Subscription About Us Contact Us


ਖ਼ਬਰਾਂ ਦੇ ਆਰ-ਪਾਰ

- ਇੰਡੀਆ ਅਵੇਅਰਨੈੱਸ ਬਿਉਰੋ -

ਕੈਪਟਨ ਅਮਰਿੰਦਰ ਸਿੰਘ ਚੋਣ ਮੁਹਿੰਮ ਕਮੇਟੀ ਦੇ ਚੇਅਰਮੈਨ

ਕਾਂਗਰਸ ਹਾਈ ਕਮਾਂਡ ਨੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਪੰਜਾਬ ਵਿਚਲੀ ਚੋਣ ਮੁਹਿੰਮ ਕਮੇਟੀ ਦਾ ਚੇਅਰਮੈਨ ਕੈਪਟਨ ਅਮਰਿੰਦਰ ਸਿੰਘ ਨੂੰ ਬਣਾ ਦਿੱਤਾ ਹੈ। ਇਸ ਕਾਰਵਾਈ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਕਾਂਗਰਸੀ ਆਗੂ ਚੰਗੀ ਤਰ੍ਹਾਂ ਜਾਣਦੇ ਹਨ ਕਿ ਪੰਜਾਬ ਦੇ ਲੋਕਾਂ ਦਾ ਸਮਰਥਨ ਪ੍ਰਾਪਤ ਕਰਨ ਵਿੱਚ ਰਜਿੰਦਰ ਕੌਰ ਭੱਠਲ ਨਾਲੋਂ ਕੈਪਟਨ ਅਮਰਿੰਦਰ ਸਿੰਘ ਇਕ ਵਧੇਰੇ ਸਫ਼ਲ ਆਗੂ ਸਾਬਿਤ ਹੋ ਸਕਦਾ ਹੈ। ਪਰ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਦੀ ਸਿੱਖ ਮਸਲਿਆਂ ਨੂੰ ਚੁੱਕਣ ਵਾਲੇ ਸੰਗਠਨਾਂ/ਆਗੂਆਂ ਨਾਲ ਹੋਈ ਨੇੜਤਾ ਉਨ੍ਹਾਂ ਨੂੰ ਰਾਸ ਨਹੀਂ ਸੀ ਆਈ ਅਤੇ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਦੌਰਾਨ ਜਾਣਦਿਆਂ-ਬੁਝਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਭ ਪਹੁੰਚਾ ਸਕਣ ਵਾਲੀ ਕਾਰਵਾਈਆਂ ਤੋਂ ਸੰਕੋਚ ਕਰ ਲਿਆ ਸੀ। ਹੁਣ ਕੈਪਟਨ ਦੇ ਚੋਣ ਮੁਹਿੰਮ ਕਮੇਟੀ ਦੇ ਚੇਅਰਮੈਨ ਬਣਨ ਨਾਲ ਭਾਵੇਂ ਅਮਰਿੰਦਰ ਸਿੰਘ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਭਾਵਨਾ ਪੈਦਾ ਹੋਈ ਹੋਵੇ, ਪਰ ਇਹ ਖੁਸ਼ੀ ਜ਼ਿਆਦਾ ਚਿਰ ਕਾਇਮ ਨਹੀਂ ਰਹਿ ਸਕਦੀ ਕਿਉਂਕਿ ਚੋਣਾਂ ਵਿੱਚ ਆਪਣਾ ਉੱਲੂ ਸਿੱਧਾ ਕਰਨ ਤੋਂ ਬਾਅਦ ਕਾਂਗਰਸੀਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾਂ ਵਾਂਗ ਹੀ ਖੁੱਡੇ ਲਾਈਨ ਲਗਾ ਦੇਣਾ ਹੈ।

ਸੌਦਾ ਸਾਧ ਦੀ ਚੜ੍ਹਤ, ਸਿੱਖਾਂ ਵਿੱਚ ਨਮੋਸ਼ੀ

ਗੱਦਾਰ ਲੀਡਰਾਂ ਦੀ ਨਲਾਇਕੀ ਅਤੇ ਸਮੂਹਕ ਤੌਰ ’ਤੇ ਦੂਰ-ਅੰਦੇਸ਼ੀ ਦੀ ਸੂਝ ਨਾਲ ਠੋਸ ਯੋਜਨਾਵਾਂ ਉਲੀਕਣ ਵਿੱਚ ਅਸਮਰਥਾ ਕਾਰਨ ਸਿੱਖ ਕੌਮ ਦੇਸ਼ ਅਤੇ ਵਿਦੇਸ਼ਾਂ ਵਿੱਚ ਬਹੁਤ ਸਾਰੇ ਧਾਰਮਕ-ਸਿਆਸੀ ਮੋਰਚਿਆਂ ’ਤੇ ਹਾਰ ਦਾ ਸਾਹਮਣਾ ਹੀ ਕਰਦੀ ਆ ਰਹੀ ਹੈ। ਡੇਰਾ ਸਿਰਸਾ ਨਾਲ ਚੱਲ ਰਹੇ ਸੰਘਰਸ਼ ਦੌਰਾਨ ਸਿੱਖਾਂ ਦਾ ਪੱਖ ਨਿਤ ਦਿਨ ਕਮਜ਼ੋਰ ਹੁੰਦੇ ਜਾਣ ਦੀ ਸਥਿਤੀ ਵੀ ਯਕੀਨਨ ਇਸੇ ਕਮੀ ਦਾ ਹੀ ਨਤੀਜਾ ਹੈ। ਸਿਰਸੇ ਵਾਲੇ ਅਖੌਤੀ ਸਾਧ ਨਾਲ ਟਕਰਾਅ ਦੌਰਾਨ ਨਾ ਸਿਰਫ਼ ਤਿੰਨ ਸਿੱਖ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਬਲਕਿ ਸੈਂਕੜੇ ਸਿੱਖ ਫੱਟੜ ਹੋ ਚੁੱਕੇ ਹਨ ਅਤੇ ਨਿਤ ਦਿਨ ਹੁੰਦੀਆਂ ਹੜਤਾਲਾਂ/ਧਰਨਿਆਂ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਸਿੱਖਾਂ ਵੱਲੋਂ ਅਜਿਹੇ ਸੰਘਰਸ਼ ਦੌਰਾਨ ਨੰਗੀਆਂ ਕਿਰਪਾਨ ਲਹਿਰਾਉਣ ਨਾਲ, ਬਿਨਾਂ ਕੁਝ ਕੀਤਿਆਂ ਹੀ ਉਨ੍ਹਾਂ ਦਾ ਅਕਸ ਵੀ ਖਰਾਬ ਹੁੰਦਾ ਹੈ। ਇਹੀ ਨਹੀਂ, ਸਿੱਖਾਂ ਦੀ ਦਿਸ਼ਾਹੀਨ ਪਰ ਜਜ਼ਬਾਤੀ ਸੰਘਰਸ਼ ਕਾਰਨ, ਸੌਦਾ ਸਾਧ ਨੂੰ ਨੁਕਸਾਨ ਨਹੀਂ ਬਲਕਿ ਲਾਭ ਹੀ ਹੋ ਰਿਹਾ ਹੈ। ਜਿਹੜਾ ਸੌਦਾ ਸਾਧ ਸੀ.ਬੀ.ਆਈ. ਜਾਂਚ ਦੇ ਘੇਰੇ ਵਿੱਚ ਆ ਕੇ ਸਜ਼ਾ ਪ੍ਰਾਪਤੀ ਦੇ ਬਿਲਕੁਲ ਨੇੜੇ ਪਹੁੰਚ ਗਿਆ ਸੀ, ਉਹ ਸਿੱਖਾਂ ਨੂੰ ਉਕਸਾ ਅਤੇ ਫਿਰ ਆਪਣੇ ਚੇਲਿਆਂ ਤੇ ਗੱਦਾਰ ਸਿੱਖ ਲੀਡਰਾਂ ਦੀ ਮਦਦ ਨਾਲ ਬਾਰ-ਬਾਰ ਸਿੱਖਾਂ ਦਾ ਅਪਮਾਨ ਕਰਵਾ ਕੇ ਇਕ ‘ਹੀਰੋ’ ਦੇ ਰੂਪ ਵਿੱਚ ਉਭਰਿਆ ਅਤੇ ਸਿੱਖ-ਵਿਰੋਧੀ ਮਾਨਸਿਕਤਾ ਨਾਲ ਤੂੜੀਆਂ ਹੋਈਆਂ ਸਰਕਾਰਾਂ ਅਤੇ ਪ੍ਰਸ਼ਾਸਨ ਦੀ ਸਰਗਰਮ ਮਦਦ ਲੈਣ ਵਿੱਚ ਕਾਮਯਾਬ ਹੋ ਗਿਆ।

ਹੁਣ ਹਾਲਾਤ ਇਹ ਹੋ ਗਏ ਹਨ ਕਿ ਸੀ.ਬੀ.ਆਈ. ਵੱਲੋਂ ਡੇਰੇਦਾਰ ਦੀ ਜ਼ਮਾਨਤ ਵਿਰੁੱਧ ਕੋਈ ਅਪੀਲ ਨਹੀਂ ਕੀਤੀ ਜਾ ਰਹੀ। ਇਸੇ ਤਰ੍ਹਾਂ, ਹਰਿਆਣਾ ਸਰਕਾਰ ਨੇ ਹਾਈ ਕੋਰਟ ਕੋਲ ਪਹੁੰਚ ਕਰਕੇ ਦਰਖ਼ਾਸਤ ਕੀਤੀ ਹੈ ਕਿ ਸੌਦਾ ਸਾਧ ਦੇ ਮਾਮਲੇ ਨੂੰ ਅੰਬਾਲੇ ਦੀ ਬਜਾਏ ਸਿਰਸਾ ਵਿੱਚ ਤਬਦੀਲ ਕਰ ਦਿੱਤਾ ਜਾਏ ਅਤੇ ਡੇਰਾ ਮੁਖੀ ਨੂੰ ਵੀ ਆਮ ਸੁਣਵਾਈ ਦੌਰਾਨ ਪੇਸ਼ੀ ਤੋਂ ਛੋਟ ਦਿੱਤੀ ਜਾਵੇ। ਇਸੇ ਤਰ੍ਹਾਂ, ਸਿੱਖਾਂ ਵੱਲੋਂ ਕੋਈ ਹਿੰਸਕ ਪ੍ਰਦਰਸ਼ਨ ਕਰਨ ’ਤੇ ਉਨ੍ਹਾਂ ਨੂੰ ਤਾਂ ਤੁਰੰਤ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਪਰ ਡੇਰੇ ਦੇ ਚੇਲਿਆਂ ਖਿਲਾਫ਼ ਕਾਰਵਾਈ ਕਰਨ ਤੋਂ ਘੇਸਲ ਵੱਟ ਲਈ ਜਾਂਦੀ ਹੈ। ਇਹ ਨੀਤੀ ਸਿਰਫ਼ ਹਰਿਆਣਾ ਦੀ ਕਾਂਗਰਸ ਸਰਕਾਰ ਵੱਲੋਂ ਹੀ ਨਹੀਂ ਬਲਕਿ ਰਾਜਸਥਾਨ ਦੀ ਬੀਜੇਪੀ ਸਰਕਾਰ (ਜੋ ਪੰਜਾਬ ਅਤੇ ਦਿੱਲੀ ਵਿੱਚ ਅਕਾਲੀਆਂ ਦੀ ਭਾਈਵਾਲ ਪਾਰਟੀ ਹੈ) ਵੱਲੋਂ ਵੀ ਅਪਣਾਈ ਜਾ ਰਹੀ ਹੈ। ਯਾਨੀ ਸਿੱਖਾਂ ਦਾ ਘਾਣ ਕਰਨ ਵਿੱਚ ਕੋਈ ਵੀ ਸਿਆਸੀ ਪਾਰਟੀ ਘੱਟ ਨਹੀਂ। ਅਜਿਹੇ ਵਿੱਚ ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਸੌਦਾ ਸਾਧ ਨਾਲ ਸਬੰਧਿਤ ਸੰਘਰਸ਼ ਦੀਆਂ ਨੀਤੀਆਂ ਵਿੱਚ ਤੁਰੰਤ ਅਜਿਹੀ ਸਾਰਥਕ ਤਬਦੀਲੀ ਕਰਨ, ਜਿਸ ਨਾਲ ਉਨ੍ਹਾਂ ਦਾ ਜਾਨੀ ਤੇ ਮਾਲੀ ਨੁਕਸਾਨ ਬੰਦ ਹੋ ਸਕੇ। ਗੁਰੂ ਗ੍ਰੰਥ ਸਾਹਿਬ ਦੀ ਗੁਰਤਾਗੱਦੀ ਸ਼ਤਾਬਦੀ ਮੌਕੇ ਗੁਰਬਾਣੀ ਦੇ ਸਿਧਾਂਤਾਂ ਦਾ ਸਾਰੇ ਭਾਰਤ ਵਿੱਚ ਪ੍ਰਚਾਰ ਕਰਨ ਲਈ, ਜੇਕਰ ਕੁਝ ਸਮੇਂ ਵਾਸਤੇ ਇਸ ਮੁਹਿੰਮ ਨੂੰ ਮੁਅੱਤਲ ਵੀ ਕਰ ਦਿੱਤਾ ਜਾਏ, ਤਾਂ ਇਸ ਵਿੱਚ ਕੋਈ ਹਰਜ਼ ਨਹੀਂ ਹੋਏਗਾ।

ਨੈਣਾ ਦੇਵੀ ਮੰਦਰ ’ਚ ਮੌਤਾਂ

ਹਿਮਾਚਲ ਪ੍ਰਦੇਸ਼ ਦੇ ਨੈਣਾ ਦੇਵੀ ਮੰਦਰ ’ਚ ਮਚੀ ਭਗਦੜ ਕਾਰਨ ਲਗਭਗ 150 ਲੋਕਾਂ ਦੀ ਮੌਤ ਹੋ ਗਈ ਅਤੇ ਇਸ ਤੋਂ ਕਈ ਗੁਣਾ ਵੱਧ ਲੋਕ ਫੱਟੜ ਹੋ ਗਏ। ਇਹ ਭਗਦੜ ਉਸ ਸਮੇਂ ਮਚੀ ਜਦ ਪਹਾੜੀ ਟੁੱਟਣ ਦੀ ਅਫਵਾਹ ਤੋਂ ਉਪਜੀ ਅਫਰਾ-ਤਫਰੀ ਕਾਰਨ, ਮੰਦਰ ਨੂੰ ਜਾਂਦੇ ਬੜੇ ਭੀੜੇ ਜਿਹੇ ਰਾਹ ਦੀ ਰੇਲਿੰਗ ਟੁੱਟ ਗਈ। ਹਰ ਧਰਮ ਅਸਥਾਨ ਦੇ ਪ੍ਰਬੰਧਕਾਂ ਦਾ ਫਰਜ਼ ਹੁੰਦਾ ਹੈ ਕਿ ਉਹ ਉੱਥੇ ਆਉਣ ਵਾਲੇ ਲੋਕਾਂ ਦੀ ਸਹੂਲੀਅਤ ਅਤੇ ਸੁਰੱਖਿਆ ਲਈ ਪੁਖ਼ਤਾ ਇੰਤਜ਼ਾਮ ਕਰਨ। ਪਰ ਵੇਖਣ ਵਿੱਚ ਆਇਆ ਹੈ ਕਿ ਹਿੰਦੂ ਧਰਮ ਨਾਲ ਸਬੰਧਿਤ ਅਸਥਾਨਾਂ ਦੇ ਪੁਜਾਰੀ/ਪ੍ਰਬੰਧਕ, ਸ਼ਰਧਾਲੂਆਂ ਦੇ ਚੜ੍ਹਾਵੇ ਨਾਲ ਹੋਣ ਵਾਲੀ ਮੋਟੀ ਆਮਦਨੀ ਨੂੰ ਤਾਂ ਆਪਣੀਆਂ ਜੇਬਾਂ ਵਿੱਚ ਪਾ ਲੈਂਦੇ ਹਨ ਪਰ ਮੰਦਰ ਵਿੱਚ ਆਉਣ ਵਾਲੇ ਯਾਤਰੀਆਂ ਨੂੰ ਸਹੂਲਤਾਂ/ਸੁਰੱਖਿਆ ਦੇਣ ਲਈ ਕੋਈ ਪ੍ਰਬੰਧ ਨਹੀਂ ਕਰਦੇ। ਬਨਾਰਸ ਹੋਵੇ ਜਾਂ ਹਰਿਦੁਆ, ਕੁਰੂਕਸ਼ੇਤਰ ਹੋਵੇ ਜਾਂ ਵੈਸ਼ਨੋ ਦੇਵੀ ਹੋਵੇ, ਹਿੰਦੂਆਂ ਦੇ ਲਗਭਗ ਹਰ ਤੀਰਥ-ਅਸਥਾਨ ਤੇ ਯਾਤਰੀਆਂ ਨੂੰ ਸਹੂਲਤਾ ਦੇਣ ਦਾ ਖਰਚਾ ਕੇਂਦਰ/ਰਾਜ ਸਰਕਾਰਾਂ ਵੱਲੋਂ ਹੀ ਕੀਤਾ ਜਾਂਦਾ ਹੈ। ਹੁਣ ਕਸ਼ਮੀਰ ਵਿੱਚ ਅਮਰਨਾਥ ਦੀ ਗੁਫਾ ਦੀ ਯਾਤਰਾ ’ਤੇ ਜਾਣ ਵਾਲੇ ਯਾਤਰੀਆਂ ਦੀ ਸੁਵਿਧਾ ਲਈ ਵੀ ਸਰਕਾਰੀ ਜ਼ਮੀਨ ਦੀ ਵਰਤੋਂ ਕੀਤੇ ਜਾਣ ਦਾ ਨਿਰਣਾ ਲਿਆ ਗਿਆ ਸੀ, ਜਿਸਨੂੰ ਲੈ ਕੇ ਵਾਦੀ ਵਿੱਚ ਹਾਲਾਂ ਤੱਕ ਵੱਖ-ਵੱਖ ਆਂਦੋਲਨ ਚੱਲ ਰਹੇ ਹਨ। ਇਸਲਈ ਹਿੰਦੂ ਸ਼ਰਧਾਲੂਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਤੀਰਥ ਅਸਥਾਨਾਂ ਦੀ ਸੰਭਾਲ ਵਾਸਤੇ ਸਰਕਾਰਾਂ ’ਤੇ ਨਿਰਭਰ ਹੋਣ ਦੀ ਬਜਾਏ, ਮੋਟੀਆਂ ਗੋਗੜਾਂ ਵਾਲੇ ਪੁਜਾਰੀਆਂ ਤੋਂ ਮੰਗ ਕਰਨ ਕਿ ਮੰਦਰਾਂ ਨੂੰ ਹੁਦੀਆਂ ਆਮਦਨਾਂ ਦਾ ਇਕ ਨਿਸ਼ਚਿਤ ਹਿੱਸਾ ਉਨ੍ਹਾਂ (ਸ਼ਰਧਾਲੂਆਂ) ਦੀਆਂ ਸਹੂਲਤਾਂ ਵਾਸਤੇ ਵਰਤਿਆ ਜਾਵੇ। ਨਹੀਂ ਤਾਂ, ਪੁਜਾਰੀ ਵਰਗ ਲੋਕਾਂ ਦਾ ਪੈਸਾ ਹਜ਼ਮ ਕਰਦਾ ਰਹੇਗਾ ਅਤੇ ਸਰਕਾਰਾਂ, ਟੈਕਸ ਅਦਾ ਕਰਨ ਵਾਲੇ ਲੋਕਾਂ ਦੀ ਮਿਹਨਤ ਦਾ ਪੈਸਾ ਮੰਦਰਾਂ ਵਿੱਚ ਯਾਤਰੀਆਂ ਲਈ ਲੋੜੀਂਦਾ ਢਾਂਚਾ ਵਿਕਸਿਤ ਕਰਨ ਵਿੱਚ ਹੀ ਖ਼ਰਚ ਕਰਦੀਆਂ ਰਹਿਣਗੀਆਂ।

ਬਾਦਲ ਦਲ ਦਾ ਮਾਡਰਨ ‘ਸਰੂਪ’

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਆਪਣੀ ਪਾਰਟੀ ਨੂੰ ਸ਼ਹੀਦਾਂ ਦੀ ਜੱਥੇਬੰਦੀ ਜਾਂ ਪੰਥਕ ਜੱਥੇਬੰਦੀ ਦਾ ਦਰਜਾ ਦੇਣ ਤੋਂ ਸੰਕੋਚ ਨਹੀਂ ਕਰਦੇ। ਅਜਿਹੇ ਜਜ਼ਬਾਤੀ ਵਿਸ਼ੇਸ਼ਣਾਂ ਦੀ ਵਰਤੋਂ ਕਰਕੇ ਹੀ ਬਾਦਲ ਦਲ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਬਹੁਮਤ ਹਾਸਲ ਕੀਤਾ ਜਾਂਦਾ ਰਿਹਾ ਹੈ। ਪਰ 1996 ਵਿੱਚ ਹੋਈ ‘ਮੋਗਾ ਕਾਨਫਰੰਸ’ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਨੂੰ ਸਿੱਖਾਂ ਦੀ ਪਾਰਟੀ ਦੀ ਬਜਾਏ ‘ਧਰਮ-ਨਿਰਪੱਖ’ ਪਾਰਟੀ ਐਲਾਨ ਦਿੱਤਾ ਸੀ, ਜਿਸ ਵਿੱਚ ਹਿੰਦੂ, ਮੁਸਲਿਮ, ਇਸਾਈ ਅਤੇ ਹੋਰ ਸਾਰੇ ਵਰਗ ਵੀ ਸ਼ਾਮਲ ਹੋ ਸਕਦੇ ਹਨ। ਸਿਆਸੀ ਚੋਣਾਂ ਲੜਨ ਲਈ ਹਰ ਧਿਰ ਨੂੰ ਨਾਲ ਲੈਣਾ ਸ਼ਾਇਦ ਸਮੇਂ ਦੀ ਮਜਬੂਰੀ ਬਣ ਗਿਆ ਹੋਵੇ ਪਰ ਸ਼੍ਰੋਮਣੀ ਕਮੇਟੀ ’ਤੇ ਕਾਬਿਜ਼ ਹੋਣ ਦੇ ਨਾਤੇ, ਬਾਦਲ ਦਲ ਨੂੰ ਇਹ ਚਾਹੀਦਾ ਹੈ ਕਿ ਉਹ ਘੱਟੋ-ਘੱਟ ਜਨਤੱਕ ਤੌਰ ’ਤੇ ਆਪਣੀ ਪਾਰਟੀ ਨੂੰ ਸਿੱਖ ਪਾਰਟੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰਨ। ਪਰ ਪਿਛਲੇ ਦਿਨੀਂ ਦਿੱਲੀ ਵਿੱਚ ਅਕਾਲੀ ਦਲ ਵੱਲੋਂ ਕਰਵਾਈ ਗਈ ‘ਅਕਾਲੀ ਪੰਜਾਬ ਕਾਨਫਰੰਸ’ ਵਿੱਚ ਜਿਸ ਕਿਸਮ ਦੇ ਲੋਕਾਂ (ਕਲੀਨ-ਸ਼ੇਵਨ ਵਿਅਕਤੀਆਂ ਨੂੰ ਕੇਸਰੀ ਪਟਕੇ ਪੁਆ ਕੇ) ਨੂੰ ਬਾਦਲ ਦਲ ਨੇ ਆਪਣੇ ‘ਵਰਕਰਾਂ’ ਵਜੋਂ ਪੇਸ਼ ਕੀਤਾ, ਉਸ ਨਾਲ ਦਿੱਲੀ ਦੇ ਸਿੱਖਾਂ ਵਿੱਚ ਇਸ ਪਾਰਟੀ ਦੀ ਸਾਖ ਧੁੰਧਲੀ ਹੀ ਹੋਈ ਹੋਵੇਗੀ, ਬਿਹਤਰ ਨਹੀਂ। ਚੰਗਾ ਹੋਵੇਗਾ ਜੇਕਰ ਬਾਦਲ ਦਲ ਦੇ ਆਗੂ ਆਪਣੀਆਂ ਨੀਤੀਆਂ ਵਿੱਚ ਸੁਧਾਰ ਲਿਆਉਣ ਅਤੇ ਗੈਰ-ਸਿੱਖਾਂ ਦੀ ਚਾਪਲੂਸੀ ਕਰਨ ਦੀ ਬਜਾਏ, ਸਿੱਖਾਂ ਦੇ ਹਰ ਵਰਗ ਦਾ ਸਮਰਥਨ ਪ੍ਰਾਪਤ ਕਰਨ ਲਈ ਜਤਨਸ਼ੀਲ ਹੋਵਣ।

ਕੀ ਸਿੱਖ ਹੁੱਕਾ ਪੀਂਦੇ ਹਨ?

ਸਿੱਖ ਸੰਗਠਨਾਂ ਅਤੇ ਅਕਾਲੀ ਦਲਾਂ ਵੱਲੋਂ ਸਿੱਖ ਪੰਥ ਦੇ ਠੇਕੇਦਾਰ ਹੋਣ ਜਿਹਾ ਪ੍ਰਭਾਵ ਅਕਸਰ ਦਿੱਤਾ ਜਾਂਦਾ ਹੈ ਪਰ ਜਦ ਕਿਸੇ ਮੁੱਦੇ ’ਤੇ ਸਚਮੁੱਚ ਇਨ੍ਹਾਂ ਸੰਗਠਨਾਂ ਵੱਲੋਂ ਵਿਰੋਧ ਦੀ ਲੋੜ ਹੁੰਦੀ ਹੈ, ਤਾਂ ਸਾਰੇ ਸੰਗਠਨਾਂ ਨੂੰ ਜਿਵੇਂ ਸੱਪ ਸੂੰਘ ਜਾਂਦਾ ਹੈ। ਇਸੇ ਤੱਥ ਦੀ ਇਕ ਮਿਸਾਲ ਇੰਡੀਆ ਟੂਡੇ ਦੇ 23 ਜੁਲਾਈ 08 ਨੂੰ ਪ੍ਰਕਾਸ਼ਿਤ ਅੰਕ ਨੂੰ ਦੇਖਣ ਤੋਂ ਮਿਲਦੀ ਹੈ। ਇਸ ਅੰਕ ਵਿੱਚ ਇੰਡੀਆ ਟੂਡੇ ਨੇ ਰਿਪੋਰਟ ਪੇਸ਼ ਕੀਤੀ ਹੈ ਕਿ ਪੰਜਾਬ ਦੇ ਸਿੱਖ ਹੁੱਕਾ ਪੀਣ ਦੇ ਬਹੁਤ ਸ਼ੌਕੀਨ ਹਨ। ਰਸਾਲੇ ਨੇ ਵੱਖ-ਵੱਖ ਸ਼ਹਿਰਾਂ ਵਿੱਚ ਸਥਾਪਿਤ ਹੁੱਕਾ-ਘਰਾਂ ਦੇ ਐਡਰੈਸ ਵੀ ਦਿੱਤੇ ਹਨ। ਪਰ ਹੈਰਾਨੀ ਦੀ ਗੱਲ ਹੈ ਕਿ ਕਿਸੇ ਵੀ ਅਕਾਲੀ ਦਲ ਜਾਂ ਫੈਡਰੇਸ਼ਨ ਨੇ ਅਜਿਹੀ ਗੁੰਮਰਾਹਕੁੰਨ ਲਿਖਤ ਪ੍ਰਕਾਸ਼ਿਤ ਕਰਨ ਬਾਬਤ ਇੰਡੀਆ ਟੂਡੇ ਦਾ ਵਿਰੋਧ ਨਹੀਂ ਕੀਤਾ। ਕੀ ਮਰਹੂਮ ਲੇਖਕ ਸ੍ਰ: ਕੁਲਬੀਰ ਸਿੰਘ ਕੌੜਾ ਦੀ ਗੱਲ ਵੀ ਸੱਚ ਹੋ ਗਈ ਹੈ ਕਿ ‘‘ਸਿੱਖ ਵੀ (ਬ੍ਰਾਹਮਣਵਾਦ ਰੂਪੀ ਅਜਗਰ ਵੱਲੋਂ) ਨਿਗਲਿਆ ਗਿਆ’’ ਹੈ?

ਆਰ.ਐਸ.ਐਸ. ਅਤੇ ਵਿਸ਼ਵ ਹਿੰਦੂ ਪਰਿਸ਼ਦ ਬੰਬ ਬਣਾ ਰਹੇ ਹਨ?

ਭਾਰਤ ਵਿੱਚ ਜਦ ਕਿ ਕਿਸੇ ਥਾਂ ’ਤੇ ਕੋਈ ਬੰਬ ਵਿਸਫੋਟ ਹੁੰਦਾ ਹੈ, ਤਾਂ ਪੁਲਿਸ ਤੇ ਸਰਕਾਰ ਵੱਲੋਂ ਉਸਦੀ ਜ਼ਿੰਮੇਵਾਰੀ ਤੁਰੰਤ ਮੁਸਲਿਮ ਜਾਂ ਸਿੱਖ ਸੰਗਠਨਾਂ ’ਤੇ ਪਾ ਦਿੱਤੀ ਜਾਂਦੀ ਹੈ। ਪਿਛਲੇ ਮਹੀਨੇ ਬੰਗਲੌਰ ਅਤੇ ਅਹਿਮਦਾਬਾਦ ਵਿੱਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਵੀ ਇੰਞ ਹੀ ਹੋਇਆ। ਪਰ ਹੁਣ ਕਈ ਘਟਨਾਵਾਂ ਅਜਿਹੀਆਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਦੀ ਘੋਖ ਤੋਂ ਪਤਾ ਚਲਦਾ ਹੈ ਕਿ ਆਰ.ਐਸ.ਐਸ., ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਵਰਗੇ ਸੰਗਠਨ ਵੀ ਬੰਬ ਬਣਾਉਣ ਜਿਹੀਆਂ ਕਾਰਵਾਈਆਂ ਵਿੱਚ ਸ਼ਾਮਲ ਹਨ। ਇਸੇ ਕਰਕੇ ਸੀਨੀਅਰ ਕਾਂਗਰਸੀ ਆਗੂ ਦਿਗਵਿਜੇ ਸਿੰਘ ਨੇ ਪਿਛਲੇ ਦਿਨੀਂ ਤਹਿਲਕਾ ਅਖ਼ਬਾਰ ਨੂੰ ਦਿੱਤੇ ਇਕ ਇੰਟਰਵਿਊ ਵਿੱਚ ਦੱਸਿਆ ਕਿ ਉਨ੍ਹਾਂ ਕੋਲ ਅਜਿਹੇ ਪੁਖ਼ਤਾ ਸਬੂਤ ਮੌਜੂਦ ਹਨ ਕਿ ਆਰ.ਐਸ.ਐਸ. ਅਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਕਾਰਕੁੰਨ ਵੀ ਬੰਬ ਬਣਾਉਂਦੇ ਹਨ। ਉਨ੍ਹਾਂ ਬੰਗਲੌਰ ਅਤੇ ਅਹਿਮਦਾਬਾਦ ਬੰਬ ਧਮਾਕਿਆਂ ਦੇ ਸਮੇਂ ਅਤੇ ਸਥਿਤੀ (ਦੋਵੇਂ ਥਾਵਾਂ ਬੀਜੇਪੀ ਦੇ ਸ਼ਾਸਨ ਵਾਲੇ ਸੂਬਿਆਂ ਵਿੱਚ ਹਨ) ’ਤੇ ਸਵਾਲ ਚੁੱਕਦਿਆਂ ਇਹ ਵੀ ਕਿਹਾ ਕਿ ਦੇਸ਼ ਵਿੱਚ ਫਿਰਕੂ ਤਨਾਅ ਪੈਦਾ ਕਰਨ ਵਾਲੀਆਂ ਘਟਨਾਵਾਂ ਉਸੇ ਸਮੇਂ ਹੁੰਦੀਆਂ ਹਨ, ਜਦ ਬੀਜੇਪੀ ਕਿਸੇ ਪਰੇਸ਼ਾਨੀ ਵਿੱਚ ਹੁੰਦੀ ਹੈ।

ਆਪਣੇ ਨੁਕਤੇ ਨੂੰ ਸਪਸ਼ਟ ਕਰਦਿਆਂ ਉਨ੍ਹਾਂ ਦੱਸਿਆ ਕਿ ਜਦ ਪਾਰਲੀਮੈਂਟ ਵਿੱਚ ਤਹਿਲਕਾ ਸਟਿੰਗ ਆਪਰੇਸ਼ਨ (ਕਫਨ ਖਰੀਦਣ ਵਿੱਚ ਦਲਾਲੀ) ਬਾਰੇ ਚਰਚਾ ਹੋਣੀ ਸੀ ਤਾਂ ਪਾਰਲੀਮੈਂਟ ’ਤੇ ਕਥਿਤ ਅੱਤਵਾਦੀ ਹਮਲਾ ਹੋ ਗਿਆ। ਜਦ ਗੁਜਰਾਤ ਵਿੱਚ ਕਾਂਗਰਸ ਦੀ ਪਕੜ ਮਜਬੂਤ ਹੋ ਰਹੀ ਸੀ ਅਤੇ ਮੁੱਖ ਮੰਤਰੀ ਹੋਣ ਦੇ ਬਾਵਜੂਦ ਨਰਿੰਦਰ ਮੋਦੀ ਮਸਾਂ 6,000 ਵੋਟਾਂ ਨਾਲ ਹੀ ਆਪਣੀ ਸੀਟ ਜਿੱਤ ਸਕਿਆ ਸੀ, ਤਾਂ ਉੱਥੇ ਗੋਧਰਾ ਕਾਂਡ ਹੋ ਗਿਆ। ਪਿਛੇ ਜਿਹੇ ਕਰਨਾਟਕ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੇ ਦਿਨ ਇਕ ਬੰਬ ਵਿਸਫੋਟ ਅਤੇ ਦੂਜੇ ਪੜਾਅ ਤੋਂ ਦੋ ਦਿਨ ਪਹਿਲਾਂ ਇਕ ਹੋਰ ਬੰਬ ਵਿਸਫੋਟ ਹੋਇਆ। ਸ੍ਰੀ ਦਿਗਵਿਜੇ ਸਿੰਘ ਨੇ ਦੱਸਿਆ ਕਿ 2002 ਵਿੱਚ ਮਊ ਵਿੱਚ ਹੋਏ ਬੰਬ ਵਿਸਫੋਟ ਲਈ ਵਿਸ਼ਵ ਹਿੰਦੂ ਪਰਿਸ਼ਦ ਦੇ ਕੁਝ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਤਾਂ ਉਨ੍ਹਾਂ ਨੇ ਕੈਮਰੇ ਦੇ ਸਾਹਮਣੇ ਕਬੂਲ ਕੀਤਾ ਸੀ ਕਿ ਉਨ੍ਹਾਂ ਨੂੰ ਆਪਣੇ ਸੰਗਠਨ ਵੱਲੋਂ ਬੰਬ ਬਣਾਉਣ ਦੀ ਸਿਖਲਾਈ ਦਿੱਤੀ ਗਈ ਸੀ। ਸ੍ਰੀ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਇਕਬਾਲੀਆ ਬਿਆਨ ਦੀ ਵੀਡੀਓ ਕੈਸੇਟ ਵੀ ਮੌਜੂਦ ਹੈ।

ਸ੍ਰੀ ਦਿਗਵਿਜੇ ਸਿੰਘ ਦੇ ਬਿਆਨਾਂ ਵਿੱਚ ਨਿਸ਼ਚਿਤ ਤੌਰ ’ਤੇ ਸੱਚਾਈ ਦੀ ਝਲਕ ਪੈਂਦੀ ਹੈ ਪਰ ਭਾਰਤ ਦਾ ਬ੍ਰਾਹਮਣਵਾਦੀ ਮੀਡੀਆ ਤਾਂ ਕਥਿਤ ਦੇਸ਼-ਵਿਰੋਧੀ ਅਤੇ ਅੱਤਵਾਦੀ ਕਾਰਵਾਈਆਂ ਲਈ ਘੱਟ-ਗਿਣਤੀ ਕੌਮਾਂ ਦੇ ਲੋਕਾਂ ਦੀ ਭੰਡੀ ਕਰਨਾ ਹੀ ਜਾਣਦਾ ਹੈ। ਕੀ ‘ਸਿਮੀ’ ਜਾਂ ‘ਬੱਬਰ ਖ਼ਾਲਸਾ’ ਦੀਆਂ ਕਥਿਤ ਅੱਤਵਾਦੀ ਕਾਰਵਾਈਆਂ ਲਈ ‘ਖੋਜ ਰਿਪੋਰਟਾਂ’ ਪੇਸ਼ ਕਰਨ ਵਾਲੇ ਨਿਊਜ਼ ਚੈਨਲ, ਸੰਘ ਪਰਵਾਰ ਦੇ ਸੰਗਠਨਾਂ ਦੀ ਅੱਤਵਾਦੀ ਕਾਰਵਾਈਆਂ ਵਿੱਚ ਸ਼ਮੂਲੀਅਤ ਬਾਰੇ ਜਾਣਕਾਰੀ ਜਨਤਾ ਨੂੰ ਦੇਣ ਦਾ ਹੀਆ ਕਰ ਸਕਣਗੇ?