Subscription About Us Contact Us


ਫਿਨਲੈਂਡ ਦੇ ਸਿੱਖਾਂ ਵੱਲੋਂ ਦੇਵੀ ਸਿਮਰਨ ਦਾ ਤਿਆਗ ਕਰਨ ’ਤੇ ਬ੍ਰਾਹਮਣਵਾਦੀ ਮਾਨਸਿਕਤਾ ਦੇ ਗੁਲਾਮ ਚਰਿੱਤਰਹੀਣ ਸੰਪਾਦਕ ਨੂੰ ਮਿਰਚਾਂ ਲੱਗੀਆਂ

- ਪ੍ਰੋ: ਇੰਦਰ ਸਿੰਘ ਘੱਗਾ -

ਸਿੱਖ ਸਮਾਜ ਦੀ ਬਦਕਿਸਮਤੀ ਹੈ ਕਿ ਇਥੇ ‘ਉਲਟੀ ਵਾੜ ਖੇਤ ਕੋ ਖਾਏ’ ਦੀ ਕਹਾਵਤ ਮੁਤਾਬਿਕ, ਕੌਮ ਨੂੰ ਸਹੀ ਵਿਚਾਰਧਾਰਕ ਸੇਧ ਦੇਣ ਦਾ ਦਾਅਵਾ ਕਰਨ ਵਾਲੇ ਕਥਿਤ ਪ੍ਰਚਾਰਕ ਅਤੇ ਬੁੱਧੀਜੀਵੀਆਂ ਦਾ ਵੱਡਾ ਵਰਗ ਬ੍ਰਾਹਮਣਵਾਦੀ ਮਾਨਸਿਕਤਾ ਦਾ ਗੁਲਾਮ ਹੋਣ ਕਾਰਨ, ਸਿੱਖਾਂ ਨੂੰ ਗੁਰਮਤਿ ਅਸੂਲਾਂ ਪ੍ਰਤੀ ਜਾਗਰੁਕ ਕਰਨ ਦੀ ਥਾਂ, ਸਿੱਖ ਕੌਮ ਵਿੱਚ ਜਾਗ੍ਰਿਤੀ ਲਿਆਉਣ ਵਾਲੇ ਉਪਰਾਲਿਆਂ ਦਾ ਹੀ ਵਿਰੋਧ ਕਰਨ ਲੱਗ ਪੈਂਦੇ ਹਨ। ਜਿਵੇਂ ਕਿ ਪ੍ਰੋ: ਇੰਦਰ ਸਿੰਘ ਘੱਗਾ ਦੇ ਗੁਰਮਤਿ ਪ੍ਰਚਾਰ ਜਤਨਾਂ ਸਦਕਾ ਪਿਛਲੇ ਦਿਨੀਂ ਫਿਨਲੈਂਡ ਦੇ ਇਕ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਸਿੱਖ ਸਮਾਜ ਵਿੱਚ ਪ੍ਰਚਲਿਤ ਅਰਦਾਸ ਵਿੱਚ ਕੁਝ ਸੋਧ ਕਰਕੇ ‘ਪ੍ਰਿਥਮ ਭਗੌਤੀ ਸਿਮਰ ਕੈ’ ਦੀ ਥਾਂ ‘ਪ੍ਰਿਥਮ ਅਕਾਲ ਪੁਰਖ ਸਿਮਰ ਕੈ’ ਪੜ੍ਹਨ ਦਾ ਮਤਾ ਪਾਸ ਕਰ ਦਿੱਤਾ, ਤਾਂ ਤਖ਼ਤਾਂ ਦੇ ਪੁਜਾਰੀਆਂ ਦੇ ਨਾਲ-ਨਾਲ ਆਪਣੇ ਆਪ ਨੂੰ ਸਿੱਖ ਸਮਾਜ ਦਾ ਠੇਕੇਦਾਰ ਸਮਝਣ ਵਾਲੇ ਅੰਮ੍ਰਿਤਸਰ ਤੋਂ ਪ੍ਰਕਾਸ਼ਿਤ ਹੁੰਦੇ ਇਕ ਪੰਜਾਬੀ ਰਸਾਲੇ ਦੇ ਸੰਪਾਦਕ, ਜੋ ਆਪਣੀ ਚਰਿੱਤਰਹੀਣਤਾ ਅਤੇ ਭ੍ਰਿਸ਼ਟਾਚਾਰ ਕਾਰਨ ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਘਿਰਿਆ ਰਿਹਾ ਹੈ, ਨੂੰ ਏਨਾ ਕ੍ਰੋਧ ਆ ਗਿਆ ਹੈ ਕਿ ਉਸਨੇ ਆਪਣੇ ਰਸਾਲੇ ਦੇ ਪਾਠਕਾਂ ਨੂੰ ਸ੍ਰ: ਘੱਗਾ ਅਤੇ ਉਕਤ ਗੁਰਦੁਆਰਿਆਂ ਦੇ ਪ੍ਰਬੰਧਕਾਂ ਖਿਲਾਫ਼ ਭੜਕਾ ਕੇ ਉਨ੍ਹਾਂ ਖਿਲਾਫ਼ ਸਖ਼ਤ ਸਟੈਂਡ ਲੈਣ ਦੀ ਅਪੀਲ ਕਰ ਮਾਰੀ। ਹਾਲਾਂਕਿ ਅਜਿਹੇ ਮਨਮਤੀਆਂ ਦੀਆਂ ਲਿਖਤਾਂ ਨੂੰ ਜ਼ਿਆਦਾ ਤਵੱਜੋ ਦੇਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਉਨ੍ਹਾਂ ਦੀ ਮਾਨਸਿਕਤਾ ਹੀ ਹਿੰਦੂਵਾਦੀ ਫਲਸਫੇ ਦੀ ਗੁਲਾਮ ਹੋਣ ਕਾਰਨ ਉਨ੍ਹਾਂ ਨੂੰ ਦਲੀਲ ਰਾਹੀਂ ਸਮਝਾਉਣਾ ਨਾਮੁਮਕਿਨ ਹੁੰਦਾ ਹੈ ਪਰ ਸੰਜੀਦਾ ਪਾਠਕ ਸੱਚ ਤੇ ਝੂਠ ਦਾ ਫੈਸਲਾ ਖ਼ੁਦ ਕਰ ਸਕਣ, ਇਸ ਵਾਸਤੇ ਲੇਖਕ ਇੰਦਰ ਸਿੰਘ ਘੱਗਾ ਨੇ ਉਕਤ ‘ਸਮਾਜ ਸੇਵਕ’ ਸੰਪਾਦਕ ਵੱਲੋਂ ਚੁੱਕੇ ਗਏ ਇਤਰਾਜ਼ਾਂ ਦਾ ਜਵਾਬ ਪੇਸ਼ ਕੀਤਾ ਹੈ। ਬੇਅੰਤ ਝੂਠਾਂ ਤੇ ਪ੍ਰਾਪੇਗੰਡਾ ਦਾ ਸਹਾਰਾ ਲੈ ਕੇ ਰਸਾਲਾ ਚਲਾ ਰਿਹਾ ਇਹ ਸੰਪਾਦਕ ਜਦ ਲੇਖਕ ਵੱਲੋਂ ਦਿੱਤਾ ਗਿਆ ਇਹ ਸਪਸ਼ਟੀਕਰਨ ਪ੍ਰਕਾਸ਼ਿਤ ਕਰਨ ਦੀ ਹਿੰਮਤ ਨਾ ਜੁਟਾ ਸਕਿਆ ਤਾਂ ਲੇਖਕ ਨੂੰ ਮਜਬੂਰ ਹੋ ਕੇ ਇਹ ਲਿਖਤ ਇੰਡੀਆ ਅਵੇਅਰਨੈ¤ਸ ਕੋਲ ਭੇਜਣੀ ਪਈ। ਆਸ ਹੈ ਕਿ ਪਾਠਕ ਸ੍ਰ: ਘੱਗਾ ਤੇ ਉਕਤ ਸੰਪਾਦਕ ਦੇ ਵਿਚਾਰਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਆਪਣਾ ਸੁਤੰਤਰ ਨਜ਼ਰੀਆ ਕਾਇਮ ਕਰ ਸਕਣਗੇ।
‘ਭਗੌਤੀ’ ਨੂੰ ਨਾ ਸਿਮਰਨ ਬਾਰੇ ਫਿਨਲੈਂਡ ਦੇ ਸਿੱਖਾਂ ਵੱਲੋਂ ਲਏ ਗਏ ਫੈਸਲੇ ਬਾਰੇ ਅਖੌਤੀ ਵਿਦਵਾਨ ਸੰਪਾਦਕ ਜੀਉ, ਤੁਹਾਡੇ ਇਤਰਾਜ਼ਾਂ ਦੇ ਜਵਾਬ ਕੁਝ ਇਸ ਤਰ੍ਹਾਂ ਹਨ :

1) ‘‘ਤੱਤ ਗੁਰਮਤਿ ਵਾਲੇ ਆਪਣੇ ਆਪ ਨੂੰ ਗੁਰੂ ਬਰਾਬਰ ਸਮਝਣ ਲੱਗ ਪਏ ਹਨ।’’
ਟਿੱਪਣੀ : ਬਿਲਕੁਲ ਗਲਤ। ਤੱਤ ਗੁਰਮਤਿ ਵਾਲੇ ਤਾਂ ਸਗੋਂ ਸਤਿਗੁਰੂ ਦੇ ਸਤਿਕਾਰ ਨੂੰ ਬਹਾਲ ਕਰਾਉਣ ਲਹੀ ਪੂਰੀ ਵਾਹ ਲਗਾ ਰਹੇ ਹਨ। ਗੁਰੂ ਦੀ ਬਰਾਬਰੀ ਤਾਂ ਸਾਰੇ ਤਰ੍ਹਾ ਦੇ ਡੇਰੇਦਾਰ (ਸਿੱਖਾਂ ਵਿਚਲੇ ਅਤੇ ਬਾਹਰਲੇ) ਲੰਮੇਂ ਸਮੇਂ ਤੋਂ ਕਰਦੇ ਆ ਰਹੇ ਹਨ। ਉਹ ਤੁਹਾਨੂੰ ਕਿਸ ਕਾਰਨ ਨਜ਼ਰ ਨਹੀਂ ਆਉਂਦੇ?

2) ‘‘ਪੁਰਾਤਨ ਪਰੰਪਰਾਵਾਂ ਨੂੰ ਤੋੜ ਰਹੇ ਹਨ।’’
ਟਿੱਪਣੀ : ਗੁਰਬਾਣੀ ਦੇ ਸਨਮੁਖ ਪਰੰਪਰਾਵਾਂ ਕੋਈ ਮਾਇਨੇ ਨਹੀਂ ਰਖਦੀਆਂ। ਪਰਖ ਦੀ ਕਸਵੱਟੀ ਗੁਰਬਾਣੀ (ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਰਚਨਾਵਾਂ) ਹੈ। ਜੋ ਪਰੰਪਰਾ ਜਾਂ ਮਰਿਆਦਾ ਗੁਰਬਾਣੀ ਨਾਲ ਮੇਲ ਨਹੀਂ ਖਾਂਦੀ, ਉਹ ਬੇਮਾਇਨੇ ਹੈ, ਛੱਡਣ ਯੋਗ ਹੈ।

3) ‘‘ਇਨ੍ਹਾਂ ਲੋਕਾਂ ਨੇ ਦਿੱਲੀ ਵਿੱਚ ਲਾਵਾਂ ਦੀ ਤਬਦੀਲੀ ਕੀਤੀ।’’
ਟਿੱਪਣੀ : ਜਿਸ ਔਰਤ ਨੂੰ ਗੁਰਬਾਣੀ ਨੇ ਬਰਾਬਰ ਦਾ ਦਰਜਾ ਦਿੱਤਾ ਹੈ, ਜੇ ਉਸ ਦੇ ਸਨਮਾਨ ਨੂੰ ਮੁੜ ਤੋਂ ਬਹਾਲ ਕਰਨ ਲਈ ਦੋ ਲਾਵਾਂ ਵਿੱਚ ਲੜਕਾ ਅੱਗੇ ਤੇ ਦੋ ਲਾਵਾਂ ਵਿੱਚ ਲੜਕੀ ਅੱਗੇ ਚੱਲਣ ਨਾਲ ਕਿਹੜੀ ਪਰਲੋ ਆ ਗਈ? ਇਕ ਨਾ ਇਕ ਦਿਨ ਬੀਬੀਆਂ ਨੂੰ ਬਰਾਬਰ ਅਧਿਕਾਰ ਦੇਣੇ ਹੀ ਪੈਣਗੇ ਵਰਨਾ ਉਹ ਬਗਾਵਤ ’ਤੇ ਭੀ ਉਤਾਰੂ ਹੋ ਸਕਦੀਆਂ ਹਨ।

4) ‘‘ਇਹ ਹਾਸੋਹੀਣਾ ਫੈਸਲਾ ਕਰਨ ਸਮੇਂ ਉ¤ਥੇ ਤੱਤ ਗੁਰਮਤਿ ਦੇ ਨਾਂ ਦੀ ਵਰਤੋਂ ਕਰ ਰਿਹਾ ਇਕ ਲੇਖਕ ਹਾਜ਼ਰ ਸੀ।’’
ਟਿੱਪਣੀ : ਲੇਖਕ (ਇੰਦਰ ਸਿੰਘ ਘੱਗਾ) ਪਿਛਲੇ 35 ਕੁ ਸਾਲਾਂ ਤੋਂ ਬੋਲ ਕੇ ਅਤੇ ਲਿਖਕੇ ਧਰਮ ਪ੍ਰਚਾਰ ਵਿੱਚ ਆਪਣਾ ਯੋਗਦਾਨ ਪਾਉਂਦਾ ਆ ਰਿਹਾ ਹੈ। ਮੇਰਾ ਫਰਜ਼ ਹੈ ਕਿ ਹਰ ਸਥਾਨ ’ਤੇ ਗੁਰਬਾਣੀ ਅਸੂਲਾਂ ਦੇ ਚਾਨਣ ਵਿੱਚ ਵਿਚਾਰ ਰੱਖਾਂ। ਕਈਆਂ ਨੂੰ ਗੁਰਬਾਣੀ ਦੇ ਅਧਾਰ ’ਤੇ ਕੀਤੀ ਗਈ ਵਿਚਾਰ ਚੰਗੀ ਲਗਦੀ ਹੈ, ਕਈਆਂ ਨੂੰ ਬੁਰੀ। ਪਰ ਗੁਰਮਤਿ ਤੋਂ ਉਲਟ ਕਿਸੇ ਪਰੰਪਰਾ ਨੂੰ ਤਿਆਗ ਦੇਣਾ ‘ਹਾਸੋਹੀਣਾ ਫੈਸਲਾ’ ਕਿਵੇਂ ਹੋਇਆ?

5) ‘‘ਪਰੰਪਰਾਵਾਂ ਨੂੰ ਤੋੜਨ ਵਾਲੇ ਵਜੋਂ, ਬਿਮਾਰੀ ਮਾਨਸਿਕਤਾ ਵਾਲਿਆਂ ’ਚ ਪ੍ਰਸਿੱਧ ਹੋਣ ਲਈ?’’
ਟਿੱਪਣੀ : ਗੁਰੂ ਨਾਨਕ ਸਾਹਿਬ ਨੇ ਗਲਤ ਅਤੇ ਥੋਥੀਆਂ ਪਰੰਪਰਵਾਂ ਨੂੰ ਤਾਰ-ਤਾਰ ਕਰ ਦਿੱਤਾ। ਜੰਞੂ, ਸੂਰਜ ਨੂੰ ਪਾਣੀ, ਤੀਰਥ ਇਸ਼ਨਾਨ, ਵਰਤ, ਮੂਰਤੀ ਪੂਜਾ ਆਦਿ ਸਭ ਉਡਾ ਦਿੱਤੇ। ਸਿੱਖਾਂ ਦਾ ਗੁਰੂ, ਗੁਰੂ ਗ੍ਰੰਥ ਹੈ। ਸਾਰੀ ਦੁਨੀਆ ਜੋ ਮਰਜ਼ੀ ਆਖੇ, ਸੱਚੇ ਸਿੱਖ ਨੇ ਗੁਰੂ ਦੇ ਹੁਕਮ ਵਿੱਚ ਕੰਮ ਕਰਨਾ ਹੈ। ਪਰੰਪਰਾ ਮਾਮੂਲੀ ਹੈ, ਗੁਰਬਾਣੀ ਮਹਾਨ ਹੈ।

6) ‘‘ਹੁਣ ਤੱਕ ਜਿਹੜੇ ਸਿੱਖ ‘ਪ੍ਰਿਥਮ ਭਗੌਤੀ ਸਿਮਰ ਕੈ’ ਦੀ ਅਰੰਭਤਾ ਨਾਲ ਅਰਦਾਸ ਸੋਧ ਕੇ ਸ਼ਹਾਦਤਾਂ ਪ੍ਰਾਪਤ ਕਰਦੇ ਰਹੇ ਹਨ (ਭਗੌਤੀ ਦਾ ਅਰਥ ਕੋਈ ਕਾਲਪਨਿਕ ਦੇਵੀ ਨਹੀਂ, ਕਿਰਪਾਨ ਹੈ), ਉਨ੍ਹਾਂ ਦੀ ਅਰਦਾਸ ਤਾਂ ਅਕਾਲ ਪੁਰਖ ਤੱਕ ਪਹੁੰਚੀ ਹੀ ਨਹੀਂ ਹੋਣੀ...।’’
ਟਿੱਪਣੀ : ਗੁਰਬਾਣੀ ਦਾ ਮਕਸਦ ਸੱਚ ਦਾ ਗਿਆਨ ਤੇ ਮਾਨਸਿਕ ਮਜਬੂਤੀ ਦੇਣਾ ਹੈ। ਜਦੋਂ ਅਜੇ ਇਹ ਅਰਦਾਸ ਤਿਆਰ ਨਹੀਂ ਹੋਈ ਸੀ, ਲੋਕਾਂ ਦੇ ਕਾਰਜ ਤਦੋਂ ਭੀ ਪੂਰੇ ਹੁੰਦੇ ਸਨ, ਉਸ ਸਮੇਂ ਭੀ ਸਿੱਖਾਂ ਨੇ ਬੇਮਿਸਾਲ ਸ਼ਹੀਦੀਆਂ ਦਿੱਤੀਆਂ ਸਨ। ਕੀ ਕਬੀਰ ਜੀ, ਰਵਿਦਾਸ ਜੀ, ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੇ ਸੇਵਕ ਭਗੌਤੀ ਦੀ ਪੂਜਾ ਕਰਨ ਵਾਲੀ ਅਰਦਾਸ ਕਰਦੇ ਸਨ? ਕੀ ਅਰਦਾਸ ਸ਼ਹਾਦਤਾਂ ਲਈ ਹੈ? ਅਰਦਾਸ ਅਕਾਲ ਪੁਰਖ ਅੱਗੇ ਕਰੀਦੀ ਹੈ ਜਾਂ ਕਿਰਪਾਨ ਅੱਗੇ? ਕੀ ਸਿੱਖ ਨਿਰਾਕਾਰ ਪਰਮਾਤਮਾ ਦੇ ਪੁਜਾਰੀ ਹਨ ਜਾਂ ਕਿਰਪਾਨ ਦੇ?

7) ‘‘ਇਨ੍ਹਾਂ ਦੀਆਂ ਆਪਹੁਦਰੀਆਂ ਵਿਰੁੱਧ ਸਖ਼ਤ ਸਟੈਂਡ ਲੈਣਾ ਪਵੇਗਾ।’’
ਟਿੱਪਣੀ : ਕਿਸ ਤਰ੍ਹਾਂ ਦਾ ਸਖ਼ਤ ਸਟੈਂਡ? ਮਾਰ ਦਿਓ, ਚੱਕ ਦਿਓ ਵਾਲਾ? ਜਦੋਂ ਗੁਰਮਤਿ ਦੀਆਂ ਦਲੀਲਾਂ ਅੱਗੇ ਪਰੰਪਰਾਵਾਦੀ ਮਨਮਤੀਏ ਹਾਰ ਜਾਂਦੇ ਹਨ, ਤਦੋਂ ਲਾਠੀ ਗੋਲੀ ਦੀ ਧਮਕੀ ਦਿੰਦੇ ਹਨ। ਆਪਣੀ ਦਲੀਲ ਦੇ ਹੱਕ ਵਿੱਚ ਗੁਰਬਾਣੀ ਦਾ ਪਰਮਾਣ ਪੇਸ਼ ਨਹੀਂ ਕਰ ਸਕਦੇ। ਕਿਸੇ ਪਰੰਪਰਾ ਜਾਂ ਸਾਧ ਨੂੰ ਵੱਡਾ ਸਿੱਧ ਕਰਨ ਦਾ ਜਤਨ ਕਰਦੇ ਹਨ। ਸਿੱਖੀ ਭੇਖ ਵਾਲੇ ਹਜ਼ਾਰਾਂ ਡੇਰੇਦਾਰ, ਅਕਾਲ ਤਖ਼ਤ ਦੀ ਇਕ ਭੀ ਮਰਿਆਦਾ ਨੂੰ ਨਹੀਂ ਮੰਨਦੇ। ਉਸ ਵਕਤ ਇਹ ‘ਸਖ਼ਤ ਸਟੈਂਡ’ ਕਿਵੇਂ ਬਰਫ਼ ਵਿੱਚ ਲਗ ਜਾਂਦਾ ਹੈ?

8) ‘‘ਜੇਕਰ ਅਜਿਹੀਆਂ ਹਰਕਤਾਂ ਨੂੰ ਠੱਲ ਨਾ ਪਾਈ ਗਈ ਤਾਂ ਕੱਲ ਨੂੰ ਇਹ ਲੋਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭੀ ਸ਼ਬਦਾਂ ਦੀ ਅਦਲਾ-ਬਦਲੀ ਕਰਨਗੇ।’’
ਟਿੱਪਣੀ : ਵਾਹ ! ਮਨਮੁਖਾਂ ਦੇ ਬੁਲਾਰੇ ਜੀਓ !! ਤੁਸੀਂ ਜੋਤਸ਼ੀਆਂ ਵਾਂਗ ਭਵਿੱਖਬਾਣੀਆਂ ਕਰਨ ਦਾ ਪਖੰਡ ਭੀ ਸਿੱਖ ਲਿਆ ਹੈ। ਤੁਸੀਂ ਕਿਸ ਅਧਿਕਾਰ ਜਾਂ ਖੋਜ ਦੇ ਅਧਿਕਾਰ ’ਤੇ ਇਹ ਗੱਲ ਲਿਖ ਰਹੇ ਹੋ ਕਿ ‘‘ਕੱਲ ਨੂੰ ਇਸ ਤਰ੍ਹਾਂ ਕਰਨਗੇ?’’ ਟਕਸਾਲ ਦੇ ਪੜ੍ਹੇ, ਗਿਆਨੀ ਠਾਕੁਰ ਸਿੰਘ ਨੇ ਗੁਰਬਾਣੀ ਪਾਠ ਰਿਕਾਰਡ ਕਰਾਉਂਦੇ ਵਕਤ, ਅਣਗਿਣਤ ਪਾਠ ਬਦਲ ਦਿੱਤੇ। ਕਈ ਸੰਪੂਰਨ ਸ਼ਬਦ ਛੱਡ ਦਿੱਤੇ - ਪਰ ਤੁਹਾਡੀ ਕਲਮ ਹਰਕਤ ਵਿੱਚ ਨਾ ਆਈ। ਇਸੇ ਠਾਕੁਰ ਸਿੰਘ ਨੇ ਜਪੁਜੀ ਦੇ ਅਰਥ ਕਰਨ ਲੱਗਿਆਂ, ਸਾਰੇ ਹਿੰਦਵਾਸੀ ਬ੍ਰਾਹਮਣਵਾਦ ਨੂੰ ਵਿੱਚ ਲਿਆ ਬਿਠਾਇਆ - ਤੁਹਾਡੀ ਨੀਂਦ ਨਾ ਖੁੱਲੀ। ਕਲੇਰਾਂ ਵਾਲੇ ਨਾਨਕਸਰੀ ਸਾਧਾਂ ਨੇ ਗੁਰਬਾਣੀ ਵਿੱਚ ਰਲਾਅ ਪਾ ਕੇ ਗੁਟਕੇ ਛਾਪ ਲਏ - ਤੁਸੀਂ ਗੂੰਗੇ ਬਣੇ ਰਹੇ। ਗੁਰਬਾਣੀ ਦੇ ਪਾਠ ਵੇਚੇ ਅਤੇ ਖਰੀਦੇ ਜਾ ਰਹੇ ਹਨ - ਤੁਹਾਡੀ ਜਾਣੇ ਬਲਾ। ਇਕ ਮੈਗਜ਼ੀਨ ਦੇ ਸੰਪਾਦਕ ਵੱਲੋਂ ਏਨੀ ਗੈਰ-ਜ਼ਿੰਮੇਦਾਰਾਨਾ ਭਾਸ਼ਾ ਅਤੇ ਨੀਤੀ ਦੀ ਵਰਤੋਂ? ਅਫ਼ਸੋਸ ਬਹੁਤ-ਬਹੁਤ।

9) ‘‘ਕਿਤੇ ਇਸ ਦੇ ਪਿੱਛੇ ਸਿੱਖਾਂ ਦੇ ਜਥੇਬੰਦਕ ਏਕਤਾ ਦੇ ਮੁਢਲੇ ਅਧਾਰ ਨੂੰ ਖੇਰੂੰ-ਖੇਰੂੰ ਕਰਨ ਦੀ ਕੋਈ ਸਾਜਿਸ਼ ਤਾਂ ਨਹੀਂ?’’
ਟਿੱਪਣੀ : ਸੰਪਾਦਕ ਜੀਓ ! ਪੰਥ ਤਾਂ ਖੇਰੂੰ-ਖੇਰੂੰ ਹੋ ਚੁੱਕਿਆ ਹੈ। ਬਹੁ-ਪਰਤੀ ਮਾਰ ਪੈ ਰਹੀ ਹੈ। ਡੇਰੇਦਾਰਾਂ ਨੇ ਪੰਥ ਨੂੰ ਲੁੱਟਿਆ ਹੈ। ਜਥੇਦਾਰਾਂ ਨੇ ਪੰਥ ਨੂੰ ਕੁਰਾਹੇ ਪਾਇਆ ਹੈ। ਖ਼ਾਲਸਤਾਨੀਆਂ ਨੇ ਮਰਵਾਇਆ ਹੈ। ਸਿਆਸੀ ਆਗੂਆ ਨੇ ਕੱਖੋਂ ਹੌਲੇ ਕਰਵਾਇਆ ਹੈ। ਲੇਖਕਾਂ ਨੇ ਸਹੀ ਸਟੈਂਡ ਨਾ ਲੈ ਕੇ, ਦੁਬਿਧਾ ਵਿੱਚ ਪਾਇਆ ਹੈ। ਅਸੀਂ ਤੱਤ ਗੁਰਮਤਿ ਵਾਲੇ ਤਾਂ ਇਨ੍ਹਾਂ ਸਾਜਿਸ਼ਾਂ ਦਾ ਪਰਦਾਫਾਸ਼ ਕਰ ਰਹੇ ਹਾਂ, ਤਾਂਕਿ ਕੁਝ ਬਚਾਅ ਹੋ ਸਕੇ।

10) ‘‘ਜਥੇਦਾਰਾਂ ਨੇ ਸਿੱਖ ਪੰਥ ਵਿੱਚ ਆਪਣਾ ਜੋ ਅਕਸ ਬਣਾ ਲਿਆ ਹੈ, ਉਸ ਮੁਤਾਬਿਕ ਅਜਿਹੇ ਮੁੱਦਿਆਂ ’ਤੇ ਇਕੱਲੇ ਜਥੇਦਾਰਾਂ ਦੇ ਹੀ ਸਟੈਂਡ ਲੈਣ ਨਾਲ ਕੋਈ ਲਾਭ ਹੋਣ ਦੀ ਥਾਂ ਉਲਟਾ ਨੁਕਸਾਨ ਹੋਣ ਦੇ ਵੱਧ ਅਸਾਰ ਹਨ।’’
ਟਿੱਪਣੀ : ਆਈ ਨ ਗੱਲ ਟਿਕਾਣੇ ਸਿਰ? ਭਾਈ ਜੀ ! ਕੀ ਤੁਸੀਂ ਜਥੇਦਾਰਾਂ ਦੀ ਕਥਿਤ ਜਥੇਦਾਰੀ ਨੂੰ ਰੱਦ ਕਰਕੇ ਭੀ ਪੰਥ ਨੂੰ ਖੇਰੂੰ-ਖੇਰੂੰ ਨਹੀਂ ਕਰ ਰਹੇ? ਭਾਵੇਂ ਕਿ ਅਸੀਂ ਇਨ੍ਹਾਂ ਦੀ ਕਾਰਗੁਜ਼ਾਰੀ ਬਹੁਤ ਦੇਰ ਤੋਂ ਜਾਣਦੇ ਹਾਂ। ਪਰ ਤੁਸੀਂ ਵਿਰੋਧ ਵਿੱਚ ਕਿਉਂ ਚਲੇ ਗਏ? ਜੇ ਜਥੇਦਾਰ ਕੁਝ ਨਹੀਂ ਕਰ ਸਕਦੇ, ਫਿਰ ਹੋਰ ਕੌਣ ਇਸ ਮਸਲੇ ਨੂੰ ਹੱਲ ਕਰੇਗਾ?

11) ‘‘ਸਮੂਹ ਸਿੱਖ ਜਥੇਬੰਦੀਆਂ ਨੂੰ ਅਜਿਹੀਆਂ ਆਪ-ਹੁਦਰੀਆਂ ਕਾਰਵਾਈਆਂ ਦਾ ਸਖ਼ਤ ਨੋਟਿਸ ਲੈ ਕੇ, ਇਨ੍ਹਾਂ ਨੂੰ ਠੱਲ ਪਾਉਣ ਦੀ ਲੋੜ ਹੈ।’’
ਟਿੱਪਣੀ : ਸਖ਼ਤ ਸਟੈਂਡ ਲੈਣ ਤੋਂ ਤੁਹਾਡਾ ਕੀ ਭਾਵ ਹੈ? ਸਪਸ਼ਟ ਕਰੋਗੇ? ਅਜਿਹੇ ਮਾਰ-ਕਾਟ ਵਾਲੇ ਸਟੈਂਡਾਂ ਨੇ ਅੱਗੇ ਬਥੇਰੀ ਤਬਾਹੀ ਕਰਵਾ ਲਈ ਹੈ। ਭਾਈ ਜੀ ! ਤੁਹਾਡੀਆਂ ਲਿਖ਼ਤਾਂ ਤੋਂ ਤੁਹਾਡੇ ਸਟੈਂਡ ਦਾ ਭਲੀ-ਭਾਂਤ ਗਿਆਨ ਹੋ ਜਾਂਦਾ ਹੈ। ਸਿੱਖ ਕੌਮ ਨੂੰ ਕੋਈ ਸਾਰਥਕ ਸੇਧ ਦੇਣ ਦੀ ਥਾਵੇਂ ਤੁਸੀਂ ਕੇਵਲ ‘ਸ਼ਹੀਦਾਂ ਨੂੰ ਕੈਸ਼’ ਕਰਨ ਵਾਲਾ ਰਾਹ ਫੜਿਆ ਹੋਇਆ ਹੈ। ਦੂਰਅੰਦੇਸ਼ੀ ਵਾਲੀ ਸਮੇਂ ਦੀ ਹਾਣ ਦੀ ਸੋਚ ਦਾ ਪ੍ਰਗਟਾਅ ਤੁਸੀਂ ਨਹੀਂ ਕਰ ਸਕੇ।

ਬਾਹਰੀ ਟਿੱਪਣੀਆਂ :

1) ਤੁਸੀਂ ਅੱਜ ਤਕ ਡੇਰੇਦਾਰਾਂ ਦੇ ਕੁਫ਼ਰ ਪ੍ਰਤੀ ਕੀ ਸਟੈਂਡ ਲਿਆ ਹੈ, ਜੋ ਸਿੱਖ ਰਹਿਤ ਮਰਿਆਦਾ ਨੂੰ ਭੀ ਨਹੀਂ ਮੰਨਦੇ ਤੇ ਕਰਾਮਾਤੀ ਕਹਾਣੀਆਂ ਸੁਣਾ ਕੇ ਲੋਕਾਂ ਨੂੰ ਅੰਧਵਿਸ਼ਵਾਸੀ ਬਣਾਉਂਦੇ ਹਨ।

2) ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਚਿੱਤਰ ਨਾਟਕ (ਦਸਮ ਗ੍ਰੰਥ) ਰੱਖਣ ਵਾਲਿਆਂ ਬਾਰੇ ਤੁਹਾਡਾ ਕੀ ਸਟੈਂਡ ਹੈ?

3) ਸਿੱਖਾਂ ਦਾ ਇਕੋ ਇਕ ਗੁਰੂ, ਗੁਰੂ ਗ੍ਰੰਥ ਸਾਹਿਬ ਹੈ ਜਾਂ ਕੋਈ ਹੋਰ ਗ੍ਰੰਥ ਭੀ ‘ਗੁਰੂ’ ਹੈ?

4) ਦੋ ਤਖ਼ਤਾਂ, ਨਿਹੰਗ ਡੇਰਿਆਂ ਤੇ ਟਕਸਾਲ ਮਹਿਤੇ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਟਿਕਾਇਆ ਹੋਇਆ ਹੈ। ਇਹਦੇ ਬਾਰੇ ਕੀ ਸਟੈਂਡ ਹੈ?

5) ਸ੍ਰ: ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ, ਸ੍ਰ: ਜੋਗਿੰਦਰ ਸਿੰਘ ਤੇ ਲੇਖਕ (ਇੰਦਰ ਸਿੰਘ ਘੱਗਾ) ਵਿਰੁੱਧ ਮਾਮੂਲੀ ਮਤਭੇਦਾਂ ਕਾਰਨ ਹੁਕਮਨਾਮੇ ਜਾਰੀ ਹੋ ਗਏ। ਪਰ ਸਿੱਖਾਂ ਦੇ ਕਾਤਲ ਕੇ.ਪੀ.ਐਸ. ਗਿੱਲ, ਬੇਅੰਤ ਸਿੰਘ ਤੇ ਅਜੀਤ ਸਿੰਘ ਸੰਧੂ ਵਰਗਿਆਂ ਵਿਰੁੱਧ ਹੁਕਮਨਾਮੇ ਜਾਰੀ ਨਹੀਂ ਹੋਏ। ਤੁਹਾਡਾ ਕੀ ਸਟੈਂਡ ਹੈ?

6) ਬਾਦਲ ਮੁਕਟ ਲਾ ਕੇ ਹਵਨ ਕਰਾਉਂਦਾ ਹੈ। ਸੁਰਿੰਦਰ ਕੌਰ ਬਾਦਲ ਨੂਰਮਹਿਲੀਏ ਸਾਧ ਨੂੰ ਮੱਥਾ ਟੇਕਦੀ ਹੈ। ਸੁਖਬੀਰ ਸਿੰਘ ਸਰਸੇ ਵਾਲੇ ਸਾਧ ਅੱਗੇ ਹੱਥ ਜੋੜਦਾ ਹੈ। ਹਰਸਿਮਰਤ ਕੌਰ ਬਾਦਲ ਸ਼ਿਵ ਲਿੰਗ ਦੀ ਪੂਜਾ ਕਰਦੀ ਹੈ - ਉਨ੍ਹਾ ਵਿਰੁੱਧ ਹੁਕਮਨਾਮੇ ਜਾਰੀ ਨਹੀਂ ਹੋਏ। ਤੁਹਾਡਾ ਕੀ ਸਟੈਂਡ ਹੈ?

7) ਗੁਰੂ ਗ੍ਰੰਥ ਦੀ ਹਜ਼ੂਰੀ ਵਿੱਚ ਅਰਦਾਸਾਂ ਕਰਕੇ ਮੁਕਰ ਜਾਣ ਵਾਲੇ, ਕਸਮਾਂ ਵਿਸਾਰ ਦੇਣ ਵਾਲੇ ਲੋਕਾਂ ਬਾਰੇ ਕੀ ਸਟੈਂਡ ਹੈ?

8) ਸਿੱਖੀ ਦੇ ਨਾਂ ’ਤੇ ਬ੍ਰਾਹਮਣਵਾਦ ਦਾ ਪ੍ਰਚਾਰ ਕਰਨ ਵਾਲਿਆਂ ਬਾਰੇ ਕੀ ਸਟੈਂਡ ਹੈ?

9) ਪੰਥ ਦੇ ਨਾਂ ’ਤੇ ਝੂਠੇ ਟਰਸਟ ਬਣਾ ਕੇ, ਝੂਠੇ ਹਲਫਨਾਮੇ ਦਾਖ਼ਲ ਕਰਕੇ ਪੈਸਾ ਡਕਾਰਨ ਵਾਲਿਆਂ ਬਾਰੇ ਕੀ ਸਟੈਂਡ ਹੈ?

10) ਗੁਰੂ ਗ੍ਰੰਥ ਸਾਹਿਬ ਦੀ ਪਰਕਰਮਾ ਕਰਕੇ, ਲਾਵਾਂ ਲੈ ਕੇ, ਪਤਨੀ ਤੇ ਬੱਚਿਆਂ ਨੂੰ ਤਿਆਗ ਦੇ ਤੇ ਦੂਜੀ ਔਰਤ ਨਾਲ ਗੁਲਛੱਰੇ ਉਡਾਉਣ ਬਾਰੇ ਕੀ ਸਟੈਂਡ ਹੈ?

ਧੰਨਵਾਤ ਸਹਿਤ,

ਤੁਹਾਡਾ ਹਿਤੂ
ਇੰਦਰ ਸਿੰਘ ਘੱਗਾ
ਫੋਨ : 9855151699