

’ਤੇ ਹੁਣ ਬੁੱਧ ਧਰਮ ਦੇ ਪ੍ਰਚਾਰਕਾਂ ਨੇ ਵੀ ਦਲਿਤਾਂ ਨੂੰ ਗੁੰਮਰਾਹ ਕਰਨ ਲਈ ਆਰ.ਐਸ.ਐਸ. ਵਾਂਗ ਕੁਫ਼ਰ ਤੋਲਣ ਦੀ ਨੀਤੀ ਅਪਣਾਈ
- ਸਰਬਜੀਤ ਸਿੰਘ -
ਪੰਜਾਬ ਦੇ ਮਲੇਰਕੋਟਲਾ ਸ਼ਹਿਰ ਤੋਂ ਇਕ ‘ਫਾਰਾਨ’ ਨਾਂਅ ਦੀ ਇਕ ਮਹੀਨਵਾਰੀ ਪੰਜਾਬੀ ਅਖ਼ਬਾਰ ਪ੍ਰਕਾਸ਼ਿਤ
ਹੁੰਦੀ ਹੈ। ਇਸ ਅਖ਼ਬਾਰ ਦੇ ਜੁਲਾਈ 2009 ਅੰਕ ਵਿੱਚ ਦਲਿਤਾਂ ਦੀ ਪ੍ਰਤੀਨਿਧਤਾ ਕਰਨ ਦਾ ਦਾਅਵਾ ਕਰਨ
ਵਾਲੇ ਇਕ ਲੇਖਕ ਗੁਰਨਾਮ ਸਿੰਘ ਮੁਕਤਸਰ ਨੇ ਉਸ ਖ਼ਬਰ ਨੂੰ ਅਧਾਰ ਬਣਾ ਕੇ ਇਕ ਲੇਖ ਲਿਖਿਆ ਹੈ, ਜਿਸ
ਵਿੱਚ ਇਹ ਕਿਹਾ ਗਿਆ ਸੀ ਕਿ ਵੀਆਨਾ ਵਿੱਚ ਡੇਰੇਦਾਰ ਰਾਮਾਨੰਦ ਨੂੰ ਮਾਰੇ ਜਾਣ ਦੀ ਜ਼ਿੰਮੇਵਾਰੀ
‘ਖ਼ਾਲਿਸਤਾਨ ਜ਼ਿੰਦਾਬਾਦ ਫੋਰਸ’ ਨਾਂ ਦੇ ਸੰਗਠਨ ਨੇ ਲੈ ਲਈ ਹੈ - ਹਾਲਾਂਕਿ ਇਸੇ ਸੰਗਠਨ ਦੇ ਮੁਖੀ
ਵੱਲੋਂ ਅਗਲੇ ਹੀ ਦਿਨ ਇਕ ਸਪਸ਼ਟੀਕਰਨ ਜਾਰੀ ਕਰਕੇ ਐਲਾਨ ਕਰ ਦਿੱਤਾ ਗਿਆ ਸੀ ਕਿ ਉਕਤ ਹਮਲੇ ਨਾਲ
ਉਨ੍ਹਾਂ ਦੀ ਜਥੇਬੰਦੀ ਦਾ ਕੋਈ ਸਬੰਧ ਨਹੀਂ ਅਤੇ ਇਸ ਸਾਰੇ ਰੌਲ-ਘਚੋਲੇ ਵਿੱਚ ਭਾਰਤੀ ਖੁਫੀਆ
ਏਜੰਸੀਆਂ ਦਾ ਵੱਡਾ ਹੱਥ ਹੈ। ਸ੍ਰੀ ਗੁਰਨਾਮ ਸਿੰਘ ਵੀ ਇਸ ਤੱਥ ਨੂੰ ਚੰਗੀ ਤਰ੍ਹਾਂ ਸਮਝਦੇ ਹਨ।
ਇਸਲਈ ਅਰੰਭ ਵਿੱਚ ਉਹ ਲਿਖਦੇ ਹਨ ਕਿ
‘‘ਕੌਣ ਕਿਸ ਨਾਂ ’ਤੇ ਕੀ ਕਰਤੂਤ ਕਰਦਾ ਹੈ, ਇਸਦੀ ਸਮਝ ਆਮ ਜਲਤਾ ਨੂੰ ਕਦੀ ਨਹੀਂ ਲੱਗ ਸਕਦੀ। ਹਾਕਮ ਜਾਤਾਂ, ਜਮਾਤਾਂ ਜੋ ਭਾਰਤ ਦੇ 80-85 ਕਰੋੜ ਦਲਿਤਾਂ-ਪਛੜਿਆਂ ਨੂੰ ਕਾਬੂ ਵਿਚ ਰੱਖਦੀਆਂ ਹਨ, ਨੇ ਕਿਹੜੀਆਂ-ਕਿਹੜੀਆਂ ਜ਼ਿੰਦਾਬਾਦ ਫੋਰਸਾਂ ਕਾਇਕ ਕਰ ਰੱਖੀਆਂ ਹਨ ਤੇ ਕਿੰਨੀਆਂ ਕਾਲੀਆਂ ਬਿੱਲੀਆਂ ਮਰਜ਼ੀ ਦੇ ਕੁਕਰਮ ਕਰਨ ਲਈ ਖੜ੍ਹੀਆਂ ਕੀਤੀਆਂ ਹੋਈਆਂ ਹਨ, ਇਸਨੂੰ ਤਾਂ ਰੱਬ ਹੀ ਜਾਣਦਾ ਹੈ। ਵੀਆਨਾ ਗੋਲੀ ਕਾਂਡ ’ਚ ਕਿਸ ਨੇ ਕਿਥੋਂ ਕੀ ਕੀਤਾ ਤੇ ਕੀ ਕਰਵਾਇਆ, ਇਸ ਦੀ ਸਮਝ ਲੱਗਣਾ ਹਜ਼ਾਰਾਂ ਸਾਲਾਂ ਤੋਂ ਅਨਪੜ੍ਹ, ਮੂਰਖ, ਜਾਹਲ, ਪਾਛੂ, ਉਜੱਡ ਤੇ ਗੁਲਾਮ ਬਣਾ ਕੇ ਰੱਖੇ ਲੋਕਾਂ ਦੇ ਕਿਵੇਂ ਵੀ ਵੱਸ ਨਹੀਂ ਹੈ।’’
ਪਰ ਇਸ ਦੇ ਤੁਰੰਤ ਬਾਅਦ ਵਿਦਵਾਨ ਲੇਖਕ ਜ਼ਿਕਰ ਕਰਦੇ ਹਨ ਕਿ :
‘‘ਮੈਂ ਇਹ ਕਹਿੰਦਾ ਹਾਂ ਕਿ ਇਨ੍ਹਾਂ ਦੋਹਾਂ ਪੁਰਸ਼ਾਂ ਨੇ ਕਦੀ ਕੋਈ ਪਖੰਡ ਨਹੀਂ ਕੀਤਾ। ਇਹ ਕਦੀ ਕੂੜ ਕੁਫ਼ਰ ਤੋਲਣ ਵਾਲਿਆਂ ਵਿੱਚੋਂ ਨਹੀਂ ਸਨ। ਇਹ ਦੋਵੇਂ ਹੱਦ ਦਰਜੇ ਦੇ ਭਲੇਮਾਣਸ ਤੇ ਨੇਕ ਪੁਰਸ਼ ਹਨ, ਦੋਹੇਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਹਨ। ਹਰ ਵਕਤ ਡੇਰਾ ਬੱਲਾਂ ਵਿਖੇ ਪਾਠ ਚੱਲਦਾ ਰਹਿੰਦਾ ਹੈ।’’
ਸ੍ਰੀ ਗੁਰਨਾਮ ਸਿੰਘ ਨੇ ਇਹ ਨਹੀਂ ਦੱਸਿਆ ਕਿ ਇਸ ਨਿਰਣੇ ’ਤੇ ਛਲਾਂਗ ਮਾਰਨ ਲਈ (ਕਿ ਇਨ੍ਹਾਂ ਦੋਹਾਂ ਪੁਰਸ਼ਾਂ ਨੇ ਕਦੀ ਕੋਈ ਪਖੰਡ ਨਹੀਂ ਕੀਤਾ) ਉਨ੍ਹਾਂ ਕੋਲ ਕਿਹੜੀ ਜਾਣਕਾਰੀ ਮੌਜੂਦ ਹੈ। ਭਾਵ, ਇਨ੍ਹਾਂ ਪੁਰਸ਼ਾਂ ਲਈ ਭਲਮਾਨੀਸਅਤ ਦਾ ਸਰਟੀਫਿਕੇਟ ਜਾਰੀ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਇਨ੍ਹਾਂ ਦੀ ਨੇਕ-ਨੀਅਤੀ ਬਾਰੇ ਕੀ ਜਾਂਚ-ਪਰਖ ਕੀਤੀ ਸੀ ਤੇ ਕਿਹੜੇ ਤੱਥ ਇਕੱਤਰ ਕੀਤੇ ਸਨ। ਆਪਣੇ ਦਾਅਵੇ ਨੂੰ ਸਹੀ ਸਾਬਿਤ ਕਰਨ ਲਈ ਸ੍ਰੀ ਗੁਰਨਾਮ ਸਿੰਘ ਨੇ ਦੋ ਹੀ ਮਿਸਾਲਾਂ ਦਿੱਤੀਆਂ ਹਨ 1) ਦੋਹੇਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਹਨ। 2) ਹਰ ਵਕਤ ਡੇਰਾ ਬੱਲਾਂ ਵਿਖੇ ਪਾਠ ਚਲਦਾ ਰਹਿੰਦਾ ਹੈ।
ਜਿਥੋਂ ਤੱਕ ਪਹਿਲੀ ਮਿਸਾਲ ਦੀ ਗੱਲ ਹੈ, ਇਹ ਸਮਝਣਾ ਔਖਾ ਹੈ ਕਿ ‘ਮੰਨਣ’ ਤੋਂ ਸ੍ਰੀ ਗੁਰਨਾਮ ਸਿੰਘ ਦਾ ਕੀ ਭਾਵ ਹੈ ਕਿਉਂਕਿ ਉਨ੍ਹਾਂ ਦੀ ਲਿਖਤ ਤੋਂ ਇਹ ਸਪਸ਼ਟ ਨਹੀਂ ਹੁੰਦਾ ਕਿ ਉਕਤ ਪੁਰਸ਼ (ਡੇਰੇਦਾਰ) ਗੁਰੂ ਗ੍ਰੰਥ ਸਾਹਿਬ ਨੂੰ ਕੀ ਮੰਨਦੇ ਹਨ। ਕਿਉਂਕਿ ਅਜਿਹੇ ਡੇਰੇਦਾਰ ਅਕਸਰ ਇਹ ਦਾਅਵਾ ਕਰਦੇ ਹਨ ਕਿ ਉਹ ‘ਗੁਰੂ’ ਰਵਿਦਾਸ ਦੇ ਚੇਲੇ ਹਨ, ਇਸਲਈ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਬਲਕਿ ਇਸ ਵਿੱਚ ਰਵਿਦਾਸ ਜੀ ਦੀਆਂ ਰਚਨਾਵਾਂ ਵੀ ਸ਼ਾਮਲ ਹੋਣ ਕਾਰਨ ਇਨ੍ਹਾਂ ਪ੍ਰਤੀ ਕੁਝ ਸ਼ਰਧਾ ਪ੍ਰਗਟਾਉਣ ਦਾ ਦਿਖਾਵਾ ਕਰਦੇ ਹਨ। ਪਰ ਗੁਰੂ ਗ੍ਰੰਥ ਸਾਹਿਬ ਦਾ ਹੀ ਫੁਰਮਾਨ ਹੈ :
ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ।।
(ਪੰਨਾ 470)
ਭਾਵ, ਜੇਕਰ ਹਿਰਦੇ ਵਿੱਚ ਕਪਟ ਭਰਿਆ ਹੋਵੇ ਤਾਂ ਫਿਰ ਮੱਥਾ ਟੇਕਣ ਨਾਲ ਕੀ ਹੁੰਦਾ ਹੈ। ਇਹ ਗੱਲ ਉਕਤ ਕਿਸਮ ਦੇ ਡੇਰੇਦਾਰਾਂ ’ਤੇ ਤਾਂ ਬਹੁਤ ਹੀ ਚੰਗੀ ਤਰ੍ਹਾਂ ਲਾਗੂ ਹੁੰਦੀ ਹੈ ਕਿਉਂਕਿ ਇਹ ਆਪਣੀ ਦੁਕਾਨਦਾਰੀ ਨੂੰ ਸਥਾਪਿਤ ਕਰਨ ਲਈ ਪਹਿਲਾਂ-ਪਹਿਲ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਆਦਿ ਟੇਕ ਕੇ ਸਤਕਾਰ ਕਰਨ ਦਾ ਦਿਖਾਵਾ ਤਾਂ ਕਰਦੇ ਹਨ ਪਰ ਜਿਵੇਂ-ਜਿਵੇਂ ਇਨ੍ਹਾਂ ਦੇ ਚੇਲਿਆਂ ਦੀ ਗਿਣਤੀ ਵਧਣ ਲਗ ਪੈਂਦੀ ਹੈ ਅਤੇ ਇਨ੍ਹਾਂ ਦੇ ਸਬੰਧ ਸਿਆਸੀ ਆਗੂਆਂ/ਖੁਫੀਆ ਏਜੰਸੀਆਂ ਨਾਲ ਕਾਇਮ ਹੋਣ ਲਗਦੇ ਹਨ, ਉਵੇਂ-ਉਵੇਂ ਇਹ ਲੋਕ ਗੁਰੂ ਗ੍ਰੰਥ ਸਾਹਿਬ ਦੀ ਬਜਾਏ ਖ਼ੁਦ ਨੂੰ ਗੁਰੂ ਦਰਸਾਉਣ ਦੀ ਰਾਹ ’ਤੇ ਤੁਰਨ ਲਗ ਪੈਂਦੇ ਹਨ। ਬਿਆਸ ਦਾ ਡੇਰਾ ਰਾਧਾ ਸੁਆਮੀ ਇਸ ਰੁਝਾਨ ਦੀ ਪ੍ਰਤੱਖ ਮਿਸਾਲ ਹੈ ਜਿਥੇ ਪਹਿਲਾਂ-ਪਹਿਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਸੀ ਬਲਕਿ ਇਸ ਡੇਰੇ ਦੀ ਜ਼ਮੀਨ ਹੀ ਗੁਰੂ ਗ੍ਰੰਥ ਸਾਹਿਬ ਦੇ ਨਾਂ ’ਤੇ ਦਾਨ ਕੀਤੀ ਗਈ ਸੀ ਪਰ ਹੁਣ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਬਾਰੇ ਗੁੰਮਰਾਹ ਕਰਨ ਅਤੇ ਸਿੱਖਾਂ ਨੂੰ ਦੇਹਧਾਰੀਆਂ/ ਪਖੰਡੀਆਂ ਦਾ ਪਿਛਲੱਗੂ ਬਣਾਉਣ ਵਿੱਚ ਇਹੀ ਡੇਰਾ ਅਹਿਮ ਭੂਮਿਕਾ ਨਿਭਾਅ ਰਿਹਾ ਹੈ।
ਡੇਰਾ ਬੱਲਾਂ ਦੇ ਅਖੌਤੀ ਸੰਤਾਂ ਬਾਰੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਦਾ ਦਾਅਵਾ ਇਸੇ ਤੱਥ ਤੋਂ ਗਲਤ ਸਾਬਿਤ ਹੋ ਜਾਂਦਾ ਹੈ ਕਿ ਇਸ ਡੇਰੇ ਦਾ ਮੁਖੀ ਨਿਰੰਜਨ ਦਾਸ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਨਾ ਸਿਰਫ਼ ਖ਼ੁਦ ਨੂੰ ਮੱਥੇ ਟਿਕਵਾਉਂਦਾ ਰਿਹਾ ਹੈ ਬਲਕਿ (ਦਿ.ਸਿ.ਗੁ.ਪ੍ਰ. ਕਮੇਟੀ ਵੱਲੋਂ ਵੀਆਨਾ ਵਿਖੇ ਕਰਵਾਈ ਗਈ ਜਾਂਚ ਮੁਤਾਬਿਕ) ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਭੇਟ ਕੀਤੇ ਗਏ ਰੁਮਾਲੇ ਪਹਿਲਾਂ ਉਸਦੇ ਪੈਰਾਂ ਨਾਲ ਛੂਹੇ ਜਾਂਦੇ ਸਨ ਅਤੇ ਫਿਰ ਉਹ ਰੁਮਾਲੇ ਗੁਰੂ ਗ੍ਰੰਥ ਸਾਹਿਬ ’ਤੇ ਚੜ੍ਹਾਏ ਜਾਂਦੇ ਸਨ। ਕੀ ਗੁਰੂ ਗ੍ਰੰਥ ਸਾਹਿਬ ਨੂੰ (ਗੁਰੂ) ਮੰਨਣ ਦਾ ਇਹੀ ਢੰਗ ਹੈ?
ਫਿਰ, ਜਦ ਡੇਰੇਦਾਰ ਰਾਮਾਨੰਦ ਵੀਆਨਾ ਵਿਖੇ ਮਾਰਿਆ ਗਿਆ ਤਾਂ ਡੇਰਾ ਬੱਲਾਂ ’ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਥਾਈ ਤੌਰ ’ਤੇ ਹਟਾ ਦਿੱਤੇ ਗਏ। ਹੁਣ ਡੇਰੇਦਾਰ ਨਿਰੰਜਨ ਦਾਸ ਨੂੰ ਪੁੱਛਿਆ ਜਾਵੇ (ਕਿਉਂਕਿ ਡੇਰੇਦਾਰ ਰਾਮਾਨੰਦ ਤਾਂ ਇਸ ਦੁਨੀਆ ਵਿੱਚ ਹੈ ਹੀ ਨਹੀਂ) ਕਿ ਤੁਹਾਡੇ ’ਤੇ ਗੋਲੀਆਂ ਤਾਂ ਇਕ ਵਿਅਕਤੀ ਨੇ ਚਲਾਈਆਂ (ਕਿਉਂਕਿ ਮੌਕਾ-ਏ-ਵਾਰਦਾਤ ਤੋਂ ਸਿਰਫ਼ ਇਕੋ ਰਿਵਾਲਵਰ ਹੀ ਬਰਾਮਦ ਹੋਇਆ) ਪਰ ਤੁਸੀਂ ਇਸਲਈ ਸਾਰੀ ਸਿੱਖ ਕੌਮ ਨੂੰ ਦੋਸ਼ੀ ਠਹਿਰਾ ਕੇ ਆਪਣੇ ਡੇਰਿਆਂ ’ਚੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੀ ਹਟਾ ਦਿੱਤਾ - ਇਹ ਕਿਹੜੀ ਭਲਮਾਨਸੀਅਤ ਜਾਂ ਗੁਰੂ ਪ੍ਰਤੀ ਸ਼ਰਧਾ ਹੋਈ? ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ਇਸ ਮਾਮਲੇ ਵਿੱਚ ਦੋਸ਼ ਸਿੱਖਾਂ ਦਾ ਹੀ ਹੈ, ਤਾਂ ਵੀ ਕੀ ਇਨ੍ਹਾਂ ਡੇਰੇਦਾਰਾਂ ਨੂੰ ਖ਼ੁਦ ਗੁਰੂ ਗ੍ਰੰਥ ਸਾਹਿਬ ਦਾ ਖੁੱਲਮਖੁੱਲਾ ਬਾਈਕਾਟ ਕਰਨਾ ਚਾਹੀਦਾ ਸੀ ਜਾਂ ਆਪਣੇ ਚੇਲਿਆਂ ਨੂੰ ਅਜਿਹਾ ਕਰਨ ਲਈ ਪ੍ਰੇਰਨਾ ਚਾਹੀਦਾ ਸੀ? ਕੀ ਇਨ੍ਹਾਂ ’ਤੇ ਹਮਲਾ 5-6 ਵਿਕਅਤੀਆਂ ਨੇ ਕੀਤਾ ਸੀ (ਜਿਨ੍ਹਾਂ ’ਤੇ ਕੱਟੜ ਸਿੱਖ ਹੋਣ ਦਾ ਇਲਜ਼ਾਮ ਹੈ) ਜਾਂ ਫਿਰ ਗੁਰੂ ਗ੍ਰੰਥ ਸਾਹਿਬ ਨੇ? ਜਾਂ ਇਨ੍ਹਾਂ ਨੇ ਜਾਣਬੁੱਝ ਕੇ ਸਿੱਖਾਂ ਨਾਲ ਆਪਣੀ ਨਰਾਜ਼ਗੀ ਦੇ ਬਹਾਣੇ ਆਪਣੇ ਚੇਲਿਆਂ ਦੇ ਮਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਤੀ ਕਾਇਮ ਮਾੜੀ-ਮੋਟੀ ਸ਼ਰਧਾ ਅਤੇ ਸਤਿਕਾਰ ਵੀ ਖ਼ਤਮ ਕਰਵਾ ਦਿੱਤੇ ਹਨ?
ਸ੍ਰੀ ਗੁਰਨਾਮ ਸਿੰਘ ਦਾ ਦੂਜਾ ਦਾਅਵਾ ਕਿ ਡੇਰਾ ਬੱਲਾਂ ਵਿਖੇ ਹਰ ਸਮੇਂ (ਗੁਰੂ ਗ੍ਰੰਥ ਸਾਹਿਬ ਦਾ) ਪਾਠ ਚੱਲਦਾ ਰਹਿੰਦਾ ਹੈ, ਵੀ ਮੌਜੂਦਾ ਸਮੇਂ ਵਿੱਚ ਗਲਤ ਸਾਬਿਤ ਹੋ ਗਿਆ ਹੈ। ਪਰ ਇਸ ਤੋਂ ਪਹਿਲਾਂ ਵੀ ਇਹ ਤੱਥ ਉਕਤ ਡੇਰੇ ਦੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਨਹੀਂ ਪ੍ਰਗਟਾਉਂਦਾ ਸੀ ਬਲਕਿ ਜਿਵੇਂ ਉ¤ਪਰ ਜ਼ਿਕਰ ਕੀਤਾ ਗਿਆ ਹੈ, ਇਹ ਤਾਂ ਮਹਿਜ਼ ਭੋਲੇ-ਭਾਲੇ (ਅਗਿਆਨੀ) ਸ਼ਰਧਾਲੂਆਂ ਦੇ ਮਨਾਂ ਵਿੱਚ ਸਿਰਫ਼ ਇਹ ਗਲਤਫਹਿਮੀ ਪੈਦਾ ਕਰਨ ਵਾਸਤੇ ਕੀਤਾ ਜਾਂਦਾ ਹੈ ਕਿ ਸਬੰਧਿਤ ਡੇਰੇ ਦੇ ਡੇਰੇਦਾਰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦਾ ਹੀ ਪ੍ਰਚਾਰ ਕਰਦੇ ਹਨ, ਜਦਕਿ ਅਸਲ ਵਿੱਚ ਉਹ ਖੁਫੀਆ ਏਜੰਸੀਆਂ ਦੇ ਇਸ਼ਾਰਿਆਂ ’ਤੇ ਸਿੱਖੀ-ਵਿਰੋਧੀ ਪ੍ਰਚਾਰ ਦੀ ਨੀਂਹ ਹੀ ਪੱਕੀ ਕਰ ਰਹੇ ਹੁੰਦੇ ਹਨ। ਡੇਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਨਾਲ ਕਿਸੇ ਡੇਰੇ ਦੀ ਵਿਚਾਰਧਾਰਾ ’ਤੇ ਕੋਈ ਨਾਂਹ-ਪੱਖੀ ਫਰਕ ਨਹੀਂ ਪੈਂਦਾ ਕਿਉਂਕਿ ਆਮ ਲੋਕਾਂ ਨੂੰ ਗੁਰਬਾਣੀ ਦੇ ਅਰਥਾਂ ਦੀ ਸਮਝ ਹੀ ਨਹੀਂ ਹੁੰਦੀ (ਵੈਸੇ ਵੀ, ਜਦ ਅਖੰਡ ਜਾਂ ਸਹਿਜ ਪਾਠ ਲਗਾਤਾਰ ਕੀਤਾ ਜਾਵੇ ਤਾਂ ਪਾਠੀ ਪਾਠ ਏਨੀ ਤੇਜ਼ੀ ਨਾਲ ਕਰਦੇ ਹਨ ਕਿ ਅਰਥਾਂ ਨੂੰ ਸਮਝ-ਵਿਚਾਰ ਪਾਉਣਾ ਮੁਮਕਿਨ ਹੀ ਨਹੀਂ ਹੁੰਦਾ)। ਰਸਮੀ ਤੌਰ ’ਤੇ ਜਾਂ ਫਿਰ ਦਿਖਾਵੇ ਵਾਲੇ ਪਾਠ ਕਰਨ (ਪਰ ਉਸ ਪਾਠ ਵਿਚਲੇ ਸੰਦੇਸ਼ ਨੂੰ ਗ੍ਰਹਿਣ ਨਾ ਕਰਨ) ਨਾਲ ਮਨੁੱਖ ਨੂੰ ਕੋਈ ਆਤਮਕ ਲਾਭ ਨਹੀਂ ਹੁੰਦਾ। ਅਜਿਹੇ ਰਸਮੀ ਪਾਠ ਪੜ੍ਹਨ ਬਾਰੇ ਗੁਰੂ ਗ੍ਰੰਥ ਸਾਹਿਬ ਦਾ ਹੀ ਫੁਰਮਾਨ ਹੈ :
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥
ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥
ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥
ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥
(467)
ਜ਼ਾਹਿਰ ਹੈ ਕਿ ਅਜਿਹੇ ਡੇਰੇਦਾਰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਬਲਕਿ ਇਨ੍ਹਾਂ ਨੂੰ (ਗੋਲਕ ਰਾਹੀਂ) ਆਪਣੀ ਆਮਦਨੀ ਅਤੇ ਸ਼ਰਧਾਲੂਆਂ ਨੂੰ ਇਕੱਤਰ ਕਰਨ ਦੇ ਸ੍ਰੋਤ ਵਜੋਂ ਵਰਤਦੇ ਹਨ ਅਤੇ ਜਦੋਂ ਇਨ੍ਹਾਂ ਦੋਹਾਂ ਟੀਚਿਆਂ ਦੀ ਪੂਰਤੀ ਖ਼ੁਦ-ਬ-ਖ਼ੁਦ ਹੋਣ ਲੱਗ ਪਵੇ ਤਾਂ ਖੁਫੀਆ ਏਜੰਸੀਆਂ ਦੀਆਂ ਖੁਸ਼ੀਆਂ ਲੈਣ ਲਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ’ਤੇ ਉਤਾਰੂ ਹੋ ਜਾਂਦੇ ਹਨ। ਡੇਰਾ ਬੱਲਾਂ ਦੇ ਡੇਰੇਦਾਰਾਂ ਵੱਲੋਂ ਵੀ ਇਹੀ ਨੀਤੀ ਅਪਣਾਏ ਜਾਣ ਦੇ ਬਾਵਜੂਦ ਸ੍ਰੀ ਗੁਰਨਾਮ ਸਿੰਘ ਮੁਕਤਸਰ ਵੱਲੋਂ ਇਹ ਦਾਅਵਾ ਕਰਨਾ ਕਿ ਇਨ੍ਹਾਂ ਡੇਰੇਦਾਰਾਂ ਨੇ ਕਦੇ ਕੋਈ ਪਖੰਡ ਨਹੀਂ ਕੀਤਾ ਤੇ ਇਹ ਹੱਦ ਦਰਜੇ ਦੇ ਭਲੇਮਾਣਸ ਤੇ ਨੇਕ ਪੁਰਸ਼ ਸਨ - ਦਿਨ ਨੂੰ ਰਾਤ ਕਹਿਣ ਵਰਗਾ ਚਿੱਟਾ ਨੰਗਾ ਝੂਠ ਸਾਬਿਤ ਹੁੰਦਾ ਹੈ।
ਆਪਣੀ ਇਸ ਲਿਖਤ ਵਿੱਚ ਗੁਰਨਾਮ ਸਿੰਘ ਨੇ ਸਿੱਖਾਂ ਨੂੰ ਧਮਕਾਉਂਦਿਆਂ ਲਿਖਿਆ ਹੈ, ‘‘ਕੀ ਉਹ (ਕਥਿਤ ‘ਖ਼ਾਲਿਸਤਾਨੀ’ ਸਿੱਖ) ਨਹੀਂ ਸਮਝ ਸਕਦੇ ਕਿ ਇਹ ਮੁਲਕ ਕਰੋੜ-ਡੇਢ ਕਰੋੜ ਉ¤ਚ-ਜਾਤੀਏ ਸਿੱਖਾਂ ਦਾ ਨਹੀਂ ਹੈ। ਪੂਰੇ ਮੁਲਕ ਵਿੱਚ 80 ਕਰੋੜ ਤੋਂ ਵੱਧ ਅਬਾਦੀ ਦਲਿਤਾਂ ਤੇ ਪਛੜਿਆਂ ਦੀ ਹੈ। ਇਹ ਕਾਰਾ, ਬੇਕਸੂਰ ਸਿੱਖਾਂ ਨੂੰ ਕਦੀ ਦੇਸ਼ ਭਰ ਵਿੱਚ ਬਲਦੀ ਦੇ ਬੂਥੇ ਡਾਹ ਦੇਵੇਗਾ।...’’ ਪਹਿਲੀ ਗੱਲ, ਸਿੱਖਾਂ ਦੀ ਸਮੁੱਚੀ ਕਰੋੜ-ਡੇਢ ਕਰੋੜ ਦੀ ਅਬਾਦੀ ਕਥਿਤ ਉ¤ਚ-ਜਾਤੀਏ ਸਿੱਖਾਂ ਦੀ ਨਹੀਂ। ਉ¤ਚ-ਜਾਤੀਏ ਹਿੰਦੂਆਂ ਨੇ ਤਾਂ ਕਦੇ ਵੀ ਸਿੱਖ ਬਣਨਾ ਪਸੰਦ ਹੀ ਨਹੀਂ ਕੀਤਾ ਸੀ ਅਤੇ ਜਿਹੜੇ ਸਿੱਖ ਬਣੇ ਵੀ ਸਨ, ਉਨ੍ਹਾਂ ਦਾ ਮਸਕਦ ਸਿੱਖੀ ਦੇ ਗੁਣਾਂ ਨੂੰ ਗ੍ਰਹਿਣ ਕਰਨਾ ਨਹੀਂ ਬਲਕਿ ਕੌਮ ਦੀ ਚੜ੍ਹਤ ਦੇ ਸਮੇਂ ਸਿੱਖਾਂ ਵਿੱਚ ਸ਼ਾਮਲ ਹੋ ਕੇ ਸਮਾਜਕ ਅਸਰ-ਰਸੂਖ ਦਾ ਲਾਭ ਚੁੱਕਣਾ ਜਾਂ ਸਿੱਖਾਂ ਦੇ ਸਮਾਜਕ ਤਾਣੇ-ਬਾਣੇ ਵਿੱਚ ਬ੍ਰਾਹਮਣਵਾਦੀ ਕਰਮ-ਕਾਂਡਾਂ ਨੂੰ ਪ੍ਰਚਲਿਤ ਕਰਨਾ ਸੀ। ਇਸੇਲਈ ਸਿੱਖ ਅਬਾਦੀ ਦਾ ਵੱਡਾ ਹਿੱਸਾ ਕਥਿਤ ਨੀਤੀਆਂ ਜਾਤਾਂ ਜਿਵੇਂ ਚਮਾਰ, ਭੰਗੀ (ਸਿੱਖਾਂ ਦੀ ਇਕ ਸਮੁੱਚੀ ਮਿਸਲ ਦਾ ਨਾਂ ‘ਭੰਗੀ’ ਸੀ), ਰਾਮਗੜ੍ਹੀਏ (ਤਰਖਾਣ) ਆਦਿਕ ਤਬਕਿਆਂ ਦੀ ਹੈ।
ਅਸਲ ਵਿੱਚ ‘ਜੱਟ’ (ਕਿਸਾਨ) ਵੀ ਇਕ ਪਛੜਿਆ ਵਰਗ ਹੀ ਹੈ ਕਿਉਂਕਿ ਬ੍ਰਾਹਮਣਵਾਦੀ ਵਰਣ-ਵੰਡ ਵਿਵਸਥਾ ਵਿੱਚ ਹੱਥੀਂ ਕੰਮ ਕਰਨ ਵਾਲੇ ਹਰ ਇਨਸਾਨ ਨੂੰ ‘ਸ਼ੂਦਰ’ ਦਾ ਹੀ ਦਰਜਾ ਦਿੱਤਾ ਜਾਂਦਾ ਹੈ। ਪੰਜਾਬ ਤੋਂ ਬਾਹਰ ਦੇ ਜੱਟਾਂ (ਜਿਨ੍ਹਾਂ ਨੂੰ ਹਿੰਦੀ ਵਿੱਚ ‘ਜਾਟ’ ਕਿਹਾ ਜਾਂਦਾ ਹੈ) ਨੇ ਆਪਣੇ ਸਮਾਜਕ ਸਤਰ ਦੇ ਅਧਾਰ ’ਤੇ ਸਰਕਾਰੀ ਨੌਕਰੀਆਂ ਵਿੱਚ ਰਾਖਵੇਂਕਰਨ ਦੀ ਮੰਗ ਵੀ ਕਰਨੀ ਅਰੰਭ ਕਰ ਦਿੱਤੀ ਹੈ। ਰਾਜਸਥਾਨ ਅਤੇ ਹਰਿਆਣਾ ਦੇ ਜਾਟ ਕਈ ਵਾਰ ਖ਼ੁਦ ਨੂੰ ‘ਹੋਰ ਪਛੜੇ ਵਰਗਾਂ’ (ਓ.ਬੀ.ਸੀ.) ਵਿੱਚ ਸ਼ਾਮਲ ਕੀਤੇ ਜਾਣ ਦੀ ਮੰਗ ਕਰ ਚੁੱਕੇ ਹਨ। ਭਾਵ, ਪੰਜਾਬ ਦੇ ਜੱਟ ਵੀ ਅਸਲ ਵਿੱਚ ਉ¤ਚ-ਜਾਤੀਏ ਨਹੀਂ ਹਨ। ਹਾਂ, ਹਰੀ ਕ੍ਰਾਂਤੀ ਅਤੇ ਵਿਦੇਸ਼ਾਂ ਵਿੱਚ ਵਸੇਬੇ ਕਾਰਨ ਆਈ ਆਰਥਕ ਮਜਬੂਤੀ ਉਪਰੰਤ ਇਸ ਤਬਕੇ ਦੇ ਲੋਕ ਅਕਸਰ ਦੂਜੇ ਵਰਗਾਂ ਦੇ ਲੋਕਾਂ (ਖ਼ਾਸਕਰ ਪਿੰਡਾਂ ਵਿੱਚ ਗੁਜਰ-ਬਸਰ ਕਰਨ ਵਾਲੇ ਆਰਥਕ ਪੱਖੋਂ ਕਮਜ਼ੋਰ ਚੂੜ੍ਹੇ, ਚਮਾਰ ਆਦਿਕ ਵਰਗਾਂ) ਨੂੰ ਹਿਕਾਰਤ ਦੀ ਨਿਗ੍ਹਾ ਨਾਲ ਵੇਖਦੇ ਹਨ। ਪਰ ਅਜਿਹਾ ਕਰਨ ਨਾਲ ਉਹ ਖ਼ੁਦ ਉ¤ਚ-ਜਾਤੀਏ ਸਾਬਿਤ ਨਹੀਂ ਹੋ ਜਾਂਦੇ ਬਲਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਦੀ ਸਪਸ਼ਟ ਉਲੰਘਣਾ ਅਤੇ ਉਨ੍ਹਾਂ ਦੇ ਬ੍ਰਾਹਮਣਵਾਦੀ ਸ਼ਿਕੰਜੇ ਵਿੱਚ ਫਸੇ ਹੋਣ ਦੀ ਸਥਿਤੀ ਦਰਸਾਉਂਦਾ ਹੈ। ਅਜਿਹੇ ਵਿੱਚ, ਕਥਿਤ ਜਾਗਰੁਕ ਲੇਖਕਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਦਾ ਪ੍ਰਚਾਰ ਕਰਕੇ ਸਿੱਖ ਸਮਾਜ ਵਿੱਚ ਜਾਤ-ਪਾਤ ਵਿਵਸਥਾ ਦਾ ਪ੍ਰਭਾਵ ਖ਼ਤਮ ਕਰਨ ਲਈ ਯਤਨਸ਼ੀਲ ਹੁੰਦੇ ਪਰ ਇਸਦੇ ਉਲਟ ਇਨ੍ਹਾਂ ਨੇ ਦਲਿਤਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਨਾਤਾ ਤੋੜਨ ਅਤੇ ਸਿੱਖਾਂ ਖਿਲਾਫ਼ ਭੜਕਾਉਣ ਦੀ ਰਾਹ ਫੜ ਲਈ ਹੈ, ਜੋ ਇਕ ਅਤਿ ਅਫ਼ਸੋਸਜਨਕ ਤੇ ਭਰਾ-ਮਾਰੂ ਨੀਤੀ ਹੈ।
ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ਸਾਰੇ ਕਰੋੜ-ਡੇਢ ਕਰੋੜ ਸਿੱਖ ਉ¤ਚ-ਜਾਤੀਏ ਹੀ ਹਨ, ਤਾਂ ਵੀ ਗੁਰਨਾਮ ਸਿੰਘ ਦੇ ਇਸ ਫਤਵੇ ਕਿ ਇਹ ਮੁਲਕ ਉਨ੍ਹਾਂ (ਕਥਿਤ ਉ¤ਚ-ਜਾਤੀਏ ਸਿੱਖਾਂ) ਦਾ ਨਹੀਂ ਹੈ, ਦੀ ਸ਼ਲਾਘਾ ਨਹੀਂ ਕੀਤੀ ਜਾ ਸਕਦੀ। ਇੰਞ ਜਾਪਦਾ ਹੈ ਕਿ ਸ੍ਰੀ ਗੁਰਨਾਮ ਸਿੰਘ ਨੂੰ ਬਹੁਗਿਣਤੀਵਾਦ ਦਾ ਘਮੰਡ ਹੋ ਗਿਆ ਹੈ, ਜਿਸ ਦੇ ਪ੍ਰਭਾਵ ਵਿੱਚ ਉਨ੍ਹਾਂ ਨੇ ਅਜਿਹਾ ਫਤਵਾ ਜਾਰੀ ਕਰਕੇ ਸਿੱਖਾਂ ਨੂੰ ਉਨ੍ਹਾਂ ਦੀ ਔਕਾਤ ਸਮਝਾਉਣੀ ਜਰੂਰੀ ਸਮਝ ਲਈ। ਬ੍ਰਾਹਮਣਵਾਦੀ ਤਾਕਤਾਂ ਯਾਨੀ ਸਵਰਣ ਹਿੰਦੂ ਵੀ ਪਛੜੇ ਵਰਗਾਂ ਅਤੇ ਦਲਿਤਾਂ ਨੂੰ ‘ਹਿੰਦੂ’ ਸ਼੍ਰੇਣੀ ਵਿੱਚ ਗਿਣ ਕੇ ਦਾਅਵਾ ਕਰਦੀਆਂ ਹਨ ਕਿ ਭਾਰਤ ਦੀ 80 ਫੀਸਦੀ ਅਬਾਦੀ ਹਿੰਦੂ ਹੈ, ਇਸਲਈ ਭਾਰਤ ਇਕ ਹਿੰਦੂ ਰਾਸ਼ਟਰ ਹੋਣਾ ਚਾਹੀਦਾ ਹੈ (ਇਸੇ ਵਿਚਾਰਧਾਰਾ ਨੂੰ ਪ੍ਰਫੁਲਿਤ ਕਰਨ ਲਈ ਹਿੰਦੂ, ਹਿੰਦੀ, ਹਿੰਦੁਸਤਾਨ ਦਾ ਨਾਅਰਾ ਪ੍ਰਚਾਰਿਆ ਜਾਂਦਾ ਹੈ)। ਹੁਣ ਇਸੇ ਘਟੀਆ ਮਾਨਸਿਕਤਾ ਦਾ ਪ੍ਰਚਾਰ ਗੁਰਨਾਮ ਸਿੰਘ ਵਰਗੇ ਲੇਖਕ ਵੱਲੋਂ ਕੀਤਾ ਜਾ ਰਿਹਾ ਹੈ, ਜੋ ਦਲਿਤਾਂ-ਪਛੜੇ ਵਰਗਾਂ ਦੀ ਬਹੁਗਿਣਤੀ ਦੇ ਅਧਾਰ ’ਤੇ ਸਿੱਖਾਂ ਨੂੰ ਇਸ ਮੁਲਕ ਵਿੱਚ ‘ਓਪਰੇ’ ਲੋਕ (ਜਿਨ੍ਹਾਂ ਦਾ ਇਹ ਮੁਲਕ ਨਹੀਂ ਹੈ) ਸਾਬਿਤ ਕਰਨ ’ਤੇ ਉਤਰ ਆਏ ਹਨ। ਹਾਲਾਂਕਿ ਸਮੁੱਚੀ ਇਨਸਾਨੀਅਤ ਦੀ ਬਰਾਬਰੀ, ਮਨੁੱਖੀ ਅਧਿਕਾਰਾਂ ਦੀ ਅਹਿਮੀਅਤ ਅਤੇ ਭਾਰਤ ਨੂੰ ਅੰਗਰੇਜ਼ਾਂ ਤੋਂ ਛੁਡਵਾਉਣ ਵਿੱਚ ਸਿੱਖਾਂ ਦੇ ਯੋਗਦਾਨ ਨੂੰ ਧਿਆਨ ਵਿੱਚ ਰੱਖਣ ਵਾਲਾ ਸ਼ਖ਼ਸ ਅਜਿਹੀ ਬੇਹੂਦਾ ਗੱਲ ਕਤਈ ਨਹੀਂ ਕਰ ਸਕਦਾ ਪਰ ਜਾਪਦਾ ਹੈ ਕਿ ‘ਵਿਦਵਾਨ’ ਲੇਖਕ ਨੇ ਰਾਮਾਨੰਦ ਦੇ ਕਤਲ ਉਪਰੰਤ ਭੜਕੇ ਹੋਏ ਦਲਿਤਾਂ ਨੂੰ ਗੁੰਮਰਾਹ ਕਰਨ ਲਈ ਗਰਮ ਲੋਹੇ ’ਤੇ ਸੱਟ ਮਾਰਨਾ ਜ਼ਰੂਰੀ ਸਮਝਿਆ।
ਇਸ ਤੋਂ ਅੱਗੇ ਸ੍ਰੀ ਗੁਰਨਾਮ ਸਿੰਘ ਲਿਖਦੇ ਹਨ ਕਿ ‘‘ਮੈਨੂੰ ਤਿਨਾਂ ਦਿਨਾਂ ਵਿੱਚ ਅਨੇਕ ਫੋਨ ਦਲਿਤਾਂ ਦੇ ਪੂਰੇ ਪੰਜਾਬ ਅਤੇ ਹੋਰ ਥਾਵਾਂ ਤੋਂ ਆਏ ਹਨ ਕਿ ਕਿਉਂ ਨਾ ਗੁਰੂ ਗ੍ਰੰਥ ਸਾਹਿਬ ਚੁੱਕ ਕੇ ਇਨ੍ਹਾਂ ਖ਼ਾਲਿਸਤਾਨੀਆਂ ਜਾਂ ਸਿੱਖਾਂ ਨੂੰ ਸੰਭਾਲ ਕੇ ਇਨ੍ਹਾਂ ਤੋਂ ਸਦਾ ਲਈ ਖਹਿੜਾ ਛੁਡਾ ਲਿਆ ਜਾਵੇ?... ਕਿਸੇ ਵੀ ਦੂਜੀ ਅਜਿਹੀ ਘਟਨਾ ਦਾ ਨਤੀਜਾ ਇਹੀ ਹੋਵੇਗਾ। ਫਿਰ ਤੁਸੀਂ ਜਾਣਿਉ ਜਾਂ ਤੁਹਾਡਾ ਧਰਮ ਜਾਣੇ।’’
ਵੈਸੇ ਤਾਂ ਉਕਤ ਡੇਰੇਦਾਰ ਇਹ ਨੀਤੀ ਅਪਣਾ ਵੀ ਚੁੱਕੇ ਹਨ (ਡੇਰਾ ਬੱਲਾਂ ਅਤੇ ਕਈ ਹੋਰ ਰਵਿਦਾਸ ਮੰਦਰਾਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਟਾਇਆ ਜਾ ਚੁੱਕਾ ਹੈ) ਪਰ ਇਹ ਕਾਰਵਾਈ ਅਮਲ ਵਿੱਚ ਆਉਣ ਤੋਂ ਪਹਿਲਾਂ ਹੀ ਅਜਿਹੀ ਲਿਖਤ ਲਿਖ ਕੇ ਗੁਰਨਾਮ ਸਿੰਘ ਵਰਗੇ ਕਥਿਤ ਦਲਿਤ ਆਗੂਆਂ ਨੇ ਦਲਿਤ ਸਮਾਜ ਨੂੰ ਇਹ ਰਾਹ ਅਪਣਾਉਣ ਲਈ ਹੋਰ ਉਕਸਾਉਣ ਵਿੱਚ ਆਪਣਾ ਯੋਗਦਾਨ ਹੀ ਪਾਇਆ। ਦਲਿਤਾਂ ਨੂੰ ਗੁੰਮਰਾਹ ਕਰਨ ਲਈ ਤਤਪਰ ਤਾਕਤਾਂ ਦੇ ਪੰਜਾਬ ਅਤੇ ‘ਹੋਰ ਥਾਵਾਂ’ (ਜਿਨ੍ਹਾਂ ਦਾ ਜ਼ਿਕਰ ਕਰਨਾ ਸ੍ਰੀ ਗੁਰਨਾਮ ਸਿੰਘ ਨੇ ਮੁਨਾਸਿਬ ਨਹੀਂ ਸਮਝਿਆ) ਤੋਂ ਫੋਨ ਆਉਣ ਦਾ ਦਾਅਵਾ ਕਰਕੇ ਸ੍ਰੀ ਗੁਰਨਾਮ ਸਿੰਘ ਵੱਲੋਂ ਅਜਿਹੀ ਲਿਖਤ ਲਿਖਣੀ, ਸਿੱਖ-ਵਿਰੋਧੀ ਤਾਕਤਾਂ ਦੀ ਸੋਚੀ-ਸਮਝੀ ਕਾਰਵਾਈ ਵੱਲ ਇਸ਼ਾਰਾ ਕਰਦਾ ਹੈ। ਉਨ੍ਹਾਂ ਦੀ ਸ਼ਬਦਾਵਲੀ ਜਿਵੇਂ ‘‘ਸਿੱਖਾਂ ਤੋਂ ਸਦਾ ਲਈ ਖਹਿੜਾ ਛੁਡਾ ਲਿਆ ਜਾਵੇ’’ ਜਾਂ ‘‘ਤੁਸੀਂ ਜਾਣਿਉ ਜਾਂ ਤੁਹਾਡਾ ਧਰਮ ਜਾਣੇ’’ ਆਦਿਕ ਤੋਂ ਵੀ ਇਹ ਸਪਸ਼ਟ ਸਾਬਿਤ ਹੁੰਦਾ ਹੈ ਕਿ ਉਨ੍ਹਾਂ ਨੇ ਇਹ ਲੇਖ ਇਕ ਗੈਰ-ਸਿੱਖ (ਬੁੱਧ ਧਰਮ ਦੇ ਪੈਰੋਕਾਰ) ਵਜੋਂ ਲਿਖਿਆ ਹੈ।
ਸ੍ਰੀ ਗੁਰਨਾਮ ਸਿੰਘ ਇਹ ਵੀ ਜ਼ਿਕਰ ਕਰਦੇ ਹਨ ਕਿ ‘‘ਸਾਡੇ ਬਾਪ-ਦਾਦਿਆਂ ਨੇ ਮੱਸੇ ਰੰਘੜ ਦਾ ਸਿਰ ਲਾਹਿਆ। ਗੁਰੂ ਜੀ ਦਾ ਸੀਸ ਚੁੱਕ ਕੇ ਅਨੰਦਪੁਰ ਸਾਹਿਬ ਪਹੁੰਚਾਇਆ। ਗੁਰੂ ਨਾਨਕ ਦੇਵ ਜੀ ਦੇ ਚਾਰ ਦਲਿਤ ਸਾਥੀ ਬਣ ਕੇ, ਉਮਰ ਭਰ ਨਿਭੇ। ਚਮਕੌਰ ਵਿੱਚ ਦੁਸ਼ਮਣਾਂ ਨਾਲ ਸਿਰਫ਼ ਸਾਡੇ ਬਜ਼ੁਰਗ ਲੜੇ। ਸਾਡੇ ਬਜ਼ੁਰਗਾਂ ਨੇ ਬੋਤਾ ਸਿੰਘ ਗਰਜਾ ਸਿੰਘ ਬਣ ਕੇ ਹਕੂਮਤ ਨੂੰ ਸਬਕ ਦਿੱਤਾ। ਉਸਦਾ ਸਿਲਾ ਸਾਨੂੰ ਇਹ ਭੁਗਤਣਾ ਪਵੇਗਾ, ਸਾਡੇ ਬਜ਼ੁਰਗਾਂ ਨੇ ਸੋਚਿਆ ਤੱਕ ਨਹੀਂ ਹੋਵੇਗਾ। ਪਰ ਅਸੀਂ ਜ਼ਰੂਰ ਸੋਚਣ ਲੱਗ ਪਏ ਹਾਂ ਕਿ ਅਸੀਂ ਅਜ਼ਾਦ ਕਿਤੇ ਵੀ ਨਹੀਂ।’’
ਇਹ ਸੱਚ ਹੈ ਕਿ ਮੱਸੇ ਰੰਘੜ ਦਾ ਸਿਰ ਲਾਹੁਣ ਵਾਲੇ ਸਿੰਘ ਕਥਿਤ ਪਛੜੇ ਵਰਗ ਨਾਲ ਸਬੰਧਿਤ ਸਨ। ਹੋ ਸਕਦਾ ਹੈ ਕਿ ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਜੀ ਵੀ ਪਛੜੇ ਵਰਗਾਂ ਨਾਲ ਹੀ ਸਬੰਧਿਤ ਹੋਣ (ਅਸੀਂ ਤਾਂ ਉਨ੍ਹਾਂ ਦਾ ਸਤਿਕਾਰ ਸਿਰਫ਼ ਚੰਗੇ ਸਿੱਖ ਹੋਣ ਕਰਕੇ ਕਰਦੇ ਹਾਂ, ਕਿਸੇ ਵਿਸ਼ੇਸ਼ ਜਾਤ/ਵਰਗ ਨਾਲ ਸਬੰਧਿਤ ਹੋਣ ਕਰਕੇ ਨਹੀਂ)। ਗੁਰੂ ਨਾਨਕ ਸਾਹਿਬ ਦੇ ਚਾਰ ਦਲਿਤ ਸਾਥੀਆਂ ਬਾਰੇ ਸ੍ਰੀ ਗੁਰਨਾਮ ਸਿੰਘ ਨੇ ਜਾਣਕਾਰੀ ਨਹੀਂ ਦਿੱਤੀ ਪਰ ਸੱਚਾਈ ਇਹ ਹੈ ਕਿ ਗੁਰੂ ਨਾਨਕ ਸਾਹਿਬ ਦਾ ਸਾਥ ਸਿਰਫ਼ ਦਲਿਤਾਂ ਨੇ ਨਹੀਂ ਬਲਕਿ ਹਜ਼ਾਰਾਂ/ਲੱਖਾਂ ਦਲਿਤਾਂ ਨੇ ਦਿੱਤਾ ਸੀ। ਪਰ ਉਹ ਸੂਝਵਾਨ ਮਨੁੱਖ (ਦਲਿਤ) ਵੀ ਗੁਰੂ ਨਾਨਕ ਸਾਹਿਬ ਦੇ ਮਹਾਨ ਗੁਣਾਂ ਨੂੰ ਮਹਿਸੂਸ ਕਰਦਿਆਂ ਜਾਤ-ਪਾਤ ਵਿਵਸਥਾ ਨੂੰ ਲੱਤ ਮਾਰ ਕੇ ਉਨ੍ਹਾਂ ਦੇ ‘ਸਿੱਖ’ ਬਣ ਗਏ ਸਨ। ਜੇਕਰ ਉਨ੍ਹਾਂ ਦਲਿਤਾਂ ਦੀ ਮਾਨਸਿਕਤਾ ਵੀ ਗੁਰਨਾਮ ਸਿੰਘ ਵਰਗੀ ਹੁੰਦੀ ਤਾਂ ਪਹਿਲੀ ਗੱਲ ਤਾਂ ਉਹ ਗੁਰੂ ਨਾਨਕ ਸਾਹਿਬ ਦੇ ਸਿੱਖ ਹੀ ਨਾ ਬਣਦੇ ਕਿਉਂਕਿ ਗੁਰੂ ਸਾਹਿਬ ਦਾ ਪ੍ਰਕਾਸ਼ ਇਕ ਉ¤ਚ-ਜਾਤੀਏ ਹਿੰਦੂ ਘਰਾਨੇ ਵਿੱਚ ਹੋਇਆ ਸੀ। ਜੇਕਰ ਕਿਸੇ ਕਾਰਨ ਉਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੂੰ ਆਪਣੇ ਮਾਰਗ-ਦਰਸ਼ਕ ਵਜੋਂ ਮਨਜ਼ੂਰ ਕਰਨਾ ਹੀ ਪੈਂਦਾ, ਤਾਂ ਵੀ ਉਹ ਸੰਪੂਰਨ ਸਿੱਖ ਬਣਨ ਦੀ ਬਜਾਏ ‘ਰਵਿਦਾਸੀਆ’ ਕਿਸਮ ਦੇ ਅੱਧੇ-ਪਚੱਧੇ ਸਿੱਖ ਬਣਨਾ ਹੀ ਪਸੰਦ ਕਰਦੇ।
ਪਰ ਖੁਸ਼ਕਿਸਮਤੀ ਨਾਲ ਉਸ ਸਮੇਂ ਗੁਰਨਾਮ ਸਿੰਘ ਵਰਗੀ ਮਾਨਸਿਕਤਾ ਦੇ ਲਿਖਾਰੀਆਂ/ਪ੍ਰਚਾਰਕਾਂ ਦੀ ਸਮਾਜ ਵਿੱਚ ਹੋਂਦ ਨਹੀਂ ਸੀ - ਇਸਲਈ ਸਮਾਜ ਦੇ ਦਬੇ-ਕੁਚਲੇ ਵਰਗਾਂ ਦੇ ਲੋਕਾਂ ਨੇ ਗੁਰੂ ਨਾਨਕ ਵਿਚਾਰਧਾਰਾ ਦੇ ‘ਸਿੱਖ’ ਬਣ ਕੇ ਆਤਮਕ ਤੇ ਸਮਾਜਕ ਵਿਕਾਸ ਹਾਸਲ ਕੀਤਾ - ਜਿਸਨੇ ਜੋ ਕੁਰਬਾਨੀ ਦਿੱਤੀ, ਉਹ ‘ਸਿੱਖ’ ਹੋਣ ਦੇ ਨਾਤੇ ਇਨਸਾਨੀਅਤ ਦੇ ਭਲੇ ਵਾਸਤੇ ਦਿੱਤੀ - ਦਲਿਤ ਵਜੋਂ ਨਹੀਂ। ਸਿੱਖ ਵੀ ਇਨ੍ਹਾਂ ਮਹਾਨ ਇਨਸਾਨਾਂ ਦਾ ਸਤਿਕਾਰ ਉਨ੍ਹਾਂ ਦੇ ਗੁਣਾਂ ਕਰਕੇ ਕਰਦੇ ਹਨ - ਉਨ੍ਹਾਂ ਦੇ ਕਿਸੇ ਵਿਸ਼ੇਸ਼ ਵਰਗ/ਸੰਪਰਦਾਅ ਨਾਲ ਸਬੰਧਿਤ ਹੋਣ ਕਰਕੇ ਨਹੀਂ (ਜਿਵੇਂ ਅੰਮ੍ਰਿਤਸਰ ਵਿੱਚ ਬਾਬਾ ਦੀਪ ਸਿੰਘ ਦੇ ਸਸਕਾਰ ਵਾਲੇ ਗੁਰਦੁਆਰਾ ਸ਼ਹੀਦਾਂ ਦੇ ਨੇੜੇ ਹੀ ਭਾਈ ਬੋਤਾ ਸਿੰਘ ਗਰਜਾ ਸਿੰਘ ਨੂੰ ਸਮਰਪਿਤ ਗੁਰਦੁਆਰਾ ਵੀ ਹੈ ਪਰ ਕਿਸੇ ਵੀ ਸਿੱਖ ਭਾਵੇਂ ਉਹ ਜੱਟ ਹੋਵੇ ਜਾਂ ਕੋਈ ਹੋਰ, ਉ¤ਥੇ ਕਦੇ ਇਸ ਕਰਕੇ ਮੱਥਾ ਟੇਕਣ ਤੋਂ ਇਨਕਾਰ ਨਹੀਂ ਕੀਤਾ ਹੋਵੇਗਾ ਕਿ ਇਹ ਦੋਵੇਂ ਕਥਿਤ ਨੀਵੀਆਂ ਜਾਤਾਂ ਨਾਲ ਸਬੰਧਿਤ ਸਨ)। ਇਨ੍ਹਾਂ ਮਹਾਨ ਸਿੱਖਾਂ ਨੇ ਆਪਣੀ ਮਰਜ਼ੀ ਨਾਲ, ਸੋਚ-ਸਮਝ ਕੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਪਰ ਉਨ੍ਹਾਂ ਦੇ ‘ਵਾਰਸ’ ਹੋਣ ਦਾ ਦਾਅਵਾ ਕਰਨ ਵਾਲੇ ਲੇਖਕਾਂ ਨੂੰ ਜੇਕਰ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਸਬੰਧੀ ਸਿੱਖ ਧਰਮ ਦੇ ਨੇਮ ਮੰਨਣਾ ‘ਗੁਲਾਮੀ’ ਪ੍ਰਤੀਤ ਹੁੰਦੀ ਹੈ, ਤਾਂ ਉਹ ਜਨਤੱਕ ਤੌਰ ’ਤੇ ਸਿੱਖ ਧਰਮ ਨੂੰ ਅਲਵਿਦਾ ਕਹਿ ਕੇ, ਆਪਣਾ ਸਿੱਖਾਂ ਵਰਗਾ ਹੁਲੀਆ ਤੇ ਹੋਰ ਨਿਸ਼ਾਨੀਆਂ ਤਿਆਗ ਕੇ ਪੂਰੀ ਤਰ੍ਹਾਂ ‘ਰਵਿਦਾਸੀਆ’ ਬਣ ਜਾਣ ਤਾਂ ਜ਼ਿਆਦਾ ਬਿਹਤਰ ਹੋਵੇਗਾ (ਹਾਲਾਂਕਿ ਇਹ ਵੀ ਬੜੀ ਅਫਸੋਸਜਨਕ ਕਾਰਵਾਈ ਹੋਵੇਗੀ)।
ਇਹ ਤੱਥ ਚੰਗੀ ਤਰ੍ਹਾਂ ਸਮਝਣ ਕਿ ‘‘ਦਲਿਤਾਂ ਦੇ ਸਿੱਖਾਂ ਵਿਚਕਾਰ ਜੋ ਸਾਂਝ ਬਚੀ ਹੈ, ਉਸਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਇਸ ਤਰ੍ਹਾਂ ਦਾ (ਰਾਮਾਨੰਦ ਦੇ ਕਤਲ ਵਰਗਾ) ਛੜਯੰਤਰ ਕੀਤਾ ਜਾਂ ਕਰਵਾਇਆ ਜਾ ਸਕਦਾ ਹੈ...’’ ਦੇ ਬਾਵਜੂਦ ਸ੍ਰੀ ਗੁਰਨਾਮ ਸਿੰਘ ਕਹਿੰਦੇ ਹਨ ਕਿ ‘‘ਜੇ ਭਾਰਤ ਭਰ ਵਿੱਚ ਦਲਿਤਾਂ ਦੀ 25 ਕਰੋੜ ਅਬਾਦੀ ਨੇ ਇਸ ਕਾਂਡ ਨੂੰ ਸਮਝ ਕੇ ਕਿਸੇ ਦਿਨ ਸਿੱਖਾਂ ਨੂੰ ਆਪਣੇ ਦੁਸ਼ਮਣ ਮੰਨ ਲਿਆ ਤਾਂ ਤੁਸੀਂ ਜੁੰਮੇਵਾਰ ਹੋਵੋਗੇ।’’ ਜੇਕਰ ਦਲਿਤ ਸਮਾਜ ਰਾਮਾਨੰਦ ਕਤਲ ਕਾਂਡ ਦੀ ਸੱਚਾਈ ਸਮਝ ਜਾਏ, ਤਾਂ ਉਹ ਸਿੱਖਾਂ ਦਾ ਦੁਸ਼ਮਣ ਕਿਉਂ ਬਣੇਗਾ? ਉਸਨੂੰ ਤਾਂ ਸਗੋਂ ਬ੍ਰਾਹਮਣਵਾਦੀਆਂ ਮਾਨਸਿਕਤਾ ਨਾਲ ਲਬਰੇਜ ਖੁਫੀਆ ਏਜੰਸੀਆਂ ਦੀਆਂ ਅਜਿਹੀਆਂ ਕਾਰਵਾਈ ਪ੍ਰਤੀ ਸੁਚੇਤ ਹੋਣ ਦੀ ਪ੍ਰੇਰਨਾ ਮਿਲੇਗੀ। ਸ਼ਾਇਦ ਗੁਰਨਾਮ ਸਿੰਘ ਵੱਲੋਂ ਇਹ ਧਮਕੀ ਵੀ ਬਹੁਗਿਣਤੀਵਾਦ ਦੇ ਪ੍ਰਭਾਵ ਵਿੱਚ ਹੀ ਜਾਰੀ ਕੀਤੀ ਗਈ ਹੈ।
ਗੁਰਨਾਮ ਸਿੰਘ ਹੋਰ ਲਿਖਦੇ ਹਨ, ‘‘ਸਾਰੇ ਭਾਰਤ ਵਿੱਚ, ਸਾਰੇ ਮੁਲਕਾਂ ਵਿੱਚ, ਸੰਤ ਗੁਰੂ ਰਵਿਦਾਸ ਦੇ
ਨਾਂ ’ਤੇ ਜੋ ਗੁਰੂ ਘਰ ਬਣ ਗਏ ਤੇ ਬਣਦੇ ਰਹਿਣਗੇ, ਜੇ ਸਿੱਖਾਂ ’ਤੇ ਇਨ੍ਹਾਂ ਵਿਚਕਾਰੋਂ ਧਰਮ ਦੀਆਂ
ਕੜੀਆਂ ਟੁੱਟ ਗਈਆਂ ਤਾਂ ਇਸਦੇ ਜੁੰਮੇਵਾਰ ਤੁਸੀਂ ਹੋਵੋਗੇ।’’ ਇ¤ਥੇ ਗੁਰਨਾਮ ਸਿੰਘ ਨੇ ਇਸ਼ਾਰਾ
ਦਿੱਤਾ ਹੈ ਕਿ ਭਾਰਤ ਅਤੇ ਵਿਦੇਸ਼ਾਂ ਵਿੱਚ ਭਗਤ ਰਵਿਦਾਸ ਜੀ ਦੇ ਨਾਂ ’ਤੇ ਜਿਹੜੇ ਮੰਦਰ ਬਣ ਰਹੇ ਹਨ,
ਉਹ ਇਕ ਸੋਚੀ-ਸਮਝੀ ਨੀਤੀ ਦਾ ਹੀ ਨਤੀਜਾ ਹਨ। ਇਨ੍ਹਾਂ ਮੰਦਰਾਂ ਵਿੱਚ ਭਗਤ ਰਵਿਦਾਸ ਜੀ ਦੀਆਂ
ਮੂਰਤੀਆਂ ਸਥਾਪਿਤ ਕਰਨੀਆਂ, ਅਖੌਤੀ ‘ਸੰਤਾਂ’ ਵੱਲੋਂ ਖ਼ੁਦ ਨੂੰ ਮੱਥੇ ਟਿਕਵਾਉਣ ਤੇ ਗੁਰੂ ਗ੍ਰੰਥ
ਸਾਹਿਬ ਦੀ ਬੇਅਦਬੀ ਕਰਨਾ ਅਤੇ ਗੁਰਬਾਣੀ ਬਾਰੇ ਗਲਤ ਪ੍ਰਚਾਰ ਕਰਨਾ (ਇਸਨੂੰ ‘ਜੱਟਾਂ’ ਦਾ ਗੁਰੂ
ਕਹਿਣਾ ਆਦਿਕ) ਜੇਕਰ ਜਾਰੀ ਰਿਹਾ, ਤਾਂ ਯਕੀਨਨ ਸਿੱਖਾਂ ਤੇ ਇਸ ਨਸਲ ਦੇ ਰਵਿਦਾਸੀਆਂ ਵਿਚਕਾਰ
ਕੁੜੱਤਨ ਹੋਰ ਵਧੇਗੀ। ਪਰ ਇਸਦੇ ਦੋਸ਼ੀ ਸਿੱਖ ਹੀ ਕਿਉਂ ਹੋਣਗੇ, ਇਸ ਬਾਬਤ ਗੁਰਨਾਮ ਸਿੰਘ ਨੇ ਆਪਣੇ
ਵਿਚਾਰ ਪ੍ਰਗਟ ਨਹੀਂ
ਕੀਤੇ। ਸ਼ਾਇਦ ਸ੍ਰੀ ਗੁਰਨਾਮ ਸਿੰਘ ਵੀ ਬਹੁ-ਗਿਣਤੀਵਾਦ ਦੇ ਉਸ ਪੈਂਤੜੇ ਨੂੰ ਅਪਣਾ ਰਹੇ ਹਨ ਜਿਸਦੇ
ਤਹਿਤ ਇਕ ਪ੍ਰਧਾਨਮੰਤਰੀ ਨੂੰ ਗੋਲੀਆਂ ਮਾਰਨ ਦੇ ਦੋ ਸਿੱਖ ਆਰੋਪੀਆਂ ਬਦਲੇ ਹਜ਼ਾਰਾਂ ਸਿੱਖਾਂ ਦੇ
ਕਤਲੇਆਮ, ਧੀਆਂ-ਭੈਣਾਂ ਅਤੇ ਗੁਰੂ ਘਰਾਂ ਦੀ ਬੇਪਤੀ ਅਤੇ ਕਰੋੜਾਂ ਦੀ ਜਾਇਦਾਦ ਦੀ ਸਾੜ-ਫੂਕ ਨੂੰ
ਜਾਇਜ਼ ਤੇ ਸੁਭਾਵਿਕ ਠਹਿਰਾਇਆ ਗਿਆ ਸੀ।
ਗੁਰਨਾਮ ਸਿੰਘ ਲਿਖਦੇ ਹਨ, ‘‘ਮੈਂ ਜਾਣਦਾ ਹਾਂ ਬਹੁ-ਗਿਣਤੀ ਜੱਟ ਤੇ ਸਿੱਖ ਜਲਦੀ ਸਾਡੇ ਨਾਲ ਕੋਈ
ਹਮਦਰਦੀ ਕਰਨ ਦੀ ਮਾਨਸਿਕਤਾ ਵਾਲੇ ਨਹੀਂ ਹਨ। ਫਿਰ ਵੀ ਅਸੀਂ ਅਜਿਹਾ ਕੁਝ ਵੀ ਕਰਨ ਤੋਂ ਗੁਰੇਜ਼
ਕਰਾਂਗੇ ਕਿ ਸਾਡਾ ਜਾਤੀ ਟਕਰਾਅ ਕਿਸੇ ਵੀ ਕੀਮਤ ’ਤੇ ਸਮਾਜ ਅੱਗ ਦਾ ਰੂਪ ਧਾਰਨ ਕਰੇ।’’ ਗੁਰਨਾਮ
ਸਿੰਘ ਜੀ ਇਸ ਤੱਥ ਨੂੰ ਮੰਨਣ ਤੋਂ ਇਨਕਾਰੀ ਜਾਪਦੇ ਹਨ ਕਿ ਜਦ ਤੱਕ ਉਨ੍ਹਾਂ ਵਰਗੇ ਲੇਖਕ ਤੇ
ਬ੍ਰਾਹਮਣਵਾਦੀ ਸੰਸਥਾਵਾਂ ਦੇ ਏਜੰਟ ਸਿੱਖ ਸਮਾਜ ਨੂੰ ਜੱਟ, ਭਾਪੇ, ਰਾਮਗੜ੍ਹੀਆਂ, ਰਵਿਦਾਸੀਆਂ ਦੀਆਂ
ਸ਼੍ਰੇਣੀਆਂ ਵਿੱਚ ਵੰਡਦੇ ਰਹਿਣਗੇ, ਤਦ ਤੱਕ ਅਜਿਹੇ ਇਕ ਵਰਗ ਨੂੰ ਦੂਜੇ ਵਰਗ ਨਾਲ ਹਮਦਰਦੀ ਨਹੀਂ
ਹੋਵੇਗੀ। ਹਰ ਗਰੀਬ, ਲੋੜਵੰਦ (ਭਾਵੇਂ ਉਹ ਜੱਟ ਹੋਵੇ ਜਾਂ ਦਲਿਤ) ਪ੍ਰਤੀ ਹਮਦਰਦੀ ਰੱਖਣਾ ਤੇ ਉਸਦੀ
ਮਦਦ ਕਰਨਾ ਹਰ ਇਨਸਾਨ ਦਾ ਫਰਜ਼ ਹੈ - ਕਿਸੇ ਇਕ ਵਰਗ ਜਾਂ ਧਰਮ ਦਾ ਨਹੀਂ। ਇਹ ਤਾਂ ਸਮਝ ਨਹੀਂ ਆਉਂਦੀ
ਕਿ ਗੁਰਨਾਮ ਸਿੰਘ ਨੂੰ ਸਮੁੱਚੇ ਦਲਿਤ ਸਮਾਜ ਦੇ ਬੁਲਾਰੇ ਹੋਣ ਦੀ ਗਲਤਫਹਿਮੀ ਕਿਵੇਂ ਪੈਦਾ ਹੋ ਗਈ
ਪਰ ਉਨ੍ਹਾਂ ਦਾ ਇਹ ਦਾਅਵਾ ਕਿ ‘‘ਸਾਡਾ ਜਾਤੀ ਟਕਰਾਅ ਸਮਾਜਕ ਅੱਗ ਦਾ ਰੂਪ ਧਾਰਨ ਕਰਨ ਤੋਂ ਗੁਰੇਜ਼
ਕਰੇਗਾ’’ ਰਾਮਾਨੰਦ ਕਤਲ ਕਾਂਡ ਪ੍ਰਕਰਨ ਵਿੱਚ ਬਿਲਕੁਲ ਗਲਤ ਸਾਬਿਤ ਹੋ ਨਿਬੜਿਆ ਹੈ। ਵਿਦੇਸ਼ ਵਿੱਚ
ਹੋਏ ਇਕ ਡੇਰੇਦਾਰ ਦੇ ਕਤਲ, ਜਿਸਦੇ ਸਮੁੱਚੇ 6 ਆਰੋਪੀਆਂ ਨੂੰ ਮੌਕੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ
ਗਿਆ, ਦੇ ਬਦਲੇ ਜਿਸ ਤਰ੍ਹਾਂ ਪੰਜਾਬ ਵਿੱਚ ਬੁਰਛਾਗਰਦੀ ਕੀਤੀ ਗਈ, ਉਹ ਕਿੰਨੀ ਕੁ ਜਾਇਜ਼ ਸੀ, ਇਸ
ਬਾਰੇ ਤਾਂ ਗੁਰਨਾਮ ਸਿੰਘ ਹੀ ਦੱਸ ਸਕਦੇ ਹਨ।
ਲੇਖ ਦੇ ਅੰਤ ਵਿੱਚ ਗੁਰਨਾਮ ਸਿੰਘ ਨੇ ਆਪਣੇ ਗੈਰ-ਸਿੱਖ ਹੋਣ ਅਤੇ ਗੁਰੂ ਗ੍ਰੰਥ ਸਾਹਿਬ ਪ੍ਰਤੀ
ਹਿਕਾਰਤ ਫੈਲਾਉਣ ਦੇ ਆਪਣੇ ਟੀਚੇ ਦਾ ਸਬੂਤ ਦਿੰਦਿਆਂ ਲਿਖਿਆ ਹੈ : ‘‘ਮੈਂ ਸੋਚਦਾ ਹਾਂ ਕਿ ਜੇ ਰਾਧਾ
ਸਵਾਮੀਆਂ, ਨਿਰੰਕਾਰੀਆਂ, ਸੱਚੇ ਸੌਦੇ ਵਾਲਿਆਂ ਨੇ ਆਪਣੇ ਭਜਨ ਗੀਤਾ ਨਾਲ ਕਰੋੜਾਂ ਲੋਕ ਆਪਣੇ ਕਰ
ਰੱਖੇ ਹਨ, ਤਾਂ ਕੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਜ਼ਿੰਦਗੀ ਨਹੀਂ ਲੰਘ ਸਕਦੀ? ਕੀ ਦੁਨੀਆ ਦੇ 6-7
ਅਰਬ ਲੋਕਾਂ ਪਾਸ ਗੁਰੂ ਗ੍ਰੰਥ ਸਾਹਿਬ ਹੈ? ਕੀ ਉਹ ਨਹੀਂ ਜਿਉਂਦੇ? ਮੁਸਲਮਾਨਾਂ ਨੂੰ, ਇਸਾਈਆਂ ਨੂੰ,
ਬੋਧੀਆਂ ਨੂੰ, ਸਿੱਖਾਂ ਵਰਗਾ ਕੋਈ ਇਤਰਾਜ਼ ਨਹੀਂ। ਕੀ ਉਹ ਧਰਮੀ ਨਹੀਂ ਹਨ? ਜਾਂ ਧਰਮ-ਕਰਮ ਨਹੀਂ
ਕਰਦੇ? ਦਲਿਤਾਂ ਨੂੰ ਕਿਉਂ ਮਜਬੂਰ ਕੀਤਾ ਜਾਂਦਾ ਹੈ ਕਿ ਉਹ ਗੁਰੂ ਘਰਾਂ ਵਿੱਚ ਵੀ ਸਮਾਜ ਵਿੱਚ ਵੀ
ਥੋਡੀ ਜੁੱਤੀ ਥੱਲੇ ਜਿਊਣ?..’’
ਗੁਰਨਾਮ ਸਿੰਘ ਜਾਣਬੁੱਝ ਕੇ ਇਸ ਤੱਥ ਤੋਂ ਅਨਜਾਣ ਬਣਦੇ ਪ੍ਰਤੀਤ ਹੋ ਰਹੇ ਹਨ ਕਿ ਰਾਧਾ ਸਵਾਮੀ, ਨਿਰੰਕਾਰੀ, ਸੱਚਾ ਸੌਦਾ ਆਦਿਕ ਡੇਰੇ ਸਿਰਫ਼ ਆਪਣੇ ਧਰਮ ਪ੍ਰਚਾਰ ਰਾਹੀਂ ਨਹੀਂ ਬਲਕਿ ਸਿਆਸੀ ਪਾਰਟੀਆਂ ਅਤੇ ਖੁਫੀਆ ਏਜੰਸੀਆਂ ਦੇ ਸਹਿਯੋਗ ਨਾਲ ਕਰੋੜਾਂ ਲੋਕਾਂ ਨੂੰ ਆਪਣੇ ਚੇਲੇ ਬਣਾ ਪਾਉਂਦੇ ਹਨ। ਪੰਜਾਬ, ਹਰਿਆਣਾ ਅਤੇ ਕੇਂਦਰ ਸਰਕਾਰਾਂ ਵੱਲੋਂ ਅਜਿਹੇ ਡੇਰਿਆਂ ਨੂੰ ਮੁਫ਼ਤ ਜਾਂ ਬਹੁਤ ਰਿਆਇਤੀ ਦਰਾਂ ’ਤੇ ਵੱਡੀਆਂ-ਵੱਡੀਆਂ ਜ਼ਮੀਨਾਂ ਅਲਾਟ ਕੀਤੀਆਂ ਜਾਂਦੀਆਂ ਹਨ, ਪੁਲਿਸ ਅਫ਼ਸਰ ਅਤੇ ਵੱਡੇ ਸਿਆਸੀ ਆਗੂ ਭੇਜ ਕੇ ਇਨ੍ਹਾਂ ਦੀ ਸ਼ੋਹਰਤ ਤੇ ਪ੍ਰਭਾਵ ਵਧਾਇਆ ਜਾਂਦਾ ਹੈ ਅਤੇ ਡੇਰਿਆਂ ਵੱਲੋਂ ਕਿਸੇ ਕਿਸਮ ਦੀ ਗੁੰਡਾਗਰਦੀ ਜਾਂ ਸਿੱਖ-ਵਿਰੋਧੀ ਕਾਰਵਾਈ ਕਰਨ ’ਤੇ ਇਨ੍ਹਾਂ ਦਾ ਹੀ ਸਾਥ ਦਿੱਤਾ ਜਾਂਦਾ ਹੈ - ਇਹ ਤੱਥ ਨਿਰੰਕਾਰੀ, ਸੱਚਾ ਸੌਦਾ ਅਤੇ ਬੱਲਾਂ ਆਦਿਕ ਸਾਰੇ ਡੇਰਿਆਂ ਨਾਲ ਹੋਏ ਸਿੱਖ ਟਰਕਾਅ ਦੌਰਾਨ ਪ੍ਰਤੱਖ ਹੋ ਨਿਬੜਿਆ ਹੈ।
ਇਹ ਸੱਚ ਹੈ ਕਿ ਕੋਈ ਵੀ ਇਨਸਾਨ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੇ ਬਿਨਾਂ ਵੀ ਆਪਣੀ ਜ਼ਿੰਦਗੀ ਬਤੀਤ ਕਰ ਸਕਦਾ ਹੈ। ਪਰ ਇਹੀ ਗੱਲ ਰਵਿਦਾਸੀਆ ਸਮਾਜ ’ਤੇ ਵੀ ਤਾਂ ਲਾਗੂ ਹੁੰਦੀ ਹੈ। ਕੀ ਦੁਨੀਆ ਦੇ 6-7 ਅਰਬ ਲੋਕ, ਜਿਹੜੇ ਭਗਤ ਰਵਿਦਾਸ ਜੀ ਦੀਆਂ ਮੂਰਤੀਆਂ ਨੂੰ ਮੱਥਾ ਨਹੀਂ ਟੇਕਦੇ ਜਾਂ ਉਨ੍ਹਾਂ ਦੇ ਨਾਂ ’ਤੇ ਬਣਾਏ ਗਏ ਨਕਲੀ ਗ੍ਰੰਥਾਂ ਦਾ ਪਾਠ ਨਹੀਂ ਕਰਦੇ, ਕੀ ਉਹ ਨਹੀਂ ਜਿਉਂਦੇ? ਸਿੱਖਾਂ ਜਾਂ (ਭਗਤ ਰਵਿਦਾਸ ਜੀ ਦੇ ਵਾਰਸ ਹੋਣ ਦਾ ਦਾਅਵਾ ਕਰਨ ਵਾਲੇ) ਰਵਿਦਾਸੀਆ ਸਮਾਜ ਵੱਲੋਂ ਭਗਤ ਰਵਿਦਾਸ ਜੀ ਦਾ ਸਤਿਕਾਰ ਇਸੇ ਵਾਸਤੇ ਕੀਤਾ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੀ ਸੰਸਾਰਕ ਯਾਤਰਾ ਦੌਰਾਨ ਖ਼ੁਦ ਵੀ ਇਲਾਹੀ ਸੱਚ ਨੂੰ ਸਮਝਿਆ-ਅਪਣਾਇਆ ਅਤੇ ਹੋਰਨਾਂ ਇਨਸਾਨਾਂ ਨੂੰ ਵੀ ਸੱਚ ਦੇ ਗਿਆਨ ਤੋਂ ਜਾਣੂ ਕਰਵਾਇਆ। ਅਜਿਹੀਆਂ ਮਹਾਨ ਹਸਤੀਆਂ ਨੂੰ ਆਦਰਸ਼ ਬਣਾਉਣ ਦਾ ਇਹੀ ਲਾਭ ਹੁੰਦਾ ਹੈ ਕਿ ਇਨਸਾਨ ਨੂੰ ਰੱਬ ਦੇ ਸੱਚੇ ਗੁਣਾਂ ਦੀ ਸੋਝੀ ਹੁੰਦੀ ਹੈ ਅਤੇ ਉਹ ਆਪਣੇ ਆਤਮਕ ਵਿਕਾਰਾਂ ਤੋਂ ਮੁਕਤੀ ਪਾ ਕੇ ਸੱਚ ਦਾ ਮਾਰਗ ਅਪਣਾ ਸਕਦਾ ਹੈ। ਪਰ ਜਿਵੇਂ ਦੁਨੀਆ ਦੇ ਅਰਬਾਂ ਲੋਕਾਂ ਨੂੰ ਇਲਾਹੀ ਸੱਚ ਦੀ ਰਾਹ ਅਪਣਾਉਣ ਵਿੱਚ ਕੋਈ ਦਿਲਚਸਪੀ ਨਹੀਂ ਹੁੰਦੀ (ਉਹ ਆਪਣੀ ਸਮਾਜਕ, ਆਰਥਕ ਸਮਿੱਸਿਆਵਾਂ ਜਾਂ ਫਿਰ ‘ਕਮਾਓ ਤੇ ਖਾਓ’ ਦੇ ਟੀਚੇ ਨੂੰ ਪੂਰਾ ਕਰਨ ਵਿੱਚ ਰੁੱਝੇ ਰਹਿਣ ਕਾਰਨ ਅਜਿਹੇ ‘ਫਾਲਤੂ’ ਪ੍ਰਤੀਤ ਹੁੰਦੇ ਵਿਸ਼ੇ ਵੱਲ ਜ਼ਿਆਦਾ ਰੁਚੀ ਨਹੀਂ ਦਿਖਾਉਂਦੇ), ਉਵੇਂ ਹੀ ਜੇਕਰ ਰਵਿਦਾਸੀਆ ਸਮਾਜ ਵੀ (ਗੁਰੂ ਗ੍ਰੰਥ ਸਾਹਿਬ ਦੇ ਉੱਚੇ-ਸੁੱਚੇ ਉਪਦੇਸ਼ਾਂ ਤੋਂ ਸੇਧ ਲੈ ਕੇ) ਸੱਚ ਦੇ ਮਾਰਗ ’ਤੇ ਚੱਲਣ ਦੀ ਬਜਾਏ ਫੋਕੇ ਕਰਮ-ਕਾਂਡਾਂ (ਮੂਰਤੀਆਂ ਨੂੰ ਰੱਬ ਸਮਝ ਕੇ ਮੱਥੇ ਟੇਕਣੇ, ਖ਼ਾਸ ਲਿਬਾਸ ਵਾਲੇ ਡੇਰੇਦਾਰਾਂ ਨੂੰ ਉ¤ਚਾ-ਸੁੱਚਾ ਸੰਤ ਸਮਝ ਕੇ ਉਨ੍ਹਾਂ ਦੇ ਪਿਛਲੱਗੂ ਬਣਨ ਆਦਿਕ) ਵਿੱਚ ਹੀ ਲਿਪਤ ਰਹਿਣਾ ਚਾਹੁੰਦਾ ਹੈ, ਤਾਂ ਇਸ ਵਿੱਚ ਸਿੱਖਾਂ ਜਾਂ ਕਿਸੇ ਹੋਰ ਕੌਮ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੇ ਬਿਨਾਂ ਜਾਂ ਇਨ੍ਹਾਂ ਦੇ ਉਪਦੇਸ਼ਾਂ ’ਤੇ ਅਮਲ ਕਿਤੇ ਬਿਨਾਂ ਕੋਈ ਵੀ ਇਨਸਾਨ ਆਪਣੀ ਜ਼ਿੰਦਗੀ ਬਿਤਾ ਸਕਦਾ ਹੈ ਪਰ ਇਸ ਨਾਲ ਉਹ ਸਾਰੀ ਜ਼ਿੰਦਗੀ ਆਤਮਕ ਅਗਿਆਨਤਾ/ਵਿਕਾਰਾਂ ਅਤੇ ਧਰਮ ਦੇ ਨਾਮ ’ਤੇ ਪ੍ਰਚਲਿਤ ਕਰਮ-ਕਾਂਡਾਂ ਦਾ ਹੀ ਸ਼ਿਕਾਰ ਰਹੇਗਾ।
ਗੁਰਨਾਮ ਸਿੰਘ ਨੇ ਇਹ ਨਹੀਂ ਦੱਸਿਆ ਕਿ ਮੁਸਲਮਾਨਾਂ ਨੂੰ, ਇਸਾਈਆਂ ਨੂੰ, ਬੋਧੀਆਂ ਨੂੰ ਸਿੱਖਾਂ ਵਰਗਾ ਕਿਹੜਾ ਇਤਰਾਜ਼ ਨਹੀਂ। ਕੀ ਜੇਕਰ ਕਿਸੇ ਵਿਅਕਤੀ, ਖ਼ਾਸਕਰ ਗੈਰ-ਮੁਸਲਿਮ ਵੱਲੋਂ ਜਨਤੱਕ ਤੌਰ ’ਤੇ ਕੁਰਾਨ ਸ਼ਰੀਫ ਦੀ ਬੇਅਦਬੀ ਕੀਤੀ ਜਾਏ, ਤਾਂ ਮੁਸਲਮਾਨ ਸਮਾਜ ਇਸਨੂੰ ਚੁਪਚਾਪ ਬਰਦਾਸ਼ ਕਰ ਲਏਗਾ? ਜਦ ਕੱਟੜਪੰਥੀ ਹਿੰਦੂਆਂ ਵੱਲੋਂ ਕਈ ਥਾਵਾਂ ’ਤੇ ਅੰਬੇਡਕਰ (ਜੋ ਕੋਈ ਧਰਮ ਗੁਰੂ ਜਾਂ ਸੰਤ ਨਹੀਂ ਸਨ) ਦੀਆਂ ਮੂਰਤੀਆਂ ਦੀ ਬੇਅਦਬੀ ਕਰਨ ਦੀ ਖ਼ਬਰ ਸਾਹਮਣੇ ਆਉਂਦੀ ਹੈ, ਤਾਂ ਦਲਿਤ ਸਮਾਜ ਵੱਲੋਂ ਉਗ੍ਰ ਪ੍ਰਦਰਸ਼ਨ ਜਾਂ ਤੋੜ-ਫੋੜ ਆਦਿਕ ਨਹੀਂ ਕੀਤੀ ਜਾਂਦੀ। ਮੁਸਲਮਾਨ, ਇਸਾਈ, ਬੋਧੀ ਜਾਂ ਹੋਰ ਧਰਮਾਂ ਵਾਲੇ ਲੋਕ ਆਪੋ-ਆਪਣੇ ਧਰਮ ਦੀ ਮਰਿਆਦਾ ਮੁਤਾਬਿਕ ਆਪਣੇ ਧਰਮ ਦੇ ਧਰਮ ਅਸਥਾਨਾਂ ਵਿੱਚ ਰੱਬ ਜਾਂ ਆਪਣੇ ਸੰਸਥਾਪਕਾਂ ਦੀ ਪੂਜਾ ਕਰਦੇ ਹਨ। ਜੇਕਰ ਤੁਸੀਂ ਚਰਚ ਵਿੱਚ ਜਾ ਕੇ ਪੂਜਾ ਕਰਨੀ ਹੋਵੇ, ਤਾਂ ਤੁਹਾਨੂੰ ਇਸਾਈਆਂ ਦੇ ਨੇਮ ਮੰਨਣੇ ਹੀ ਪੈਣਗੇ। ਜੇਕਰ ਤੁਸੀਂ ਮਸਜਿਦ ਵਿੱਚ ਜਾ ਕੇ ਇਬਾਦਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾਂ ਇਸਲਾਮ ਧਰਮ ਅਪਣਾ ਕੇ, ਇਸਲਾਮਿਕ ਨੇਮਾਂ ਮੁਤਾਬਿਕ ਹੀ ਨਮਾਜ਼ ਕਰਨੀ ਪਏਗੀ। ਇਸੇ ਤਰ੍ਹਾਂ, ਜੇਕਰ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਮੁਤਾਬਿਕ ਰੱਬ ਨਾਲ ਇਕਮਿਕਤਾ ਹਾਸਲ ਕਰਨ ਲਈ ਕੋਈ ਵਿਅਕਤੀ ਗੁਰੂ ਘਰ (ਗੁਰਦੁਆਰੇ) ਵਿੱਚ ਜਾਣਾ ਚਾਹੁੰਦਾ ਹੈ, ਤਾਂ ਉਸਨੂੰ ਗੁਰਦੁਆਰੇ ਦੇ ਨੇਮ (ਮਰਿਆਦਾ) ਮੰਨਣੀ ਹੀ ਪਵੇਗੀ - ਗੁਰਨਾਮ ਸਿੰਘ ਵਰਗੇ ਲੇਖਕ ਇਸਨੂੰ ‘ਸਿੱਖਾਂ ਦੀ ਜੁੱਤੀ ਥੱਲੇ ਜਿਉਣਾ’ ਕਹਿ ਕੇ ਦਲਿਤਾਂ ਨੂੰ ਸਿੱਖਾਂ ਵਿਰੁੱਧ ਕਿਉਂ ਭੜਕਾ ਰਹੇ ਹਨ? ਦਲਿਤਾਂ ਨੂੰ ਕਿਸਨੇ ਮਜਬੂਰ ਕੀਤਾ ਹੈ ਕਿ ਉਹ ਜਰੂਰ ਹੀ ਗੁਰਦੁਆਰੇ ਵਿੱਚ ਜਾਣ? ਪਰ ਜੇਕਰ ਉਹ ਗੁਰਦੁਆਰੇ ਜਾਂਦੇ ਹਨ ਜਾਂ ਆਪਣੇ ਮੰਦਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਹਨ, ਤਾਂ ਕੀ ਉਨ੍ਹਾਂ ਦਾ ਫਰਜ਼ ਨਹੀਂ ਬਣਦਾ ਕਿ ਉਹ ਸਿੱਖ ਮਰਿਆਦਾ ਮੁਤਾਬਿਕ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਾਇਮ ਰੱਖਣ? ਰਵਿਦਾਸੀਆ ਸਮਾਜ ਨੂੰ ਆਪਣਾ ਪਿਛਲੱਗੂ ਬਣਾਉਣ ਵਾਲੇ ਡੇਰੇਦਾਰਾਂ ਵੱਲੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਖੁੱਲਮ-ਖੁੱਲਾ ਅਪਮਾਨ ਕਰਨਾ ਅਤੇ ਇਸ ਦਾ ਵਿਰੋਧ ਹੋਣ ’ਤੇ ਆਪਣੀ ਦਲਿਤ ਪਛਾਣ ਦਾ ਵਾਸਤਾ ਪਾ ਕੇ ਬੇਚਾਰੇ ਜਿਹੇ ਬਣ ਜਾਣਾ ਅਤੇ ਇਸ ਤਰ੍ਹਾਂ ਦਲਿਤ ਸਮਾਜ ਦਾ ਜਜ਼ਬਾਤੀ ਸ਼ੋਸ਼ਣ ਕਰਨਾ ਕਿਥੋਂ ਤੱਕ ਜਾਇਜ਼ ਹੈ? ਗੁਰਨਾਮ ਸਿੰਘ ਵਰਗੇ ਲੇਖਕਾਂ ਵੱਲੋਂ ਦਲਿਤਾਂ ਨੂੰ ਸਰਕਾਰਾਂ ਤੇ ਖੁਫੀਆ ਏਜੰਸੀਆਂ ਦੀ ਸਿੱਖ-ਵਿਰੋਧੀ ਨੀਤੀਆਂ ਬਾਰੇ ਜਾਗਰੁਕ ਕਰਨ ਦੀ ਬਜਾਏ ਦਲਿਤਾਂ ਨੂੰ ਸਿੱਖਾਂ ਅਤੇ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ਼ ਭੜਕਾਉਣਾ ਕਿਥੋਂ ਤੱਕ ਜਾਇਜ਼ ਹੈ?
ਅਸਲ ਵਿੱਚ ਗੁਰਨਾਮ ਸਿੰਘ ਵਰਗੇ ਪੜ੍ਹੇ-ਲਿਖੇ ਲੇਖਕ ਵੱਲੋਂ ਅਜਿਹੀ ਗੁੰਮਰਾਹਕੁੰਨ ਲਿਖਤ ਲਿਖੇ ਜਾਣ
ਪਿੱਛੇ ਇਕ ਬੜੀ ਸੋਚੀ-ਸਮਝੀ ਤੇ ਚੰਗੀ ਤਰ੍ਹਾਂ ਵਿਚਾਰ ਕੇ ਬਣਾਈ ਇਕ ਖ਼ਾਸ ਨੀਤੀ ਕੰਮ ਕਰ ਰਹੀ ਹੈ।
ਗੁਰਨਾਮ ਸਿੰਘ ਅਤੇ ਉਨ੍ਹਾਂ ਵਰਗੇ ਕਈ ਹੋਰ ਬੋਧੀ ਲੇਖਕ/ਪ੍ਰਚਾਰਕ ਦਲਿਤ ਲੇਖਕਾਂ ਵਜੋਂ ਵੱਖ-ਵੱਖ
ਰਸਾਲਿਆਂ/ਅਖ਼ਬਾਰਾਂ/ਵੈਬਸਾਈਆਂ ’ਤੇ ਆਪਣੇ ਲੇਖ ਲਿਖ ਕੇ ਦਲਿਤਾਂ ਤੇ ਸਿੱਖਾਂ ਵਿਚਕਾਰ ਪਾੜਾ ਪਾਉਣ
ਅਤੇ ਦਲਿਤਾਂ ਨੂੰ ਸਿੱਖਾਂ ਤੋਂ ਦੂਰ ਕਰਨ ਦੀ ਰਣਨੀਤੀ ’ਤੇ ਕੰਮ ਕਰ ਰਹੇ ਹਨ। ਇਸ ਤੱਥ ਦੀ ਤਸਦੀਕ
ਬੰਗਲੌਰ ਤੋਂ ਪ੍ਰਕਾਸ਼ਿਤ ਹੁੰਦੇ ‘ਦਲਿਤ ਵਾਇਸ’ ਨਾਂ ਦੇ ਅੰਗਰੇਜ਼ੀ ਰਸਾਲੇ ਦੇ ਅਧਿਐਨ ਤੋਂ ਹੋ ਜਾਂਦੀ
ਹੈ। ਇਹ ਰਸਾਲਾ ਵੀ.ਟੀ. ਰਾਜਸ਼ੇਖਰ ਨਾਂ ਦੇ ਇਕ ਦਲਿਤ ਬੁੱਧੀਜੀਵੀ ਵੱਲੋਂ ਦਲਿਤ ਸਮਾਜ ਵਿੱਚ
ਜਾਗ੍ਰਿਤੀ ਲਿਆਉਣ ਦੇ ਮਕਸਦ ਨਾਲ ਅਰੰਭਿਆ ਗਿਆ ਸੀ। ਸ੍ਰੀ ਰਾਜਸ਼ੇਖ਼ਰ ਸਿੱਖ ਧਰਮ ਵੱਲੋਂ
ਬ੍ਰਾਹਮਣਵਾਦੀ ਵਿਚਾਰਧਾਰਾ ਵਿਰੁੱਧ ਕੀਤੀ ਗਈ ਬਗਾਵਤ ਕਾਰਨ ਸਿੱਖ ਫਲਸਫੇ ਅਤੇ ਭਾਈ ਜਰਨੈਲ ਸਿੰਘ
ਭਿੰਡਰਾਂਵਾਲੇ ਦਾ ਕਾਫੀ ਸਨਮਾਨ ਕਰਦੇ ਰਹੇ ਹਨ। ਭਾਈ ਜਰਨੈਲ ਸਿੰਘ ਦੇ ਪੱਖ ਵਿੱਚ ਲੇਖ ਲਿਖਣ ਕਾਰਨ
ਉਨ੍ਹਾਂ ਨੂੰ ਜੇਲ੍ਹ ਵਿੱਚ ਵੀ ਡੱਕ ਦਿੱਤਾ ਗਿਆ ਸੀ ਪਰ ਬੂਟਾ ਸਿੰਘ ਵੱਲੋਂ ਸਮੇਂ ਸਿਰ ਕੀਤੀ ਗਈ
ਮਦਦ ਕਾਰਨ ਉਹ ਕੁਝ ਦਿਨਾਂ ਬਾਅਦ ਹੀ ਅਜ਼ਾਦ ਵੀ ਹੋ ਗਏ ਸਨ।
ਸ੍ਰੀ ਗੁਰਨਾਮ ਸਿੰਘ ਮੁਕਤਸਰ ਅਤੇ ਇਨ੍ਹਾਂ ਵਰਗੇ ਕਈ ਹੋਰ ਬੋਧੀ ਲੇਖਕ ਦਲਿਤ ਲੇਖਕਾਂ ਵਜੋਂ ‘ਦਲਿਤ
ਵਾਇਸ’ ਵਿੱਚ ਲੇਖ ਭੇਜ ਕੇ ਸਿੱਖ ਸਮਾਜ ਵਿੱਚ ਆਈਆਂ ਸਿਧਾਂਤਕ ਕਮੀਆਂ ਅਤੇ ਵੱਖ-ਵੱਖ ਸਮਿਆਂ ’ਤੇ
ਹੋਣ ਵਾਲੀਆਂ ਘਟਨਾਵਾਂ (ਜਿਵੇਂ ਮੌਜੂਦਾ ਸਮੇਂ ਵਿੱਚ ਡੇਰਾ ਬੱਲਾਂ ਦੇ ਡੇਰੇਦਾਰ ਰਾਮਾਨੰਦ ਦਾ ਕਤਲ)
ਬਾਰੇ ਗਲਤ ਜਾਣਕਾਰੀ ਪੇਸ਼ ਕਰਕੇ ਦਲਿਤ ਪਾਠਕਾਂ ਨੂੰ ਗੁੰਮਰਾਹ ਕਰਦੇ ਰਹੇ ਹਨ। ਇਨ੍ਹਾਂ ਵੱਲੋਂ
ਬਾਰ-ਬਾਰ ਅਜਿਹੀਆਂ ਗੁੰਮਰਾਹਕੁੰਨ ਲਿਖਤਾਂ ਲਿਖਣ ਨਾਲ ਸ੍ਰੀ ਰਾਜਸ਼ੇਖ਼ਰ ਤੇ ਇਹ ਪ੍ਰਭਾਵ ਪਿਆ ਹੈ ਕਿ
ਸਾਰੇ ਸਿੱਖ ਦਲਿਤ-ਵਿਰੋਧੀ ਹੁੰਦੇ ਹਨ। ਇਸਲਈ ਉਨ੍ਹਾਂ ਨੇ ਆਪਣੇ ਰਸਾਲੇ ਦੇ ਜੂਨ 09 ਦੇ ਦੂਜੇ
ਪੰਦਰਵਾੜੇ ਦੇ ਅੰਕ ਵਿੱਚ ਇਥੋਂ ਤੱਕ ਅਪੀਲ ਕਰ ਦਿੱਤੀ ਕਿ (ਸਿੱਖ ਘਰਾਨਿਆਂ ਨਾਲ ਸਬੰਧਿਤ) ਦਲਿਤਾਂ
ਨੂੰ ਸਿੱਖ ਧਰਮ ਤਿਆਗ ਕੇ ਆਪਣਾ ਨਿਵੇਕਲਾ ‘ਰਵਿਦਾਸ ਧਰਮ’ ਸਥਾਪਿਤ ਕਰ ਲੈਣਾ ਚਾਹੀਦਾ ਹੈ।
ਮੌਜੂਦਾ ਸਮੇਂ ਵਿੱਚ ਇਨ੍ਹਾਂ ਦੀ ਨੀਤੀ ਹੈ ਕਿ ਦਲਿਤਾਂ ਨੂੰ ਇਹ ਕਿਹਾ ਜਾਏ ਕਿ ਤੁਸੀਂ ਸਿੱਖਾਂ ਤੋਂ
ਮੰਗ ਕਰੋ ਕਿ ਉਹ ਰਵਿਦਾਸ ਜੀ ਨੂੰ ‘ਗੁਰੂ’ ਕਹਿਣ। ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਰਵਿਦਾਸ ਜੀ
ਦੀਆਂ ਰਚਨਾਵਾਂ ਨੂੰ ‘ਭਗਤਾਂ ਕੀ ਬਾਣੀ’ ਵਾਲੇ ਹਿੱਸੇ ਵਿੱਚ ਦਰਜ ਕੀਤਾ ਗਿਆ ਹੈ ਅਤੇ ਸਿੱਖ ‘ਗੁਰੂ’
ਲਫ਼ਜ਼ ਸਿਰਫ਼ ਗੁਰੂ ਨਾਨਕ ਜੋਤਿ ਦੇ ਸਰੂਪਾਂ ਲਈ ਵਰਤਦੇ ਹਨ - ਇਸਲਈ ਸਿੱਖਾਂ ਵੱਲੋਂ ਦਲਿਤਾਂ ਦੀ ਇਹ
ਮੰਗ ਠੁਕਰਾ ਦਿੱਤੀ ਜਾਂਦੀ ਹੈ (ਹਾਲਾਂਕਿ ਸ਼੍ਰੋਮਣੀ
ਕਮੇਟੀ ’ਤੇ ਕਬਜ਼ਾ ਰੱਖਣ ਵਾਲੀ ਅਕਾਲੀ ਪਾਰਟੀ ਦੀ ਹੀ ਸਰਕਾਰ ਸਰਕਾਰੀ ਇਸ਼ਤਿਹਾਰਾਂ ਵਿੱਚ ਰਵਿਦਾਸ ਜੀ
ਨੂੰ ‘ਗੁਰੂ’ ਕਹਿ ਕੇ ਹੀ ਪ੍ਰਚਾਰਦੀ ਹੈ)। ਜਦ ਸਿੱਖ ਦਲਿਤਾਂ ਦੀ ਇਸ ਮੰਗ ਨੂੰ ਠੁਕਰਾ ਦਿੰਦੇ ਹਨ
ਤਾਂ ਅਜਿਹੇ ਲੇਖਕ/ਪ੍ਰਚਾਰਕ ਸਿੱਖਾਂ ’ਤੇ ਦਲਿਤ-ਵਿਰੋਧੀ ਹੋਣ ਦਾ ਲੇਬਲ ਲਗਾ ਕੇ ਇਹ ਇਲਜ਼ਾਮ
ਲਗਾਉਂਦੇ ਹਨ ਕਿ ਕਿਉਂਕਿ ਭਗਤ ਰਵਿਦਾਸ ਜੀ ‘ਚਮਾਰ’ ਬਿਰਾਦਰੀ ਨਾਲ ਸਬੰਧਿਤ ਸਨ, ਇਸਲਈ ਸਿੱਖ
ਉਨ੍ਹਾਂ ਨੂੰ ਗੁਰੂ ਕਹਿਣ ਤੋਂ ਇਨਕਾਰੀ ਹਨ ਜਦਕਿ ਉ¤ਚੀਆਂ ਜਾਤਾਂ ਵਾਲੇ ਘਰਾਨਿਆਂ ਨਾਨਕ ਵਿਚਾਰਧਾਰਾ
ਦੇ ਸਰੂਪਾਂ ਨੂੰ ‘ਗੁਰੂ’ ਕਹਿੰਦੇ ਹਨ। (ਜਦ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ
ਦਰਜ ਹੈ ਅਤੇ ਸਿੱਖ ਇਸਨੂੰ ਮੱਥਾ ਵੀ ਟੇਕਦੇ ਹਨ ਤੇ ਇਨ੍ਹਾਂ ਰਚਨਾਵਾਂ ਦਾ ਪਾਠ/ਕੀਰਤਨ ਵੀ ਕਰਦੇ
ਹਨ, ਤਾਂ ਰਵਿਦਾਸ ਜੀ ਨੂੰ ਗੁਰੂ ਸਮਾਨ ਸਤਿਕਾਰ ਤਾਂ ਖ਼ੁਦ-ਬ-ਖ਼ੁਦ ਮਿਲ ਜਾਂਦਾ ਹੈ, ਉਨ੍ਹਾਂ ਨੂੰ ਇਕ
ਵੱਖਰੇ ‘ਗੁਰੂ’ ਵਜੋਂ ਸਥਾਪਿਤ ਕਰਨ ਦੀ ਜ਼ਿੱਦ ਕਿਉਂ?) ਇਸ ਗਲਤ ਧਾਰਨਾ ਕਾਰਨ ਦਲਿਤਾਂ ਵਿੱਚ ਸਿੱਖਾਂ
ਪ੍ਰਤੀ ਕੁੜੱਤਨ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਜਦ ਡੇਰਾ ਬੱਲਾਂ ਦੇ ਦਲਿਤ ਸਾਧ ਦੇ ਮਾਰੇ ਜਾਣ
ਜਾਂ ਅਜਿਹੀ ਕੋਈ ਹੋਰ ਘਟਨਾ ਵਾਪਰਦੀ ਹੈ ਤਾਂ ਗੁਰਨਾਮ ਸਿੰਘ ਵਰਗੇ ਲੇਖਕ ਇਨ੍ਹਾਂ ਘਟਨਾਵਾਂ ਨੂੰ
ਸਿੱਖਾਂ ਦੀ ਨੀਵੀਆਂ ਜਾਤਾਂ ਦੇ ਲੋਕਾਂ ਨਾਲ ਨਫ਼ਰਤ ਦੇ ਕਥਿਤ ਸਬੂਤ ਵਜੋਂ ਪ੍ਰਚਾਰ ਕੇ ਇਸ ਪਾੜੇ ਨੂੰ
ਹੋਰ ਵਧਾਉਂਦੇ ਹਨ।
ਇਸ ਤੱਥ ਦੀ ਤਸਦੀਕ ‘ਦਲਿਤ ਵਾਇਸ’ ਰਸਾਲੇ ਦੇ ਜੂਨ 09 ਦੇ ਦੂਜੇ ਪੰਦਰਵਾੜੇ ਦੇ ਅੰਕ ਵਿੱਚ ਹਿਸਾਰ ਤੋਂ ਕੁਲਦੀਪ ਕੁਮਾਰ ਨਾਂ ਦੇ ਇਕ ਬੋਧੀ ਪ੍ਰਚਾਰਕ ਨੇ ਦਲਿਤਾਂ ਤੇ ਮੁਸਲਮਾਨਾਂ ਨੂੰ ਗੁੰਮਰਾਹ ਕਰਨ ਲਈ ਜੋ ਲੇਖ ਲਿਖਿਆ ਹੈ, ਉਸਦਾ ਸਾਰ ਕੁਝ ਇਸ ਤਰ੍ਹਾਂ ਹੈ :
1) ਸਿੱਖ ਪਹਿਲਾਂ ਹਮੇਸ਼ਾ ਮੁਸਲਮਾਨਾਂ ਨਾਲ ਅਤੇ ਹੁਣ ਦਲਿਤਾਂ ਨਾਲ ਲੜਦੇ ਰਹਿੰਦੇ ਹਨ।
2) ਗੁਰੂ ਨਾਨਕ, ਜੋ ਜਾਤ ਦਾ ਖੱਤਰੀ ਸੀ, 1500 ਈਸਵੀ ਵਿੱਚ ਸੰਤ ਬਣ ਗਿਆ। ਉਸਨੇ ਹਿੰਦੂ ਦੇਵਤਿਆਂ
ਦੀ ਉਸਤਤਿ ਵਿੱਚ ਗੀਤ ਗਾਏ। ਕਾਸ਼ੀ ਵਿੱਚ ਉਹ ਦੋ ਸੰਤਾਂ ਨੂੰ ਮਿਲੇ ਗੁਰੂ ਕਬੀਰ ਅਤੇ ਗੁਰੂ ਰਵਿਦਾਸ,
ਜਿਨ੍ਹਾਂ ਨੇ ਉਸ ਦੀ ਵਿਚਾਰਧਾਰਾ ਵਿੱਚ ਤਬਦੀਲੀ ਲਿਆਉਂਦੀ। ਉਸ (ਨਾਨਕ) ਨੇ ਇਨ੍ਹਾਂ ਗੁਰੂਆਂ ਦੀ
ਬਾਣੀ ਗਾਉਣੀ ਸ਼ੁਰੂ ਕਰ ਦਿੱਤੀ। ਕੁਝ ਪੁਰਾਣੇ ਵਿਦਵਾਨ ਦਾਅਵਾ ਕਰਦੇ ਹਨ ਕਿ ਗੁਰੂ ਕਬੀਰ ਹੀ ਉਨ੍ਹਾਂ
ਦੇ ਅਸਲੀ ਗੁਰੂ ਸਨ।...
3) ਬ੍ਰਾਹਮਣ ਨੌਵੇਂ ਗੁਰੂ ਕੋਲ ਗਏ ਤੇ ਉਸਦੀ ਤੇ ਉਸਦੇ ਬੇਟੇ ਗੁਰੂ ਗੋਬਿੰਦ ਸਿੰਘ ਦੀ ਖੁਸ਼ਾਮਦ
ਕੀਤੀ। ਪਰ 9ਵੇਂ ਗੁਰੂ ਦਾ ਚਾਂਦਨੀ ਚੌਕ, ਦਿੱਲੀ ਵਿਖੇ ਸਿਰ ਕਲਮ ਕਰ ਦਿੱਤਾ ਗਿਆ ਸੀ।
4) 1699 ਵਿੱਚ ਗੁਰੂ ਗੋਬਿੰਦ ਸਿੰਘ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ। ਜ਼ਿਆਦਾਤਰ ਮਜ਼ਹਬੀ ਤੇ ਚਮਾਰ
ਹੀ ਉਸਦੀ ਫੌਜ ਵਿੱਚ ਭਰਤੀ ਹੋਏ। ਕੋਈ ਬ੍ਰਾਹਮਣ ਅੱਗੇ ਨਹੀਂ ਆਇਆ। ਭਾਵੇਂ ਸਿੱਖ ਧਰਮ ਬ੍ਰਾਹਮਣਵਾਦ
ਦਾ ਟਾਕਰਾ ਕਰਨ ਲਈ ਸਥਾਪਿਤ ਕੀਤਾ ਗਿਆ ਸੀ, ਪਰ ਬ੍ਰਾਹਮਣਾਂ ਨੇ ਇਸ ਲੜਾਕੂ ਕੌਮ ਨੂੰ ਹਮੇਸ਼ਾ
ਮੁਸਲਮਾਨਾਂ ’ਤੇ ਹਮਲਾ ਕਰਨ ਅਤੇ ਉਨ੍ਹਾਂ ਨੂੰ ਕਤਲ ਕਰਨ ਵਾਸਤੇ ਉਪਯੋਗ ਕੀਤਾ।...
ਕੁਲਦੀਪ ਕੁਮਾਰ ਨਾਂ ਦੇ ਇਸ ਲੇਖਕ ਦਾ ਸਾਰਾ ਲੇਖ ਇਤਿਹਾਸ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤੇ ਗਏ ਅਜਿਹੇ ਝੂਠਾਂ ਦਾ ਬਖਾਨ ਕਰਦਾ ਹੈ। ਸੱਚਾਈ ਇਹ ਹੈ ਕਿ :
1) ਸਿੱਖਾਂ ਦੀ ਮੁਸਲਮਾਨਾਂ ਨਾਲ ਕੋਈ ਲੜਾਈ ਨਹੀਂ ਸੀ ਬਲਕਿ ਉਹ ਆਮ ਜਨਤਾ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੀ ਤਤਕਾਲੀ ਮੁਗਲ ਸਰਕਾਰ ਖਿਲਾਫ਼ ਲੜਦੇ ਸਨ। ਹੱਕ ਦੇ ਇਸ ਸੰਘਰਸ਼ ਵਿੱਚ ਮੀਆਂ ਮੀਰ, ਪੀਰ ਬੁੱਧੂ ਸ਼ਾਹ ਆਦਿਕ ਕਈ ਸੂਝਵਾਨ ਮੁਸਲਮਾਨਾਂ ਨੇ ਵੀ ਗੁਰੂ ਸਾਹਿਬਾਨ ਦਾ ਭਰਪੂਰ ਸਾਥ ਦਿੱਤਾ ਸੀ। ਜੇਕਰ ਇਹ ਸੰਘਰਸ਼ ਮੁਸਲਮਾਨਾਂ ਖਿਲਾਫ਼ ਹੁੰਦਾ, ਤਾਂ ਅਜਿਹੇ ਸੂਝਵਾਨ ਮੁਸਲਮਾਨ ਕਦੇ ਵੀ ਸਿੱਖਾਂ ਦਾ ਸਾਥ ਨਾ ਦਿੰਦੇ।
2) ਗੁਰੂ ਨਾਨਕ ਸਾਹਿਬ ਬਚਪਨ ਤੋਂ ਹੀ ਸੱਚ ਦੇ ਮਾਰਗ ’ਤੇ ਚਲਦੇ ਆ ਰਹੇ ਸਨ। ਉਨ੍ਹਾਂ ਨੇ ਬੋਧੀ ਜਾਂ ਹਿੰਦੂ ਡੇਰੇਦਾਰਾਂ ਦੀ ਤਰ੍ਹਾਂ ਕੋਈ ਖ਼ਾਸ ਰਸਮ ਅਪਣਾ ਕੇ 1500 ਈਸਵੀ ਵਿੱਚ ਸੰਤ ਬਣਨ ਦਾ ਕੋਈ ਦਾਅਵਾ ਨਹੀਂ ਕੀਤਾ ਸੀ। ਅਜਿਹਾ ਦਾਅਵਾ ਕਰਨ ਤੋਂ ਪਹਿਲਾਂ ਕੁਲਦੀਪ ਕੁਮਾਰ ਨੂੰ ਕਿਸੇ ਇਤਿਹਾਸਕ ਦਸਤਾਵੇਜ਼ ਦਾ ਹਵਾਲਾ ਜ਼ਰੂਰ ਦੇਣਾ ਚਾਹੀਦਾ ਸੀ।
ਗੁਰੂ ਨਾਨਕ ਸਾਹਿਬ ਨੇ ਹਿੰਦੂ ਦੇਵਤਿਆਂ ਦੀ ਉਸਤਤਿ ਨਹੀਂ ਕੀਤੀ ਬਲਕਿ ਉਨ੍ਹਾਂ ਦਾ ਖੰਡਨ ਹੀ ਕੀਤਾ। ਇਸ ਬਾਬਤ ਗਲਤ ਜਾਣਕਾਰੀ ਪੇਸ਼ ਕਰਨ ਤੋਂ ਪਹਿਲਾਂ ਕੁਲਦੀਪ ਕੁਮਾਰ ਵਰਗੇ ਲੇਖਕਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਤੇ ਉਨ੍ਹਾਂ ਦੇ ਹੋਰ ਸਰੂਪਾਂ ਦੀਆਂ ਰਚਨਾਵਾਂ ਪੜ੍ਹਨ ਦੀ ਖੇਚਲ ਕਰਨੀ ਚਾਹੀਦੀ ਹੈ।
ਇਹ ਸੱਚ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਗਿਆਨ ਦਾ ਪ੍ਰਚਾਰ ਕਰਨ ਵਾਸਤੇ ਬਨਾਰਸ, ਹਰਿਦੁਆਰ ਆਦਿਕ ਹਿੰਦੂ ਤੀਰਥਾਂ ’ਤੇ ਗਏ ਸਨ ਪਰ ਉੱਥੇ ਉਨ੍ਹਾਂ ਦੀ ਕਬੀਰ ਜੀ ਜਾਂ ਰਵਿਦਾਸ ਜੀ ਨਾਲ ਮੁਲਾਕਾਤ ਹੋਣ ਦਾ ਕੋਈ ਜ਼ਿਕਰ ਇਤਿਹਾਸ ਵਿੱਚ ਨਹੀਂ ਆਉਂਦਾ। ਕੁਲਦੀਪ ਕੁਮਾਰ ਨੇ ਇਹ ਨਹੀਂ ਦੱਸਿਆ ਕਿ ਕਿਹੜੇ ‘ਪੁਰਾਣੇ’ ਵਿਦਵਾਨ ਕਬੀਰ ਜੀ ਜਾਂ ਰਵਿਦਾਸ ਜੀ ਨੂੰ ਨਾਨਕ ਜੀ ਦਾ ‘ਗੁਰੂ’ ਕਹਿੰਦੇ ਹਨ ਅਤੇ ਉਨ੍ਹਾਂ ਕੋਲ ਅਜਿਹਾ ਦਾਅਵਾ ਕਰਨ ਲਈ ਕਿਹੜਾ ਇਤਿਹਾਸਕ ਪ੍ਰਮਾਣ ਹੈ। ਗੁਰੂ ਨਾਨਕ ਸਾਹਿਬ ਨੇ ਆਪਣਾ ਗੁਰੂ ਇਕ ਨਿਰਾਕਾਰ ਪਰਮਾਤਮਾ ਨੂੰ ਹੀ ਧਾਰਿਆ ਸੀ, ਜਿਸਦੀ ਜਾਣਕਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਉਨ੍ਹਾਂ ਦੀ ਬਾਣੀ ਤੋਂ ਹੀ ਮਿਲ ਜਾਂਦੀ ਹੈ।
3) ਕਸ਼ਮੀਰੀ ਬ੍ਰਾਹਮਣ ਗੁਰੂ ਤੇਗ ਬਹਾਦਰ ਸਾਹਿਬ ਕੋਲ ਤਾਂ ਗਏ ਸਨ ਪਰ ਗੁਰੂ ਸਾਹਿਬ ਨੇ ਆਪਣੀ ਖੁਸ਼ਾਮਦ ਨਹੀਂ ਬਲਕਿ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਵਾਸਤੇ ਆਪਣੀ ਸ਼ਹਾਦਤ ਦਿੱਤੀ ਸੀ। ਗੋਬਿੰਦ ਰਾਏ (ਗੁਰੂ ਗੋਬਿੰਦ ਸਿੰਘ ਜੀ) ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹਾਦਤ ਲਈ ਪ੍ਰੇਰਣ ਦੀ ਕਹਾਣੀ ਬ੍ਰਾਹਮਣਵਾਦੀਆਂ ਦੀ ਹੀ ਘੜੀ ਹੋਈ ਹੈ।
4) ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੇ ਗੁਰੂ ਨਾਨਕ ਜੋਤਿ ਦੇ ਪਹਿਲੇ 9 ਸਰੂਪਾਂ ਤੋਂ ਵੱਖਰਾ ਕੋਈ ਧਰਮ ਜਾਂ ਪੰਥ ਸਥਾਪਿਤ ਨਹੀਂ ਕੀਤਾ ਸੀ ਬਲਕਿ ਖੰਡੇ ਬਾਟੇ ਦੀ ਪਾਹੁਲ ਲੈ ਕੇ, ਗੁਰੂ ਗ੍ਰੰਥ ਸਾਹਿਬ ਦਾ ਸੱਚਾ ਗਿਆਨ ਅਤੇ ਹਥਿਆਰਬੰਦ ਹੋ ਕੇ ਜ਼ਾਲਮ ਤਾਕਤਾਂ ਨਾਲ ਸੰਘਰਸ਼ ਕਰਨ ਵਾਲੇ ਖ਼ਾਲਸ ਇਨਸਾਨਾਂ ਨੂੰ ‘ਖ਼ਾਲਸਾ’ ਦਾ ਨਾਮ ਦਿੱਤਾ ਸੀ। ਬ੍ਰਾਹਮਣ ਦਰਬਾਰੀਆਂ ਜਿਵੇਂ ਚੰਦੂ ਤੇ ਗੰਗੂ ਆਦਿਕ ਵੱਲੋਂ ਮੁਸਲਿਮ ਸ਼ਾਸਕਾਂ ਨੂੰ ਸਿੱਖਾਂ ਵਿਰੁੱਧ ਭੜਕਾਉਣ ਕਾਰਨ ਹੀ ਸਿੱਖਾਂ ਤੇ ਮੁਸਲਿਮ ਸ਼ਾਸਕਾਂ ਵਿਚਕਾਰ ਕਈ ਵਾਰ ਟਕਰਾਅ ਹੁੰਦਾ ਰਿਹਾ।
ਜ਼ਾਹਿਰ ਹੈ ਕਿ ਬੋਧੀ ਲੇਖਕ ਨੇ ਜਾਣਬੁੱਝ ਕੇ ਦਲਿਤ ਤੇ ਮੁਸਲਿਮ ਪਾਠਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ।
ਅਸਲ ਵਿੱਚ, ਇਨ੍ਹਾਂ ਸਾਰੇ ਲੇਖਕਾਂ/ਪ੍ਰਚਾਰਕਾਂ ਦੀ ਨੀਤੀ ਇਹੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਰਵਿਦਾਸ ਜੀ ਨੂੰ ਗੁਰੂ ਨਾਨਕ ਸਾਹਿਬ (ਅਤੇ ਕਬੀਰ ਆਦਿਕ ਹੋਰਨਾਂ ਭਗਤਾਂ) ਦੇ ‘ਗੁਰੂ’ ਵਜੋਂ ਮਾਨਤਾ ਦਿਵਾ ਦਿੱਤੀ ਜਾਏ। ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਇਸਦੇ ਛੇਤੀ ਹੀ ਬਾਅਦ ਇਨ੍ਹਾਂ ਹੀ ਲੇਖਕਾਂ ਨੇ ਇਹ ਪ੍ਰਚਾਰ ਸ਼ੁਰੂ ਕਰ ਦੇਣਾ ਹੈ ਕਿ ਭਗਤ ਰਵਿਦਾਸ ਜੀ ਤਾਂ ਬੋਧੀ (ਬੁੱਧ ਧਰਮ ਦੇ ਸ਼ਰਧਾਲੂ) ਸਨ - ਇਸਲਈ ਗੁਰੂ ਨਾਨਕ ਸਾਹਿਬ ਵੀ ਇਕ ਬੋਧੀ ਪੈਗੰਬਰ ਹੀ ਸਨ। ਇਸਲਈ ਸਾਰੇ ਸਿੱਖ ਵੀ ਬੋਧੀ ਹੀ ਹਨ।
ਇਸ ਤੱਥ ਦੀ ਤਸਦੀਕ ‘ਦਲਿਤ ਵਾਇਸ’ ਦੇ ਅਗਸਤ ਦੇ ਪਹਿਲੇ ਪੰਦਰਵਾੜੇ ਦੇ ਅੰਕ ਵਿੱਚ ਪ੍ਰਕਾਸ਼ਿਤ ਇਕ ਹੋਰ ਬੋਧੀ ਲੇਖਕ ਡਾ: ਕੇ. ਜਮਨਾਦਾਸ ਦੇ ਲੇਖ ‘‘ਵ੍ਹਾਟ ਹੈਪੰਡ ਇਨ ਪੰਜਾਬ ਵਾਜ਼ ਏ ਕਾਸਟ ਵਾਰ’’ (ਪੰਜਾਬ ਵਿੱਚ ਜੋ ਹੋਇਆ, ਉਹ ਇਕ ਜਾਤਵਾਦੀ ਟਕਰਾਅ ਸੀ) ਨੂੰ ਪੜ੍ਹ ਕੇ ਹੋ ਜਾਂਦੀ ਹੈ। ਇਸ ਲੇਖ ਵਿੱਚ ਡਾ: ਜਮਨਾਦਾਸ ਕਹਿੰਦੇ ਹਨ :
‘‘ਮੇਰੇ ਕੋਲ ਪੰਜਾਬ (ਦੇ ਬੋਧੀ ਲੇਖਕਾਂ) ਵਾਸਤੇ ਕੁਝ ਸੁਝਾਅ ਹਨ : 1) ਇਹ ਸ਼ੱਕ ਤੋਂ ਪਰ੍ਹਾਂ ਸਾਬਿਤ ਹੋ ਚੁੱਕਾ ਹੈ ਕਿ ਸਾਡੇ ਸੰਤਾਂ ਨੇ ਹਿੰਦੂਵਾਦ ਦਾ ਪ੍ਰਚਾਰ ਨਹੀਂ ਕੀਤਾ। 2) ਉਨ੍ਹਾਂ ਨੇ ਜੋ ਪ੍ਰਚਾਰ ਕੀਤਾ ਉਹ ਬੋਧੀ ਫਲਸਫੇ ਦਾ ਪ੍ਰਚਾਰ ਸੀ, ਜੋ ਬ੍ਰਾਹਮਣੀ ਵਿਚਾਰਾਂ ਕਾਰਨ ਪ੍ਰਦੂਸ਼ਿਤ ਹੋ ਗਿਆ ਸੀ। 3) ਸਾਡੇ ਸੰਤ ਮੁਸਲਮਾਨ ਰਾਜਿਆਂ ਅਤੇ ਬ੍ਰਾਹਮਣਵਾਦੀ (ਪੁਜਾਰੀਆਂ) ਦੀ ਸਖ਼ਤੀ ਕਾਰਨ ਮਜਬੂਰ ਸਨ ਅਤੇ ਉਨ੍ਹਾਂ ਨੂੰ ਆਪਣੇ ਦਿਨ ਭੇਖ ਵੱਟ ਕੇ (ਹਿੰਦੂ ਸਾਧਾਂ ਵਜੋਂ) ਗੁਜਾਰਨੇ ਪਏ ਅਤੇ ਉਹ ਖ਼ੁਦ ਨੂੰ ਬੋਧੀ ਨਹੀਂ ਐਲਾਨ ਸਕੇ। ਇਸਲਈ ਸਾਨੂੰ ਇਨ੍ਹਾਂ ਨੂੰ ਸੰਤ, ਭਕਤ ਜਾਂ ਭਗਤ, ਬਲਕਿ ਗੁਰੂ ਵੀ ਨਹੀਂ ਕਹਿਣਾ ਚਾਹੀਦਾ। ਸਾਨੂੰ ਇਨ੍ਹਾਂ ਨੂੰ ‘ਬੋਧੀਤਸਵ’ ਕਹਿ ਕੇ ਪ੍ਰਚਾਰਨਾ ਚਾਹੀਦਾ ਹੈ। ਧੰਮ (ਬੁੱਧ ਧਰਮ) ਦੇ ਪ੍ਰਚਾਰਕਾਂ ਲਈ ਇਹੀ ਪੁਰਾਤਨ ਲਫ਼ਜ਼ ਪ੍ਰਚਲਿਤ ਹੈ।’’
ਸੋ ਸਪਸ਼ਟ ਹੈ ਕਿ ਜਿਵੇਂ ਅਸੀਂ ਉੱਪਰ ਦੱਸਿਆ ਹੈ, ਬੋਧੀ ਪ੍ਰਚਾਰਕਾਂ/ਲੇਖਕਾਂ ਦੀ ਨੀਤੀ ਇਹ ਗਲਤ ਧਾਰਨਾ ਪ੍ਰਚਾਰਨ ਦੀ ਹੈ ਕਿ ਨਾਨਕ ਪਾਤਸ਼ਾਹ ਜੀ ਦੇ ਗੁਰੂ ਰਵਿਦਾਸ ਜੀ ਸਨ ਅਤੇ ਰਵਿਦਾਸ ਜੀ ਬੁੱਧ ਧਰਮ ਦੀਆਂ ਸਿੱਖਿਆਵਾਂ ਨੂੰ ਮੰਨਦੇ ਸਨ ਪਰ ਮੁਸਲਿਮ ਸ਼ਾਸਕਾਂ ਅਤੇ ਪੰਡਤਾਂ ਦੀ ਸਖ਼ਤੀ ਕਾਰਨ ਗੁਰੂ ਨਾਨਕ ਸਾਹਿਬ ਜਾਂ ਰਵਿਦਾਸ ਜੀ, ਬੁੱਧ ਧਰਮ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਨਾ ਕਰ ਸਕੇ। ਹਾਲਾਂਕਿ ਇਹ ਧਾਰਨਾ ਬਿਲਕੁਲ ਗਲਤ ਹੈ। ਬਾਬਰ ਨੂੰ ਜਾਬਰ ਕਹਿ ਸਕਣ ਅਤੇ ਮੱਕਾ-ਮਦੀਨਾ ਵਿੱਚ ਜਾ ਕੇ ਮੁਸਲਿਮ ਪ੍ਰਚਾਰਕਾਂ ਨਾਲ ਵਿਚਾਰ-ਵਟਾਂਦਰਾ ਕਰਨ ਦੀ ਹਿੰਮਤ ਰੱਖਣ ਵਾਲੇ ਗੁਰੂ ਨਾਨਕ ਸਾਹਿਬ ਨੇ ਆਪਣੀਆਂ ਰਚਨਾਵਾਂ ਵਿੱਚ ਅੰਸ਼-ਮਾਤਰ ਵਿੱਚ ਮਹਾਤਮਾ ਬੁੱਧ ਦਾ ਜ਼ਿਕਰ ਨਹੀਂ ਕੀਤਾ ਤਾਂ ਇਸਨੂੰ ‘ਡਰ’ ਦਾ ਨਤੀਜਾ ਨਹੀਂ ਮੰਨਿਆ ਜਾ ਸਕਦਾ। ਸ਼ੰਕਰਾਚਾਰਿਆ ਦੇ ਸਮੇਂ ਵਿੱਚ ਬੋਧੀ ਪ੍ਰਚਾਰਕਾਂ ਦਾ ਕਤਲੇਆਮ ਤਾਂ ਕੀਤਾ ਗਿਆ ਸੀ ਪਰ ਮੁਸਲਿਮ ਸ਼ਾਸਕਾਂ ਦੇ ਸਮੇਂ ਵਿੱਚ ਹਿੰਦੂ ਪੰਡਿਆਂ ਦੀ ਅਜਿਹਾ ਕਰਨ ਦੀ ਜ਼ੁੱਰਤ ਨਹੀਂ ਪੈ ਸਕਦੀ ਸੀ (ਸਿੱਖ ਵਿਚਾਰਧਾਰਾ ਦਾ ਪ੍ਰਚਾਰ ਵੀ ਮੁਸਲਿਮ ਸ਼ਾਸਕਾਂ ਦਾ ਰਾਜ ਹੋਣ ਕਾਰਨ ਹੀ ਸੰਭਵ ਹੋ ਸਕਿਆ, ਹਿੰਦੂ ਰਾਜਿਆਂ ਨੇ ਤਾਂ ਹਮੇਸ਼ਾ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਦੀ ਕਵਾਇਦ ਹੀ ਜਾਰੀ ਰੱਖੀ। ਇਨ੍ਹਾਂ ਹਿੰਦੂ ਰਾਜਿਆਂ ਨੇ ਹੀ 13 ਵਾਰੀ ਗੁਰੂ ਗੋਬਿੰਦ ਸਿੰਘ ਜੀ ’ਤੇ ਹਮਲਾ ਕੀਤਾ ਸੀ ਅਤੇ ਹਰ ਵਾਰ ਹਾਰੇ ਸਨ। ਇਨ੍ਹਾਂ ਹਾਰਾਂ ਤੋਂ ਬੌਖਲਾ ਕੇ ਹੀ 14ਵੀਂ ਵਾਰ ਉਨ੍ਹਾਂ ਨੇ ਮੁਗਲ ਸੈਨਾ ਦੀ ਮਦਦ ਨਾਲ ਅਨੰਦਪੁਰ ਸਾਹਿਬ ਦੇ ਕਿਲੇ ’ਤੇ ਹਮਲਾ ਕੀਤਾ ਸੀ। ਵੱਡਾ ਘੱਲੂਘਾਰਾ ਕਰਵਾ ਕੇ ਇਕ ਦਿਨ ਵਿੱਚ ਹਜ਼ਾਰਾਂ ਸਿੱਖਾਂ ਨੂੰ ਕਤਲ ਕਰਵਾਉਣ ਵਾਲੇ ਹੀ ਹਿੰਦੂ ਰਾਜੇ ਜਸਪਤ ਰਾਏ ਤੇ ਲਖਪਤ ਰਾਏ ਹੀ ਸਨ)। ਇਹ ਕਹਿਣਾ ਕਿ ਰਵਿਦਾਸ ਜੀ ਜਾਂ ਕਬੀਰ ਜੀ ਮੁਸਲਮਾਨਾਂ ਕੋਲੋਂ ਆਪਣੀ ਜਾਨ ਬਚਾਉਣ ਦੇ ਡਰੋਂ ਲੋਕਾਂ ਨੂੰ ਆਪਣੀ ਅਸਲ ਵਿਚਾਰਧਾਰਾ ਬਾਰੇ ਗਲਤ ਜਾਣਕਾਰੀ ਦਿੰਦੇ ਰਹੇ, ਇਨ੍ਹਾਂ ਮਹਾਨ ਹਸਤੀਆਂ ਦਾ ਭਾਰੀ ਅਪਮਾਨ ਹੈ (ਮੁਸਲਮਾਨਾਂ ਨੂੰ ਇਨ੍ਹਾਂ ਦੇ ਹਿੰਦੂ ਜਾਂ ਬੋਧੀ ਹੋਣ ਨਾਲ ਕੀ ਫ਼ਰਕ ਪੈਂਦਾ ਸੀ?)।
ਇਸਲਈ ਚੰਗਾ ਹੋਵੇ ਜੇਕਰ ਗੁਰਨਾਮ ਸਿੰਘ ਤੇ ਹੋਰ ਬੋਧੀ ਪ੍ਰਚਾਰਕ ਆਪਣੇ ਧਰਮ ਦਾ ਪ੍ਰਚਾਰ ਕਰਨ ਲਈ ਸਿੱਖਾਂ ਤੇ ਦਲਿਤਾਂ ਵਿਚਕਾਰ ਪਾੜਾ ਪਾਉਣ ਦੀ ਆਰ.ਐਸ.ਐਸ. ਵੱਲੋਂ ਅਪਣਾਈਆਂ ਜਾਂਦੀਆਂ ਫਿਰਕੂ ਨੀਤੀਆਂ ਤੋਂ ਪਰਹੇਜ਼ ਕਰਨ। ਕਿਸੇ ਵੀ ਧਰਮ ਦੇ ਧਰਮ ਪ੍ਰਚਾਰਕਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਧਾਰਮਕ ਸਿਧਾਂਤਾਂ ਨੂੰ ਮਨੁੱਖਤਾ ਲਈ ਵੱਧ ਤੋਂ ਵੱਧ ਲਾਭਕਾਰੀ ਸਾਬਿਤ ਕਰਕੇ ਲੋਕਾਂ ਨੂੰ ਆਪਣੇ ਧਰਮ ਵਿੱਚ ਸ਼ਾਮਲ ਕਰਨ - ਸਮਾਜ ਵਿੱਚ ਫਿਰਕੂ ਤਨਾਅ ਪੈਦਾ ਕਰਕੇ ਅਤੇ ਦੂਜੇ ਧਰਮਾਂ ਦੇ ਸੰਸਥਾਪਕਾਂ ਬਾਰੇ ਝੂਠੀਆਂ ਲਿਖਤਾਂ ਲਿਖ ਕੇ ਨਹੀਂ। ਵੇਖਣਾ ਹੁਣ ਇਹ ਹੈ ਕਿ ਗੁਰਨਾਮ ਸਿੰਘ, ਕੁਲਦੀਪ ਕੁਮਾਰ ਤੇ ਇਨ੍ਹਾਂ ਦੀ ਨਸਲ ਦੇ ਹੋਰ ਬੋਧੀ ਪ੍ਰਚਾਰਕ ਇਸ ਤਜਵੀਜ਼ ’ਤੇ ਕਿੰਨਾ ਕੁ ਅਮਲ ਕਰਦੇ ਹਨ।