

ਇੰਡੀਆ ਅਵੇਅਰਨੈੱਸ ਵੱਲੋਂ ਤਜਵੀਜ਼ਸ਼ੁਦਾ ਅਰਦਾਸ ਦਾ ਨਵਾਂ ਖਰੜਾ
ਤੱਤ ਗੁਰਮਤਿ ਪਰਵਾਰ ਦੇ ਵੀਰਾਂ ਵੱਲੋਂ ਸਿੱਖ ਰਹਿਤ ਮਰਿਆਦਾ ਵਿੱਚ ਸੋਧ ਦੇ ਸਿਲਸਿਲੇ ਵਿੱਚ ਅਰਦਾਸ ਦਾ ਇਕ ਨਵਾਂ ਖਰੜਾ ਪੇਸ਼ ਕੀਤਾ ਗਿਆ ਹੈ। ਪਰ ਇਸ ਖਰੜੇ ਨੂੰ ਪੜ੍ਹਨ ’ਤੇ ਇਹੀ ਸਪਸ਼ਟ ਹੁੰਦਾ ਹੈ ਕਿ ਅਰਦਾਸ ਦੀ ਇਹ ਸ਼ਬਦਾਵਲੀ ਮੌਲਿਕ ਰੂਪ ਵਿੱਚ ਨਵੀਂ ਨਾ ਹੋ ਕਰਕੇ ਪ੍ਰਚਲਿਤ ਅਰਦਾਸ ਦੀ ਸ਼ਬਦਾਵਲੀ ਦਾ ਹੀ ਸੋਧਿਆ ਹੋਇਆ ਰੂਪ ਹੈ। ਇਸ ਸ਼ਬਦਾਵਲੀ ਦੀਆਂ ਕੁਝ ਕਮੀਆਂ ਬਾਰੇ ਵੈਬਸਾਈਟ ਸਿੱਖ ਮਾਰਗ ਡਾਟ ਕਾਮ ਦੇ ਪਾਠਕਾਂ ਨੇ ਆਪਣੇ ਵਿਚਾਰ ਪੇਸ਼ ਕਰਨੇ ਸ਼ੁਰੂ ਵੀ ਕਰ ਦਿੱਤੇ ਹਨ ਪਰ ਹਾਲਾਂ ਤੱਕ ਕਿਸੇ ਸੱਜਣ ਨੇ ਅਰਦਾਸ ਦਾ ਸਮੁੱਚਾ ਬਦਲਵਾਂ ਰੂਪ ਪੇਸ਼ ਨਹੀਂ ਕੀਤਾ। ਇਸਲਈ ਇੰਡੀਆ ਅਵੇਅਰਨੈੱਸ ਦੇ ਸੰਪਾਦਕ ਸ੍ਰ: ਸਰਬਜੀਤ ਸਿੰਘ ਵੱਲੋਂ ਅਰਦਾਸ ਦਾ ਇਕ ਨਵਾਂ ਖਰੜਾ ਤਿਆਰ ਕੀਤਾ ਗਿਆ ਹੈ। ਆਸ ਹੈ ਕਿ ਪਾਠਕ ਇਸ ਖਰੜੇ ਬਾਬਤ ਆਪਣੀਆਂ ਲਿਖਤੀ ਟਿੱਪਣੀਆਂ ਜਲਦ ਤੋਂ ਜਲਦ ਭੇਜ ਕੇ ਸਾਨੂੰ ਕ੍ਰਿਤਾਰਥ ਕਰਨਗੇ। ਪਾਠਕ ਇਹ ਵੀ ਨੋਟ ਕਰਨ ਕਿ ਇਹ ਸਿਰਫ਼ ‘ਖਰੜੇ’ ਹਨ - ਅਰਦਾਸ ਦਾ ਅੰਤਮ ਰੂਪ ਨਹੀਂ। ਇਸਲਈ ਇਹ ਨਾ ਸਮਝਿਆ ਜਾਵੇ ਕਿ ਤੱਤ ਗੁਰਮਤਿ ਪਰਵਾਰ ਅਤੇ ਇੰਡੀਆ ਅਵੇਅਰਨੈੱਸ ਦੇ ਸੰਪਾਦਕੀ ਮੰਡਲ ਵਿਚਕਾਰ ਕਿਸੇ ਕਿਸਮ ਦੀ ਕੋਈ ਤਕਰਾਰ ਹੈ, ਜਿਵੇਂ ਕਿ ਮੋਹਾਲੀ ਤੋਂ ਪ੍ਰਕਾਸ਼ਿਤ ਹੁੰਦੀ ਇਕ ਪੰਜਾਬੀ ਅਖ਼ਬਾਰ ਦੇ ਕੁਝ ਕਾਰਕੁੰਨ ਇਹ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ੴ ਸਤਿਗੁਰ ਪ੍ਰਸਾਦਿ।।
ਆਦਿ ਗੁਰਏ ਨਮਹ ।। ਜੁਗਾਦਿ ਗੁਰਏ ਨਮਹ ।।
ਸਤਿਗੁਰਏ ਨਮਹ ।। ਸ੍ਰੀ ਗੁਰਦੇਵਏ ਨਮਹ ।।
ਸਰਬ-ਵਿਆਪਕ ਇਕ ਨਿਰਾਕਾਰ ਪਰਮਾਤਮਾ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਹਰ ਕਿਸਮ ਦੇ ਡਰ ਤੋਂ ਰਹਿਤ ਹੈ, ਹਰ ਕਿਸਮ ਦੇ ਵੈਰ ਤੋਂ ਰਹਿਤ ਹੈ, ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ, ਜੋ ਸਰੀਰ ਵਿੱਚ ਪ੍ਰਗਟ ਨਹੀਂ ਹੁੰਦਾ, ਜਿਸਦਾ ਪ੍ਰਕਾਸ਼ ਖ਼ੁਦ ਤੋਂ ਹੋਇਆ ਹੈ, ਜਿਸਦੇ ਗੁਣਾਂ ਨੂੰ ਸੱਚਾ ਗਿਆਨ ਬਖਸ਼ਣ ਵਾਲੇ ਗੁਰੂ ਸਦਕਾ ਸਮਝਿਆ ਜਾ ਸਕਦਾ ਹੈ - ਅਜਿਹੇ ਨਿਰਾਕਾਰ ਪਰਮਾਤਮਾ ਨੂੰ ਪ੍ਰਣਾਮ ਹੈ।
ਸੱਚ ਦਾ ਗਿਆਨ ਪ੍ਰਗਟਾਅ ਕੇ ਸੰਸਾਰ ਨੂੰ ਕਰਮ-ਕਾਂਡਾਂ, ਅੰਧ-ਵਿਸ਼ਵਾਸਾਂ, ਆਤਮਕ ਵਿਕਾਰਾਂ ਤੇ ਧਰਮ ਦੇ ਨਾਂ ’ਤੇ ਪ੍ਰਚਲਿਤ ਅਗਿਆਨਤਾ ਤੋਂ ਮੁਕਤ ਕਰਵਾਉਣ ਵਾਲੇ ਨਾਨਕ ਜੋਤ ਦੇ ਦਸਾਂ ਸਰੂਪਾਂ ਅਤੇ ਨਾਨਕ ਜੋਤ ਨਾਲ ਵਿਚਾਰਧਾਰਕ ਸਾਂਝ ਰੱਖਣ ਵਾਲੇ ਭਗਤਾਂ, ਭਟਾਂ, ਗੁਰਸਿੱਖਾਂ ਅਤੇ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦੇ ਵਿਚਾਰਾਂ ਨੂੰ ਸੰਜੋਅ ਕੇ ਰੱਖਣ ਵਾਲੇ ਮਹਾਨ ‘ਗੁਰੂ ਗ੍ਰੰਥ ਸਾਹਿਬ’ ਨੂੰ ਪ੍ਰਣਾਮ ਹੈ।
ਸੰਸਾਰ ਦੇ ਜਿਨ੍ਹਾਂ ਵੀ ਸਿਦਕੀ ਮਨੁੱਖਾਂ ਨੇ ਧਰਮ/ ਜਾਤ/ਬਿਰਾਦਰੀ ਦੇ ਵਿਤਕਰੇ ਬਿਨਾਂ ਇਨਸਾਨੀਅਤ ਦੀ ਭਲਾਈ ਦੇ ਕਾਰਜ ਕੀਤੇ, ਆਪਣੀ ਨੇਕ ਤੇ ਇਮਾਨਦਾਰੀ ਦੀ ਕਮਾਈ ਵਿੱਚੋਂ ਲੋੜਵੰਦਾਂ ਦੀ ਮਦਦ ਕੀਤੀ, ਦੀਨ-ਦੁਖੀਆਂ ਦੀ ਹੱਥੀਂ ਮਦਦ ਕੀਤੀ, ਧਾਰਮਕ ਕਾਰਨਾਂ ਕਰਕੇ ਆਪਣੇ ਨਾਲ ਹੋਈ ਬੇਇਨਸਾਫੀ ਨੂੰ ਨਜ਼ਰਅੰਦਾਜ਼ ਕਰਨ ਦੀ ਸਹਿਨਸ਼ੀਲਤਾ ਦਰਸਾਈ, ਰੱਬੀ ਗੁਣਾਂ ਨੂੰ ਆਪਣੇ ਜੀਵਨ ਅੰਦਰ ਧਾਰਿਆ - ਉਨ੍ਹਾਂ ਗੁਣਵਾਨ ਮਨੁੱਖਾਂ ਦੇ ਗੁਣਾਂ ਨੂੰ ਪ੍ਰਣਾਮ ਹੈ।
ਜਿਨ੍ਹਾਂ ਮਨੁੱਖਾਂ ਨੇ ਸੱਚ ਦੇ ਗਿਆਨ ਤੋਂ ਪ੍ਰੇਰਣਾ ਲੈ ਕੇ ਇਕ ਪਰਮਾਤਮਾ ਦੇ ਗੁਣਾਂ ਨੂੰ ਸਮਝਿਆ-ਵਿਚਾਰਿਆ ਤੇ ਆਪਣੀ ਜ਼ਿੰਦਗੀ ਵਿੱਚ ਅਪਣਾਇਆ; ਜਿਨ੍ਹਾਂ ਨੇ ਮੂਰਤੀ-ਪੂਜਾ, ਵਰਤ, ਯੱਗ, ਮੌਲੀਆਂ ਬੰਨ੍ਹਣੀਆਂ, ਤੀਰਥ-ਯਾਤਰਾਵਾਂ, ਤੀਰਥ-ਇਸ਼ਨਾਨ, ਰਸਮੀ ਦਾਨ-ਪੁੰਨ, ਗਿਣਤੀਆਂ ਦੇ ਧਾਰਮਕ ਪਾਠ, ਜਾਦੂ-ਮੰਤਰ, ਟੂਣੇ-ਟਮਾਣਿਆਂ ’ਤੇ ਵਿਸ਼ਵਾਸ ਨੂੰ ਤਿਆਗਿਆ; ਜਿਨ੍ਹਾਂ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਫੈਸ਼ਨ-ਪ੍ਰਸਤੀ, ਦਿਖਾਵਾ ਆਦਿਕ ਮਨੁੱਖੀ ਕਮਜ਼ੋਰੀਆਂ ’ਤੇ ਕਾਬੂ ਪਾ ਕੇ ਆਪਣੇ ਮਨ ਨੂੰ ਜਿੱਤਿਆ; ਜਿਨ੍ਹਾਂ ਨੇ ਮਿਥਿਹਾਸਕ ਦੇਵੀ-ਦੇਵਤਿਆਂ ਦੀ ਅਰਾਧਨਾ ਕਰਨ ਅਤੇ ਮਨਮਤਿ ਫੈਲਾਉਣ ਵਾਲੇ ਦੇਹਧਾਰੀਆਂ ਦਾ ਸ਼ਰਧਾਲੂ ਬਣਨ ਦੀ ਬਜਾਏ ਗੁਰੂ ਗ੍ਰੰਥ ਸਾਹਿਬ ਰਾਹੀਂ ਸਰਬ-ਵਿਆਪਕ, ਨਿਰਾਕਾਰ ਪਰਮਾਤਮਾ ਦੇ ਗੁਣਾਂ ਦੀ ਅਰਾਧਨਾ ਕੀਤੀ; ਜਿਨ੍ਹਾਂ ਨੇ ਰੱਬ ਦੀ ਭਗਤੀ ਦੇ ਨਾਂ ’ਤੇ ਧਰਮ ਗ੍ਰੰਥਾਂ ਦੇ ਰਸਮੀ ਪਾਠਾਂ ਨੂੰ ਤਿਆਗਿਆ, ਮਾਲਾ ਫੇਰਨ, ਪਰਮਾਤਮਾ ਨੂੰ ਖੁਸ਼ ਕਰਨ ਲਈ ਬਾਰ-ਬਾਰ ਇਕੋ ਲਫ਼ਜ਼ ਰਟਨ ਦੀ ਪਿਰਤ ਨੂੰ ਤਿਆਗਿਆ - ਉਨ੍ਹਾਂ ਸੂਝਵਾਨ ਮਨੁੱਖਾਂ ਦੀ ਸੂਝਬੂਝ ਨੂੰ ਪ੍ਰਣਾਮ ਹੈ।
ਜਿਨ੍ਹਾਂ ਨਿਰਦੋਸ਼ ਇਨਸਾਨਾਂ ਨੇ ਫਿਰਕਾਪ੍ਰਸਤੀ ਦੇ ਜਨੂੰਨ ਕਾਰਨ ਜਾਨ-ਮਾਲ-ਇੱਜ਼ਤ ਦਾ ਨੁਕਸਾਨ
ਚੁੱਕਿਆ, ਵੱਖ-ਵੱਖ ਤਸੀਹੇ ਸਹੇ, ਹੱਕ ਦੇ ਸੰਘਰਸ਼ ਦੌਰਾਨ ਜਾਨਾਂ ਗਵਾਈਆਂ, ਝੂਠੇ ਪੁਲਿਸ ਮੁਕਾਬਲਿਆਂ
ਵਿੱਚ ਮਾਰੇ ਗਏ, ਗਲਾਂ ਵਿੱਚ ਟਾਇਰ ਪਾ ਕੇ ਸਾੜੇ ਗਏ, ਧਰਮ ਅਸਥਾਨਾਂ ਦੀ ਬਰਬਾਦੀ ਬਰਦਾਸ਼ਤ ਕੀਤੀ ਪਰ
ਬਦਲੇ ਦੀ ਅੱਗ ਵਿੱਚ ਨਿਰਦੋਸ਼ ਇਨਸਾਨਾਂ ਨੂੰ ਨੁਕਸਾਨ ਨਹੀਂ ਪੁਚਾਇਆ - ਉਨ੍ਹਾਂ ਸਿਦਕੀ ਮਨੁੱਖਾਂ ਦੇ
ਮਹਾਨ ਆਦਰਸ਼ਾਂ ਨੂੰ ਪ੍ਰਣਾਮ ਹੈ।
ਸਮੁੱਚੀ ਮਨੁੱਖਤਾ ਵਿੱਚ ਭਾਈਵਾਲਤਾ, ਪ੍ਰੇਮ ਤੇ ਰੱਬੀ ਗੁਣਾਂ ਬਾਰੇ ਸੱਚ ਦਾ ਗਿਆਨ ਪ੍ਰਚਾਰਨ ਵਾਲੇ
ਸਮੂਹ ਧਰਮ ਅਸਥਾਨਾਂ ਤੇ ਪ੍ਰਚਾਰਕਾਂ ਨੂੰ ਪ੍ਰਣਾਮ ਹੈ।
ਹੇ ਸਮੁੱਚੀ ਸ੍ਰਿਸ਼ਟੀ ਤੇ ਇਨਸਾਨੀਅਤ ਦੇ ਸਿਰਜਨਹਾਰ ਪਰਮ ਪਿਤਾ ਪਰਮਾਤਮਾ ਜੀਉ ! ਕ੍ਰਿਪਾ ਕਰੋ ਕਿ
ਸਮੁੱਚੀ ਇਨਸਾਨੀਅਤ ਨੂੰ ਸੱਚ ਦੇ ਗਿਆਨ ਦੀ ਸੋਝੀ; ਅੰਧ-ਵਿਸ਼ਵਾਸਾਂ, ਧਾਰਮਕ ਸਮਝੇ ਜਾਂਦੇ
ਕਰਮ-ਕਾਂਡਾਂ, ਆਤਮਕ ਵਿਕਾਰਾਂ ਤੋਂ ਮੁਕਤੀ ਪ੍ਰਾਪਤ ਹੋਵੇ ਜੀ। ਹਰ ਇਨਸਾਨ ਵਿੱਚ ਸੱਚ ਜਾਣਨ-ਸਮਝਨ
ਦੀ ਲਾਲਸਾ, ਮਨਮਤੀ ਮਾਨਸਿਕਤਾ ’ਤੇ ਕਾਬੂ ਪਾਉਣ ਦੀ ਸਮਰਥਾ ਅਤੇ ਆਪ ਜੀ ਨਾਲ ਇਕਮਿਕਤਾ ਕਰਵਾਉਣ
ਵਾਲੇ ਸੱਚੇ ਗੁਣ ਵਿਕਸਿਤ ਹੋਣ ਜੀ।
ਹੇ ਅਕਾਲ ਪੁਰਖ, ਸਮੁੱਚੀ ਇਨਸਾਨੀਅਤ ਦੇ ਸਹਾਈ ਦਾਤਾਰ ਜੀਉ ! ਆਪ ਜੀ ਦੀ ਨਿਰਾਕਾਰ ਹੋਂਦ ਨੂੰ
ਹਾਜ਼ਰ-ਨਾਜ਼ਰ ਮਹਿਸੂਸ ਕਰਦਿਆਂ ਆਪ ਅੱਗੇ ਅਰਦਾਸ ਹੈ ਜੀ ..... (ਇੱਥੇ ਜਿਸ ਕਾਰਜ ਵਾਸਤੇ ਅਰਦਾਸ
ਕੀਤੀ ਜਾ ਰਹੀ ਹੈ, ਉਸਦਾ ਜ਼ਿਕਰ ਕਰੋ ਜੀ।)
ਹੇ ਦਾਤਾਰ ਜੀਉ, ਕ੍ਰਿਪਾਲਤਾ ਕਰੋ ਕਿ ਇਸ ਕਾਰਜ ਦੀ ਸਫਲਤਾ ਤੁਹਾਡੇ ਅਟਲ ਨੇਮਾਂ ਦੀ ਪਾਲਣਾ ਕਰਦਿਆਂ
ਹੀ ਹੋ ਸਕੇ। ਅਜਿਹੇ ਗੁਣਵਾਨ ਇਨਸਾਨਾਂ ਨਾਲ ਮੇਲ ਬਖਸ਼ੋ, ਜਿਨ੍ਹਾਂ ਦੀ ਸੰਗਤ ਸਦਕਾ ਤੁਹਾਡੇ ਗੁਣ
ਗ੍ਰਹਿਣ ਕਰਨ ਦੀ ਪ੍ਰੇਰਨਾ ਮਿਲ ਸਕੇ ਜੀ। ਸੰਪੂਰਨ ਸ੍ਰਿਸ਼ਟੀ ਵਿੱਚ ਸੱਚ ਦਾ ਬੋਲਬਾਲਾ ਹੋਵੇ, ਮਨਮਤਿ
ਦਾ ਖ਼ਾਤਮਾ ਹੋਵੇ।
ਵਾਹਿ ਗੁਰੂ ਜੀ ਖ਼ਾਲਸਾ, ਵਾਹਿ ਗੁਰੂ ਜੀ ਕੀ ਫਤਿਹ।।
- - -
ਉਕਤ ਖਰੜੇ ਬਾਰੇ ਆਪਣੇ ਵਿਚਾਰ ਭੇਜਣ ਲਈ ਸਾਡਾ ਪਤਾ ਹੈ:
ਸੰਪਾਦਕ, ਇੰਡੀਆ ਅਵੇਅਰਨੈੱਸ,
ਏ-11, ਸ਼ਾਮ ਨਗਰ, ਨਵੀਂ ਦਿੱਲੀ-110018
ਫੋਨ : 9871683322
ਈਮੇਲ :
editor@indiaawareness.com