Subscription About Us Contact Us


‘ਸਿੱਖ ਰਹਿਤ ਮਰਿਯਾਦਾ’ ਵਿਚ ਸੋਧਾਂ ਅਤੇ ਸ਼੍ਰੋਮਣੀ ਕਮੇਟੀ

- ਤੱਤ ਗੁਰਮਤਿ ਪਰਵਾਰ -

ਮੌਜੂਦਾ ‘ਸਿੱਖ ਰਹਿਤ ਮਰਿਯਾਦਾ’ 1932 ਤੋਂ ਲੈ ਕੇ 1936 ਤੱਕ ਵੱਖ-ਵੱਖ ਵਿਦਵਾਨਾਂ ਅਤੇ ਸੰਪਰਦਾਵਾਂ ਦੀ ਆਪਸੀ ਸਹਿਮਤੀ ਨਾਲ ਤਿਆਰ ਕੀਤੀ ਗਈ ਸੀ। ਇਸ ਨੂੰ ਪੰਥ ਦੇ ਬਹੁਤ ਵੱਡੇ ਹਿੱਸੇ ਦੀ ਮਾਨਤਾ ਵੀ ਪ੍ਰਾਪਤ ਸੀ। ਇਹ ਵੀ ਸੱਚਾਈ ਹੈ ਕਿ ਇਸ ਸਮੇਂ ਸੰਪਰਦਾਈ ਤਾਕਤਾਂ ਦੀ ਜ਼ਿਦ (ਦਵਾਬ) ਕਾਰਨ ਗੁਰਮਤਿ ਸਿਧਾਂਤ ਨਾਲ ਕਈਂ ਸਮਝੌਤੇ ਵੀ ਕਰਨੇ ਪਏ। ਮਿਸਾਲ ਵਾਸਤੇ 1936 ਵਾਲੀ ਮਰਿਯਾਦਾ ਵਿਚ ਸਪਸ਼ਟ ਲਿਖਿਆ ਸੀ ਕਿ ਭੋਗ ਮੁੰਦਾਵਣੀ ਤੇ ਪਾਇਆ ਜਾਵੇ (ਭਾਵ ਰਾਗਮਾਲਾ ਗੁਰਬਾਣੀ ਨਹੀਂ)। ਪਰ ਇਹ ਗੱਲ ਸੰਪਰਦਾਈਆਂ (ਜੋ ਬ੍ਰਾਹਮਣੀ ਪ੍ਰਭਾਵ ਹੇਠ ਵਿਚਰਦੇ ਹਨ) ਨੂੰ ਮਾਫਿਕ ਨਹੀਂ ਸੀ। ਉਹਨਾਂ ਦੀਆਂ ਕੋਸ਼ਿਸ਼ਾਂ (ਦਬਾਅ) ਸਦਕਾ 1945 ਵਿਚ ਸ਼੍ਰੋਮਣੀ ਕਮੇਟੀ ਨੇ ਇਸ ਮੱਦ ਵਿਚ ਤਰਮੀਮ ਕਰਕੇ ‘ਰਾਗਮਾਲਾ ਇੱਛਾ ਅਨੁਸਾਰ ਪੜ੍ਹਨ ਜਾਂ ਨਾ ਪੜ੍ਹਨ’ ਦੀ ਗੁਰਮਤਿ ਵਿਰੋਧੀ ਅਤੇ ਦੁਬਿਧਾਪੂਰਨ ਮੱਦ ਇਸ ਵਿਚ ਪਾ ਦਿੱਤੀ। ਉਸ ਤੋਂ ਬਾਅਦ ਵੀ ਚੁੱਪ-ਚੁੱਪੀਤੇ ਇਸ ਵਿਚ ਕੁਝ ਤਬਦੀਲੀਆਂ ਕਰ ਦਿੱਤੀਆਂ ਗਈਆਂ।

ਸੰਪਰਦਾਈ (ਬ੍ਰਾਹਮਣਵਾਦੀ) ਧਿਰਾਂ ਦੀ ਹਠਧਰਮੀ ਕਾਰਨ ਇਸ ਮਰਿਯਾਦਾ ਵਿਚ ਅਨੇਕਾਂ ਗੁਰਮਤਿ ਤੋਂ ਉਲਟ ਗੱਲਾਂ (ਕਮੀਆਂ) ਸ਼ਾਮਿਲ ਹੋ ਗਈਆਂ। ਮੁੱਖ ਹਨ: ਨਿਤਨੇਮ ਅਤੇ ਖੰਡੇ ਦੀ ਪਾਹੁਲ ਦੀ ਰਸਮ ਵਿਚ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਮੁਕਾਬਲੇ ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਵੱਧ ਮਾਨਤਾ ਦੇਣਾ। ‘ਦੇਵੀ (ਭਗੌਤੀ)’ ਸਿਮਰਨ ਨਾਲ ਪੰਥਕ ਅਰਦਾਸ ਦੀ ਸ਼ੁਰੂਆਤ, ਰਾਗਮਾਲਾ ਦਾ ਬਖੇੜਾ।

ਇਹਨਾਂ ਕਮੀਆਂ ਦੇ ਵਿਰੁਧ ਜਾਗਰੂਕ ਸਿੱਖਾਂ ਵਲੋਂ ਦਬਵੀਂ ਸੁਰ ਵਿਚ ਹਮੇਸ਼ਾ ਆਵਾਜ਼ ਉਠਦੀ ਰਹੀ। ਮਿਸ਼ਨਰੀ ਲਹਿਰ ਦੀ ਸ਼ੁਰੂਆਤ ਵੇਲੇ ਸੰਪਰਦਾਈ ਤਾਕਤਾਂ ਦੀ ਪੰਥ ਵਿਚ ਚੜਤ ਵੇਖਦੇ ਹੋਏ, ਇਸਦੇ ਮੋਢੀਆਂ ਨੇ, ਰੱਖਿਆਤਮਕ ਪੈਂਤੜਾ ਅਪਨਾਉਂਦੇ ਹੋਏ, ਇਸ ‘ਰਹਿਤ ਮਰਿਯਾਦਾ’ ਨੂੰ ਬਿਲਕੁਲ ਪ੍ਰਮਾਣਿਕ (ਗੁਰਮਤਿ ਅਨੁਸਾਰੀ) ਮੰਨਣਾ ਅਤੇ ਪ੍ਰਚਾਰਣਾ ਸ਼ੁਰੂ ਕਰ ਦਿਤਾ। ਮਿਸ਼ਨਰੀ ਸੰਸਥਾਵਾਂ ਨੇ ਇਸ ਵਿਚਲੀਆਂ ਕਮੀਆਂ ਬਾਰੇ ਬਿਲਕੁਲ ਚੁੱਪ ਧਾਰਨ ਕਰ ਲਈ। ਉਲਟਾ ਇਸ ਦੀਆਂ ਕਮੀਆਂ ਵਿਰੁਧ ਬੋਲਣ ਵਾਲਿਆਂ ਨੂੰ ‘ਪੰਥ ਦੋਖੀ’, ‘ਨਾਸਤਿਕ’ ਆਦਿਕ ਵੀ ਕਹਿ ਦਿਤਾ। ਉਹਨਾਂ ਦੀ ਸੋਚ ਇਹ ਸੀ ਕਿ ਜੇ ਉਹ ਇਸ ਮਰਿਯਾਦਾ ਵਿਚ ‘ਹਾਂ-ਪੱਖੀ’ ਸੋਧਾਂ ਦੀ ਗੱਲ ਕਰਨਗੇ ਤਾਂ ਸੰਪਰਦਾਈ ਜ਼ੋਰ ਪਾ ਕੇ ਇਸ ਵਿਚ ‘ਨਾਂਹ ਪੱਖੀ’ ਤਰਮੀਮਾਂ ਕਰਵਾ ਲੈਣਗੇ। ਪਰ ਉਹਨਾਂ ਦੀ ਇਹ ਸੋਚ ਠੀਕ ਨਹੀਂ ਸੀ, ਕਿਉਂਕਿ ਸੰਪਰਦਾਈ ਧਿਰਾਂ (ਟਕਸਾਲਾਂ, ਡੇਰੇਦਾਰ, ਅਖੌਤੀ ਸੰਤ ਸਮਾਜ ਆਦਿ) ਨੇ ਇਸ ਮਰਿਯਾਦਾ ਨੂੰ ਕਦੀ ਅਪਨਾਇਆ ਹੀ ਨਹੀਂ, ਬਲਕਿ ਉਹ ਤਾਂ ਸ਼ਰੇਆਮ ਇਸ ਦੀ ਖਿਲਾਫਤ ਕਰਦੇ ਰਹੇ। ਸਮੇਂ ਨਾਲ ਸੰਤ ਸਮਾਜ ਨੇ ਅਪਣੀ ਵੱਖਰੀ ਮਰਿਯਾਦਾ ਵੀ ਐਲਾਨ ਦਿਤੀ, ਜੋ ਬ੍ਰਾਹਮਣੀ ਪ੍ਰਭਾਵ ਨਾਲ ਲਬਰੇਜ਼ ਸੀ।

ਮਿਸ਼ਨਰੀ ਸੋਚ ਤੋਂ ਬਗਾਵਤ ਕਰਕੇ ਇਸ ਮਰਿਯਾਦਾ ਵਿਚਲੀਆਂ ਕਮੀਆਂ ਬਾਰੇ ਪਹਿਲੀ ਵਾਰ ਜ਼ੋਰਦਾਰ ਅਵਾਜ਼ ਉਠਾਉਣ ਦਾ ਸਿਹਰਾ ਗਿਆਨੀ ਭਾਗ ਸਿੰਘ ਜੀ ਅੰਬਾਲਾ ਨੂੰ ਜਾਂਦਾ ਹੈ। ਕਿਉਂਕਿ ਉਹ ਇਸ ਮਰਿਯਾਦਾ ਵਿਚ ‘ਹਾਂ-ਪੱਖੀ’ ਤਬਦੀਲੀਆਂ ਦੀ ਗੱਲ ਕਰਦੇ ਸਨ, ਇਸ ਕਰਕੇ ਸੰਪਰਦਾਈ (ਪੁਜਾਰੀਵਾਦੀ) ਧਿਰਾਂ ਨੇ ਉਹਨਾਂ ਖਿਲਾਫ ‘ਹਾਏ ਤੌਬਾ’ ਮਚਾ ਦਿਤੀ (ਜਦਕਿ ਸੰਪਰਦਾਈ ਤਾਕਤਾਂ ਆਪ ਖੁੱਦ ਇਸ ਮਰਿਯਾਦਾ ਤੋਂ ਬਾਗੀ ਸਨ)। ਅਫਸੋਸਜਨਕ ਗੱਲ ਇਹ ਸੀ ਕਿ ਮਿਸ਼ਨਰੀ ਸੰਸਥਾਵਾਂ ਨੇ ਵੀ ਇਸ ਮੁੱਦੇ ਕਾਰਨ ਗਿਆਨੀ ਜੀ ਤੋਂ ਕਿਨਾਰਾ ਕਰ ਲਿਆ। ਨਤੀਜਤਨ ਅਕਾਲ ਤਖ਼ਤ ’ਤੇ ਕਾਬਿਜ਼ ਪੁਜਾਰੀਆਂ ਨੇ ਉਹਨਾਂ ਨੂੰ ਪੰਥ ਤੋਂ ਛੇਕਣ ਦਾ ‘ਕੂੜ ਫਤਵਾ’ ਜਾਰੀ ਕਰ ਦਿਤਾ। ਸੰਪਰਦਾਈ ਤਾਕਤਾਂ ਦੇ ਵਿਰੋਧ, ਮਿਸ਼ਨਰੀ ਸੰਸਥਾਵਾਂ ਦੀ ਕਿਨਾਰਾਕਸ਼ੀ ਅਤੇ ਜਾਗਰੂਕ ਪੰਥਕ ਮੀਡੀਆ ਦੀ ਘਾਟ ਕਾਰਨ ਗਿਆਨੀ ਭਾਗ ਸਿੰਘ ਜੀ ਪੰਥ ਵਿਚ ਅਲਗ-ਥਲਗ ਪੈ ਗਏ। ਮਜ਼ਬੂਰਨ ਉਹਨਾਂ ਨੂੰ ਸਿਧਾਂਤ ਨਾਲ ਸਮਝੋਤਾ ਕਰਦੇ ਹੋਏ (ਜਾਂ ਧੋਖੇ ਹੇਠ) ਪੁਜਾਰੀਆਂ ਸਾਹਮਣੇ ਝੁੱਕਣਾ ਪਿਆ।

1995 ਦੇ ਆਸ-ਪਾਸ ਸ. ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਦੀਆਂ ਲਿਖਤਾਂ ਨਾਲ ਕੌਮ ਵਿਚ ਜਾਗ੍ਰਿਤੀ ਦਾ ਇਕ ਨਵਾਂ ਮਾਹੌਲ ਤਿਆਰ ਹੋਣ ਲਗ ਪਿਆ। ਇਸ ਨਾਲ ਕੁਝ ਹੋਰ ਜਾਗਰੂਕ ਸੰਸਥਾਵਾਂ ਅਤੇ ਪੰਥਦਰਦੀਆਂ ਨੇ ਵੀ, ਕੌਮ ਵਿਚ ਪ੍ਰਮਾਣਿਕ ਮੰਨੇ ਜਾਂਦੇ ਦਸਮ ਗ੍ਰੰਥ ਅਤੇ ਹੋਰ ਗੁਰਮਤਿ ਵਿਰੋਧੀ ਸਾਹਿਤ ਬਾਰੇ ਜ਼ੋਰਦਾਰ ਅਤੇ ਪ੍ਰਭਾਵਸ਼ਾਲੀ ਪ੍ਰਚਾਰ ਸ਼ੁਰੂ ਕਰ ਦਿਤਾ। ਇਹ ਜਾਗ੍ਰਿਤੀ ਇਕ ‘ਪੁਨਰਜਾਗਰਨ ਲਹਿਰ’ ਦਾ ਰੂਪ ਧਾਰਨ ਕਰਨ ਲਗ ਪਈ। ਮਾਸਿਕ ਰਸਾਲੇ ‘ਸਪੋਕਸਮੈਨ’ ਨੇ ਇਸ ਜਾਗਰੂਕਤਾ ਲਹਿਰ ਨੂੰ ਬਲ ਬਖਸ਼ਿਆ। ਪਰ ਇਸ ਲਹਿਰ ਦਾ ਮੁੱਖ ਆਧਾਰ ਸ. ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਦੀ ਗੁਰਮਤਿ ’ਤੇ ਆਧਾਰਿਤ ਪੁਸਤਕ ਲੜੀ ‘ਬਿਪਰਨ ਦੀ ਰੀਤ ਤੋਂ ਸੱਚ ਦਾ ਮਾਰਗ’ ਹੀ ਸੀ।
ਇਸ ਮਾਹੌਲ ਦੇ ਪ੍ਰਭਾਵ ਹੇਠ ਹੋਲੀ-ਹੋਲੀ ਜਾਗਰੂਕ ਵਿਦਵਾਨਾਂ ਅਤੇ ਪੰਥਦਰਦੀਆਂ ਵਿਚ ਇਸ ਰਹਿਤ ਮਰਿਯਾਦਾ ਦੀਆਂ ਕਮੀਆਂ ਦੇ ਸੁਧਾਰ ਸੰਬੰਧੀ ਵਿਚਾਰਾਂ ਤੁਰ ਪਈਆਂ। 2 ਕੁ ਸਾਲ ਪਹਿਲਾਂ ‘ਤੱਤ ਗੁਰਮਤਿ ਪਰਿਵਾਰ’ ਨੇ ਇਕ ਲੇਖ ਲੜੀ ‘ਸਿੱਖ ਰਹਿਤ ਮਰਿਯਾਦਾ ਦੀ ਪੁਨਰ ਪੜਚੋਲ ਕਿਉਂ ਜ਼ਰੂਰੀ?’ ਲਿਖ ਕੇ, ਪਹਿਲੀ ਵਾਰ ਇਸ ਮਰਿਯਾਦਾ ਵਿਚਲੇ ਗੁਰਮਤਿ ਵਿਰੋਧੀ ਨੁਕਤਿਆਂ ਬਾਰੇ ਖੁੱਲ ਕੇ ਪੜਚੋਲ ਪੇਸ਼ ਕੀਤੀ। ਇਸ ਤੋਂ ਪ੍ਰਭਾਵਿਤ ਹੋ ਕੇ ‘ਅਦਾਰਾ ਸਿੱਖ ਮਾਰਗ’ ਨੇ ਅਪਣੀ ਵੈਬਸਾਈਟ ਤੇ ਸਿੱਖ ਰਹਿਤ ਮਰਿਯਾਦਾ ਸੁਧਾਰ ਸੰਬੰਧੀ ਇਕ ਨਿਯਮਿਤ ਵਿਚਾਰ ਚਰਚਾ ਵੀ ਸ਼ੁਰੂ ਕੀਤੀ। ਅਫਸੋਸ! ਕੁਝ ਕਾਰਨਾਂ ਕਰਕੇ, ਕੁਝ ਸਮਾਂ ਬਾਅਦ ਹੀ ਇਹ ‘ਵਿਚਾਰ ਚਰਚਾ’ ਰੋਕ ਦਿਤੀ ਗਈ। ਹੁਣ ਵੀ ਅੰਦਰਖਾਤੇ ਇਸ ਬਾਰੇ ਵਿਚਾਰਾਂ ਚਲ ਰਹੀਆਂ ਹਨ।

ਇਹ ਤਾਂ ਗੱਲ ਹੋਈ ਜਾਗਰੂਕ ਧਿਰਾਂ ਦੀ। ਦੂਜੀ ਤਰਫ, ਬੇਸ਼ਕ ਸੰਪਰਦਾਈ ਧਿਰਾਂ ਨੇ ਅਪਣੀ ਵੱਖਰੀ ਮਰਿਯਾਦਾ ਬਣਾਈ ਹੋਈ ਹੈ। ਪਰ ਅਕਾਲ ਤਖ਼ਤ ਦੇ ਨਾਂ ’ਤੇ ਲਾਗੂ ਹੋਣ ਕਾਰਨ, ਇਸ ਵਿਚਲੀਆਂ ਚੰਗੀਆਂ ਗੱਲਾਂ ਉਹਨਾਂ ਨੂੰ ‘ਚੁੱਭਦੀਆਂ’ ਹਨ। ਖਾਸਕਰ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਬਰਾਬਰ (ਤੁੱਲ) ਕਿਸੇ ਹੋਰ ‘ਗ੍ਰੰਥ’ ਦਾ ਪ੍ਰਕਾਸ਼ ਨਾ ਕਰਨ ਵਾਲੀ ਮੱਦ ਇਹਨਾਂ ਨੂੰ ਬਹੁਤ ਚੁੱਭਦੀ ਹੈ। ਇਵੇਂ ਹੀ ‘ਰਹਿਰਾਸ’ ਵਿਚਲੀ ‘ਬੇਨਤੀ ਚੌਪਈ’ ਇਹਨਾਂ ਨੂੰ ਅਧੂਰੀ ਜਾਪਦੀ ਹੈ (ਜਾਗਰੂਕ ਪੰਥ ਇਸ ਅਧੂਰੀ ਚੋਪਈ ਨੂੰ ਵੀ ਖਤਮ ਕਰਨ ਦੇ ਹੱਕ ਵਿਚ ਹੈ)। ਇਸੇ ਕਾਰਨ ਸੰਪਰਦਾਈ ਇਸ ਮਰਿਯਾਦਾ ਖਿਲਾਫ ਬੋਲਦੇ ਰਹਿੰਦੇ ਹਨ।

ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ

ਅਕਾਲ ਤਖ਼ਤ ’ਤੇ ਇਸ ਸਮੇਂ ਸਿੱਧੇ-ਸਿੱਧੇ ਪੁਜਾਰੀਵਾਦੀ ਤਾਕਤਾਂ ਕਾਬਜ਼ ਹਨ। ਜਾਗਰੂਕ ਧਿਰਾਂ ਦੀ ਉੱਥੇ ਕੋਈ ਪੁੱਛ ਨਹੀਂ ਹੈ। ਅਕਾਲ ਤਖ਼ਤ ’ਤੇ ਨਿਯੁਕਤੀਆਂ ਸ਼੍ਰੋਮਣੀ ਕਮੇਟੀ ਕਰਦੀ ਹੈ, ਜਿਸ ਦੀ ਲਗਾਮ ਇਸ ਸਮੇਂ ਅਕਾਲੀ ਦਲ ਬਾਦਲ ਦੇ ਹੱਥ ਵਿਚ ਹੈ। ਇਹ ਵੀ ਜਗਜ਼ਾਹਿਰ ਹੈ ਕਿ ਅਕਾਲੀ ਦਲ ਬਾਦਲ ਪੂਰੀ ਤਰ੍ਹਾਂ ਬ੍ਰਾਹਮਣੀ ਤਾਕਤਾਂ (ਆਰ. ਐਸ. ਐਸ.) ਦੇ ਪ੍ਰਭਾਵ (ਗੁਲਾਮੀ) ਹੇਠ ਹੈ। ਦੂਜੀ ਤਰਫ ਜ਼ਿਆਦਾਤਰ ਸੰਪਰਦਾਈ ਧਿਰਾਂ ਦੇ ਵੀ ਤਾਰ ਐਸੀ ਤਾਕਤਾਂ ਨਾਲ ਹੀ ਜੁੜੇ ਹਨ। ਇਸਦਾ ਸਪਸ਼ਟ ਭਾਵ ਇਹ ਹੈ ਕਿ ਕੇਂਦਰੀ ਪੰਥਕ ਸੰਸਥਾਵਾਂ ’ਤੇ ਇਸ ਸਮੇਂ ਪੰਥ ਵਿਰੋਧੀ ਤਾਕਤਾਂ ਦਾ ਕਬਜ਼ਾ ਹੈ।

ਇਹਨਾਂ ਤਾਕਤਾਂ ਨੂੰ ਹਰ ਉਹ ਗੱਲ ਚੁੱਭਦੀ ਹੈ, ਜੋ ਪੰਥ ਨੂੰ ਬ੍ਰਾਹਮਣਵਾਦ ਤੋਂ ਨਿਖੇੜਦੀ ਹੈ। ‘ਨਾਨਕਸ਼ਾਹੀ ਕੈਲੰਡਰ’ ਐਸੀ ਹੀ ਇਕ ਸ਼ੈ ਸੀ। ਇਹਨਾਂ ਤਾਕਤਾਂ ਨੇ ਅਪਣਾ ਪ੍ਰਭਾਵ ਵਰਤ ਕੇ ਇਸ ‘ਕੈਲੰਡਰ’ ਵਿਚਲੇ ‘ਨਾਨਕਸ਼ਾਹੀ’ ਅੰਸ਼ ਦਾ ਭੋਗ ਹੀ ਪਵਾ ਦਿਤਾ। ਬੇਸ਼ਕ ਇਸ ਮੁੱਦੇ ’ਤੇ ਜਾਗਰੂਕ ਪੰਥ ਵਲੋਂ ਡੱਟਵਾਂ ਵਿਰੋਧ ਕੀਤਾ ਗਿਆ। ‘ਸਿੱਖ ਇਤਿਹਾਸ’ ਜਿਹੀਆਂ ਗੁਰ-ਨਿੰਦਕ ਭਰਪੂਰ ਪੁਸਤਕਾਂ ਦਾ ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਨ ਇਹਨਾਂ ਤਾਕਤਾਂ ਦੇ ਕਬਜ਼ੇ ਨੂੰ ਜਗ-ਜਾਹਿਰ ਕਰਦਾ ਹੈ।

ਹੁਣ ਸ਼੍ਰੋਮਣੀ ਕਮੇਟੀ ਨੇ ਕੁਝ ਸ਼ਿਕਾਇਤਾਂ ਦਾ ਬਹਾਨਾ ਬਣਾ ਕੇ ‘ਸਿੱਖ ਰਹਿਤ ਮਰਿਯਾਦਾ’ ਵਿਚ ਸੋਧਾਂ ਲਈ ਇਕ ‘ਸਬ-ਕਮੇਟੀ’ ਬਣਾਉਣ ਦਾ ਐਲਾਨ ਕਰ ਦਿਤਾ ਹੈ। ਇਸ ਕਮੇਟੀ ਦਾ ਸਰਪ੍ਰਸਤ ਪੁਜਾਰੀਆਂ (ਜਥੇਦਾਰ ਕਹਾਉਂਦੇ) ਨੂੰ ਬਣਾਉਣਾ ਹੀ ਇਹਨਾਂ ਦੇ ਮੰਸ਼ੇ ਸਪਸ਼ਟ ਕਰਦਾ ਹੈ। ਜਾਗਰੂਕ ਧਿਰਾਂ ਨੂੰ ਇਸ ਐਲਾਨ ਨਾਲ ਸੁਚੇਤ ਹੋਣ ਦੀ ਲੋੜ ਹੈ। ਇਸ ਸੰਬੰਧੀ ਬਹੁਤ ਸੋਚ ਵਿਚਾਰ ਕੇ ਪੈਂਤੜਾ ਧਾਰਨ ਕਰਨਾ ਪੈਣਾ ਹੈ।

ਇਸ ਕਿਸ਼ਤ ਵਿਚ ਅਸੀਂ ਇਸ ਸੰਬੰਧੀ ਅੱਜ ਤੱਕ ਦੇ ਹਾਲਾਤ ਬਿਆਨ ਕੀਤੇ ਹਨ। ਅਗਲੀ ਕਿਸ਼ਤ ਵਿਚ ਇਸ ਬਾਰੇ ਕੁਝ ਵਿਚਾਰ ਪੇਸ਼ ਕਰਾਂਗੇ ਕਿ ਜਾਗਰੂਕ ਧਿਰਾਂ ਨੂੰ ਇਸ ਸੰਬੰਧੀ ਕੀ ਪਹੁੰਚ ਅਪਣਾਉਣੀ ਚਾਹੀਦੀ ਹੈ।
ਹੁਣ ਜਦੋਂ ਸ਼੍ਰੋਮਣੀ ਕਮੇਟੀ ਨੇ ਇਸ ਵਿਚ ਸੋਧਾਂ ਲਈ ‘ਸਬ ਕਮੇਟੀ’ ਦੇ ਗਠਨ ਬਾਰੇ ਐਲਾਣ ਕਰ ਦਿਤਾ ਹੈ ਤਾਂ ਇਸ ਸੰਬੰਧੀ ਬਹੁਤ ਸੁਚੇਤ ਪੈਂਤੜਾ ਅਪਨਾਉਣ ਦੀ ਲੋੜ ਹੈ। ਇਸ ਵਿਚ ਕੋਈ ਦੋ-ਰਾਇ ਨਹੀਂ ਹੈ ਕਿ ਮੌਜੂਦਾ ਕਮੇਟੀ ਦੇ ਕਾਰਗੁਜ਼ਾਰੀ ਵੇਖ ਕੇ ਇਸ ਕੋਲੋਂ ਕਿਸੇ ਚੰਗੇ ਕੰਮ ਦੀ ਆਸ ਨਹੀਂ ਕੀਤੀ ਜਾ ਸਕਦੀ ਪਰ ਅਸੀਂ ਸਾਰੇ ਹੀ ਮੰਨਦੇ ਹਾਂ ਕਿ ਇਸ ਮਰਿਯਾਦਾ ਵਿਚ ਸੋਧਾਂ ਜ਼ਰੂਰੀ ਹਨ। ਇਸ ਕਰਕੇ ਸ਼੍ਰੋਮਣੀ ਕਮੇਟੀ ਦੇ ਇਸ ਕਾਰਜ ਵਿਚ ‘ਸ਼ਰਤਾਂ ਨਾਲ’ ਸ਼ਾਮਿਲ ਹੋਣ ਲਈ ਸਹਿਮਤੀ ਦਿਤੀ ਜਾ ਸਕਦੀ ਹੈ। ਸ਼ਰਤਾਂ ਹੇਠ ਲਿਖੀਆਂ ਹੋ ਸਕਦੀਆਂ ਹਨ।

1. ਇਸ ਕਮੇਟੀ ਵਿਚ ਸਿਰਫ ਵਿਦਵਾਨ, ਬੁਧੀਜੀਵੀ ਅਤੇ ਪੰਥਦਰਦੀ ਲਏ ਜਾਣ। ਪੁਜਾਰੀ ਸ਼੍ਰੇਣੀ ਦਾ ਕੋਈ ਬੰਦਾ (ਅਖੌਤੀ ਸਿੰਘ ਸਾਹਿਬ, ਸੰਤ ਬਾਬੇ ਆਦਿ) ਇਸ ਦੇ ਮੈਂਬਰ ਨਹੀਂ ਹੋਣੇ ਚਾਹੀਦੇ।
2. ਇਸ ਕਮੇਟੀ ਵਿਚ ਜਾਗਰੂਕ ਪੰਥਕ ਧਿਰਾਂ ਨੂੰ ਉਨ੍ਹਾਂ ਦੇ ਬਰਾਬਰ ਪ੍ਰਤੀਨਿਧਤਾ ਦਿਤੀ ਜਾਵੇ। ਮਿਸਾਲ ਵਾਸਤੇ ਜੇ ਕਮੇਟੀ ਵਿਚ 20 ਮੈਂਬਰ ਹਨ ਤਾਂ ਘੱਟੋ-ਘੱਟ 10 ਜਾਗਰੂਕ ਧਿਰਾਂ ਨਾਲ ਸੰਬੰਧਿਤ ਹੋਣ।
3. ਇਸ ਕਮੇਟੀ ਦੇ ਸਾਰੇ ਮੈਂਬਰਾਂ ਦੇ ਨਾਂ ਜਨਤਕ ਕੀਤੇ ਜਾਣ।
4. ਪਹਿਲੀ ਮੀਟਿੰਗ ਵਿਚ ਇਹ ਕਮੇਟੀ ਸਾਰੀ ਕੌਮ ਨੂੰ ਰਹਿਤ ਮਰਿਯਾਦਾ ਸੰਬੰਧੀ ਵਿਚਾਰ (ਲਿਖਤੀ ਰੂਪ ਵਿਚ) ਭੇਜਣ ਦਾ ਖੁੱਲਾ ਸੱਦਾ ਦੇਵੇ। ਇਸ ਲਈ ਇਕ ਨਿਸ਼ਚਿਤ ਸਮਾਂ (2 ਜਾਂ 3 ਮਹੀਨੇ) ਦਿਤਾ ਜਾਵੇ।
5. ਅਗਲੀ ਮੀਟਿੰਗ ਇਸ ਸਮੇਂ ਸੀਮਾ ਤੋਂ ਬਾਅਦ ਹੋਵੇ।
6. ਕਿਉਂਕਿ ਮੌਜੂਦਾ ਕਮੇਟੀ ਦੀ ਸੁਹਿਰਦਤਾ ਸ਼ੱਕੀ ਹੈ, ਇਸ ਕਰਕੇ ਦੂਜੀ ਮੀਟਿੰਗ ਨਵੀਂ ਕਮੇਟੀ ਦੇ ਗਠਨ ਤੋਂ ਬਾਅਦ ਹੋਵੇ।
7. ਕਮੇਟੀ ਦੇ ਹਰ ਨਿਰਣੇ ਲਈ ਅੰਤਿਮ ਕਸਵੱਟੀ ਸਿਰਫ ‘ਗੁਰੂ ਗ੍ਰੰਥ ਸਾਹਿਬ ਜੀ’ ਹੋਣ।
8. ਕਮੇਟੀ ਦਾ ਸਾਰਾ ਕੰਮ ਪਾਰਦਰਸ਼ੀ ਹੋਵੇ। ਸਾਰੀਆਂ ਮੀਟਿੰਗਾਂ ਦੀ ਪੂਰੀ ਵੀਡੀਉ ਰਿਕਾਰਡਿੰਗ ਕੀਤੀ ਜਾਵੇ।
9. ਕਮੇਟੀ ਨੂੰ ਅਪਣਾ ਕੰਮ ਪੂਰਾ ਕਰਨ ਲਈ ਇਕ ਨਿਸ਼ਚਿਤ ਸਮੇਂ ਸੀਮਾ ਦਿਤੀ ਜਾਵੇ।
10. ਅੰਤਿਮ ਪ੍ਰਵਾਨਗੀ ਤੋਂ ਪਹਿਲਾਂ ਖਰੜਾ ਮੀਡੀਆ ਰਾਹੀ ਸਾਰੀ ਕੌਮ ਸਾਹਮਣੇ ਪੇਸ਼ ਕੀਤਾ ਜਾਵੇ।

ਜੇ ਕਮੇਟੀ ਉਪਰੋਕਤ ਸ਼ਰਤਾਂ ਨੂੰ ਮੰਨ ਜਾਂਦੀ ਹੈ ਤਾਂ ਇਸ ‘ਸੋਧ ਕਾਰਜ’ ਨੂੰ ‘ਸੁਚੇਤ ਸਹਿਯੋਗ’ ਦਿਤਾ ਜਾ ਸਕਦਾ ਹੈ। ਇਸ ਤੋਂ ਬਾਅਦ ਸਾਰੀਆਂ ਜਾਗਰੂਕ ਧਿਰਾਂ ਦੇ ਪ੍ਰਤੀਨਿਧੀ ਇਕ ਮੀਟਿੰਗ ਕਰਕੇ ਉਹਨਾਂ ਵਿਦਵਾਨਾਂ, ਪੰਥਦਰਦੀਆਂ ਦੀ ਚੌਣ ਕਰਨ, ਜੋ ਇਸ ਕਮੇਟੀ ਵਿਚ ਪ੍ਰਤੀਨਿਧੀਆਂ ਵਜੋਂ ਭੇਜਣੇ ਹਨ। ਇਹਨਾਂ ਦੀ ਚੌਣ ਕਰਨ ਲਈ ਹੇਠ ਲਿਖੇ ਗੁਣ ਹੋਣੇ ਚਾਹੀਦੇ ਹਨ:

1. ਉਹ ਕਮੇਟੀ ਗੁਰਮਤਿ ਫਿਲਾਸਫੀ ਦੀ ਮਾਹਿਰ ਹੋਣ।
2. ਉਹ ਕਿਸੇ ਦੇ ਗਲਤ ਪ੍ਰਭਾਵ (ਦਵਾਬ) ਨੂੰ ਨਾ ਕਬੂਲਣ ਵਾਲੇ ਹੋਣ।
3. ਨਿਸ਼ਕਾਮ ਹੋਣ
4. ਦ੍ਰਿੜ੍ਹ ਸੰਕਲਪ ਹੋਣ
5. ਅਪਣੀ ਗੱਲ ਨੂੰ ਹਰ ਥਾਂ ਚੰਗੀ ਤਰ੍ਹਾਂ ਪੇਸ਼ ਕਰਨਾ ਜਾਣਦੇ ਹੋਣ।

ਇਹਨਾਂ ਜਾਗਰੂਕ ਪ੍ਰਤੀਨਿਧੀਆਂ ਨੂੰ ਸਪਸ਼ਟ ਹਿਦਾਇਤ ਦਿਤੀ ਜਾਵੇ ਕਿ ਉਹ ਕਿਸੇ ਵੀ ਕੀਮਤ ’ਤੇ ‘ਗੁਰਮਤਿ ਸਿਧਾਂਤਾਂ’ ਨਾਲ ਸਮਝੌਤਾ ਨਹੀਂ ਕਰਨਗੇ। ‘ਸੋਧ ਕਮੇਟੀ’ ਦੀ ਕਾਰਵਾਈ ਦੇ ਦੌਰਾਨ ਉਹਨਾਂ ਨੂੰ ਜਿੱਥੇ ਵੀ ਮਹਿਸੂਸ ਹੋਵੇ ਕਿ ਇਸ ਕਮੇਟੀ ਦੀ ਕਾਰਵਾਈ ਵਿਚ ‘ਸੁਹਿਰਦਤਾ, ਨੇਕ ਨਿਯਤੀ ਦੀ ਕਮੀ ਹੈ ਅਤੇ ਕਮੇਟੀ ਪੰਥ ਵਿਰੋਧੀ ਤਾਕਤਾਂ ਦੇ ਪ੍ਰਭਾਵ ਹੇਠਾਂ ਕੰਮ ਕਰ ਰਹੀ ਹੈ ਤਾਂ ਉਹ ਯੋਗ ਤਰੀਕੇ ਇਸ ਦਾ ਵਿਰੋਧ ਕਰਨ ਅਤੇ ਜੇ ਗੱਲ ਹੱਦੋਂ ਵੱਧ ਹੈ ਤਾਂ ਇਹਨਾਂ ਖਾਮੀਆਂ ਦਾ ਖੁਲਾਸਾ ਕਰਦੇ ਹੋਏ ਇਸ ਦਾ ਬਾਈਕਾਟ ਕਰਨ ਬਾਰੇ ਵੀ ਵਿਚਾਰ ਕੀਤੀ ਜਾ ਸਕਦੀ ਹੈ।

ਦੂਜੀ ਤਰਫ਼, ਜੇ ਸ਼੍ਰੋਮਣੀ ਕਮੇਟੀ ਉਪਰੋਕਤ ਸ਼ਰਤਾਂ ਨੂੰ ਮੰਜੂਰ ਨਹੀਂ ਕਰਦੀ ਤਾਂ ਸਾਰੀਆਂ ਜਾਗਰੂਕ ਧਿਰਾਂ ਨੂੰ ਇਕਮਤ ਹੋ ਕੇ ਇਸ ‘ਸੋਧ ਕਾਰਜ’ ਦਾ ਬਾਈਕਾਟ ਕਰਨਾ ਚਾਹੀਦਾ ਹੈ। ਆਮ ਸਿੱਖਾਂ ਨੂੰ ਮੀਡੀਆਂ ਜਾਂ ਹੋਰ ਪ੍ਰਚਾਰ ਸਾਧਨਾਂ ਰਾਹੀਂ ਇਸ ‘ਸੋਧ ਕਾਰਜ’ ਪਿੱਛੇ ਛੁੱਪੇ ‘ਗੁਪਤ ਮਕਸਦ’ ਬਾਰੇ ਜਾਗਰੂਕ ਕਰਨ ਦਾ ਜਤਨ ਕੀਤਾ ਜਾਵੇ। ਨਾਲ ਹੀ ਆਪਸੀ ਵਿਚਾਰ ਰਾਹੀਂ ਇਕ ਪੈਨਲ ਦਾ ਗਠਨ ਕਰਕੇ, ਨਿਰੋਲ ਗੁਰਮਤਿ ਦੀ ਰੋਸ਼ਨੀ ਵਿਚ, ਇਕ ਨਵੀਂ ‘ਜੀਵਨ ਜਾਚ’ ਤਿਆਰ ਕਰਨ ਲਈ ਕਾਰਵਾਈ ਸ਼ੁਰੂ ਕੀਤੀ ਜਾਵੇ। ਆਸ ਹੈ ਸਾਰੀਆਂ ਜਾਗਰੂਕ ਧਿਰਾਂ ‘ਪਰਿਵਾਰ’ ਦੇ ਇਸ ‘ਸੁਝਾਅ ਪੱਤਰ’ ਰੂਪੀ ਬੇਨਤੀ ਨੂੰ ਸੁਹਿਰਦਤਾ ਨਾਲ ਵਿਚਾਰਦੇ ਹੋਏ ਇਸ ਮੁੱਦੇ ਉ¤ਤੇ, ਆਪਸੀ ਵਿਚਾਰ ਕਰਕੇ ਸੁਚੇਤ ਕਦਮ ਚੁਕਣਗੇ।