

ਸਚੁ ਸਭਨਾ ਹੋਇ ਦਾਰੂ...
- ਪ੍ਰੋ: ਇੰਦਰ ਸਿੰਘ ਘੱਗਾ -
ਸਿੱਖ ਧਰਮ ਦਾ ਕੇਂਦਰੀ ਧੁਰਾ ਸੱਚ ਹੈ। ਗੁਰਬਾਣੀ ਮਨੁੱਖ ਨੂੰ ਸੱਚਾ ਜਾਂ ਸਚਿਆਰ ਹੋਣ ਦੀ ਜੋਰਦਾਰ ਪ੍ਰੇਰਣਾ ਕਰਦੀ ਹੈ। ਨਿਰੰਕਾਰ ਨੂੰ ਭੀ ਬੇਅੰਤ ਵਾਰ ਸੱਚ, ਸੱਚਾ ਜਾਂ ਸਤਿਨਾਮ ਆਖ ਕੇ ਸੰਬੋਧਨ ਕੀਤਾ ਗਿਆ ਹੈ। ਸਿੱਖਾਂ ਨੇ ਸੱਚੀ ਬਾਣੀ ਪੜ੍ਹ ਕੇ ਸੱਚ ਬੋਲਿਆ, ਸੱਚ ਕਮਾਇਆ। ਹਰੇਕ ਨਾਲ (ਸਮੇਤ ਦੁਸ਼ਮਣਾਂ ਦੇ) ਸੱਚਾ ਵਿਹਾਰ ਕੀਤਾ। ਜਿਵੇਂ-ਜਿਵੇਂ ਸਿੱਖਾਂ ਦਾ ‘ਭਾਰਤੀਕਰਨ’ ਜਾਂ ‘ਹਿੰਦੂਕਰਨ’ ਹੁੰਦਾ ਚਲਾ ਗਿਆ, ਤਿਵੇਂ-ਤਿਵੇਂ ਸਿੱਖਾਂ ਨੇ ਬਾਣੀ ਦਾ ਸੱਚ ਤਿਆਗ ਕੇ, ਕੂੜ-ਕੁਫਰ ਦੀਆਂ ਪੰਡਾਂ ਸਿਰ ’ਤੇ ਰੱਖ ਲਈਆਂ। ਗੱਦੀ ਰੂਪੀ ਟੁਕੜੇ ਦੇ ਲਾਲਚ ਵਿੱਚ, ਇਨਸਾਨੀਅਤ ਵੇਚੀ। ਇਮਾਨ ਵੇਚਿਆ, ਪੂਰੀ ਕੌਮ ਦੇ ਹੱਕ ਵੇਚੇ। ਜੇ ਕੌਮ ਦੇ ਦੋ-ਤਿੰਨ ਲੱਖ ਪੁੱਰ ਕਸਾਈਆਂ ਦੇ ਹਵਾਲੇ ਕਰਕੇ ਮਰਵਾਉਣੇ ਪਏ, ਤਾਂ ਉਹ ਵੀ ਮਰਵਾ ਦਿੱਤੇ। ਜਵਾਨ ਧੀਆਂ ਦੀਆਂ ਇੱਜ਼ਤਾਂ ਨੀਲਾਮ ਕਰਨੀਆਂ ਪਈਆਂ, ਤਾਂ ਦੇਰ ਨਾ ਲਾਈ। ਪੂਰੀ ਸਿੱਖ ਕੌਮ ਕੁਝ ਕੁ ਗੰਗੂਆਂ ਜਾਂ ਚੰਦੂਆਂ ਦੀ ਬਦੌਲਤ, ਹਨੇਰੀ ਖੱਡ ਵਿੱਚ ਗਰਕ ਕਰ ਦਿੱਤੀ ਗਈ।
ਸੰਨ 1762 ਵਿੱਚ ਕੁੱਪ ਰੋਹੀੜੇ ਦੀ ਖੂਨੀ ਜੰਗ ਦੌਰਾਨ ਇਕੋ ਦਿਨ ਵਿੱਚ ਲਗਪਗ ਤੀਹ ਹਜ਼ਾਰ ਸਿੱਖ (ਇਸਤਰੀ, ਮਰਦ, ਬੱਚੇ, ਬੁੱਢੇ) ਮੌਤ ਦਾ ਗ੍ਰਾਸ ਬਣ ਗਏ। ਇਸ ਸਮੇਂ ਭਾਈ ਜੱਸਾ ਸਿੰਘ ਆਹਲੂਵਾਲੀ ਸਾਰੇ ਪੰਥ ਦਾ ਥਾਪਿਆ ਮੁਖੀ ਸੀ। 30 ਹਜ਼ਾਰ ਸਿੱਖਾਂ ਦੀਆਂ ਲਾਸ਼ਾਂ ਦੇ ਸੱਥਰ ਉਸ ਦੀਆਂ ਅੱਖਾਂ ਸਾਹਮਣੇ ਵਿਛੇ ਪਏ ਸਨ। ‘ਸ਼ਾਇਦ’ ਇਹ ਵੱਡਾ ਘੱਲੂਘਾਰਾ ਨਾ ਵਾਪਰਦਾ, ਜੇਕਰ ਜੱਸਾ ਸਿੰਘ ਆਹਲੂਵਾਲੀਆ ਅਗਾਊਂ ਤਰਕੀਬ ਬਣਾ ਕੇ ਬੱਚਿਆਂ-ਬੀਬੀਆਂ ਨੂੰ ਤੇਜ਼ੀ ਨਾਲ ਸੁਰੱਖਿਅਤ ਥਾਵੇਂ ਭੇਜ ਦਿੰਦਾ। ਪਟਿਆਲੇ ਵਾਲੇ ਆਲਾ ਸਿੰਘ ਦਾ ਰਾਜ ਉਦੋਂ ਤੱਕ ਏਨਾ ਤਾਕਤਵਰ ਹੋ ਚੁੱਕਾ ਸੀ ਕਿ ਅਬਦਾਲੀ ਨੇ ਭੀ ਭਾਈ ਆਲਾ ਸਿੰਘ ਨਾਲ ਦੋਸਤੀ ਗੰਢਣੀ ਬੇਹਤਰ ਸਮਝੀ। ਭਾਈ ਜੱਸਾ ਸਿੰਘ ਤੋਂ ਬਹੁਤ ਵੱਡੀ ਨਾ-ਕਾਬਿਲੇ-ਬਰਦਾਸ਼ਤ ਗਲਤੀ ਹੋਈ ਸੀ। ਸਿੱਖਾਂ ਦਾ ਘਾਣ ਹੋ ਗਿਆ ਸੀ। ਜਦੋਂ ਸਾਰੇ ਪੰਕਕ ਜੱਥਿਆਂ ਦੇ ਮੁਖੀਆਂ ਨੇ ਆਪਾ-ਪੜਚੋਲ ਕੀਤੀ, ਤਦੋਂ ਇਹ ਤਾ ਸਪਸ਼ਟ ਸੀ ਕਿ ਜੰਗੀ ਦਾਉ ਖੇਡਣ ਵਿੱਚ ਜੱਸਾ ਸਿੰਘ ਫੇਲ੍ਹ ਹੋਇਆ ਹੈ। ਭਾਈ ਜੱਸਾ ਸਿੰਘ ਨੂੰ ਖ਼ੁਦ ਮੋਹਰੀ ਹੋ ਕੇ ਲੜਦਿਆਂ ਉਨੀ ਜਖ਼ਮ ਲੱਗੇ ਸਨ। ਫਿਰ ਭੀ ਉਸ ਨੇ ਹੱਥ ਜੋੜ ਕੇ ਸਾਰੇ ਸਿੱਖ ਭਰਾਵਾਂ ਤੋਂ ਅਤੇ ਅਕਾਲ ਪੁਰਖ ਤੋਂ ਮੁਆਫੀ ਮੰਗੀ। ਸਾਰੇ ਸਿੱਖ ਮੁਖੀਆਂ ਨੇ ਇਸ ਗੱਲ ਦੀ ਗਹਿਰਾਈ ਨਾਲ ਪਰਖ ਕੀਤੀ ਕਿ ਸਾਡੇ ਮੁਖੀ ਨੇ ਕੋਈ ਸਾਜਿਸ਼ ਤਾਂ ਨਹੀਂ ਕੀਤੀ? ਪੰਥ ਨਾਲ ਗੱਦਾਰੀ ਤਾਂ ਨਹੀਂ ਕੀਤੀ? ਜਾਂ ਅਨਜਾਣਪੁਣੇ ਵਿੱਚ ਹੀ ਗਲਤ ਫੈਸਲਾ ਲੈ ਲਿਆ? ਸਾਰੇ ਪਹਿਲੂਆਂ ਤੇ ਗਹਿਰਾਈ ਨਾਲ ਵਿਚਾਰ ਕਰਨ ਤੋਂ ਬਾਅਦ, ਭਾਈ ਜੱਸਾ ਸਿੰਘ ਆਹਲੂਵਾਲੀਆ ਨੂੰ ‘ਦੋਸ਼-ਮੁਕਤ’ ਮੰਨ ਲਿਆ ਗਿਆ।
ਸੰਨ 1984 ਦੇ ਘੱਲੂਘਾਰੇ ਦਾ ਜ਼ਿੰਮੇਵਾਰ ਕੌਣ ਸੀ? ਦਰਬਾਰ ਸਾਹਿਬ ਵਿੱਚ ਮੋਰਚੇ ਕਿਉਂ ਬਣਾਏ ਗਏ? ਪਰਕਰਮਾ ਵਿੱਚ ਤਸੀਹੇ ਕੇਂਦਰ ਕਿਉਂ ਬਣਨ ਦਿੱਤੇ ਗਏ? ਅੰਦਰਲੇ ਗਟਰਾਂ ਵਿੱਚੋਂ ਲਾਸ਼ਾ ਕਿਉਂ ਨਿਕਲੀਆਂ? ਪਰਕਰਮਾ ਵਿੱਚ ਗੰਦੀ ਦੇ ਡਰੰਮ ਭਰ ਕੇ ਕਿਸਨੇ ਰੱਖੇ? ਏ.ਕੇ. 47 ਆਦਿ ਆਟੋਮੈਟਿਕ ਰਾਈਫਲਾਂ ਦੀ ਨੁਮਾਇਸ਼ ਅੰਦਰ ਕਿਉਂ ਹੁੰਦੀ ਸੀ? ਗੁਰਚਰਨ ਸਿੰਘ ਸਕੱਤਰ ਤੇ ਸੁਰਿੰਦਰ ਸਿੰਘ ਸੋਢੀ ਦੇ ਕਤਲ, ਦਰਬਾਰ ਸਾਹਿਬ ਕੰਪਲੈਕਸ ਅੰਦਰ ਦਿਨ-ਦਹਾੜੇ ਹੋਏ, ਕਿਉਂ? ਡੀ.ਆਈ.ਜੀ. ਅਟਵਾਲ ਦਾ ਕਤਲ ਘੰਟਾਘਰ ਦੇ ਸਾਹਮਣੇ ਕੀਤਾ ਗਿਆ। ਕਾਤਲ ਵਾਪਸ ਪਰਕਰਮਾ ਵਿੱਚ ਜਾ ਛੁਪੇ, ਕਿਉਂ? ਇਹ ਸਭ ਕਿਉਂ ਵਾਪਰਿਆ? ਹਥਿਆਰਬੰਦ ਜੰਗ ਲੜਨ ਲਈ ਦਰਬਾਰ ਸਾਿਹਬ ਦੀ ਵਰਤੋਂ ਕਿਉਂ ਕੀਤੀ ਗਈ? ਇਸ ਸਭ ਦੇ ਜ਼ਿੰਮੇਵਾਰ ਸ਼੍ਰੋਮਣੀ ਕਮੇਟੀ ਵਾਲੇ ਸਨ ਜਾਂ ਭਾਈ ਜਰਨੈਲ ਸਿੰਘ ਤੇ ਸਾਥੀ ਸਨ...?
ਦਰਬਾਰ ਸਾਹਿਬ ’ਤੇ ਮਾਰੂ ਹਮਲਾ ਹੋ ਜਾਣ ਤੋਂ ਬਾਅਦ ਖਾੜਕੂ ਬਾਹਰ ਚਲੇ ਗਏ, ਗੁਰੀਲਾ ਜੰਗ ਜਾਰੀ ਹੋ ਗਈ। ਕੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਤੋਂ ਬਾਅਦ ਵੀ ਖਾੜਕੂ ਗਰੁੱਪਾਂ ਨੂੰ ਸਮਝ ਨਹੀਂ ਆਈ ਸੀ ਕਿ ਭਾਰਤੀ ਫੌਜ ਅੱਗੇ ਸਾਡੀ ਤਾਕਤ ਨਿਗੂਣੀ ਹੈ? ਸਰਕਾਰ ਦੀ ਬੇਰਹਿਮੀ ਬਾਰੇ ਭੀ ਕੋਈ ਸ਼ੱਕ ਨਹੀਂ ਰਹਿ ਗਿਆ ਸੀ। ਸਿੱਖਾਂ ਦੀ ਨਸਲਕੁਸ਼ੀ ਵਾਲੇ ਨਿੱਤ ਨਵੇਂ ਕਾਨੂੰਨ ਪੰਜਾਬ ਵਿੱਚ ਲਾਗੂ ਕੀਤੇ ਜਾ ਰਹੇ ਸਨ। ਉਹ ਕਿਹੜੀ ਤਾਕਤ ਸੀ, ਜੋ ਸਿੱਖ ਗਭਰੂਆਂ ਨੂੰ ਹਥਿਆਰ ਚੁੱਕਣ ਲਈ ਉਕਸਾ ਰਹੀ ਸੀ? ਸਿੱਖੀ ਪਿਆਰ ਵਿੱਚ ਗੜੁੱਚ ਅਲੱਹੜ ਨੌਜੁਆਨਾਂ ਨੂੰ ਮੜੀਆਂ ਦੇ ਰਾਹ ਤੋਰਨ ਵਾਲੇ ਬਹੁਤੇ ‘ਖਾੜਕੂ ਮੁਖੀ’ ਅੱਜ ਵੀ ਪਰਵਾਰਾਂ ਸਮੇਤ ਜੀਵਨ ਦੀਆਂ ਸਾਰੀਆਂ ਖੁਸ਼ੀਆਂ ਮਾਣ ਰਹੇ ਹਨ। ਬਹੁਤ ਸਾਰੇ ਅਖੌਤੀ ਖਾੜਕੂ, ਪੁਲਿਸ ਅਫ਼ਸਰਾਂ ਦੇ ਪਾਲਤੂ .... ਸਨ। ਕਈ ਸਾਰੇ ‘ਖਾੜਕੂ’ ਕਾਂਗਰਸੀ ਲੀਡਰਾਂ ਦੇ ਇਸ਼ਾਰਿਆਂ ’ਤੇ ਨੱਚ ਰਹੇ ਸਨ ਤੇ ਕਈ ਅਕਾਲੀ ਲੀਡਰਾਂ ਦੇ ਪਿਛਲੱਗ ਬਣੇ ਹੋਏ ਸਨ। ਉਸ ਤੋਂ ਮਗਰੋਂ ਬਹੁਤ ਸਾਰੇ ਨੇਕ ਗਭਰੂ ਮਾਰ ਕੇ ਖਪਾ ਦਿੱਤੇ ਗਏ। ਬਹੁਤ ਸਾਰੇ ‘ਸਰਕਾਰੀ ਬਿੱਲੀਆਂ’ (ਕੈਟ) ਬਣ ਗਏ।
ਇਸ ਬੇਰਹਿਮ ਮਨੁੱਖੀ ਘਾਣ ਦੀ ਪੜਤਾਲ ਨਾ ਕਾਂਗਰਸ ਸਰਕਾਰ ਨੇ ਕਰਵਾਈ; ਨਾ ਅਕਾਲੀ ਸਰਕਾਰ ਨੇ ਕਰਵਾਈ ਤੇ ਨਾ ਸ਼੍ਰੋਮਣੀ ਕਮੇਟੀ ਨੇ ਪੜਤਾਲ ਕਰਵਾਈ। ਸੀਮਤ ਜਿਹੇ ਸਾਧਨਾਂ ਨਾਲ ਮਨੁੱਖੀ ਅਧਿਕਾਰ ਜੱਥੇਬੰਦੀਆਂ ਨੇ ਸੱਚ ਦਾ ਕੁਝ ਹਿੱਸਾ ਸਾਹਮਣੇ ਲਿਆਂਦਾ। ਪੂਰਾ ਸੱਚ ਬਾਹਰ ਆਉਣਾ ਹਾਲਾਂ ਬਾਕੀ ਹੈ। ਸ੍ਰ: ਜਸਵੰਤ ਸਿੰਘ ਖਾਲੜਾ ਨੇ ਸ਼ਲਾਘਾਯੋਗ ਕੰਮ ਕੀਤਾ, ਭਾਵੇਂ ਉਸਨੂੰ ਆਪਣੀ ਜਾਨ ਭੀ ਵਾਰਨੀ ਪੈ ਗਈ। ਜਸਟਿਸ ਕੁਲਦੀਪ ਸਿੰਘ ਨੇ ‘ਪੀਪਲਜ਼ ਕਮਿਸ਼ਨ’ ਬਣਾ ਕੇ ਪੜਤਾਲ ਅਰੰਭ ਕੀਤੀ ਤਾਂ ਪਿਛਲੇ ਸਮੇਂ (1997 ਤੋਂ 2002 ਤੱਕ) ਦੀ ਬਾਦਲ ਅਕਾਲੀ ਸਰਕਾਰ ਨੇ ਪੜਤਾਲ ’ਤੇ ਰੋਕ ਲਗਾ ਦਿੱਤੀ।
ਪਰ ਪਿਛਲੇ ਸਮੇਂ ਵਿੱਚ ਹੋ ਚੁੱਕੀਆਂ ਗਲਤੀਆਂ ਤੋਂ ਸਬਕ ਸਿੱਖਣਾ ਬਣਦਾ ਹੈ। ਜੋ ਵਿਅਕਤੀ ਜਾਂ ਗਰੁੱਪ ਸਿੱਖਾਂ ਦੇ ਨਸਲਘਾਤ ਲਈ (ਘੱਟ ਜਾਂ ਵੱਧ) ਜ਼ਿੰਮੇਵਾਰ ਹਨ, ਉਹ ਖੁੱਲੇਆਮ ਸਿੱਖ ਅਵਾਮ ਤੋਂ ਮੁਆਫੀ ਮੰਗਣ ਵਿੱਚ ਦੇਰੀ ਨਾ ਕਰਨ। ਪੰਥ ਦੇ ਮੁਖੀ ਸੱਜਣ, ਸੋਚ-ਵਿਚਾਰ ਕੇ ਨਿਰਣਾ ਕਰਨ ਕਿ ਕਿਸ ਸ਼ਖਸ ਦੀ ਗਲਤੀ ਮੁਆਫੀ ਯੋਗ ਹੈ ਤੇ ਕਿਸ ਦੀ ਨਾ-ਕਾਬਿਲੇ-ਬਰਦਾਸ਼ਤ ਹੈ। ਰਾਜਨੀਤਕ ਖੇਤਰ ਵਿੱਚ ਅੱਗੋਂ ਕਿਸ ਨੂੰ ਕੰਮ ਕਰਨਾ ਚਾਹੀਦਾ ਹੈ ਤੇ ਕਿਸਨੂੰ ਮੁਆਫੀ ਮੰਗ ਕੇ ਘਰ ਬੈਠ ਕੇ ਪਸ਼ਚਾਤਾਪ ਕਰਨਾ ਚਾਹੀਦਾ ਹੈ। ਖਾੜਕੂਵਾਦ ਦੇ ਸਮੇਂ ਵਿੱਚ ਜੋ ਦੁਖਦਾਈ ਘਟਨਾਵਾਂ ਵਾਪਰੀਆਂ, ਉਨ੍ਹਾਂ ਵਿੱਚ ਕਿਸ ਵਿਅਕਤੀ ਦੀ ਕੀ ਭੂਮਿਕਾ ਸੀ, ਇਸ ਦੀ ਪੜਤਾਲ ਲਈ ਇਕ ਕਮਿਸ਼ਨ ਬਣਾਇਆ ਜਾਵੇ, ਜੋ ਨਿਸ਼ਚਿਤ ਸਮੇਂ ਅੰਦਰ ਤੱਥਾਂ ’ਤੇ ਅਧਾਰਿਤ ਇਕ ਰਿਪੋਰਟ ਖ਼ਾਲਸਾ ਪੰਥ ਅੱਗੇ ਪੇਸ਼ ਕਰੇ। ਉਸ ਰਿਪੋਰਟ ਦੇ ਚਾਨਣ ਵਿੱਚ ਅੱਗੋਂ ਸਿੱਖਾਂ ਲਈ ਰਾਜਸੀ ਰਾਹ ਅਖ਼ਤਿਆਰ ਕੀਤਾ ਜਾਵੇ।
ਲੇਖਕ ਨੇ ਬਹੁਤ ਸਾਰੇ ਰਾਜਸੀ ਲੀਡਰਾਂ ਨੂੰ, ਬਹੁਤ ਸਾਰੇ ਧਾਰਮਕ ਮੁਖੀਆਂ ਨੂੰ ਅਤੇ ਬਹੁਤ ਸਾਰੇ ਵਿਦਵਾਨ ਪੁਰਸ਼ਾਂ ਨੂੰ ਹਰ ਵਾਰ ਮੌਕਾ ਮਿਲਣ ’ਤੇ ਬੇਨਤੀ ਕੀਤੀ ਹੈ ਕਿ ਆਪਣੀ ਜ਼ਿੰਦਗੀ ਦੇ ਤਜ਼ਰਬੇ ਵਿੱਚੋਂ ਸੱਚ ਪੰਥ ਅੱਗੇ ਰੱਖੇ। ਜਿਨ੍ਹਾਂ ਸਿੱਖੀ ਸਰੂਪ ਵਾਲਿਆਂ, ਪੰਥ ਨੂੰ ਬਰਬਾਦ ਕਰਨ ਵਿੱਚ ਜਿਹੋ ਜਿਹਾ ਹਿੱਸਾ ਪਾਇਆ, ਉਹ ਜ਼ਰੂਰ ਬਿਆਨ ਕਰੋ। ਸਾਜਸ਼ਾਂ, ਗੱਦਾਰੀਆਂ ਅਤੇ ਵਫਾਦਾਰੀਆਂ ਦੀ ਲੰਮੀਂ ਦਾਸਤਾਨ ਸੀਨੇ ਵਿੱਚ ਛੁਪਾ ਕੇ ਬਹੁਤ ਸਾਰੇ ਲੋਕ ਇਥੋਂ ਵਿਦਾ ਹੋ ਗਏ ਸਨ। ਅਸੀਂ ਸਾਰਿਆਂ ਨੇ ਵਾਰੀ ਆਉਣ ’ਤੇ ਚਲੇ ਜਾਣਾ ਹੈ। ਜੇ ਆਪਣੀ ਕੌਮ ਪ੍ਰਤੀ ਰਤਾ-ਮਾਸਾ ਵਫਾਦਾਰੀ ਹੈ; ਜੇ ਅੰਦਰ ਜ਼ਮੀਰ ਨਾਮ ਦੀ ਕੋਈ ਚੀਜ਼ ਹੈ; ਜੇ ਸਿੱਖੀ ਦਾ ਕੋਈ ਅੰਸ਼ ਅੰਦਰ ਬਾਕੀ ਹੈ; ਜੇ ਗੁਰਬਾਣੀ ਦੇ ਸੱਚ ਨੂੰ ਦਿਲੋਂ ਮੰਨਿਆ ਹੈ - ਤਾਂ ਅੱਜ ਹੀ ‘ਸੱਚ’ ਪ੍ਰਗਟ ਕਰਨ ਵਾਸਤੇ ਹਿੰਮਤ ਪੈਦਾ ਕਰਨੀ ਪਵੇਗੀ। ਜੇ ਆਪਣੀ ਕੌਮ ਨੂੰ ਬਚਾਉਣਾ ਹੈ, ਤਾਂ ਝੂਠ ਤਿਆਗ ਕੇ ਸੱਚ ਧਾਰਨ ਕਰਨਾ ਪਵੇਗਾ।
ਗੁਰਬਾਣੀ ਵਿੱਚੋਂ ਕੇਵਲ ਇਕ ਸ਼ਬਦ ਦੇ ਦਰਸ਼ਨ ਕਰੋ ਕਿ ਸੱਚ ਦੀ ਕਿੰਨੀ ਅਹਿਮੀਅਤ ਹੈ :
ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ।।
ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ।।...
ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ।।
ਨਾਨਕ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ।।
(ਪੰਨਾ 468)