Subscription About Us Contact Us


ਕਾਲਕਾ ਪੰਥ ਦੇ ਅਖੌਤੀ ਜੱਥੇਦਾਰ (ਅ)ਗਿਆਨੀ ਇਕਬਾਲ ਸਿੰਘ, ਪਟਨਾ ਵਾਲੇ ਦਾ ਅਕਾਲ ਤਖਤ ਅਤੇ ਸਿੱਖ ਰਹਿਤ ਮਰਿਯਾਦਾ ਨੂੰ ਚੈਲੇਂਜ

- ਕ੍ਰਿਪਾਲ ਸਿੰਘ ਬਠਿੰਡਾ -

ਤਖਤ ਪਟਨਾ ਸਾਹਿਬ ਦਾ ਅਖੌਤੀ ਜੱਥੇਦਾਰ (ਅ)ਗਿਆਨੀ ਇਕਬਾਲ ਸਿੰਘ ਅਕਸਰ ਹੀ ਸ਼ੋਮਣੀ ਅਕਾਲ ਤਖਤ, ਅੰਮ੍ਰਿਤਸਰ ਨੂੰ ਚੈਲੇਂਜ ਕਰਦਾ ਹੀ ਰਹਿਂਦਾ ਹੈ ਭਾਂਵੇਂ ਓਹਨੇ ਅਪਣੇ ਭਰਾ ਗਿਆਨੀ ਗੁਰਬਚਨ ਸਿੰਘ ਅਕਾਲ ਤਖ਼ਤ, ਅੰਮ੍ਰਿਤਸਰ ਨਾਲ ਕਾਫੀ ਸਮੇਂ ਤੋਂ ਆਪਸ ਚ ਗੂੜੀ ਮਿਤਰਤਾ ਬਣਾਈ ਹੋਈ ਹੈ ਪਰ ਪਤਾ ਨਹੀਂ ਕਿਓਂ (ਅ)ਗਿਆਨੀ ਇਕਬਾਲ ਸਿੰਘ ਆਪਣੀ ਜੱਥੇਦਾਰੀ ਚਮਕਾਉਣ ਲਈ ਨਿਤ ਰੋਜ ਕੋਈ ਨ ਕੋਈ ਤੀਰ ਅਪਣੇ ਤਰਕਸ਼ ਚੋਂ ਕਢ ਹੀ ਲੈਂਦਾ ਹੈ। ਅੱਜਕਲ ਰਾਗਮਾਲਾ ਦਾ ਤੀਰ ਚਲਾਇਆ ਹੈ ਜੋ ਸਿਧੇ ਹੀ ਅਕਾਲ ਤਖਤ ਅਤੇ ਸਿੱਖ ਰਹਿਤ ਮਰਿਆਦਾ ਨੂੰ ਇਕਬਾਲ ਸਿੰਘ ਦਾ ਚੈਲੇਂਜ ਹੈ। ਸਿੱਖ ਰਹਿਤ ਮਰਿਆਦਾ ਅਨੁਸਾਰ ਸ਼੍ਰੀ ਗੁਰੁ ਗ੍ਰੰਥ ਸਾਹਿਬ ’ਚ ਦਰਜ ਰਾਗਮਾਲਾ- ਪੜਨ ਅਤੇ ਨ ਪੜਨ ਬਾਰੇ ਸਪਸ਼ਟ ਅੰਕਿਤ ਕੀਤਾ ਗਿਆ ਹੈ ਪਰ ਪਤਾ ਨਹੀ ਕਿਸ ਸਾਜਿਸ਼ ਅਧੀਨ ਇਹ ਬ੍ਰਾਹਮਣਵਾਦੀ ਅਖੌਤੀ ਜੱਥੇਦਾਰ ਪੰਥ-ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਤੇ ਕਿੰਤੂ-ਪਰੰਤੂ ਕਰਦਾ ਰਹਿੰਦਾ ਹੈ।

(ਅ)ਗਿਆਨੀ ਇਕਬਾਲ ਸਿੰਘ ਦਾ ਇਹ ਬਿਆਨ ਕਿ ੱਰਾਗਮਾਲਾ ਤੋਂ ਬਗੈਰ ਸ਼੍ਰੀ ਗੁਰੁ ਗ੍ਰੰਥ ਸਾਹਿਬ ਦਾ ਪਾਠ ਪੜਨ ਵਾਲਾ ਸਿੱਖ ਨਹੀਂ ਹੋ ਸਕਦਾ ਤੇ ਓਨ੍ਹਾਂ ਕੋਲੇਂ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਰੂਪ ਵਾਪਿਸ ਲੈ ਲੈਏ ਜਾਣਗੇ ।’’ ਉਨ੍ਹਾਂ ਦੀ ਅਗਿਆਨਤਾ ਤੇ ਪੱਕੀ ਮੋਹਰ ਲਗਾ ਰਿਹਾ ਹੈ।

1) ਪਹਿਲੀ ਇਕ ਗੱਲ ਇਹ ਸੋਚਣ ਵਾਲੀ ਹੈ ਕਿ ਜੇ ਖਾਲਸਾ ਪੰਥ ਵਲੋਂ ਬਣਾਈ ਸਿੱਖ ਰਹਿਤ ਮਰਿਆਦਾ ਸਿੱਖਾਂ ਨੇ ਪ੍ਰਵਾਨ ਕਰ ਹੀ ਲਈ ਹੈ ਤਾਂ ਇਸਦੇ ਕਿਸੇ ਨੁਕਤੇ ਨੂੰ ਕੋਈ ਵਿਅਕਤੀ ਆਪਣੀ ਮਨਮਤੀ ਵਿਚਾਰਧਾਰਾ ਅਤੇ ਬੇਲੋੜੇ ਤੇ ਮੱਕਾਰ ਮਾਨਸਿਕਤਾ ਨਾਲ ਪ੍ਰੇਰਿਤ ਕੂੜਨਾਮਿਆਂ ਨਾਲ ਰੱਦ ਨਹੀਂ ਕਰ ਸਕਦਾ, ਭਾਂਵੇ ਓਹ ਕਿਸੇ ਵੀ ਤਖ਼ਤ ਦਾ ਅਖੌਤੀ ਜੱਥੇਦਾਰ ਹੀ ਕਿਉਂ ਨਾ ਹੋਵੇ। ਹਾਂ, ਜੇਕਰ ਕੋਈ ਨੁਕਤਾ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਉਪਦੇਸ਼ਾਂ ਨਾਲ ਮੇਲ ਖਾਉਂਦਾ ਨਾ ਸਾਬਿਤ ਹੋਵੇ, ਤਾਂ ਨਿਰਪੱਖ ਸਿੱਖ ਵਿਦਵਾਨਾਂ ਨਾਲ ਵਿਚਾਰ-ਵਟਾਂਦਰਾ ਕਰਕੇ, ਪਾਰਦਰਸ਼ੀ ਢੰਗ ਨਾਲ ਉਸ ਵਿਚ ਸੋਧ ਕਰਨ ਦਾ ਕੋਈ ਢੰਗ ਉਲੀਕਿਆ ਜਾ ਸਕਦਾ ਹੈ।

2) ਦੂਜੀ ਗੱਲ ਇਹ ਕਿ ਜੇ ਇਨ੍ਹਾਂ ਹੀ ਅਖੌਤੀ ਜੱਥੇਦਾਰਾਂ ਵਲੋਂ ਸਿੱਖ ਰਹਿਤ ਮਰਿਯਾਦਾ ਲਾਗੂ ਕਰਾਉਣ ਲਈ ਜਾਰੀ ਕੀਤੇ ਹੁਕਮਨਾਮੇ ਜੇ ਇਨ੍ਹਾਂ ਨੂੰ ਯਾਦ ਕਰਵਾਏ ਜਾਣ, ਤਾਂ ਇਹੀ ਜੱਥੇਦਾਰ ਉਹਨੂੰ ਪੰਥ ਦਾ ਦੁਸ਼ਮਣ ਆਖ ਕੇ ਪੰਥ ਚੋਂ ਛੇਕ ਦੇਣ ਦਾ ਡ੍ਰਾਮਾ ਕਰਦੇ ਹਨ (ਬਚਿੱਤਰ ਨਾਟਕ ਗ੍ਰੰਥ ਦੇ ਵਿਰੋਧੀਆਂ ਨੂੰ ਰਹਿਤ ਮਰਿਆਦਾ ਵਿਚ ਸ਼ਾਮਲ 2-3 ਰਚਨਾਵਾਂ ਦੇ ਅਧਾਰ ’ਤੇ ਹੀ ਪੰਥ-ਵਿਰੋਧੀ ਕਰਾਰ ਦਿੱਤਾ ਜਾਂਦਾ ਹੈ) ਤੇ ਹੁਣ ਜੇ ਇਨ੍ਹਾਂ ਹੀ ਜੱਥੇਦਾਰਾਂ ਵਲੋਂ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਜੇ ਇਨ੍ਹਾਂ ਚੋਂ ਹੀ ਕੋਈ ਅਖੌਤੀ ਜੱਥੇਦਾਰ ਮੰਨਣ ਤੋਂ ਇਨਕਾਰੀ ਹੁੰਦਾ ਹੈ ਤੇ ਇਕ ਨਿਮਾਣਾ ਜਿਹਾ ਸਿੱਖ ਇਹ ਸੋਚੀ ਜਾਂਦਾ ਕਿ ਹੁਣ ਤੇ ਇਸ ਦੀ ਵੀ ਤਖਤ (ਸਕੱਤਰੇਤ) ’ਤੇ ਪੇਸ਼ੀ ਹੋਊ ਤੇ ਸ਼ਾਇਦ ਜੱਥੇਦਾਰੀ ਵੀ ਜਾਊ !!! ਪਰ ਖਾਲਸਾ ਜੀ ਸ਼ਾਇਦ ਐਸਾ ਕੁਝ ਵੀ ਨਹੀਂ ਹੋਣ ਵਾਲਾ ਕਿਉਂਕਿ ਇਹੀ ਸਾਰੇ ਅਖੌਤੀ ਜੱਥੇਦਾਰ ਇਕ ਪਾਸੇ ਸਿੱਖ ਰਹਿਤ ਮਰਿਯਾਦਾ ਨੂੰ ਲਾਗੂ ਕਰਾਉਣ ਲਈ ਹੁਕਮਨਾਮੇ ਜਾਰੀ ਕਰਦੇ ਨੇ ਤੇ ਦੂਜੇ ਪਾਸੇ ਇਹੀ ਜੱਥੇਦਾਰ ਉਹੀ ਸਿੱਖ ਰਹਿਤ ਮਰਿਯਾਦਾ ਨੂੰ ਮੰਨਣ ਨੂੰ ਇਨਕਾਰੀ ਨੇ।

ਜੇ ਹੁਣ ਗਲ ਕਰੀਏ (ਅ)ਗਿਆਨੀ ਇਕਬਾਲ ਸਿੰਘ ਦੀ ਕਿ ਓੁਹ ਕਿਨੇ ਵੱਡੇ ਪੰਥ ਹਿਤੈਸ਼ੀ ਨੇ ਤੇ ਖਾਲਸਾ ਜੀ ਇਹ ਕੋਈ ਨਵੀਂ ਗਲ ਨਹੀਂ ਕਿ ਇਕਬਾਲ ਸਿੰਘ ਨੇ ਸਿੱਖ ਰਹਿਤ ਮਰਿਯਾਦਾ ਨੂੰ ਤੋੜਿਆ। ਜੇ ਸਿੱਖ ਰਹਿਤ ਮਰਿਯਾਦਾ ਤੋੜਨ ਦੀ ਜੱਥੇਦਾਰੀ ਇਨ੍ਹਾਂ ਨੂੰ ਦੇ ਦਿਤੀ ਜਾਏ ਤੇ ਕੋਈ ਵੱਡੀ ਗਲ ਨ ਹੋਉ, ਤੋੜਨ ਦੇ ਸਾਰੇ ਰਿਕਾਰਡ ਇਨ੍ਹਾਂ ਨੂੰ ਹੀ ਜਾਣਗੇ। ਜਿਸ ਸਿੱਖ ਰਹਿਤ ਮਰਿਯਾਦਾ ’ਚ ਇਹ ਸਾਫ-ਸਾਫ ਲਿਖਿਆ ਹੋਇਆ ਹੈ ਕਿ ਗੁਰਦੁਆਰਿਆਂ ’ਚ ਜਾਂ ਸਿੱਖ ਧਾਰਮਿਕ ਸਮਾਗਮਾਂ ਚ ਗੁਰਬਾਣੀ ਦਾ ਕੀਰਤਨ ਜਾਂ ਕਥਾ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਅਲਾਵਾ ਭਾਈ ਗੁਰਦਾਸ ਜੀ ਅਤੇ ਭਾਈ ਨੰਦਲਾਲ ਜੀ ਦੀਆਂ ਵਾਰਾਂ ਦਾ ਹੀ ਹੋ ਸਕਦਾ ਹੈ, ਪਰ ਫਿਰ ਵੀ ਇਸ ਦੇ ਉਲਟ ਜੇ ਕੋਈ ਸਿੱਖ ਜਾਂ ਇਹ ਹੀ ਅਖੌਤੀ ਜੱਥੇਦਾਰ (ਅ)ਗਿਆਨੀ ਇਕਬਾਲ ਸਿੰਘ ਕਿਸੇ ਹੋਰ ਗ੍ਰੰਥ ਚੋਂ ਕੂੜ ਕਥਾ ਕਰੇ ਤੇ ਸਿੱਖ ਰਹਿਤ ਮਰਿਯਾਦਾ ਨੂੰ ਮੰਨਣ ਨੂੰ ਇਨਕਾਰੀ ਹੋਵੇ ਤੇ ਕਿ ਉਹਦੇ ਤੋਂ ਸਪਸ਼ਟੀਕਰਨ ਨਹੀਂ ਮੰਗਿਆ ਜਾ ਸਕਦਾ? ਜਾਂ ਘੱਟੋ-ਘੱਟ ਉਸ ਦੇ ਕਥਾ ਕਰਨ ’ਤੇ ਪਾਬੰਦੀ ਤਾਂ ਲਗਾਈ ਹੀ ਜਾ ਸਕਦੀ ਹੈ (ਪ੍ਰੋ: ਦਰਸ਼ਨ ਸਿੰਘ ਦੇ ਮਾਮਲੇ ਵਿਚ ਤਾਂ ਉਨ੍ਹਾਂ ਦਾ ਸਪਸ਼ਟੀਕਰਨ ਸੁਣਨ ਤੋਂ ਪਹਿਲਾਂ ਹੀ ਸਿੱਖ ਸੰਗਤਾਂ ਨੂੰ ਉਨ੍ਹਾਂ ਦਾ ਕੀਰਤਨ ਨਾ ਕਰਵਾਉਣ ਦਾ ਹੁਕਮ ਦੇ ਦਿੱਤਾ ਗਿਆ ਸੀ)।

ਪਰ ਸ਼ਾਇਦ ਅਸੀਂ ਗਲਤ ਅੰਦਾਜਾ ਲਗਾ ਲਿਆ ਹੈ, ਇਨ੍ਹਾਂ ਨੇ ਆਪਣੀ-ਆਪਣੀ ਜੱਥੇਦਾਰੀ ਬਚਾਉਣ ਲਈ ਆਪਸ ’ਚ ਇਕ ਡ੍ਰਾਮਾ ਜਰੂਰ ਬਣਾ ਲਿਆ ਹੋਣਾ ਹੈ। ਸੋ ਇਨ੍ਹਾਂ ਅਖੌਤੀ ਜੱਥੇਦਾਰਾਂ ਤੋਂ ਪੰਥ ਨੂੰ ਕਿਸੇ ਢੁਕਵੀਂ ਕਾਰਵਾਈ ਦੀ ਆਸ ਹੀ ਛੱਡ ਦੇਣੀ ਚਾਹੀਦੀ ਹੈ।

ਖਾਲਸਾ ਜੀ (ਅ)ਗਿਆਨੀ ਇਕਬਾਲ ਸਿੰਘ ਦੀ ਯੂ-ਟਿਊਬ ’ਤੇ ਮੌਜੂਦ ਇਸ ਵੀਡਿਓ
http://www.youtube.com/watch? v=RLjgn8hwOpo&feature=related

ਨੂੰ ਦੇਖ ਕੇ ਆਪ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਸਾਡੇ ਪੰਥ ਦੇ ਇਹ ਜੱਥੇਦਾਰ ਕਿੰਨੇ ਵੱਡੇ ਗਿਆਨੀ ਪੁਰਖ ਹਨ, ਜੋ ਨਿੱਤ ਰੋਜ਼ ਪੰਥ ਨੂੰ ਹੀ ਚੈਲੇਂਜ ਕਰੀ ਜਾਂਦੇ ਨੇ ਤੇ ਆਪ ਹੀ ਪੰਥ ਦੇ ਅੱਗੇ ਬਖੇੜੇ ਖੜੇ ਕਰੀ ਰਖਦੇ ਹਨ। ਕੀ ਇਸ ਕੂੜ ਕਥਾ ’ਚ ਕਿਤੇ ਵੀ ਕੋਈ ਗੁਰਮਤ ਦੀ ਗੱਲ ਨਜ਼ਰ ਆਉਂਦੀ ਹੈ ?