

ਬਾਦਲਕਿਆਂ ਵੱਲੋਂ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਸਿੱਖਾਂ ਨੂੰ ਬਦਨਾਮ ਅਤੇ ਸਿਧਾਂਤਾਂ ਦਾ ਸੱਤਿਆਨਾਸ ਕਰਨਾ ਜਾਰੀ
- ਕਿਰਪਾਲ ਸਿੰਘ ਬਠਿੰਡਾ -
ਫ਼ੋਨ: 0164-2210797, 9855480797
ਜੇ ਖਾੜਕੂ ਰਹੇ ਆਗੂ, ਬਾਦਲ ਦਲ ਵਿੱਚ ਆ ਕੇ ਰਮਾਇਣ ਦੇ ਪਾਠ ਕਰਵਾਉਣ ਤੇ ਮਾਤਾ ਦੀਆਂ ਭੇਟਾਵਾਂ ਗਾਉਣੀਆਂ ਸ਼ੁਰੂ ਕਰ ਦੇਣ ਤਾਂ ਉਹ ਮੁੱਖ ਧਾਰਾ ’ਚ ਸ਼ਾਮਲ ਹੋ ਗਏ ਪਰ ਜੇ ਕੋਈ ਗੁਰਸਿੱਖ ਇਨ੍ਹਾਂ ਨੂੰ ਗੁਰਮਤਿ ਵਿਰੋਧੀ ਦੱਸੇ ਤਾਂ ਉਸ ਦੇ ਖਾੜਕੂਆਂ ਨਾਲ ਗੂੜੇ ਸੰਬੰਧ ਗੁਰੂ ਸਾਹਿਬ ਜੀ ਨੇ ਸਿੱਖੀ ’ਚ ਮੀਰੀ ਪੀਰੀ ਦਾ ਸਿਧਾਂਤ ਇਸ ਲਈ ਸ਼ਾਮਲ ਕੀਤਾ ਸੀ ਤਾ ਕਿ ਧਰਮ ਤੋਂ ਸੇਧ ਲੈ ਕੇ ਕੀਤੀ ਸਿਆਸਤ ਰਾਹੀਂ ਸਤਾ ਪ੍ਰਾਪਤ ਕਰਕੇ ਉਸ ਨੂੰ ਗੁਰੂ ਆਸ਼ੇ ਅਨੁਸਾਰ ਵਰਤ ਕੇ ਦੱਬੇ ਕੁਚਲੇ ਲੋਕਾਂ ਦੀ ਭਲਾਈ ਲਈ ਅਤੇ ਧਰਮ ਦੇ ਪ੍ਰਚਾਰ ਲਈ ਵਰਤਿਆ ਜਾ ਸਕੇ। ਪਰ ਹੁਣ ਕਿਉਂਕਿ ਲੋਕਤੰਤਰ ਵਿੱਚ ਗੁਣਾਂ ਦੀ ਕੀਮਤ ਨਹੀਂ ਬਲਕਿ ਗਿਣਤੀ ਦੀ ਹੈ। ਸੱਤਾ ’ਤੇ ਹਮੇਸ਼ਾਂ ਲਈ ਬੈਠੇ ਰਹਿਣ ਲਈ ਹਰ ਸਿਆਸੀ ਵਿਅਕਤੀ ’ਚ ਲਾਲਸਾ ਇਤਨੀ ਵਧ ਚੁੱਕੀ ਹੈ ਕਿ ਉਹ ਵੱਧ ਤੋਂ ਵੱਧ ਵੋਟਾਂ ਪ੍ਰਾਪਤ ਕਰਕੇ ਚੋਣਾਂ ’ਚ ਜਿੱਤ ਪ੍ਰਾਪਤ ਕਰੇ ਬੇਸ਼ੱਕ ਉਸ ਨੂੰ ਕਿਤਨੇ ਵੀ ਜਾਇਜ਼ ਨਜਾਇਜ਼ ਢੰਗ ਕਿਉਂ ਨਾ ਵਰਤਨੇ ਪੈਣ। ਸਿੱਖ ਸਮੁੱਚੇ ਭਾਰਤ ’ਚ ਤਾਂ ਘੱਟ ਗਿਣਤੀ ਵਿੱਚ ਹੈ ਹੀ ਹਨ ਅਣਵੰਡੇ ਪੰਜਾਬ ਅਤੇ ਇਸ ਉਪ੍ਰੰਤ ਅਜ਼ਾਦ ਭਾਰਤ ਵਿੱਚ ਰਹਿ ਗਏ ਪੰਜਾਬ ਵਿੱਚ ਵੀ ਘੱਟ ਗਿਣਤੀ ਵਿੱਚ ਹੀ ਰਹੇ। ਅਜੇਹੀ ਸਥਿਤੀ ’ਚ ਜੇ ਧਾਰਮਿਕ ਹਿੱਤ ਅੱਗੇ ਰੱਖੇ ਜਾਂਦੇ ਤਾਂ ਸਿੱਖਾਂ ਲਈ ਠੀਕ ਰਾਹ ਇਹੀ ਬਣਦਾ ਸੀ ਕਿ ਉਹ ਚੋਣਾਂ ਲੜ ਰਹੀਆਂ ਪਾਰਟੀਆਂ ਵਿੱਚ ਬੈਲੈਂਸ ਆਫ ਪਾਵਰ ਆਪਣੇ ਹੱਥ ਰੱਖ ਕੇ ਕਿੰਗ ਮੇਕਰ ਬਣਦੇ ਅਤੇ ਆਪਣੇ ਬਣਾਏ ਹੋਏ ਕਿੰਗ ਤੋਂ ਦਬਾਅ ਅਧੀਨ ਸਿੱਖ ਪੰਥ ਦੀਆਂ ਮੰਗਾਂ ਮੰਨਵਾਉਂਦੇ ਨਾਂ ਕਿ ਖ਼ੁਦ ਕਿੰਗ ਬਣਨ ਦੀ ਦੌੜ ਵਿੱਚ ਸ਼ਾਮਲ ਹੁੰਦੇ।
ਪਰ ਜਿਨ੍ਹਾਂ ਦੀ ਮਾਨਸਿਕਤਾ ਵਿੱਚ ਖ਼ੁਦ ਰਾਜ ਕਰਨ ਦੀ ਇੱਛਾ ਪ੍ਰਬਲ ਹੋ ਚੁੱਕੀ ਹੋਵੇ ਉਸ ਨੂੰ ਅਜਿਹੀ ਰਾਏ ਬਿਲਕੁਲ ਹੀ ਰਾਸ ਨਹੀਂ ਆਉਂਦੀ। ਇਸੇ ਸੋਚ ਦਾ ਹੀ ਸਿੱਟਾ ਸੀ ਕਿ ਪੰਜਾਬੀ ਸੂਬੇ ਦੀ ਮੰਗ ਸਮੇਂ ਪੰਜਾਬੀ ਬੋਲਦੇ ਖੇਤਰਾਂ ਨਾਲੋਂ ਸਿੱਖ ਬਹੁ ਗਿਣਤੀ ਵਾਲੇ ਖੇਤਰ ਨੂੰ ਪੰਜਾਬੀ ਸੂਬੇ ਵਿੱਚ ਸ਼ਾਮਲ ਕਰਵਾਉਣ ਵੱਲ ਵੱਧ ਧਿਆਨ ਕੇਂਦ੍ਰਿਦ੍ਰਤ ਕੀਤਾ ਗਿਆ। ਕੇਂਦਰ ਦੀ ਕਾਂਗਰਸ ਸਰਕਾਰ ਪੰਜਾਬੀ, ਪੰਜਾਬ ਅਤੇ ਪੰਥ ਪ੍ਰਤੀ ਅਕਾਲੀਆਂ ਨਾਲੋਂ ਵੀ ਵੱਧ ਬੇਈਮਾਨ ਸੀ ਇਸ ਲਈ ਉਨ੍ਹਾਂ ਅਕਾਲੀਆਂ ਦੀ ਇਸ ਕਮਜ਼ੋਰੀ ਤੋਂ ਲਾਭ ਉਠਾੳਂੁਦਿਆਂ ਜਿੱਥੇ ਪੰਜਾਬੀ ਬੋਲਦੇ ਵੱਡੇ ਖੇਤਰ ਨੂੰ ਬਾਹਰ ਰੱਖ ਕੇ ਲੰਗੜਾ ਪੰਜਾਬੀ ਸੂਬਾ ਬਣਾਇਆ ਉੱਥੇ ਸਾਰੀ ਦੁਨੀਆਂ ਵਿੱਚ ਲਾਗੂ ਰਾਇਪ੍ਰੇਰੀਅਨ ਕਾਨੂੰਨ ਦੀਆਂ ਧੱਜੀਆਂ ਉਡਾੳਂੁਦੇ ਹੋਏ ਪੰਜਾਬ ਦਾ ਪਾਣੀ ਸਿਰਫ ਖੋਹਿਆ ਹੀ ਨਹੀਂ ਬਲਕਿ ਇਸ ਦੇ ਹੈੱਡ ਵਰਕਸ ਕੰਟਰੋਲ ਅਤੇ ਪੰਜਾਬ ਲਈ ਉਸਾਰੀ ਗਈ ਰਾਜਧਾਨੀ ਚੰਡੀਗੜ੍ਹ ਵੀ ਖੋਹ ਲਈ। ਛੇਤੀਂ ਰਾਜ ਗੱਦੀ ’ਤੇ ਬੈਠਣ ਦੀ ਲਾਲਸਾ ਅਧੀਨ ਅਕਾਲੀ ਲੀਡਰਸ਼ਿਪ ਨੇ ਬਿਨਾਂ ਪਾਣੀ ਅਤੇ ਰਾਜਧਾਨੀ ਦੇ, ਲੰਗੜੀ ਪੰਜਾਬੀ ਸੂਬੀ ਵੀ ਇਸ ਉਮੀਦ ਨਾਲ ਪ੍ਰਵਾਨ ਕਰ ਲਈ ਕਿ ਉਹ ਬਾਅਦ ’ਚ ਮੋਰਚੇ ਲਾ ਕੇ ਪੰਜਾਬ ਤੋਂ ਬਾਹਰ ਰਹਿ ਗਏ ਪੰਜਾਬੀ ਬੋਲਦੇ ਖੇਤਰ, ਦਰਿਆਈ ਪਾਣੀ ਅਤੇ ਰਾਜਧਾਨੀ ਚੰਡੀਗ੍ਹੜ ਪ੍ਰਾਪਤ ਕਰ ਲੈਣਗੇ। ਪਰ ਅੱਜ ਹਾਲਤ ਇਹ ਹੈ ਕਿ ਜਦੋਂ ਅਕਾਲੀ ਦਲ ਸਤਾ ਤੋਂ ਬਾਹਰ ਹੁੰਦਾ ਹੈ ਉਸ ਸਮੇਂ ਤਾਂ ਇਨ੍ਹਾਂ ਮੰਗਾਂ ਲਈ ਅਵਾਜ਼ ਵੀ ਉਠਦੀ ਹੈ ਤੇ ਕਈ ਵਾਰ ਮੋਰਚੇ ਵੀ ਲਾਏ ਜਾਂਦੇ ਹਨ ਪਰ ਜਦੋਂ ਸਤਾ ਦੀ ਕੁਰਸੀ ’ਤੇ ਬੈਠ ਜਾਂਦੇ ਹਨ ਉਸ ਵੇਲੇ ਇਨ੍ਹਾਂ ਨੂੰ ਪੂਰੀ ਤਰ੍ਹਾਂ ਸਿਰਫ ਵਿਸਾਰਿਆ ਹੀ ਨਹੀਂ ਜਾਂਦਾ ਬਲਕਿ ਕਿਸੇ ਵੱਲੋਂ ਚੇਤੇ ਕਰਵਾਉਣ ’ਤੇ ਵੀ ਉਸ ਨੂੰ ਇਹ ਹੀ ਕਿਹਾ ਜਾਂਦਾ ਹੈ ਕਿ ਚੁੱਪ ਰਹੋ ਸਾਨੂੰ ਪੰਜ ਸਾਲ ਰਾਜ ਕਰਨ ਦਿਓ।
ਸਥਿਤੀ ਇੱਥੇ ਵੀ ਖੜ੍ਹ ਜਾਂਦੀ ਤਾਂ ਵੀ ਕੋਈ ਗੱਲ ਨਹੀਂ ਸੀ ਹੁਣ ਤਾਂ ਪੰਜਾਬ ਨਾ ਤਾਂ ਸਿੱਖ ਬਹੁ ਗਿਣਤੀ ਰਿਹਾ ਅਤੇ ਨਾਂ ਹੀ ਪੰਜਾਬੀ ਬੋਲਦਾ ਖੇਤਰ। ਰੋਜ਼ਗਾਰ ਦੀ ਭਾਲ ’ਚ ਵੱਡੀ ਗਿਣਤੀ ’ਚ ਪੰਜਾਬੀ ਬਾਹਰ ਚਲੇ ਗਏ ਹਨ ਅਤੇ ਉਸ ਤੋਂ ਕਈ ਗੁਣਾਂ ਵੱਧ ਹਿੰਦੀ ਬੋਲਣ ਵਾਲੇ ਪੰਜਾਬ ’ਚ ਆ ਚੁੱਕੇ ਹਨ। ਪੰਜਾਬ ’ਚ ਹੁਣ ਤੱਕ ਸਰਕਾਰੀ ਪੱਧਰ ’ਤੇ ਪੰਜਾਬੀ ਲਾਗੂ ਨਹੀਂ ਹੋ ਸਕੀ। ਜੇ ਕਰ ਪੰਜਾਬੀ ਮੀਡੀਅਮ ਵਿੱਚ ਦਸਵੀਂ ਪਾਸ ਕਰਨ ਵਾਲਿਆਂ ਦੀ ਗਿਣਤੀ ਕੀਤੀ ਜਾਵੇ ਤਾਂ ਇਹ ਵੀ ਅੰਗਰੇਜੀ ਤੇ ਹਿੰਦੀ ਮੀਡੀਅਮ ਵਿੱਚ ਪਾਸ ਕਰਨ ਵਾਲਿਆਂ ਦੀ ਗਿਣਤੀ ਦੇ ਮੁਕਾਬਲੇ ਤੇ ਬਹੁਤੀ ਨਹੀਂ ਹੈ। ਹੋਰ ਤਾਂ ਹੋਰ ਪੰਜਾਬ ’ਚ ਛਪਣ ਵਾਲੇ ਪੰਜਾਬੀ ਅਖ਼ਬਾਰਾਂ ਦੀ ਗਿਣਤੀ ਅਤੇ ਸਰਕੂਲੇਸ਼ਨ ਪੱਖੋਂ ਵੀ ਹਿੰਦੀ ਦੇ ਅਖ਼ਬਾਰ ਅੱਗੇ ਹਨ। ਪੰਜਾਬ ਅਤੇ ਸਿੱਖ ਪੰਥ ਦੀਆਂ ਮੰਗਾਂ ਲਈ ਕਈ ਵਾਰ ਮੋਰਚੇ ਲਗਦੇ ਅਤੇ ਫੇਲ੍ਹ ਹੁੰਦੇ ਰਹੇ। ਅਖੀਰ 1982 ਵਿੱਚ ਅਕਾਲੀ ਦਲ ਵੱਲੋਂ ਲਾਇਆ ਗਿਆ ਮੋਰਚਾ ਧਰਮਯੁੱਧ ਮੋਰਚੇ ’ਚ ਤਬਦੀਲ ਹੋ ਗਿਆ ਜਿਸ ਦੀ ਕਮਾਂਡ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਹੱਥ ਆ ਗਈ। ਉਹ ਅੜ ਗਏ ਕਿ ਇਸ ਵਾਰ ਕਮਿਸ਼ਨਾਂ ਦੇ ਲਾਰਿਆਂ ਵਿੱਚ ਫਸ ਕੇ ਮੋਰਚਾ ਉਸ ਸਮੇਂ ਤੱਕ ਵਾਪਿਸ ਨਹੀਂ ਲੈਣਾ ਜਦ ਤੱਕ ਅਮਲੀ ਰੂਪ ’ਚ ਪੰਜਾਬ ਦੇ ਹੱਕ ਪ੍ਰਾਪਤ ਨਹੀਂ ਕੀਤੇ ਜਾਂਦੇ। ਕਾਂਗਰਸ ਪਾਰਟੀ ਤਾਂ ਬੇਈਮਾਨ ਹੈ ਹੀ ਸੀ, ਇਸ ਲਈ ਉਸ ਨੇ ਸਿੱਖਾਂ ਨੂੰ ਸਬਕ ਸਿੱਖਾਉਣ ਲਈ ਪਹਿਲਾਂ ਮੋਰਚੇ ਨੂੰ ਖਾੜਕੂ ਗਤੀਵਿਧੀਆਂ ਵੱਲ ਵਧਣ ਦੇ ਆਸਾਰ ਪੈਦਾ ਕੀਤੇ ਤਾਂ ਕਿ ਉਸ ਦੀ ਆੜ ਵਿੱਚ ਸਿੱਖਾਂ ’ਤੇ ਤਕੜਾ ਹਮਲਾ ਕੀਤਾ ਜਾ ਸਕੇ। ਦੁੱਖ ਦੀ ਗੱਲ ਇਹ ਹੈ ਕਿ ਅਕਾਲੀ ਲੀਡਰਸ਼ਿਪ ਜਿਹੜੀ ਚਾਹੁੰਦੀ ਸੀ ਕਿ ਹੁਣ ਤੱਕ ਦੇ ਪੈਦਾ ਹੋਏ ਹਾਲਾਤ ਨਾਲ ਲੋਕ ਕਾਂਗਰਸ ਦੇ ਇਤਨਾ ਕੁ ਵਿਰੁੱਧ ਹੋ ਗਏ ਹਨ ਕਿ ਜੇ ਹੁਣ ਮੋਰਚਾ ਵਾਪਿਸ ਲੈ ਕੇ ਚੋਣਾਂ ਲੜੀਆਂ ਜਾਣ ਤਾਂ ਉਨ੍ਹਾਂ ਦੀ ਆਪਣੀ ਸਰਕਾਰ ਬਣ ਸਕਦੀ ਹੈ। ਇਸ ਲਈ ਉਨ੍ਹਾਂ ਨੇ ਵੀ ਸੰਤ ਭਿੰਡਰਾਂ ਵਾਲਿਆਂ ਦਾ ਵਿਰੋਧ ਕੀਤਾ। ਹੁਣ ਤਾਂ ਅਕਾਲੀ ਲੀਡਰਸ਼ਿਪ ਵੱਲੋਂ ਕੇਂਦਰ ਸਰਕਾਰ ਨੂੰ ਲਿਖੀਆਂ ਉਹ ਚਿੱਠੀਆਂ ਵੀ ਸਾਮ੍ਹਣੇ ਆ ਗਈਆਂ ਹਨ ਜਿਨ੍ਹਾਂ ਵਿੱਚ ਸੰਤ ਭਿੰਡਰਾਂ ਵਾਲਿਆਂ ਨੂੰ ਆਪਣੇ ਕੰਟਰੋਲ ਤੋਂ ਬਾਹਰ ਦੱਸ ਕੇ ਉਸ ਵਿਰੁੱਧ ਕਰੜੀ ਕਾਰਵਾਈ ਕਰਨ ਦੀ ਹਰੀ ਝੰਡੀ ਹੀ ਨਹੀਂ ਦਿੱਤੀ ਗਈ ਸਗੋਂ ਇਕ ਤਰ੍ਹਾਂ ਕਾਰਵਾਈ ਕਰਨ ਲਈ ਬੇਨਤੀ ਵੀ ਕੀਤੀ ਗਈ ਸੀ।
ਕਾਂਗਰਸ ਸਰਕਾਰ ਦੀ ਬੇਈਮਾਨੀ, ਅਕਾਲੀਆਂ ਦੇ ਦੋਗਲੇਪਨ ਅਤੇ ਵਿਰੋਧੀ ਧਿਰ ਭਾਜਪਾ ਵੱਲੋਂ ਘੱਟ ਗਿਣਤੀਆਂ ਨੂੰ ਦਬਾ ਕੇ ਹਿੰਦੂ ਰਾਸ਼ਟਰ ਬਣਾਉਣ ਦੀ ਖਾਹਸ਼ ਅਧੀਨ ਕੇਂਦਰੀ ਸਰਕਾਰ ’ਤੇ ਪਾਏ ਗਏ ਜੋਰ ਕਾਰਨ ਜੂਨ ’84 ’ਚ ਅਕਾਲ ਤਖ਼ਤ ਸਾਹਿਬ ’ਤੇ ਫੌਜੀ ਹਮਲਾ ਹੋਇਆ ਜਿਸ ਦੇ ਫਲਸਰੂਪ 31 ਅਕਤੂਬਰ ’84 ਨੂੰ ਇੰਦਰਾ ਗਾਂਧੀ ਦਾ ਕਤਲ, ਦਿੱਲੀ ਤੇ ਹੋਰਨਾਂ ਸ਼ਹਿਰਾਂ ’ਚ ਸਿੱਖਾਂ ਦੀ ਨਸਲਕੁਸ਼ੀ ਅਤੇ ਉਸ ਤੋਂ ਬਾਅਦ ਪੰਜਾਬ ’ਚ ਇੱਕ ਦਹਾਕੇ ਤੱਕ ਚੱਲੀ ਖ਼ੂਨੀ ਹਨੇਰੀ ਨੇ ਸਿੱਖ ਨੌਜਵਾਨੀ ਦਾ ਜੋ ਘਾਣ ਕੀਤਾ ਇਸ ਨੇ 18ਵੀਂ ਸਦੀ ਵਿੱਚ ਸਿੱਖਾਂ ’ਤੇ ਹੋਏ ਅਤਿਆਚਾਰਾਂ ਦੀ ਯਾਦ ਮੂੜ ਤਾਜ਼ਾ ਕਰਵਾ ਦਿੱਤੀ। ਇਸ ਦੇ ਬਾਵਯੂਦ ਜਿਨ੍ਹਾਂ ਮੰਗਾਂ ਨੂੰ ਲੈ ਕੇ ਇਹ ਮੋਰਚਾ ਲਾਇਆ ਗਿਆ ਸੀ ਉਹ ੳੱਥੇ ਦੀਆਂ ਉੱਥੇ ਸਿਰਫ ਖੜ੍ਹੀਆਂ ਹੀ ਨਹੀਂ ਬਲਕਿ ਪਹਿਲਾਂ ਨਾਲੋਂ ਵੀ ਪਚੀਦਾ ਹੋ ਗਈਆਂ ਹਨ। ਜੇ ਕੋਈ ਉਨ੍ਹਾਂ ਮੰਗਾਂ ਦਾ ਚੇਤਾ ਵੀ ਕਰਵਾਉਂਦਾ ਹੈ ਤਾਂ ਉਸ ਨੂੰ ਕਾਂਗਰਸ ਅਤੇ ਭਾਜਪਾ ਨੇ ਤਾਂ ਅਤਿਵਾਦੀ ਕਹਿਣਾ ਹੀ ਸੀ, ਪ੍ਰਕਾਸ਼ ਸਿੰਘ ਬਾਦਲ ਜਿਹੜਾ ਉਹ ਮੋਰਚਾ ਲਾਉਣ ਵਾਲੇ ਮੋਹਰੀ ਆਗੂਆਂ ਵਿੱਚੋਂ ਇੱਕ ਹੈ ਅਤੇ ਉਸ ਦਾ ਫ਼ਰਜ਼ੰਦ ਸੁਖਬੀਰ ਸਿੰਘ ਬਾਦਲ, ਉਨ੍ਹਾਂ ਨਾਲੋਂ ਵੀ ਉੱਚੀ ਅਵਾਜ਼ ਵਿੱਚ ਅਤਿਵਾਦੀ ਕਹਿਣਾ ਸ਼ੁਰੂ ਕਰ ਦਿੰਦੇ ਹਨ।
ਅਸਚਰਜ ਗੱਲ ਇਹ ਹੈ ਕਿ ਉਨ੍ਹਾਂ ਦਿਨਾਂ ਵਿੱਚ ਜਿਨ੍ਹਾਂ ’ਤੇ ਅਤਿਵਾਦੀ ਹੋਣ ਦਾ ਲੇਬਲ ਲੱਗਾ ਸੀ ਉਨ੍ਹਾਂ ਵਿੱਚੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਭਤੀਜੇ ਭਾਈ ਜਸਵੀਰ ਸਿੰਘ ਰੋਡੇ, ਭਿੰਡਰਾਂਵਾਲੀ ਟਕਸਾਲ ਦੇ ਮੌਜੂਦਾ ਮੁਖੀ ਹਰਨਾਮ ਸਿੰਘ ਧੁੰਮਾਂ, ਭਾਈ ਅਮਰੀਕ ਸਿੰਘ ਦੇ ਭਰਾ ਮਨਜੀਤ ਸਿੰਘ, ਸਿੱਖ ਫੈਡਰੇਸ਼ਨ ਦੇ ਮੁੱਖ ਆਗੂ ਰਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਚਾਵਲਾ, ਵਿਰਸਾ ਸਿੰਘ ਵਲਟੋਹਾ, ਗੁਰਚਰਨ ਸਿੰਘ ਗਰੇਵਾਲ, ਸੁੱਚਾ ਸਿੰਘ ਲੰਗਾਹ, ਇੰਦਰਪ੍ਰੀਤ ਸਿੰਘ ਗੋਗਾ ਸੰਧੂ ਅਤੇ ਗੁਰਦੀਪ ਸਿੰਘ ਬਠਿੰਡਾ ਅਦਿਕ ਅਨੇਕਾਂ ਖਾੜਕੂ ਕਹਾਉਣ ਵਾਲੇ ਅੱਜ ਬਾਦਲ ਦਲ ਨਾਲ ਹੱਥ ਮਿਲਾ ਕੇ ਚੱਲ ਰਹੇ ਹਨ ਤੇ ਬਾਦਲ ਦੇ ਗੁਣ ਗਾ ਰਹੇ ਹਨ। ਸ. ਬਾਦਲ ਨੇ ਵੀ ਇਨ੍ਹਾਂ ਨੂੰ ਅਸਲੀ ਸਿੱਖ ਹੋਣ ਤੇ ਮੁੱਖ ਧਾਰਾ ’ਚ ਸ਼ਾਮਲ ਹੋਣ ਦਾ ਸਰਟੀਫਿਕੇਟ ਦੇ ਦਿੱਤਾ ਹੈ। ਦੂਸਰੇ ਪਾਸੇ ਲੁਧਿਆਣਾ ਦੇ ਤਿੰਨ ਨੌਜਵਾਨ ਲੜਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਲੜਕੇ ਦੇ ਵਿਆਹ ’ਤੇ ਚਲੇ ਗਏ ਜਿਨ੍ਹਾਂ ਨੂੰ ਬਾਅਦ ’ਚ (ਸੱਚੇ ਜਾਂ ਝੂਠੇ) ਅਸਲੇ ਸਮੇਤ ਪੁਲਿਸ ਨੇ ਫੜ ਲਏ ਜਿਹੜੇ ਅੱਜ ਕੱਲ੍ਹ ਨਾਭਾ ਜੇਲ੍ਹ ’ਚ ਬੰਦ ਹਨ। ਸਿਰਫ ਇਸ ਦਾ ਹੀ ਬਹਾਨਾ ਲੈ ਕੇ ਸ. ਸਰਨਾ ਨੂੰ ਅਤਿਵਾਦੀਆਂ ਨਾਲ ਪੱਕੀ ਸਾਂਝ ਰੱਖਣ ਵਾਲੇ ਦੱਸਿਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਇਹ ਭਾਸ ਰਿਹਾ ਹੈ ਕਿ ਪੰਜਾਬ ’ਚ ਸ. ਸਰਨਾ ਦਾ ਵਧ ਰਿਹਾ ਪ੍ਰਭਾਵ ਸ. ਬਾਦਲ ਦੀ ਸਿਆਸਤ ਲਈ ਚੁਣੌਤੀ ਦੇ ਸਕਦਾ ਹੈ।
ਆਓ ਹੁਣ ਸ. ਬਾਦਲ ਵੱਲੋਂ ਧਰਮ ਦੇ ਨਾਂ ’ਤੇ ਕੀਤੀ ਜਾ ਰਹੀ ਸਿਆਸਤ ਦਾ ਲੇਖਾ ਜੋਖਾ ਕਰੀਏ। ਚੋਣਾਂ ’ਚ ਹਮੇਸ਼ਾਂ ਜੇਤੂ ਰਹਿਣ ਦੀ ਲਾਲਸਾ ਅਧੀਨ ਸ. ਬਾਦਲ ਸਿੱਖੀ ’ਚ ‘ਮੀਰੀ ਪੀਰੀ ਇਕੱਠੀ’ ਹੋਣ ਦੇ ਸਿਧਾਂਤ ਦੀ ਖੂਬ ਦੁਰਵਰਤੋਂ ਕਰਦੇ ਹੋਏ ਇੱਕ ਪਾਸੇ ਤਾਂ ਨਿਰੋਲ ਪੰਥਕ ਹੋਣ ਦਾ ਦਾਅਵਾ ਕਰਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਹੀ ਸਿੱਖ ਪੰਥ ਦੀ ਇੱਕੋ ਇੱਕ ਨੁੰਮਾਇਦਾ ਜਥੇਬੰਦੀ ਹੈ। ਦੂਸਰੇ ਪਾਸੇ ਉਹ ਹਿੰਦੂਆਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਸਿਰਫ ਆਪਣੇ ਆਪ ਨੂੰ ਹੀ ਨਹੀਂ ਬਲਕਿ ਸਮੁੱਚੀ ਸਿੱਖ ਕੌਮ ਨੂੰ ਹਿੰਦੂ ਧਰਮ ਦਾ ਹਿੱਸਾ ਸਿੱਧ ਕਰਨ ਤੋਂ ਗੁਰੇਜ਼ ਨਹੀਂ ਕਰਦਾ। ਮੰਦਰਾਂ ਵਿੱਚ ਜਾ ਕੇ ਮੁਕਟ ਪਹਿਨ ਕੇ ਮੱਥੇ ਟਿੱਕੇ ਲਾ ਕੇ ਗੁਰਮਤਿ ਵਿਰੋਧੀ ਕਰਮਕਾਂਡ ਹਵਨ ਕਰਕੇ, ਆਪਣੇ ਘਰ ’ਚ ਮਾਤਾ ਦੇ ਜਗਰਾਤੇ ਕਰਵਾਕੇ ਸਿੱਖੀ ਸਿਧਾਂਤਾਂ ਦੀ ਖੂਬ ਖਿੱਲੀ ਉਡਾਉਂਦਾ ਹੈ। ਸਿੱਖ ਧਰਮ ਦੇ ਮੁਢਲੇ ਸਿਧਾਂਤ ਸ਼ਬਦ ਗੁਰੂ ਦੇ ਸਿਧਾਂਤ ’ਤੇ ਤਕੜੀ ਚੋਟ ਮਾਰਨ ਵਾਲੇ ਡੇਰੇਦਾਰਾਂ ਅਤੇ ਦੇਹਧਾਰੀ ਗੁਰੂਡੰਮ ਦੇ ਚੇਲਿਆਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਉਨ੍ਹਾਂ ਦੇ ਡੇਰਿਆਂ ’ਤੇ ਜਾ ਕੇ ਦੇਹਧਾਰੀਆਂ ਨੂੰ ‘ਸਤਿਗੁਰੂ’ ਸ਼ਬਦ ਨਾਲ ਸਬੋਧਨ ਕਰਦਾ ਹੋਇਆ ਉਨ੍ਹਾਂ ਦੇ ਚਰਨੀਂ ਲਗਦਾ ਹੈ ਤੇ ਇਸ ਤਰ੍ਹਾਂ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਨੂੰ ਸਿੱਧੇ ਰੂਪ ’ਚ ਚੁਣੌਤੀ ਦੇ ਰਿਹਾ। ਆਸ਼ੂਤੋਸ਼ ਅਤੇ ਪਿਆਰੇ ਭਨਿਆਰੇ ਵਾਲੇ ਦੇ ਡੇਰਿਆਂ ਦੇ ਪਸਾਰੇ ਵਿੱਚ ਤਾਂ ਕ੍ਰਮਵਾਰ ਸ. ਬਾਦਲ ਦੀ ਪਤਨੀ ਸੁਰਿੰਦਰ ਕੌਰ ਬਾਦਲ ਅਤੇ ਗੁਰਦੇਵ ਸਿੰਘ ਬਾਦਲ ਤੇ ਉਸ ਦੇ ਧੀ ਜੁਆਈ ਦਾ ਸਿੱਧੇ ਤੌਰ ’ਤੇ ਹੱਥ ਹੈ। ਇਸ ਕਾਰਨ ਗੁਰਮਤਿ ਦੀ ਸੂਝ ਰੱਖਣ ਵਾਲੇ ਸਿੱਖਾਂ ’ਚ ਬਾਦਲ ਵਿਰੋਧੀ ਸੁਰ ਪੈਦਾ ਹੋ ਰਹੀ ਹੈ। ਇਸ ਵਿਰੋਧੀ ਸੁਰ ਨੂੰ ਇੱਕ ਪਲੇਟਫਾਰਮ ’ਤੇ ਇਕੱਠੇ ਕਰਨ ਦਾ ਯਤਨ ਕਰਦੇ ਹੋਏ ਸ. ਸਰਨਾ ਬਾਦਲ ਲਈ ਇੱਕ ਚੁਣੌਤੀ ਵਜੋਂ ਉਭਰ ਰਹੇ ਹਨ।
ਬੱਸ ਇਹੋ ਕਾਰਨ ਹੈ ਕਿ ਉਸ ਦਾ ਰਾਹ ਰੋਕਣ ਲਈ ਇੱਕ ਪਾਸੇ ਤਾਂ ਅਕਾਲ ਤਖ਼ਤ ਦੀ ਦੁਰਵਰਤੋਂ ਰੱਜ ਕੇ ਕੀਤੀ ਜਾ ਰਹੀ ਹੈ। ਜਿਸ ਦਾ ਸਬੂਤ ਹੈ ਕਿ ਪਿਛਲੇ ਤਿੰਨ ਸਾਲਾਂ ’ਚ ਬਹਾਨੇ ਲੱਭ ਕੇ ਸ. ਸਰਨਾ ਨੂੰ 6 ਵਾਰ ਤਲਬ ਕੀਤਾ ਜਾ ਚੁੱਕਾ ਹੈ ਅਤੇ 7ਵੀਂ ਵਾਰ ਤਿਆਰੀ ਹੈ।ਜਦੋਂ ਕਿ ਬਾਦਲ ਦਲ ਦੇ ਆਗੂਆਂ ਵੱਲੋਂ ਗੁਰਮਤਿ ਦੀਆਂ ਧੱਜੀਆਂ ਉਡਾਉਣ ਤੇ ਅਕਾਲ ਤਖ਼ਤ ਤੋਂ ਜਾਰੀ ਹੋਏ ਹੁਕਮਨਾਮਿਆਂ ਦੀਆਂ ਉਲੰਘਣਾਂ ਕਰਨ ਦੀਆਂ ਅਨੇਕਾਂ ਕਾਰਵਾਈਆਂ ਕਰਨ ’ਤੇ ਵੀ ਉਸ ਪਾਸਿਓਂ ਪੂਰੀ ਤਰ੍ਹਾਂ ਅੱਖਾਂ ਮੀਚੀਆਂ ਹੋਈਆਂ ਹਨ। ਅਕਾਲ ਤਖ਼ਤ ਦੀ ਇਸ ਹੋ ਰਹੀ ਦੁਰਵਰਤੋਂ ਨਾਲ ਜਿੱਥੇ ਇਸ ਪਾਵਨ ਸੰਸਥਾ ਦੇ ਮਾਨ ਸਨਮਾਨ ਨੂੰ ਭਾਰੀ ਢਾਹ ਲੱਗ ਰਹੀ ਹੈ ਉੱਥੇ ਸੂਝਵਾਨ ਸਿੱਖਾਂ ’ਚ ਬਾਦਲ ਵਿਰੋਧੀ ਸੁਰ ਵਿੱਚ ਵੀ ਵਾਧਾ ਹੋ ਰਿਹਾ ਹੈ।
ਅਕਾਲ ਤਖ਼ਤ ਰਾਹੀਂ ਸ. ਸਰਨਾ ਕਾਬੂ ਨਾ ਆਉਂਦਾ ਦਿੱਸਣ ਕਾਰਨ ਸੁਖਬੀਰ ਸਿੰਘ ਬਾਦਲ ਦੀ ਸਕੀਮ ਅਨੁਸਾਰ ਉਸ ਦਾ ਨਾਮ ‘ਅੱਤਿਵਾਦੀਆਂ’ ਨਾਲ ਜੋੜਨ ਦਾ ਬਹਾਨਾ ਲੱਭਿਆ ਗਿਆ ਕਿ ਫੜੇ ਗਏ ਤਿੰਨ ਅਤਿਵਾਦੀਆਂ ਨੂੰ ਸ. ਸਰਨਾ ਨੇ 50-50 ਹਜਾਰ ਰੁਪਏ ਦਿੱਤੇ, ਆਪਣੇ ਲੜਕੇ ਦੇ ਵਿਆਹ ਤੇ ਸੱਦਿਆ, ਉਨ੍ਹਾਂ ਨੂੰ ਸ਼ਿਰੋਮਣੀ ਕਮੇਟੀ ਦੀਆਂ ਚੋਣਾਂ ’ਚ ਟਿਕਟਾਂ ਦੇਣ ਦਾ ਵਾਅਦਾ ਕੀਤਾ। ਇਸ ਲਈ ਸੁਖਬੀਰ ਸਿੰਘ ਲਈ ਇਤਨੇ ਕੁ ਸਬੂਤ ਕਾਫੀ ਹਨ ਕਿ ਉਹ ਸ. ਸਰਨਾ ਦੇ ਅਤਿਵਾਦੀਆਂ ਨਾਲ ਪੱਕੇ ਸਬੰਧ ਹੋਣ ਦਾ ਸਰਟੀਫਿਕੇਟ ਜਾਰੀ ਕਰ ਸਕਣ।
ਸੁਖਬੀਰ ਸਿੰਘ ਸ਼ਾਇਦ ਉਸ ਸਮੇਂ ਛੋਟਾ ਹੋਣ ਕਰਕੇ ਉਸਨੂੰ ਪੂਰੀ ਸੁਰਤ ਨਾ ਹੋਵੇ ਤਾਂ ਉਹ ਆਪਣੇ
ਤੋਂ 5-10 ਸਾਲ ਵੱਡੇ ਕਿਸੇ ਵਿਅਕਤੀ ਜਾਂ ਖ਼ਾਸ ਕਰਕੇ ਪੁਰਾਤਨ ਖਾੜਕੂ ਲਹਿਰ’ਚੋਂ ਉਹ ਵਿਅਕਤੀ ਜਿਹੜੇ
ਇਸ ਸਮੇਂ ਬਾਦਲ ਦਲ ’ਚ ਸ਼ਾਮਲ ਹੋ ਚੁੱਕੇ ਹਨ, ਨੂੰ ਹੀ ਪੁੱਛ ਵੇਖੇ ਤਾਂ ਉਸ ਨੂੰ ਪਤਾ ਲਗੇਗਾ ਕਿ ਉਸ
ਦਾ ਪਿਤਾ ਸ. ਪ੍ਰਕਾਸ਼ ਸਿੰਘ ਬਾਦਲ ਖਾੜਕੂ ਲਹਿਰ ਦੀ ਚੜ੍ਹਤ ਸਮੇਂ ਖਾੜਕੂਆਂ ਦੇ ਭੋਗਾਂ ’ਤੇ ਜਾ ਕੇ
ਉਨ੍ਹਾਂ ਨੂੰ ਸ਼੍ਰਧਾਂਜਲੀਆਂ ਦਿੰਦਾ ਤੇ ਕੌਮ ਦੇ ਹੀਰੇ ਦਸਦਾ ਰਿਹਾ ਹੈ। ਉਸ ਸਮੇਂ ਸ. ਬਾਦਲ ਦੇ
ਸੰਬੰਧ ਖਾੜਕੂਆਂ ਨਾਲ ਨਾ ਬਣੇ। ਵੱਡੀ ਗਿਣਤੀ ਵਿੱਚ ਉਕਤ ਖਾੜਕੂ ਬਾਦਲ ਦਲ ’ਚ ਆ ਮਿਲੇ ਦਲ ਦੀਆਂ
ਟਿਕਟਾਂ ’ਤੇ ਚੋਣਾਂ ਜਿੱਤੇ ਅਤੇ ਉੱਚ ਅਹੁੱਦੇ ਪ੍ਰਾਪਤ ਕੀਤੇ ਤਾਂ ਵੀ ਬਾਦਲ ਨਾਲ ਖਾੜਕੂਆਂ ਦੇ
ਸੰਬੰਧ ਨਾ ਬਣੇ।
ਹਾਲੀ 4 ਕੁ ਸਾਲ ਪਹਿਲਾਂ ਦੀ ਹੀ ਗੱਲ ਹੈ ਕੈਪਟਨ ਸਰਕਾਰ ਦਾ ਆਖਰੀ ਸਮਾਂ ਸੀ ਤੇ ਚੋਣਾਂ ਹੋਣ ’ਚ
ਥੋੜ੍ਹਾ ਸਮਾਂ ਬਾਕੀ ਸੀ, ਜਸਵੀਰ ਸਿੰਘ ਰੋਡੇ ਦੀ ਕਾਰ ਵਿੱਚੋਂ ਉਸ ਦਾ ਇੱਕ ਭਾਣਜਾ, ਇੱਕ ਢਾਡੀ ਅਤੇ
ਅਮੋਲਕ ਸਿੰਘ ਫੜੇ ਗਏ। ਪੁਲਿਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲੋਂ ਭਾਰੀ ਮਾਤਰਾ ’ਚ ਆਰ.ਡੀ.ਐਕਸ.
ਫੜਿਆ ਗਿਆ ਹੈ ਤੇ ਉਹ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਮਾਰਨ ਚੱਲੇ ਸਨ। ਸ. ਬਾਦਲ ਨੇ ਦੋਸ਼ ਲਾਏ ਕਿ
ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ ਮਰਵਾਉਣ ਲਈ ਅਤਿਵਾਦੀ ਭੇਜੇ ਸਨ। ਅੱਜ ਉਹ ਤਿੰਨੇ ਵਿਅਕਤੀ ਨਾਭਾ
ਜੇਲ੍ਹ ਵਿੱਚ ਹਨ ਪਰ ਉਨ੍ਹਾਂ ਦਾ ਰਿਸ਼ਤੇਦਾਰ ਤੇ ਆਗੂ ਭਾਈ ਜਸਵੀਰ ਸਿੰਘ ਰੋਡੇ ਨੇ ਬਾਦਲ ਦਲ ਨਾਲ
ਚੋਣ ਸਮਝੌਤਾ ਕਰ ਲਿਆ ਜਿਸ ਲਈ ਸ਼੍ਰੋਮਣੀ ਕਮੇਟੀ ਦੀਆਂ 45 ਸੀਟਾਂ ਛੱਡੇ ਜਾਣ ਦੀਆਂ ਚਰਚਾਵਾਂ ਹਨ ਪਰ
ਫਿਰ ਵੀ ਬਾਦਲ ਦੇ ਖਾੜਕੂਆਂ ਨਾਲ ਕੋਈ ਸਬੰਧ ਨਾ ਬਣੇ।
ਸ. ਬਾਦਲ ਨੂੰ ਮਾਰਨ ਚੱਲੇ ਖਾੜਕੂਆਂ ਦੀ ਗ੍ਰਿਫਤਾਰੀ ਦਾ ਜੋ ਪਿਛੋਂ ਰਾਜ ਖੁਲ੍ਹ ਕੇ ਸਾਹਮਣੇ ਆਇਆ, ਉਹ ਇਹ ਹੈ ਕਿ ਸਰਕਾਰ ਦੇ ਪਿਛਲੇ ਸਮੇਂ ਪ੍ਰਸ਼ਾਸਨ ਅਤੇ ਪੁਲਿਸ ਵਾਲੇ ਇਹ ਸਮਝ ਜਾਂਦੇ ਹਨ ਕਿ ਆਉਣ ਵਾਲੀ ਸਰਕਾਰ ਵਿਰੋਧੀ ਪਾਰਟੀ ਦੀ ਹੋਵੇਗੀ। ਇਸ ਲਈ ਉਹ ਆਪਣੀ ਵਫ਼ਾਦਾਰੀ ਬਦਲ ਲੈਂਦੇ ਹਨ। ਉਨ੍ਹਾਂ ਦਿਨਾਂ ’ਚ ਇੱਕ ਉੱਚ ਪੁਲਿਸ ਅਫਸਰ ਭਾਈ ਜਸਵੀਰ ਸਿੰਘ ਰੋਡੇ ਦੇ ਘਰ ਗਿਆ। ਭਾਈ ਰੋਡੇ ਤਾਂ ਘਰ ਨਾ ਮਿਲਿਆ ਪਰ ਉਕਤ ਤਿੰਨੇ ਵਿਅਕਤੀ ਉਨ੍ਹਾਂ ਦੇ ਘਰੋਂ ਫੜ ਲਏ ਤੇ ਕਾਰ ਕਬਜ਼ੇ ’ਚ ਲੈ ਲਈ। ਬਾਅਦ ਵਿੱਚ ਭਾਈ ਰੋਡੇ ਨੂੰ ਵੀ ਫਤਹਿਗੜ੍ਹ ਸਾਹਿਬ ਕੋਲੋਂ ਵਾਪਿਸ ਘਰ ਜਾਂਦੇ ਨੂੰ ਰਸਤੇ ’ਚੋਂ ਗ੍ਰਿਫਤਾਰ ਕਰ ਲਿਆ ਅਤੇ ਇਨ੍ਹਾਂ ਚੌਹਾਂ ’ਤੇ ਹੀ ਸ. ਬਾਦਲ ਨੂੰ ਮਾਰਨ ਜਾਣ ਦਾ ਕੇਸ ਪਾ ਦਿੱਤਾ। ਉਨ੍ਹਾਂ ਦਿਨਾਂ ’ਚ ਰਵੀਇੰਦਰ ਸਿੰਘ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਨੇੜਤਾ ਹੋਣ ਕਰਕੇ ਉਨ੍ਹਾਂ ਭਾਈ ਰੋਡੇ ਨੂੰ ਤਾਂ ਛੁਡਾ ਲਿਆ। ਪਰ ਭਾਈ ਰੋਡੇ ਚਾਹੁੰਦੇ ਸਨ ਕਿ ਉਨ੍ਹਾਂ ਦੇ ਬਾਕੀ ਦੇ ਤਿੰਨੇ ਬੰਦੇ ਵੀ ਛੁਡਾਏ ਜਾਣ। ਕਿਉਂਕਿ ਸ. ਬਾਦਲ ਉਸ ਸਮੇਂ ਵਿਰੋਧੀ ਧਿਰ ਦੇ ਨੇਤਾ ਸਨ ਤੇ ਉਹ ਸਿੱਧੇ ਤੌਰ ’ਤੇ ਕੈਪਟਨ ’ਤੇ ਦੋਸ਼ ਲਾ ਰਿਹਾ ਸੀ ਕਿ ਉਹ ਉਸ ਨੂੰ ਮਰਵਾਉਣਾ ਚਾਹੁੰਦਾ ਹੈ। ਉੱਧਰੋਂ ਚੋਣਾਂ ਸਿਰ ’ਤੇ ਹੋਣ ਕਾਰਣ ਕੈਪਟਨ ਡਰ ਗਿਆ ਤੇ ਭਾਈ ਰੋਡੇ ਦੇ ਬੰਦੇ ਉਹ ਛੁਡਾ ਨਾ ਸਕਿਆ ਤੇ ਉਸ ਨੇ ਪੁਲਿਸ ਨੂੰ ਕਹਿ ਦਿੱਤਾ ਕਿ ਕਾਨੂੰਨ ਅਨੁਸਾਰ ਜੋ ਵੀ ਕਾਰਵਾਈ ਬਣਦੀ ਹੈ, ਉਹ ਕੀਤੀ ਜਾਵੇ। ਇਸ ਤੋਂ ਭਾਈ ਰੋਡੇ ਦੀਆਂ ਰਵੀਇੰਦਰ ਸਿੰਘ ਤੇ ਅਮਰਿੰਦਰ ਸਿੰਘ ਨਾਲ ਦੂਰੀਆਂ ਵਧਣੀਆਂ ਸ਼ੁਰੂ ਹੋ ਗਈਆਂ। ਸਿੱਟੇ ਵਜੋਂ ਭਾਈ ਰੋਡੇ ਨੇ ਲੋਕ ਸਭਾ ਚੋਣਾਂ ’ਚ ਬਾਦਲ ਦਲ ਦੇ ਉਮੀਦਵਾਰਾਂ ਦੀ ਮਦਦ ਕੀਤੀ ਤੇ ਹੁਣ ਸ਼੍ਰੋਮਣੀ ਕਮੇਟੀ ਚੋਣਾਂ ਲਈ ਚੋਣ ਸਮਝੌਤਾ ਹੋ ਗਿਆ। ਇਸ ਦੇ ਨਾਲ ਹੀ ਭਾਈ ਰੋਡੇ ਤੋਂ ਕੱਟੜ ਅਤਿਵਾਦੀ ਦਾ ਲੇਬਲ ਲਹਿ ਗਿਆ ਤੇ ਉਹ ਬਾਦਲ ਦੀ ਮਿਥੀ ਹੋਈ ਮੁਖਧਾਰਾ ’ਚ ਸ਼ਾਮਲ ਹੋ ਗਿਆ।
ਹੁਣ ਫੜੇ ਗਏ ਅਤਿਵਾਦੀਆਂ, ਜਿਨ੍ਹਾਂ ਦਾ ਗੂੜਾ ਸਬੰਧ ਸ. ਸਰਨਾ ਨਾਲ ਦੱਸਿਆ ਜਾ ਰਿਹਾ ਹੈ, ਉਨ੍ਹਾਂ ਦਾ ਰਾਜ਼ ਵੀ ਇਹ ਹੈ ਕਿ ਪਿਛਲੇ ਸਾਲ 5 ਦਸੰਬਰ ਨੂੰ ਲੁਧਿਆਣੇ ਵਿੱਚ ਆਸ਼ੂਤੋਸ਼ ਨੂਰਮਹਿਲੀਏ ਦਾ ਸਮਾਗਮ ਰੱਖਿਆ ਗਿਆ ਸੀ ਜਿਸ ਨੂੰ ਭਾਜਪਾ ਤੇ ਅਕਾਲੀ ਦਲ ਦਾ ਪੂਰਨ ਸਮਰਥਨ ਪ੍ਰਾਪਤ ਸੀ ਪਰ ਜਿਸ ਤਰ੍ਹਾਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਾਗਰੂਕ ਸਿੱਖ ਸੰਗਤਾਂ ਉਸ ਦਾ ਵਿਰੋਧ ਕਰਦੀਆਂ ਆ ਰਹੀਆਂ ਹਨ ਉਸੇ ਤਰ੍ਹਾਂ ਲੁਧਿਆਣੇ ਵਾਲੇ ਸਮਾਗਮ ਦਾ ਵੀ ਡਟ ਕੇ ਵਿਰੋਧ ਕੀਤਾ ਗਿਆ। ਕਿਉਂਕਿ ਅਕਾਲੀ-ਭਾਜਪਾ ਸਰਕਾਰ ਉਹ ਸਮਾਗਮ ਹਰ ਹਾਲਤ ਕਰਵਾਉਣ ’ਤੇ ਤੁਲੀ ਹੋਈ ਸੀ, ਇਸ ਲਈ ਇਸ ਟਕਰਾਅ ਵਿੱਚ ਜਿੱਥੇ ਇਕ ਸਿੱਖ ਦਰਸ਼ਨ ਸਿੰਘ ਸ਼ਹੀਦ ਹੋ ਗਿਆ, ਉਥੇ ਬਹੁਤ ਸਾਰੇ ਹੋਰ ਗੰਭੀਰ ਜਖ਼ਮੀ ਹੋ ਗਏ ਜਿਨ੍ਹਾਂ ਵਿੱਚ ਉਕਤ ਤਿੰਨੇ ਸਿੰਘ ਵੀ ਸ਼ਾਮਲ ਸਨ। ਦਿੱਲੀ ਕਮੇਟੀ ਵੱਲੋਂ ਉਸ ਟਕਰਾਅ ’ਚ ਸ਼ਹੀਦ ਹੋਏ ਸਿੰਘ ਸਮੇਤ ਜਖ਼ਮੀ ਹੋਏ ਸਾਰੇ ਸਿੰਘਾਂ ਨੂੰ ਵੀ ਆਰਥਿਕ ਸਹਾਇਤਾ ਦਿੱਤੀ ਗਈ। ਇਹ ਤਿੰਨੇ ਸਿੰਘ ਜਰਨੈਲ ਸਿੰਘ ਖ਼ਾਲਸਾ ਦੀ ਅਗਵਾਈ ’ਚ ਧਰਮ ਪ੍ਰਚਾਰ ’ਚ ਜੁਟੀ ਹੋਈ ਸੰਸਥਾ ‘‘ਸ਼੍ਰੋਮਣੀ ਤੱਤ ਖ਼ਾਲਸਾ’’ ਦੇ ਵੀ ਮੈਂਬਰ ਹਨ। ਸ. ਸਰਨਾ ਨੇ ਆਪਣੇ ਲੜਕੇ ਦੇ ਵਿਆਹ ਮੌਕੇ ਭਾਈ ਜਰਨੈਲ ਸਿੰਘ ਨੂੰ ਸੱਦਾ-ਪੱਤਰ ਦੇ ਦਿੱਤਾ। ਜਿਸ ਤਰ੍ਹਾਂ ਸਾਡੇ ਸਮਾਜ ਵਿੱਚ ਪ੍ਰਚਲਤ ਹੈ ਕਿ ਆਮ ਤੌਰ ’ਤੇ ਧਾਰਮਿਕ ਤੇ ਰਾਜਨੀਤਿਕ ਜਥੇਬੰਦੀਆਂ ਦੇ ਆਗੂ ਅਜਿਹੇ ਸਮਾਗਮਾਂ ’ਤੇ ਆਪਣੇ ਹੋਰ ਸਾਥੀ ਵੀ ਨਾਲ ਲੈ ਜਾਂਦੇ ਹਨ, ਉਸੇ ਤਰ੍ਹਾਂ ਜਰਨੈਲ ਸਿੰਘ ਵੀ ਉਕਤ ਤਿੰਨੇ ਸਾਥੀਆਂ ਨੂੰ ਨਾਲ ਲੈ ਗਿਆ। ਇਸ ਤਰ੍ਹਾਂ ਸੁਖਬੀਰ ਦੀਆਂ ਨਜ਼ਰਾਂ ’ਚ ਸਰਨਾਂ ਦੇ ਅੱਤਿਵਾਦੀਆਂ ਨਾਲ ਗੂੜੇ ਸਬੰਧ ਜੁੜ ਗਏ।
ਫੜੇ ਗਏ ਇਨ੍ਹਾਂ ਤਿੰਨਾਂ ਨੌਜਵਾਨਾਂ ਦੇ ਕੇਸ ਨੂੰ ਜੇ ਭਾਈ ਰੋਡੇ-ਅਮੋਲਕ ਸਿੰਘ ਦੇ ਕੇਸ ਨਾਲ ਜੋੜ ਕੇ ਵੇਖਿਆ ਜਾਵੇ ਤਾਂ ਸ਼ਾਇਦ ਇਸ ਤਰ੍ਹਾਂ ਲੱਗੇ ਕਿ ਇਨ੍ਹਾਂ ’ਤੇ ਕੇਸ ਵੀ ਭਾਈ ਜਰਨੈਲ ਸਿੰਘ ਖ਼ਾਲਸਾ ਅਤੇ ਉਸ ਦੇ ਸਾਥੀਆਂ ਦੀ ਬਾਂਹ ਮਰੋੜਨ ਲਈ ਬਣਾਏ ਗਏ ਹੋਣ। ਭਾਵ ਜੇ ਭਾਈ ਰੋਡੇ ਵਾਂਗ ਇਨ੍ਹਾਂ ਦਾ ਸਮਝੌਤਾ ਸ. ਬਾਦਲ ਨਾਲ ਹੋ ਗਿਆ ਤਾਂ ਇਹ ਇਨ੍ਹਾਂ ਤੋਂ ਵੀ ਅਤਿਵਾਦੀਆਂ ਦਾ ਲੇਬਲ ਲਹਿ ਜਾਵੇਗਾ ਤੇ ਇਹ ਬਾਦਲ ਮੁੱਖ ਧਾਰਾ ’ਚ ਸ਼ਾਮਲ ਹੋ ਜਾਣਗੇ। ਇਹ ਕੈਸੀ ਇਨਸਾਫ਼ ਦੀ ਤੱਕੜੀ ਹੈ ਕਿ ਜੇ ਖਾੜਕੂ ਸਫ਼ਾਂ ਚੋਂ ਨਿੱਕਲ ਕੇ ਬਾਦਲ ਦਲ ਵਿੱਚ ਆ ਕੇ ਸੁੱਚਾ ਸਿੰਘ ਲੰਗਾਹ ਵਾਂਗ ਰਮਾਇਣ ਦੇ 501 ਪਾਠ ਕਰਵਾਉਣ ਲੱਗ ਪੈਣ, ਅਮਰਜੀਤ ਸਿੰਘ ਚਾਵਲਾ ਵਾਂਗ ਲਾਲ ਚੁੰਨੀ ਲੈ ਕੇ ਮਾਤਾ ਦੀਆਂ ਭੇਟਾਵਾਂ ਗਾਉਣ ਲੱਗ ਜਾਵੇ, ਹਰਨਾਮ ਸਿੰਘ ਧੁੰਮਾ ਵਾਂਗ ਚਲੀਹੇ ਕੱਟਣ ਲੱਗ ਪਏ, ਵਿਰਸਾ ਸਿੰਘ ਵਲਟੋਹਾ ਵਾਂਗ ਵਿਧਾਨ ਸਭਾ ’ਚ ਵਿਧਾਇਕਾਂ ਦੀਆਂ ਪੱਗਾਂ ੳਤਾਰਨ ਲੱਗ ਪਏ ਫਿਰ ਤਾਂ ਉਹ ਅਸਲੀ ਸਿੱਖ ਤੇ ਮੁੱਖ ਧਾਰਾ ’ਚ ਸ਼ਾਮਲ ਕਿਉਂਕਿ ਇਨ੍ਹਾਂ ਵਿੱਚੋਂ ਕੋਈ ਵੀ ਬਾਦਲ ਪਰਿਵਾਰ ਨੂੰ ਹਵਨ ਕਰਵਾਉਣ, ਟੱਲ ਖੜਕਾਉਣ, ਮੁਕਟ ਪਹਿਨਣ, ਮੱਥੇ ਟਿੱਕੇ ਲਾਉਣ ਸ਼ਿਵ ਲਿੰਗ ਪੂਜਾ ਕਰਨ ਅਤੇ ਦੇਹ ਧਾਰੀ ਗੁਰੂਆਂ ਦੇ ਚਰਨੀ ਲੱਗਣ ਤੋਂ ਰੋਕਣ ਦੀ ਹਿੰਮਤ ਨਹੀਂ ਰੱਖਦਾ।
ਪਰ ਜੇ ਕੋਈ ਗੁਰਸਿੱਖ ਦੇਹਧਾਰੀ ਡੇਰਿਆਂ ਦਾ ਵਿਰੋਧ ਕਰਦਾ ਹੈ ਤੇ ਬਾਦਲ ਪ੍ਰਵਾਰ ਵੱਲੋਂ ਵੋਟਾਂ ਲਈ ਕੀਤੇ ਜਾ ਰਹੇ ਗੁਰਮਤਿ ਵਿਰੋਧੀ ਕੰਮਾਂ ਵਿਰੁੱਧ ਅਵਾਜ਼ ਉਠਾਉਣ ਦੀ ਹਿੰਮਤ ਰੱਖਦਾ ਹੈ ਤਾਂ ਉਹ ਅੱਤਿਵਾਦੀ। ਵੈਸੇ ਇੱਕ ਗੱਲ ਹੋਰ ਵੀ ਵੀਚਾਰਨ ਵਾਲੀ ਹੈ ਕਿ ਜਿਸ ਸਮੇਂ ਸੌਦਾ ਡੇਰਾ ਵਿਵਾਦ ਸ਼ੁਰੂ ਹੋਇਆ ਸੀ ਤਾਂ ਉਸ ਸਮੇਂ ਵੱਖ ਵੱਖ ਥਾਂਵਾਂ ’ਤੇ ਹੋਏ ਟਕਰਾਅ ਦੌਰਾਨ ਸ਼ਹੀਦ ਤੇ ਜਖ਼ਮੀ ਹੋਏ ਸਿੰਘਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਵੀ ਆਰਥਿਕ ਸਹਾਇਤਾ ਦਿੱਤੀ ਗਈ ਸੀ, ਤਾਂ ਕੀ ਉਹ ਸਾਰੇ ਸਿੰਘ ਵੀ ਅਤਿਵਾਦੀ ਸਨ ਤੇ ਉਨ੍ਹਾਂ ਨੂੰ ਆਰਥਿਕ ਸਹਾਇਤਾ ਦੇਣ ਵਾਲੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਅੱਤਿਵਾਦੀਆਂ ਨਾਲ ਗੂੜੇ ਸੰਬੰਧ ਰੱਖਣ ਵਾਲੇ ਸਨ ਜਾਂ ਉਸ ਸਮੇਂ ਸੌਦਾ ਪ੍ਰੇਮੀਆਂ ਵੱਲੋਂ ਬਾਦਲ ਦਲ ਨੂੰ ਵੋਟਾਂ ਨਾ ਪਾਉਣ ਕਰਕੇ ਉਨ੍ਹਾਂ ਵਿਰੁੱਧ ਗੁੱਸਾ ਕੱਢਣਾ ਜਾਇਜ਼ ਸੀ ਪਰ ਸ਼੍ਰੀਮਤੀ ਸੁਰਿੰਦਰ ਕੌਰ ਬਾਦਲ ਦੇ ਚਹੇਤੇ ਗੁਰੂ ਆਸ਼ੂਤੋਸ਼ ਦਾ ਸਮਾਗਮ ਜਿਹੜਾ ਅਕਾਲੀ-ਭਾਜਪਾ ਸਰਕਾਰ ਦੇ ਸਮਰਥਨ ਨਾਲ ਹੋ ਰਿਹਾ ਸੀ, ਸਿਰਫ ਉਸ ਨੂੰ ਰੋਕਣ ਵਾਲੇ ਗੁਰਸਿੱਖ ਹੀ ਅੱਤਿਵਾਦੀ ਹਨ।
‘ਸਿਆਸਤ ਵਿੱਚ ਐਸਾ ਹੁੰਦਾ ਹੀ ਹੈ’ ਕਹਿ ਕੇ ਸ਼ਾਇਦ ਇਹ ਗੱਲ ਆਈ ਗਈ ਹੋ ਜਾਵੇ ਪਰ ਇਹ ਸੋਚਣ ਵਾਲੀ ਗੱਲ ਹੈ ਕਿ ਜੇ ਇਸੇ ਤਰ੍ਹਾਂ ਆਪਣੀ ਸੌੜੀ ਸਿਆਸਤ ਲਈ ਆਪਣੇ ਹੀ ਸਿੱਖ ਭਰਾ ਇੱਕ ਦੂਜੇ ਨੂੰ ਇਸੇ ਤਰ੍ਹਾਂ ਝੂਠੇ ਇਲਜ਼ਾਮ ਲਾ ਕੇ ਬਦਨਾਮ ਕਰਦੇ ਰਹੇ ਤਾਂ ਜਿਹੜੀਆਂ ਏਜੰਸੀਆਂ ਤੇ ਪਾਰਟੀਆਂ ਸਿੱਖਾਂ ’ਤੇ ਅਤਿਵਾਦ ਫੈਲਾਉਣ ਦਾ ਦੋਸ਼ ਲਾ ਕੇ ਖਤਮ ਕਰਨਾ ਚਾਹੁੰਦੇ ਹਨ ਉਨ੍ਹਾਂ ਤੇ ਸਾਡੇ ਇਨ੍ਹਾਂ ਭਰਾਵਾਂ ਵਿੱਚ ਕੀ ਅੰਤਰ ਰਹਿ ਜਾਂਦਾ ਹੈ। ਇਸ ਦਾ ਜਵਾਬ ਇਹ ਦੋਸ਼ ਲਾਉਣ ਵਾਲਿਆਂ ਨੂੰ ਖ਼ੁਦ ਹੀ ਦੇਣਾ ਬਣਦਾ ਹੈ। ਇਨ੍ਹਾਂ ਨੇ ਜਵਾਬ ਦੇਣਾ ਕੋਈ ਨਹੀਂ ਇਸ ਲਈ ਸੰਗਤ ਦਾ ਫਰਜ਼ ਬਣਦਾ ਹੈ ਕਿ ਉਹ ਖ਼ੁਦ ਹੀ ਧਰਮ ’ਤੇ ਸਵਾਰ ਹੋਈ ਇਸ ਘਟੀਆ ਰਾਜਨੀਤੀ ਨੂੰ ਉਤਾਰਨ ਲਈ ਲਾਮਬੰਦ ਹੋਣ। ਖ਼ਾਸ ਕਰਕੇ ਜਿਹੜੀ ਭਾਰਤ ਦੇ ਚੋਣ ਕਮਿਸ਼ਨ ਅਤੇ ਗੁਰਦੁਆਰਾ ਚੋਣ ਕਮਿਸ਼ਨ ਕੋਲ ਦੋ ਵੱਖ ਵੱਖ ਵਿਧਾਨ ਪੇਸ਼ ਕਰਕੇ ਆਪਣੇ ਦੋਗਲੇਪਨ ਦਾ ਲਿਖਤੀ ਸਬੂਤ ਦੇਣ ਉਨ੍ਹਾਂ ਨੂੰ ਤਾਂ ਕੌਮ ਦੇ ਗਲੋਂ ਲਾਹ ਹੀ ਦੇਣਾ ਚਾਹੀਦਾ ਹੈ।