

ਦਸਮ ਗ੍ਰੰਥੀਏ ਗੁਰੂ ਨਾਨਕ ਦੀ ਵੀਚਾਰ ਦਾ ਰਾਹ ਛੱਡ ਕੇ ਔਰੰਗਜ਼ੇਬ ਦੇ ਰਾਹ ਪਏ
- ਕ੍ਰਿਪਾਲ ਸਿੰਘ ਬਠਿੰਡਾ -
ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦੇ ਅਸਲੀ ਸਿੱਖ ਕਹਾਉਣ ਦਾ ਦਾਅਵਾ ਕਰਨ ਵਾਲੇ ਦਸਮ ਗ੍ਰੰਥੀਏ, ਗੁਰੂ ਨਾਨਕ ਸਾਹਿਬ ਵੱਲੋਂ ਦਿੱਤੇ ਸਿਧਾਂਤ ‘ਰੋਸੁ ਨ ਕੀਜੈ ਉਤਰੁ ਦੀਜੈ’ ਤੋਂ ਪੂਰੀ ਤਰ੍ਹਾਂ ਬੇਮੁਖ ਹੋ ਕੇ ਹਰ ਉਸ ਵਿਅਕਤੀ ਨਾਲ ਗਾਲੀ ਗਲੋਚ, ਮਾਰ ਕੁਟਾਈ ਅਤੇ ਜਾਨੋਂ ਮਾਰਨ ਦੀ ਧਮਕੀ ’ਤੇ ੳਨੂੁੰਤਰ ਆਉਂਦੇ ਹਨ, ਜਿਸ ਦੀਆਂ ਦਲੀਲਾਂ ਦਾ ਇਨ੍ਹਾਂ ਪਾਸ ਕੋਈ ਜਵਾਬ ਨਹੀਂ ਹੁੰਦਾ। ਪ੍ਰੋ. ਦਰਸ਼ਨ ਸਿੰਘ ਵੱਲੋਂ ਬਚਿੱਤਰ ਨਾਟਕ ਨੂੰ ‘ਦਸਮ ਸ਼੍ਰੀ ਗੁਰੂ ਗ੍ਰੰਥ ਸਾਹਿਬ’ ਨਾ ਕਹਿਣ ਅਤੇ ਉਸ ਵਿੱਚ ਅੰਕਿਤ ਕੁਝ ਰਚਨਾ ਨੂੰ ਦਸਵੇਂ ਪਾਤਿਸ਼ਾਹ ਦੀ ਕਿਰਤ ਨਾ ਮੰਨਣ ਅਤੇ ਸਿਰਫ ਇਹ ਮੰਗ ਕਰਨ ’ਤੇ ਹੀ ਕਿ ਵਿਦਵਾਨਾਂ ਦੇ ਇੱਕ ਪੈਨਲ ਦਾ ਗਠਨ ਕੀਤਾ ਜਾਵੇ ਜਿਹੜਾ ਇਹ ਫੈਸਲਾ ਕਰੇ ਕਿ ਕਿਹੜੀ ਰਚਨਾ ਗੁਰੂ ਸਾਹਿਬ ਦੀ ਹੈ ਅਤੇ ਕਿਹੜੀ ਨਹੀਂ, ਜੋ ਉਨ੍ਹਾਂ ’ਤੇ ਦੇਸ਼ ਵਿਦੇਸ਼ ਦੇ ਗੁਰਦੁਆਰਿਆਂ ਦੀ ਹਦੂਦ ਵਿੱਚ ਹਮਲੇ ਕਰਕੇ ਬੁਰਛਾਗਰਦੀ ਦਾ ਮੁਜਾਹਿਰਾ ਕੀਤਾ, ਉਸ ਨੇ ਸਾਰੀ ਸਿੱਖ ਕੌਮ ਦਾ ਸਿਰ ਨੀਵਾਂ ਕਰਨ ਦਾ ਜੋ ਯਤਨ ਕੀਤਾ ਅਤੇ ਹਾਲੀ ਤਕ ਕਰ ਰਹੇ ਹਨ ਇਹ ਤਾਂ ਸਭ ਦੇ ਸਾਮ੍ਹਣੇ ਹੈ ਹੀ, ਇਸੇ ਮਹੀਨੇ ਭਾਈ ਬਲਦੇਵ ਸਿੰਘ ਦਿੱਲੀ ਦੇ ਘਰ ਦਸਮ ਗ੍ਰੰਥ ਦੀ ਬਾਣੀ ਸਬੰਧੀ ਵਿਚਾਰਾਂ ਕਰਨ ਦੇ ਬਹਾਨੇ ਜਾ ਕੇ ਜਿਸ ਤਰ੍ਹਾਂ ਉਨ੍ਹਾਂ ’ਤੇ ਹਮਲਾ ਕੀਤਾ, ਗੁਰੂ ਦੀ ਮੋਹਰ ਦਾੜ੍ਹੀ ਪੁੱਟ ਕੇ ਬੇਅਦਬੀ ਕੀਤੀ ਅਤੇ ਹੁਣ ਵੀ ਲਗਾਤਾਰ ਉਸ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਕਿਸੇ ਜੰਗਲ ਰਾਜ ਤੋਂ ਘੱਟ ਨਹੀਂ ਹਨ।
ਭਾਈ ਗੁਰਮੀਤ ਸਿੰਘ ਕਾਦੀਅਨੀ ਦਾ ਕਸੂਰ ਸਿਰਫ ਇਤਨਾ ਹੈ ਕਿ ਉਨ੍ਹਾਂ ਨੇ ਭਾਈ ਬਲਦੇਵ ਸਿੰਘ ’ਤੇ ਹਮਲਾ ਕਰਨ ਵਾਲੇ ਦਸਮ ਗ੍ਰੰਥੀਏ ਕਪਤਾਨ ਸਿੰਘ ਦੀ ਫੇਸ ਬੁੱਕ ਤੋਂ ਉਸ ਦੀ ਫੋਟੋ ਲੱਭ ਕੇ ਨਸ਼ਰ ਕਰ ਦਿੱਤੀ ਕਿ ਇਹ ੳਹੀ ਨਕਾਬਪੋਸ਼ ਕਪਤਾਨ ਸਿੰਘ ਹੈ ਜਿਸ ਨੇ ਭਾਈ ਬਲਦੇਵ ਸਿੰਘ ’ਤੇ ਹਮਲਾ ਕੀਤਾ ਸੀ। ਇਸ ਤੋਂ ਖਫਾ ਹੋਏ ਕਪਤਾਨ ਸਿੰਘ ਨੇ ਭਾਈ ਕਾਦੀਅਨ ਨੂੰ ਵੀ ਫੇਸਬੁੱਕ ਰਾਹੀਂ ਧਮਕੀ ਦੇ ਦਿੱਤੀ ਹੈ ਕਿ ‘ਜਿਹੜਾ ਦਸਮ ਪਿਤਾ ਬਾਰੇ ਅਪਸ਼ਬਦ ਕਹੇਗਾ, ਫੈਸਲਾ ਤਲਵਾਰ ਨਾਲ ਹੋਏਗਾ। ...ਤੇਰੇ ਵੀ ਲਾਠੀ ਪਏਗੀ ਤਾਂ ਠੀਕ ਹੋ ਜਾਏਂਗਾ ਕਿਉਂਕਿ ‘ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ’।
ਤਲਵਾਰ ਨਾਲ ਫੈਸਲਾ ਕਰਨ ਦੀਆਂ ਧਮਕੀਆਂ ਦੇਣ ਵਾਲੇ ਨਾਂ ਤਾਂ ਇਸ ਗੱਲ ਦਾ ਕੋਈ ਜਵਾਬ ਦੇ ਸਕਦੇ ਹਨ ਕਿ ਜਿਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦਿੱਤੀ ਸੀ, ਕੀ ਉਸ ਸਮੇਂ ਵੀ ਉਨ੍ਹਾਂ ਦਸਮ ਗ੍ਰੰਥ ਬਰਾਬਰ ਪ੍ਰਕਾਸ਼ ਕੀਤਾ ਸੀ ਜਾਂ ਉਹ ਕਿਸੇ ਨੂੰ ਇਹ ਅਧਿਕਾਰ ਦੇ ਗਏ ਸਨ ਕਿ ਉਨ੍ਹ੍ਹਾਂ ਤੋਂ ਪਿੱਛੋਂ ਦਸਮ ਗ੍ਰੰਥ ਨਾਮ ਦਾ ਕੋਈ ਗ੍ਰੰਥ ਤਿਆਰ ਕਰ ਕੇ ਬਰਾਬਰ ਪ੍ਰਕਾਸ਼ ਕਰ ਲੈਣਾ। ਉਨ੍ਹਾਂ ਪਾਸ ਇਸ ਗੱਲ ਦਾ ਵੀ ਕੋਈ ਜਵਾਬ ਨਹੀਂ ਕਿ ਕਿਹੜੀ ਗੁਰਬਣੀ ਹੈ ਤੇ ਕਿਹੜੀ ਨਹੀਂ ਇਸ ਦਾ ਫੈਸਲਾ ਖ਼ੁਦ ਗੁਰੂ ਸਾਹਿਬ ਨੇ ਕਰਨਾ ਹੈ ਜਾਂ ਇਨ੍ਹਾਂ ਵਰਗੇ ਲੱਠਮਾਰਾਂ ਨੇ? ਜੇ ਫੈਸਲਾ ਗੁਰੂ ਸਾਹਿਬ ਨੇ ਕਰਨਾ ਹ,ੈ ਤਾਂ ਉਹ ਤਾਂ ਫੈਸਲਾ ਕਰ ਗਏ ਹਨ ਅਤੇ ਜਿਹੜੀ ਗੁਰਬਾਣੀ ਹੈ ਉਸ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਕਰ ਕੇ ਉਸ ਨੂੰ ਗੁਰਗੱਦੀ ਸੌਂਪ ਗਏ ਹਨ। ਜੇ ਇਨ੍ਹਾਂ ਦੀ ਲਾਠੀ ਅਤੇ ਤਲਵਾਰ ਤੋਂ ਡਰਦਾ ਕੋਈ ਦਸਮ ਗ੍ਰੰਥ ਨੂੰ ਗੁਰੂ ਮੰਨ ਲੈਂਦਾ ਹੈ ਤਾਂ ਇਨ੍ਹਾਂ ਕੋਲ ਫਿਰ ਕੋਈ ਜਵਾਬ ਨਹੀਂ ਕਿ ਸਿੱਖਾਂ ਦਾ ਇੱਕ ਗੁਰੂ ਹੈ ਜਾਂ ਦੋ? ਜੇ ਇਹ ਫਿਰ ਵੀ ਮੰਨਦੇ ਹਨ ਕਿ ਸਿੱਖਾਂ ਦਾ ਗੁਰੂ ਇੱਕੋ ਹੈ ਤਾਂ ਇਹ ਮੰਨਣਾ ਪਏਗਾ ਕਿ ਗੁਰੂ ਗੰ੍ਰਥ ਸਾਹਿਬ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਗੁਰਿਆਈ ਦੇ ਗਏ ਸਨ ਉਹ ਅਧੂਰਾ ਹੈ ਕਿਉਂਕਿ ਸਾਡਾ ਨਿੱਤਨੇਮ ਅਤੇ ਅੰਮ੍ਰਿਤ ਸੰਚਾਰ ਇਕੋ ਗੁਰੂ ਗ੍ਰੰਥ ਸਾਹਿਬ ’ਚੋਂ ਬਾਣੀ ਪੜ੍ਹ ਕੇ ਪੂਰਾ ਨਹੀਂ ਹੋ ਸਕਦਾ ਇਸ ਲਈ ਦਸਮ ਗ੍ਰੰਥ ’ਚੋਂ ਬਾਣੀ ਪੜ੍ਹੇ ਵਗੈਰ ਇਹ ਪੂਰੇ ਨਹੀਂ ਹੋ ਸਕਦੇ।
ਜੇ ਕੋਈ ਵਿਅਕਤੀ ਉਕਤ ਸਵਾਲ ਪੁਛਦਾ ਹੈ ਤਾਂ ਬੌਖਲਾਹਟ ’ਚ ਆਏ ਉਸ ਨੂੰ ਮਾਰਨ ਦੀਆਂ ਧਮਕੀਆਂ ਦੇਣ ’ਤੇ ਉਤਰ ਆਉਂਦੇ ਹਨ, ਤਾਂ ਕੀ ਇਹ ਗੁਰੂ ਸਾਹਿਬ ਦੀ ਵੀਚਾਰਧਾਰਾ ਨੂੰ ਛੱਡ ਕੇ ਔਰੰਗਜ਼ੇਬ ਦੇ ਰਾਹ ਨਹੀਂ ਪਏ? ਗੁਰੂ ਸਾਹਿਬ ਦੀ ਵੀਚਾਰ ਦਾ ਰਾਹ ਛੱਡ ਕੇ ਔਰੰਗਜ਼ੇਬ ਦੀ ਤਲਵਾਰ ਦੇ ਰਾਹ ਪੈਣ ਵਾਲੇ ਦੱਸਣ ਕਿ ਉਕਤ ਸੁਆਲ ਪੁੱਛਣੇ ਦਸਮ ਪਿਤਾ ਸਬੰਧੀ ਅਪਸ਼ਬਦ ਕਹਿਣੇ ਹਨ ਜਾਂ ਦਸਮ ਗ੍ਰੰਥ ਦੇ ਹੱਕ ’ਚ ਪੁਸਤਕਾਂ ਲਿਖਣ ਵਾਲੇ ਪ੍ਰੋ. ਪਿਆਰਾ ਸਿੰਘ ਪਦਮ ਅਤੇ ਡਾ. ਹਰਭਜਨ ਸਿੰਘ ਵਰਗੇ ਵਿਦਵਾਨਾਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਲਈ ਵਰਤੀ ਗਈ ਸ਼ਬਦਾਵਲੀ ਅਪਸ਼ਬਦ ਹਨ? ਧਮਕੀਆਂ ਦੇਣ ਵਲਿਆਂ ਨੂੰ ਗੁਰੂ ਗ੍ਰੰਥ ਸਾਹਿਬ ’ਚ ਦਰਜ਼ ਤੁਕ ‘ਕਬੀਰ ਜੋਰੀ ਕੀਏ ਸੁ ਜੁਲਮ ਹੈ ਲੇਇ ਜਵਾਬ ਖੁਦਾਇ’ ਨੂੰ ਧਿਆਨ ’ਚ ਰੱਖ ਕੇ ਜਵਾਬ ਦੇਣ ਕਿ ਧਮਕੀਆਂ ਦੇ ਕੇ ਅਤੇ ਹਮਲੇ ਕਰਕੇ ਕੀ ਉਹ ਧਰਮ ਕਮਾ ਰਹੇ ਹਨ ਜਾਂ ਜ਼ੁਲਮ ਕਮਾ ਰਹੇ ਹਨ? ਉਨ੍ਹਾਂ ਵੀਰਾਂ ਨੂੰ ਹਾਲੀ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਤਲਵਾਰ ਦਾ ਰਾਹ ਛੱਡ ਕੇ ਵੀਚਾਰ ਦਾ ਰਾਹ ਫੜਨ ਤੇ ਸਿੱਖ ਕੌਮ ਨੂੰ ਮੁਸਲਮਾਨਾਂ ਦੇ ਸ਼ੀਆ-ਸੁੰਨੀ ਅਤੇ ਈਸਾਈਆਂ ਦੇ ਕੈਥੋਲਿਕ-ਪ੍ਰੋਟੈਸਟੈਂਟ ਫਿਰਕਿਆਂ ਵਰਗੀ ਵੰਡ ਹੋਣ ਤੋਂ ਬਚਾਉਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਸੇਧ ਲੈ ਕੇ ਫੈਸਲਾ ਕਰਨ ਲਈ ਮਿਲ ਕੇ ਬੈਠਣ ਦਾ ਰਾਹ ਤਲਾਸ਼ਨ। ਉਨ੍ਹਾਂ ਵੀਰਾਂ ਨੂੰ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਸ਼ਹਾਦਤ ਤੋਂ ਵੀ ਸੇਧ ਲੈਣੀ ਚਾਹੀਦੀ ਹੈ ਕਿ ਧਰਮ ਦੇ ਮਸਲੇ ’ਚ ਤਲਵਾਰ ਦੇ ਜ਼ੋਰ ਈਨ ਮਨਾਉਣੀ ਜਾਂ ਤਲਵਾਰ ਦੇ ਡਰ ਅਧੀਨ ਈਨ ਮੰਨ ਲੈਣੀ ਧਰਮ ਨਹੀਂ ਹੈ। ਉਨ੍ਹਾਂ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਜੇ ਉਹ ਔਰੰਗਜ਼ੇਬ ਦੀ ਤਰ੍ਹਾਂ ਤਲਵਾਰ ਦੇ ਜ਼ੋਰ ਹੀ ਸਿੱਖਾਂ ਨੂੰ ‘ਅਕਾਲ ਪੁਰਖ਼’ ਦੀ ਬਜ਼ਾਏ ‘ਮਹਾਂ ਕਾਲ ਕਾਲਕਾ’ ਦੇ ਸਿੱਖ ਬਣਾਉਣਾ ਚਾਹੁੰਦੇ ਹਨ ਤਾਂ ਗੁਰੂ ਤੇਗ ਬਹਾਦੁਰ ਸਾਹਿਬ ਜੀ ਤੋਂ ਪ੍ਰੇਰਣਾ ਲੈ ਕੇ ਬਹੁਤ ਸਾਰੇ ਸਿੱਖ ਸ਼ਹੀਦੀਆਂ ਦੇਣ ਨੂੰ ਵੀ ਤਿਆਰ ਹਨ।
- - - - -
ਸੰਪਾਦਕੀ ਟਿੱਪਣੀ : ਵੀਰ ਕ੍ਰਿਪਾਲ ਸਿੰਘ ਜੀ ਦਾ ਇਹ ਕਥਨ ਤਾਂ ਠੀਕ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਅਧੂਰਾ ਗੁਰੂ ਮੰਨ ਕੇ ਦਸਮ ਗ੍ਰੰਥ ਨੂੰ ਦੂਜਾ ਗੁਰੂ ਮੰਨਣ ਵਾਲੇ ਮਨਮੁਖ, ਔਰੰਗਜ਼ੇਬੀ ਮਾਨਸਿਕਤਾ ਤੋਂ ਪੀੜਤ ਹਨ ਪਰ ਉਨ੍ਹਾਂ ਦਾ ਇਹ ਕਹਿਣਾ ਵਾਜਿਬ ਨਹੀਂ ਕਿ ਦਸਮ ਗ੍ਰੰਥੀਆਂ ਨੇ ਗੁਰੂ ਨਾਨਕ ਦੀ ਵੀਚਾਰ ਦੀ ਰਾਹ ਛੱਡ ਦਿੱਤੀ ਹੈ। ਸੱਚਾਈ ਇਹ ਹੈ ਕਿ ਦਸਮ ਗ੍ਰੰਥੀਆਂ ਨੇ ਕਦੇ ਵੀ ਗੁਰੂ ਨਾਨਕ ਦੀ ਵੀਚਾਰ ਦੀ ਰਾਹ ਅਪਣਾਈ ਹੀ ਨਹੀਂ ਸੀ। ਜਿਹੜਾ ਵਿਅਕਤੀ ਇਕ ਵਾਰ ਗੁਰੂ ਨਾਨਕ ਦੀ ਉੱਚੀ-ਸੁੱਚੀ ਵਿਚਾਰਧਾਰਾ ਨੂੰ ਸਮਝ-ਵਿਚਾਰ ਲਏ, ਉਹ ਬਚਿੱਤਰ ਨਾਟਕ ਦੀਆਂ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਨ ਕਰਨ ਵਾਲੀਆਂ, ਅਤਿ ਅਸ਼ਲੀਲ ਤੇ ਬੇਸਿਰ-ਪੈਰ ਦੀਆਂ ਰਚਨਾਵਾਂ ਦਾ ਪੈਰੋਕਾਰ ਬਣ ਹੀ ਨਹੀਂ ਸਕਦਾ। ਫਿਰ, ਜਿਹੜਾ ਵਿਅਕਤੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਅਪਣਾਉਣ ਦਾ ਦਾਅਵਾ ਕਰੇ, ਉਸਨੂੰ ਕਿਸੇ ਹੋਰ ਗ੍ਰੰਥ ਦੀਆਂ ਰਚਨਾਵਾਂ ਪੜ੍ਹਨ ਦੀ ਲੋੜ ਹੀ ਨਹੀਂ। ਪਰ ਬਚਿੱਤਰ ਨਾਟਕੀਏ, ਤਾਂ ਆਪਣੇ ਨਾਟਕੀ ਸੁਭਾਅ ਮੁਤਾਬਿਕ ਨਾ ਸਿਰਫ਼ ਖ਼ੁਦ ਗੁਰੂ ਤੋਂ ਟੁੱਟ ਕੇ ਮਨਮੁਖ ਬਣ ਗਏ ਹਨ, ਬਲਕਿ ਹੋਰਨਾਂ ਗੁਰੂ ਨਾਲ ਜੁੜੇ ਸਿੱਖਾਂ ਨੂੰ ਵੀ ਮਨਮੁਖ ਬਣਾਉਣ ਲਈ ਗੁੰਡਾਗਰਦੀ ’ਤੇ ਉਤਰ ਆਏ ਹਨ। ਅਜਿਹੇ ਵਿਅਕਤੀ ਨਾ ਤਾਂ ਪਹਿਲਾਂ ਕਦੇ ਸਿੱਖ ਅਖਵਾਉਣ ਦੇ ਕਾਬਿਲ ਸੀ ਤੇ ਨਾ ਹੁਣ।