

ਕੀ ਸਿੱਖ ਆਪਣੀ ਕੌਮ ’ਤੇ ਹੋ ਰਹੇ ਚੌਤਰਫਾ ਹਮਲਿਆਂ ਦਾ ਮੁਕਾਬਲਾ ਕਰ ਪਾਉਣਗੇ?
- ਸਰਬਜੀਤ ਸਿੰਘ -
ਹੋਂਦ ਵਿੱਚ ਆਉਣ ਦੇ ਸਮੇਂ ਤੋਂ ਹੀ ਸਿੱਖ ਕੌਮ, ਮਨੁੱਖਤਾ-ਵਿਰੋਧੀ ਤਾਕਤਾਂ ਦੇ ਹਮਲਿਆਂ ਦਾ ਸ਼ਿਕਾਰ ਹੁੰਦੀ ਰਹੀ ਹੈ। ਗੁਰੂ ਨਾਨਕ ਸਾਹਿਬ ਵੱਲੋਂ ਜਨੇਊ ਵਰਗੇ ਬ੍ਰਾਹਮਣਵਾਦੀ ਕਰਮ-ਕਾਂਡ ਤੋਂ ਇਨਕਾਰੀ ਹੁੰਦਿਆਂ ਹੀ ਫਿਰਕੂ ਬ੍ਰਾਹਮਣ ਵਰਗ ਸਿੱਖੀ ਦਾ ਅਜਿਹਾ ਦੁਸ਼ਮਣ ਬਣਿਆ ਕਿ ਅੱਜ ਤੱਕ ਸਿੱਖਾਂ ਦਾ ਪਿੱਛਾ ਨਹੀਂ ਛੱਡ ਰਿਹਾ। ਸਿੱਖੀ ਸਿਧਾਂਤਾਂ ਅਤੇ ਸਿੱਖ ਇਤਿਹਾਸ ਨੂੰ ਗਲਤ ਢੰਗ ਨਾਲ ਬਖਾਨ (misinterpret) ਕਰਕੇ ਅਤੇ ਗੁਰੂ ਸਾਹਿਬਾਨ ਤੇ ਪੁਰਾਤਨ ਸਿੱਖਾਂ ਦੇ ਨਾਮ ’ਤੇ ਬ੍ਰਾਹਮਣਵਾਦੀ ਵਿਚਾਰਧਾਰਾ ਦਾ ਪ੍ਰਚਾਰ ਕਰਦੀਆਂ ਰਚਨਾਵਾਂ ਵਾਲੇ ਗ੍ਰੰਥਾਂ ਦੀ ਸਿਰਜਣਾ ਕਰਕੇ ਬ੍ਰਾਹਮਣਵਾਦੀ ਤਾਕਤਾਂ (ਖ਼ਾਸਕਰ ਸੰਘ ਪਰਵਾਰ) ਅੱਜ ਵੀ ਸਿੱਖਾਂ ਅਤੇ ਸਾਰੀ ਦੁਨੀਆ ਨੂੰ ਗੁੰਮਰਾਹ ਕਰ ਰਹੀਆਂ ਹਨ। ਜਿਵੇਂ, ੴ ਨੂੰ ਹਿੰਦੂਵਾਦੀ ਲਫ਼ਜ਼ ਓਮ ਦਾ ਹੀ ਇਕ ਹੋਰ ਰੂਪ ਦੱਸਣਾ, ਗੁਰੂ ਗ੍ਰੰਥ ਸਾਹਿਬ ਨੂੰ ਪੰਜਵਾਂ ਵੇਦ ਦੱਸਣਾ, ਗੁਰਬਾਣੀ ਵਿੱਚ ਜ਼ਿਕਰ ਕੀਤੇ ਗਏ ਸਰਬ-ਵਿਆਪਕ (ਹਰ ਥਾਂ ਰਮੇ ਹੋਏ) ਰਾਮ ਨੂੰ ਮਿਥਿਹਾਸਕ ਅਯੋਧਿਆ ਦੇ ਰਾਜਾ ਰਾਮ ਦੀ ਉਸਤਤਿ ਦੱਸਣਾ, ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੋਂ ਮਾਰਕੰਡੇਅ ਪੁਰਾਨ, ਸ਼ਿਵ ਪੁਰਾਨ ਆਦਿਕ ਗ੍ਰੰਥਾਂ ਦੇ ਉਲਥੇ ਨੂੰ ਗੁਰਬਾਣੀ (ਦਸਮ ਗ੍ਰੰਥ) ਵਜੋਂ ਪ੍ਰਚਾਰਨਾ, ਭਾਈ ਮਤੀ ਦਾਸ ਆਦਿਕ ਮਹਾਨ ਸ਼ਹੀਦਾਂ ਨੂੰ ਬ੍ਰਾਹਮਣ ਦੱਸਣਾ, ਭਾਈ ਗੁਰਦਾਸ ਦੂਜੇ ਵਰਗੇ ਨਾਵਾਂ ’ਤੇ ਲਿਖਤਾਂ ਲਿਖ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਦਾ ਉਪਾਸਕ ਪ੍ਰਚਾਰਨਾ, ਖਾਲਸੇ ਦੀ ਸਥਾਪਨਾ ਵਕਤੀ ਜ਼ਰੂਰਤ ਦੇ ਤੌਰ ’ਤੇ ਪ੍ਰਚਾਰਨਾ ਆਦਿਕ।
ਬ੍ਰਾਹਮਣਵਾਦੀਆਂ ਦੀ ਇਸ ਮੁਹਿੰਮ ਵਿੱਚ ਸਰਕਾਰੀ ਏਜੰਸੀਆਂ ਵੀ ਪੂਰਾ ਸਾਥ ਦੇ ਰਹੀਆਂ ਹਨ। ਉਹ ਨਿਰੋਲ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਅਤੇ ਸੰਸਥਾਵਾਂ ਦੀਆਂ ਕਾਰਵਾਈਆਂ ਨੂੰ ਫੇਲ੍ਹ ਕਰਨ ਅਤੇ ਇਨ੍ਹਾਂ ਸੰਸਥਾਵਾਂ ਵਿੱਚ ਆਪਣੇ ਏਜੰਟਾਂ ਨੂੰ ਭਰਤੀ ਕਰਨ ਲਈ ਵੱਖ-ਵੱਖ ਹਥਕੰਡੇ ਅਪਣਾ ਰਹੀਆਂ ਹਨ। ਗੁਰਦੁਆਰਾ ਕਮੇਟੀਆਂ ਦੇ ਲੀਡਰਾਂ ਦੁਆਲੇ ਵੀ ਚਾਪਲੂਸਾਂ ਦੀ ਸ਼ਕਲ ਵਿੱਚ ਸਰਕਾਰੀ ਏਜੰਟਾਂ ਦਾ ਜਾਲ ਵਿਛਾ ਦਿੱਤਾ ਗਿਆ ਹੈ, ਜਿਨ੍ਹਾਂ ਦੀ ਡਿਊਟੀ ਇਹ ਨਿਸ਼ਚਿਤ ਕਰਨਾ ਹੁੰਦਾ ਹੈ ਕਿ ਕਮੇਟੀਆਂ ਦੇ ਅਹੁਦੇਦਾਰ ਸਿੱਖਾਂ ਦੀ ਭਲਾਈ ਵਾਸਤੇ ਕੋਈ ਸਾਰਥਕ ਕਦਮ ਨਾ ਚੁੱਕ ਸਕਣ ਤੇ ਗੋਲਕਾਂ ਲੁੱਟਣ ਅਤੇ ਸਰਕਾਰ ਤੋਂ ਨਿਜੀ ਲਾਭ ਚੁੱਕਣ ਦੀ ਦੌੜ ਵਿੱਚ ਹੀ ਰੁਝੇ ਰਹਿਣ।
ਇਸਦੇ ਇਲਾਵਾ, ਸਿੱਖ ਜਨਤਾ ਨੂੰ ਗੁੰਮਰਾਹ ਕਰਨ ਲਈ ਹਜ਼ਾਰਾਂ ਡੇਰੇਦਾਰ ਸਰਗਰਗ ਕਰਵਾ ਦਿੱਤੇ ਗਏ ਹਨ। ਇਨ੍ਹਾਂ ਵਿੱਚੋਂ ਕੁਝ ਡੇਰੇਦਾਰ ਤਾਂ ਖ਼ੁਦ ਅੰਮ੍ਰਿਤਧਾਰੀ ਹੋਣ ਅਤੇ ਸਿੱਖਾਂ ਨੂੰ ਅੰਮ੍ਰਿਤ ਛਕਾਉਣ ਦਾ ਦਾਅਵਾ ਕਰਦੇ ਹਨ। ਪਰ ਅਸਲ ਵਿੱਚ ਅਜਿਹੇ ਡੇਰੇਦਾਰ ਸਿੱਖਾਂ ਨੂੰ ਫੋਕੇ ਕਰਮ-ਕਾਂਡਾਂ ਅਤੇ ਬ੍ਰਾਹਮਣਵਾਦੀ ਮਾਨਸਿਕਤਾ ਦਾ ਗੁਲਾਮ ਹੀ ਬਣਾ ਰਹੇ ਹੁੰਦੇ ਹਨ। ਇਸਦੇ ਇਲਾਵਾ, ਅਜਿਹੇ ਡੇਰੇਦਾਰਾਂ ਲਈ ਗੁਰੂ ਗ੍ਰੰਥ ਸਾਹਿਬ ਦੀ ਮਹੱਤਤਾ ਚੜ੍ਹਾਵਾ ਇਕੱਤਰ ਕਰਨ ਦੇ ਸਾਧਨ ਤੋਂ ਜ਼ਿਆਦਾ ਹੋਰ ਕੁਝ ਨਹੀਂ ਹੁੰਦੀ। ਦੂਜੀ ਕਿਸਮ ਦੇ ਡੇਰੇਦਾਰ ਉਹ ਹਨ ਜਿਨ੍ਹਾਂ ਦੇ ਡੇਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤਾਂ ਨਹੀਂ ਕੀਤਾ ਜਾਂਦਾ ਪਰ ਗੁਰਬਾਣੀ ਦੀਆਂ ਕੁਝ ਚੋਣਵੀਆਂ ਤੁਕਾਂ ਦੀ ਮਨ-ਭਾਉਂਦੀ ਵਿਆਖਿਆ ਕਰਕੇ ਉਹ ਸਿੱਖਾਂ ਨੂੰ ‘ਗੁਰੂ’ ਅਤੇ ‘ਸੰਤ’ ਦੇ ਸਿਧਾਂਤਾਂ ਬਾਰੇ ਗੁੰਮਰਾਹ ਕਰਕੇ ਮਾਨਸਿਕ ਤੌਰ ’ਤੇ ਅੰਧਵਿਸ਼ਵਾਸੀ ਅਤੇ ਆਪਣਾ ਪਿਛਲੱਗੂ ਬਣਾ ਰਹੇ ਹਨ।
ਮੌਜੂਦਾ ਸਮੇਂ ਵਿੱਚ ਬੁੱਧ ਧਰਮ ਦੇ ਕੁਝ ਪ੍ਰਚਾਰਕ ਵੀ ਸਿੱਖੀ-ਵਿਰੋਧੀ ਸਾਜਿਸ਼ਾਂ ਵਿੱਚ ਸਰਗਰਮ ਹੋ ਗਏ ਹਨ। ਅਜਿਹੇ ਪ੍ਰਚਾਰਕ/ਲੇਖਕ ਦਲਿਤ ਸਮਾਜ ਨੂੰ ਸਿੱਖਾਂ ਦਾ ਦੁਸ਼ਮਣ ਬਣਾ ਦੇਣ ਲਈ ਹਰ ਸੰਭਵ ਮੌਕਾ ਅਪਣਾ ਰਹੇ ਹਨ ਅਤੇ ਦਲਿਤਾਂ-ਸਿੱਖਾਂ ਨਾਲ ਸਬੰਧਿਤ ਹਰ ਘਟਨਾ ਨੂੰ ਜਾਤੀਵਾਦੀ ਰੰਗਤ ਦੇ ਕੇ ਦਲਿਤਾਂ ਨੂੰ ਗੁੰਮਰਾਹ ਕਰ ਰਹੇ ਹਨ।
ਸਿੱਖ ਨੌਜੁਆਨਾਂ ਦਾ ਮਨੋਬਲ ਗਿਰਾਉਣ ਅਤੇ ਗੈਰ-ਸਿੱਖ ਮਨਾਂ ਵਿੱਚ ਕਾਇਮ ਸਿੱਖੀ ਸਰੂਪ ਪ੍ਰਤੀ ਸਤਿਕਾਰ ਨੂੰ ਖ਼ਤਮ ਕਰਨ ਲਈ ਬ੍ਰਾਹਮਣਵਾਦੀਆਂ ਵੱਲੋਂ ਸਿੱਖ-ਵਿਰੋਧੀ ਫਿਲਮਾਂ ਅਤੇ ਟੀ.ਵੀ. ਸੀਰੀਅਲ ਬਣਾਉਣ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਨ੍ਹਾਂ ਫਿਲਮਾਂ/ਸੀਰੀਅਲਾਂ ਵਿੱਚ ਨਾਇਕ ਨੂੰ ਪਹਿਲਾਂ ਪਗੜੀਧਾਰੀ ਸਿੱਖ ਦਿਖਾਇਆ ਜਾਂਦਾ ਹੈ ਅਤੇ ਫਿਰ ਕਲੀਨ-ਸ਼ੇਵਨ ਬਹਿਰੂਪੀਆ। ਇਨ੍ਹਾਂ ਵੀ ਫਿਲਮਾਂ ਵਿੱਚ ਘਰ ਦੇ ਬਜ਼ੁਰਗ ਸਿੱਖਾਂ ਨੂੰ ਅੰਮ੍ਰਿਤਧਾਰੀ ਸਿੱਖ ਦਿਖਾਇਆ ਜਾਂਦਾ ਹੈ, ਜਿਨ੍ਹਾਂ ਦੀ ਬੇਟੀਆਂ ਨੂੰ ਪਰਵਾਰਕ ਮੈਂਬਰਾਂ ਦੀ ਖੁਸ਼ੀ ਨਾਲ ਹਿੰਦੂ ਲੜਕਿਆਂ ਨਾਲ, ਹਿੰਦੂ ਰੀਤੀ-ਰਿਵਾਜਾਂ ਮੁਤਾਬਿਕ ਵਿਆਹ ਕਰਦਿਆਂ ਅਤੇ ਹੋਰ ਹਿੰਦੂਵਾਦੀ ਕਰਮ-ਕਾਂਡ ਕਰਦਿਆਂ ਵੀ ਲਗਭਗ ਹਰ ਫਿਲਮ/ਸੀਰੀਅਲ ਵਿੱਚ ਦਿਖਾਇਆ ਜਾਂਦਾ ਹੈ।
ਸਿੱਖਾਂ ਨੂੰ ਅਜਿਹੇ ਹਮਲਿਆਂ ਬਾਰੇ ਜਾਗਰੁਕ ਕਰਨ ਅਤੇ ਇਨ੍ਹਾਂ ਸਮੱਸਿਆਵਾਂ ਦਾ ਟਾਕਰਾ ਕਰਨ ਲਈ ਗੁਰਦੁਆਰਿਆਂ ਦੇ ਪ੍ਰਬੰਧਕਾ ਨੂੰ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਸਨ। ਪਰ ਵੇਖਣ ਵਿੱਚ ਆਉਂਦਾ ਹੈ ਕਿ ਗੁਰਦੁਆਰਿਆਂ ਦੇ ਪ੍ਰਬੰਧਕ ਸਿੱਖਾਂ ਵਿੱਚ ਜਾਗਰੁਕਤਾ ਲਿਆ ਸਕਣ ਵਾਲੀ ਕੋਈ ਵੀ ਪ੍ਰਚਾਰ ਗਤੀਵਿਧੀ ਕਰਨ ਦੀ ਇਜਾਜ਼ਤ ਨਹੀਂ ਦਿੰਦੇ। ਅੱਜ ਜੇਕਰ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਨ ਕਰਨ ਵਾਲੀ, ਉਨ੍ਹਾਂ ਦੇ ਨਾਮ ’ਤੇ ਹੀ ਪ੍ਰਚਲਿਤ ਪੁਸਤਕ ਬਾਰੇ ਜਾਣਕਾਰੀ ਦੇਣ ਲਈ ਕੋਈ ਸਮਾਗਮ ਕਰਨਾ ਹੋਵੇ, ਤਾਂ ਕਿਸੇ ਗੁਰਦੁਆਰੇ ਦੇ ਪ੍ਰਬੰਧਕ ਇਸਦੀ ਇਜਾਜ਼ਤ ਨਹੀਂ ਦਿੰਦੇ। ਜੇਕਰ ਸਿੱਖ ਰਹਿਤ ਮਰਿਆਦਾ ਵਿਚਲੀਆਂ ਕਮੀਆਂ ਬਾਰੇ ਚਰਚਾ ਕਰਨ ਲਈ ਸੰਗਤ ਜੋੜਨੀ ਹੋਵੇ, ਤਾਂ ਪ੍ਰਬੰਧਕ ਉਸਦੀ ਇਜਾਜ਼ਤ ਨਹੀਂ ਦਿੰਦੇ। ਇਥੋਂ ਤੱਕ ਕਿ ਜੇਕਰ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਰਚਨਾਵਾਂ ਦੇ ਅਧਾਰ ’ਤੇ ਅਸਲ ਸਿੱਖੀ ਸਿਧਾਂਤਾਂ ਅਤੇ ਸਿੱਖ ਵਿੱਚ ਘੁਸ ਆਏ ਬ੍ਰਾਹਮਣਵਾਦੀ ਕਰਮਂਕਾਂਡਾਂ ਬਾਰੇ ਜਾਣਕਾਰੀ ਦੇਣੀ ਹੋਵੇ, ਤਾਂ ਗੁਰਦੁਆਰਿਆਂ ਦੇ ਪ੍ਰਬੰਧਕ ਇਸਦੀ ਵੀ ਇਜਾਜ਼ਤ ਨਹੀਂ ਦਿੰਦੇ।
ਅਜਿਹੇ ਮੁਸ਼ਕਲ ਹਾਲਾਤ ਵਿੱਚ ਲੋੜ ਸੀ ਕਿ ਕੁਝ ਪੜ੍ਹੇ-ਲਿਖੇ ਸਿੱਖ, ਆਮ ਸਿੱਖਾਂ ਵਿੱਚ ਜਾਗ੍ਰਿਤੀ ਲਿਆਉਣ ਲਈ ਪੰਥਕ ਮੀਡੀਆ ਦੀ ਸਥਾਪਨਾ ਕਰਦੇ। ਪਰ ‘ਪੰਥਕ ਮੀਡੀਆ’ ਦੇ ਨਾਂ ’ਤੇ ਸਥਾਪਿਤ ਕੀਤੀਆਂ ਗਈਆਂ ਇਕਾ-ਦੁੱਕਾ ਅਖ਼ਬਾਰਾਂ ਦੇ ਪ੍ਰਬੰਧਕ ਸਿੱਖਾਂ ਨੂੰ ਜਜ਼ਬਾਤੀ ਤੌਰ ’ਤੇ ਬਲੈਕ-ਮੇਲ ਕਰਕੇ ਮਾਇਆ ਦੇ ਗੱਫੇ ਉਗਰਾਹੁਣ, ਸਿਆਸੀ ਆਗੂਆਂ ਨਾਲ ਗੰਢਤੁੱਪ ਕਰਕੇ ਨਿਜੀ ਲਾਭ ਚੁੱਕਣ ਅਤੇ ਮੁੱਦਿਆਂ ਨੂੰ ਜਜ਼ਬਾਤੀ ਢੰਗ ਨਾਲ ਉਛਾਲ ਕੇ ਸਸਤੀ ਸ਼ੋਹਰਤ ਖੱਟਣ ਵਿੱਚ ਹੀ ਮਸ਼ਗੂਲ ਹਨ।
ਅਜਿਹੇ ਹਾਲਾਤ ਵਿੱਚ ਸੰਜੀਦਾ ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਗੁਰਦੁਆਰਾ ਕਮੇਟੀ, ਧਾਰਮਕ-ਸਿਆਸੀ ਸਿੱਖ ਆਗੂ, ਸੰਤ-ਬਾਬੇ ਆਦਿ ਤੋਂ ਸਿੱਖੀ ਭਲਾਈ ਦੀ ਆਸ ਛੱਡ ਕੇ ਖ਼ੁਦ ਬ੍ਰਾਹਮਣਵਾਦੀਆਂ ਨਾਲ ਨਜਿੱਠਣ ਲਈ ਸਗਰਮਰ ਹੋਣ। ਪਰ ਅਜਿਹਾ ਤਾਂ ਹੀ ਸੰਭਵ ਹੋਵੇਗਾ ਜੇਕਰ ਉਹ ਨਿਰੇ ਢੋਲਕੀਆਂਛੈਣੇ ਕੁੱਟਦੇ ਰਹਿਣ ਤੇ ਵਾਗਿਗੁਰੂ-ਵਾਹਿਗੁਰੂ ਦਾ ਰਟਨ ਕਰਨ ਤੋਂ ਅੱਗੇ ਨਿਕਲਣ। ਅੱਜ ਲੋੜ ਹੈ ਕਿ ਸਿੱਖ ਨੌਜੁਆਨਾਂ ਆਪਣੇ ਵਿੱਚੋਂ ਗਿਆਨੀ ਦਿੱਤ ਸਿੰਘ ਵਰਗੇ ਸੈਂਕੜੇ ਸੂਝਵਾਨ ਪ੍ਰਚਾਰਕ ਤਿਆਰ ਕਰਕੇ ਸਿੱਖ-ਵਿਰੋਧੀਆਂ ਦਾ ਮੁਕਾਬਲਾ ਕਰਨ। ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦ ਦੁਨੀਆ ਵਿੱਚੋਂ ਸਿੱਖ ਕੌਮ ਦੀ ਹੋਂਦ ਹੀ ਖ਼ਤਮ ਹੋ ਜਾਏਗੀ।