

ਵੇਦਾਂ ਦੇ ਨੇਮਾਂ ਨੂੰ ਮੰਨਣ ਵਾਲੇ ਅਖੌਤੀ ਜੱਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਆਪਣੇ ਕਾਰਜ-ਕਾਲ ਦੌਰਾਨ ਕੀਤੀਆਂ ਗਈਆਂ ਪ੍ਰਾਪਤੀਆਂ
- ਸਰਬਜੀਤ ਸਿੰਘ -
ਫੋਨ : 9871683322
ਜਦ ਵੀ ਕਿਸੇ ਅਹਿਮ ਅਹੁਦੇ ਤੇ ਬਿਰਾਜਮਾਨ ਵਿਅਕਤੀ ਉਸ ਅਹੁਦੇ ਤੋਂ ਰਿਟਾਇਰ ਹੁੰਦਾ ਹੈ ਜਾਂ ਅਸਤੀਫਾ ਦਿੰਦਾ ਹੈ ਜਾਂ ਅਸਮਾਨੀਂ ਚੜ੍ਹਾਈ ਕਰ ਜਾਂਦਾ ਹੈ ਤਾਂ ਉਸ ਵਿਅਕਤੀ ਵੱਲੋਂ ਆਪਣੇ ਕਾਰਜ-ਕਾਲ ਦੌਰਾਨ ਕੀਤੀਆਂ ਗਈਆਂ ਪ੍ਰਾਪਤੀਆਂ (ਜਾਂ ਕਰਤੂਤਾਂ) ਦਾ ਲੇਖਾ-ਜੋਖਾ ਜਰੂਰ ਕੀਤਾ ਜਾਂਦਾ ਹੈ। ਸਿੱਖ ਕੌਮ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਕ ਅਹਿਮ ਸਥਾਨ ਪ੍ਰਾਪਤ ਹੈ ਅਤੇ ਇਸ ਪਵਿੱਤਰ ਤਖ਼ਤ ਦੇ ਮੁੱਖ ਸੇਵਾਦਾਰ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ (ਜਾਂ ਜ਼ਿਆਦਾ ਸਪਸ਼ਟ ਕਹੀਏ ਤਾਂ ਬਰਖ਼ਾਸਤ ਕੀਤੇ ਗਏ) ਗਿ: ਜੋਗਿੰਦਰ ਸਿੰਘ ਦੀਆਂ ਪ੍ਰਾਪਤੀਆਂ/ ਕਰਤੂਤਾਂ ਬਾਰੇ ਯਾਦ ਤਾਜ਼ਾ ਕਰ ਲੈਣਾ ਵੀ ਲਾਭਵੰਦ ਹੋਵੇਗਾ। ਗਿ: ਜੋਗਿੰਦਰ ਸਿੰਘ ਵੇਦਾਂਤੀ ਦੀਆਂ ਕੁਝ ਮੁੱਖ ਪ੍ਰਾਪਤੀਆਂ, ਇਉਂ ਸਨ :

1) ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਵਿਦਿਅਕ ਯੋਗਤਾ ਬਾਰੇ ਉਹ ਖ਼ੁਦ ਹੀ ਦੱਸ ਸਕਦੇ ਹਨ ਪਰ ਏਨਾ ਨਿਸ਼ਚਿਤ ਹੈ ਕਿ ਉਹ ਜ਼ਿਆਦਾ ਵਿਦਿਆ ਪ੍ਰਾਪਤ ਨਹੀਂ ਸਨ। ਉਨ੍ਹਾਂ ਦੀ ਵਿਦਿਅਕ ਯੋਗਤਾ ਦਾ ਅੰਦਾਜ਼ਾ ਇਸ ਤੱਥ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਉਹ ਦਮਦਮੀ ਟਕਸਾਲ ਵਿੱਚ ਪਾਠ ਕਰਨ ਦੀ ਸਿਖਲਾਈ (ਸੰਥਿਆ) ਲੈ ਕੇ ਇਕ ਸੇਵਾਦਾਰ ਦੇ ਤੌਰ ’ਤੇ ਦਰਬਾਰ ਸਾਹਿਬ ਵਿੱਚ ਤੈਨਾਤ ਹੋਏ ਸਨ (ਅਤੇ ਇਸਦੇ ਬਾਵਜੂਦ ‘ਗਿਆਨੀ’ ਅਖਵਾਉਂਦੇ ਸਨ)। ਪਰ ਸਿਆਸੀ ਆਗੂਆਂ ਦੀ ਚਾਪਲੂਸੀ ਕਰਕੇ ਉਹ ਪਹਿਲਾਂ ਅਰਦਾਸੀਏ, ਫਿਰ ਗ੍ਰੰਥੀ ਅਤੇ ਫਿਰ ਜੱਥੇਦਾਰ ਦਾ ਅਹੁਦਾ ਪ੍ਰਾਪਤ ਕਰਨ ਵਿੱਚ ਸਫ਼ਲ ਰਹੇ। ਮਾਮੂਲੀ ਵਿਦਿਅਕ ਯੋਗਤਾ ਦੇ ਮਾਲਕ ਹੋਣ ਦੇ ਬਾਵਜੂਦ, ਆਪਣੀ ਨਿਜੀ ਹੋਸ਼ਿਆਰੀ ਨਾਲ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਦੇ ਅਹੁਦੇ ਤੱਕ ਪਹੁੰਚਣਾ ਯਕੀਨਨ ਉਨ੍ਹਾਂ ਲਈ ਇਕ ਵੱਡੀ ਪ੍ਰਾਪਤੀ ਸੀ।
ਉਮਰ ਦੇ ਪੱਖੋਂ ਵੀ ਗਿ: ਵੇਦਾਂਤੀ ਨੂੰ ਕਾਫੀ ਸਮਾਂ ਪਹਿਲਾਂ ਹੀ ਆਪਣੇ ਅਹੁਦੇ ਤੋਂ ਰਿਟਾਇਰ ਹੋ ਜਾਣਾ ਚਾਹੀਦਾ ਸੀ। ਪਰ ਆਪਣੇ ਸਾਲੇ ਜਮਾਂ ਨਿਜੀ ਸਹਾਇਕ ਦੀ ਬਦੌਲਤ ਅਤੇ ਬਾਦਲ ਸਾਹਿਬ ਦੇ ਅਸ਼ੀਰਵਾਦ ਨਾਲ, ਗਿ: ਵੇਦਾਂਤੀ ਸ਼੍ਰੋਮਣੀ ਕਮੇਟੀ ਦੇ ਨੇਮਾਂ ਦੀਆਂ ਧੱਜੀਆਂ ਉਡਾ ਕੇ ਵੀ ਤਖ਼ਤ ਸਾਹਿਬ ਦੇ ਮੁੱਖ ਪੁਜਾਰੀ ਦੇ ਅਹੁਦੇ ’ਤੇ ਸੁਭਾਇਮਾਨ ਰਹੇ। ਇਹ ਵੀ ਉਨ੍ਹਾਂ ਦੀ ਇਕ ਵੱਡੀ ਤੇ ਹੈਰਾਨੀਜਨਕ ਪ੍ਰਾਪਤੀ ਸੀ।
2) ਸਿੱਖ ਸਮਾਜ ਵਿੱਚ ਅਤਿ ਸਨਮਾਨਜਨਕ ਅਹੁਦਾ ਪ੍ਰਾਪਤ ਕਰਨ ਵਾਲੇ ਵਿਅਕਤੀ ਲਈ ਸੁਭਾਵਿਤ ਤੌਰ ’ਤੇ ਜ਼ਰੂਰੀ ਹੈ ਕਿ ਉਹ ਘੱਟੋ-ਘੱਟ ਜ਼ਾਹਿਰੀ ਤੌਰ ’ਤੇ ਸਿੱਖੀ ਸਿਧਾਂਤਾਂ ਦਾ ਪਾਲਣਹਾਰ ਪ੍ਰਤੀਤ ਹੁੰਦਾ ਹੋਵੇ। ਇਸੇ ਲਈ ਇਤਿਹਾਸਕ ਗੁਰਦੁਆਰਿਆਂ ਅਤੇ ਤਖ਼ਤਾਂ ਦੇ ਪੁਜਾਰੀ/ਗੰ੍ਰਥੀ ਅਕਸਰ ਆਪਣੇ ਨਾਮ ਨਾਲ ‘ਖ਼ਾਲਸਾ’ ਉਪਨਾਮ ਦੀ ਵਰਤੋਂ ਕਰਦੇ ਹਨ। ਪਰ ਗਿਆਨੀ ਜੋਗਿੰਦਰ ਸਿੰਘ ਆਪਣੇ ਨਾਮ ਨਾਲ ‘ਵੇਦਾਂਤੀ’ (ਯਾਨੀ ਵੇਦਾਂ ਦੇ ਨੇਮਾਂ ਨੂੰ ਮੰਨਣ ਵਾਲਾ) ਉਪਨਾਮ ਲਗਾ ਕੇ ਸ਼ਰੇਆਮ ਸਿੱਖਾਂ ਅਤੇ ਸਿੱਖੀ ਦੀ ਬੇਇਜ਼ਤੀ ਕਰਦੇ ਰਹੇ। ਇਸਦੇ ਬਾਵਜੂਦ, ਉਹ ਨਾ ਸਿਰਫ਼ ਲਗਭਗ 8 ਸਾਲਾਂ ਤੱਕ ਅਕਾਲ ਤਖ਼ਤ ਸਾਹਿਬ ਦੇ ਮੁੱਖ ਪੁਜਾਰੀ ਦੇ ਅਹੁਦੇ ’ਤੇ ਬਿਰਾਜਮਾਨ ਰਹੇ ਬਲਕਿ ਸਿੱਖ ਸੰਸਥਾਵਾਂ/ਸੰਗਤਾਂ ਵੱਲੋਂ ਕਿਸੇ ਕਿਸਮ ਦੇ ਵਿਰੋਧ ਦਾ ਸ਼ਿਕਾਰ ਵੀ ਨਹੀਂ ਹੋਏ, ਤਾਂ ਇਹ ਨਿਸ਼ਚਿਤ ਤੌਰ ’ਤੇ ਉਨ੍ਹਾਂ ਦੀ ਵੱਡੀ ਪ੍ਰਾਪਤੀ ਸੀ।
3) ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਆਪਣੇ ਅਹੁਦੇ ਦਾ ਖੂਬ (ਦੁਰ)ਉਪਯੋਗ ਕੀਤਾ। ਉਨ੍ਹਾਂ ਦੇ ਅਹੁਦੇ ਦੇ ਪ੍ਰਭਾਵ ਵਿੱਚ ਆ ਕੇ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੇ ਉਨ੍ਹਾਂ ਨੂੰ ਲਗਭਗ ਢਾਈ ਕਰੋੜ ਰੁਪਇਆ ਇਕੱਤਰ ਕਰ ਕੇ ਦਿੱਤਾ, ਜਿਸਨੂੰ ਧਰਮੀ (ਜੂਨ 84 ਦੇ ਘੱਲੂਘਾਰੇ ਸਮੇਂ ਬਗਾਵਤ ਕਰਨ ਵਾਲੇ) ਫੌਜੀਆਂ ਦੀ ਆਰਥਕ ਮਦਦ ਵਾਸਤੇ ਵੰਡਿਆ ਜਾਣਾ ਸੀ। ਗਿ: ਵੇਦਾਂਤੀ ਨੇ ਧਰਮੀ ਫੌਜੀਆਂ ਦੇ ਪ੍ਰਤੀਨਿਧੀਆਂ ਨੂੰ ਕਥਿਤ ਤੌਰ ’ਤੇ ਦੱਸਿਆ ਕਿ ਇਹ ਪੈਸਾ ਉਨ੍ਹਾਂ ਕੋਲ ਪੁੱਜ ਚੁੱਕਾ ਹੈ ਅਤੇ ਅਗਲੇ ਮਹੀਨੇ ਉਨ੍ਹਾਂ ਨੂੰ ਦੇ ਦਿੱਤਾ ਜਾਏਗਾ ਪਰ ਬਾਅਦ ਵਿੱਚ ਉਹ ਇਸ ਮਾਮਲੇ ਵਿੱਚ ਟਾਲ-ਮਟੋਲ ਵਾਲਾ ਰਵੱਈਆ ਅਪਣਾਉਣ ਲੱਗ ਪਏ ਅਤੇ ਕੁਝ ਸਮੇਂ ਬਾਅਦ ਪੈਸੇ ਆਪਣੇ ਕੋਲ ਆਏ ਹੋਣ ਦੇ ਤੱਥ ਤੋਂ ਸਾਫ ਹੀ ਮੁੱਕਰ ਗਏ। ਧਰਮੀ ਫੌਜੀਆਂ ਨੇ ਇਸ ਬਾਬਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਲ ਵੀ ਜਾ ਕੇ ਸ਼ਿਕਾਇਤ ਕੀਤੀ ਪਰ ਕਮੇਟੀ ਪ੍ਰਧਾਨ ਨੇ ਵੀ ਧਰਮੀ ਫੌਜੀਆਂ ਪ੍ਰਤੀ ਟਾਲ-ਮਟੋਲ ਵਾਲਾ ਵਤੀਰਾ ਹੀ ਅਪਣਾਇਆ। ਕਰੋੜਾਂ ਰੁਪਏ ਨਿਗਲ ਕੇ ਵੀ ਡਕਾਰ ਨਾ ਮਾਰਨਾ ਅਤੇ ਅਕਾਲ ਤਖ਼ਤ ਦਾ ਮੁੱਖ ਪੁੱਜਾਰੀ ਬਣੇ ਰਹਿਣਾ ਗਿ: ਵੇਦਾਂਤੀ ਦੀ ਇਕ ਵੱਡੀ ਪ੍ਰਾਪਤੀ ਸੀ।
4) ਹਰ ਧਰਮ ਦੇ ਪ੍ਰਚਾਰਕ ਆਪੋ-ਆਪਣੇ ਸਿਧਾਂਤਾਂ ਅਤੇ ਇਤਿਹਾਸ ਦੀ ਵਡਿਆਈ ਵਿੱਚ ਕਿਤਾਬਾਂ ਲਿਖਦੇ ਹਨ। ਪਰ ਗਿ: ਜੋਗਿੰਦਰ ਸਿੰਘ ਨੇ ਗੁਰੂ ਸਾਹਿਬਾਨ ਦੀ ਭਾਰੀ ਨਿੰਦਾ ਕਰਨ ਵਾਲੀ ‘ਗੁਰਬਿਲਾਸ ਪਾ: 6ਵੀਂ’ (ਜਿਸਦੇ ਲੇਖਕ ਦਾ ਕੋਈ ਅਤਾ-ਪਤਾ ਨਹੀਂ) ਦੇ ਸੰਪਾਦਕ ਹੋਣ ਦਾ ਦਾਅਵਾ ਕਰਕੇ ਇਸਨੂੰ ਸ਼੍ਰੋਮਣੀ ਕਮੇਟੀ ਕੋਲੋਂ ਛਪਵਾ ਲਿਆ ਅਤੇ ਗੁਰਦੁਆਰਿਆਂ ਵਿੱਚ ਇਸਦੀ ਕਥਾ ਕਰਨ ਦੀ ਸਿਫਾਰਿਸ਼ ਵੀ ਕਰ ਦਿੱਤੀ। ਇਸ ਪੁਸਤਕ ਦੀ ਸਮੱਗਰੀ ਬਾਰੇ ਅੰਦਾਜ਼ਾ ਉਸ ‘ਸਾਖੀ’ ਤੋਂ ਹੀ ਲਗਾਇਆ ਜਾ ਸਕਦਾ ਹੈ ਜਿਸ ਵਿੱਚ ਜ਼ਿਕਰ ਹੈ ਕਿ ਗੁਰੂ ਅਰਜਨ ਸਾਹਿਬ ਨੇ ਮਾਤਾ ਗੰਗਾ ਜੀ ਨੂੰ ਪੁੱਤਰ-ਪ੍ਰਾਪਤੀ ਲਈ ਬਾਬਾ ਬੁੱਢਾ ਜੀ ਕੋਲ ਭੇਜਿਆ। ਮਾਤਾ ਗੰਗਾ ਜੀ ਪਹਿਲੀ ਵਾਰ ਬਾਬਾ ਬੁੱਢਾ ਜੀ ਕੋਲੋਂ ਗੁਰੂ ਘਰ ਵਿੱਚ ਭਾਜੜਾਂ ਪੈਣ ਦਾ ਸਰਾਪ ਲੈ ਆਏ ਤੇ ਗੁਰੂ ਅਰਜਨ ਸਾਹਿਬ ਦੇ ਸਮਝਾਉਣ ’ਤੇ, ਦੂਜੀ ਵਾਰ 12 ਮੀਲ ਨੰਗੇ ਪੈਰੀਂ ਤੁਰ ਕੇ ਤੇ ਮਿੱਸੀਆਂ ਰੋਟੀਆਂ ਲੈ ਕੇ ਬਾਬਾ ਬੁੱਢਾ ਜੀ ਕੋਲ ਗਏ। ਬਾਬਾ ਬੁੱਢਾ ਜੀ ਵੱਲੋਂ ਪੁੱਤਰ ਦਾ ਵਰ ਦੇਣ ਦੀ ਦੇਰ ਸੀ ਕਿ ਮਾਤਾ ਜੀ ਦੇ ਉਦਰ ਵਿੱਚ ਪਵਨ ਦੇਵਦਾ ਪ੍ਰਵੇਸ਼ ਕਰ ਗਿਆ, ਪੇਟ ਫੁੱਲ ਗਿਆ। ਗਰਭਵਤੀ ਹੋ ਕੇ ਜਦ ਮਾਤਾ ਜੀ ਘਰ ਪੁੱਜੇ ਤਾਂ ਗੁਰੂ ਅਰਜਨ ਸਾਹਿਬ ਨੇ ਖੁਸ਼ੀ ਵਿੱਚ ਧਨ ਦੀ ਅਜਿਹੀ ਬਰਖਾ ਕੀਤੀ ਕਿ ਕਿਰਤੀਆਂ ਦੀ ਗਰੀਬੀ ਦੂਰ ਹੋ ਗਈ।
ਇਸੇ ਘਟੀਆ ਪੁਸਤਕ ਵਿੱਚ ਜ਼ਿਕਰ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਲਾਹੌਰ ਦੇ ਕਾਜ਼ੀ ਰੁਸਤਮ ਖਾਂ ਦੀ ਨਾਬਾਲਗ ਲੜਕੀ ਬੀਬੀ ਕੌਲਾਂ (ਜਿਸਨੂੰ ਕਈ ਮੱਕਾਰ ਕਿਸਮ ਦੇ ਲੋਕ ‘ਮਾਤਾ’ ਕੌਲਾਂ ਕਹਿ ਕੇ ਵੀ ਸੰਬੋਧਿਤ ਕਰਦੇ ਹਨ) ਨੂੰ ਉਸ ਦੇ ਘਰੋਂ ਨਸਾ ਕੇ ਲੈ ਆਏ ਸਨ ਅਤੇ ਅੰਮ੍ਰਿਤਸਰ ਲਿਆ ਕੇ ਉਸਨੂੰ ਇਕ ਅਲੱਗ ਘਰ ਵਿੱਚ (ਰਖੈਲ ਦੇ ਤੌਰ ’ਤੇ) ਰੱਖ ਲਿਆ ਸੀ। ਪਰ ਮੁਸਲਿਮ ਹਾਕਮਾਂ ਨੇ ਆਪਣੀ ਬੇਇਜ਼ਤੀ ਹੋਣ ਦੇ ਡਰੋਂ ਮਾਮਲੇ ਨੂੰ ਦਬਾ ਦਿੱਤਾ।
ਇਹੋ ਜਿਹੀ ਝੂਠੀ ਤੇ ਘਟੀਆ ਕਹਾਣੀਆਂ ਦੇ ਇਸ ਪੁਲਿੰਦੇ ਨੂੰ ਵੇਦਾਂਤੀ ਜੀ ਨੇ ‘ਸੰਪਾਦਿਤ’ ਕਰਕੇ ਸਿੱਖ ਕੌਮ ਦੇ ਮੱਥੇ ਮੜ੍ਹਨ ਦਾ ਜਤਨ ਕੀਤਾ ਅਤੇ ਭੇਦ ਖੁੱਲ੍ਹ ਜਾਣ ’ਤੇ ਵੀ ਇਸ ਬਾਬਤ ਮੁਆਫੀ ਮੰਗ ਕੇ ਆਪਣੇ ਅਹੁਦੇ ਤੋਂ ਅਸਤੀਫਾ ਨਾ ਦਿੱਤਾ। ਇਸ ਮਹਾਨ ਬੇਸ਼ਰਮੀ ਅਤੇ ਢੀਠਤਾ ਵਾਲਾ ਰਵੱਈਆ ਅਪਣਾਉਣਾ ਵੀ ਗਿ: ਜੋਗਿੰਦਰ ਸਿੰਘ ਦੀ ਇਕ ਵੱਡੀ ਪ੍ਰਾਪਤੀ ਰਿਹਾ।
5) ਕੈਨੇਡਾ ਦੇ ਇਕ ਨਿਵਾਸੀ ਸ੍ਰ: ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੇ ਗਿ: ਵੇਦਾਂਤੀ ਵੱਲੋਂ ਸੰਪਾਦਿਤ ਪੁਸਤਕ ‘ਗੁਰਬਿਲਾਸ ਪਾਤਸ਼ਾਹੀ 6ਵੀਂ’ ਦੀ ਪੜਚੋਲ ਕੀਤੀ ਅਤੇ ਇਸ ਵਿੱਚ ਸ਼ਾਮਲ ਗੁਰੂ ਸਾਹਿਬਾਨ, ਗੁਰੂ ਕੇ ਮਹਿਲਾਂ ਅਤੇ ਗੁਰੂ ਘਰ ਦੇ ਸ਼ਰਧਾਲੂਆਂ ਦੇ ਭਾਰੀ ਅਪਮਾਨ ਵਾਲੀਆਂ ਸਾਖੀਆਂ ਬਾਰੇ ਸਾਰੇ ਸਿੱਖ ਜਗਤ ਨੂੰ ਜਾਣਕਾਰੀ ਦਿੱਤੀ। ਸ੍ਰ: ਗੁਰਬਖਸ਼ ਸਿੰਘ ਦੀਆਂ ਇਨ੍ਹਾਂ ਲਿਖਤਾਂ ਦੇ ‘ਸਪੋਕਸਮੈਨ’ ਰਸਾਲੇ ਵਿੱਚ ਪ੍ਰਕਾਸ਼ਿਤ ਹੋਣ ਨਾਲ ਸਿੱਖ ਜਗਤ ਵਿੱਚ ਭਾਰੀ ਰੋਸ ਪੈਦਾ ਹੋ ਗਿਆ ਅਤੇ ਗਿ: ਵੇਦਾਂਤੀ ਤੇ ਸ਼੍ਰੋਮਣੀ ਕਮੇਟੀ ਨੇ ਵਕਤੀ ਤੌਰ ’ਤੇ ਇਸ ਪੁਸਤਕ ਦੀ ਪਾਬੰਦੀ ’ਤੇ ਰੋਕ ਲਗਾ ਦਿੱਤੀ (ਜੋ ਬਾਅਦ ਵਿੱਚ ਚੁਪ-ਚੁਪੀਤੇ ਮੁੜ ਅਰੰਭ ਦਿੱਤੀ ਗਈ)।
‘ਖਿਸੀਆਨੀ ਬਿੱਲੀ ਖੰਭਾ ਨੋਚੇ’ ਦੀ ਕਹਾਵਤ ਮੁਤਾਬਿਕ, ਗਿ: ਵੇਦਾਂਤੀ ਨੇ ਸ੍ਰ: ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਨੂੰ ਪੰਥ ’ਚੋਂ ਛੇਕਣ ਲਈ ਕਰਮਕੱਸੇ ਕਰ ਲਏ ਪਰ ਜਾਗ੍ਰਿਤ ਸਿੱਖਾਂ ਦੇ ਦਬਾਅ ਕਾਰਨ ਉਹ ਅਜਿਹਾ ਕਰਨ ਤੋਂ ਕੁਝ ਸਮਾਂ ਰੁਕੇ ਰਹੇ। ਪਰ ਅਖੰਡ ਕੀਰਤਨੀ ਜੱਥੇ ਦੇ ਇਕ ਮਰਹੂਮ ਆਗੂ ਦੇ ਦਬਾਅ (ਜਾਂ ਕਿਸੇ ਲੈਣ-ਦੇਣ) ਉਪਰੰਤ ਗਿ: ਵੇਦਾਂਤੀ ਨੇ ਸ੍ਰ: ਗੁਰਬਖਸ਼ ਸਿੰਘ ਨੂੰ ਟੈਲੀ-ਕਾਨਫਰੰਸਿੰਗ ਦਾ ਸਮਾਂ ਦੇ ਕੇ ਅਤੇ ਉਨ੍ਹਾਂ ਦੇ ਪ੍ਰਤੀਨਿਧੀ (ਸ੍ਰ: ਗੁਰਤੇਜ ਸਿੰਘ, ਸਾਬਕਾ ਆਈ.ਏ.ਐਸ. ਅਫਸਰ) ਨਾਲ ਗੱਲਬਾਤ ਕੀਤੇ ਬਿਨ੍ਹਾਂ ਅਚਾਨਕ ਪੰਥ ’ਚੋਂ ਛੇਕਿਆ ਗਿਆ ਐਲਾਨ ਦਿੱਤਾ। ਜਦ ਸਪੋਕਸਮੈਨ ਰਸਾਲੇ ਦੇ ਸੰਪਾਦਕ ਸ੍ਰ: ਜੋਗਿੰਦਰ ਸਿੰਘ ਨੇ ਇਸ ਕਾਰਵਾਈ ਬਾਬਤ ਤੱਥ-ਭਰਪੂਰ ਲੇਖ ਪ੍ਰਕਾਸ਼ਿਤ ਕਰਨੇ ਅਰੰਭ ਕੀਤੇ, ਤਾਂ ਗਿ: ਵੇਦਾਂਤੀ ਨੇ ਉਨ੍ਹਾਂ ਨੂੰ ਭੀ ਪੰਥ ’ਚੋਂ ਛੇਕ ਦਿੱਤਾ।
ਇਸੇ ਤਰ੍ਹਾਂ, ਅਕਤੂਬਰ 2006 ਵਿੱਚ, ਕੈਨੇਡਾ ਦੇ ਕੁਝ ਬ੍ਰਾਹਮਣਵਾਦੀ ਮਾਨਸਿਕਤਾ ਵਾਲੇ ਸਿੱਖਾਂ ਕੋਲੋਂ ਪੈਸੇ ਲੈ ਕੇ ਗਿ: ਵੇਦਾਂਤੀ ਨੇ ਪ੍ਰਸਿੱਧ ਸਿੱਖ ਪ੍ਰਚਾਰਕ ਪ੍ਰੋ: ਇੰਦਰ ਸਿੰਘ ਘੱਗਾ ’ਤੇ ਭੀ ਪੰਥਕ ਸਟੇਜਾਂ ’ਤੇ ਬੋਲਣ ’ਤੇ ਪਾਬੰਦੀ ਲਗਾ ਦਿੱਤੀ। ਪ੍ਰੋ: ਘੱਗਾ ’ਤੇ ਇਹ ਪਾਬੰਦੀ ਉਨ੍ਹਾਂ ਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦਿੱਤੇ ਬਿਨ੍ਹਾਂ ਲਗਾ ਦਿੱਤੀ ਗਈ ਸੀ। ਇਸਲਈ ਸਿੱਖ ਸੰਗਤਾਂ ਨੇ ਵੇਦਾਂਤੀ ਜੀ ਦੇ ਇਸ ਅਖੌਤੀ ‘ਸੰਦੇਸ਼’ ਦੀ ਬਹੁਤੀ ਪਰਵਾਹ ਨਹੀਂ ਕੀਤੀ ਅਤੇ ਪ੍ਰੋ: ਘੱਗਾ ਅੱਜ ਵੀ ਸਾਰੇ ਭਾਰਤ ਵਿੱਚ ਸਰਗਰਮੀ ਨਾਲ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ। ਸਿੱਖ ਧਰਮ ਦੇ ਪ੍ਰਚਾਰ ਲਈ ਸਰਗਰਮ ਵਿਦਵਾਨਾਂ/ਪ੍ਰਚਾਰਕਾਂ ਨੂੰ ਛੇਕਣਾ ਜਾਂ ਉਨ੍ਹਾਂ ਦੇ ਬੋਲਣ/ਲਿਖਣ ਦੇ ਪਾਬੰਦੀਆਂ ਲਗਾਉਣ ਦੀਆਂ ਕੋਸ਼ਿਸ਼ਾਂ ਕਰਨਾ ਵੀ ਗਿ: ਵੇਦਾਂਦੀ ਦੇ ਕਾਰਜਕਾਲ ਦੀ ਇਕ ਵਿਸ਼ੇਸ਼ ਪ੍ਰਾਪਤੀ ਸੀ।
6) ਨਵੰਬਰ 84 ਵਿੱਚ ਦਿੱਲੀ ਅਤੇ ਹੋਰਨਾਂ ਥਾਵਾਂ ’ਤੇ ਸਿੱਖਾਂ ਦੇ ਕਰਵਾਏ ਗਏ ਵਿਉਂਤਬੱਧ ਕਤਲੇਆਮ ਦੀਆਂ ਪੀੜ੍ਹਤ ਕੁਝ ਬੀਬੀਆਂ ਇਸ ਆਸ ਵਿੱਚ ਗਿ: ਵੇਦਾਂਤੀ ਨੂੰ ਮਿਲਣ ਚਲੇ ਗਈਆਂ ਕਿ ਉਹ ਸ਼੍ਰੋਮਣੀ ਕਮੇਟੀ ਜਾਂ ਬਾਦਲ ਸਰਕਾਰ ਤੋਂ ਆਰਥਕ ਮਦਦ ਦਿਵਾਉਣ ਵਿੱਚ ਉਨ੍ਹਾਂ ਦੀ ਕੁਝ ਮਦਦ ਕਰਨਗੇ। ਪਰ ਪੁਜਾਰੀ ਆਪਣੇ ਆਕਾਵਾਂ ਨੂੰ ਕੋਈ ਹੁਕਮ ਕਿਵੇਂ ਕਰ ਸਕਦੇ ਸਨ? ਇਸਲਈ ਗਿ: ਵੇਦਾਂਤੀ ਨੇ ਇਨ੍ਹਾਂ ਵਿਧਵਾਵਾ ਤੋਂ ਪਿੱਛਾ ਛੁਡਵਾਉਣ ਲਈ, ਉਨ੍ਹਾਂ ਨੂੰ ‘ਫੱਫੇਕੁੱਟਣੀਆਂ’ ਆਖ ਕੇ, ਗੱਲ ਸੁਣਨ ਤੋਂ ਹੀ ਟਾਲਾ ਵੱਟ ਲਿਆ। ਕਿਸੇ ਵੀ ਜਨਤਕ ਅਹੁਦੇ ’ਤੇ ਬਿਰਾਜਮਾਨ, ਖ਼ਾਸਕਰ ਸਿੱਖ ਅਖਵਾਉਣ ਵਾਲਾ ਵਿਅਕਤੀ ਵਿਧਵਾ ਔਰਤਾਂ ਨਾਲ ਇਹੋ ਜਿਹਾ ਮਾੜਾ ਸਲੂਕ ਕਰਨ ਦੀ ਹਿੰਮਤ ਨਹੀਂ ਕਰ ਸਕਦਾ। ਪਰ ਇਹ ਨਿਵੇਕਲਾ ਰਿਕਾਰਡ ਬਣਾਉਣ ਦੇ ਬਾਵਜੂਦ ਗਿ: ਵੇਦਾਂਤੀ ਦਾ ਅਕਾਲ ਤਖ਼ਤ ਦਾ ਮੁੱਖ ਸੇਵਾਦਾਰ ਬਣੇ ਰਹਿਣਾ ਵੀ ਉਨ੍ਹਾਂ ਦੀ ਇਕ ਵੱਡੀ ਪ੍ਰਾਪਤੀ ਸੀ।
|
|
|
ਨਵੰਬਰ 84 ਕਤਲੇਆਮ ਦੇ ਆਰੋਪੀ ਜਗਦੀਸ਼ ਟਾਈਲਰ ਨੂੰ ਸਿਰੋਪਾ ਦਿੰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਤਤਕਾਲੀ ਪ੍ਰਧਾਨ ਸ੍ਰ: ਪ੍ਰਹਿਲਾਦ ਸਿੰਘ ਚੰਢੋਕ |
8) ਦਿੱਲੀ ਗੁਰਦੁਆਰਾ ਕਮੇਟੀ ਦੇ ਤਤਕਾਲੀ ਪ੍ਰਧਾਨ ਪ੍ਰਹਿਲਾਦ ਸਿੰਘ ਚੰਢੋਕ ਨੇ ਕਾਂਗਰਸ ਪਾਰਟੀ ਦੀ ਚਾਪਲੂਸੀ ਕਰਨ ਲਈ, ਨਵੰਬਰ 1984 ਕਤਲੇਆਮ ਦੇ ਇਕ ਮੁੱਖ ਆਰੋਪੀ ਜਗਦੀਸ਼ ਟਾਈਟਲਰ ਨੂੰ ਸਿਰੋਪਾ ਅਤੇ ਕ੍ਰਿਪਾਨ ਭੇਟ ਕਰ ਦਿੱਤੇ। ਕਤਲੇਆਮ ਪੀੜਤਾਂ ਦਾ ਭਾਰੀ ਅਪਮਾਨ ਕਰਨ ਵਾਲੀ ਇਸ ਕਾਰਵਾਈ ਪ੍ਰਤੀ ਸੰਗਤਾਂ ਵਿੱਚ ਡਾਢਾ ਰੋਸ ਪੈਦਾ ਹੋ ਗਿਆ, ਜਿਸ ਕਾਰਨ ਵੇਦਾਂਤੀ ਜੀ ਨੇ ਚੰਢੋਕ ਨੂੰ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰ ਲਿਆ। ਪਰ ਚੰਢੋਕ ਨੂੰ ਅਕਾਲ ਤਖ਼ਤ ਸਾਹਿਬ ਸੱਦ ਕੇ ਕਿਸੇ ਤਰ੍ਹਾਂ ਦੀ ਲਾਹਨਤ ਪਾਉਣ ਦੀ ਬਜਾਏ, ਉਸ ਨਾਲ ਵੀ ਅੰਦਰਖਾਤੇ ਕੋਈ ਸਮਝੌਤਾ ਕਰ ਲਿਆ ਗਿਆ। ਨਤੀਜਤਨ, ਪੇਸ਼ੀ ਉਪਰੰਤ ਚੰਢੋਕ ਨੂੰ ਕੋਈ ‘ਸਜ਼ਾ’ ਦੇਣ ਦੀ ਬਜਾਏ, ਵੇਦਾਂਤੀ ਜੀ ਨੇ ਉਸਦੀ ਵਕਾਲਤ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਗਲਤੀ ਨਾਲ ਹੀ ਟਾਈਟਲਰ ਨੂੰ ਸਿਰੋਪਾ ਦੇ ਦਿੱਤਾ ਸੀ !! ਇਸ ਬੇਸ਼ਰਮੀ ਨਾਲ 84 ਕਤਲੇਆਮ ਦੇ ਆਰੋਪੀਆਂ ਅਤੇ ਉਨ੍ਹਾਂ ਦੇ ਚਾਪਲੂਸਾਂ ਦਾ ਪੱਖ ਪੂਰਨਾ ਵੀ ਵੇਦਾਂਤੀ ਜੀ ਦੇ ਕਾਰਜ-ਕਾਲ ਦੀ ਇਕ ਵੱਡੀ ਪ੍ਰਾਪਤੀ ਸੀ।
|
|
|
ਬਲਾਤਕਾਰ ਦਾ ਦੋਸ਼ ਸਾਬਿਤ ਹੋਣ ਜਾਣ ਉਪਰੰਤ ਵੇਦਾਂਤੀ ਤੋਂ ਕਲੀਟ-ਚਿੱਟ ਪ੍ਰਾਪਤ ਸਾਧ ਧਨਵੰਤ ਸਿੰਘ ਨੂੰ ਜੇਲ੍ਹ ਲਿਜਾਉਂਦੇ ਹੋਏ ਪੰਜਾਬ ਪੁਲਿਸ ਦੇ ਮੁਲਾਜ਼ਮ |
8) ਸਿੱਖੀ ਵੇਸ ਵਾਲੇ ਹੋਰਨਾਂ ਹਜ਼ਾਰਾਂ ਪਖੰਡੀ ਸਾਧਾਂ ਦੀ ਤਰ੍ਹਾਂ, ਸਾਧ ਬਣੇ ਹੋਏ ਇਕ ਭੇਖੀ ਧਨਵੰਤ ਸਿੰਘ ਨੇ ਆਪਣੇ ਇਕ ਸ਼ਰਧਾਲੂ ਪਰਵਾਰ ਦੀ ਛੋਟੀ ਜਿਹੀ ਉਮਰ ਦੀ ਲੜਕੀ ਨਾਲ ਹੀ ਬਲਾਤਕਾਰ ਕਰ ਦਿੱਤਾ। ਪਰਵਾਰ ਦੇ ਮੈਂਬਰਾਂ ਨੇ ਇਸ ਮਾਮਲੇ ਨੂੰ ਪੁਲਿਸ ਕੋਲ ਲਿਜਾਉਣ ਦੀ ਬਜਾਏ, ਇਸ ਬਾਰੇ ਅਕਾਲ ਤਖ਼ਤ ਦੇ ਪੁਜਾਰੀ ਨੂੰ ਸ਼ਿਕਾਇਤ ਕਰਨਾ ਬਿਹਤਰ ਸਮਝਿਆ। ਪਖੰਡੀ ਸਾਧ ਪ੍ਰਤੀ ਸੰਗਤਾਂ ਦੇ ਰੋਸ ਨੂੰ ਦੇਖਦੇ ਹੋਏ, ਵੇਦਾਂਤੀ ਜੀ ਨੇ ਪੀੜਤ ਪਰਵਾਰ ਅਤੇ ਸਾਧ ਨੂੰ ਕਈ ਪੇਸ਼ੀਆਂ ’ਤੇ ਬੁਲਾਇਆ ਪਰ ਅੰਤ ਵਿੱਚ ਸਾਧ ਨਾਲ ਕੁਝ ਲੈਣ-ਦੇਣ ਕਰਕੇ, ਸਾਧ ਧਨਵੰਤ ਸਿੰਘ ਨੂੰ ਬਲਾਤਕਾਰ ਮਾਮਲੇ ਵਿੱਚ ਕਲੀਨ-ਚਿੱਟ ਦੇ ਦਿੱਤੀ। ਇਸ ਨਾਲ ਗੁੱਸੇ ਵਿੱਚ ਆਏ ਪਰਵਾਰ ਮੈਂਬਰਾਂ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਵਿੱਚ ਕੀਤੀ ਅਤੇ ਅਦਾਲਤ ਵਿੱਚ ਦੋਸ਼ ਸਾਬਿਤ ਹੋ ਜਾਣ ਤੋਂ ਬਾਅਦ ਉਹ ਸਾਧ ਹੁਣ ਜੇਲ੍ਹ ਵਿੱਚ 10 ਸਾਲਾਂ ਦੀ ਕੈਦ ਕੱਟ ਰਿਹਾ ਹੈ। ਤਖ਼ਤ ਸਾਹਿਬ ਦੇ ਪਵਿੱਤਰ ਅਸਥਾਨ ’ਤੇ ਬੈਠ ਕੇ ਦੋਸ਼ੀ ਬਲਾਤਕਾਰੀ ਸਾਧ ਦਾ ਪੱਖ ਪੂਰਨ ਜਿਹੀ ਬੇਸ਼ਰਮੀ ਵਾਲੀ ਕਾਰਵਾਈ ਕਰਨਾ ਵੀ ਵੇਦਾਂਤੀ ਜੀ ਦੀ ਇਕ ਵੱਡੀ ਪ੍ਰਾਪਤੀ ਸੀ।
|
|
|
ਵੇਦਾਂਤੀ ਜੀ ਦੀ ਕਚਿਹਰੀ ਵਿੱਚ ਪੇਸ਼ੀ ਭੁਗਤ ਕੇ ਬਾਹਰ ਨਿਕਲਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ |
9) ਦਿੱਲੀ ਗੁਰਦੁਆਰਾ ਕਮੇਟੀ ਦੇ ਵੱਖ-ਵੱਖ ਪ੍ਰਧਾਨਾਂ/ਅਹੁਦੇਦਾਰਾਂ ਨੇ ਆਪਣੇ ਕਾਰਜ-ਕਾਲ ਸਮੇਂ ਭਾਨੂੰ ਮੂਰਤੀ ਨਾਂ ਦੇ ਇਕ ਦੱਖਣ ਭਾਰਤੀ ਵਿਅਕਤੀ ਨੂੰ ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਤੇਲਗੂ ਭਾਸ਼ਾ ਵਿੱਚ ਕਰਨ ਦਾ ਪ੍ਰਾਜੈਕਟ ਸੌਂਪੀ ਰੱਖਿਆ। ਪਰ ‘ਇੰਡੀਆ ਅਵੇਅਰਨੈੱਸ’ ਨੇ ਇਸ ਮਾਮਲੇ ਵਿੱਚ ਖੋਜ ਕਰਕੇ ਪਾਇਆ ਕਿ ਭਾਨੂੰ ਮੂਰਤੀ ਨੂੰ ਤਾਂ ਪੰਜਾਬੀ/ਗੁਰਮੁਖੀ ਆਉਂਦੀ ਹੀ ਨਹੀਂ ਅਤੇ ਉਹ ਅਨੁਵਾਦ ਕਰਨ ਦੀ ਬਜਾਏ ਗੁਰੂ ਗ੍ਰੰਥ ਸਾਹਿਬ ਦੀਆਂ ਲਗਾਂ-ਮਾਤਰਾਵਾਂ ਨਾਲ ਛੇੜਖਾਨੀ ਕਰਕੇ ਇਕ ਨਵੀਂ ਕਿਸਮ ਦੀ ਗੁਰਬਾਣੀ ਰਚਨ ਦੀ ਕੋਸ਼ਿਸ਼ਾਂ ਕਰ ਰਿਹਾ ਹੈ। ਕਿਉਂਕਿ ਇਹ ਪਰਦਾਫਾਸ਼ ਦਿੱਲੀ ਕਮੇਟੀ ਦੇ ਤਤਕਾਲੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਕਾਰਜ-ਕਾਲ ਵੇਲੇ ਹੋਇਆ ਸੀ, ਇਸਲਈ ਵੇਦਾਂਤੀ ਜੀ ਨੇ ਤੁਰੰਤ ਸਰਨਾ ਨੂੰ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਨ ਦਾ ਮਨ ਬਣਾ ਲਿਆ। ਪਰ ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਇਸੇ ਪ੍ਰਾਜੈਕਟ ’ਤੇ ਕੰਮ ਕਰਨ ਲਈ ਬਾਦਲ ਦਲ ਨਾਲ ਸਬੰਧਿਤ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇ: ਅਵਤਾਰ ਸਿੰਘ ਹਿੱਤ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਵੀ ਭਾਨੂੰ ਮੂਰਤੀ ਦਾ ਸਨਮਾਨ ਕਰ ਚੁੱਕੇ ਹਨ, ਤਾਂ ਉਨ੍ਹਾਂ ਨੇ ਦਿੱਲੀ ਕਮੇਟੀ ਦੇ ਤਤਕਾਲੀ ਅਤੇ ਸਾਬਕਾ ਮੈਂਬਰਾਂ ਨੂੰ ਅਕਾਲ ਤਖ਼ਤ ਸਾਹਿਬ ’ਤੇ ਬੁਲਾ ਕੇ, ‘ਸੁੱਕਾ’ ਹੀ ਵਾਪਸ ਭੇਜ ਦਿੱਤਾ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਦੀ ਬੇਅਦਬੀ ਦੇ ਮਾਮਲੇ ਨੂੰ ਇਸ ਤਰ੍ਹਾਂ ਚੁਪ-ਚੁਪੀਤੇ ਦਬਾ ਦੇਣਾ ਵੀ ਵੇਦਾਂਤੀ ਜੀ ਦੇ ਕਾਰਜ-ਕਾਲ ਦੀ ਇਕ ਅਹਿਮ ਪ੍ਰਾਪਤੀ ਸੀ।
10) ਦਿੱਲੀ ਗੁਰਦੁਆਰਾ ਕਮੇਟੀ ਦੇ ਅੰਤ੍ਰਿੰਗ ਬੋਰਡ ਦੀਆਂ ਚੋਣਾਂ ਦੌਰਾਨ ਸਰਨਾ ਨੂੰ ਸ਼ਿਕਸਤ ਦੇਣ ਲਈ ਬਾਦਲ ਪਾਰਟੀ ਨੇ ਪੂਰਾ ਜ਼ੋਰ ਲਗਾ ਦਿੱਤਾ ਸੀ। ਖ਼ੁਦ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਕਮੇਟੀ ਦੇ ਮੈਂਬਰਾਂ ਨਾਲ ਖ਼ੁਦ ਮੁਲਾਕਾਤਾਂ ਕਰਕੇ ਉਨ੍ਹਾਂ ਨੂੰ ਆਪਣੇ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ। ਚੋਣਾਂ ਵਿੱਚ ਬਾਦਲ ਦਲ ਦੀ ਜਿੱਤ ਅਤੇ ਸਰਨੇ ਦੀ ਹਾਰ ਦੇ ਅਸਾਰ ਬਣ ਗਏ। ਇਸਲਈ ਪਰਮਜੀਤ ਸਿੰਘ ਸਰਨਾ ਅੰਤ੍ਰਿੰਗ ਬੋਰਡ ਦੀਆਂ ਚੋਣਾਂ ਕਰਵਾਉਣ ਤੋਂ ਕਤਰਾਉਣ ਲੱਗੇ। ਪਰ ਚੋਣਾਂ ਤੋਂ ਦੋ ਕੁ ਦਿਨ ਪਹਿਲਾਂ ਉਨ੍ਹਾਂ ਨੂੰ ਜਿੱਤ ਵਾਸਤੇ ਲੋੜੀਂਦੀ ਸੰਖਿਆ ਵਿੱਚ ਮੈਂਬਰਾਂ ਦਾ ਸਮਰਥਨ ਪ੍ਰਾਪਤ ਹੋ ਗਿਆ। ਇਸਲਈ ਉਨ੍ਹਾਂ ਨੇ ਚੋਣਾਂ ਸਮੇਂ ਸਿਰ ਕਰਵਾਉਣ ਦਾ ਫੈਸਲਾ ਕਰ ਲਿਆ। ਪਰ ਚੋਣਾਂ ਵਿੱਚ ਆਪਣੀ ਹਾਰ ਤੋਂ ਘਬਰਾਏ ਬਾਦਲਕਿਆਂ ਨੇ ਵੇਦਾਂਤੀ ਜੀ ਤੋਂ ਚੋਣਾਂ ਮੁਲਤਵੀ ਕਰਨ ਦਾ ਆਦੇਸ਼ ਜਾਰੀ ਕਰਵਾ ਲਿਆ। ਭਾਵੇਂ ਅਖੀਰ ਵਿੱਚ ਇਹ ਚੋਣਾਂ ਮਿੱਥੇ ਸਮੇਂ ਅਨੁਸਾਰ ਹੀ ਹੋਈਆਂ, ਪਰ ਸਿੱਖ ਆਗੂਆਂ ਦੀ ਗੰਦੀ ਸਿਆਸਤ ਦੇ ਅਖਾੜੇ ਵਿੱਚ ਅਕਾਲ ਤਖ਼ਤ ਸਾਹਿਬ ਨੂੰ ਘਸੀਟ ਕੇ, ਪਵਿੱਤਰ ਤਖ਼ਤ ਸਾਹਿਬ ਦੀ ਬੇਅਦਬੀ ਕਰਵਾਉਣਾ, ਵੇਦਾਂਤੀ ਜੀ ਦੇ ਕਾਰਜ-ਕਾਲ ਦੀ ਇਕ ਨਿਵੇਕਲੀ ਪ੍ਰਾਪਤੀ ਬਣ ਗਿਆ।
|
|
|
ਫਿਲਮ ‘ਜੋ ਬੋਲੇ ਸੋ ਨਿਹਾਲ’ ਦੇ ਸੰਦਰਭ ਵਿੱਚ ਬਣਾਈ ਗਈ ਜਥੇਦਾਰ ਵੇਦਾਂਤੀ ਜੀ ਦੀ ਤਸਵੀਰ, ਜਿਸ ਦੇ ਬਾਰੇ ਕੁਝ ਝੋਲੀਚੁੱਕ ਕਿਸਮ ਦੇ ਸੰਗਠਨਾਂ ਨੇ ਕਾਫੀ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ। |
11) ਮੁੰਬਈ ਦੇ ਇਕ ਨਿਰਮਾਤਾ ਨੇ ‘ਜੋ ਬੋਲੇ ਸੋ ਨਿਹਾਲ’ ਨਾਂ ਦੀ ਇਕ ਫਿਲਮ ਦਾ ਨਿਰਾਮਣ ਕੀਤਾ। ਆਪਣੇ ਨਾਂ ਤੋਂ ਧਾਰਮਕ ਜਾਪਣ ਵਾਲੀ ਇਸ ਫਿਲਮ ਵਿੱਚ ਸਿੱਖੀ ਸਰੂਪ ਅਤੇ ਸਿੱਖੀ ਸਿਧਾਂਤਾਂ ਦਾ ਭਰਪੂਰ ਮਜ਼ਾਕ ਉਡਾਇਆ ਗਿਆ ਸੀ। ਇਸਲਈ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਸਿੱਖ ਸੰਗਤਾਂ ਵੱਲੋਂ ਇਸਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਵੇਦਾਂਤੀ ਜੀ ਦੇ ਸੁਭਾਅ ਤੋਂ ਜਾਣੂ ਫਿਲਮ ਦੇ ਨਿਰਮਾਤਾ ਨੇ ਉਨ੍ਹਾਂ ਤੱਕ ਪਹੁੰਚ ਕੀਤੀ ਅਤੇ ਸੌਦਾ ਤੈਅ ਕਰ ਲਿਆ। ਨਤੀਜਤਨ, ਵੇਦਾਂਤੀ ਜੀ ਨੇ ਆਪਣੇ ਸਾਲੇ ਦੀ ਅਗਵਾਈ ਹੇਠ ਇਕ ‘ਪੜਤਾਲੀਆ ਟੀਮ’ ਨੂੰ ਫਿਲਮ ਦੀ ਕਥਿਤ ਜਾਂਚ ਵਾਸਤੇ ਮੁੰਬਈ ਭੇਜ ਦਿੱਤਾ। ਇਸ ਟੀਮ ਨੇ ਸੁਭਾਵਿਕ ਤੌਰ ’ਤੇ ਫਿਲਮ ਦੇ ਹੱਕ ਵਿੱਚ ਹੀ ਫੈਸਲਾ ਦਿੱਤਾ, ਜਿਸ ਨਾਲ ਸ਼੍ਰੋਮਣੀ ਕਮੇਟੀ ਦੇ ਇਕ ਮੈਂਬਰ ਵੱਲੋਂ ਫਿਲਮ ਵਿਰੁੱਧ ਅਦਾਲਤ ਵਿੱਚ ਪਾਇਆ ਗਿਆ ਮੁਕੱਦਮਾ ਕਮਜ਼ੋਰ ਹੋ ਗਿਆ ਅਤੇ ਫਿਲਮ ਸਾਰੇ ਭਾਰਤ ਵਿੱਚ ਰਿਲੀਜ਼ ਹੋ ਗਈ। ਸਿੱਖੀ-ਵਿਰੋਧੀ ਫਿਲਮ ਦਾ ਪੱਖ ਪੂਰਨ ਲਈ ਕਮੇਟੀ ਦੀ ਵਰਤੋਂ ਕਰਨ ਦੇ ਨਿਵੇਕਲੇ ਢੰਗ ਦੀ ਵਰਤੋਂ ਵੀ ਵੇਦਾਂਤੀ ਜੀ ਦੇ ਕਾਰਜ-ਕਾਲ ਦੀ ਇਕ ਅਹਿਮ ਪ੍ਰਾਪਤੀ ਸੀ।
(ਨੋਟ : ਜਦ ‘ਇੰਡੀਆ ਅਵੇਅਰਨੈੱਸ’ ਨੇ ਵੇਦਾਂਤੀ ਜੀ ਅਤੇ ਉਨ੍ਹਾਂ ਦੇ ਸਾਲੇ ਦੀ ਇਸ ਕਰਤੂਤ ਬਾਰੇ ਤੱਥ-ਭਰਪੂਰ ਲੇਖ ਪ੍ਰਕਾਸ਼ਿਤ ਕੀਤੇ, ਤਾਂ ਉਸ ਤੋਂ ਬੌਖਲਾ ਕੇ ਵੇਦਾਂਤੀ ਜੀ ਨੇ, ਆਪਣੇ ਸਿਰ ’ਤੇ ਫਿਲਮ ਦੇ ਨਾਇਕ ਵਾਲੀ ਪੁਲਿਸੀਆ ਪਗੜੀ ਪਹਿਨਾਉਣ ਦਾ ਬਹਾਣਾ ਬਣਾ ਕੇ, ਆਪਣੇ ਕੁਝ ਝੋਲੀਚੁੱਕਾਂ ਤੋਂ ਇੰਡੀਆ ਅਵੇਅਰਨੈੱਸ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕੀਤੀ। ਪਰ ਇੰਡੀਆ ਅਵੇਅਰਨੈੱਸ ਦੇ ਪਾਠਕਾਂ ਦੀ ਸਰਗਰਮੀ ਅਤੇ ਪੁਲਿਸ ਦੀ ਤੁਰੰਤ ਕਾਰਵਾਈ ਕਾਰਨ ਉਹ ਅਜਿਹਾ ਕਰਨ ਵਿੱਚ ਨਾਕਾਮ ਰਹੇ।)
|
|
|
ਫਰੀਦਾਬਾਦ ਵਿੱਚ ਗਿ: ਜੋਗਿੰਦਰ ਸਿੰਘ ਵੇਦਾਂਤੀ ਦੇ ਬਾਡੀਗਾਰਡਾਂ ਦੀ ਗੁੰਡਾਗਰਦੀ ਦੇ ਸ਼ਿਕਾਰ ਹੋਏ ਸਿੰਘ ਆਪਣੇ ਫੱਟ ਦਿਖਾਉਂਦੇ ਹੋਏ |
12) ਸਿੱਖ ਸਮਾਜ ਵਿੱਚ ਜਿੰਨੀ ਮਰਜ਼ੀ ਗਿਰਾਵਟ ਆ ਚੁੱਕੀ ਹੋਵੇ, ਪਰ ਹਰ ਸ਼ਰਧਾਲੂ ਸਿੱਖ ਹਾਲਾਂ ਵੀ ਇਹੀ ਮੰਨਦਾ ਹੈ ਕਿ ਉਸਦੇ ਗੁਰੂ, ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਹਨ। ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਤੋਂ ਤੋੜਨ ਲਈ ਬ੍ਰਾਹਮਣਵਾਦੀਆਂ ਵੱਲੋਂ ‘ਬਚਿੱਤਰ ਨਾਟਕ’ ਨਾਂ ਦੀ ਇਕ ਗੰਦੀ ਪੁਸਤਕ (ਜਿਸਨੂੰ ਅੱਜਕਲ ਦਸਮ ਗ੍ਰੰਥ ਵੀ ਕਿਹਾ ਜਾ ਰਿਹਾ ਹੈ) ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਵਜੋਂ ਪ੍ਰਚਾਰਿਤ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੀ ਇਸਦਾ ਪ੍ਰਕਾਸ਼ ਕਰਨਾ ਸ਼ੁਰੂ ਕਰ ਦਿੱਤਾ। ਜਦ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਤੇ ਸਰਬ-ਉੱਚ ਗੁਰੂ ਮੰਨਣ ਵਾਲੇ ਸਿੱਖਾਂ ਨੇ ਇਸ ਹਰਕਤ ਦਾ ਵਿਰੋਧ ਕੀਤਾ, ਤਾਂ ਵੇਦਾਂਤੀ ਜੀ ਨੇ ਉਨ੍ਹਾਂ ਦਾ ਸਾਥ ਦੇਣ ਦੀ ਬਜਾਏ, ਮਨਮਤੀਏ ਸਿੱਖਾਂ ਵੱਲੋਂ ਬਠਿੰਡਾ ਦੇ ਪਿੰਡ ਦਿਆਲਪੁਰਾ ਭਾਈਕਾ ਵਿਖੇ ਕਰਵਾਏ ਗਏ ਦਸਮ ਗ੍ਰੰਥ ਦੇ ਅਖੰਡ ਪਾਠ ਸਮਾਗਮ ਵਿੱਚ ਸਰਗਰਮ ਸ਼ਿਰਕਤ ਕਰਕੇ ਸਿੱਖ ਕੌਮ ਅਤੇ ਗੁਰੂ ਗ੍ਰੰਥ ਸਾਹਿਬ ਦਾ ਭਾਰੀ ਅਪਮਾਨ ਕੀਤਾ। ਜਦ ਫਰੀਦਾਬਾਦ ਦੇ ਕੁਝ ਸਿੰਘਾਂ ਨੇ ਵੇਦਾਂਦੀ ਜੀ ਦੀ ਇਸ ਗਲਤ ਨੀਤੀ ਦਾ ਵਿਰੋਧ ਕਰਦਿਆਂ ਉਨ੍ਹਾਂ ਨੂੰ ਇਕ ਮੈਮੋਰੈਂਡੰਮ ਦੇਣਾ ਚਾਹਿਆ, ਤਾਂ ਵੇਦਾਂਤੀ ਜੀ ਨੇ ਆਪਣੇ ਸਰਕਾਰੀ ਬਾਡੀਗਾਰਡਾਂ ਤੋਂ ਉਨ੍ਹਾਂ ਦੀ ਖੂਬ ਪਿਟਾਈ ਕਰਵਾਈ। ਅਜਿਹੇ ਗੁਰਬਾਣੀ-ਵਿਰੋਧੀ ਰਵਈਏ ਤੇ ਗੁੰਡਾਗਰਦੀ ਵਾਲੀ ਕਾਰਵਾਈ ਦੇ ਬਾਵਜੂਦ ਵੀ ਤਖ਼ਤ ਸਾਹਿਬ ਦੇ ਪੁਜਾਰੀ ਬਣੇ ਰਹਿਣਾ, ਵੇਦਾਂਤੀ ਜੀ ਦੇ ਕਾਰਜ-ਕਾਲ ਦੀ ਇਕ ਹੈਰਾਨੀਜਨਕ ਪ੍ਰਾਪਤੀ ਸੀ।
13) ਬਹੁਤੇ ਪ੍ਰਚਾਰਕ/ਰਾਗੀ ਆਪਣਾ ਤੋਰੀ-ਫੁਲਕਾ ਚਲਾਉਣ ਲਈ ਹੀ ਕੀਰਤਨ/ਕਥਾ ਕਰਦੇ ਹਨ ਅਤੇ ਵਿਵਾਦਮਈ ਵਿਸ਼ਿਆਂ ’ਤੇ ਬੋਲਣ ਤੋਂ ਸੰਕੋਚ ਕਰਦੇ ਹਨ। ਪਰ ਪ੍ਰੋ: ਦਰਸ਼ਨ ਸਿੰਘ ਨੇ ਹਰ ਸੰਭਵ ਖ਼ਤਰੇ ਦਾ ਟਾਕਰਾ ਕਰਕੇ ਵੀ ਗੁਰੂ ਗ੍ਰੰਥ ਸਾਹਿਬ ਦੀ ਸਰਬ-ਉੱਚਤਾ ਅਤੇ ਅਖੌਤੀ ਦਸਮ ਗ੍ਰੰਥ ਦੀਆਂ ਲੱਚਰ/ਬ੍ਰਾਹਮਣਵਾਦੀ ਰਚਨਾਵਾਂ ਬਾਰੇ ਸੰਗਤਾਂ ਨੂੰ ਜਾਗਰੁਕ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਦੇ ਗੁਰਤਾਗੱਦੀ ਵਰ੍ਹੇ ਦੇ ਸਨਮੁਖ ਉਨ੍ਹਾਂ ਨੇ ਆਪਣੀ ਇਹ ਮੁਹਿੰਮ ਹੋਰ ਤੇਜ਼ ਕਰ ਦਿੱਤੀ। ਵੇਦਾਂਤੀ ਜੀ ਨੂੰ ਚਾਹੀਦਾ ਸੀ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਸਰਬ-ਉੱਚਤਾ ਸਬੰਧੀ ਇਸ ਮੁਹਿੰਮ ਵਿੱਚ ਪ੍ਰੋ: ਦਰਸ਼ਨ ਸਿੰਘ ਦਾ ਸਾਥ ਦਿੰਦੇ ਪਰ ਉਨ੍ਹਾਂ ਨੇ ਤਾਂ ਪ੍ਰੋ: ਦਰਸ਼ਨ ਸਿੰਘ ਦੇ ਖਿਲਾਫ਼ ਹੀ ਸੰਦੇਸ਼ ਜਾਰੀ ਕਰਕੇ ਉਨ੍ਹਾਂ ਦੇ ਵਿਚਾਰਾਂ ਦੇ ਫੈਲਣ ’ਤੇ ਪਾਬੰਦੀ ਲਗਾਉਣ ਦੀ ਨਾਕਾਮ ਕੋਸ਼ਿਸ਼ ਕੀਤੀ। ਗੁਰਬਾਣੀ ਦੇ ਪ੍ਰਚਾਰਕ, ਉਹ ਵੀ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ, ਨੂੰ ਧਰਮ ਪ੍ਰਚਾਰ ਤੋਂ ਰੋਕਣ ਲਈ ਹੁਕਮਨਾਮੇ ਜਾਰੀ ਕਰਨਾ ਵੀ ਵੇਦਾਂਤੀ ਜੀ ਦੇ ਕਾਰਜਕਾਲ ਦੀ ਇਕ ਅਹਿਮ ਪ੍ਰਾਪਤੀ ਰਿਹਾ।
14) ਪੰਜਾਬ ਦੇ 90 ਫੀਸਦੀ ਸਿੱਖ ਨੌਜੁਆਨ ਕੇਸਾਂ ਦੀ ਬੇਅਦਬੀ ਕਰਦੇ ਹਨ ਅਤੇ ਨਸ਼ਿਆਂ ਦੇ ਜਾਲ ਵਿੱਚ ਜਕੜੇ ਜਾ ਚੁੱਕੇ ਹਨ। ਇਸਦੇ ਬਾਵਜੂਦ ਵੇਦਾਂਤੀ ਜੀ ਨੇ ਪੰਜਾਬ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਲਈ ਕਦੀ ਕੋਈ ਕਦਮ ਨਹੀਂ ਚੁੱਕਿਆ। ਪਰ ਵਿਦੇਸ਼ਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਨਾ ਦੇ ਨਾਮ ’ਤੇ ਉਹ ਅਕਸਰ ਵਿਦੇਸ਼ ਫੇਰੀਆਂ ’ਤੇ ਤੁਰੇ ਰਹਿੰਦੇ। ਵਿਦੇਸ਼ਾਂ ਵਿੱਚ ਜਾ ਕੇ ਵੇਦਾਂਤੀ ਜੀ ਨੇ ਕਿੰਨੇ ਕੁ ਅਤੇ ਕਿਹੜੇ ਲੋਕਾਂ ਨੂੰ ਸਿੱਖ ਧਰਮ ਨਾਲ ਜੋੜਿਆ, ਇਹ ਕਹਿਣਾ ਤਾਂ ਮੁਸ਼ਕਿਲ ਹੈ ਪਰ ਏਨਾ ਜ਼ਰੂਰ ਹੈ ਕਿ ਵਿਦੇਸ਼ਾਂ ਵਿੱਚ ਉਨ੍ਹਾਂ ਨੇ ‘ਹਰ ਤਰ੍ਹਾਂ’ ਦੀਆਂ ਮੌਜਾਂ ਜ਼ਰੂਰ ਮਾਣੀਆਂ। ਜਾਣਕਾਰ ਸੂਤਰਾਂ ਮੁਤਾਬਿਕ, ਉਹ ਆਪਣੀ ਹਰ ਵਿਦੇਸ਼ ਫੇਰੀ ਦੌਰਾਨ ਉਥੋਂ ਡਾਲਰਾਂ/ਪੌਂਡਾਂ ਦੀਆਂ ਪੰਡਾਂ ਬੰਨ੍ਹ-ਬੰਨ੍ਹ ਕੇ ਲਿਆਉਂਦੇ ਰਹੇ (ਭਾਵੇਂ ਇਸਦੇ ਲਈ ਉਨ੍ਹਾਂ ਨੂੰ ਖ਼ਾਲਿਸਤਾਨ-ਪੱਖੀ ਬਿਆਨ ਦੇ ਕੇ, ਬਾਅਦ ਵਿੱਚ ਮੁੱਕਰ ਜਾਣ ਦੀ ਨੀਤੀ ਵੀ ਕਿਉਂ ਨਾ ਅਪਣਾਉਣੀ ਪਈ) ਅਤੇ ਆਪਣੇ ਨਿਜੀ ਖਜ਼ਾਨਿਆਂ ਵਿੱਚ ਵਾਧਾ ਕਰਦੇ ਰਹੇ। ਆਪਣੇ ਇਲਾਵਾ ਵੇਦਾਂਤੀ ਜੀ ਨੇ ਆਪਣੇ ਪਰਵਾਰ ਨੂੰ ਵੀ ਮੁਫ਼ਤ ਦੀ ਵਿਦੇਸ਼ ਸੈਰ ਕਰਵਾਉਣ ਵਾਸਤੇ ਬਹਾਣਾ ਘੜਿਆ ਕਿ ਇਹ ਲੋਕ ਕੈਨੇਡਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਦੀ ਖੋਜ ਕਰਨ ਜਾ ਰਹੇ ਹਨ !! ਵਿਦੇਸ਼ਾਂ ਸਿੱਖਾਂ ਦਾ ਜਜ਼ਬਾਤੀ ਸ਼ੋਸ਼ਣ ਕਰਕੇ ਮਾਇਆ ਦੇ ਗੱਫੇ ਪ੍ਰਾਪਤ ਕਰਦੇ ਰਹਿਣਾ ਵੀ ਵੇਦਾਂਤੀ ਜੀ ਦੇ ਕਾਰਜ ਕਾਲ ਦੀ ਇਕ ਵੱਡੀ ਪ੍ਰਾਪਤੀ ਰਿਹਾ।
|
|
|
ਇਕ ਵਿਦੇਸ਼ ਫੇਰੀ ਦੌਰਾਨ ਚਰਿੱਤਰਹੀਣ ਸਾਧ ਦਲਜੀਤ ਸਿੰਘ ਸ਼ਿਕਾਗੋ ਨਾਲ ਬੈਠੇ ਹੋਏ ਤਖ਼ਤ ਕੇਸਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਗਿ: ਤ੍ਰਿਲੋਚਨ ਸਿੰਘ ਅਤੇ ਗਿ: ਜੋਗਿੰਦਰ ਸਿੰਘ ਵੇਦਾਂਤੀ |
15) ਸ਼ਿਕਾਗੋ ਵਾਲਾ ਸਾਧ ਦਲਜੀਤ ਸਿੰਘ ਭਾਰਤ ਵਿੱਚ ਆਪਣੀ ਪਤਨੀ ਨੂੰ ਛੱਡ ਕੇ ਅਮਰੀਕੀ ਔਰਤਾਂ ਨਾਲ ਰੰਗਰਲੀਆਂ ਮਨਾਉਣ ਲੱਗ ਪਿਆ। ਅਮਰੀਕਾ ਦੇ ਕੁਝ ਜਾਗਰੁਕ ਸਿੱਖਾਂ ਨੇ ਉਸ ’ਤੇ ਲਗਾਤਾਰ ਨਿਗਾਹ ਬਣਾ ਕੇ ਰੱਖੀ ਅਤੇ ਅਖੀਰ ਇਕ ਹੋਟਲ ਵਿੱਚ ਬਾਬੇ ਨੂੰ ਇਕ ਔਰਤ ਨਾਲ ਰੰਗੇ ਹੱਥੀਂ ਫੜ ਲਿਆ। ਇਹ ਮਾਮਲਾ ਵੀ ਵੇਦਾਂਤੀ ਜੀ ਦੀ ਕਚਹਿਰੀ ਵਿੱਚ ਗਿਆ ਪਰ ਵੇਦਾਂਤੀ ਜੀ ਨੇ ਸ਼ਿਕਾਗੋ ਵਾਲੇ ਸਾਧ ਨਾਲ ਅੱਟੀ-ਸੱਟੀ ਕਰਕੇ ਇਸ ਮਾਮਲੇ ਨੂੰ ਬਿਲਕੁਲ ਖੁਰਦ-ਬੁਰਕ ਕਰ ਦਿੱਤਾ ਅਤੇ ਕਿਸੇ ਹੋਰ ਛੋਟੇ-ਮੋਟੇ ਦੋਸ਼ ਵਿੱਚ, ਉਹ ਵੀ ਚੁਪ-ਚੁਪੀਤੇ, ਸ਼ਿਕਾਗੋ ਵਾਲੇ ਸਾਧ ਨੂੰ ਅਖੰਡ ਪਾਠ ਕਰਵਾਉਣ ਦੀ ‘ਸਜ਼ਾ’ ਲਗਵਾ ਦਿੱਤੀ। ਇਸ ਬੇਸ਼ਰਮੀ ਭਰੇ ਢੰਗ ਨਾਲ ਚਰਿੱਤਰਹੀਣ ਸਾਧਾਂ ਦਾ ਪੱਖ ਪੂਰਨ ਵੀ ਵੇਦਾਂਤੀ ਜੀ ਕੇ ਕਾਰਜ ਕਾਲ ਦੀ ਇਕ ਚਰਚਿਤ ਖ਼ਾਸੀਅਤ ਰਿਹਾ।
- - -
ਨੋਟ : ਵੇਦਾਂਤੀ ਜੀ ਦੀਆਂ ਉਕਤ ਸਾਰੀਆਂ ਸਿੱਖੀ-ਵਿਰੋਧੀ ਕਾਰਵਾਈਆਂ ਨੂੰ ਵਿਅੰਗਮਈ ਲਹਿਜ਼ੇ ਵਿੱਚ ‘ਪ੍ਰਾਪਤੀਆਂ’ ਕਿਹਾ ਗਿਆ ਹੈ। ਪਰ ਅਸਲ ਅਰਥਾਂ ਵਿੱਚ ਵੇਦਾਂਤੀ ਜੀ ਦੀਆਂ ਦੋ ਹੀ ਪ੍ਰਾਪਤੀਆਂ ਮੰਨੀਆਂ ਜਾ ਸਕਦੀਆਂ ਹਨ। ਇਹ ਹਨ 1) ਰਾਸ਼ਟਰੀ ਸਿੱਖ ਸੰਗਤ (ਆਰ.ਐਸ.ਐਸ.) ਵਿਰੁੱਧ ਸੰਦੇਸ਼ ਜਾਰੀ ਕਰਨਾ; ਅਤੇ 2) ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਨਾ ਹੋਣ ਦੇਣ ਦੀ ਹਦਾਇਤ ਵਾਲਾ ‘ਸੰਦੇਸ਼’ ਜਾਰੀ ਕਰਨਾ। ਬਾਦਲ ਤੇ ਆਰ.ਐਸ.ਐਸ. ਗਠਜੋੜ ਦੀ ਗੁਲਾਮੀ ਕਰਕੇ ਵੀ ਵੇਦਾਂਤੀ ਜੀ ਅਜਿਹੇ ਆਦੇਸ਼/ਸੰਦੇਸ਼ (ਭਾਵੇਂ ਉਹ ਕਿਸੇ ਵੀ ਹਾਲਾਤ ਜਾਂ ‘ਸੌਦੇ’ ਅਧੀਨ ਕੀਤੇ ਗਏ ਹੋਣ) ਜਾਰੀ ਕਰਨਾ ਵੇਦਾਂਤੀ ਜੀ ਦੀਆਂ ਵਾਕਈ ਦੋ ਵੱਡੀਆਂ ਪ੍ਰਾਪਤੀਆਂ ਰਹੀਆਂ ਹਨ।