Subscription About Us Contact Us


ਪੰਥਕ ਅਖ਼ਬਾਰ ਦੇ ਨਾਮ ’ਤੇ ਸਿੱਖਾਂ ਦਾ ਜਜ਼ਬਾਤੀ ਸ਼ੋਸ਼ਣ ਕਰਨ ਵਾਲੇ ਅਖੌਤੀ ‘ਮਸੀਹਾ’ ਦਾ ਉਸ ਦੇ ਹੀ ਪੱਤਰਕਾਰ ਵੱਲੋਂ ਪਰਦਾਫਾਸ਼

- ਗੁਰਨਾਮ ਸਿੰਘ ਅਕੀਦਾ, ਪਟਿਆਲਾ -
ਫੋਨ : 9888506897

ਉਹ (ਪੱਤਰਕਾਰ) ਅੱਜ ਬੜਾ ਪਰੇਸ਼ਾਨ ਸੀ। ਉਹ ਉਸ ਦਿਨ ਨੂੰ ਆਪਣੀ ਜ਼ਿੰਦਗੀ ਦਾ ਬੜਾ ਹੀ ਮਾੜਾ ਦਿਨ ਮੰਨ ਰਿਹਾ ਸੀ, ਜਦੋਂ ਉਸ ਨੇ ਮੋਹਾਲੀ ਅਖ਼ਬਾਰ ਵਿੱਚ ਹਾਜ਼ਰੀ ਪਾਈ ਸੀ। ਉਹ ਅੱਜ ਸੋਚ ਰਿਹਾ ਸੀ ਕਿ ਇਹ ਕਿਹੋ ਜਿਹਾ ਅਖ਼ਬਾਰ ਹੈ, ਜਿਸ ਵਿੱਚ ਪੱਤਰਕਾਰੀ ਕਦਰਾਂ-ਕੀਮਤਾਂ ਦੀ ਰੋਜ਼ਾਨਾ ਮੌਤ ਹੁੰਦੀ ਹੈ। ਕਹਿੰਦੇ ਹਨ ਕਿ ਦਲਿਤਾਂ ਦੇ ਅਸੀਂ ਪੱਖ ਵਿਚ ਹਾਂ ਪਰ ਬਠਿੰਡਾ ਦਾ ਪੱਤਰਕਾਰ ਇਨ੍ਹਾਂ ਨੇ ਸਪੈਸ਼ਲ ਇਸ ਕਰਕੇ ਹੀ ਕੱਢਿਆ ਹੈ ਕਿ ਉਹ ਦਲਿਤ ਹੈ। ਜਲੰਧਰ ਦਾ ਪੱਤਰਕਾਰ ਵੀ ਇਸ ਕਰਕੇ ਕੱਢਿਆ ਹੈ ਕਿ ਉਹ ਦਲਿਤਾਂ ਦੇ ਪੱਖ ਵਿੱਚ ਖ਼ਬਰਾਂ ਭੇਜਦਾ ਹੈ। ਹੋਰ ਵੀ ਬਹੁਤ ਸਾਰੇ ਦਲਿਤ ਪੱਤਰਕਾਰਾਂ ਨੂੰ ਉਹ ਹਮੇਸ਼ਾ ਜ਼ਲੀਲ ਕਰਦੇ ਹਨ ਤਾਂ ਕਿ ਉਹ ਆਪ ਹੀ ਅਖ਼ਬਾਰ ਛੱਡ ਜਾਣ। ਜੇਕਰ ਕੋਈ ਦਲਿਤ ਪੱਤਰਕਾਰ ਉਥੇ ਕੰਮ ਵੀ ਕਰ ਰਿਹਾ ਹੈ ਤਾਂ ਉਹ ਇਸ ਕਰਕੇ ਕਿ ਉਹ ਉਨ੍ਹਾਂ ਨੂੰ ਪੈਸੇ ਕਮਾ ਕੇ ਦਿੰਦਾ ਹੈ।

ਉਹ ਸੋਚ ਰਿਹਾ ਸੀ ਕਿ ਮੋਹਾਲੀ ਅਖ਼ਬਾਰ ਨੂੰ ਵੀ ਛੇਤੀ ਚਰਚਾ ਵਿੱਚ ਆਉਣ ਦੀ ਬਿਮਾਰੀ ਲੱਗ ਗਈ ਸੀ। ਉਸ ਦੇ ਸੰਪਾਦਕ ਅਜਿਹੀਆਂ ਘਟਨਾਵਾਂ ਲੱਭਦੇ ਹਨ, ਜਿਹੜੀਆਂ ਕਿ ਚਰਚਾ ਵਿੱਚ ਲਿਆਉਣ ਲਈ ਜ਼ਰੂਰੀ ਸਨ। ਉਨ੍ਹਾਂ ਨੇ ਇਕ ਲੇਖ ਛਾਪ ਦਿੱਤਾ ਜਿਸ ਦਾ ਸਿਰਲੇਖ ਸੀ, ‘‘ਵਾਲਮੀਕ ਦੋ ਹਨ’’। ਇਹ ਸਿਰਲੇਖ ਹੋਰ ਤਰ੍ਹਾਂ ਵੀ ਛਾਪਿਆ ਜਾ ਸਕਦਾ ਸੀ ਪਰ ਚਰਚਾ ਕਰਵਾਉਣੀ ਜ਼ਰੂਰੀ ਸੀ। ਅਖ਼ਬਾਰ ਦੀਆਂ ਕਾਪੀਆਂ ਜੇ ਸਾੜੀਆਂ ਜਾਣ ਤਾਂ ਕਮਾਲ ਹੋ ਜਾਵੇ। ਦਲਿਤ ਭਾਈਚਾਰੇ ਨੇ ਅਖ਼ਬਾਰ ਪੜ੍ਹਨ ’ਤੇ ਪਾਬੰਦੀ ਲਾਉਣ ਦੀ ਬਜਾਏ, ਦੂਜੇ ਦਿਨ ਹੀ ਇਸ ਅਖ਼ਬਾਰ ਦੀਆਂ ਕਾਪੀਆਂ ਸਾੜਨੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਪਹਿਲਾਂ ਵੀ ਇਕ ਡੇਰੇਦਾਰ ਦੇ ਚੇਲਿਆਂ ਨੇ ਇਸ ਅਖ਼ਬਾਰ ਦੇ ਦਫ਼ਤਰ ਭੰਨੇ ਸਨ। ਹਜ਼ਾਰਾਂ ਦੇ ਹੋਏ ਨੁਕਸਾਨ ਦੀ ਇਸ ਅਖ਼ਬਾਰ ਨੇ ਆਪਣੀ ਕਰੋੜਾਂ ਦੀ ਪਬਲੀਸਿਟੀ ਕਰਵਾ ਲਈ ਸੀ। ਇਹ ਸਸਤੀ ਪਬਲੀਸਿਟੀ ਕਮਾਉਣ ਲਈ ਅਖ਼ਬਾਰ ਦੇ ਸੰਪਾਦਕ ਖੁਸ਼ ਸਨ। ਨਾਲ ਹੀ ਇਸ ਸਬੰਧੀ ਹਰ ਖ਼ਬਰ ਨੂੰ ਅਖ਼ਬਾਰ ਵਿੱਚ ਇਹ ਮਿਰਚ-ਮਸਾਲਾ ਲਾ ਕੇ ਛਾਪਦੇ ਆ ਰਹੇ ਹਨ।

ਭਗਵਾਨ ਵਾਲਮੀਕ ਦੋ ਹੋਣ ਦੀ ਗੱਲ ਜਦੋਂ ਛਾਪੀ ਗਈ ਤਾਂ ਦਲਿਤ ਵਰਗ ਨੇ ਰੋਸ ਜ਼ਾਹਿਰ ਕਰਨ ਲਈ ਹੜਤਾਲ ਕੀਤੀ ਤੇ ਸਰਕਾਰੀ ਪ੍ਰਾਪਟੀ ਦਾ ਨੁਕਸਾਨ ਵੀ ਕੀਤਾ। ਕਥਿਤ ‘ਔਰਤ ਦੇ ਪੱਲੂ ਵਿਚ ਛੁਪੇ ਹੋਏ ਸੰਪਾਦਕ’ ਤੇ ਕੇਸ ਦਰਜ ਹੋਣ ਲੱਗੇ। ਇਸ ਗੱਲ ਨੂੰ ਉਨ੍ਹਾਂ ਬੜੀ ਸ਼ਿੱਦਤ ਨਾਲ ਸਰਕਾਰ ਵਿਰੁੱਧ ਛਾਪਿਆ। ਪ੍ਰੈਸ ਦੀ ਅਜ਼ਾਦੀ ’ਤੇ ਹਮਲਾ ਕਹਿ ਕੇ ਭੋਲੇ-ਭਾਲੇ ਲੋਕਾਂ ਦੀ ਹਮਦਰਦੀ ਵੀ ਹਾਸਲ ਕੀਤੀ।
ਇਹ ਅਖ਼ਬਾਰ ਸਰਕਾਰੀ ਇਸ਼ਤਿਹਾਰਾਂ ਦੀ ਮੰਗ ਵੀ ਕਰਦਾ ਹੈ ਤੇ ਸੰਵਿਧਾਨ ਦੇ ਉਲਟ ਵੀ ਜਾਂਦਾ ਹੈ। ਇਸ ਅਖ਼ਬਾਰ ਦੇ ਸੰਪਾਦਕ ਨੇ ਆਪਣੇ ਅਖ਼ਬਾਰ ਵਿਚ ਬੜੀ ਚਰਚਾ ਕਰਵਾਈ ਕਿ ਉਹ ਟੀ.ਵੀ. ਚੈਨਲ ਖੋਲ੍ਹ ਰਿਹਾ ਹੈ ਜਿਸ ਕਰਕੇ ਉਸਨੂੰ ਦੇਸ਼-ਵਿਦੇਸ਼ ਵਿੱਚੋਂ ਰੁਪਏ ਦਿੱਤੇ ਗਏ ਕਿਉਂਕਿ ਇਹ ਸਿੱਖਾਂ ਦਾ ਅਖ਼ਬਾਰ ਕਿਹਾ ਜਾਂਦਾ ਹੈ, ਇਸਲਈ ਸਿੱਖ ਇਸ ਸ਼ੁਭ ਕਾਰਜ ਲਈ ਵੱਧ ਤੋਂ ਵੱਧ ਰੁਪਏ ਦੇਣ। ਆਪਣੇ ਅਖ਼ਬਾਰ ਵਿੱਚ ‘ਡਬਲ ਮਨੀ ਸਕੀਮ’ ਵੀ ਚਲਾ ਰੱਖੀ ਸੀ, ਜਿਸ ਬਾਰੇ ਉਹ ਕਹਿੰਦਾ ਕਿ ਮੈਂ ਇਸ ਸਕੀਮ ਨਾਲ ਬਿਜ਼ਨਸ ਕਰਕੇ ਦੁਗਣੇ ਪੈਸੇ ਕਮਾਉਂਦਾ ਹਾਂ ਅਤੇ ਲੋਕਾਂ ਨੂੰ ਮੋੜਦਾ ਹਾਂ।

ਇਸ ਅਖ਼ਬਾਰ ਦੇ ਸੰਪਾਦਕ ਵੱਲੋਂ ਬਣਾਈ ਗਈ ਇਕ ਨਵੀਂ ਜਥੇਬੰਦੀ ਦੀਆਂ ਮਹੀਨਾਵਾਰ ਲਗਾਤਾਰ ਮੀਟਿੰਗਾਂ ਹੋ ਰਹੀਆਂ ਸਨ। ਉਸ ਨੇ ਮੈਂਬਰਸ਼ਿਪ ਇਕ ਹਜ਼ਾਰ ਰੁਪਏ ਤੋਂ ਘੱਟ ਨਹੀਂ ਰੱਖੀ ਤਾਂ ਉਸ ਨੂੰ ਉਸ ਦੇ ਇਕ ਅਖ਼ਬਾਰ ਵਿੱਚ ਕੰਮ ਕਰਦੇ ਇਕ ਦਲਿਤ ਪੱਤਰਕਾਰ ਨੇ ਕਿਹਾ ਸੀ ਕਿ, ‘‘ਇਸ ਜਥੇਬੰਦੀ ਦੇ ਮੈਂਬਰ ਆਮ ਆਦਮੀ ਬਣਨੇ ਚਾਹੀਦੇ ਹਨ, ਜਿਨ੍ਹਾਂ ਲਈ ਮੈਂਬਰਸ਼ਿਪ ਦੀ ਫੀਸ ਬਹੁਤ ਘੱਟ ਰੱਖੀ ਜਾਵੇ।’’ ਇਸ ’ਤੇ ਸੰਪਾਦਕ ਨੇ, ਜਿਹੜਾ ਕਿ ਆਪਣੇ ਇਕਤਰਫ਼ਾ ਭਾਸ਼ਣ ਦੀ ਭੜਾਸ ਕੱਢਣ ਲਈ ਮੀਟਿੰਗ ਬੁਲਾਉਂਦਾ ਸੀ, ਇਸ ਪੱਤਰਕਾਰ ਨੂੰ ਕਿਹਾ, ‘‘ਤੂੰ ਗਰੀਬ ਹੈਂ? ਜੇ ਤੂੰ ਗਰੀਬ ਹੈਂ ਤਾਂ ਤੈਨੂੰ ਅਮੀਰ ਕਰਦਾ ਹਾਂ ਪਰ ਇਹ ਮੈਨੂੰ ਪਤਾ ਹੈ ਕਿ ਜੋ ਆਮ ਆਦਮੀ ਹੈ, ਉਹ ਕਦੇ ਵੀ ਤੁਹਾਨੂੰ ਮਦਦ ਨਹੀਂ ਦਿੰਦਾ, ਨਾ ਹੀ ਉਹ ਤੁਹਾਨੂੰ ਪੈਸਾ ਦਿੰਦਾ ਹੈ ਅਤੇ ਨਾ ਹੀ ਤੁਹਾਡੇ ਨਾਲ ਖੜ੍ਹਦਾ ਹੈ। ਇਸ ਕਰਕੇ ਉਨ੍ਹਾਂ ਨੂੰ ਮੈਂਬਰ ਬਣਾਉਣਾ ਜ਼ਰੂਰੀ ਨਹੀਂ। ਮੇਰਾ ਇਹ ਤਜ਼ਰਬਾ ਹੈ ਕਿ ਇਕ ਰੁਪਇਆ ਦੇਣ ਵਾਲਾ ਬਦਨਾਮੀ ਵੱਧ ਕਰਦਾ ਹੈ, ਲੱਖ ਰੁਪਏ ਦੇਣ ਵਾਲਾ ਘੱਟ ਬੋਲਦਾ ਹੈ। ਇਸ ਕਰਕੇ ਇਕ ਰੁਪਇਆ ਦੇਣ ਵਾਲੇ ਦੀ ਗੱਲ ਅਸੀਂ ਨਹੀਂ ਕਰ ਸਕਦੇ।’’

ਇਹ ਭਾਸ਼ਣ ਉਥੇ ਜਾਰੀ ਸੀ ਪਰ ਊਹ ਭੁੱਲ ਗਿਆ ਸੀ ਕਿ ਰੋਜ਼ਾਨਾ ਇਕ ਅਖ਼ਬਾਰ ਵੀ ਤਾਂ ਉਸਨੂੰ ਡੇਢ ਰੁਪਏ ਦੇ ਕਰੀਬ ਹੀ ਦਿੰਦਾ ਹੈ - ਬਾਕੀ ਤਾਂ ਹਾਕਰ, ਏਜੰਸੀ ਵਾਲੇ ਹੀ ਲੈ ਜਾਂਦੇ ਹਨ - ਪਰ ਉਸ ਨਾਲ ਵੀ ਕਰੋੜਾਂ ਰੁਪਏ ਇਕੱਤਰ ਹੋ ਜਾਂਦੇ ਹਨ। ਪਰ ਉਹ ਤਾਂ ਆਪਣੇ ਪੱਤਰਕਾਰਾਂ ਦੀ ਬੇਇਜ਼ਤੀ ਵੀ ਕਰ ਦਿੰਦਾ ਹੈ। ਜਿਵੇਂ ਕਿ ਉਨ੍ਹਾਂ ਦਾ ਬਠਿੰਡਾ ਤੋਂ ਉਨ੍ਹਾਂ ਨਾਲ ਕਾਫੀ ਸਮੇਂ ਤੋਂ ਜੁੜਿਆ ਬਜ਼ੁਰਗ ਸਿੰਘ ਪੱਤਰਕਾਰ ਵੀ ਉੱਠ ਕੇ ਬੋਲਣ ਲੱਗਾ :
‘‘ਸਾਰੀਆਂ ਗੱਲਾਂ ਠੀਕ ਨੇ ਜੀ ਪਰ ਮੇਰੀ ਇਕ ਬੇਨਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਰੁੱਧ ਕੁਝ ਵੀ ਨਾ ਬੋਲਿਆ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲਿਖੀਆਂ ਹੋਈਆਂ ਪਵਿੱਤਰ ਗੱਲਾਂ ਉੱਤੇ ਟਿੱਪਣੀਆਂ ਨਾ ਕੀਤੀਆਂ ਜਾਣ। ਫਿਰ ਠੀਕ ਰਹੇਗਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਸਾਡੇ ਸਿੱਖਾਂ ਦੇ ਮਨਾਂ ਵਿੱਚ ਚੰਦਰਮਾ ਤੇ ਲੋਅ ਵਾਂਗ ਵਸ ਚੁੱਕਾ ਹੈ। ਇਹ ਸਾਡਾ ਧਾਰਮਕ ਅਕੀਦਾ ਹੈ, ਇਹ ਸਾਡਾ ਰੱਬ ਹੈ, ਇਸ ਤੋਂ ਉੱਪਰ ਸਾਡੇ ਲਈ ਕੁਝ ਵੀ ਨਹੀਂ। ਜੇਕਰ ਤੁਸੀਂ ਇਸ ਖਿਲਾਫ਼ ਬੋਲੋਗੇ ਤਾਂ 98 ਫੀਸਦੀ ਸਿੱਖ ਤੁਹਾਡੇ ਖਿਲਾਫ਼ ਹੋਣਗੇ।’’ ਇਹ ਗੱਲ ਸੁਣ ਕੇ ਜਿਵੇਂ ਸੰਪਾਦਕ ਸਾਹਿਬ ਦੇ ਬੈਠੇ ਹੋਏ ਕ੍ਰੋਧ ਨੂੰ ਤੀਲ੍ਹੀ ਲਗ ਗਈ ਸੀ। ਉਸ ਨੇ ਤੁਰੰਤ ਉਸ ਪੱਤਰਕਾਰ ਦੀ ਏਨੀ ਲਾਹ-ਪਾਹ ਕੀਤੀ ਕਿ ਉਸ ਦੇ ਅਖ਼ਬਾਰ ਵਿੱਚ ਕੰਮ ਕਰਨ ਵਾਲੇ ਦਲਿਤ ਪੱਤਰਕਾਰ ਨੂੰ ਇੰਝ ਲੱਗਿਆ ਕਿ ਇਹ ਇਕਤਰਫ਼ਾ ਭਾਸ਼ਣ ਸੁਣਨ ਵਾਲੀ ਮੀਟਿੰਗ ਵਿੱਚ ਕਿਉਂ ਆਇਆ ਜਾਵੇ? ਜਿਥੇ ਕਿ ਅਜਿਹੀਆਂ ਗਲਤ ਧਾਰਨਾਵਾਂ ਪੈਦਾ ਹੋ ਰਹੀਆਂ ਹਨ ਜਿਵੇਂ ਕਿ ਇਹ ਇਕੱਤਰ ਢਾਈ ਟੋਟਰੂ ਸਾਰੇ ਸਮਾਜ ਨੂੰ ਬਦਲਣ ਦੀ ਗੱਲ ਕਰਦੇ ਹਨ। ਜਿਵੇਂ ਕਿ ਟਟੀਰੀ (ਕੋਚਰੀ) ਨੂੰ ਇਹ ਭਰਮ ਪੈਦਾ ਹੁੰਦਾ ਹੈ ਕਿ ਉਹ ਅਸਮਾਨ ਨੂੰ ਆਪਣੀਆਂ ਲੱਤਾਂ ਉੱਤੇ ਟਿਕਾਈ ਬੈਠੀ ਹੈ।

- - - - -

ਖੂਹ ਦੇ ਡੱਡੂ ਸੰਪਾਦਕ ਸਾਹਿਬ ਕਹਿ ਰਹੇ ਸਨ ਕਿ ਜੋ ਲਿਖਿਆ ਹੋਇਆ ਹੈ ਕਿ ‘ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ’ ਵੀ ਇੰਞ ਲਗਦਾ ਹੈ ਕਿ ਸਹੀ ਨਹੀਂ ਹੈ। ਇਸ ’ਤੇ ਵੀ ਮੈਂ ਪੂਰੀ ਖੋਜ ਕਰ ਰਿਹਾ ਹਾਂ। ਖੋਜ ਕਰਨ ਤੋਂ ਬਾਅਦ ਪਤਾ ਲੱਗੇਗਾ ਕਿ ਇਹ ਲਫ਼ਜ਼ ਵੀ ਸਹੀ ਹਨ ਜਾਂ ਨਹੀਂ!! ਉਸ ਦਿਨ ਤਾਂ ਸੰਪਾਦਕ ਸਾਹਿਬ ਨੇ ਇਹ ਵੀ ਕਹਿ ਦਿੱਤਾ ਸੀ ਕਿ ਬਾਬੇ ਨਾਨਕ ਤੋਂ ਬਿਨਾਂ ਹੋਰ ਕੋਈ ਗੁਰੂ ਹੀ ਨਹੀਂ ਹੋਇਆ। ਅਜਿਹੀਆਂ ਮਨਘੜਤ ਅਤੇ ਹੋਛੀਆਂ ਗੱਲਾਂ ਕਰਨ ਵਾਲੇ ਇਸ ਸੰਪਾਦਕ ਨੇ ਦਰਬਾਰਾ ਸਿੰਘ ਸਿਉਨਾ ਨੂੰ ਆਪਣੀ ਜਥੇਬੰਦੀ ਦਾ ਪਹਿਲਾ ਸ਼ਹੀਦ ਗਰਦਾਨ ਦਿੱਤਾ, ਜਿਸ ਦਾ ਕਿ ਕੁਝ ਜਥੇਬੰਦੀਆਂ ਨੇ ਵਿਰੋਧ ਵੀ ਕੀਤਾ ਪਰ ਕਿਉਂਕਿ ਚਟਕਾਰੇ ਲਗਾ ਕੇ ਲਿਖੇ ਹੋਏ ਸੰਪਾਦਕ ਸਾਹਿਬ ਦੇ ਕਈ ਲੇਖ ਉਨ੍ਹਾਂ ਵਿਅਕਤੀਆਂ ਨੂੰ ਚੰਗੇ ਲੱਗਦੇ ਹਨ, ਜਿਹੜੇ ਵਿਅਕਤੀ ਹਮੇਸ਼ਾ ਸਮਾਜ ਵਿੱਚ ਉਥਲ-ਪੁਥਲ ਹੋਈ ਵੇਖਣਾ ਚਾਹੁੰਦੇ ਹਨ। ਜੋ ਇਹ ਚਾਹੁੰਦੇ ਹਨ ਕਿ ਮੇਰੀ ਭਾਵੇਂ ਇਕ ਅੱਖ ਫੁੱਟ ਜਾਵੇ ਪਰ ਮੇਰੇ ਗੁਆਂਢੀ ਦੀਆਂ ਦੋਵੇਂ ਅੱਖਾਂ ਫੁੱਟ ਜਾਣ। ਅਜਿਹੇ ਸੰਪਾਦਕ ਇਕ ਅਖ਼ਬਾਰ ਨੂੰ ਚਲਾ ਰਹੇ ਹਨ ਜਿਹੜੇ ਕਿ ਆਪਣੇ ਪਾਠਕਾਂ ਨੂੰ ਇਹ ਕਹਿ ਰਹੇ ਹਨ ਕਿ ਹੁਣ ਤੁਹਾਨੂੰ ਅਸੀਂ ਇਕ ਟੀ.ਵੀ. ਚੈਨਲ ਦੇ ਰਹੇ ਹਾਂ, ਅੰਗਰੇਜ਼ੀ ਦਾ ਅਖ਼ਬਾਰ ਦੇ ਰਹੇ ਹਾਂ, ਹੁਣ ਇਕ ਧਾਰਮਕ ਜਥੇਬੰਦੀ ਦੇ ਰਹੇ ਹਾਂ, ਹੁਣ ਬਾਬੇ ਨਾਨਕ ਦੇ ਨਾਂ ਉੱਤੇ ਇਕ ਵੱਡੀ ਸੰਸਥਾ ਬਣਾਉਣ ਜਾ ਰਹੇ ਹਾਂ।

ਸੰਪਾਦਕ ਜੀ ਅਖ਼ਬਾਰ ਵਿੱਚ ਇਹ ਵੀ ਛਾਪਦੇ ਹਨ ਕਿ ‘‘ਸਾਡੀ ਜਥੇਬੰਦੀ ਨੂੰ ਜ਼ਮੀਨ ਦੇਣ ਲਈ ਬਹੁਤ ਸਾਰੇ ਲੋਕਾਂ ਨੇ ਸਾਡੇ ਨਾਲ ਹੱਥ ਮਿਲਾਇਆ ਹੈ ਪਰ ਉਹ ਕਹਿੰਦੇ ਹਨ ਕਿ ਇਹ ਜ਼ਮੀਨ ਜਿਥੇ ਹੈ, ਉਥੇ ਕਿਸੇ ਕੰਮ ਦੀ ਨਹੀਂ। ਇਸ ਕਰਕੇ ਅਸੀਂ ਇਹ ਜ਼ਮੀਨ ਵੇਚ ਕੇ ਤੁਹਾਨੂੰ ਪੈਾ ਦੇ ਦਿਆਂਗੇ। ਤੁਸੀਂ ਚੰਡੀਗੜ੍ਹ ਦੇ ਨਜ਼ਦੀਕ ਜਗ੍ਹਾ ਖਰੀਦ ਲਓ।’’ ਇਹ ਚਿੱਟੇ ਦਿਨ ਵਾਂਗ ਸਾਫ ਹੈ ਕਿ ਇਹੋ ਜਿਹੀ ਪਹੁੰਚ ਇਨ੍ਹਾਂ ਕੋਲ ਕਿਸੇ ਵਿਅਕਤੀ ਨੇ ਨਹੀਂ ਕੀਤੀ ਸੀ। ਇੰਝ ਲਗਦਾ ਹੈ ਉਸ ਤੋਂ ਬਾਅਦ ਇਕ ਵਿਅਕਤੀ ਦੀ ਫੋਟੋ ਸਮੇਤ ਛਾਪੀ ਹੋਈ ਜ਼ਮੀਨ ਦੇਣ ਦੀ ਘਟਨਾ ਵੀ ਝੂਠੀ ਸੀ ਕਿਉਂਕਿ ਕੋਈ ਵੀ ਵਿਅਕਤੀ ਅਜਿਹੇ ਸੰਪਾਦਕ ਨੂੰ ਆਪਣੀ ਜ਼ਮੀਨ ਕਦੇ ਵੀ ਦਾਨ ਨਹੀਂ ਕਰ ਸਕਦਾ, ਜੋ ਸਿੱਖ ਸਮਾਜ ਵਿੱਚ ਘੁਸਪੈਠ ਕਰਕੇ ਉਸ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਾ ਰਿਹਾ ਹੈ ਪਰ ਛੋਟੀ ਸੋਚ ਰੱਖਣ ਵਾਲੇ ਵਿਅਕਤੀ ਉਸ ਨੂੰ ਸਮਝਾਉਣ ਦੀ ਬਜਾਏ, ਉਸਨੂੰ ਹੱਲਾਸ਼ੇਰੀ ਦੇ ਰਹੇ ਹਨ।

ਜਿਵੇਂ ਕਿ ਦਰਬਾਰਾ ਸਿੰਘ ਸਿਉਨਾ ਦਾ ਕਤਲ ਹੋ ਗਿਆ ਸੀ ਤੇ ਉਸ ਨੂੰ ‘ਸ਼ਹੀਦ’ ਗਰਦਾਨ ਦਿੱਤਾ ਸੀ। ਇਨ੍ਹਾਂ ਦੇ ਇੱਕ ਦਲਿਤ ਪੱਤਰਕਾਰ ਨੇ ਦਰਬਾਰਾ ਸਿੰਘ ਸਿਉਨਾ ਨਾਲ ਬਿਤਾਏ ਹੋਏ ਪਲਾਂ ਕਰਕੇ ਉਸ ਦੇ ਪਰਵਾਰ ਦੀਆਂ ਅੱਖਾਂ ਵਿਚ ਅਥਰੂਆਂ ਨੂੰ ਵੇਖ ਕੇ ਅਪਣਾਈ ਭਾਵੁਕਤਾ ਕਰਕੇ ਪਟਿਆਲਾ ਪੁਲਿਸ ਵਿਰੁੱਧ ਖ਼ਬਰਾਂ ਲਗਾ-ਲਗਾ ਕੇ ਐਸ.ਐਸ.ਪੀ., ਆਈ.ਜੀ., ਪੰਜਾਬ ਦੇ ਮੁੱਖ ਮੰਤਰੀ ਆਦਿ ਨੂੰ ਪੁੱਛ ਕੇ ਪੰਜਾਬ ਪੁਲਿਸ ਨੂੰ ਮਜਬੂਰ ਕਰ ਰੱਖਿਆ ਸੀ ਕਿ ਉਹ ਦਰਬਾਰਾ ਸਿੰਘ ਸਿਉਨਾ ਦੇ ਕਾਤਲਾਂ ਨੂੰ ਲੱਭੇ। ਪਰ ਪੁਲਿਸ ਕਿਹੜਾ ਘੱਟ ਹੁੰਦਾ ਹੈ? ਪੁਲਿਸ ਨੇ ਆਪਣੇ ਹੀ ਇਕ ਟਾਊਟ ਨੂੰ ਇਸ ਅਖ਼ਬਾਰ ਦਾ ਮਾਲਕਣ, ਜਿਹੜੀ ਕਿ ਕਿਸੇ ਨੂੰ ਵੀ ਪੁੱਤ ਬਣਾਉਣ ਨੂੰ ਇਕ ਪਲ ਲਗਾਉਂਦੀ ਹੈ, ਜਿਹੜੀ ਕਿ ਗੁਰੂ ਨਾਨਕ ਸਾਹਿਬ ਦੇ ਨਾਂ ਉੱਤੇ ਆਪਣੀਆਂ ਅੱਖਾਂ ਵਿੱਚ ਝੱਟ ਅੱਥਰੂ ਕੱਢ ਲੈਂਦੀ ਹੈ, ਜਿਸ ਨੂੰ ਇਸੇ ਦੇ ਦਫ਼ਤਰ ਦੇ ਡੈਸਕ ਵਾਲੇ ਕਰਮਚਾਰੀ ‘ਪਖੰਡਣ’ ਕਹਿੰਦੇ ਹੋਏ ਬੜਾ ਹੀ ਹੱਸਦੇ ਹਨ। ਜੇਕਰ ਕੋਈ ਨਵਾਂ ਵਿਅਕਤੀ ਪੱਤਰਕਾਰ ਬਣਨ ਲਈ ਆਉਂਦਾ ਤਾਂ ਉਹ ਹੱਸਦੇ ਹੋਏ ਆਪਸ ਵਿੱਚ ਗੱਲਾਂ ਕਰਦੇ ਕਿ ‘‘ਇਕ ਹੋਰ ਆ ਗਿਆ ਕਤਲ ਹੋਣ ਲਈ’’ ਪਰ ਮਾਲਕਣ ਵੱਲੋਂ ਕੀਤੀਆਂ ਗੁਰ ਭਗਤੀ ਦੀਆਂ ਗੱਲਾਂ ਬਾਰੇ ਕਈ ਵਾਰੀ ਦੇਖਣ ਵਾਲਾ ਇਹ ਸੋਚਦਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਇਸ ਤੋਂ ਵੱਡੇ ਭਗਤ ਹੋਰ ਹੋ ਹੀ ਨਹੀਂ ਸਕਦੇ ਤੇ ਇਨ੍ਹਾਂ ਨੂੰ ਵੱਧ ਤੋਂ ਵੱਧ ਮਾਇਆ ਦਾਨ ਕਰਨ ਦਾ ਵਿਚਾਰ ਬਣਾ ਲੈਂਦਾ ਹੈ। ਕਿਉਂਕਿ ਸਿੱਖ ਸਮਾਜ ਦਾਨੀ ਹੈ। ਇਹ ਤਾਂ ਗੁਰਦੁਆਰਾ ਸਹਿਬਾਨ ਵਿੱਚ ਲਗਾਤਾਰ ਮੁਫ਼ਤ ਲੰਗਰ ਛਕਾਉਂਦੇ ਹਨ, ਇਹ ਤਾਂ ਸੜਕਾ ਉੱਤੇ ਲੰਗਰ ਲਗਾ ਕੇ ਦਾਨ ਕਰਦੇ ਹਨ, ਇਹ ਤਾਂ ਸੁਨਾਮੀ ਜਿਹੀਆਂ ਘਟਨਾਵਾ ਵਿਚ ਵੀ ਲੱਖਾਂ ਰੁਪਏ ਭੇਜਣ ਤੋਂ ਇਨਕਾਰ ਨਹੀਂ ਕਰਦੇ।

ਉਸ ਸਿੱਖ ਸਮਾਜ ਦੀਆਂ ਭਾਵਨਾਵਾਂ ਕੈਸ਼ ਕਰਨ ਲਈ ਇਸ ਮਾਲਕਣ ਬੀਬੀ ਕੋਲ ਉਸ ਪੁਲਿਸ ਵਾਲੇ ਟਾਊਟ ਨੇ ਪੱਤਰਕਾਰ ਬਣਨ ਦੀ ਦਰਖ਼ਾਸਤ ਦੇ ਦਿੱਤੀ ਅਤੇ ਕਹਿ ਦਿੱਤਾ ਕਿ ਮੈਂ ਪੰਜਾਹ ਹਜ਼ਾਰ ਰੁਪਏ ਦਾ ਸਪਲੀਮੈਂਟ ਹੁਣੇ ਹੀ ਕਢ ਦੇਵਾਂਗਾ। ਇਹ ਇਸ ਅਖ਼ਬਾਰ ਦੀ ਆਮ ਨੀਤੀ ਹੈ ਕਿ ਇਸ ਅਖ਼ਬਾਰ ਦਾ ਪੱਤਰਕਾਰ ਬਣਨ ਲਈ ਕੋਈ ਡਿਗਰੀ, ਕੋਈ ਤਜ਼ਰਬੇ ਦੀ ਲੋੜ ਨਹੀਂ, ਸਗੋਂ ਤੁਸੀਂ 50 ਹਜ਼ਾਰ ਰੁਪਏ ਦਾ ਸਪਲੀਮੈਂਟ ਦਿਓ, ਸ਼ਨਾਖ਼ਤੀ ਕਾਰਡ ਲੈ ਆਵੋ ਤੇ ਭਾਵੇਂ ਬਲੈਕ-ਮੇਲ ਕਰੋ, ਭਾਵੇਂ ਕਿਸੇ ਨਾਲ ਠੱਗੀ ਮਾਰੋ - ਪਰ ਇਸ ਅਖ਼ਬਾਰ ਲਈ ਇਸ਼ਤਿਹਾਰ ਜ਼ਰੂਰ ਇਕੱਠੇ ਕਰਕੇ ਦੇਵੋ। ਤਾਂ ਇਹ ਟਾਊਟ ਵਿਅਕਤੀ 50 ਹਜ਼ਾਰ ਰੁਪਏ ਦਾ ਲਾਲਚ ਦੇ ਕੇ ਪੱਤਰਕਾਰ ਬਣ ਗਿਆ ਸੀ। ਜਦੋਂ ਵੀ ਦਰਬਾਰਾ ਸਿੰਘ ਸਿਉਨਾ ਦੇ ਸਬੰਧ ਵਿੱਚ ਪਟਿਆਲੇ ਦੇ ਪੱਤਰਕਾਰ ਨੇ ਖ਼ਬਰ ਲਗਾਉਣੀ, ਤਾਂ ਉਸ ਦਾ ਖੰਡਨ ਇਸ ਟਾਊਟ ਪੱਤਰਕਾਰ ਨੇ ਕਰ ਦੇਣਾ। ਕਮਾਲ ਦੀ ਗੱਲ ਸੀ ਕਿ ਪੱਤਰਕਾਰਤਾ ਦੀਆਂ ਕਦਰਾਂ-ਕੀਮਤਾਂ ਵਿੱਚ ਜੋ ਵਿਅਕਤੀ ਖ਼ਬਰ ਲਗਾਉਂਦਾ ਹੈ, ਉਸ ਦੀ ਜ਼ਿੰਮੇਵਾਰੀ ਹੈ ਕਿ ਉਹ ਵਿਰੋਧੀ ਪੱਖ ਵੀ ਛਾਪੇ। ਹਾਲਾਂਕਿ ਉਸ ਪੱਤਰਕਾਰ ਨੇ ਆਪਣੀ ਰਿਪੋਰਟ ਵਿੱਚ ਪੁਲਿਸ ਦਾ ਪੱਖ ਵੀ ਛਾਪਿਆ ਹੁੰਦਾ ਸੀ। ਪਰ ਹੈਰਾਨੀ ਦੀ ਗੱਲ ਕਿ ਟਾਊਟ ਪੱਤਰਕਾਰ ਦੂਜੇ ਦਿਨ ਪੁਲਿਸ ਅਧਿਕਾਰੀਆਂ ਦੀਆਂ ਵੱਡੀਆਂ-ਵੱਡੀਆਂ ਫੋਟੋਆਂ ਲਗਾ ਕੇ ਖ਼ਬਰ ਭੇਜਦਾ ਤੇ ਇਹ ਖ਼ਬਰ ਇਸ ਅਖ਼ਬਾਰ ਵਿੱਚ ਛਪ ਜਾਂਦੀ। ਕਦੇ-ਕਦੇ ਘੜੁੱਚ ਪੱਤਰਕਾਰ ਵੀ ਦਰਬਾਰ ਸਿੰਘ ਸਿਉਨਾ ਦੇ ਭਾਣਜੇ ਦਾ ਝੂਠਾ ਬਿਆਨ ਭੇਜ ਦਿੰਦਾ ਜਿਸ ਵਿੱਚ ਇਹ ਲਿਖਿਆ ਹੁੰਦਾ ਕਿ ਉਹ ਪੁਲਿਸ ਤੋਂ ਸੰਤੁਸ਼ਟ ਹਨ। ਪਰ ਦਰਬਾਰਾ ਕਤਲ ਕਾਂਡ ਦੀ ਸੀ.ਬੀ.ਆਈ. ਤੋਂ ਜਾਂਚ ਮੰਗਣ ਵਾਲੇ ਪੁਲਿਸ ਤੋਂ ਸੰਤੁਸ਼ਟ ਕਿਵੇਂ ਹੋ ਸਕਦੇ ਸਨ?

ਮਾਹੌਲ ਬੜੇ ਹੀ ਖ਼ਤਰਨਾਕ ਤਰੀਕੇ ਨਾਲ ਚਲ ਰਿਹਾ ਸੀ। ਉਨ੍ਹਾਂ ਵੱਲੋਂ ਸੰਵੇਦਨਸ਼ੀਲਤਾ ਖੂਹ-ਟੋਭੇ ਵਿਚ ਸੁੱਟ ਦਿੱਤੀ ਗਈ ਪਰ ਇਥੇ ਅਖ਼ਬਾਰ ਪੜ੍ਹਨ ਵਾਲੇ ਕੁਝ ਸੰਵੇਦਨਸ਼ੀਲ ਲੋਕਾਂ ਦਾ ਇਹ ਵੀ ਕਹਿਣਾ ਕਿ ਸੀ ਕਿ ‘‘ਇਕ ਪਾਸੇ ਤਾਂ ਦਰਬਾਰਾ ਸਿੰਘ ਸਿਉਨਾ ਨੂੰ ਇਸ ਅਖ਼ਬਾਰ ਵੱਲੋਂ ਬਣਾਈ ਗਈ ਜਥੇਬੰਦੀ ਦਾ ਪਹਿਲਾ ਸ਼ਹੀਦ ਗਰਦਾਨਿਆ ਹੋਇਆ ਹੈ ਪਰ ਦੂਜੇ ਪਾਸੇ ਆਪਣੇ ਹੀ ਇਸ ਪਹਿਲੇ ਸ਼ਹੀਦ ਖਿਲਾਫ਼ ਇਹ ਖ਼ਬਰਾਂ ਲਗਾ ਰਹੇ ਹਨ ਤਾਂ ਇਸ ਅਖ਼ਬਾਰ ਦੀ ਨੀਤੀ ਕੀ ਹੋਈ? ਇਸ ਬਾਰੇ ਸਪਸ਼ਟ ਨਹੀਂ ਹੋਇਆ।’’ ਇਨ੍ਹਾਂ ਬੇਚਾਰੇ ਸੰਵੇਦਨਸ਼ੀਲ ਲੋਕਾਂ ਨੂੰ ਕੀ ਪਤਾ ਸੀ ਕਿ ਇਸ ਅਖ਼ਬਾਰ ਦੀ ਨੀਤੀ ਕੋਈ ਵੀ ਨਹੀਂ ਹੈ - ਇਸ ਦੀ ਨੀਤੀ ਸਿਰਫ਼ ਪੈਸਾ ਹੈ। ਪੈਸਾ ਇਕੱਤਰ ਕਰਨਾ ਕਦੇ ਟੀ.ਵੀ. ਚੈਨਲ ਸ਼ੁਰੂ ਕਰਨ ਦਾ ਲਾਰਾ ਲਾ ਕੇ, ਕਦੇ ਅੰਗਰੇਜ਼ੀ ਅਖ਼ਬਾਰ ਸ਼ੁਰੂ ਕਰਨ ਦਾ ਲਾਰਾ ਲਾ ਕੇ, ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਰਾਬਰ ਇਕ ਧਾਰਮਕ ਜਥੇਬੰਦੀ ਖੜ੍ਹੀ ਕਰਨ ਦਾ ਲਾਰਾ ਲਾ ਕੇ ਇਹ ਪੈਸਾ ਇਕੱਤਰ ਕਰ ਰਹੇ ਹਨ ਕਿਉਂਕਿ ਵਪਾਰੀ ਦਾ ਕੰਮ ਪੈਸੇ ਇਕੱਤਰ ਕਰਨਾ ਹੁੰਦਾ ਹੈ। ਇਹ ਪੱਤਰਕਾਰਤਾ ਦੀਆਂ ਕਦਰਾਂ-ਕੀਮਤਾਂ ਵਾਲੇ ਲੋਕ ਨਹੀਂ ਹਨ। ਇਹ ਤਾਂ ਮਹਿਜ਼ ਵਪਾਰੀ ਹਨ, ਜਿਹੜੇ ਕਿ ਲੋਕਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਕੈਸ਼ ਕਰਕੇ ਉਨ੍ਹਾਂ ਤੋਂ ਪੈਸੇ ਬਟੋਰ ਰਹੇ ਹਨ। ਜਿਸ ਅਖ਼ਬਾਰ ਨੇ ਆਪਣੇ ਪਹਿਲੇ ਸ਼ਹੀਦ ਨੂੰ ਵੀ ਨਹੀਂ ਬਖਸ਼ਿਆ, ਉਹ ਹੋਰ ਕਿਸ ਨੂੰ ਬਖਸ਼ ਸਕਦਾ ਹੈ - ਇਹ ਸਮਝਣ ਲਈ ਸਿੱਖ ਸਮਾਜ ਨੂੰ ਅਜੇ ਹੋਰ ਸਮਾਂ ਲੱਗੇਗਾ।

ਹਾਲਾਂਕਿ ਹੋਰ ਵੀ ਕਈ ਅਖ਼ਬਾਰ ਅਜਿਹੇ ਹਨ ਜਿਹੜੇ ਕਿ ਵਪਾਰ ਕਰ ਰਹੇ ਹਨ ਪਰ ਉਨ੍ਹਾਂ ਦੇ ਵਪਾਰ ਕਰਨ ਦਾ ਤਰੀਕਾ ਕੁਝ ਹੋਰ ਹੈ। ਉਹ ਆਪਣੇ ਅਖ਼ਬਾਰ ਨੂੰ ਧਾਰਮਕ ਭਾਵਨਾਵਾਂ ਵਿੱਚ ਲੈ ਕੇ ਨਹੀਂ ਵੇਚ ਰਹੇ। ਬੇਸ਼ੱਕ ਉਹ ਇਸ਼ਤਿਹਾਰਾਂ ਦੇ ਰੂਪ ਵਿੱਚ ਜਾਂ ਅਸਿੱਧੇ ਰੂਪ ਵਿੱਚ ਪੈਸੇ ਲੈ ਕੇ ਸਰਕਾਰ ਦੇ ਵਿਰੁੱਧ ਜਾਂਦੀਆਂ ਖ਼ਬਰਾਂ ਜਾਂ ਲੋਕਾਂ ਦੇ ਪੱਖ ਵਿੱਚ ਜਾਂਦੀਆਂ ਖ਼ਬਰਾਂ ਤੋਂ ਇਨਕਾਰ ਜ਼ਰੂਰ ਕਰ ਦਿੰਦੇ ਹਨ। ਜਿਵੇਂ ਕਿ ਇਕ ਅਖ਼ਬਾਰ ਕੋਲ ਇਕ ਤਹਿਸੀਲਦਾਰ ਦੇ ਵਿਰੁੱਧ ਖ਼ਬਰ ਪਹੁੰਚੀ। ਉਹ ਖ਼ਬਰ ਉਸ ਮਾਲਕ ਦੇ ਹੱਥ ਲੱਗ ਗਈ। ਖ਼ਬਰ ਘਪਲਿਆਂ ਸਬੰਧੀ ਸੀ। ਉਸ ਨੇ ਤਹਿਸੀਲਦਾਰ ਨੂੰ ਫੋਨ ਕੀਤਾ ਤਾਂ ਤਹਿਸੀਲਦਾਰ ਉਸ ਮਾਲਕ ਨੂੰ ਨੋਟਾਂ ਦਾ ਗੱਫਾ ਦੇ ਕੇ ਖ਼ਬਰ ਰੁਕਵਾ ਗਿਆ।
ਹੈਰਾਨੀ ਦੀ ਗੱਲ ਸੀ ਕਿ ਮੋਹਾਲੀ ਅਖ਼ਬਾਰ ਦੇ ਜੋ ਅਹਿਮ ਖ਼ਬਰ ਸੰਪਾਦਕ ਆਏ, ਜਿਨ੍ਹਾਂ ਵਿੱਚ ਇਕ ਇਸਾਈ ਮਤ ਦਾ ਵਿਅਕਤੀ ਵੀ ਆਇਆ, ਜਿਨ੍ਹਾਂ ਵਿੱਚ ਇਕ ਅੰਗਰੇਜ਼ੀ ਅਖ਼ਬਾਰ ਦਾ ਸਮਝਦਾਰ ਪੱਤਰਕਾਰ ਵੀ ਆਇਆ - ਉਹ ਆਖ਼ਿਰ ਇਹ ਕਹਿ ਗਏ ਕਿ ‘‘ਬਾਹਰੋਂ ਅਸੀਂ ਇਸ ਅਖ਼ਬਾਰ ਦੀ ਬੱਲੇ-ਬੱਲੇ ਹੁੰਦੀ ਵੇਖਦੇ ਹਾਂ। ਇਸ ਅਖ਼ਬਾਰ ਬਾਰੇ ਬਹੁਤ ਚਰਚਾ ਹੁੰਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਅਖ਼ਬਾਰ ਧੜੱਲੇਦਾਰ ਹੈ ਪਰ ਜਦੋਂ ਅਸੀਂ ਇਸ ਅਖ਼ਬਾਰ ਦੇ ਅੰਦਰ ਗਏ ਤਾਂ ਸਾਨੂੰ ਪਤਾ ਲੱਗਆ ਕਿ ਇਹ ਅਖ਼ਬਾਰ ਦੰਗੇ ਕਰਵਾਉਣਾ ਚਾਹੁੰਦਾ ਹੈ। ਇਹ ਅਖ਼ਬਾਰ ਸਿੱਖ ਸਮਾਜ ਵਿੱਚ ਵੱਡਾ ਪਾੜਾ ਪਾ ਰਿਹਾ ਹੈ। ਸਿੱਖਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਾ ਰਿਹਾ ਹੈ। ਸਿੱਖ ਤਾਂ ਪਹਿਲਾਂ ਹੀ ਮੁੱਠੀ ਭਰ ਹਨ। ਉਨ੍ਹਾਂ ਸਿੱਖਾਂ ਨੂੰ ਪਾੜ ਕੇ, ਉਨ੍ਹਾਂ ਨੂੰ ਇਕ ਦੂਜੇ ਨਾਲ ਲੜਾ ਕੇ ਉਸ ਬਾਂਦਰ ਵਾਂਗ ਲਾਹਾ ਖੱਟ ਰਿਹਾ ਹੈ, ਜਿਸ ਨੇ ਦੋ ਬਿੱਲੀਆਂ ਦੀ ਰੋਟੀ ਵੰਡਣ ਦੀ ਲੜਾਈ ਨੂੰ ਲੈ ਕੇ ਸਾਰੀ ਰੋਟੀ ਆਪ ਹੀ ਖਾ ਲਈ ਸੀ।’’ ਬਿਲਕੁਲ ਉਸੇ ਤਰ੍ਹਾਂ ਇਥੇ ਇਹ ਗੱਲ ਵੀ ਢੁਕਦੀ ਹੈ ਕਿ ਜਿਵੇਂ ਕੁਝ ਹੋਛੇ ਦਿਮਾਗ ਦੇ ਲੀਡਰਾਂ ਨੇ ਪੰਜਾਬੀ ਸੂਬਾ ਮੰਗਦੇ ਹੋਏ ਪੰਜਾਬੀ ਸੂਬੇ ਨੂੰ ਪੰਜਾਬੀ ਸੂਬੀ ਬਣਾ ਲਿਆ। ਅਜੇ ਅਜਿਹੀਆਂ ਗੱਲਾਂ ਨੂੰ ਸਿੱਖ ਸਮਾਜ ਸਮਝਣ ਵਿੱਚ ਟਾਈਮ ਲਾਵੇਗਾ ਕਿ ਇਹ ਅਖ਼ਬਾਰ ਉਨ੍ਹਾਂ ਉੱਤੇ ਕਿਸ ਤਰੀਕੇ ਨਾਲ ਸਮੋਹਿਨ ਕਿਸਮ ਦਾ ਵਾਰ ਕਰ ਰਿਹਾ ਹੈ।

- - - - -

ਉਹ (ਪੱਤਰਕਾਰ) ਦਿਨੇ ਵੀ ਸੋਚਦਾ। ਕਈ ਵਾਰੀ ਉਸ ਨੂੰ ਇਸ ਅਖ਼ਬਾਰ ਬਾਰੇ ਯਾਦ ਆਉਂਦੀ ਹੋਈ ਰਾਤ ਨੂੰ ਵੀ ਜਾਗਣ ਲਈ ਮਜਬੂਰ ਕਰਦੀ ਸੀ। ਉਹ ਰਾਤ ਨੂੰ ਸੋਚਦਾ ਕਿ ਆਖਰ ਤਜ਼ਰਬੇਕਾਰ ਪੱਤਰਕਾਰ ਇਸ ਅਖ਼ਬਾਰ ਨੂੰ ਛੱਡ ਕਿਉਂ ਰਹੇ ਹਨ। ਪਰ ਪੱਤਰਕਾਰਤਾ ਤੋਂ ਅਨਜਾਣ ਇਸ ਅਖ਼ਬਾਰ ਵਿੱਚ ਕੰਮ ਕਰ ਰਹੇ ਜ਼ਿਆਦਾਤਰ ਪੱਤਰਕਾਰ ਇਸ ਅਖ਼ਬਾਰ ਨੂੰ ਆਪਣੇ ਪਿੱਛੇ ਕਿਉਂ ਲਗਾਈ ਫਿਰ ਰਹੇ ਹਨ? ਇਹ ਸੱਚ ਹੈ ਕਿ ਇਸ ਅਖ਼ਬਾਰ ਵਿੱਚ ਪੱਤਰਕਾਰਤਾ ਤੋਂ ਅਨਜਾਣ ਸਿਰਫ਼ ਡੇਰਿਆਂ ਵਿਰੁੱਧ, ਕੁਝ ਗੁਰਦੁਆਰਿਆਂ ਵਿਰੁੱਧ ਅਤੇ ਖ਼ਾਸ ਤੌਰ ’ਤੇ ਸਿੱਖਾਂ ਵਿੱਚ ਵੰਡੀਆਂ ਪਾਉਣ ਵਾਲੀਆਂ ਖ਼ਬਰਾਂ ਲਿਖਣ ਵਾਲੇ ਪੱਤਰਕਾਰ ਜਦੋਂ ਵੀ ਇਸ ਅਖ਼ਬਾਰ ਨੂੰ ਛੱਡ ਕੇ ਗਏ ਤਾਂ ਉਨ੍ਹਾਂ ਪੱਤਰਕਾਰਾਂ ਨੂੰ ਕਿਸੇ ਹੋਰ ਅਖ਼ਬਾਰ ਨੇ ਸਟਾਫ਼ ਰਿਪੋਰਟਰ ਬਣਾਉਣਾ ਤਾਂ ਦੂਰ ਦੀ ਗੱਲ, ਸਗੋਂ ਉਨ੍ਹਾਂ ਨੂੰ ਪੁੱਛਿਆ ਤੱਕ ਨਹੀਂ। ਆਪਣਾ ਕੁਝ ਕਰਨ ਜੋਗੇ ਉਹ ਹੈ ਹੀ ਨਹੀਂ ਸਨ ਕਿਉਂਕਿ ਉਹ ਪੱਤਰਕਾਰ ਮਹਿਜ਼ ਸੰਪਾਦਕ ਦੀ ਵਾਹ-ਵਾਹ ਲੈਣ ਲਈ ਹੀ ਖ਼ਬਰਾਂ ਲਿਖਦੇ ਸਨ। ਜਿਸ ਕਰਕੇ ਸੰਪਾਦਕ ਦੀ ਮੱਤ ਦੇ ਕੁਝ ਸਿੱਖ ਵੀਰਾਂ ਦੇ ਫੋਨ ਵੀ ਸੰਪਾਦਕ ਨੂੰ ਸ਼ਾਬਾਸ਼ ਦਿੰਦੇ ਸਨ।

ਹੁਣ ਜੇਕਰ ਇਕ ਵਿਅਕਤੀ ਨੇ ਇਸ ਅਖ਼ਬਾਰ ਨੂੰ ਇਸ਼ਤਿਹਾਰ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਮਾਲਕਣ ਬੀਬੀ ਨੇ ਪੱਤਰਕਾਰ ਨੂੰ ਤੁਰੰਤ ਕਹਿ ਦਿੱਤਾ ਕਿ ਉਸ ਦੇ ਖਿਲਾਫ਼ ਖ਼ਬਰਾਂ ਲਾਓ। ਤੁਰੰਤ ਕਹਿ ਦਿੱਤਾ ਕਿ ਡੇਰਿਆਂ ਵਿਰੁੱਧ ਖ਼ਬਰਾਂ ਕੱਢ ਕੇ ਲੈ ਕੇ ਆਓ। ਇਸ ਸੰਪਾਦਕ ਦੇ ਸਾਰੇ ਪਰਵਾਰ ਵਿੱਚ ਸਿੱਖੀ ਸਬੰਧੀ ਬਹੁਤ ਘਾਟਾਂ ਹਨ, ਜਿਹੜੇ ਕਿ ਸਾਬਤ-ਸੂਰਤ ਸਿੱਖ ਨਹੀਂ ਹਨ ਪਰ ਇਹ ਸਿੱਖੀ ਪ੍ਰਤੀ ਆਪਣੇ ਆਪ ਨੂੰ ਬੜੇ ਪਰਪੱਕਤਾ ਭਰੇ ਹਮਦਰਦ ਵੀ ਕਹਿੰਦੇ ਹਨ।
ਉਹ ਪੱਤਰਕਾਰ ਹੁਣ ਸੰਪਾਦਕ ਵੱਲੋਂ ਕੀਤੀਆਂ ਆਪੇ ਵਿਰੁੱਧ ਗੱਲਾਂ ਵੀ ਸੋਚ ਰਿਹਾ ਸੀ ਕਿ ਉਸ ਵੱਲੋਂ ਤਖ਼ਤਾਂ ਦੇ ਮੁੱਖ ਪੁਜਾਰੀਆਂ ਵੱਲੋਂ ਜਾਰੀ ਕੀਤੇ ਜਾਂਦੇ ਹੁਕਮਨਾਮਿਆਂ ਨੂੰ ਚੁਣੌਤੀ ਦਿੱਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਇਹ ਹੁਕਮਨਾਮੇ ਇਕ ਸਿਆਸੀ ਵਿਅਕਤੀ ਦੇ ਦਬਾਅ ਹੇਠ ਜਾਰੀ ਹੁੰਦੇ ਹਨ। ਪਰ ਇਹ ਵੀ ਸੱਚ ਹੈ ਕਿ ਇਹ ਸੰਪਾਦਕ ਸਾਹਿਬ ਵੀ ਤਾਂ ਬੈਠੇ ਹੋਏ ਹੁਕਮਨਾਮੇ ਹੀ ਜਾਰੀ ਕਰਦੇ ਹਨ। ਕਦੇ ਹੁਕਮਨਾਮਾ ਜਾਰੀ ਕੀਤਾ ਕਿ ਅਕਾਲੀਆਂ ਦੇ ਪੱਖ ਵਿਚ ਕੋਈ ਖ਼ਬਰ ਨਹੀਂ ਲਾਉਣੀ, ਉਨ੍ਹਾਂ ਦੇ ਖਿਲਾਫ਼ ਖ਼ਬਰਾਂ ਲਾਉਣੀਆਂ ਹਨ। ਕਦੇ ਹੁਕਮਨਾਮਾ ਜਾਰੀ ਕੀਤਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਸਾਨੂੰ ਕੋਈ ਇਸ਼ਤਿਹਾਰ ਨਹੀਂ ਦੇ ਰਿਹਾ, ਸਗੋਂ ਉਹ ਸਾਨੂੰ ਪਹਿਲਾਂ ਦਿੱਤੇ ਹੋਏ ਇਸ਼ਤਿਹਾਰਾਂ ਦੇ 2 ਕਰੋੜ ਰੁਪਏ ਮਾਰ ਚੁੱਕਿਆ ਹੈ। ਇਸ ਕਰਕੇ ਉਸ ਵਿਰੁੱਧ ਖ਼ਬਰਾਂ ਲਾਓ, ਉਸ ਦੇ ਪੱਖ ਵਿੱਚ ਖ਼ਬਰਾਂ ਲਾਉਣੀਆਂ ਬੰਦ ਕਰ ਦਿਓ।

ਜਦੋਂ ਕਿਸੇ ਵੱਡੇ ਲੀਡਰ ਖਿਲਾਫ਼ ਕੋਈ ਪੱਤਰਕਾਰ ਖ਼ਬਰ ਭੇਜਦਾ ਹੈ ਤੇ ਉਹ ਅਖ਼ਬਾਰ ਵਿੱਚ ਪ੍ਰਕਾਸ਼ਿਤ ਹੁੰਦੀ ਹੈ ਤਾਂ ਉਹ ਲੀਡਰ ਸੰਪਾਦਕ ਦੇ ਘਰ ਪਹੁੰਚ ਜਾਂਦਾ ਹੈ। ਜਿਵੇਂ ਕਿ ਬੀਬੀ ਰਜਿੰਦਰ ਕੌਰ ਭੱਠਲ ਉਨ੍ਹਾਂ ਦੇ ਘਰ ਪਹੁੰਚ ਗਈ ਸੀ ਤਾਂ ਉਸੇ ਦਿਨ ਹੁਕਮਨਾਮਾ ਜਾਰੀ ਹੁੰਦਾ ਹੈ ਕਿ ਹੁਣ ਭੱਠਲ ਦੇ ਖਿਲਾਫ਼ ਖ਼ਬਰਾਂ ਲਾਉਣੀਆਂ ਬੰਦ ਕਰੋ। ਪਰ ਕੁਝ ਦਿਨਾਂ ਬਾਅਦ ਬੀਬੀ ਭੱਠਲ ਉਨ੍ਹਾਂ ਨੂੰ ਕੋਈ ਇਸ਼ਤਿਹਾਰ ਨਹੀਂ ਦਿੰਦੀ ਜਾਂ ਜਿਹੜਾ ਸਮਝੌਤਾ ਉਨ੍ਹਾਂ ਦੀ ਮੀਟਿੰਗ ਦੌਰਾਨ ਕੀਤਾ ਗਿਆ, ਉਹ ਬੀਬੀ ਭੱਠਲ ਨੇ ਪੂਰਾ ਨਹੀਂ ਕੀਤਾ ਤਾਂ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ ਕਿ ਹੁਣ ਭੱਠਲ ਵਿਰੁੱਧ ਖ਼ਬਰਾਂ ਲਾਓ। ਇਕ ਹੁਕਮਨਾਮਾ ਇਹ ਵੀ ਜਾਰੀ ਹੋਇਆ, ਜਿਸ ਵਿੱਚ ਕਿਹਾ ਗਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੁਣ ਸਾਨੂੰ ਅਸਿੱਧੇ ਰੂਪ ਵਿੱਚ ਇਸ਼ਤਿਹਾਰ ਦਿਵਾ ਰਹੇ ਹਨ। ਉਨ੍ਹਾਂ ਵਿਰੁੱਧ ਖ਼ਬਰਾਂ ਲਾਉਣੀਆਂ ਬੰਦ ਕਰ ਦਿਓ, ਜਿਸ ਸਬੰਧੀ ਇਹ ਹੁਕਮਨਾਮੇ ਸਾਰੇ ਹੀ ਡੈਸਕ ਨੂੰ ਤੇ ਕੁਝ ਪੱਤਰਕਾਰਾਂ ਨੂੰ ਹੀ ਜਾਰੀ ਕੀਤੇ ਜਾਂਦੇ। ਜੇਕਰ ਕੋਈ ਆਮ ਪੱਤਰਕਾਰ ਸ਼੍ਰੋਮਣੀ ਕਮੇਟੀ ਦੇ ਖਿਲਾਫ਼ ਖ਼ਬਰ ਭੇਜਦਾ ਵੀ ਤਾਂ ਉਹ ਨਾ ਲਾਈ ਜਾਂਦੀ। ਹੁਕਮਨਾਮੇ ਜਾਰੀ ਹੁੰਦੇ ਕਿ ਇਸ ਪੱਤਰਕਾਰ ਨੇ ਪਿਛਲੇ ਮਹੀਨੇ ਇਸ਼ਤਿਹਾਰ ਘੱਟ ਭੇਜੇ ਹਨ, ਇਸ ਦੀਆਂ ਖ਼ਬਰਾਂ ਬੰਦ ਕਰ ਦਿਓ।

ਇਸ ਸਬੰਧੀ ਉਸ ਦੇ ਯਾਦ ਬਠਿੰਡਾ ਦਾ ਇਕ ਬਜ਼ੁਰਗ ਪੱਤਰਕਾਰ ਵੀ ਆ ਗਿਆ ਜਿਸ ਨੇ ਇਨ੍ਹਾਂ ਕਰਕੇ ਬਠਿੰਡੇ ਤੋਂ ਜੇਲ੍ਹ ਤੱਕ ਕੱਟੀ ਸੀ ਪਰ ਇਕ ਅਨਪੜ੍ਹ ਜਿਹੇ ਟੁੱਚੀ ਦੇ ਪੱਤਰਕਾਰ ਦੀ ਨਿਯੁਕਤੀ ਉੱਥੇ ਕਰ ਲਈ ਗਈ। ਹੁਣ ਇਹ ਟੁੱਚੀ ਦਾ ਪੱਤਰਕਾਰ ਮਾਲਕਣ ਔਰਤ ਦਾ ਪੁੱਤਰ ਬਣ ਚੁੱਕਿਆ ਸੀ। ਇਨ੍ਹਾਂ ਕਰਕੇ ਬਠਿੰਡਾ ਜੇਲ੍ਹ ਕੱਟਣ ਵਾਲੇ ਬਜ਼ੁਰਗ ਪੱਤਰਕਾਰ ਦੀ ਇਸ ਟੁੱਚੀ ਦੇ ਪੱਤਰਕਾਰ ਨੇ ਹੈਸੀਅਤ ਖ਼ਤਮ ਕਰ ਦਿੱਤੀ ਸੀ ਕਿਉਂਕਿ ਟੁੱਚੀ ਦੇ ਪੱਤਰਕਾਰ ਨੇ ਕਿਸੇ ਅਕਾਲੀ ਆਗੂ ਤੋਂ ਇਕ ਪੰਜਾਹ ਕੁ ਹਜ਼ਾਰ ਦਾ ਇਸ਼ਤਿਹਾਰ ਲੈ ਲਿਆ ਤੇ ਇਨ੍ਹਾਂ ਨੇ ਹੁਕਮਨਾਮਾ ਜਾਰੀ ਕੀਤਾ ਕਿ ਹੁਣ ਬਠਿੰਡਾ ਦੇ ਜ਼ਿਲਾ ਇੰਚਾਰਜ ਬਜ਼ੁਰਗ ਪੱਤਰਕਾਰ ਨਹੀਂ ਸਗੋਂ ਟੁੱਚੀ ਦਾ ਪੱਤਰਕਾਰ ਹੋਵੇਗਾ। ਉਸ ਬਜ਼ੁਰਗ ਪੱਤਰਕਾਰ ਦੀ ਜੇਲ੍ਹ ਕੱਟੀ ਹੋਈ ਬੇਕਾਰ ਹੋ ਗਈ, ਅਕਾਰਥ ਹੋ ਗਈ ਕਿਉਂਕਿ ਉਸ ਬਜ਼ੁਰਗ ਪੱਤਰਕਾਰ ਲਈ ਕਿਸੇ ਅਖ਼ਬਾਰ ਵਿੱਚ ਕੋਈ ਜਗ੍ਹਾ ਨਹੀਂ ਸੀ ਕਿਉਂਕਿ ਉਸ ਨੇ ਤਾਂ ਆਪਣਾ ਸਾਰਾ ਕੁਝ ਹੀ ਇਸ ਅਖ਼ਬਾਰ ਨੂੰ ਸਮਰਪਿਤ ਕੀਤਾ ਹੋਇਆ ਸੀ।

- - - - -

ਮੋਹਾਲੀ ਅਖ਼ਬਾਰ ਦੇ ਮਾਲਕ-ਮਾਲਕਣ ਨੂੰ ਇਹ ਭੁਲੇਖਾ ਪੈ ਚੁੱਕਿਆ ਹੈ ਕਿ ਇਹ ਅਖ਼ਬਾਰ ਹੁਣ ਬੁਲੰਦੀਆਂ ’ਤੇ ਹੈ ਤੇ ਸਾਡਾ ਅਖ਼ਬਾਰ ਕਦੇ ਫੇਲ੍ਹ ਨਹੀਂ ਹੋਵੇਗਾ। ਇਹੀ ਭੁਲੇਖਾ ‘ਅੱਜ ਦੀ ਅਵਾਜ਼’ ਤੇ ‘ਅਕਾਲੀ ਪੱਤ੍ਰਿਕਾ’ ਦੇ ਮਾਲਕਾਂ ਨੂੰ ਵੀ ਹੁੰਦਾ ਸੀ ਪਰ ਇਨ੍ਹਾਂ ਅਖ਼ਬਾਰਾਂ ਦੀ ਮੌਜੂਦਾ ਸਥਿਤੀ ਕਿਸੇ ਤੋਂ ਛੁਪੀ ਹੋਈ ਨਹੀਂ।

ਮੋਹਾਲੀ ਅਖ਼ਬਾਰ ਵਾਲੇ ਪੱਤਰਕਾਰਾਂ ਨੂੰ ਜ਼ਿਲ੍ਹਾ ਇੰਚਾਰਜ ਬਣਾਉਂਦੇ ਹਨ, ਜਿਨ੍ਹਾਂ ਨੂੰ ਕਿ ਜ਼ਿਲ੍ਹਾ ਬਿਉਰੋ ਚੀਫ਼ ਵੀ ਕਿਹਾ ਜਾਂਦਾ ਹੈ। ਪਰ ਉਹ ਇੰਚਾਰਜ ਨਹੀਂ ਸਗੋਂ ‘ਇਸ਼ਤਿਹਾਰ ਏਜੰਟ’ ਬਣਾਏ ਜਾਂਦੇ ਹਨ ਨਾ ਕਿ ਪੱਤਰਕਾਰ। ਉਨ੍ਹਾਂ ਤੋਂ ਵਿਸ਼ੇਸ਼ ਰਿਪੋਰਟਾਂ ਜਾਂ ਖ਼ਬਰਾਂ ਦੀ ਲੋੜ ਨਹੀਂ ਹੁੰਦੀ ਸਗੋਂ ਸਿਰਫ਼ ਇਸ਼ਤਿਹਾਰਾਂ ਦੀ ਮੰਗ ਹੁੰਦੀ ਹੈ।

ਇਹ ਘਟਨਾ ਬੜੀ ਅਹਿਮ ਹੈ ਕਿ ਇਕ ਪੱਤਰਕਾਰ ਨੇ ਇਕ ਰਿਪੋਰਟ ਭੇਜੀ ਜੋਕਿ ਡੀ.ਸੀ. ਦੇ ਖਿਲਾਫ਼ ਸੀ ਤਾਂ ਉਸ ਡੀ.ਸੀ. ਨੇ ਮਾਲਕਣ ਔਰਤ ਨੂੰ ਫੋਨ ਕੀਤਾ ਕਿਉਂਕਿ ਸੰਪਾਦਕ ਸਾਹਿਬ ਤਾਂ ਔਰਤ ਦੇ ਪੱਲੇ ਵਿੱਚ ਛੁਪੇ ਹੋਏ ਰਹਿੰਦੇ ਸਨ। ਹੁਣ ਮਾਲਕਣ ਔਰਤ ਨੂੰ ਡੀ.ਸੀ. ਨੇ ਫੋਨ ’ਤੇ ਪੱਤਰਕਾਰ ਵਿਰੁੱਧ ਬੋਲਿਆ। ਡੀ.ਸੀ. ਦਾ ਪੱਤਰਕਾਰ ਦੇ ਵਿਰੁੱਧ ਬੋਲਣਾ ਵੀ ਬਣਦਾ ਸੀ ਕਿਉਂਕਿ ਉਸ ਦੇ ਗਲਤ ਕੀਤੇ ਕੰਮਾਂ ਦੇ ਪਰਦੇਫਾਸ਼ ਕਰਨ ਵਾਲੀ ਉਸ ਦੇ ਖਿਲਾਫ਼ ਖ਼ਬਰ ਲਗਾਈ ਗਈ ਸੀ। ਤਾਂ ਉਸ ਮਾਲਕਣ ਔਰਤ ਨੇ ਪੱਤਰਕਾਰ ਦੀ ਜਾਨ ਲੈਣੀ ਸ਼ੁਰੂ ਕਰ ਦਿੱਤੀ। ਜਿਸ ਸਬ-ਐਡੀਟਰ ਨੇ ਇਹ ਖ਼ਬਰ ਲਗਾਈ ਸੀ, ਉਸ ਸਬ-ਐਡੀਟਰ ਨੂੰ ਮਾੜਾ ਬੋਲਣਾ, ਗਾਲ੍ਹਾਂ ਕਢਣੀਆਂ ਸ਼ੁਰੂ ਕਰ ਦਿੱਤੀਆਂ।

ਇਥੋਂ ਸਪਸ਼ਟ ਹੋਇਆ ਸੀ ਮੋਹਾਲੀ ਅਖ਼ਬਾਰ ਪੱਤਰਕਾਰਾਂ ਦੇ ਪੱਖ ਵਿੱਚ ਨਹੀਂ ਸਗੋਂ ਉਨ੍ਹਾਂ ਲੋਕਾਂ ਦੇ ਪੱਖ ਵਿੱਚ ਹੈ, ਜੋ ਇਨ੍ਹਾਂ ਨੂੰ ਮਿੱਠਾ ਬੋਲ ਕੇ ਪ੍ਰਭਾਵਿਤ ਕਰ ਲੈਂਦੇ ਹਨ ਜਾਂ ਇਨ੍ਹਾਂ ਨੂੰ ਰੁਪਿਆਂ ਦੇ ਗੱਫੇ ਭੇਜਦੇ ਹਨ। ਰੁਪਇਆਂ ਦੇ ਗੱਫੇ ਤਾਂ ਇਨ੍ਹਾਂ ਨੂੰ ਸਿਮਰਨਜੀਤ ਸਿੰਘ ਮਾਨ ਨੇ ਵੀ ਭੇਜੇ ਸਨ। ਜਦੋਂ ਸਿਮਰਨਜੀਤ ਸਿੰਘ ਮਾਨ ਨੇ ਇਸ ਸੰਪਾਦਕ ਨੂੰ ਪੈਸੇ ਦੇਣੇ ਘੱਟ ਕਰ ਦਿੱਤੇ ਤਾਂ ਸੰਪਾਦਕ ਸਾਹਿਬ ਨੇ ਹੁਕਮਨਾਮਾ ਜਾਰੀ ਕਰ ਦਿੱਤਾ ਕਿ ਸਿਮਰਨਜੀਤ ਸਿੰਘ ਮਾਨ ਦੀਆਂ ਖ਼ਬਰਾਂ ਲਾਉਣੀਆਂ ਬੰਦ ਕਰ ਦਿੱਤੀਆਂ ਜਾਣ। ਤਾਂ ਮੁੜ ਕਾਫੀ ਦੇਰ ਸਿਮਰਨਜੀਤ ਸਿੰਘ ਮਾਨ ਇਸ ਅਖ਼ਬਾਰ ਵਿੱਚ ਛਪਣਾ ਬੰਦ ਰਿਹਾ।

ਇਸ ਅਖ਼ਬਾਰ ਦੀਆਂ ਖ਼ਬਰਾਂ ਦਾ ਮਿਆਰ ਨਿੱਕੀਆਂ-ਮੋਟੀਆਂ ਅਖ਼ਬਾਰਾਂ ਦੇ ਮਿਆਰ ਤੋਂ ਵੀ ਹੇਠਾਂ ਹੁੰਦਾ ਹੈ। ਜਿਸ ਵਿਅਕਤੀ ਦੀ ਕਦੇ ਕਿਸੇ ਅਖ਼ਬਾਰ ਵਿੱਚ ਖ਼ਬਰ ਨਹੀਂ ਲੱਗੀ, ਜਿਹੜਾ ਕਿ ਕਦੇ ਪੱਤਰਕਾਰ ਹੀ ਨਹੀਂ ਸੀ ਪਰ ਸੰਪਾਦਕ ਨਾਲ ਉਸਦੀ ਬਣਦੀ ਸੀ - ਉਸ ਘੜੁੱਚ ਪੱਤਰਕਾਰ ਨੇ ਖ਼ਬਰ ਭੇਜੀ ਕਿ ਕੈਪਟਨ ਅਮਰਿੰਦਰ ਸਿੰਘ ਅਕਾਲੀ ਸਰਕਾਰ ਦੇ ਭਾਈਵਾਲ ਬਹੁਤ ਸਾਰੇ ਵਿਧਾਇਕ ਪੱਟ ਰਿਹਾ ਹੈ ਤੇ ਉਨ੍ਹਾਂ ਵਿਧਾਇਕਾਂ ਨੂੰ ਆਪਣੇ ਨਾਲ ਰਲਾਉਣਾ ਚਾਹੁੰਦਾ ਹੈ। ਇਹ ਖ਼ਬਰ ਕੋਰਾ ਝੂਠ ਸੀ, ਸਿਆਸੀ ਸਟੰਟ ਸੀ। ਜੇ ਕਿਸੇ ਦਾ ਬਿਆਨ ਹੁੰਦਾ ਤਾਂ ਇਹ ਖ਼ਬਰ ਬਣਦੀ ਸੀ ਪਰ ਇਹ ਰਿਪੋਰਟ ਇਕ ਪੱਤਰਕਾਰ ਵੱਲੋਂ ਆਪਣੇ ਵਲੋਂ ਲਗਾਈ ਗਈ।

ਇਹ ਰਿਪੋਰਟ ਸੰਪਾਦਕ ਸਾਹਿਬ ਨੇ ਫਰੰਟ ਪੇਜ ’ਤੇ ਛਾਪੀ। ਇਸ ਨੂੰ ਜਦੋਂ ਪੁੱਛਿਆ ਗਿਆ ਤਾਂ ਸੰਪਾਦਕ ਸਾਹਿਬ ਨੇ ਕਿਹਾ ਕਿ ਮੈਂ ਪੱਤਰਕਾਰ ਦਾ ਵੱਡਾ ਨਾਂ ਨਹੀਂ ਵੇਖਦਾ, ਮੈਂ ਤਾਂ ਖ਼ਬਰ ਵੇਖਦਾ ਹਾਂ। ਕਿਉਂਕਿ ਇਹ ਖ਼ਬਰ ਅਕਾਲੀ ਦਲ ਦੇ ਵਿਰੁੱਧ ਸੀ ਅਤੇ ਮਨਘੜਤ ਬਕਵਾਸ ਕੀਤੀ ਹੋਈ ਸੀ, ਉਹ ਲਗਾ ਦਿੱਤੀ ਗਈ। ਇਹ ਵੀ ਪੱਤਰਕਾਰਤਾ ਦੀਆਂ ਕਦਰਾਂ-ਕੀਮਤਾਂ ਦੀ ਮੌਤ ਹੀ ਮੰਨੀ ਜਾਵੇਗੀ ਜਿਵੇਂ ਕਿ ਬਠਿੰਡਾ ਵਾਲਾ ਟੁੱਚੀ ਦਾ ਪੱਤਰਕਾਰ ਮਨਘੜਤ ਖ਼ਬਰਾਂ ਭੇਜਦਾ ਤੇ ਮਾਲਕਣ ਬੀਬੀ ਉਹ ਖ਼ਬਰਾਂ ਲਗਵਾ ਦਿੰਦੀ ਕਿਉਂਕਿ ਉਹ ਉਸਦਾ ਪੁੱਤ ਬਣ ਗਿਆ ਸੀ।

- - - - -

ਲੁਧਿਆਣੇ ਦੇ ਇਕ ਹੋਟਲ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਪ੍ਰੈਸ ਕਾਨਫਰੰਸ ਚਲ ਰਹੀ ਸੀ। ਇਕ ਅੰਗਰੇਜ਼ੀ ਅਖ਼ਬਾਰ ਦੇ ਪੱਤਰਕਾਰ ਨੇ ਇਕ ਸਵਾਲ ਪੁੱਛਿਆ ਜੋ ਕਿ ਬੀਬੀ ਪ੍ਰਨੀਤ ਕੌਰ ਬਾਰੇ ਸੀ। ਇਸ ਸਬੰਧੀ ਹੀ ਅਗਲਾ ਸਵਾਲ ਮੋਹਾਲੀ ਅਖ਼ਬਾਰ ਦੇ ਪੱਤਰਕਾਰ ਦੀਪ ਨੇ ਪੁੱਛ ਲਿਆ। ਇਸ ਨਾਲ ਨਰਾਜ਼ ਹੋਏ ਸਲਾਹਕਾਰ ਸਾਹਿਬ ਨੇ ਬਾਹਰ ਜਾ ਕੇ ਮੋਹਾਲੀ ਅਖ਼ਬਾਰ ਦੀ ਮਾਲਕਣ ਬੀਬੀ ਨੂੰ ਫੋਨ ਕੀਤਾ ਤੇ ਦੀਪ ਪੱਤਰਕਾਰ ਵਿਰੁੱਧ ਕਾਫੀ ਕੁਝ ਬੋਲਿਆ। ਮਾਲਕਣ ਬੀਬੀ ਨੇ ਸਲਾਹਕਾਰ ਨੂੰ ਕਿਹਾ ਕਿ ਮੇਰੀ ਗੱਲ ਦੀਪ ਨਾਲ ਕਰਾਓ। ਸਰਕਾਰੀ ਪਾਵਰ ਦੇ ਨਸ਼ੇ ਵਿੱਚ ਫੁੱਲੇ ਹੋਏ ਹਿੱਕ ਚੌੜੀ ਕੀਤੀ ਹੋਈ ਮੀਡੀਆ ਸਲਾਹਕਾਰ ਨੇ ਦੀਪ ਨੂੰ ਫੋਨ ’ਤੇ ਗੱਲ ਕਰਨ ਲਹੀ ਕਿਹਾ। ਦੀਪ ਨੇ ਜਦੋਂ ਫੋਨ ਸੁਣਿਆ ਤਾਂ ਮਾਲਕਣ ਬੀਬੀ ਨੇ ਉਸ ਨੂੰ ਕਿਹਾ ਕਿ ‘‘ਤੇਰੀ ਅਖ਼ਬਾਰ ਵਿੱਚੋਂ ਛੁੱਟੀ। ਤੂੰ ਸਾਡਾ ਪੱਤਰਕਾਰ ਨਹੀਂ ਹੈਂ। ਤੂੰ ਮਹਾਰਾਣੀ ਪ੍ਰਨੀਤ ਕੌਰ ਬਾਰੇ ਸਵਾਲ ਪੁੱਛਦਾ ਹੈਂ।’’ ਵਿਚਾਰਾ ਦੀਪ ਠੰਡਾ-ਠਾਰ ਹੋ ਗਿਆ। ਇਹ ਤਾਂ ਉਸ ਨੂੰ ਇਲਮ ਹੀ ਨਹੀਂ ਸੀ ਕਿ ਉਸ ਨਾਲ ਇਸ ਤਰ੍ਹਾਂ ਵੀ ਵਾਪਰ ਸਕਦਾ ਹੈ।

ਇਸ ਬਾਰੇ ਦੀਪ ਨੇ ਉਸੇ ਸਮੇਂ ਹੀ ਸਾਥੀ ਪੱਤਰਕਾਰਾਂ ਨੂੰ ਦੱਸ ਦਿੱਤਾ। ਪੱਤਰਕਾਰਾਂ ਨੇ ਉਸੇ ਸਮੇਂ ਐਕਸ਼ਨ ਲੈ ਲਿਆ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਸਲਾਹਕਾਰ ਨੂੰ ਘੇਰਾ ਪਾ ਲਿਆ। ਹੁਣ ਹੋਟਲ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ। ਸਟਾਰ ਨਿਊਜ਼ ਨੇ ਵੀ ਉਸ ਵੇਲੇ ਆਪਣੀ ਸਾਰਥਕ ਭੂਮਿਕਾ ਨਿਭਾਈ। ਸਾਰੇ ਹੀ ਪੱਤਰਕਾਰ ਇਸ ਗੱਲ ’ਤੇ ਅੜੇ ਹੋਏ ਸਨ ਕਿ ਦੀਪ ਤੋਂ ਮੁਆਫੀ ਮੰਗੀ ਜਾਵੇ ਤੇ ਮੋਹਾਲੀ ਅਖ਼ਬਾਰ ਵਿੱਚ ਦੁਬਾਰਾ ਫਿਰ ਇਸ ਦੀ ਨਿਯੁਕਤੀ ਕਰਵਾਈ ਜਾਵੇ। ਸਟਾਰ ਨਿਊਜ਼ ਨੇ ਤਾਂ ਇਸ ਮੁੱਦੇ ’ਤੇ ਓ.ਬੀ. ਵੈਨ ਹੀ ਲੈ ਆਂਦੀ ਸੀ। ਮਾਮਲਾ ਗੰਭੀਰ ਹੋ ਗਿਆ ਸੀ। ਹੁਣ ਮੋਹਾਲੀ ਅਖ਼ਬਾਰ ਵਾਲਿਆਂ ਨੂੰ ਕੀ ਪਤਾ ਸੀ ਕਿ ਜੇਕਰ ਤੁਸੀਂ ਆਪਣੀ ਘਟੀਆ ਸੋਚ ਸਦਕਾ ਪੱਤਰਕਾਰੀ ਕਦਰਾਂ-ਕੀਮਤਾਂ ਨੂੰ ਖ਼ਤਮ ਕਰ ਸਕਦੇ ਹੋ ਤਾਂ ਤੁਹਾਡੇ ਵੀ ਬਾਪ ਪੱਤਰਕਾਰ ਲੁਧਿਆਣੇ ਵਿੱਚ ਬੈਠੇ ਹੋਏ ਹਨ।

ਆਖ਼ਰ ਮੀਡੀਆ ਸਲਾਹਕਾਰ ਦੀ ਹਉਮੈ ਦਾ ਕਤਲ ਹੋਇਆ ਤਾਂ ਜਾ ਕੇ ਉਸ ਨੇ ਰੋਅਬ ਵਿੱਚ ਆ ਕੇ ‘ਸੌਰੀ’ ਕਿਹਾ। ਇਸ ’ਤੇ ਸਟਾਰ ਨਿਊਜ਼ ਦੇ ਅਨਾਊਂਸਰ ਨੇ ਕਿਹਾ ‘‘ਯਹ ਸੌਰੀ ਕਰ ਰਿਹਾ ਹੈ ਯਾਂ ਹਮਾਰੇ ਪਰ ਅਹਿਸਾਨ ਕਰ ਰਹਾ ਹੈ। ਇਸੇ ਕਹੋ ਕਿ ਸੌਰੀ, ਸੌਰੀ ਕੀ ਤਰ੍ਹਾਂ ਹੀ ਮਾਂਗੇ।’’ ਫਿਰ ਮੀਡੀਆ ਸਲਾਹਕਾਰ ਨੇ ਬੜੀ ਹੀ ਨਿਮਰਤਾ ਨਾਲ ਮੁਆਫੀ ਮੰਗੀ। ਇਥੇ ਕਿਸ ਦਾ ਕਤਲ ਹੋਇਆ? ਮੀਡੀਆ ਸਲਾਹਕਾਰ ਦਾ ਜਾਂ ਫਿਰ ਮੋਹਾਲੀ ਅਖ਼ਬਾਰ ਦਾ? ਮੁੜ ਕੇ ਦੀਪ ਨੂੰ ਪੱਤਰਕਾਰ ਵੀ ਰੱਖ ਲਿਆ ਗਿਆ।

ਮੋਹਾਲੀ ਅਖ਼ਬਾਰ ਦੇ ਮਾਲਕ-ਮਾਲਕਣ ਦੀਆਂ ਅਜਿਹੀਆਂ ਨੀਤੀਆਂ ਕਾਰਨ ਪੱਤਰਕਾਰ ਵੀ ਇਨ੍ਹਾਂ ਨਾਲ ਠੱਗੀਆਂ ਮਾਰਨ ਲੱਗ ਪਏ ਹਨ। ਮਨਘੜਤ ਗੱਲਾਂ ਕਿਸੇ ਦੇ ਖਿਲਾਫ਼ ਛਾਪਣ ਕਰਕੇ ਇਸ ਅਖ਼ਬਾਰ ਤੋਂ ਬਹੁਤ ਸਾਰੇ ਲੋਕ ਡਰਦੇ ਹਨ। ਇਸ ਕਰਕੇ ਉਹ ਪੱਤਰਕਾਰਾਂ ਨੂੰ ਰੁਪਏ ਦਿੰਦੇ ਹਨ ਤੇ ਕਹਿੰਦੇ ਹਨ, ‘‘ਬਾਈ ਜੀ, ਤੁਸੀਂ ਇਸ਼ਤਿਹਾਰ ਭਾਵੇਂ ਨਾ ਲਾਓ ਪਰ ਆਹ ਫੜੋ ਰੁਪਏ - ਸਾਡਾ ਖਿਆਲ ਰੱਖਿਓ।’’ ਪੱਤਰਕਾਰ ਪੈਸੇ ਆਪਣੀ ਜੇਬ ਵਿੱਚ ਪਾਉਂਦੇ ਹਨ ਤੇ ਅੱਗੇ ਤੁਰ ਪੈਂਦੇ ਹਨ। ਜਿਹੋ ਜਿਹੇ ਮਾਲਕ, ਉਹੋ ਜਿਹੇ ਉਸ ਦੇ ਕਰਿੰਦੇ। ਸ਼੍ਰੋਮਣੀ ਕਮੇਟੀ ਦੇ ਸਾਬਕਾ ਤੇ ਮੌਜੂਦਾ ਪ੍ਰਧਾਨ, ਤਖ਼ਤਾਂ ਦੇ ਮੁੱਖ ਸੇਵਾਦਾਰ, ਗੁਰਦੁਆਰਿਆਂ ਦੇ ਪ੍ਰਧਾਨ, ਸ਼੍ਰੋਮਣੀ ਕਮੇਟੀ ਮੈਂਬਰ, ਅਫ਼ਸਰ ਤੇ ਹੋਰ ਕਈ - ਸਾਰੇ ਹੁਣ ਮੋਹਾਲੀ ਅਖ਼ਬਾਰ ਦੇ ਪੱਤਰਕਾਰਾਂ ਨੂੰ ਉਸ ਵੱਲੋਂ ਸਪਲੀਮੈਂਟ ਕਢਣ ’ਤੇ ਮੰਗੇ ਗਏ ਇਸ਼ਤਿਹਾਰ ’ਤੇ ਕਹਿ ਦਿੰਦੇ, ‘‘ਤੁਸੀਂ ਸਾਡਾ ਇਸ਼ਤਿਹਾਰ ਤਾਂ ਨਾ ਲਾਇਓ ਕਿਉਂਕਿ ਅਖ਼ਬਾਰ ਸਿੱਖ ਧਰਮ ਦੀ ਬੇਇਜ਼ਤੀ ਕਰਦਾ ਹੈ। ਆਹ ਫੜੋ ਰੁਪਏ ਤੇ ਤੁਸੀਂ ਹੋਰ ਸੇਵਾ ਦੱਸਿਓ - ਪਰ ਸਾਡਾ ਖ਼ਿਆਲ ਰੱਖਿਆ ਕਰੋ।’’ ਇਸ ਕਰਕੇ ਜ਼ਿਆਦਾਤਰ ਪੱਤਰਕਾਰ ਇਸ ਸਥਿਤੀ ਦਾ ਲਾਭ ਵੀ ਪੂਰਾ-ਪੂਰਾ ਉਠਾ ਰਹੇ ਹਨ। ਜਦੋਂ ਕੋਈ ਪੱਤਰਕਾਰ ਇਸ ਅਖ਼ਬਾਰ ਨੂੰ ਛੱਡ ਕੇ ਬਾਹਰ ਜਾਂਦਾ ਵੀ ਹੈ ਤਾਂ ਹੋਰ ਅਖ਼ਬਾਰਾਂ ਵਿੱਚ ਤਾਂ ਇਸ ਤਰ੍ਹਾਂ ਰੁਪਏ ਆਮ ਕਰਕੇ ਬਣਦੇ ਨਹੀਂ ਹਨ। ਤਾਂ ਉਹ ਪੱਤਰਕਾਰ ਵਾਪਸ ਆਪਣੀ ਆਨੇ ਵਾਲੀ ਥਾਂ ’ਤੇ ਆ ਜਾਂਦਾ ਹੈ।

ਮਾਲਕਾਂ ਨੂੰ ਬੁੱਧੂ ਬਨਾਉਣਾ ਹੁਣ ਇਸ ਅਖ਼ਬਾਰ ਦੇ ਪੱਤਰਕਾਰ ਕੋਈ ਮਾੜਾ ਨਹੀਂ ਸਮਝਦੇ ਕਿਉਂਕਿ ਮਾਲਕ ਵੀ ਤਾਂ ਪੱਤਰਕਾਰਤਾ ਦੀ ਮੌਤ ਕਰ ਹੀ ਰਿਹਾ ਹੈ। ਜੇ ਪੱਤਰਕਾਰ ਚਾਰ ਪੈਸੇ ਕਮਾ ਲੈਣਗੇ ਤਾਂ ਕੀ ਫ਼ਰਕ ਪੈਂਦਾ ਹੈ? ਅੱਗੇ ਰੱਬ ਰਾਖਾ।

ਨੋਟ : ਗੁਰਨਾਮ ਸਿੰਘ ਅਕੀਦਾ ਪਟਿਆਲਾ ਤੋਂ ‘ਰੋਜ਼ਾਨਾ ਸਪੋਕਸਮੈਨ’ ਅਖ਼ਬਾਰ ਦੇ ਸਟਾਫ਼ ਰਿਪੋਰਟਰ ਰਹੇ ਹਨ ਅਤੇ ਇਸ ਨਾਤੇ ਉਨ੍ਹਾਂ ਨੇ ਅਖ਼ਬਾਰ ਦੇ ਮਾਲਕ-ਮਾਲਕਣ ਦੀਆਂ ਗਤੀਵਿਧੀਆਂ ਨੂੰ ਬੜੇ ਨੇੜਿਓਂ ਦੇਖਿਆ-ਸਮਝਿਆ ਹੈ। ਸ੍ਰੀ ਅਕੀਦਾ ਵੱਲੋਂ ਉਕਤ ਖੁਲਾਸੇ ਉਨ੍ਹਾਂ ਵੱਲੋਂ ਲਿਖੀ ਗਈ ਕਿਤਾਬ ‘ਪੱਤਰਕਾਰ ਦੀ ਮੌਤ’ ਦੇ ਇਕ ਹਿੱਸੇ ਵਿੱਚ ਕੀਤੇ ਗਏ ਹਨ, ਜੋ ਧੰਨਵਾਦ ਸਹਿਤ ਇੰਡੀਆ ਅਵੇਅਰਨੈੱਸ ਦੇ ਪਾਠਕਾਂ ਦੀ ਜਾਣਕਾਰੀ ਵਾਸਤੇ ਪ੍ਰਕਾਸ਼ਿਤ ਕੀਤੇ ਗਏ ਹਨ।