Subscription About Us Contact Us


ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਸੁਮੇਧ ਸੈਣੀ ਵਰਗੇ ਪੁਲਿਸ ਅਧਿਕਾਰੀ ਦੀ ਵਕਾਲਤ ਕਰਨ ਨਾਲ ਬਾਦਲ ਦਾ ਪਰਦਾਫਾਸ਼

- ਇੰਡੀਆ ਅਵੇਅਰਨੈੱਸ ਬਿਉਰੋ -

ਪ੍ਰਕਾਸ਼ ਸਿੰਘ ਬਾਦਲ ਦੀ ਸਿੱਖ-ਵਿਰੋਧੀ ਕਾਰਵਾਈਆਂ ਅਕਸਰ ਪੰਥਕ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ ਪਰ ਹੁਣ ਸੁਮੇਧ ਸੈਣੀ ਵਰਗੇ ਜ਼ੱਲਾਦ ਕਿਸਮ ਦੇ ਪੁਲਿਸ ਅਧਿਕਾਰੀ ਨੂੰ ਬਚਾਉਣ ਲਈ ਅਦਾਲਤ ਵਿੱਚ ਹਲਫਨਾਮਾ ਪੇਸ਼ ਕਰਕੇ ਅਤੇ ਇਸ ਹਲਫਨਾਮੇ ਵਿੱਚ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਕੱਟੜ ਅੱਤਵਾਦੀ ਦੱਸ ਕੇ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਦਾ ਸਮਰਥਨ ਕਰਨ ਨਾਲ ਬਾਦਲ ਦੀਆਂ ਮੰਦ ਕਰਤੂਤਾਂ ਦੀ ਲੜੀ ਵਿੱਚ ਹੋਰ ਇਜ਼ਾਫਾ ਹੋ ਗਿਆ ਹੈ। ਗੌਰਤਲਬ ਹੈ ਕਿ ਸੁਮੇਧ ਸੈਣੀ ਨਾਮ ਦਾ ਇਹ ਪੁਲਿਸ ਅਫ਼ਸਰ ਬਹੁਤ ਸਾਰੇ ਨਿਰਦੋਸ਼ ਸਿੱਖ ਨੌਜੁਆਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ, ਬਲਕਿ ਉਨ੍ਹਾਂ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨ ਦੇਣ ਜਾਂ ਹੋਰ ਕਈ ਵਹਿਸ਼ੀਆਨਾ ਢੰਗਾਂ ਨਾਲ ਕਤਲ ਕਰ ਦੇਣ ਦਾ ਆਰੋਪੀ ਹੈ।

ਪੰਥਕ ਮਸਲਿਆਂ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਬਾਦਲ ਵੱਲੋਂ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਬਾਰੇ ਮੀਡੀਆ ਵਿੱਚ ਦਿੱਤੇ ਗਏ ਬਿਆਨ ‘‘ਹਾਥੀ ਦੇ ਦੰਦ ਖਾਣ ਵਾਲੇ ਹੋਰ, ਵਿਖਾਉਣ ਵਾਲੇ ਹੋਰ’ ਦੀ ਕਹਾਵਤ ਨੂੰ ਹੀ ਸਿੱਧ ਕਰਦੇ ਹਨ। ਸਿੱਖਾਂ ਨੂੰ ਖੁਸ਼ ਕਰਨ ਵਾਸਤੇ ਬਾਦਲ ਮੀਡੀਆ ਵਿੱਚ ਪ੍ਰੋ: ਭੁੱਲਰ ਦੀ ਸਜ਼ਾ ਮੁਆਫੀ ਦੇ ਹੱਕ ਵਿੱਚ ਬੋਲਦਾ ਹੈ ਪਰ ਅਦਾਲਤ ਵਿੱਚ, ਜਿੱਥੇ ਮੀਡੀਆ ਦੇ ਬਿਆਨਾਂ ਦੀ ਕੋਈ ਮਹੱਤਤਾ ਨਹੀਂ ਹੁੰਦੀ, ਉੱਥੇ ਬਾਦਲ ਵੱਲੋਂ ਹਲਫਨਾਮੇ ਦੇ ਕੇ ਦਾਅਵਾ ਕੀਤਾ ਜਾਂਦਾ ਹੈ ਕਿ ਪ੍ਰੋ: ਭੁੱਲਰ ਇਕ ‘ਅੱਤਵਾਦੀ’ ਹਨ। ਬਾਦਲ ਦੀ ਇਸ ਦੋਗਲੀ ਨੀਤੀ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਉਹ ਅਣਖੀਲੇ ਸਿੱਖਾਂ ਨੂੰ ਤਾਂ ਫਾਂਸੀ ਚੜ੍ਹਵਾਉਣਾ ਚਾਹੁੰਦਾ ਹੈ ਪਰ ਸਿੱਖਾਂ ਦੀ ਨਸਲਕੁਸ਼ੀ ਕਰਨ ਦੇ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਦੀ ਸਰਪ੍ਰਸਤੀ ਤੇ ਰੱਖਿਆ ਕਰਨਾ ਚਾਹੁੰਦਾ ਹੈ।

ਬਾਦਲ ਦੀ ਇਸ ਜ਼ਹਿਰੀਲੀ ਨੀਤੀ ਤੇ ਮੰਦ ਕਰਤੂਤ ਦਾ ਸਬੂਤ ਪੇਸ਼ ਕਰਦਿਆਂ, ਪਿਛਲੇ ਦਿਨੀਂ ਚੰਡੀਗੜ੍ਹ ਵਿੱਚ ਹੋਈ ਇਕ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੰਚ ਪ੍ਰਧਾਨੀ ਦੇ ਚੇਅਰਮੈਨ ਸ੍ਰ: ਦਲਜੀਤ ਸਿੰਘ ਬਿੱਟੂ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਪ੍ਰੋ: ਦਵਿੰਦਰ ਸਿੰਘ ਭੁੱਲਰ ਦੇ ਮਾਸੜ ਬਲਵੰਤ ਸਿੰਘ ਤੇ ਬਲਵੰਤ ਸਿੰਘ ਮੁਲਤਾਨੀ ਦੀ ‘ਗੁੰਮਸ਼ੁਦਗੀ’ (ਜਾਂ ਚੁਪਚੁਪੀਤੇ ਕਤਲ) ਦੀ ਜਾਂਚ ਦਾ ਕੰਮ ਸੀ.ਬੀ.ਆਈ. ਦੇ ਹਵਾਲੇ ਕਰਨ ਦਾ ਫੈਸਲਾ ਕੀਤਾ ਗਿਆ ਸੀ।

ਸੁਮੇਧ ਸੈਣੀ ’ਤੇ ਦੋਸ਼ ਹਨ ਕਿ ਉਸਨੇ 1991 ਵਿੱਚ, ਜਦ ਉਹ ਚੰਡੀਗੜ੍ਹ ਵਿਖੇ ਐਸ.ਐਸ.ਪੀ. ਵਜੋਂ ਤਾਇਨਾਤ ਸੀ, ਇਨ੍ਹਾਂ ਨੂੰ ਅਗਵਾ ਕਰਕੇ ‘ਗਾਇਬ’ ਕਰ ਦਿੱਤਾ ਸੀ। ਪਰ ਬਾਦਲ ਸਰਕਾਰ ਨੇ ਇਸ ਮਾਮਲੇ ਵਿੱਚ ਹਾਈ ਕੋਰਟ ਦੀ ਮਦਦ ਤਾਂ ਕੀ ਕਰਨੀ ਸੀ, ਉਲਟਾ ਸੁਮੇਧ ਸੈਣੀ ਨੂੰ ਸੀ.ਬੀ.ਆਈ. ਦੀ ਜਾਂਚ ਤੋਂ ਬਚਾਉਣ ਲਈ ਅਦਾਲਤ ਵਿੱਚ ਸਪੈਸ਼ਲ ਲੀਵ ਪਟੀਸ਼ਨ ਪਾ ਦਿੱਤੀ। ਬਾਦਲ ਸਰਕਾਰ ਨੇ ਸੁਮੇਧ ਸੈਣੀ ਦੇ ਪੱਖ ਵਿੱਚ ਕੇਸ ਲੜਨ ਲਈ ਚੋਟੀ ਦੇ ਵਕੀਲਾਂ ਨੂੰ ਮੂੰਹ-ਮੰਗੀਆਂ ਫੀਸਾਂ ਦੇ ਕੇ ਮੁਕੱਰਰ ਕੀਤਾ, ਜਿਸ ਨਾਲ ਸੁਪਰੀਮ ਕੋਰਟ ਨੇ ਪੰਜਾਬ ਹਾਈ ਕੋਰਟ ਦੇ ਹੁਕਮਾਂ ’ਤੇ ਰੋਕ ਲਗਾ ਦਿੱਤੀ।

ਬਾਦਲ ਸਰਕਾਰ ਦੇ ਵਕੀਲਾਂ ਵੱਲੋਂ ਸੁਮੇਧ ਸੈਣੀ ਨੂੰ ਬਚਾਉਣ ਲਈ ਅਦਾਲਤ ਵਿੱਚ ਦਿੱਤੇ ਗਏ ਹਲਫਨਾਮੇ ਵਿੱਚ ਇਹ ਕਿਹਾ ਗਿਆ ਕਿ ਜਿਨ੍ਹਾਂ ਪੁਲਿਸ ਅਧਿਕਾਰੀਆਂ ਨੇ ਕਾਮਯਾਬੀ ਨਾਲ ਅੱਤਵਾਦ ਵਿਰੁੱਧ ਲੜਾਈ ਲੜੀ, ਉਨ੍ਹਾਂ ਨੂੰ ਮੁਜਰਮਾਨਾ ਮਾਮਲਿਆਂ ’ਚ ਫਸਾ ਕੇ ਇਸਦੀ ਜਾਂਚ ਸੀ.ਬੀ.ਆਈ. ਹਵਾਲੇ ਕੀਤੀ ਜਾ ਰਹੀ ਹੈ। ਜਦਕਿ ਬਲਵੰਤ ਸਿੰਘ ਮੁਲਤਾਨੀ (ਇਕ ਸੀਨੀਅਰ ਸੇਵਾ-ਮੁਕਤ ਆਈ.ਏ.ਐਸ. ਦਾ ਪੁੱਤਰ) ਕਈ ਮਾਮਲਿਆਂ ਵਿੱਚ ਭਗੌੜਾ ਕਰਾਰ ਦਿੱਤਾ ਗਿਆ ਤੇ ‘ਅੱਤਵਾਦੀ’ ਪ੍ਰੋ: ਭੁੱਲਰ ਨੂੰ ਸਪੁਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ। ਬਾਦਲ ਸਰਕਾਰ ਦੇ ਹਲਫਨਾਮੇ ’ਚ ਇਹ ਵੀ ਕਿਹਾ ਗਿਆ ਕਿ ਹਾਈ ਕੋਰਟ ਵੱਲੋਂ ਕੱਟੜ ਅੱਤਵਾਦੀਆਂ ਦੇ ਪੱਖ ਵਿੱਚ ਇਸ ਤਰ੍ਹਾਂ ਦੇ ਹੁਕਮ ਜਾਰੀ ਕਰਨਾ, ਅੱਤਵਾਦ ਵਿਰੁੱਧ ਲੜਾਈ ਲੜਨ ਵਾਲੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਹੈ !! ਹਫਲਨਾਮੇ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਕਿ ਪ੍ਰੋ: ਭੁੱਲਰ ਦੇ ਪਿਤਾ, ਮਾਸੜ ਤੇ ਬਲਵੰਤ ਸਿੰਘ ਮੁਲਤਾਨੀ ਦੀ ਮੌਤ ਦੀ ਜਾਂਚ ’ਚ ਪ੍ਰੋ: ਭੁੱਲਰ ਨੂੰ ਗਵਾਹ ਬਣਾ ਕੇ ਫਾਂਸੀ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪ੍ਰੋ: ਭੁੱਲਰ ਦੇ ਪਰਵਾਰ ਮੈਂਬਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੇ.ਪੀ.ਐਸ. ਗਿੱਲ ਵਾਂਗ ਹੀ ਸੁਮੇਧ ਸੈਣੀ ਵੀ ਸਿੱਖ ਨੌਜੁਆਨਾਂ ਦੀ ਨਸਲਕੁਸ਼ੀ ਕਰਨ ’ਚ ਮੋਹਰੀ ਰਿਹਾ ਹੈ ਤੇ ਸਿੱਖਾਂ ਨੂੰ ਕਤਲ ਕਰਨ ਸਬੰਧੀ ਪਾਰਟੀਆਂ ਵਿੱਚ ਡੀਂਗਾਂ ਵੀ ਮਾਰਦਾ ਰਿਹਾ ਹੈ।

ਸੁਮੇਧ ਸੈਣੀ ਨੇ ਬਲਵਿੰਦਰ ਸਿੰਘ ਜਟਾਣਾ ਦੇ ਸਮੁੱਚੇ ਪਰਵਾਰ ਨੂੰ ਕੋਹ-ਕੋਹ ਕੇ ਕਤਲ ਕਰ ਦਿੱਤਾ ਸੀ। ਬਲਵਿੰਦਰ ਸਿੰਘ ਜਟਾਣਾ ਦੇ ਪਿਤਾ ਨੇ ਦੱਸਿਆ ਕਿ ਜਿਸ ਦਿਨ ਚੰਡੀਗੜ੍ਹ ’ਚ ਸੁਮੇਧ ਸੈਣੀ ’ਤੇ ਹਮਲਾ ਹੋਇਆ ਤਾਂ ਪੁਲਿਸ ਨੇ ਉਨ੍ਹਾਂ ਦਾ ਸਾਰਾ ਪਿੰਡ ਘੇਰ ਲਿਆ ਅਤੇ ਪਰਵਾਰ ਦੇ 4 ਮੈਂਬਰਾਂ ਨੂੰ ਜੀਉਂਦੇ-ਜੀਅ ਸਾੜ ਕੇ ਮਾਰ ਦਿੱਤਾ।

ਇਸ ਤੋਂ ਇਲਾਵਾ ਜ਼ਿਲਾ ਫਿਰੋਜ਼ਪੁਰ ਦੀ ਮਾਤਾ ਗੁਰਜੀਤ ਕੌਰ ਦੇ ਪਰਵਾਰ ਦੇ 4 ਮੈਂਬਰਾਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਸੀ। ਲੁਧਿਆਣਾ ਦੇ ਸੈਣੀ ਮੋਟਰਜ਼ ਦੇ ਹਿੱਸੇਦਾਰ ਤੇ ਪਰਵਾਰਕ ਮਿੱਤਰ ਵਿਨੋਦ ਕੁਮਾਰ, ਉਸਦੇ ਜੀਜਾ ਅਸ਼ੋਕ ਕੁਮਾਰ ਤੇ ਡ੍ਰਾਈਵਰ ਮੁਖ਼ਤਿਆਰ ਸਿੰਘ ਨੂੰ ਵੀ ਅਗਵਾ ਕਰਕੇ ਲਾਸ਼ਾਂ ਖੁਰਦ-ਬੁਰਦ ਕਰ ਦਿੱਤੀਆਂ ਗਈਆਂ। ਇਸ ਸਬੰਧੀ ਇਕ ਕੇਸ ਦਿੱਲੀ ਦੀ ਸੀ.ਬੀ.ਆਈ. ਅਦਾਲਤ ’ਚ ਚੱਲ ਰਿਹਾ ਹੈ ਅਤੇ ਸੁਮੇਧ ਸੈਣੀ ’ਤੇ ਦੋਸ਼ ਵੀ ਤੈਅ ਹੋ ਚੁੱਕੇ ਹਨ। ਨਿਯਮਾਂ ਮੁਤਾਬਿਕ ਉਸਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਜਾਣਾ ਚਾਹੀਦਾ ਸੀ ਪਰ ਬਾਦਲ ਸਰਕਾਰ ਵੱਲੋਂ ਉਸਨੂੰ ਤਰੱਕੀ ਦੇ ਕੇ ਡੀ.ਜੀ.ਪੀ. ਬਨਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਯਕੀਨੀ ਤੌਰ ’ਤੇ ਬਾਦਲ ਸਰਕਾਰ ਦੀਆਂ ਇਹ ਗਤੀਵਿਧੀਆਂ ਸਿੱਖ ਕੌਮ ਦੀ ਪਿੱਠ ਵਿੱਚ, ਬਲਕਿ ਸੀਨੇ ਵਿੱਚ, ਛੁਰਾ ਮਾਰਨ ਦੇ ਤੁੱਲ ਹਨ, ਜਿਨ੍ਹਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਸਿੱਖਾਂ ’ਤੇ ਜ਼ੁਲਮ ਕਰਨ ਦੇ ਮਾਮਲੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੇ ਉਸਦੀ ਸਰਕਾਰ ਕਾਂਗਰਸ ਨਾਲੋਂ ਵੀ ਚਾਰ ਕਦਮ ਅੱਗੇ ਨਿਕਲ ਗਈ ਹੈ। ਪਰ ਸਿੱਖਾਂ ਨੂੰ ਇਹ ਤੱਥ ਪਤਾ ਨਹੀਂ ਕਦੋਂ ਸਮਝ ਆਏਗਾ ਤੇ ਉਹ ਬਾਦਲ ਤੇ ਉਸਦੇ ਝੋਲੀਚੁੱਕਾਂ ਤੋਂ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੂੰ ਮੁਕਤ ਕਰਨ ਲਈ ਕਦੋਂ ਪਹਿਲਕਦਮੀ ਕਰਨਗੇ?