Subscription About Us Contact Us


ਗੁਰਬਾਣੀ ਵਿਚਾਰਣ ਲਈ ਜ਼ਰੂਰੀ ਨੁਕਤੇ

- ਦਲਬੀਰ ਸਿੰਘ ਐਮ.ਐਸ.ਸੀ. -
ਫੋਨ : 9311118590

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਅਤੇ ਕੀਰਤਨ ਕਰਨਾ ਜਿਤਨਾ ਜ਼ਰੂਰੀ ਹੈ, ਉਤਨਾ ਹੀ ਜ਼ਰੂਰੀ ਹੈ ਗੁਰਬਾਣੀ ਵੀਚਾਰਣਾ ਅਤੇ ਤਤ-ਉਪਦੇਸ਼ ਨੂੰ ਵਧ ਤੋਂ ਵਧ ਗਹਰਾਈ ਨਾਲ ਸਮਝਣਾ। ਯਥਾ ਗੁਰਵਾਕ :

ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਬੀਚਾਰ ॥
(852)

ਗੁਰ ਕੀ ਸੇਵਾ ਸਬਦੁ ਵੀਚਾਰੁ ॥
ਹਉਮੈ ਮਾਰੇ ਕਰਣੀ ਸਾਰੁ ॥
(223)
(ਸ਼ਬਦ ਗੁਰੂ ਜੀ ਦੀ ਅਸਲ ਸੇਵਾ ਇਉਂ ਕਰੀਏ)

ਕੁਬੁਧਿ ਮਿਟੈ ਗੁਰ ਸਬਦੁ ਬੀਚਾਰਿ ॥
ਸਤਿਗੁਰੁ ਭੇਟੈ ਮੋਖ ਦੁਆਰ ॥
(944)
(ਸਬਦ ਵੀਚਾਰ ਰਾਹੀਂ ਪ੍ਰਾਪਤੀ)

ਮਹਾ ਅਨੰਦੁ ਗੁਰ ਸਬਦੁ ਵੀਚਾਰਿ ॥
ਪ੍ਰਿਅ ਸਿਉ ਰਾਤੀ ਧਨ ਸੋਹਾਗਣਿ ਨਾਰਿ ॥
(370)

ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥
(594)

ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥
ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥
ਓਨਾ ਅੰਤਰਿ ਗਿਆਨੁ ਨ ਧਿਆਨੁ ਹੈ ਹਰਿ ਸਉ ਪ੍ਰੀਤਿ ਨ ਪਿਆਰੁ ॥
ਮਨਮੁਖ ਮੁਏ ਵਿਕਾਰ ਮਹਿ ਮਰਿ ਜੰਮਹਿ ਵਾਰੋ ਵਾਰ ॥
(1418)

ਗੁਰਬਾਣੀ ਵੀਚਾਰ ਦਾ ਮੁੱਖ ਮੰਤਵ ਗੁਰਮਤਿ ਸਿਧਾਂਤ ਦ੍ਰਿੜ ਕਰਣਾ ਤੇ ਕਰਾਉਣਾ ਹੈ ਤਾਂ ਜੁ ਮਨੁਖ ਕੂੜ, ਭਰਮ ਅਤੇ ਵਿਕਾਰ ਤਿਆਗ ਕੇ ਸ੍ਰੇਸ਼ਟ ਧਰਮ (ਨਾਮ ਧਰਮ) ਦਾ ਧਾਰਣੀ ਬਣ ਕੇ ਗੁਰ-ਸ਼ਬਦ ਦੀ ਕਮਾਈ ਕਰਕੇ ਜੀਵਨ ਸਫ਼ਲਾ ਕਰ ਸਕੇ।

ਤਜਿ ਸਭਿ ਭਰਮ ਭਜਿਓ ਪਾਰਬ੍ਰਹਮੁ ॥
ਕਹੁ ਨਾਨਕ ਅਟਲ ਇਹੁ ਧਰਮੁ ॥
(196)

ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਧੁਰ ਕੀ ਬਾਣੀ ਦਾ ਧਿਆਨ ਨਾਲ (ਸੁਰਤਿ ਜੋੜ ਕੇ) ਪਾਠ ਕੀਤਿਆਂ ਸ਼ਬਦ-ਗੁਰੂ, ਬਾਣੀ-ਗੁਰੂੁ ਜੀ ਗੁਰਬਾਣੀ ਨੂੰ ਸਮਝਣ-ਵਿਚਾਰਣ ਲਈ ਹੇਠ ਲਿਖੇ ਨੁਕਤੇ ਦ੍ਰਿਦ੍ਰੜ ਕਰਾਉਂਦੇ ਹਨ। ਇਹਨਾਂ ਨੁਕਤਿਆਂ ਵਿਚੋਂ ਲਾਗੂ ਹੋਣ ਵਾਲਾ ਇਕ ਵੀ ਨੁਕਤਾ ਨਜ਼ਰ-ਅੰਦਾਜ਼ ਕੀਤਿਆਂ ਬਾਣੀ ਦੇ ਅਰਥਾਂ ਦੇ ਅਨਰਥ ਹੋ ਸਕਦੇ ਹਨ, ਭਾਵ ਜੋ ਸਿਧਾਂਤ ਉਸ ਵੀਚਾਰ-ਅਧੀਨ ਸ਼ਬਦ ਵਿਚ ਦ੍ਰਿਦ੍ਰੜ ਕਰਾਇਆ ਗਿਆ ਹੈ, ਉਸ ਸਿਧਾਂਤ ਤਕ ਪਹੁੰਚ ਨਹੀ ਸਕਾਂਗੇ, ਭਟਕ ਜਾਂਵਾਂਗੇ ।
1) ਗੁਰੂ ਗ੍ਰੰਥ ਸਾਹਿਬ ਜੀ ਵਿਚ ਵਿਚਾਰਧਾਰਾ ਦੀ ਇਕਸਾਰਤਾ (uniformity of thought) ਹੈ ਜੋ ਕਿ ਅਰਥ ਜਾਂ ਵੀਚਾਰ ਕਰਣ ਲਗਿਆਂ ਭੰਗ ਨਹੀ ਹੋਣੀ ਚਾਹੀਦੀ। ਗੁਰੂ ਅਰਜਨ ਸਾਹਿਬ ਜੀ ਨੇ ਆਦਿ ਬੀੜ ਵਿਚ ਬਾਣੀ ਲਿਖਵਾਉਣ ਸਮੇਂ ਕੁਝ ਭਗਤਾਂ (ਕ੍ਹਾਨਾ, ਪੀਲੂ, ਛਜੂ, ਸ਼ਾਹ ਹੁਸੈਨ ਆਦਿਕ) ਦੀਆਂ ਰਚਨਾਂਵਾਂ ਅੰਕਿਤ ਨਹੀ ਸਨ ਕੀਤੀਆਂ ਕਿਉਂਕਿ ਉਹਨਾਂ ਦੀ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿਚ ਦਰਸਾਏ ਸਿਧਾਂਤਾਂ ਨਾਲ ਮੇਲ ਨਹੀ ਸੀ ਖਾਂਦੀ। ਗੁਰੂ ਗ੍ਰੰਥ ਸਾਹਿਬ ਜੀ ਵਿਚ ਬਾਣੀ-ਰੂਪ ਹੋ ਕੇ ਬੈਠੇ 35 ਬ੍ਰਹਮ-ਗਿਆਨੀ ਇਕੋ ਸਚ (ਨਾਮ ਧਰਮ) ਨਾਲ ਜੁੜੇ ਹੋਏ ਅਲਗ ਅਲਗ ਵਿਚਾਰ ਨਹੀ ਦੇ ਸਕਦੇ ਕਿਉਂਕਿ ਸੱਚ ਹਮੇਸ਼ਾ ਇਕਸਾਰ ਰਹਿੰਦਾ ਹੈ, ਬਦਲਦਾ ਨਹੀਂ । ਇਹ 36 ਮਹਾਪੁਰਖ ਨਿਰਾਕਾਰ ਪਰਮਾਤਮਾ ੴ ਦੇ ਉਪਾਸ਼ਕ ਹਨ, ਬ੍ਰਾਹਮਣ-ਵਾਦੀ ਫੋਕਟ-ਕਰਮ ਤੇ ਵਰਣ-ਵੰਡ ਵਿਰੋਧੀ ਹਨ, ਨਸ਼ੇ ਅਤੇ ਭੇਖੀ-ਵਿਕਾਰੀ ਜੀਵਨ ਜੀਉਣ ਵਾਲਿਆਂ (ਸਾਕਤ- ਮਤੀਏ, ਦੇਵੀ-ਪੂਜਕਾਂ) ਦੇ ਵਿਰੋਧੀ ਹਨ। ਚੇਤੇ ਰਖੀਏ ਇਹ ਗੁਰਵਾਕ :

ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥
(646)

2) ॥ਰਹਾਉ॥ ਵਾਲੀ ਪੰਕਤੀ ਜਾਂ ਪੰਕਤੀਆਂ ਪੂਰੇ ਸ਼ਬਦ ਦਾ ਕੇਂਦਰੀ ਭਾਵ (ਫਕਅਵਗ਼; ਜਦਕ਼) ਦਰਸਾਉਂਦੀਆਂ ਹਨ ਅਤੇ ਬਾਕੀ ਅੰਤਰੇ ਵਿਸਤਾਰ ਨਾਲ ਕੇਂਦਰੀ ਭਾਵ ਸਮਝਾਉਂਦੇ ਹਨ। ਇਸ ਲਈ ਜ਼ਰੂਰੀ ਹੈ ਕਿ ਰਹਾਉ ਵਾਲਾ ਬੰਦ ਸਭ ਤੋਂ ਪਹਿਲੋਂ ਸਮਝਿਆ ਤੇ ਵੀਚਾਰਿਆ ਜਾਵੇ। ਕੀਰਤਨੀਏ ਇਸ ਰਹਾਉ ਵਾਲੇ ਬੰਦ ਨੂੰ ‘ਅਸਥਾਈ’ ਕਰਕੇ ਗਾਇਨ ਕਰਨ ਤਾਂ ਹੀ ਉਸ ਸਬਦ ਵਿਚ ਦਰਸਾਇਆ ਗੁਰਮਤਿ ਸਿਧਾਂਤ ਦ੍ਰਿਦ੍ਰੜ ਹੋਵੇਗਾ। ਮਿਸਾਲ ਵਜੋਂ, ਹੇਠ ਲਿਖੇ ਸਬਦ ਨੂੰ ਵੀਚਾਰੀਏ :-

ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ ॥
ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ ॥1॥
ਮੁਲਾਂ ਕਹਹੁ ਨਿਆਉ ਖੁਦਾਈ ॥
ਤੇਰੇ ਮਨ ਕਾ ਭਰਮੁ ਨ ਜਾਈ ॥1॥ਰਹਾਉ॥
ਪਕਰਿ ਜੀਉ ਆਨਿਆ ਦੇਹ ਬਿਨਾਸੀ ਮਾਟੀ ਕਉ ਬਿਸਮਿਲਿ ਕੀਆ ॥
ਜੋਤਿ ਸਰੂਪ ਅਨਾਹਤ ਲਾਗੀ ਕਹੁ ਹਲਾਲੁ ਕਿਆ ਕੀਆ ॥2॥
ਕਿਆ ਉਜੂ ਪਾਕੁ ਕੀਆ ਮੁਹੁ ਧੋਇਆ ਕਿਆ ਮਸੀਤਿ ਸਿਰੁ ਲਾਇਆ ॥
ਜਉ ਦਿਲ ਮਹਿ ਕਪਟੁ ਨਿਵਾਜ ਗੁਜਾਰਹੁ ਕਿਆ ਹਜ ਕਾਬੈ ਜਾਇਆ ॥3॥
ਤੂੰ ਨਾਪਾਕੁ ਪਾਕੁ ਨਹੀ ਸੂਝਿਆ ਤਿਸ ਕਾ ਮਰਮੁ ਨ ਜਾਨਿਆ ॥
ਕਹਿ ਕਬੀਰ ਭਿਸਤਿ ਤੇ ਚੂਕਾ ਦੋਜਕ ਸਿਉ ਮਨੁ ਮਾਨਿਆ ॥4॥
(ਰਾਗ ਪ੍ਰਭਾਤੀ, 1350)

ਅਰਥ : ਹੇ ਮੁਲਾਂ ! ਤੂੰ ਰੱਬੀ ਇਨਸਾਫ਼ (ਜੋ ਕਿ ਨਿਰੋਲ ਸਚ ਤੇ ਆਧਾਰਿਤ ਹੈ) ਦੀ ਗੱਲ ਦੱਸ। ਤੇਰੇ ਮਨ ਦਾ ਇਕ ਭਰਮ ਤਾਂ ਦੂਰ ਹੋਇਆ ਹੀ ਨਹੀ (ਤਾਂ ਤੂੰ ਹੋਰਨਾਂ ਦਾ ਉਹ ਭਰਮ ਕਿਵੇਂ ਦੂਰ ਕਰੇਂਗਾ)।ਰਹਾਉ।

ਕਿਸੇ ਧਾਰਮਿਕ ਗ੍ਰੰਥ ਨੂੰ ਬਿਨਾ ਵੀਚਾਰੇ ਜੋ ਉਸ ਗ੍ਰੰਥ ਨੂੰ ਝੂਠਾ ਆਖਦਾ ਹੈ ਉਹ ਖ਼ੁਦ ਝੂਠਾ ਹੂੰਦਾ ਹੈ। ਉਂਜ ਤੂੰ ਕੁਰਾਨ ਵਿਚੋਂ ਪੜ ਕੇ ਕਹਿੰਦਾ ਹੈਂ ਕਿ ਖ਼ੁਦਾ ਸਭ ਵਿਚ ਵਸਦਾ ਹੈ ਪਰ ਜਿਸ ਮੁਰਗੀ ਨੂੰ ਮਾਰ ਕੇ ਤੂੰ ਖ਼ੁਦਾ ਦੇ ਨਾਂ ਤੇ ਕੀਤੀ ਕੁਰਬਾਨੀ ਆਖਦਾ ਹੈਂ ਉਸ ਮੁਰਗੀ ਵਿਚ ਵੀ ਖ਼ੁਦਾ ਵਸਦਾ ਸੀ ਤਾਂ ਦਸ ਤੂੰ ਕਿਉਂ ਉਸ ਮੁਰਗੀ (ਜਾਂ ਬਕਰਾ ਜਾਂ ਗਾਂ) ਨੂੰ ਮਾਰਦਾ ਹੈਂ ॥1॥

ਤੂੰ ਕਿਸੇ ਜੀਵ (ਮੁਰਗੀ, ਗਾਂ, ਬਕਰਾ) ਪਕੜ ਕੇ ਲੈ ਆਂਦਾ, ਉਸ ਦੀ ਗਰਦਨ ਤੇ ਛੁਰੀ ਚਲਾ ਕੇ ਮਾਰ ਦਿੱਤਾ, ਮਿੱਟੀ ਹੋ ਗਏ ਮੁਰਦੇ ਤੇ ਤੂੰ ਬਿਸਮਿੱਲਾ ਆਖ ਕੇ ਕਲਮਾਂ ਪੜ੍ਹੀਆਂ। ਉਸ ਜੀਵ ਵਿਚ ਵਸਦਾ ਖ਼ੁਦਾ ਦਾ ਨੂਰ (ਆਤਮਾ) ਖ਼ੁਦਾ(ਪਰਮਾਤਮਾ) ਵਿਚ ਜਾ ਪਹੁੰਚਿਆ ਤਾਂ ਦੱਸ, ਹੇ ਮੁਲਾਂ ! ਤੂੰ ਹਲਾਲ (ਜਾਇਜ਼ ਕਰਮ, ਪੁੰਨ ਕਰਮ) ਕਿਹੜਾ ਕੀਤਾ ? ॥2॥

ਕੀ ਹੋਇਆ ਜੇ ਤੂੰ ਹੱਥ, ਪੈਰ, ਮੂੰਹ ਧੋ ਕੇ (ਸ਼ਰੀਰਕ ਸੁੱਚ ਕਰਕੇ) ਮਸੀਤ ਵਿਚ ਸਿਰ ਝੁਕਾਇਆ। ਜੇ ਦਿਲ ਵਿਚ ਫ਼ਰੇਬ ਹੋਵੇ ਤਾਂ ਕੋਈ ਫ਼ਾਇਦਾ ਨਹੀ ਨਮਾਜ਼ ਪੜ੍ਹਨ ਦਾ ਅਤੇ ਹੱਜ ਕਰਨ ਮੱਕਾ, ਕਾਬਾ (ਧਾਰਮਕ ਸਥਾਨ ਤੇ) ਜਾਣ ਦਾ ॥3॥

ਜਾਨਵਰ ਦੀ ਕੁਰਬਾਨੀ ਅਤੇ ਫ਼ਰੇਬੀ ਦਿਲ ਨਾਲ ਨਮਾਜ਼ ਅਦਾ ਕੀਤਿਆਂ, ਹੇ ਮੁਲਾਂ! ਤੂੰ ਮਨ ਕਰਕੇ ਮੈਲਾ ਹੀ ਰਿਹਾ ਕਿਉਂਕਿ ਤੈਨੂੰ ਪਾਕ (ਪਵਿੱਤਰ ਖ਼ੁਦਾ) ਦੀ ਅਸਲੀਅਤ ਦੀ ਸੂਝ ਨਹੀ ਸੀ ਨ ਹੀ ਕੁਰਾਨ ਪੜ੍ਹ ਕੇ ਰੱਬੀ-ਭੇਦ ਜਾਣ ਸਕਿਆ। ਇਸ ਲਈ ਹੇ ਕਬੀਰ! ਕਹ ਦੇ ਮੁਲਾਂ ਨੂੰ ਕਿ ਤੈਨੂੰ ਜਾਨਵਰ ਦੀ ਕੁਰਬਾਨੀ ਦੇਣ ਨਾਲ, ਫ਼ਰੇਬੀ ਦਿਲ ਨਾਲ ਨਮਾਜ਼ ਵਗੈਰਾ ਅਦਾ ਕਰਣ ਨਾਲ ਬਹਿਸ਼ਤ (.ਕ਼ਡਕਅ) ਨਹੀ ਮਿਲਣੀ, ਤੇਰਾ ਮਨ ਦੋਜ਼ਕ (.ਕ;;) ਦੀ ਅੱਗ ਵਿਚ ਸੜਨ ਜੋਗਾ ਹੀ ਰਹਿ ਗਿਆ ਹੈ ॥4॥

ਕੁਝ ਕੀਰਤਨੀਏ ਅੱਧੀ ਪੰਕਤੀ ‘ਤਉ ਕਿਉ ਮੁਰਗੀ ਮਾਰੈ॥’ ਅਸਥਾਈ ਕਰਕੇ ਗਾਇਨ ਕਰਦੇ ਹਨ ਅਤੇ ਇਸ ਸਬਦ ਨੂੰ ਮਾਸ-ਵਿਰੋਧੀ ਦਸਦੇ ਹਨ । ਪਰ ਇਸ ਸਬਦ ਵਿਚ ਕਬੀਰ ਸਾਹਿਬ ਮੁੱਲਾਂ ਜੀ ਦਾ ਇਕੋ ਇਕ ਭਰਮ ‘ਤੇਰੇ ਮਨ ਕਾ ਭਰਮੁ’ ਦੂਰ ਕਰਨਾ ਚਾਹੁੰਦੇ ਹਨ ਅਤੇ ਉਹ ਭਰਮ ਹੈ ‘ਜਾਨਵਰ ਦੀ ਕੁਰਬਾਨੀ ਦੇ ਕੇ ਖੁਦਾ ਦੀ ਬਖ਼ਸ਼ਿਸ ਹਾਸਲ ਕਰਨਾ’ ਅਤੇ ਇਹ ਨੁਕਤਾ ਦੂਜੇ ਅੰਤਰੇ ਨੂੰ ਵੀਚਾਰਿਆਂ ਸਪਸ਼ਟ ਹੋ ਜਾਂਦਾ ਹੈ । ਨੋਟ ਕੀਤਾ ਜਾਵੇ ‘ਮਨ ਕਾ ਭਰਮੁ’ ਲਿਖਿਆ ਹੈ ਨਾ ਕਿ ‘ਮਨ ਕੇ ਭਰਮ’ (ਭਰਮੁ } ਇਕ ਵਚਨ, ਭਰਮ } ਬਹੁਵਚਨ)। ੴ ਦੀ ਬਖ਼ਸ਼ਿਸ਼ ‘ਤਨੁ ਮਨੁ ਅਰਪਉ ਪੂਜ ਚਰਾਵਉ ॥ ਗੁਰਪਰਸਾਦਿ ਨਿਰੰਜਨੁ ਪਾਵਉ ॥ (525), ਆਪਾ ਕੁਰਬਾਨ ਕੀਤਿਆਂ ਹੋ ਸਕਦੀ ਹੈ, ਨ ਕਿ ਜਾਨਵਰ ਕੁਰਬਾਨ ਕੀਤਿਆਂ।

(3) ਗੁਰਬਾਣੀ ਵਿਆਕਰਣ :- ਹਰ ਸਾਹਿਤਕ ਬੋਲੀ ਦੇ ਅਲਗ ਵਿਆਕਰਣਕ-ਨਿਯਮ ਹੁੰਦੇ ਹਨ । ਗੁਰਬਾਣੀ-ਵਿਆਕਰਣ ਦੇ ਨਿਯਮ ਸਮਝ ਕੇ ਅਰਥ ਕੀਤਿਆਂ ਕੋਈ ਭਰਮ-ਭੁਲੇਖਾ ਨਹੀ ਰਹਿੰਦਾ । ਉਪਰ ਲਿਖੇ ਸਬਦ ਵਿਚ ‘ਮਨ ਕਾ ਭਰਮੁ’ ਦੀਆਂ ਲਗਾਂ-ਮਾਤਰਾ ਦੀ ਅਹਿਮੀਯਤ ਨਜ਼ਰ-ਅੰਦਾਜ਼ ਕਰਨ ਨਾਲ ਅਸਲ ਸਿਧਾਂਤ ਪਾਸੇ ਰਹਿ ਗਿਆ। ਲਗਾਂ-ਮਾਤਰਾ ਦਾ ਸੰਬੰਧ ਗੁਰਬਾਣੀ ਵਿਆਕਰਣ ਨਾਲ ਹੈ। ਹੇਠ ਲਿਖੀਆਂ ਪੰਕਤੀਆਂ ਵਿਚ ਘਰ ਅਤੇ ਗੁਰ ਅਖਰਾਂ ਤੇ ਧਿਆਨ ਦੇਣਾ :

ਛਿਅ ਘਰ ਛਿਅ ਗੁਰ ਛਿਅ ਉਪਦੇਸ॥
ਗੁਰੁ ਗੁਰੁ ਏਕੋ ਵੇਸ ਅਨੇਕ ॥1॥
ਬਾਬਾ ਜੈ ਘਰਿ ਕਰਤੇ ਕੀਰਤਿ ਹੋਇ ॥
ਸੋ ਘਰੁ ਰਾਖੁ ਵਡਾਈ ਤੋਇ॥1॥ਰਹਾਉ॥
(12)

ਪਦ ਅਰਥ :- ਛਿਅ ਘਰ } ਛੇ ਉਪਨਿਸ਼ਦ (ਘਰ ਬਹੁਵਚਨ)। ਜੈ ਘਰਿ } ਜਿਸ ਗ੍ਰੰਥ ਰਾਹੀਂ, ਜਿਸ ਗ੍ਰੰਥ ਵਿਚ। ਘਰੁ } ਇਕ ਗ੍ਰੰਥ ( ਮਾਤਰਾ ੁ ਇਕ ਵਚਨ) । ਗੁਰੁ } ਇਕ ਗੁਰੂ । ਗੁਰੁ ਗੁਰੁ } ਇਕੋ ਇਕ ਗੁਰੂ ।

ਅਰਥ : ਹੇ ਭਾਈ ! ਜਿਸ ਗ੍ਰੰਥ ਵਿਚ ਕਰਤੇ, ੴ ਨਿਰਾਕਾਰ ਪਰਮਾਤਮਾ, ਦੀ ਸਿਫ਼ਤ-ਸਾਲਾਹ ਕਰਨ ਦਾ ਉਪਦੇਸ਼ ਲਿਖਿਆ ਹੈ, ਉਸ ਇਕੋ ਇਕ ਗ੍ਰੰਥ ਨੂੰ ਰਖ ਲੈ, ਬਾਕੀ ਸਾਰੇ ਤਿਆਗ ਦੇ, ਤੇਰੀ ਸਿਆਣਪ ਜਾਂ ਵਡਿਆਈ ਇਸੇ ਵਿਚ ਹੈ ॥
ਤਾਂ ਤੇ ਸਿਖ ਕੌਮ ਨੂੰ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਨਾਲ ਹੀ ਜੁੜਨਾ ਚਾਹੀਦਾ ਹੈ ਕਿਉਂਕਿ ਇਹੀ ਗ੍ਰੰਥ ਕਰਤੇ ਦੀ ਕੀਰਤੀ ਨਾਲ ਜੋੜਦਾ ਹੈ; ਬਾਕੀ ਗ੍ਰੰਥ- ਦਸਮ ਗ੍ਰੰਥ, ਸਰਬਲੋਹ ਗ੍ਰੰਥ, ਜਨਮਸਾਖੀ ਭਾਈ ਬਾਲੇ ਵਾਲੀ, ਗੁਰਬਿਲਾਸ ਪਾਤਸ਼ਾਹੀ ਛੇਵੀਂ, ਰਹਿਤਨਾਮੇ ਆਦਿਕ, ਜੋ ਕਿ ਅਵਤਾਰ-ਵਾਦੀ, ਗੁਰਮਤਿ-ਵਿਰੋਧੀ ਜਾਂ ਗੁਰੂ-ਨਿੰਦਕ ਹਨ, ਤਿਆਗਣ ਜੋਗ ਹਨ।

ਹੋਰ ਪ੍ਰਮਾਣ :

ਆਹਰ ਸਭਿ ਕਰਦਾ ਫਿਰੇ ਆਹਰੁ ਇਕੁ ਨ ਹੋਇ॥
ਨਾਨਕ ਜਿਤੁ ਆਹਰਿ ਜਗੁ ਉਧਰੈ ਵਿਰਲਾ ਬੂਝੈ ਕੋਇ ॥
(965)

(ਆਹਰ } ਰ ਮੁਕਤਾ, ਬਹੁ-ਵਚਨ, ਸਾਰੇ ਆਹਰ। ਆਹਰੁ } ਇਕ ਵਚਨ, ਇਕ ਆਹਰ। ਆਹਰਿ } ਆਹਰ ਵਿਚ ।)

ਅਰਥ :- ਮਨੁਖ ਲੋਕ ਸੁਹੇਲਾ ਕਰਨ ਲਈ ਸਾਰੇ ਆਹਰ, ਕੰਮ, ਕਰਦਾ ਹੈ ਪਰ ਪਰਲੋਕ ਸੁਹੇਲਾ ਕਰਨ ਲਈ ਇਕ ਵੀ ਉੱਦਮ ਨਹੀ ਕਰਦਾ। ਕੋਈ ਵਿਰਲਾ ਹੀ ਹੈ ਜੋ ਸਮਝਦਾ ਹੈ ਕਿ ਜਗ ਨੇ ਉਧਰਣ ਦੇ ਆਹਰ (ਨਾਮ ਧਰਮ) ਵਿਚ ਲਗਣਾ ਹੈ ।

ਇਸ ਜਾਣਕਾਰੀ ਲਈ ‘ਗੁਰਬਾਣੀ ਵਿਆਕਰਣ ਦੇ ਸਰਲ ਨੇਮ’ ਮਿਸ਼ਨਰੀ ਕਾਲਜ ਦੀ ਪੁਸਤਕ ਪੜ੍ਹਨੀ ਚਾਹੀਦੀ ਹੈ ।

(4) ਜੇ ਵੀਚਾਰ-ਅਧੀਨ ਸ਼ਬਦ ਵਿਚ ਇਤਿਹਾਸਕ ਜਾਂ ਮਿਥਹਾਸਕ ਪ੍ਰਸੰਗ ਲਿਖਿਆ ਹੋਵੇ ਤਾਂ ਉਸ ਪ੍ਰਸੰਗ ਦਾ ਬਿਆਨ ਸੰਖੇਪ ਵਿਚ ਕਰਕੇ ਸਿਧਾਂਤ ਦ੍ਰਿਦ੍ਰੜ ਕਰਾਇਆ ਜਾਵੇ। ਵਾਧੂ ਅਤੇ ਮਨਘੜਤ ਕਹਾਣੀਆਂ ਸੁਣਾ ਕੇ ਸਮਾਂ ਬਰਬਾਦ ਨਾ ਕੀਤਾ ਜਾਵੇ । ਵਾਧੂ ਕਹਾਣੀਆਂ ਦਾ ਖੰਡਨ ਵਿਚਾਰਧਾਰਾ ਦੀ ਇਕਸਾਰਤਾ, ਸਬਦ ਦਾ ਸਿਰਲੇਖ , ਵਿਆਕਰਣ-ਨਿਯਮਾਂ ਆਦਿਕ ਨੂੰ ਧਿਆਨ ਵਿਚ ਰਖਿਆਂ ਸਹਜੇ ਹੀ ਕੀਤਾ ਜਾ ਸਕਦਾ ਹੈ । ਮਿਸਾਲ ਵਜੋਂ,

ਮੇਰਾ ਮਨੁ ਲੋਚੈ ਗੁਰ ਦਰਸਨੁ ਤਾਈ ॥
(ਮਾਝ ਮਹਲਾ 5)

ਸ਼ਬਦ ਨਾਲ ਜੋੜਿਆ ਗਿਆ ਪ੍ਰਸੰਗ, ਗੁਰੂ ਰਾਮਦਾਸ ਸਾਹਿਬ ਜੀ ਨੂੰ ਪੁੱਤਰ ਬਾਬਾ ਅਰਜਨ ਜੀ ਨੇ ਲਾਹੌਰ ਤੋਂ ਚਿੱਠੀਆਂ ਲਿਖੀਆਂ ਤੇ ਨਾਨਕ ਪਦ ਵਰਤ ਕੇ ਬਾਣੀ ਉਚਾਰੀ, ਬਿਲਕੁਲ ਮਨ-ਘੜਤ ਹੈ ਕਿਉਂਕਿ ਉਸ ਸਮੇ ਗੁਰਗੱਦੀ ਤੇ ਚੌਥੇ ਨਾਨਕ ਸੁਸ਼ੋਭਿਤ ਸਨ ਅਤੇ ਸਿਰਲੇਖ ੱਮਾਝ ਮਹਲਾ 5- ਦੱਸਦਾ ਹੈ ਕਿ ਇਹ ਬਾਣੀ ਗੁਰੂ ਅਰਜਨ ਸਾਹਿਬ ਨੇ ਗੁਰਗੱਦੀ ਤੇ ਬੈਠਣ ਤੋਂ ਬਾਅਦ ਉਚਾਰੀ।

(5) ਗੁਰਬਾਣੀ ਵਿਚ ਬਹੁ-ਅਰਥਕ ਲਫ਼ਜ਼ ਵੀ ਵਰਤੇ ਗਏ ਹਨ। ਪ੍ਰਕਰਣ ਅਨੁਸਾਰ ਢੁਕਵੇਂ ਅਰਥ ਹੀ ਕੀਤੇ ਜਾਣ। ਭੁਲੇਖਾ ਪੈਂਦਾ ਹੋਵੇ ਤਾਂ ਭਾਈ ਕ੍ਹਾਨ ਸਿੰਘ ਰਚਿਤ ਮਹਾਨ ਕੋਸ਼ ਵਾਚ ਲੈਣਾ ਚਾਹੀਦਾ ਹੈ। ਪ੍ਰਕਰਣ ਅਨੁਸਾਰ ‘ਕਰਮੀ’ ਦੇ ਅਰਥ :-

ਕਰਮੀ ਸਹਜੁ ਨ ਊਪਜੈ ਵਿਣੁ ਸਹਜੈ ਸਹਸਾ ਨ ਜਾਇ॥
(919)
ਕਰਮੀ } ਕਰਮ-ਕਾਂਡ ਕੀਤਿਆਂ

ਏਹੁ ਹਰਿ ਰਸੁ ਕਰਮੀ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥
(921)
ਕਰਮੀ } ਸਤਿਗੁਰ ਦੀ ਬਖ਼ਸ਼ਿਸ਼ ਨਾਲ

ਮੈ ਬਿਗਰੇ ਅਪਨੀ ਮਤਿ ਖੋਈ॥
ਮੇਰੇ ਭਰਮਿ ਭੂਲਉ ਮਤਿ ਕੋਈ॥
(855)
ਮਤਿ ਖੋਈ } ਅਕਲ ਗੁਆਈ; ਮਤਿ ਕੋਈ } ਨ ਕੋਈ।

ਭਗਉਤੀ ਪਦ ਦੇ ਅਰਥ ਮਹਾਨ ਕੋਸ਼ ਵਿਚੋਂ ਪੜਿਆਂ ਅਰਦਾਸ ‘ਪ੍ਰਿਥਮ ਭਗਉਤੀ..’ ਸੰਬੰਧੀ ਪਿਆ ਭੁਲੇਖਾ ਦੂਰ ਹੁੰਦਾ ਹੈ ।

(6) ਗੁਰਬਾਣੀ ਦੇ ਕੇਵਲ ਭਾਵ-ਅਰਥ :- ਹੋਰ ਪ੍ਰਮਾਣ ਅਤੇ ਸਿੱਖ-ਵਿਚਾਰਧਾਰਾ ਨੂੰ ਮੁੱਖ ਰੱਖਕੇ ਕਈ ਥਾਂਈਂ ਲਫ਼ਜ਼ੀ-ਅਰਥ (;ਜਵਕਗ਼; ਠਕ਼ਅਜਅਪ) ਨਹੀਂ ਲੈਣੇ ਚਾਹੀਦੇ, ਕੇਵਲ ਭਾਵ-ਅਰਥ ਹੀ ਲੈਣੇ ਚਾਹੀਦੇ ਹਨ ਤਾਂ ਜੁ ਗੁਰਮਤਿ ਵਿਚਾਰਧਾਰਾ ਦੀ ਇਕਸਾਰਤਾ ਭੰਗ ਨਾ ਹੋਵੇ। ਵੇਖੋ ਸਲੋਕ ਫ਼ਰੀਦ ਜੀ…

ਫਰੀਦਾ ਬੇਨਿਵਾਜਾ ਕੁਤਿਆ ਏਹ ਨ ਭਲੀ ਰੀਤਿ ॥
ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ॥70॥
(1381)

ਭਾਵ, ਸਿਖ ਗੁਰਦਵਾਰੇ ਜਾ ਕੇ ਸਾਧਸੰਗਤਿ ਕਰੇ, ਗੁਰਬਾਣੀ ਕੀਰਤਨ ਕਥਾ ਸੁਣੇ, ਨ ਕਿ ਮਸੀਤਿ ਵਿਚ ਨਮਾਜ਼ ਪੜ੍ਹਨ ਜਾਵੇ ।
ਸਲੋਕ ਕਬੀਰ ਜੀ :

ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ॥
ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁੰਡਾਇ ॥25॥
(1365)

ਇਹ ਸਲੋਕ ਕਬੀਰ ਸਾਹਿਬ ਨੇ ਜਟਾ-ਜੂਟ ਧਾਰੀ ਜੋਗੀਆਂ ਨੂੰ ਅਤੇ ਰੁੰਡ-ਮੁੰਡ ਸੰਨਿਆਸੀਆਂ ਨੂੰ ਵੇਖ ਕੇ ਉਚਾਰਿਆ ਸੀ। ਉਸ ਸਮੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਨਹੀ ਹੋਇਆ ਸੀ । ਕਬੀਰ ਸਾਹਿਬ ਨੇ ਬਾਹਰੀ ਭੇਖ ਦਾ ਖੰਡਨ ਕੀਤਾ ਹੈ ।

ਇਹ ਸਿਧਾਂਤ ਨਾਨਕ-ਬਾਣੀ ਇਉਂ ਸਮਝਾਂਦੀ ਹੈ :

ਭੇਖੀ ਪ੍ਰਭੂ ਨ ਲਭਈ ਵਿਣੁ ਸਚੀ ਸਿਖੰ ॥
(1099)

ਅਜ ਸਿੱਖ ਵੀ ਜੇ ਪੰਜ ਕਕਾਰੀ ਰਹਿਤ ਰੱਖ ਕੇ ਗੁਰੂ ਗ੍ਰੰਥ ਸਾਹਿਬ ਵਿਚ ਦਰਸਾਏ ਨਾਮ-ਧਰਮ , ੴ ਦੀ ਪ੍ਰੇਮਾ-ਭਗਤੀ ਦੇ ਮਾਰਗ ਤੇ ਨਹੀ ਚਲਦਾ ਤਾਂ ਪੰਜ ਕਕਾਰੀ ਰਹਿਤ ਵਾਲਾ ਸਿਖ ਵੀ ਪਾਖੰਡੀ ਹੀ ਕਿਹਾ ਜਾਵੇਗਾ। ਜਿਵੇਂ ਘਰ ਦੀ ਦੌਲਤ ਨੂੰ ਚੋਰਾਂ ਤੋਂ ਬਚਾਣ ਲਈ ਚਾਰ-ਦੀਵਾਰੀ ਦੀ ਲੋੜ ਹੈ ਤਿਵੇਂ ਮਨ ਦੀ ਰਹਤ (ਨਾਮ-ਧਨ) ਨੂੰ ਬਚਾਣ ਲਈ ਤਨ ਦੀ ਰਹਤ ਜ਼ਰੂਰੀ ਹੈ। ਤਨ ਦੀ ਰਹਿਤ ਗੁਰੂ ਨਾਲ ਜੋੜਦੀ ਹੈ ਅਤੇ ਮਨ ਦੀ ਰਹਿਤ (ਗੁਰ-ਸ਼ਬਦ ਦੀ ਕਮਾਈ) ਪਰਮਾਤਮਾ ਨਾਲ ਜੋੜਦੀ ਹੈ ।

(7) ਲਿਖਣ ਸ਼ੈਲੀ, ਸ਼ਬਦਾਵਲੀ ਅਤੇ ਬਣਤਰ-ਸਾਂਝ ਨੂੰ ਗਹੁ ਨਾਲ ਵੇਖਿਆ ਜਾਵੇ।

ਸਲੋਕ ਸਹਸਕ੍ਰਿਤੀ ਮਹਲਾ 1 (1353)
ਪੜਿ ਪੁਸਤਕ ਸੰਧਿਆ ਬਾਦੰ॥
ਸਿਲ ਪੂਜਸਿ ਬਗੁਲ ਸਮਾਧੰ॥……॥
ਜੋ ਜਾਨਸਿ ਬ੍ਰਹਮੰ ਕਰਮੰ ॥
ਸਭ ਫੋਕਟ ਨਿਸਚੈ ਕਰਮੰ ॥
ਕਹੁ ਨਾਨਕ ਨਿਸਚੌ ਧ੍ਹਿਾਵੈ ॥
ਬਿਨੁ ਸਤਿਗੁਰ ਬਾਟ ਨ ਪਾਵੈ ॥1॥
ਨਿਹਫਲੰ ਤਸ੍ਹ ਜਨਮਸ੍ਹ ਜਾਵਦ ਬ੍ਰਹਮ ਨ ਬਿੰਦਤੇ ॥
ਸਾਗਰੰ ਸੰਸਾਰਸ੍ਹ ਗੁਰ ਪਰਸਾਦੀ ਤਰਹਿ ਕੇ ॥
ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ ॥
ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ॥2॥
ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਤ ਬ੍ਰਾਹਮਣਹ॥
ਖ੍ਹਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾਕ੍ਰਿਤਹ ॥
ਸਰਬ ਸਬਦੰ ਤ ਏਕ ਸਬਦੰ ਜੇ ਕੋ ਜਾਨਸਿ ਭੇਉ ॥
ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਉ ॥3॥
ਏਕ ਕ੍ਰਿਸਨੰ ਤ ਸਰਬ ਦੇਵਾ ਦੇਵਦੇਵਾ ਤ ਆਤਮਹ ॥
ਆਤਮੰ ਸ੍ਰੀ ਬਾਸਦੇਵਸ੍ਹ ਜੇ ਕੋਈ ਜਾਨਸਿ ਭੇਵ ॥
ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਵ ॥4॥

ਗੁਰੂ ਨਾਨਕ ਸਾਹਿਬ ਦੇ ਉਚਾਰੇ ਇਹਨਾਂ ਚਾਰ ਸਲੋਕਾਂ ਵਿਚ ਦੂਜਾ ਸਲੋਕ ਬ੍ਰਹਮਗਿਆਨ ਦੀ ਅਵਸਥਾ ਤਕ ਨ ਪੁਜਣ ਵਾਲੇ ਮਨੁਖ ਦਾ ਜੀਵਨ ਨਿਹਫਲ (ਬੇਕਾਰ, ਵਿਅਰਥ) ਦਸਦਾ ਹੈ । ਬਾਕੀ ਤਿੰਨ ਸਲੋਕਾਂ ਦੀ ਬਣਤਰ ਧਿਆਨ ਨਾਲ ਵੇਖੀਏ :

(ੳ) ਹਰ ਸਲੋਕ ਦੇ ਸ਼ੁਰੂ ਵਿਚ ਇਕ ਜਾਂ ਵਧ ਪੰਕਤੀਆਂ ਪ੍ਰਕਰਣ ਦਰਸਾਉਣ ਲਈ ਲਿਖੀਆਂ ਹਨ ਤੇ ਬ੍ਰਾਹਮਣੀ ਨਿਯਮ ਹਨ; (ਅ) ਹਰ ਸਲੋਕ ਵਿਚ ‘ਜੇ’ ਵਾਲੀ ਪੰਕਤੀ ਵਿਚ ਬ੍ਰਾਹਮਣੀ ਨਿਯਮ ਤੇ ਕਿੰਤੂ ਕਰਦਿਆਂ ਸਵਾਲ ਉਠਾਇਆ ਗਿਆ ਹੈ ; (ੲ) ‘ਜੇ’ ਵਾਲੀ ਪੰਕਤੀ ਤੋਂ ਬਾਅਦ ਗੁਰੂ ਸਾਹਿਬ ਨੇ ਅਪਣਾ ਨਿਰਣਾ / ਸਿਧਾਂਤ ਦਿੱਤਾ ਹੈ। ਇਸ ਬਣਤਰ-ਸਾਂਝ, ਸ਼ੈਲੀ ਨੂੰ ਨਜ਼ਰ-ਅੰਦਾਜ਼ ਕਰਣ ਵਾਲੇ ਵਿਆਖਿਆ-ਕਾਰਾਂ ਨੇ ਚੌਥੇ ਸਲੋਕ ਦੇ ਅਰਥ ਠੀਕ ਨਹੀ ਕੀਤੇ।

ਪਹਿਲੇ ਸਲੋਕ ਵਿਚ ਬ੍ਰਾਹਮਣੀ-ਕਰਮਕਾਂਡਾਂ ਦਾ ਹਵਾਲਾ ਦੇ ਕੇ ਪੁਛਿਆ ਜੇ ਕੋਈ ਜਾਣਦਾ ਹੋਵੇ ਤਾਂ ਦਸੇ ‘ਕੀ ਇਹਨਾਂ ਕਰਮਾਂ ਨਾਲ ਬ੍ਰਹਮਗਿਆਨੀ ਬਣ ਸਕਦੇ ਹਾਂ?’ਉੱਤਰ ਹੈ, ਨਹੀਂ। ਇਹ ਫੋਕਟ ਕਰਮ ਹਨ। ਅਸਲ ਰਸਤਾ ਨਾਮ ਜਪਣ ਦਾ ਗੁਰੂ ਦਸੇਗਾ। ਤੀਜੇ ਸਲੋਕ ਵਿਚ ਬ੍ਰਾਹਮਣ ਨੇ ਸਭ ਵਰਣਾਂ ਦੇ ਲੋਕਾਂ ਦਾ ਧਰਮ ਵੱਖ-ਵੱਖ ਦਸਿਆ ਤਾਂ ਗੁਰੂ ਨਾਨਕ ਸਾਹਿਬ ਨੇ ਪੁਛਿਆ ‘ਜੇ ਜਾਣਦਾ ਹੈਂ ਤਾਂ ਦੱਸ ਸਭ ਮਨੁੱਖਾਂ ਦਾ ਸਰਬ-ਸਾਂਝਾ ਧਰਮ ਕੀ ਹੈ?’ ਜੋ ਦੱਸੇ, ਨਾਨਕ ਉਸ ਬ੍ਰਹਮਗਿਆਨੀ ਦਾ ਦਾਸ ਹੈ ।

ਚੌਥੇ ਸਲੋਕ ਵਿਚ ਬ੍ਰਾਹਮਣ ਨੇ ਕ੍ਰਿਸ਼ਨ ਜੀ ਦੀ ਵਡਿਆਈ ਕਰਦਿਆਂ ਦਸਿਆ ਕਿ ਕ੍ਰਿਸ਼ਨ ਜੀ ਦੀ ਆਤਮਾ ਹਰ ਮਨੁੱਖ ਅਤੇ ਦੇਵਤੇ ਵਿੱਚ ਵਸਦੀ ਹੈ। ਗੁਰੂ ਨਾਨਕ ਸਾਹਿਬ ਨੇ ਪੁਛਿਆ ‘ਜੇ ਜਾਣਦੇ ਹੋ ਤਾਂ ਦਸੋ ਕਿ ਬਾਸਦੇਵ (ਕ੍ਰਿਸ਼ਨ ਜੀ ਦੇ ਪਿਤਾ) ਵਿੱਚ ਕਿਸਦੀ ਆਤਮਾ ਵਸਦੀ ਹੈ ? ਜੋ ਦੱਸੇ, ਨਾਨਕ ਉਸ ਬ੍ਰਹਮਗਿਆਨੀ ਦਾ ਦਾਸ ਹੈ । ਗੁਰੂ ਨਾਨਕ ਸਾਹਿਬ ਸਮਝਾਉਣਾ ਚਾਹੁੰਦੇ ਹਨ ਕਿ ਪਿਤਾ ਅੰਦਰ ਪੁੱਤਰ ਦੀ ਆਤਮਾ ਨਹੀ ਹੋ ਸਕਦੀ ਕਿਉਂਕਿ ਪੁੱਤਰ ਦਾ ਜਨਮ ਪਿਤਾ ਤੋਂ ਬਾਅਦ ਹੁੰਦਾ ਹੈ।

ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਇਸ ਸ਼ਲੋਕ ਵਿਚ ਅਵਤਾਰ-ਵਾਦ ਦਾ ਖੰਡਨ ਕੀਤਾ ਹੈ। ਇਹ ਚਾਰ ਸ਼ਲੋਕ ਇਕ ਲੜੀ ਵਿਚ ਪਰੋਤੇ ਹੋਏ ਹਨ ਜਿਨ੍ਹਾਂ ਦਾ ਤਤ-ਉਪਦੇਸ਼ ਇਹ ਹੈ ਕਿ ਬ੍ਰਹਮ-ਗਿਆਨੀ ਅਥਵਾ ਜੀਵਨ-ਮੁਕਤਿ ਅਵਸਥਾ ਦੀ ਪ੍ਰਾਪਤੀ ਸਤਿਗੁਰੂ ਜੀ ਦੇ ਦੱਸੇ ਮਾਰਗ ਤੇ ਚਲ ਕੇ ਕਰਮ-ਕਾਂਡ, ਵਰਣ-ਵੰਡ ਅਤੇ ਅਵਤਾਰ-ਵਾਦ ਤਿਆਗ ਕੇ ਹੀ ਹੁੰਦੀ ਹੈ ।

(8) ਗੁਰਬਾਣੀ ਨੂੰ ਗੁਰਬਾਣੀ ਨਾਲ ਅਰਥਾਓ :- ਗੁਰੂ ਗ੍ਰੰਥ ਸਾਹਿਬ ਵਿਚ ਕਈ ਸਬਦ ਐਸੇ ਹਨ ਜਿਨ‘ਾਂ ਦੀ ਵਿਆਖਿਆ ਗੁਰਬਾਣੀ ਦੇ ਹੋਰ ਸਬਦ ਜਾਂ ਪੰਕਤੀਆਂ ਦੇ ਆਧਾਰ ਤੇ ਹੀ ਹੋ ਸਕਦੀ ਹੈ। ਜਿਵੇਂ ‘ਆਸਾ ਮਹਲਾ 1, ਪਟੀ’ ਦੀ ਵਿਆਖਿਆ ‘ਆਸਾ ਮਹਲਾ 3, ਪਟੀ’ ਕਰਦੀ ਹੈ ਅਤੇ ‘ਬਾਰਹਮਾਹਾ ਤੁਖਾਰੀ ਮਹਲਾ 1’ ਦੀ ਵਿਆਖਿਆ-ਸਰੂਪ ਬਾਣੀ ‘ਬਾਰਹਮਾਹਾ ਮਾਂਝ ਮਹਲਾ 5’ ਹੈ। ਉਪਰ-ਲਿਖੇ ਸਲੋਕ ਸਹਸਕ੍ਰਿਤੀ ਮਹਲਾ 1 ਦੇ ਚੌਥੇ ਸਲੋਕ ‘ਏਕ ਕ੍ਰਿਸਨੰ ……’ ਦੀ ਵਿਆਖਿਆ ਕਰਦਿਆਂ ਕਬੀਰ ਸਾਹਿਬ ਨੇ ਅਵਤਾਰ-ਵਾਦ ਦਾ ਖੰਡਨ ਇਉਂ ਕੀਤਾ ਹੈ :-

ਤੁਮ ਜੁ ਕਹਤ ਹਉ ਨੰਦ ਕੋ ਨੰਦਨੁ ਨੰਦ ਸੁ ਨੰਦਨੁ ਕਾ ਕੋ ਰੇ॥
ਧਰਨਿ ਆਕਾਸੁ ਦਸੋ ਦਿਸ ਨਾਹੀ ਤਬ ਇਹੁ ਨੰਦੁ ਕਹਾ ਥੋ ਰੇ॥1॥ਰਹਾਉ॥
ਸੰਕਟਿ ਨਹੀ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾ ਕੋ ਰੇ ॥
ਕਬੀਰ ਕੋ ਸੁਆਮੀ ਐਸੋ ਠਾਕੁਰੁਜਾ ਕੈ ਮਾਈ ਨ ਬਾਪੋ ਰੇ ॥2॥
(338)

ਅਰਥਾਤ, ਹੇ ਕ੍ਰਿਸ਼ਨ ਪੂਜਕੋ! ਤੁਸੀ ਦਸਦੇ ਹੋ ਕਿ ਕ੍ਰਿਸ਼ਨ ਨੰਦ ਦਾ ਪੁੱਤਰ ਸੀ, ਤਾਂ ਦਸੋ, ਨੰਦ ਕਿਸਦਾ ਪੁੱਤਰ ਸੀ ? ਜਦੋਂ ਇਹ ਧਰਤੀ, ਆਕਾਸ਼, ਸਾਰੀ ਸ੍ਰਿਸ਼ਟੀ ਨਹੀ ਸਨ ਤਾਂ ਇਹ ਨੰਦ ਕਿੱਥੇ ਸੀ? (ਵੇਖੋ ਸਬਦ, ਅਰਬਦ ਨਰਬਦ ਧੁੰਧੂਕਾਰਾ..)
ਕਬੀਰ ਸਾਹਿਬ ਇਸ਼ਟ ਦਾ ਸਰੂਪ ਦਸਦੇ ਹਨ ਕਿ ‘ਮੇਰਾ ਮਾਲਕ (ਸੁਆਮੀ, ਠਾਕੁਰੁ) ਕਿਸੇ ਸੰਕਟ (ਦੁਖ, ਤਕਲੀਫ਼) ਵਿਚ ਨਹੀ ਪੈਂਦਾ, ਕਿਸੇ ਜੂਨੀ ਵਿਚ ਨਹੀ ਆਉਂਦਾ, ਓਹ ਹਸਤੀ ਮਾਇਆ ਤੋਂ ਨਿਰਲੇਪ ਹੈ, ਉਸਦਾ ਕੋਈ ਮਾਤਾ ਪਿਤਾ ਨਹੀ ॥
ਇਸੇ ਤਰ੍ਹਾਂ ਉਪਰ-ਲਿਖੇ ਕਬੀਰ ਸਾਹਿਬ ਦੇ ਸਬਦ ‘ਮੁਲਾਂ ਕਹਹੁ ਨਿਆਉ ਖੁਦਾਈ ॥’ ਵਿਚ ਦਸਿਆ ਭਰਮ,ਅਗਿਆਨਤਾ, ਕੁਮਤਿ (ਦੇਵੀ-ਦੇਵਤਿਆਂ ਅੱਗੇ ਮਨੁਖ ਜਾਂ ਜਾਨਵਰ ਦੀ ਬਲੀ ਦੇਣੀ, ਕਸਾਈ ਦਾ ਕਰਮ) ਪੰਡਿਤ ਦੀ ਵੀ ਦੂਰ ਕਰਦੇ ਹਨ:

ਪਡੀਆ ਕਵਨ ਕੁਮਤਿ ਤੁਮ ਲਾਗੇ ॥
ਬੂਡਹੁਗੇ ਪਰਵਾਰ ਸਕਲ ਸਿਉ ਰਾਮੁ ਨ ਜਪਹੁ ਅਭਾਗੇ ॥1॥ਰਹਾਉ॥…
ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ॥
ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ ॥
(1103)

ਅਰਥਾਤ, ਹੇ ਪੰਡਿਤ ਜੀ ! ਤੁਸੀਂ ਕਿਹੜੀਆਂ ਭੈੜੀਆਂ ਮਤਾਂ ਮਗਰ ਲਗੇ ਹੋਏ ਹੋ? ਹੇ ਬਦ-ਕਿਸਮਤ ਬੰਦੇ ! ਜੇ ਤੂੰ ਨਿਰਾਕਾਰ ਪਰਮਾਤਮਾ ਦਾ ਨਾਮ ਨਹੀ ਜਪਦਾ ਤਾਂ ਤੂੰ ਅਪਣੇ ਪਰਵਾਰ, ਚੇਲਿਆਂ-ਚਾਟੜਿਆਂ ਸਮੇਤ ਭਵ-ਸਾਗਰ ਵਿਚ ਡੁੱਬ ਜਾਂਏਂਗਾ ॥ ਦੇਵੀ-ਦੇਵਤਿਆਂ ਨੂੰ ਪ੍ਰਸੰਨ ਕਰਨ ਲਈ ਤੁਸੀ ਮਨੁੱਖ ਜਾਂ ਜਾਨਵਰ ਨੂੰ ਮਾਰ ਕੇ ਬਲਿ ਚੜ੍ਹਾਉਂਦੇ ਹੋ ਤੇ ਇਸ ਨੂੰ ਧਰਮ-ਕਰਮ ਮਿਥ ਲਿਆ ਤਾਂ ਦਸੋ, ਪਾਪ-ਕਰਮ ਕਿਸ ਨੂੰ ਆਖਦੇ ਹੋ? ਜੀਵ-ਹਤਿਆ ਕਰਕੇ ਆਪਣੇ ਆਪ ਨੂੰ ਵੱਡੇ ਮੁਨੀ ਅਖਵਾਉਂਦੇ ਹੋ, ਤਾਂ ਦਸੋ, ਕਸਾਈ (ਲਚਵਫੀਕਗ) ਕਿਸ ਨੂੰ ਆਖਦੇ ਹੋ ?

ਕਬੀਰ ਸਾਹਿਬ ਦੇ ਹੇਠ ਲਿਖੇ ਸਲੋਕ ਨੂੰ ਗੁਰਬਾਣੀ ਦੀਆਂ ਹੋਰ ਪੰਕਤੀਆਂ ਦਾ ਆਸਰਾ ਲਿਆਂ ਹੀ ਸਮਝਿਆ ਜਾ ਸਕਦਾ ਹੈ:-

ਕਬੀਰ ਏਕ ਮਰੰਤੇ ਦੁਇ ਮੂਏ ਦੋਇ ਮਰੰਤਹ ਚਾਰਿ ॥
ਚਾਰਿ ਮਰੰਤਹ ਛਹ ਮੂਏ ਚਾਰਿ ਪੁਰਖ ਦੁਇ ਨਾਰਿ॥
(1369)

ਏਕ ਮਰੰਤੇ : ‘ਮਨੁ ਮਾਰੇ ਬਿਨੁ ਭਗਤਿ ਨ ਹੋਈ॥’ ‘ਮਨ ਹੀ ਕਉ ਮਨੁ ਮਾਰਸੀ ਜੇ ਸਤਿਗੁਰੁ ਭੇਟੈ ਸੋਇ॥’ ਗੁਰੂ ਦੀ ਸ਼ਰਣ ਵਿਚ ਆਕੇ ਮਨ ਗੁਰੂ ਨੂੰ ਅਰਪਣ ਕਰਕੇ ਗੁਰ-ਉਪਦੇਸ਼ ਕਮਾ ਕੇ ਸਿੱਖ ਦਾ ਅਗਿਆਨੀ ਮਨ ਮਰ ਜਾਂਦਾ ਹੈ ।
ਦੁਇ ਮਰੰਤੇ : ‘ਮਨ ਕਾ ਸੂਤਕ ਲੋਭੁ ਹੈ…॥’ ਮਨ ਮਰਣ ਨਾਲ ਸੁਭਾਅ ਸੰਤੋਖੀ ਬਣ ਜਾਂਦਾ ਹੈ, ਹਰ ਤਰ੍ਹਾਂ ਦਾ ਲੋਭ ਅਰਥਾਤ ਤ੍ਰਿਸ਼ਨਾ ਮਰ ਜਾਂਦੀ ਹੈ। ਚਾਰ ਮਰੰਤੇ : ‘ਕਾਮਿ ਕ੍ਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ॥’ ਮਨ ਤੇ ਤ੍ਰਿਸ਼ਨਾ ਮਰਨ ਨਾਲ ਪਰ-ਧਨ, ਪਰ-ਇਸਤ੍ਰੀ ਦੀ ਕਾਮਨਾ ਮੁਕ ਗਈ। ਜਰ ਤੇ ਜੋਰੂ ਨ ਮਿਲਣ ਤੇ ਮਨੁਖ ਦਾ ਸੁਭਾ ਕ੍ਰੋਧੀ ਬਣ ਜਾਂਦਾ ਹੈ ਪਰ ਗੁਰਬਾਣੀ ਧਨ ਤੇ ਜੋਬਨ ਰੂਪੀ ਵੈਰੀਆਂ ਤੋਂ ਬਚਾਉਂਦੀ ਹੈ। ਸੋ, ਮਨ ਤੇ ਤ੍ਰਿਸ਼ਨਾ ਮਰਣ ਨਾਲ ਕਾਮ ਮਰ ਜਾਂਦਾ ਹੈ ਤੇ ਕ੍ਰੋਧ ਮਰ ਜਾਂਦਾ ਹੈ; ਕੁਲ ਗਿਣਤੀ ਚਾਰ। ਛੇ ਮੂਏ : ਚਾਰ ਦੇ ਮਰਣ ਨਾਲ ਮਨੁੱਖ ਦੀ ਬਿਰਤੀ ਹੁਣ ਸਾਧ-ਸੰਗਤਿ ਵਿਚ ਵਿਚਰਣ ਵਾਲੀ ਅਤੇ ਬੰਦਗੀ ਵਾਲੀ ਬਣਦੀ ਹੈ, ਤੇ ਅਵਸਥਾ ਬਣਦੀ ਹੈ:

ਮਾਨੁ ਮੋਹੁ ਦੋਨੋ ਕਉ ਪਰਹਰਿ ਗੋਬਿੰਦ ਕੇ ਗੁਨ ਗਾਵੈ ॥
ਕਹੁ ਨਾਨਕ ਇਹ ਬਿਧਿ ਕੋ ਪ੍ਰਾਨੀ ਜੀਵਨ ਮੁਕਤਿ ਕਹਾਵੈ ॥

ਹੰਕਾਰ ਵਾਲੀ ਬਿਰਤੀ ਅਰਥਾਤ ਹਉਮੈ ਮਰ ਗਈ ਅਤੇ ਹਰ ਚੀਜ਼ ਦਾ ਮੋਹ ਵੀ ਮਰ ਗਿਆ। ਇਸ ਤਰ੍ਹਾਂ ਜੀਵਨ ਮੁਕਤਿ ਦੀ ਪਦਵੀ ਪ੍ਰਾਪਤ ਹੋ ਗਈ। ਸੋ, ਮਰਣ ਵਾਲੇ ਹਨ, ਚਾਰ ਪੁਰਖ : ਮਨ, ਕਾਮ, ਕ੍ਰੋਧ, ਮੋਹ ਅਤੇ ਦੁਇ ਨਾਰ :ਤ੍ਰਿਸ਼ਨਾ, ਹਉਮੈ। ਗੁਰਬਾਣੀ ਦੀਆਂ ਹੋਰ ਪੰਕਤੀਆਂ ਦਾ ਆਸਰਾ ਲੈ ਕੇ ਕੀਤੀ ਗਈ ਇਸ ਸ਼ਲੋਕ ਦੀ ਵਿਆਖਿਆ ਵਿਚ ਪੰਜ ਵਿਕਾਰ ਮਰਣ ਦੀ ਤਰਤੀਬ ਬਦਲ ਸਕਦੀ ਹੈ ਪਰ ਸ਼ੁਰੂਆਤ ਮਨ ਮਾਰਣ ਨਾਲ ਹੋਵੇਗੀ। ਬੇਅੰਤ ਪੰਕਤੀਆਂ ਮਨ ਨੂੰ ਹੀ ਸੰਬੋਧਨ ਕਰਦੀਆਂ ਹਨ ਕਿਉਂਕਿ ਸਾਰੀ ਖੇਡ ਮਨ ਦੀ ਹੀ ਹੈ।

ਕਬੀਰ ਮਨੁ ਨਿਰਮਲੁ ਭਇਆ ਜੈਸਾ ਗੰਗਾ ਨੀਰੁ॥
ਪਾਛੈ ਲਾਗੋ ਹਰਿ ਫਿਰੈ ਕਹਤ ਕਬੀਰ ਕਬੀਰ ॥
(1367)

ਅਰਥਾਤ, ਹੇ ਕਬੀਰ! ਜਦੋਂ ਪਹਾੜਾਂ ਵਿਚ ਵਗਦੀ ਗੰਗਾ ਦੇ ਸਾਫ਼-ਸੁਥਰੇ ਪਾਣੀ ਵਾਂ॥ ਤੇਰਾ ਮਨ ਨਿਰਮਲ ਹੋ ਜਾਵੇਗਾ ਤਾਂ ਪਰਮਾਤਮਾ ਕਬੀਰ ਕਬੀਰ ਪੁਕਾਰਦਾ ਤੇਰੇ ਪਿੱਛੇ ਪਿੱਛੇ ਆਵੇਗਾ। ਇਸ ਤਰ੍ਹਾਂ ਤੇਰਾ ਰਬ ਨਾਲ ਮੇਲ ਹੋ ਜਾਵੇਗਾ।
ਪੂਰਨ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡੇ ਗੁਰੂ ਹਨ। ਹੋਰ ਕਿਸੇ ਗ੍ਰੰਥ ਨੂੰ ਗੁਰੂ ਮੰਨਣਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਬੇਮੁਖ ਹੋਣ ਦੇ ਬਰਾਬਰ ਹੈ:

ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ ॥
(ਮ:3, ਅਨੰਦੁ, 920)

ਗੁਰਬਾਣੀ, ਕੇਵਲ ਗੁਰੂ ਗ੍ਰੰਥ ਸਹਿਬ ਜੀ ਦੀ ਬਾਣੀ, ਵੀਚਾਰਣ ਨਾਲ ਹਰ ਤਰ੍ਹਾਂ ਦਾ ਭਰਮ ਭੁਲੇਖਾ ਦੂਰ ਹੁੰਦਾ ਹੈ; ਲੋਕ ਪਰਲੋਕ ਸੁਹੇਲਾ ਕਰਨ ਦਾ ਅਤੇ ਸਚਿਆਰ ਹੋਣ ਦਾ ਸਹੀ ਰਾਹ ਲਭਦਾ ਹੈ।