

ਕੀ ਮਾਦਾ ਭਰੂਣ-ਹੱਤਿਆ ਵਿੱਚ ਸਿੱਖ ਵਾਕਈ ਬਾਕੀ ਕੌਮਾਂ ਨਾਲੋਂ ਵਧੇਰੇ ਦੋਸ਼ੀ ਹਨ?
ਡਾ: ਹਰਸ਼ਿੰਦਰ ਕੌਰ ਵੱਲੋਂ ਯੂਨਾਈਟਿਡ ਨੇਸ਼ਨਜ਼ (ਜਨੇਵਾ) ਵਿੱਚ ਪੜ੍ਹੇ ਗਏ ਪਰਚੇ ਕੇ ਕੁਝ ਅੰਸ਼
ਮੈਂ ਪ੍ਰੈਜ਼ੀਡੈਂਟ ਸਾਹਿਬ ਦੀ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੈਨੂੰ ਆਪਣੀ ਮਾਂ-ਬੋਲੀ ਪੰਜਾਬੀ ਵਿੱਚ ਬੋਲਣ ਦੀ ਇਜਾਜ਼ਤ ਦਿੱਤੀ ਹੈ। ਜਿਹੜੀ ਜ਼ੁਬਾਨ ਅੱਜ ਪਹਿਲੀ ਵਾਰ ਇੱਕੇ ਯੂ.ਐਨ. (ਜਨੇਵਾ) ਵਿਖੇ ਬੋਲੀ ਜਾਏਗੀ ਤੇ ਮੈਂ ਇਸ ਦਾ ਤਰਜ਼ਮਾ ਵੀ ਆਪੇ ਹੀ ਅੰਗਰੇਜ਼ੀ ਵਿੱਚ ਕਰਾਂਗੀ।
ਪੰਜਾਬੀਆਂ ਨੂੰ ਦੁਨੀਆ ਭਰ ਵਿੱਚੋਂ ਪਹਿਲੇ ਨੰਬਰ ਦੇ ਧੀਆਂ ਦੇ ਕਾਤਲ ਸਾਬਤ ਕਰਨ ਤੋਂ ਬਾਅਦ ਹੁਣ ਖ਼ਾਸ ਤੌਰ ’ਤੇ ਸਿੱਖ ਕੌਮ ਨੂੰ ਯੂਨਾਈਟਿਡ ਨੇਸ਼ਨਜ਼ ਨੇ ਕੁੜੀਮਾਰਾਂ ਵਿੱਚੋਂ ਪਹਿਲੇ ਦਰਜੇ ਦੇ ਕਾਤਲ ਕਰਾਰ ਕਰ ਦਿੱਤਾ ਹੈ। ਮੈਂ ਇਹ ਧੱਬਾ ਧੋਣ ਆਈ ਹਾਂ ਜਿਸ ਨੂੰ ਕਿਸੇ ਸਾਜਿਸ਼ ਅਧੀਨ ਕੀਤਾ ਕੰਮ ਗਿਣਤੀ ਹਾਂ। ਮੈਂ ਭਰੂਣ ਹੱਤਿਆ ਦੇ ਮੁੱਦੇ ’ਤੇ ਪਿਛਲੇ 9 ਸਾਲਾਂ ਤੋਂ ਪੰਜਾਬ ਦੇ ਪਿੰਡਾਂ ਵਿੱਚ ਕੰਮ ਕਰ ਰਹੀ ਹਾਂ ਤੇ ਅੰਕੜਿਆਂ ਨਾਲ ਸਾਬਿਤ ਕਰ ਸਕਦੀ ਹਾਂ ਕਿ ਇਹ ਬਿਆਨ ਗਲਤ ਹੈ ਤੇ ਇਸ ਵਿੱਚ ਸੋਧ ਜ਼ਰੂਰੀ ਹੈ।
ਇਸ ਤੋਂ ਪਹਿਲਾਂ ਕਿ ਮੈਂ ਅੰਕੜਿਆਂ ਰਾਹੀਂ ਸਾਰੀ ਦੁਨੀਆ ਸਾਹਮਣੇ ਸਾਬਤ ਕਰਾਂ ਕਿ ਸਿੱਖ ਕੁੜੀਮਾਰਾਂ
ਵਿੱਚ ਪਹਿਲੇ ਨੰਬਰ ਉੱਤੇ ਨਹੀਂ ਹਨ, ਮੈਂ ਸਿੱਖ ਧਰਮ ਦੇ ਗੌਰਵਮਈ ਇਤਿਹਾਸ ਬਾਰੇ ਕੁਝ ਚਾਨਣਾ ਪਾਉਣਾ
ਚਾਹਾਂਗੀ।
ਸਿੱਖ ਦਰਅਸਲ ਸੰਤ-ਸਿਪਾਹੀ ਦਾ ਸੁਮੇਲ ਹੈ। ਇਸ ਧਰਮ ਵਿੱਚ ਵੱਖੋ-ਵੱਖਰੇ ਸੰਤਾਂ, ਜਿਹੜੇ ਅਲੱਗ-ਅਲੱਗ
ਧਰਮ ਤੇ ਜਾਤ ਨਾਲ ਸੰਬੰਧਿਤ ਸਨ, ਦੇ ਬਚਨਾਂ ਨੂੰ ਇਕੱਠੇ ਪਰੋ ਕੇ ਅਜਿਹਾ ਲਾਜਵਾਬ ਗ੍ਰੰਥ ਜਿਸ ਨੂੰ
ਗੁਰੂ ਗ੍ਰੰਥ ਸਾਹਿਬ ਕਿਹਾ ਜਾਂਦਾ ਹੈ, ਰਚਿਆ ਗਿਆ। ਇਸੇ ਨੂੰ ਸਮੂਹ ਸਿੱਖਾਂ ਵੱਲੋਂ ਰੱਬੀ ਗਿਆਨ ਦਾ
ਸ੍ਰੋਤ ਸਮਝ ਕੇ ਸਤਿਕਾਰਿਆ ਤੇ ਪੜ੍ਹਿਆ-ਵਿਚਾਰਿਆ ਜਾਂਦਾ ਹੈ। ਇਸ ਧਰਮ ਦੇ ਲੋਕਾਂ ਬਾਰੇ ਕਿਹਾ
ਜਾਂਦਾ ਹੈ -
ਲੜਨਾ ਕੌਮ ਖ਼ਾਤਰ, ਮਰਨਾ ਕੌਮ ਖ਼ਾਤਰ ਇਸ ਕੌਮ ਦੀਆਂ ਆਦਤਾਂ ਨੇ।
ਉਹ ਕੌਮ ਮਰਜੀਵੜੇ ਕਰੇ ਪੈਦਾ, ਜੀਹਨੂੰ ਲਾਉਂਦੀਆਂ ਰੰਗ ਸ਼ਹਾਦਤਾਂ ਨੇ।
ਖ਼ਾਲਸਾ ਉਸ ਖ਼ਾਲਸ ਇਨਸਾਨ ਨੂੰ ਕਿਹਾ ਜਾਂਦਾ ਹੈ ਜਿਹੜਾ ਸੱਚਾਈ ਲਈ ਲੜ ਮਰੇ ਤੇ ਖ਼ਾਲਸੇ ਆਪਣੇ ਧਰਮ ਅਤੇ ਕੌਮ ਉੱਤੇ ਹੁੰਦੇ ਅੱਤਿਆਚਾਰ ਲਈ ਆਪਾ ਵਾਰ ਦਿੰਦੇ ਹਨ।
ਇਸ ਧਰਮ ਦੇ ਮੋਢੀ ਤੇ ਪਹਿਲੇ ਗੁਰੂ ਸਨ ਗੁਰੂ ਨਾਨਕ ਸਾਹਿਬ, ਜਿਨ੍ਹਾਂ ਔਰਤ ਜਾਤ ਨੂੰ ਇੱਜ਼ਤ ਦੇ ਕੇ ਅਜਿਹੀ ਬੁਲੰਦੀ ਉੱਤੇ ਚਾੜ੍ਹਿਆ ਜਿਸ ਦੀ ਕਿਸੇ ਹੋਰਧਰਮ ਵਿੱਚ ਮਿਸਾਲ ਹੀ ਨਹੀਂ ਮਿਲਦੀ। ਉਸ ਵੇਲੇ ਔਰਤ ਦੇ ਹੱਕ ਵਿੱਚ ਉਨ੍ਹਾਂ ਵੱਲੋਂ ਇਹ ਪਹਿਲੀ ਉੱਠੀ ਅਵਾਜ਼ ਸੀ, ‘‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ।।’ ਸਿੱਖ ਧਰਮ ਵਿਚਲੇ ਰਹਿਤਨਾਮਿਆਂ ਵਿੱਚ ਤਾਂ ਇਥੋਂ ਤੱਕ ਆਖਿਆ ਗਿਆ ਹੈ ਕਿ ਕੁੜੀਮਾਰ ਸਿੱਖ ਹੀ ਨਹੀਂ ਹੁੰਦੇ।
ਗੁਰੂ ਨਾਨਕ ਸਾਹਿਬ ਤੋਂ ਬਾਅਦ ਦੇ ਸਾਰੇ ਹੀ ਗੁਰੂਆਂ ਵੱਲੋਂ ਔਰਤ ਦੇ ਰੁਤਬੇ ਨੂੰ ਹੋਰ ਉਚੇਰਾ ਚੁੱਕਿਆ ਗਿਆ। ਇਥੋਂ ਤੱਕ ਕਿ ਖ਼ਾਲਸਾ ਸੰਕਲਪ ਪ੍ਰਗਟਾਉਣ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਾਣ ਤਿਆਗੇ ਤਾਂ ਖ਼ਾਲਸਿਆਂ ਦੀ ਅਗਵਾਈ ਵੀ ਔਰਤ ਵੱਲੋਂ ਹੀ ਕੀਤੀ ਗਈ, ਯਾਨੀ ਮਾਤਾ ਸੁੰਦਰੀ ਜੀ ਵੱਲੋਂ।
ਉਸ ਵੇਲੇ ਦੇ ਇਤਿਹਾਸ ਵਿੱਚ ਝਾਤ ਮਾਰ ਕੇ ਵੇਖਿਆ ਜਾ ਸਕਦਾ ਹੈ ਕਿ ਅਜਿਹੀ ਮਿਸਾਲ ਕਿਸੇ ਵੀ ਹੋਰ ਧਰਮ ਵਿੱਚ ਨਹੀਂ ਮਿਲਦੀ। 100 ਕਰੋੜ ਤੋਂ ਵੀ ਵੱਧ ਦੀ ਹਿੰਦੁਸਤਾਨ ਦੀ ਜਨਸੰਖਿਆ ਵਿੱਚ ਸਿੱਖਾਂ ਦੀ ਗਿਣਤੀ ਸਿਰਫ਼ 1.9 ਫੀਸਦੀ ਹੀ ਦੱਸੀ ਜਾਂਦੀ ਹੈ, ਜੋ ਆਟੇ ਵਿੱਚ ਲੂਣ ਬਰਾਬਰ ਹੈ। ਫਿਰ ਵੀ ਦੁਨੀਆ ਭਰ ਦੀ ਰਾਜਨੀਤੀ, ਵਪਾਰ ਤੇ ਤਕਨੀਕੀ ਅਦਾਰਿਆਂ ਵਿੱਚ ਇਨ੍ਹਾਂ ਨੂੰ ਮੋਢੀ ਵੇਖਿਆ ਜਾ ਸਕਦਾ ਹੈ ਜਿਸ ਕਾਰਨ ਇਹ ਸੁਰਖ਼ੀਆਂ ਵਿੱਚ ਦਿੱਸਦੇ ਰਹਿੰਦੇ ਹਨ ਤੇ ਛੇਤੀ ਨਜ਼ਰ ਆ ਜਾਂਦੇ ਹਨ। ਜੇ ਇਸ ਤਰ੍ਹਾਂ ਦੀ ਕੌਮ ਕੁੜੀਮਾਰ ਹੈ, ਜਿਵੇਂ ਪੇਸ਼ ਕੀਤੇ ਜਾਂਦੇ ਅੰਕੜਿਆਂ ਤੋਂ ਪ੍ਰਤੀਤ ਹੁੰਦਾ ਹੈ, ਤਾਂ ਕਾਰਨ ਲੱਭਣੇ ਵੀ ਬਹੁਤ ਹੀ ਜ਼ਰੂਰੀ ਹਨ।
ਸਿਰਫ਼ ਇਲਜ਼ਾਮ ਲਗਾ ਕੇ ਪਾਸੇ ਬਹਿਣ ਨਾਲ ਕੰਮ ਨਹੀਂ ਹੋਣ ਲੱਗਿਆ। ਇਕੱਲੇ ਸਿੱਖ ਹੀ ਧੀਆਂ ਦੇ ਕਾਤਲ ਨਹੀਂ ਹਨ, ਇਹ ਮੈਂ ਸਾਬਤ ਕਰ ਦਿਆਂਗੀ। ਇਨ੍ਹਾਂ ਅਕੰੜਿਆਂ ਵੱਲ ਗੌਰ ਕਰੋ।
ਯੂਨੀਸੇਫ ਅਨੁਸਾਰ ਹਿੰਦੁਸਤਾਨ ਵਿੱਚ ਸਾਢੇ 10 ਲੱਖ ਭਰੂਣ ਨਸ਼ਟ ਕੀਤੇ ਜਾਂਦੇ ਹਨ, ਜਿਹੜੇ ਸਿਰਫ਼ ਇਸਲਈ ਨਸ਼ਟ ਕੀਤੇ ਜਾ ਰਹੇ ਹਨ ਕਿ ਉਹ ਕੁੜੀਆਂ ਹਨ। ਇਨ੍ਹਾਂ ਵਿੱਚੋਂ ਤੁਹਾਡੇ ਅਨੁਸਾਰ 50 ਫ਼ੀਸਦੀ ਤਾਂ ਸਿਰਫ਼ ਸਿੱਖ ਹੀ ਮਾਰ ਰਹੇ ਹਨ। ਇਨ੍ਹਾਂ ਅੰਕੜਿਆਂ ਦਾ ਮਤਲਬ ਇਹ ਹੋਇਆ ਕਿ ਲਗਭਗ ਸਾਢੇ 5 ਲੱਖ ਮਾਦਾ ਭਰੂਣ ਸਿੱਖ ਕੌਮ ਇਕੱਲੇ ਹੀ ਮਾਰ ਰਹੀ ਹੈ। ਪਰ ਇਹ ਅਕੰੜੇ ਬਿਲਕੁਲ ਸਹੀ ਨਹੀਂ ਹਨ।
ਯੂਨੀਸੇਫ ਮੁਤਾਬਿਕ ਭਾਰਤ ਵਿੱਚ 112 ਲੱਖ ਕੁੜੀਆਂ ਗਰਭ ਵਿੱਚ ਹੀ ਮਾਰੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਅੱਧੀਆਂ ਦੇ ਲਗਭਗ ਸਿੱਖ ਹਨ। ਇਸ ਦਾ ਮਤਲਬ ਹੈ ਕਿ 60 ਲੱਖ ਸਿੱਖ ਕੁੜੀਆਂ ਹਰ ਸਾਲ ਮਾਰੀਆਂ ਜਾ ਰਹੀਆਂ ਹਨ। ਇਹ ਕਿਵੇਂ ਸੰਭਵ ਹੈ? ਸਿੱਖਾਂ ਦੀ ਕੁਲ ਅਬਾਦੀ ਦੇ ਅਨੁਪਾਤ ਮੁਤਾਬਿਕ ਏਨੀ ਜ਼ਿਆਦਾ ਸਿੱਖ ਮਹਿਲਾਵਾਂ ਇਕੋ ਸਮੇਂ ਗਰਭਵਤੀ ਹੀ ਨਹੀਂ ਹੋ ਸਕਦੀਆਂ ਤਾਂ ਫਿਰ ਏਨੀ ਵੱਡੀ ਗਿਣਤੀ ਵਿੱਚ ਮਾਦਾ ਭਰੂਣ ਹੱਤਿਆ ਕਿਵੇਂ ਹੋ ਸਕਦੀ ਹੈ?
ਵਰਲਡ ਹੈਲਥ ਆਰਗੇਨਾਈਜ਼ੇਸ਼ਨ ਮੁਤਾਬਿਕ 20,000 ਮਾਵਾਂ ਹਰ ਸਾਲ ਗਰਭ ਡੇਗਣ ਦੌਰਾਨ ਮਰ ਰਹੀਆਂ ਹਨ, ਜਿਨ੍ਹਾਂ ਵਿੱਚੋਂ 35 ਫੀਸਦੀ ਔਰਤਾਂ ਸਿੱਖ ਹਨ। ਪਰ ਭਾਰਤੀ ਅੰਕੜਿਆਂ ਮੁਤਾਬਿਕ ਸਿੱਖ ਔਰਤਾਂ ਦੇ ਮਰਨ ਦੀ ਗਿਣਤੀ ਇਸ ਦੀ ਇਕ ਚੌਥਾਈ ਵੀ ਨਹੀਂ ਹੈ। ਇਸ ਦਾ ਵੀ ਸਾਫ਼ ਮਤਲਬ ਨਿਕਲਦਾ ਹੈ ਕਿ ਇਹ ਅੰਕੜੇ ਵਧਾ-ਚੜ੍ਹਾਅ ਕੇ ਦੱਸੇ ਗਏ ਹਨ।
ਯੂਨੀਸੇਫ ਅਨੁਸਾਰ ਭਾਰਤ ਵਿੱਚ ਹਰ ਹਜ਼ਾਰ ਜੰਮੇ ਬੱਚਿਆਂ ਪਿੱਛੇ 462 ਬੱਚੇ ਮਾਰ ਦਿੱਤੇ ਜਾਂਦੇ ਹਨ ਕਿਉਂਕਿ ਇਹ ਕੁੜੀਆਂ ਹਨ। ਇਨ੍ਹਾਂ ਵਿੱਚੋਂ ਵੀ ਬਹੁਮਤ ਸਿੱਖ ਬੱਚੇ ਹੀ ਦੱਸੇ ਗਏ ਹਨ। ਮਾਣਯੋਗ ਪ੍ਰੈਜ਼ੀਡੈਂਟ ਸਾਹਿਬ, ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਜੇ ਯੂਨੀਸੇਫ ਮੁਤਾਬਿਕ ਪਿਛਲੇ 50 ਸਾਲਾਂ ਵਿੱਚ ਭਾਰਤ ਵਿੱਚ 50 ਕਰੋੜ ਕੁੜੀਆਂ ਮਾਰ ਦਿੱਤੀਆਂ ਗਈਆਂ ਹਨ ਤੇ ਇਨ੍ਹਾਂ ਵਿੱਚੋਂ ਪੰਜਾਬੀ ਪਹਿਲੇ ਨੰਬਰ ’ਤੇ ਹਨ ਤੇ ਉਨ੍ਹਾਂ ਵਿੱਚੋਂ ਵੀ ਸਭ ਤੋਂ ਵੱਧ ਉਂਗਲ ਸਿੱਖਾਂ ’ਤੇ ਚੁੱਕੀ ਗਈ ਹੈ ਤਾਂ ਜਾਂ ਤਾ 100 ਕਰੋੜ ਵਿੱਚੋਂ ਸਿੱਖਾਂ ਦੀ ਗਿਣਤੀ 30-40 ਫੀਸਦੀ ਹੈ ਜਾਂ ਫਿਰ ਇਹ ਸਾਰੇ ਇਲਜ਼ਾਮ ਝੂਠੇ ਤੇ ਬੇਬੁਨਿਆਦ ਹਨ।
ਪ੍ਰਤੱਖ ਸਬੂਤ ਹਨ ਕਿ ਭਰੂਣ ਹੱਤਿਆ ਬੰਗਲਾਦੇਸ਼, ਚੀਨ, ਕੋਰੀਆ, ਪਾਕਿਸਤਾਨ, ਵੀਅਤਨਾਮ, ਮੈਕਸੀਕੋ, ਕੈਨੇਡਾ ਤੇ ਅਮਰੀਕਾ ਵਿੱਚ ਵੀ ਹੋ ਰਹੀ ਹੈ ਤੇ ਇਸ ਦੇ ਹਵਾਲੇ ਮੈਂ ਨਾਲ ਨੱਥੀ ਕੀਤੇ ਹਨ। ਇਨ੍ਹਾਂ ਤੋਂ ਇਲਾਵਾ ਸਰਬਜੀਤ ਧਾਲੀਵਾਲ ਜੀ ਦੀਆਂ ਛਪੀਆਂ ਰਿਪੋਰਟਾਂ ਵੀ ਨਾਲ ਨੱਥੀ ਹਨ। ਚੀਨ ਵਿੱਚ ਵੀ ਪਿਛਲੇ 50 ਸਾਲਾਂ ਵਿੱਚ 50 ਕਰੋੜ ਕੁੜੀਆਂ ਮਾਰੀਆਂ ਜਾ ਚੁੱਕੀਆਂ ਹਨ ਤੇ ਉਹ ਭਾਰਤ ਦੇ ਅੰਕੜਿਆਂ ਦੇ ਬਰਾਬਰ ਪਹੁੰਚ ਚੁੱਕੇ ਹਨ। ਭਲਾ ਕੀ ਇਕੱਲੇ ਸਿੱਖਾਂ ਦੀ ਜਨਸੰਖਿਆ ਚੀਨੀਆਂ ਦੀ ਜਨਸੰਖਿਆ ਦੇ ਬਰਾਬਰ ਹੈ?
ਹਿੰਦੁਸਤਾਨੀ ਸਰਕਾਰ ਦੇ ਅੰਕੜੇ ਸਾਫ਼ ਦੱਸਦੇ ਹਨ ਕਿ ਰਾਜਸਥਾਨ, ਗੁਜਰਾਤ, ਤਾਮਿਲਨਾਡੂ, ਮਹਾਂਰਾਸ਼ਟਰ, ਦਿੱਲੀ ਆਦਿ ਵਿੱਚ ਵੀ ਭਰੂਣ ਹੱਤਿਆ ਜ਼ੋਰਾਂ ’ਤੇ ਹੈ ਤੇ ਕੁਝ ਹਿੱਸਿਆਂ ਵਿੱਚ ਪੰਜਾਬ ਨਾਲੋਂ ਵੱਧ ਵੀ ਹੈ। ਫਿਰ ਵੀ ਗਾਜ ਡਿਗਦੀ ਹੈ ਪੰਜਾਬ ਦੇ ਨਿੱਕੇ-ਨਿੱਕੇ ਸ਼ਹਿਰਾਂ ਉੱਤੇ ਤੇ ਫਤਿਹਗੜ੍ਹ ਸਾਹਿਬ ਨੂੰ ਦੁਨੀਆ ਭਰ ਵਿੱਚ ਕੁੜੀਮਾਰਾਂ ਵਜੋਂ ਬਦਨਾਮ ਕਰ ਦਿੱਤਾ ਗਿਆ। ਕੀ ਫਤਿਹਗੜ੍ਹ ਸਾਹਿਬ ਗੁਜਰਾਤ ਜਾਂ ਮਹਾਂਰਾਸ਼ਟਰ ਤੋਂ ਵੀ ਵੱਡਾ ਹੈ ਜੋ ਇਹਦੇ ਵਿੱਚ ਦੁਨੀਆ ਭਰ ਤੋਂ ਸਭ ਤੋਂ ਵੱਧ ਕੁੜੀਮਾਰ ਆ ਕੇ ਵਸ ਗਏ ਤੇ 50 ਕਰੋੜ ਕੁੜੀਆਂ ਮਾਰਨ ਵਿੱਚ ਪਹਿਲਾ ਨੰਬਰ ਲੈ ਬੈਠੇ? ਏਨੇ ਤਾਂ ਹੁਣ ਤੱਥ ਇਥੇ ਕਿਸੇ ਵੀ ਲਿੰਗ ਦੇ ਬੱਚੇ ਪੈਦਾ ਹੀ ਨਹੀਂ ਹੋਏ ਹੋਣੇ। ਪੰਜਾਬ ਨਾਲ ਇਕ ਇਹੋ ਵਿਤਕਰਾ ਨਹੀਂ ਹੁੰਦਾ ਬਲਕਿ ਪੰਜਾਬ ਵਿੱਚ ਧੀਆਂ ਮਾਰ ਦੇ ਕਾਰਨ ਵੱਲ ਉੱਕਾ ਹੀ ਧਿਆਨ ਦਿੱਤੇ ਬਗੈਰ ਸਿਰਫ਼ ਇਲਜ਼ਾਮ ਲਾਉਣ ਉੱਤੇ ਜੋਰ ਦਿੱਤਾ ਜਾਂਦਾ ਹੈ।
ਦਾਜ ਦਾ ਦੈਂਤ ਪੰਜਾਬਣਾਂ ਨੂੰ ਹਜ਼ਮ ਕਰ ਰਿਹਾ ਹੈ। ਸਾਰੇ ਭਾਰਤ ਵਿੱਚ ਯੂ.ਜੀ.ਸੀ. ਦੀ ਸਕੀਮ ਤਹਿਤ ਜਿਸ ਘਰ ਦੀ ਇਕੋ-ਇਕ ਔਲਾਦ ਕੁੜੀ ਹੈ, ਉਸ ਦੀ ਯੂਨੀਵਰਸਿਟੀ ਤੱਕ ਦੀ ਪੜ੍ਹਾਈ ਮੁਫ਼ਤ ਹੁੰਦੀ ਹੈ ਪਰ ਮੇਰੇ ਪੰਜਾਬ ਦੀ ਇਕ ਵੀ ਧੀ ਇਸ ਸਕੀਮ ਦਾ ਫਾਇਦਾ ਨਹੀਂ ਉਠਾ ਰਹੀ। ਇਸੇ ਲਈ ਮੈਂ ਸਮੁੱਚੀ ਦੁਨੀਆ ਦੇ ਰਹਿਨੁਮਾਵਾਂ ਸਾਹਮਣੇ ਯੂ.ਐਨ. ਵਿੱਚ ਪੁਰਜ਼ੋਰ ਅਪੀਲ ਕਰਦੀ ਹਾਂ ਕਿ ਝੂਠੇ ਇਲਜ਼ਾਮ ਲਾਉਣੇ ਛੱਡ ਕੇ ਇਸ ਪਾਸੇ ਵੱਲ ਧਿਆਨ ਕਰਨ ਕਿ ਪੰਜਾਬ ਵੱਲ ਆਉਂਦੀ ਰਾਸ਼ੀ ਪੰਜਾਬ ਦੀਆਂ ਧੀਆਂ ਤੱਕ ਕਿਉਂ ਨਹੀਂ ਪਹੁੰਚ ਰਹੀ? ਜਿਹੜੇ ਫੰਡ ਯੂਨਾਈਟਿਡ ਨੇਸ਼ਨਜ਼ ਭੇਜ ਰਿਹਾ ਹੈ, ਉਹ ਤੋਂ ਪੰਜਾਬ ਦੀਆਂ ਧੀਆਂ ਵਾਂਝੀਆਂ ਰਹਿ ਰਹੀਆਂ ਹਨ। ਜੇ ਕੋਈ ਉਸਾਰੂ ਕਦਮ ਚੁੱਕਣੇ ਚਾਹੁੰਦੇ ਤੇ ਵਾਕਈ ਭਰੂਣ ਹੱਤਿਆ ਰੋਕਣੀ ਚਾਹੁੰਦੇ ਹੋ ਤਾਂ ਪੰਜਾਬੀ ਦੀਆਂ ਧੀਆਂ ਦੇ ਸਕੂਲਾਂ-ਕਾਲਜਾਂ ਤੱਕ ਸਿੱਧੀ ਰਾਸ਼ੀ ਪਹੁੰਚਦੀ ਕਰੋ - ਤਾਂ ਹੀ ਇਸ ਕਤਲੇਆਮ ਨੂੰ ਠੱਲ ਪਾਉਣ ਵੱਲ ਪਹਿਲਾ ਸਾਰਥਕ ਕਦਮ ਪੁੱਟਿਆ ਸਮਝਿਆ ਜਾਵੇਗਾ।
ਮਾਣਯੋਗ ਪ੍ਰੈਜ਼ੀਡੈਂਟ ਸਾਹਿਬ, ਮੈਂ ਇਹ ਨਹੀਂ ਕਿਹਾ ਕਿ ਸਿੱਖ ਜਾਂ ਪੰਜਾਬੀ ਬਿਲਕੁਲ ਵੀ ਕੁੜੀਆਂ ਨਹੀਂ ਮਾਰਦੇ ਪਰ ਇਹ ਬਾਕੀਆਂ ਨਾਲੋਂ ਵੱਖਰੇ ਜਾਂ ਪਹਿਲੇ ਨੰਬਰ ਉੱਤੇ ਨਹੀਂ ਹਨ। ਜਿਨ੍ਹਾਂ ਕਾਰਨਾਂ ਕਰਕੇ ਮਜਬੂਰੀ ਤਹਿਤ ਕਿਸੇ ਮਾਂ ਨੂੰ ਆਪਣੀ ਧੀ ਕੁੱਖ ਵਿੱਚ ਕਤਲ ਕਰਨੀ ਪੈਂਦੀ ਹੈ, ਉਸ ਦੈਂਤ ਯਾਨੀ ਗਰੀਬੀ ਨੂੰ ਹਟਾਉਣ ਦੀ ਗੱਲ ਕਰੋ, ਔਰਤਾਂ ਉੱਤੇ ਹੁੰਦੇ ਜ਼ੁਲਮਾਂ ਨੂੰ ਠੱਲ ਪਾਉਣ ਦੀ ਗੱਲ ਕਰੋ (70,000 ਦੇ ਕਰੀਬ ਜਬਰ-ਜਿਨਾਹ ਦੇ ਮਾਮਲੇ ਹਾਲੇ ਹਿੰਦੁਸਤਾਨੀ ਅਦਾਲਤਾਂ ਵਿੱਚ ਲਟਕ ਰਹੇ ਹਨ) ਅਤੇ ਔਰਤਾਂ ਨੂੰ ਆਪਣੇ ਪੈਰਾਂ ਉੱਤੇ ਖੜ੍ਹੇ ਕਰਨ ਲਈ ਵੀ ਸਾਰੀ ਦੁਨੀਆ ਨੂੰ ਔਰਤਾਂ ਦੇ ਇਨ੍ਹਾਂ ਹੱਕਾਂ ਬਾਰੇ ਛੇਤੀ ਗੌਰ ਕਰਨੀ ਪਵੇਗੀ ਤਾਂ ਜੋ ਦੁਨੀਆ ਭਰ ਵਿੱਚ ਫੈਲੇ ਕੁੜੀਮਾਰ ਆਪਣੀ ਸੋਚ ਬਦਲ ਸਕਣ।
- - - - -
(ਸੰਪਾਦਕੀ ਟਿੱਪਣੀ : ਯੂਨਾਈਟਿਡ ਨੈਸ਼ਨਜ਼ ਵੱਲੋਂ ਕਰਵਾਏ ਗਏ ਮਾਦਾ ਭਰੂਣ ਹੱਤਿਆ ਸਬੰਧੀ ਇਕ ਵਿਸ਼ੇਸ਼ ਸਮਾਗਮ ਵਿੱਚ ਇਹ ਲੈਕਚਰ ਪੇਸ਼ ਕਰਦਿਆਂ ਡਾ: ਹਰਸ਼ਿੰਦਰ ਕੌਰ ਨੇ ਅੰਕੜੇ ਦੇ ਕੇ ਸਾਬਿਤ ਕੀਤਾ ਹੈ ਕਿ ਮਾਦਾ-ਭਰੂਣ ਹੱਤਿਆ ਦੀ ਸਮੱਸਿਆ ਸਿਰਫ਼ ਸਿੱਖ ਸਮਾਜ ਤੱਕ ਸੀਮਤ ਨਹੀਂ ਹੈ ਅਤੇ ਨਾ ਹੀ ਸਿੱਖ ਸਮਾਜ ਮਾਦਾ-ਭਰੂਣ ਹੱਤਿਆ ਵਿੱਚ ਬਾਕੀ ਧਰਮਾਂ ਦੇ ਲੋਕਾਂ ਨਾਲੋਂ ਅੱਗੇ ਹੈ। ਇਸ ਤੱਥ-ਭਰਪੂਰ ਜਾਣਕਾਰੀ ਨੂੰ ਪੇਸ਼ ਕਰਕੇ ਕੌਮਾਂਤਰੀ ਪੱਧਰ ’ਤੇ ਸਿੱਖਾਂ ਦਾ ਅਕਸ ਸੁਧਾਰਨ ਵਾਲੀ ਇਸ ਸੰਜੀਦਾ ਡਾਕਟਰ ਨੂੰ ਆਪਣੇ ਇਸ ‘ਅਪਰਾਧ’ ਬਦਲੇ ਸਰਕਾਰੀ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ। ਘਟਨਾਕ੍ਰਮ ਦਾ ਇਸ ਤੋਂ ਵੀ ਵੱਧ ਅਫ਼ਸੋਸਜਨਕ ਪਹਿਲੂ ਇਹ ਹੈ ਕਿ ਧਰਮ ਪ੍ਰਚਾਰ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਸਾਧ-ਬਾਬਿਆਂ, ਰਾਗੀਆਂ, ਪ੍ਰਚਾਰਕਾਂ ਜਾਂ ਕਥਿਤ ਧਾਰਮਕ ਸਿੱਖ ਜਥੇਬੰਦੀਆਂ ਨੇਇਸ ਡਾਕਟਰ ਦੀ ਮਦਦ ਲਈ ਕੋਈ ਕਦਮ ਨਹੀਂ ਪੁੱਟਿਆ (ਹਾਂ, ਕੁਝ ਨੇ ਪੰਜਾਬੀ ਅਖ਼ਬਾਰਾਂ ਵਿੱਚ ਥੋੜ੍ਹੀ-ਬਹੁਤ ਬਿਆਨਬਾਜ਼ੀ ਕਰਕੇ ਆਪਣਾ ਬੁੱਤਾ ਸਾਰ ਲਿਆ ਸੀ)। ਕੀ ਸਿੱਖ ਕੌਮ ਆਪਣੇ ਮਸਲੇ ਇੰਞ ਹੱਲ ਕਰੇਗੀ? ਜਰਾ ਸੋਚੋ।