤੇ ਡੇਰੇਦਾਰੀ ਨੂੰ ਉਤਸ਼ਾਹਤ ਕਰਨ ਵਾਲਾ ਹੀ ਮੰਨਿਆ ਗਿਆ ਹੈ। ਪਰ, ਕੁਝ ਦਿਨ ਪਹਿਲਾਂ ਦਾਸ (ਜਾਚਕ) ਨੂੰ ਮਾਤਾ ਕੌਲਾਂ ਭਲਾਈ ਟ੍ਰਸਟ ਅੰਮ੍ਰਿਤਸਰ ਵਲੋਂ ਸ਼੍ਰੋਮਣੀ ਕਮੇਟੀ ਸ੍ਰੀ ਅੰਮ੍ਰਿਤਸਰ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਪੂਰਨ ਸਹਿਯੋਗ ਦੁਆਰਾ ਪੌਣੇ ਦੋ ਕਰੋੜ ਦੀ ਲਾਗਤ ਨਾਲ ਪ੍ਰਕਾਸ਼ਤ ‘300 ਸਾਲ ਸਿੱਖ ਇਤਿਹਾਸ ਦੇ ਨਾਲ’ ਨਾਮ ਦਾ ਚੋਣਵੀਆਂ ਸਾਖੀਆਂ ਦੇ ਇਨਾਮੀ ਸਲੇਬਸ ਵਾਲੀ ਟ੍ਰੈਕਟਨੁਮਾ 96 ਪੰਨਿਆਂ ਦੀ ਪੁਸਤਕ ਮਿਲੀ, ਜਿਸ ਨੂੰ ਪੜ੍ਹ ਕੇ ਦਾਸ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਤੇ ਮੇਰੀ ਕਲਮ ਇਹ ਕੌੜਾ ਘੁੱਟ ਭਰਨ ਲਈ ਮਜ਼ਬੂਰ ਹੋ ਗਈ। ਕਿਉਂਕਿ, ਇਸ ਪੁਸਤਕ ਦੀਆਂ ਮਨੋਕਲਪਤ ਕਹਾਣੀਆਂ ਵਿਚੋਂ ਇੱਕ ਵੀ ਸਾਖੀ ਗੁਰਬਾਣੀ ਦੀ ਕਸਵੱਟੀ ’ਤੇ ਖਰੀ ਨਹੀ ਉਤਰਦੀ। ਪੁਸਤਕ ਵਿੱਚ ਲਿਖੇ ਲਗਭਗ ਸਾਰੇ ਪ੍ਰਸ਼ਨ ਉੱਤਰ ਵੀ ਕੇਵਲ ਮਨੋਕਲਪਤ ਹੀ ਨਹੀਂ। ਸਗੋਂ ਸਿੱਖ ਰਹਿਤ ਮਰਯਾਦਾ ਦਾ ਉਲੰਘਣ ਕਰਦਿਆਂ ਇਤਿਹਾਸਕ ਤੱਥਾਂ ਦੇ ਵਿਰੁੱਧ ਬਿਲਕੁੱਲ ਖਰੀਆਂ ਗੱਪਾਂ ਹਨ।

ਜਿਵੇਂ, ਪ੍ਰਸ਼ਨ :- ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਅਨੰਦਪੁਰ ਨਗਰ ਵਸਾ ਰਹੇ ਸੀ ਤਾਂ ਕਵੀ ਬੁੱਲੇ ਸ਼ਾਹ ਨੇ ਪ੍ਰਭਾਵਿਤ ਹੋ ਕੇ ਕਿਹੜੇ ਲਫ਼ਜ਼ ਵਰਤੇ ?

ਉੱਤਰ :- ਬੁੱਲੇ ਸ਼ਾਹ ਨੇ ਕਿਹਾ "ਇੱਟ ਖੜਕਾ ਦੁਪੜ ਵੱਜੇ, ਨਾਲੇ ਬਲੇ ਚੁੱਲ੍ਹਾ। ਇਹਨੀ ਗੱਲੀਂ ਰੱਬ ਰਾਜ਼ੀ ਰਹਿੰਦਾ, ਨਾਲੇ ਰਹਿੰਦਾ ਬੁੱਲਾ।" (ਪੰਨਾ : 63)

ਪੜਚੋਲਿਕ ਟਿਪਣੀ : ਹਕੀਕਤ ਇਹ ਹੈ ਕਿ ਸਾਈਂ ਬੁੱਲੇ ਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ (ਸੰਨ 1675) ਤੋਂ 5 ਸਾਲ ਪਿਛੋਂ ਸ਼ਾਹ ਮੁਹੰਮਦ ਦਰਵੇਸ਼ ਦੇ ਘਰ, ਬਹਾਵਲਪੁਰ ਦੇ ਪਿੰਡ ਉੱਚ, ਪੰਜਾਬ (ਪਾਕਸਿਤਾਨ) ਵਿਖੇ ਸੰਨ 1680 ਨੂੰ ਜਨਮੇਂ ਅਤੇ 78 ਸਾਲ ਦੀ ਆਯੂ ਭੋਗ ਕੇ ਸੰਨ 1758 ਵਿੱਚ ਮਰੇ। ਹੁਣ ਵਿਚਾਰਨ ਵਾਲੀ ਗੱਲ ਹੈ ਕਿ ਸ੍ਰੀ ਗੁਰੂ ਤੇਗਬਾਹਦਰ ਸਾਹਿਬ ਜੀ ਦੀ ਸ਼ਹਾਦਤ ਸੰਨ 1675 ਵਿੱਚ ਹੋਈ ਅਤੇ ਉਨ੍ਹਾਂ ਨੇ ਸ਼੍ਰੀ ਆਨੰਦਪੁਰ ਸਾਹਿਬ ਦੀ ਨਗਰੀ ਆਪਣੀ ਸ਼ਹਾਦਤ ਤੋਂ 9 ਸਾਲ ਪਹਿਲਾਂ ਹੀ ਵਸਾ ਦਿੱਤੀ ਸੀ। ਤਾਂ ਫਿਰ ਬੁੱਲਾ ਜੀ ਨੇ ਉੁਪਰੋਕਤ ਲਫ਼ਜ਼ ਆਪਣੇ ਜਨਮ ਤੋਂ ਵੀ 14 ਸਾਲ ਪਹਿਲਾਂ ਕਿਹੜੇ ਅਕਾਸ਼ ਤੋਂ ਕਹਿ ਦਿੱਤੇ?

ਪ੍ਰਸ਼ਨ :- ਈਰਖਾ ਕਾਰਨ ਧੀਰਮੱਲ ਨੇ ਜਦ ਸਿੱਖਾਂ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਣ ਤੋਂ ਨਾਹ ਕਰ ਦਿੱਤੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕੀਤਾ?

ਉੱਤਰ : ਗੁਰੂ ਜੀ ਨੇ ਆਪਣੀ ਆਤਮਿਕ ਸ਼ਕਤੀ ਨਾਲ ਸਾਬੋ ਕੀ ਤਲਵੰਡੀ ਸ੍ਰੀ ਦਮਦਮਾ ਸਾਹਿਬ ਵਿਖੇ 9 ਮਹੀਨੇ 9 ਦਿਨ 9 ਘੜੀਆਂ ਦੇ ਵਿੱਚ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਤੋਂ ਸੇਵਾ ਲੈ ਕੇ ਸਾਰੀ ਬਾਣੀ ਜ਼ੁਬਾਨੀ ਉਚਾਰਨ ਕੀਤੀ। (ਪੰਨਾ 23-24)

ਪੜਚੋਲਿਕ ਟਿਪਣੀ : ਭੱਟ ਵਹੀਆਂ ਦੀ ਗਵਾਹੀ ਮੁਤਾਬਿਕ ਬਾਬਾ ਧੀਰਮੱਲ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਬੋ ਕੀ ਤਲਵੰਡੀ (ਸ੍ਰੀ ਦਮਦਮਾ ਸਾਹਿਬ) ਪਹੁੰਚਣ ਤੋਂ 29 ਸਾਲ ਪਹਿਲਾਂ ਹੀ ਮਾਰੇ ਜਾ ਚੁੱਕੇ ਸਨ। ਕਿਉਂਕਿ, ਸਤਿਗੁਰੂ ਜੀ ਸ੍ਰੀ ਮੁਕਤਸਰ ਦੀ ਜੰਗ ਉਪਰੰਤ ਸ੍ਰੀ ਦਮਦਮਾ ਸਾਹਿਬ ਪਹੁੰਚੇ ਸਨ ਸੰਨ 1705 ਵਿੱਚ ਅਤੇ ਧੀਰਮੱਲ ਨੂੰ ਹਕੂਮਤ ਵਲੋਂ ਸੰਨ 1676 ਵਿੱਚ ਗ੍ਰਿਫਤਾਰ ਕਰਕੇ ਰਣਥੰਬੋਰ ਦੇ ਕਿਲੇ ਵਿੱਚ ਨਜ਼ਰਬੰਦ ਰੱਖਿਆ ਤੇ ਫਿਰ ਅਗਲੇ ਹੀ ਸਾਲ ਸੰਨ 1677 ਵਿੱਚ ਉੱਥੇ ਹੀ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਲਈ ਜਦੋਂ ਸਤਿਗੁਰੂ ਜੀ ਦੇ ਸ੍ਰੀ ਦਮਦਮਾ ਸਾਹਿਬ ਪਹੁੰਚਣ ਸਮੇਂ ਧੀਰਮੱਲ ਸਰੀਰਕ ਤੌਰ ’ਤੇ ਧਰਤੀ ਉਪਰ ਮਜੂਦ ਹੀ ਨਹੀ ਸੀ, ਕਿਉਂਕਿ, ਉਹ ਤਾਂ 29 ਸਾਲ ਸਾਲ ਪਹਿਲਾਂ ਹੀ ਮਰ ਚੁੱਕਾ ਸੀ ਤਾਂ ਫਿਰ ਇਹ ਸੁਆਲ ਹੀ ਹਾਸੋਹੀਣਾ ਹੈ ਕਿ ਜਦ ਧੀਰਮੱਲ ਨੇ ਈਰਖਾ ਵੱਸ ਸਤਿਗੁਰੂ ਜੀ ਦੇ ਭੇਜੇ ਸਿੱਖਾਂ ਨੂੰ ਬੀੜ ਦੇਣ ਤੋਂ ਨਾਹ ਕਰ ਦਿੱਤੀ ਤਾਂ ਉਨ੍ਹਾਂ ਫਿਰ ਕੀ ਕੀਤਾ ? ਸਪਸ਼ਟ ਹੈ ਕਿ ਉਪਰੋਕਤ ਦੋਵੇਂ ਪ੍ਰਸ਼ਨ ਇਤਿਹਾਸਕ ਤੱਥਾਂ ਦੇ ਉਲਟ ਅਤੇ ਮਨਘੜਤ ਗੱਪਾਂ ਹਨ।

ਪ੍ਰਸ਼ਨ : ਪੰਜ ਬਾਣੀਆਂ ਦੇ ਨਾਮ ਦੱਸੋ, ਜੋ ਹਰ ਸਿੱਖ ਲਈ ਅੰਮ੍ਰਿਤ ਵੇਲੇ ਜ਼ਰੂਰੀ ਹਨ ?

ਉੱਤਰ : ਜਪੁ ਜੀ ਸਾਹਿਬ, ਜਾਪੁ ਸਾਹਿਬ, ਤਵਪ੍ਰਸਾਦਿ ਸਵੱਯੇ, ਚੌਪਈ ਸਾਹਿਬ, ਸੰਪੂਰਨ ਅਨੰਦ ਸਾਹਿਬ। (ਪੰਨਾ 14)

ਪੜਚੋਲਿਕ ਟਿਪਣੀ : ਇਹ ਉੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਦੁਆਰਾ ਪੰਥ ਪ੍ਰਵਾਣਿਤ ਤੇ ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਤ ਸਿੱਖ ਰਹਿਤ ਮਰਯਾਦਾ ਦਾ ਉਲੰਘਣ ਹਨ। ਕਿਉਂਕਿ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਰਾਗਬੱਧ ਬਾਣੀਆਂ ਤੋਂ ਪਹਿਲਾਂ ਅਰੰਭਕ 13 ਪੰਨੇ ਗੁਰਸਿੱਖਾਂ ਦੇ ਸਵੇਰੇ, ਸ਼ਾਮ ਤੇ ਰਾਤ ਦੇ ਨਿਤਨੇਮ ਦੀਆਂ ਬਾਣੀਆਂ ਦਾ ਸੰਗ੍ਰਹਿ ਮੰਨੇ ਜਾਂਦੇ ਹਨ। ਜਿਨ੍ਹਾਂ ਦੇ ਸਿਰਲੇਖ ਹਨ : ਜਪੁ, ਸੋ ਦਰੁ, ਸੋ ਪੁਰਖੁ ਤੇ ਸੋਹਿਲਾ। ਸਪਸ਼ਟ ਹੈ ਕਿ ਗੁਰੂ ਗ੍ਰੰਥ ਸਾਹਿਬ ਮੁਤਾਬਕ ਸਵੇਰ ਦੀ ਬਾਣੀ ਕੇਵਲ ਜਪੁ ਜੀ ਸਾਹਿਬ ਹੈ। ਪੰਥਕ ਫੈਸਲੇ ਮੁਤਾਬਿਕ ਸਿੱਖ ਰਹਿਤ ਮਰਯਾਦਾ ਵਿਖੇ ਪੰਨਾ 9 ’ਤੇ ਲਿਖਿਆ ਹੈ : ਜਪੁ, ਜਾਪੁ ਅਤੇ 10 ਸਵੱਯੇ (‘ਸ੍ਰਾਵਗ ਸੁਧ’ ਵਾਲੇ) - ਇਹ ਬਾਣੀਆਂ ਅੰਮ੍ਰਿਤ ਵੇਲੇ ਪੜ੍ਹਣੀਆਂ। ਨੋਟ ਕਰਨ ਵਾਲੀ ਗੱਲ ਹੈ ਕਿ ਇਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ (ਜਪੁ ਜੀ ਸਾਹਿਬ) ਅਤੇ ਦੋ ਬਾਣੀਆਂ ਜਾਪੁ ਸਾਹਿਬ ਤੇ ਸਵੱਯੇ ਦਸਮ ਗ੍ਰੰਥ ਵਿਚੋਂ ਹਨ। ਪਰ, ਗੁਰਇਕਬਾਲ ਸਿਘ ਨੇ ਗੁਰੂ ਗ੍ਰੰਥ ਸਾਹਿਬ ਵਿਚੋਂ ਅਨੰਦ ਸਾਹਿਬ ਅਤੇ ਦਸਮ ਗ੍ਰੰਥ ਦੇ ਅਤਿ ਅਸ਼ਲੀਲ ਭਾਗ ਚਰਿਤ੍ਰੋਪਖਿਆਨ ਵਿਚੋਂ ‘ਚੌਪਈ’ ਜੋੜ ਕੇ ਅੰਮ੍ਰਿਤ ਵੇਲੇ ਦੀਆਂ ਪੰਜ ਪੂਰੀਆਂ ਕਰ ਦਿੱਤੀਆਂ ਹਨ। ਇਸ ਪ੍ਰਕਾਰ ਸ਼ਾਮ ਦੀ ‘ਰਹਿਰਾਸ ਸਾਹਿਬ’ ਅਤੇ ਰਾਤ ਦੀ ਸੋਹਿਲਾ ਸਾਹਿਬ ਪਾ ਕੇ ਸਿੱਖਾਂ ਦੇ ਨਿਤਨੇਮ ਦੀਆਂ ਸੱਤ ਬਾਣੀਆਂ ਹੋ ਜਾਣਗੀਆਂ। ਵਿਚਾਰਨ ਵਾਲਾ ਨੁਕਤਾ ਇਹ ਹੈ ਕਿ ਡੇਰੇਦਾਰ ਵਿਹਲੜਾਂ ਨੂੰ ਛੱਡ ਕੇ ਵਿਸ਼ਵ ਭਰ ਦੇ ਗ੍ਰਹਿਸਥੀ ਤੇ ਕਾਰੋਬਾਰੀ ਸਿੱਖਾਂ ਲਈ ਅਜਿਹਾ ਨੇਮ ਨਿੱਤ ਨਿਭਾਅ ਸਕਣਾ ਸੰਭਵ ਹੋਏਗਾ ?

ਪ੍ਰਸ਼ਨ : ਸ੍ਰੀ ਜਪੁ ਜੀ ਸਾਹਿਬ ਵਿੱਚ ੴ ਤੋਂ ਹੋਸੀ ਭੀ ਸਚੁ ਤਕ ਸੁਣਾਉ ? (ਪੰਨਾ 12)

ਉੱਤਰ : ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ।। ਜਪੁ ।। ਆਦਿ ਸਚੁ ਜੁਗਾਦਿ ਸਚੁ ।। ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ।।

ਪੜਚੋਲਿਕ ਟਿਪਣੀ : ਸਿੱਖ ਰਹਿਤ ਮਰਯਾਦਾ ਵਿਖੇ ਪੰਨਾ 27 ’ਤੇ ਅੰਮ੍ਰਿਤ ਸੰਸਕਾਰ ਦੇ ਸਿਰਲੇਖ ਹੇਠ ਮਦ (ਞ) ਵਿੱਚ ਸਪਸ਼ਟ ਲਿਖਿਆ ਹੈ ਕਿ ਮੂਲ ਮੰਤਰ ‘ੴ ਤੋਂ ਗੁਰਪ੍ਰਸਾਦਿ ।।’ ਤੱਕ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਇਹ ਮਹਾਂਵਾਕ ਮੰਗਲਾਚਰਨ ਦੇ ਰੂਪ ਵਿੱਚ 33 ਵਾਰ ਆਇਆ ਹੈ ਅਤੇ ਓਥੇ ਕਿਸੇ ਵੀ ਥਾਂ ।।ਜਪੁ।। ਜਾਂ ‘ਆਦਿ ਸਚੁ ਤੋਂ ਹੋਸੀ ਭੀ ਸੱਚ’ ਤੱਕ ਦਾ ਸ਼ਲੋਕ ਨਾਲ ਅੰਕਤ ਨਹੀ। ਕਿਉਂਕਿ, ।। ਜਪੁ ।। ਬਾਣੀ ਦਾ ਸਿਰਲੇਖ ਹੈ ਅਤੇ ਇਹ ‘ਜਪੁ’ ਜੀ ਦਾ ਅਰੰਭਕ ਸ਼ਲੋਕ। ਨੋਟ ਕਰਨ ਵਾਲਾ ਨੁਕਤਾ ਹੈ ਕਿ ‘ੴ ਤੋਂ ਗੁਰਪ੍ਰਸਾਦਿ ।।’ ਤੱਕ ਦਾ ਮੰਗਲਾਚਰਨ ‘ਜਪੁ’ ਤੋਂ ਪਹਿਲਾਂ ਓਵੇਂ ਹੀ ਆਇਆ ਹੈ, ਜਿਵੇਂ ਬਾਕੀ 32 ਥਾਈਂ ਰਾਗਾਂ ਜਾਂ ਵਿਸ਼ੇਸ਼ ਬਾਣੀਆਂ ਦੇ ਆਰੰਭ ਵਿੱਚ।

ਡੇਰੇਦਾਰ ਬਜਿੱਦ ਹਨ ਕਿ ਮੂਲਮੰਤਰ ‘ੴ ਤੋਂ ਹੋਸੀ ਭੀ ਸਚੁ’ ਤੱਕ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਅਕਾਲ ਤਖ਼ਤ ਤੋਂ ਪ੍ਰਵਾਨ ਕਰਵਾਉਣਾ ਹੈ। ਕਿਉਂਕਿ, ਉਨ੍ਹਾਂ ਦੇ ਵੱਡੇ ਮਹਾਂਪੁਰਖ ਨਾਨਕ ਹੋਸੀ ਭੀ ਸੱਚ ਤਕ ਜਪਦੇ ਸਨ। ਸਪਸ਼ਟ ਹੈ ਕਿ ਅਜਿਹੇ ਲੋਕਾਂ ਦਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨਹੀ, ਕੋਈ ਡੇਰੇਦਾਰ ਮਹੰਤ ਹੈ, ਜਿਸ ਨੂੰ ਉਹ ਮਹਾਰਾਜ ਜਾਂ ਮਹਾਂਪੁਰਖ ਕਹਿ ਕੇ ਸਤਿਕਾਰਦੇ ਹਨ, ਜਦ ਕਿ ਗੁਰਬਾਣੀ ਵਿੱਚ ਮਹਾਂਪੁਰਖ ਲਫ਼ਜ਼ ਰੱਬ ਲਈ ਵਰਤਿਆ ਗਿਆ।
ਗੁਰਇਕਬਾਲ ਸਿੰਘ ਨੇ ਵੀ ਚਲਾਕੀ ਨਾਲ ਪੰਥਕ ਵਿਧਾਨ ਦੀ ਉਲੰਘਣਾਂ ਦੇ ਦੋਸ਼ ਤੋਂ ਬਚਣ ਲਈ ਪ੍ਰਸ਼ਨ ਵਿੱਚ ਮੂਲਮੰਤਰ ਲਫ਼ਜ਼ ਦੀ ਵਰਤੋਂ ਨਹੀ ਕੀਤੀ, ਪਰ ਉਸ ਦਾ ਮਨੋਰਥ ‘ਨਾਨਕ ਹੋਸੀ ਭੀ ਸਚੁ’ ਤੱਕ ਮੂਲਮੰਤਰ ਨੂੰ ਪ੍ਰਚਾਰਨਾ ਤੇ ਦ੍ਰਿੜ ਕਰਵਾਉਣਾ ਹੈ, ਜਿਸ ਲਈ ਗ੍ਰਾਊਂਡ ਤਿਆਰ ਕੀਤੀ ਜਾ ਰਹੀ ਹੈ। ਮੰਗਲਾਚਰਨ ਤੇ ਸ਼ਲੋਕ ਨੂੰ ਰਲਗੱਡ ਕਰਨ ਲਈ ਉੱਤਰ ਲਿਖਣ ਵੇਲੇ ਵੱਡਾ ਗੁਨਾਹ ਇਹ ਕੀਤਾ ਹੈ ਕਿ ‘ਜਪੁ’ ਤੋਂ ਪਹਿਲਾਂ ਅਤੇ ਸਲੋਕ ਵਿੱਚ ‘ਜੁਗਾਦਿ ਸਚੁ’ ਤੋਂ ਪਿਛੋਂ ਦੀਆਂ ਦੋ ਡੰਡੀਆਂ (।।) ਵਾਲੇ ਪੂਰਨ ਵਿਸ਼ਰਾਮ ਚਿੰਨ ਹੀ ਉਡਾ ਦਿੱਤੇ ਹਨ, ਤਾਂ ਕਿ ਸਹਜੇ ਸਹਜੇ ਮੰਗਲਾਚਰਨ, ਜਪੁ ਸਿਰਲੇਖ ਅਤੇ ਆਦਿ ਸਚੁ ਵਾਲਾ ਸਲੋਕ ਇੱਕ ਮਹਾਂਵਾਕ ਹੀ ਜਾਪਣ। ਡੇਰੇਦਾਰਾਂ ਵਲੋਂ ਪ੍ਰਕਾਸ਼ਤ ਗੁਟਕਿਆਂ ਵਿੱਚ ‘ਜਪੁ’ ਤੋਂ ਪਿੱਛੋਂ ਲਗੀਆਂ ਦੋ ਡੰਡੀਆਂ ਵੀ ਹਟਾ ਦਿੱਤੀਆਂ ਗਈਆਂ ਹਨ। ਪਰ, ਇਨ੍ਹਾਂ ਅਰਬਪਤੀਆਂ ਬਾਬਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਬੁਲਾ ਕੇ ਪੁੱਛੇ ਕੌਣ ?

ਬੱਚਿਆਂ ਅਤੇ ਨੌਜਵਾਨਾਂ ਨੂੰ ਗੁਰਬਾਣੀ ਕੰਠ ਕਰਾਉਣਾ ਤੇ ਸਿੱਖ ਇਤਿਹਾਸ ਤੋਂ ਜਾਣੂ ਕਰਾਉਣਾ ਸ਼ਲਾਘਾ ਯੋਗ ਉਦਮ ਹੈ। ਪਰ, ਇਸ ਬਹਾਨੇ ਬਿਪਰਵਾਦ ਤੇ ਡੇਰੇਦਾਰੀ ਨੂੰ ਉਭਾਰਨਾ ਸਿੱਖੀ ਲਈ ਖ਼ਤਰਨਾਕ ਹੈ। ਸਿੱਖੀ ਵਿੱਚ ਗੁਰਮਤ ਦੀ ਸੋਝੀ ਹਾਸਲ ਕਰਨ ਲਈ ਵਿਚਾਰਪੂਰਵਕ ਗੁਰਬਾਣੀ ਦਾ ਪਾਠ ਕਰਨਾਂ ਤੇ ਉਸ ਦੀ ਰੌਸ਼ਨੀ ਵਿੱਚ ਕਿਰਤਕਾਰ ਕਰਦਿਆਂ ਕਰਤਾਪੁਰਖ ਨੂੰ ਚੇਤੇ ਰਖਣਾਂ ਤਾਂ ਪ੍ਰਵਾਨ ਹੈ। ਪਰ, ਮਨੋਕਾਮਨਾਵਾਂ ਦੀ ਪੂਰਤੀ ਲਈ ਗਿਣਤੀਆਂ ਮਿਣਤੀਆਂ ਦੇ ਮਸ਼ੀਨਵੱਤ ਵਿਸ਼ੇਸ਼ ਪਾਠ ਤੇ ਜਾਪ ਕਰਨੇ ਨਿਰੋਲ ਬਿਪਰਵਾਦ ਹੈ। ਜਿਵੇਂ ਇਸ ਪੁਸਤਕ ਦੇ ਪੰਨਾ 21 ਉੱਪਰ ਲਿਖਿਆ ਹੈ ਕਿ ਸ਼ਹੀਦ ਭਾਈ ਤਾਰੂ ਸਿੰਘ ਰੋਜ਼ ਅੰਮ੍ਰਿਤ ਵੇਲੇ 21 ਪਾਠ ਜਾਪੁ ਸਾਹਿਬ ਦੇ ਕਰਕੇ ਫੇਰ ਹੀ ਕੁਝ ਛਕਦੇ ਸਨ। ਜੋ ਬਿਲਕੁਲ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਦਸਮਗ੍ਰੰਥ ਨਾਲ ਜੋੜਣ ਵਾਲੀ ਮਨਘੜਤ ਡੇਰਾਵਾਦੀ ਗੱਪ ਹੈ। ਜਨਮਸਾਖੀਆਂ ਵਿੱਚ ਗੁਰੂ ਨਾਨਕ ਸਾਹਿਬ ਜੀ ਵਲੋਂ ਭਾਈ ਮਰਦਾਨਾਂ ਨੂੰ ਦਿੱਤੇ ਉਪਦੇਸ਼ ਵਿੱਚ ਤਿੰਨ ਵਿਸ਼ੇਸ਼ ਬਚਨ ਮਿਲਦੇ ਹਨ। ਪਹਿਲਾ ਹੈ : ਕੇਸ ਨਹੀਂ ਕਟਾਉਣੇ, ਦੂਜਾ ਹੈ : ਅੰਮ੍ਰਿਤ ਵੇਲੇ ਜਾਗਣਾ ਤੇ ਤੀਜਾ ਹੈ : ਆਏ ਅਭਿਆਗਤ (ਲੋੜਵੰਦ) ਦੀ ਸੇਵਾ ਕਰਨੀ। ਪਰ, ਗੁਰਇਕਬਾਲ ਸਿੰਘ ਨੇ ਤੀਜੇ ਬਚਨ ਨੂੰ ਬਦਲ ਕੇ ਲਿਖਵਾ ਦਿੱਤਾ ਹੈ : ਕਿਸੇ ਸਾਧੂ ਸੰਤ-ਮਹਾਤਮਾ ਦੀ ਨਿੰਦਿਆ ਨਹੀਂ ਕਰਨੀ। ਇਹ ਟੇਢੇ ਢੰਗ ਨਾਲ ਬਲਾਤਕਾਰੀ ਤੇ ਡਾਕੂ ਡੇਰੇਦਾਰਾਂ ਪ੍ਰਤੀ ਲੋਕਾਂ ਦੀ ਜ਼ਬਾਨ ਬੰਦ ਕਰਾਉਣ ਦੀ ਸਾਜਿਸ਼ ਹੈ।

ਗੁਰਬਾਣੀ ਦੀ ਰੌਸ਼ਨੀ ਵਿੱਚ ਮੈਂ ਨਿਸ਼ਚੇ ਨਾਲ ਕਹਿ ਸਕਦਾ ਹਾਂ ਕਿ ਇਸ ਪੁਸਤਕ ਦਾ ਇੱਕ ਵਾਕ ਵੀ ਗੁਰਮਤਿ ਦੇ ਅਨੁਕੂਲ ਨਹੀ ਹੈ। ਪੁਸਤਕ ਦੇ ਸਾਖੀ ਸੰਗ੍ਰਹਿ ਕ੍ਰਤਾਵਾਂ ਨੇ ਗੁਰਬਾਣੀ ਜਾਂ ਇਤਿਹਾਸ ਦੀ ਕੋਈ ਪ੍ਰਮਾਣੀਕ ਪੁਸਤਕ ਨਹੀਂ ਵਿਚਾਰੀ। ਉਨ੍ਹਾਂ ਨੇ ਅੰਧ ਵਿਸ਼ਵਾਸ਼ ਵਿੱਚ ਕੇਵਲ ਭਾਈ ਗੁਰਇਕਬਾਲ ਸਿੰਘ ਦੀਆਂ ਕੂੜ-ਕਬਾੜ ਭਰੀਆਂ ਟੇਪਾਂ ਸੁਣੀਆਂ ਤੇ ਪੁਸਤਕ ਦੇ ਰੂਪ ਵਿੱਚ ਸਿੱਖਾਂ ਲਈ ਇੱਕ ਹੋਰ ਸਿਆਪਾ ਖੜਾ ਕਰ ਦਿੱਤਾ ਹੈ। ਪਰ, ਦੁੱਖ ਦੀ ਗੱਲ ਹੈ ਕਿ ਇਸ ਕਿਤਾਬਚੇ ਦੇ ਆਰੰਭ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਹੈਡਗ੍ਰੰਥੀ ਭਾਈ ਜਸਵਿੰਦਰ ਸਿੰਘ ਜੀ ਦਾ ਸੰਦੇਸ਼ ਛਪਿਆ ਹੈ, ਜਿਸ ਵਿੱਚ ਉਨ੍ਹਾਂ ਨੇ ਗੁਰਇਕਬਾਲ ਸਿੰਘ ਨੂੰ ਵਧਾਈ ਦਿੰਦਿਆਂ ਅਰਦਾਸ ਕੀਤੀ ਹੈ ਕਿ ਇਹ ਉਪਰਾਲੇ ਨਿਰੰਤਰ ਜਾਰੀ ਰਹਿਣ। ਮੇਰਾ ਖਿਆਲ ਹੈ ਕਿ ਉਪਰਾਲਾ ਮਾੜਾ ਨਹੀ, ਪਰ ਬਿਬੇਕਹੀਣ ਨੀਤ ਮਾੜੀ ਹੈ। ਸਿੱਖ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਹ ਹੈੱਡ ਗ੍ਰੰਥੀ ਜੀ ਅਤੇ ਇਸ ਠੱਗੀ ਵਿੱਚ ਸਹਿਯੋਗੀ ਬਣੇ ਸ਼੍ਰੋਮਣੀ ਕਮੇਟੀ ਤੇ ਦਿੱਲੀ ਗੁਰਦਆਰਾ ਕਮੇਟੀ ਦੇ ਪ੍ਰਧਾਨਾਂ ਦੀ ਜਵਾਬ ਤਲਬੀ ਕਰਦੇ ਹੋਏ ਪੰਜਾਬ ਸਰਕਾਰ ਪਾਸੋਂ ਇਸ ਪੁਸਤਕ ’ਤੇ ਪਾਬੰਦੀ ਲਗਾਉਣ ਦੀ ਮੰਗ ਕਰਨ। ਕਿਉਂਕਿ, ਇਹ ਪੁਸਤਕ ਸਿੱਖ ਜਗਤ ਨੂੰ ਸਿਧਾਂਤਕ, ਵਿਧਾਨਕ ਤੇ ਇਤਿਹਾਸਕ ਪੱਖੋਂ ਗੁੰਮਰਾਹ ਕਰਨ ਵਾਲੀ ਹੈ।