

ਤੱਤ ਗੁਰਮਤਿ ਪਰਵਾਰ ਵੱਲੋਂ ਤਜਵੀਜ਼ਸ਼ੁਦਾ ਅਰਦਾਸ ਦਾ ਨਵਾਂ ਖਰੜਾ
- ਤੱਤ ਗੁਰਮਤਿ ਪਰਵਾਰ -
ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੀ ਜਾਂਦੀ ਕਥਿਤ ‘ਪੰਥ-ਪ੍ਰਵਾਨਿਤ’ ਸਿੱਖ ਰਹਿਤ-ਮਰਿਆਦਾ ਵਿੱਚ ਕਾਫੀ ਸਾਰਾ ਹਿੱਸਾ ਬ੍ਰਾਹਮਣਵਾਦੀ ਫਲਸਫੇ ਤੋਂ ਪ੍ਰਭਾਵਿਤ ਹੋਣ ਕਾਰਨ ਅਤੇ ਇਸੇ ‘ਮਰਿਆਦਾ’ ਨੂੰ ਹੋਰ ਵਿਕਸਿਤ ਕਰਕੇ ਸਿੱਖਾਂ ਨੂੰ ਬ੍ਰਾਹਮਣਵਾਦੀ ਕਰਮ-ਕਾਂਡਾਂ ਵਿੱਚ ਰਲਗੱਡ ਕਰ ਦੇਣ ਦੀਆ ਵੱਖ-ਵੱਖ ਧਿਰਾਂ ਦੀਆਂ ਸਫਲ ਸਾਜਿਸ਼ਾਂ ਦੇ ਮੱਦੇਨਜ਼ਰ ‘ਤੱਤ ਗੁਰਮਤਿ ਪਰਵਾਰ’ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਅਸੂਲਾਂ ’ਤੇ ਅਧਾਰਿਤ ਨਵੀਂ ਸਿੱਖ ਰਹਿਤ ਮਰਿਆਦਾ ਤਿਆਰ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਸਿਲਸਿਲੇ ਵਿੱਚ ਕਥਿਤ ਪੰਥ-ਪ੍ਰਵਾਨਿਤ ਰਹਿਤ ਮਰਿਆਦਾ ਵਿਚਲੀਆਂ ਕਮੀਆਂ ਨੂੰ ਉਜਾਗਰ ਕਰਦਾ ਲੇਖ ਇੰਡੀਆ ਅਵੇਅਰਨੈ¤ਸ ਦੇ ਜੁਲਾਈ 09 ਅਤੇ ਅਗਸਤ 09 ਅੰਕਾਂ ਵਿੱਚ ਦੋ ਹਿੱਸਿਆਂ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਲੇਖ ਵਿੱਚ ਹਰ ਨੁਕਤੇ ਬਾਬਤ ਗੁਰੂ ਗ੍ਰੰਥ ਸਾਹਿਬ ਦੀਆਂ ਰਚਨਾਵਾਂ ਦੇ ਹਵਾਲੇ ਦੇ ਕੇ ਸਮਝਾਇਆ ਗਿਆ ਸੀ ਕਿ ਕਿਵੇਂ ਸਬੰਧਿਤ ਨੁਕਤਾ ਗੁਰੂ ਗ੍ਰੰਥ ਸਾਹਿਬ ਦੇ ਅਸੂਲਾਂ ਦਾ ਖੰਡਨ ਕਰਕੇ ਸਿੱਖਾਂ ਨੂੰ ਮਨਮਤਿ ਵੱਲ ਧਕੇਲ ਰਿਹਾ ਹੈ। ਰਹਿਤ ਮਰਿਆਦਾ ਵਿੱਚ ਏਨੀਆਂ ਜ਼ਿਆਦਾ ਕਮੀਆਂ ਵੇਖਦੇ ਹੋਏ ਵਿਦਵਾਨਾਂ ਨੇ ਮਹਿਸੂਸ ਕੀਤਾ ਕਿ ਇਸਦੀ ਮੁਰੰਮਤ ਜਾਂ ਸੋਧ ਕਰਨ ਦੀ ਬਜਾਏ ਇਸਦਾ ਇਕ ਨਿਵੇਕਲਾ ਤੇ ਨਵਾਂ ਖਰੜਾ ਹੀ ਤਿਆਰ ਕਰ ਲਿਆ ਜਾਵੇ।
ਨਵੀਂ ਸਿੱਖ ਰਹਿਤ ਮਰਿਆਦਾ ਦਾ ਖਰੜਾ ਬਣਾਉਣ ਲਈ ਤੱਤ ਗੁਰਮਤਿ ਪਰਵਾਰ ਦੇ ਵੀਰਾਂ ਵੱਲੋਂ ਸਿਰਫ਼ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਸੁਚੇਤ ਸਿੱਖਾਂ ਦੀ ਮਦਦ ਨਾਲ ਵਿਚਾਰ-ਵਟਾਂਦਰਾ ਜਾਰੀ ਹੈ। ਪਰ ਵਿਵਾਦਿਤ ਗ੍ਰੰਥਾਂ ਦੀਆਂ ਰਚਨਾਵਾਂ ਤੋਂ ਮੁਕਤ ਅਤੇ ਸਿਰਫ਼ ਗੁਰੂ ਗ੍ਰੰਥ ਸਾਹਿਬ ਦੀਆਂ ਪਵਿੱਤਰ ਰਚਨਾਵਾਂ ’ਤੇ ਅਧਾਰਿਤ ਨਿੱਤਨੇਮ (ਮੁਢਲੀਆਂ ਬਾਣੀਆਂ) ਦੀ ਪੋਥੀ (ਗੁਟਕਾ) ਪ੍ਰਕਾਸ਼ਿਤ ਕਰਨ ਲਈ ਪਹਿਲਾਂ ਅਰਦਾਸ ਦਾ ਖਰੜਾ ਤਿਆਰ ਕਰਨਾ ਜ਼ਰੂਰੀ ਹੈ। ਇਸਲਈ ਤੱਤ ਗੁਰਮਤਿ ਪਰਵਾਰ ਦੇ ਵੀਰਾਂ ਵੱਲੋਂ, ਸੋਧੀ ਹੋਈ ਅਰਦਾਸ ਦਾ ਇਕ ਖਰੜਾ ਸੰਜੀਦਾ ਪਾਠਕਾਂ ਦੇ ਸੁਝਾਵਾਂ ਹਿੱਤ ਪੇਸ਼ ਹੈ। ਭਾਵੇਂ ਤੱਤ ਗੁਰਮਤਿ ’ਤੇ ਅਧਾਰਿਤ ਰਹਿਤ ਮਰਿਆਦਾ ਵਿੱਚ ਸੋਧ ਅਤੇ ਬਿਹਤਰੀ ਦੇ ਸੁਝਾਵਾਂ ਦਾ ਹਮੇਸ਼ਾ ਹੀ ਸਵਾਗਤ ਰਹੇਗਾ ਪਰ ਇਕ ਮੁਢਲੇ ਖਰੜੇ ’ਤੇ ਆਮ ਸਹਿਮਤੀ ਲਿਆ ਕੇ ਇਸਨੂੰ ਪ੍ਰਕਾਸ਼ਿਤ ਕਰਨ ਲਈ, ਪਾਠਕ ਇਸ ਖਰੜੇ ਬਾਬਤ ਆਪਣੇ ਵਿਚਾਰ ਜਾਂ ਟਿੱਪਣੀਆਂ 20 ਸਤੰਬਰ 09 ਤੱਕ ਹੇਠਾਂ ਜ਼ਿਕਰ ਕੀਤੇ ਗਏ ਤੱਤ ਗੁਰਮਤਿ ਪਰਵਾਰ ਦੇ ਦਫ਼ਤਰ ਵਿਖੇ ਭੇਜ ਸਕਦੇ ਹਨ। ਆਸ ਹੈ ਕਿ ਸੰਜੀਦਾ ਪਾਠਕ ਆਪਣੇ ਇਸ ਫ਼ਰਜ਼ ਨੂੰ ਨਿਭਾਉਣ ਵਿੱਚ ਆਲਸ ਨਹੀਂ ਕਰਨਗੇ।
ੴ ਸਤਿਗੁਰ ਪ੍ਰਸਾਦਿ ॥
ਹੇ ਅਕਾਲ ਪੁਰਖ, ਪਾਤਸ਼ਾਹਾਂ ਦੇ ਪਾਤਸ਼ਾਹ ਜੀਉ;
ਤੂ ਠਾਕੁਰੁ ਤੁਮ ਪਹਿ ਅਰਦਾਸਿ ॥
ਜੀਉ ਪਿੰਡੁ ਸਭੁ ਤੇਰੀ ਰਾਸਿ ॥
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥
ਤੁਮਰੀ ਕ੍ਹਿਪਾ ਮਹਿ ਸੂਖ ਘਨੇਰੇ॥
ਕੋਇ ਨ ਜਾਨੈ ਤੁਮਰਾ ਅੰਤੁ ॥
ਊਚੇ ਤੇ ਊਚਾ ਭਗਵੰਤ ॥
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥
ਤੁਮ ਤੇ ਹੋਇ ਸੁ ਆਗਿਆਕਾਰੀ ॥
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥
ਨਾਨਕ ਦਾਸ ਸਦਾ ਕੁਰਬਾਨੀ॥
ਨਿਰਮਲ ਪੰਥ ਦੇ ਮੋਢੀ ਨਾਨਕ ਪਾਤਸ਼ਾਹ ਜੀ, ਗੁਰਮਤਿ ਪਾਠਸ਼ਾਲਾ ਦੇ ਬਾਨੀ ਅੰਗਦ ਪਾਤਸ਼ਾਹ ਜੀ, ਨਿਮਰਤਾ ਦੇ ਪੁੰਜ ਅਮਰਦਾਸ ਪਾਤਸ਼ਾਹ ਜੀ, ਸੇਵਾ ਜਿਨ੍ਹਾਂ ਦੀ ਲਾਸਾਨੀ ਰਾਮਦਾਸ ਪਾਤਸ਼ਾਹ ਜੀ, ਸ਼ਹੀਦਾਂ ਦੇ ਸਿਰਤਾਜ ਅਰਜੁਨ ਪਾਤਸ਼ਾਹ ਜੀ, ਬੰਦੀ-ਛੋੜ ਜੋਧੇ ਹਰਿ ਗੋਬਿੰਦ ਪਾਤਸ਼ਾਹ ਜੀ, ਰੋਗੀਆਂ ਦੇ ਵੈਦ ਹਰਿ ਰਾਇ ਪਾਤਸ਼ਾਹ ਜੀ, ਛੋਟੀ ਉਮਰੇ ਡੂੰਘੀ ਸੋਚ ਹਰਿ ਕ੍ਰਿਸ਼ਨ ਪਾਤਸ਼ਾਹ ਜੀ, ਮਨੁੱਖੀ ਅਧਿਕਾਰਾਂ ਦੇ ਰਾਖੇ ਤੇਗ ਬਹਾਦੁਰ ਪਾਤਸ਼ਾਹ ਜੀ, ਮਰਦ ਅਗੰਮੜੇ ਗੋਬਿੰਦ ਸਿੰਘ ਪਾਤਸ਼ਾਹ ਜੀ। ਇਨ੍ਹਾਂ ਦਸਾਂ ਪਾਤਸ਼ਾਹੀਆਂ ਦੀ ਸਰਬਪੱਖੀ ਅਗਵਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ।
ਦਸਾਂ ਨਾਨਕ ਜਾਮਿਆਂ ਦੀ ਵਿਚਾਰਧਾਰਕ ਜੋਤ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ।
ਅਨਗਿਣਤ ਸਿੰਘਾਂ ਸਿੰਘਣੀਆਂ ਜਿਨ੍ਹਾਂ ਨੇ ਬੰਦ ਬੰਦ ਕਟਾਏ,ਖੋਪਰੀਆਂ ਲੁਹਾਈਆਂ,ਚਰਖੜੀਆਂ ‘ਤੇ ਚੜ੍ਹੇ,ਆਰਿਆਂ ਨਾਲ ਚੀਰਾਏ ਗਏ ਅਤੇ ਹੋਰ ਅਨੇਕਾਂ ਤਸੀਹੇ ਸਹਿ ਕੇ ਸਿਧਾਂਤਕ ਦ੍ਰਿਦ੍ਰੜਤਾ ਅਤੇ ਮਨੁੱਖਤਾ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਤਿਨ੍ਹਾਂ ਦੀ ਸਿਧਾਂਤਕ ਦ੍ਰਿੜਤਾ ਦਾ ਧਿਆਨ ਧਰ ਕੇ, ਬੋਲੋ ਜੀ ਵਾਹਿਗੁਰੂ।
ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓੁਟੀਆਂ ਦੀ ਓੁਟ, ਸੱਚੇ ਪਿਤਾ ਅਕਾਲ ਪੁਰਖ ਜੀਉ; ਆਪ ਜੀ ਦੀ ਅਪਾਰ ਬਖਸ਼ਿਸ਼ ਅਤੇ ਰਹਿਮਤ ਸਦਕਾ ('''ਅੰਮ੍ਰਿਤ ਬਾਣੀ ਪੜ੍ਹੀ, ਸੁਣੀ ਅਤੇ ਵਿਚਾਰੀ ਗਈ ਹੈ। ਗੁਰਬਾਣੀ ਪੜ੍ਹਦਿਆਂ,ਵਿਚਾਰਦਿਆਂ ਆਪ ਜੀ ਦੇ ਬਚਿੱਆਂ ਪਾਸੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਖਿਮਾ ਕਰਨੀ,ਅਗੇ ਤੋਂ ਸ਼ੁੱਧ ਅਤੇ ਸਪੱਸ਼ਟ ਬਾਣੀ ਪੜ੍ਹਨ ਸੁਣਨ ਅਤੇ ਵਿਚਾਰਨ ਦੀ ਸੌਝੀ ਬਖਸ਼ਿਸ਼ ਕਰਦਿਆਂ''') ਗੁਰਮਤਿ ਸਿਧਾਂਤਾਂ ਅਨੁਸਾਰ ਜੀਵਨ ਗੁਜ਼ਾਰਣ ਦੀ ਬਲ ਬੁੱਧੀ ਬਖਸ਼ਿਸ਼ ਕਰੋ ਜੀ।
ਹੇ ਅਕਾਲ ਪੁਰਖ ਜੀੳੁ, ਹਾਜ਼ਿਰ ਸੰਗਤ ਸਮੇਤ ਸਾਰੀ ਮਨੁੱਖਤਾ ਨੂੰ ਆਪ ਜੀ ਦੇ ਅਟੱਲ ਹੁਕਮ ਵਿੱਚ ਤੁਰਦਿਆਂ, ਸੱਚ ਦੇ ਗਿਆਨ ਅਨੁਸਾਰੀ ਵਹਿਮਾਂ ਭਰਮਾਂ ਅਤੇ ਕਰਮਕਾਂਡਾਂ ਤੋਂ ਰਹਿਤ ਸੁਚੱਜੀ ਜੀਵਨ ਜਾਚ ਬਖਸ਼ਿਸ਼ ਕਰੋ ਜੀ। ਆਪ ਜੀ ਦੀਆਂ ਬਖਸ਼ੀਆਂ ਦਾਤਾਂ ਲਈ ਆਪ ਜੀ ਦਾ ਕੋਟਾਨ ਕੋਟਿ ਸ਼ੁਕਰ ਹੈ ਜੀ।
ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆਂ ‘ਗੁਰਮਤਿ ਗਿਆਨ’ ਮਨ ਭਾਵੈ।
ਸਰਬੱਤ ਦਾ ਭਲਾ ਕਰਦਿਆਂ, ਸਹਿਜੇ ਹੀ ਪਰਮ ਪਦ ਪਾਵੈ।
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ॥
'''ਨੋਟ:- ਇਥੇ ਅਰਦਾਸ ਦੇ ਮਕਸਦ ਅਨੁਸਾਰ ਢੁਕਵੀਂ ਸ਼ਬਦਾਵਲੀ ਵਰਤੀ ਜਾ ਸਕਦੀ ਹੈ।
ਆਪ ਜੀ ਅਰਦਾਸ ਦੇ ਇਸ ਖਰੜੇ ਵਿੱਚ ਕਿਸੇ ਕਿਸਮ ਦੀ ਸੋਧ ਜਾਂ ਕੋਈ ਹੋਰ ਸੁਝਾਅ ਹੇਠ ਲਿਖੇ ਪਤੇ ਜਾਂ ਈ-ਮੇਲ ਰਾਹੀਂ ਭੇਜ ਸਕਦੇ ਹੋ।
(ਈ-ਮੇਲ :
tatgurmat@gmail.com)
ਤੱਤ ਗੁਰਮਤਿ ਪਰਿਵਾਰ,
ਫਿਉਚਰ ਪੈਕ ਹਾਇਰ ਸੈਕੰਡਰੀ ਸਕੂਲ,
ਅਪਰ ਗਦੀਗੜ੍ਹ (ਨੇੜੇ ਏਅਰਪੋਰਟ),
ਜੰਮੂ-181101 (ਜੰਮੂ-ਕਸ਼ਮੀਰ)