

ਕਾਂਵੜ ਇੰਡਸਟ੍ਰੀ ਨੇ ਇਸ ਸਾਲ ਵੀ ਚੋਖਾ ਮੁਨਾਫਾ ਕਮਾਇਆ
- ਅਖਿਲੇਸ਼ ਸਤਯਪਤੀ -
ਹਿੰਦੂ ਸਮਾਜ ਵਿੱਚ ਅੰਧ-ਵਿਸ਼ਵਾਸ ਫੈਲਾਉਣ ਵਾਲੇ ਕਰਮ-ਕਾਂਡਾਂ ਵਿੱਚ ਕਾਂਵੜ ਬਹੁਤ ਵੱਡੀ ਇੰਡਸਟ੍ਰੀ ਦਾ ਰੂਪ ਧਾਰਨ ਕਰ ਚੁੱਕਾ ਹੈ। ਸਾਵਨ ਦੇ ਮੌਸਮ ਵਿੱਚ ਆਮਦਨੀ ਦਾ ਇਹ ਧੰਧਾ ਪੂਰੇ ਜੋਰਾਂ ’ਤੇ ਹੁੰਦਾ ਹੈ। ਸ਼ਿਵ ਪੁਰਾਣ ਅਤੇ ਬ੍ਰਹਮ ਪੁਰਾਣ ਵਿੱਚ ਕਿਹਾ ਗਿਆ ਹੈ ਕਿ ਜਿਹੜਾ ਸਨਾਤਨੀ ਯਾਨੀ ਸਨਾਤਨ ਧਰਮ (ਹਿੰਦੂਵਾਦ) ਨੂੰ ਮੰਨਣ ਵਾਲਾ ਸਾਵਨ ਦੇ ਮਹੀਨੇ ਵਿੱਚ ਗੰਗਾ ਅਤੇ ਹੋਰਨਾਂ ਪਵਿੱਤਰ ਨਦੀਆਂ ਤੋਂ ਜਲ ਲਿਆ ਕੇ ਸ਼ਿਵ ਦੀ ਮੂਰਤੀ ਯਾਨੀ ਸ਼ਿਵ ਦੇ ਲਿੰਗ ’ਤੇ ਚੜ੍ਹਾਉਂਦਾ ਹੈ, ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰਨ ਹੁੰਦੀਆਂ ਹਨ ਅਤੇ ਮਰਨ ਤੋਂ ਬਾਅਦ ਉਹ ਪਰਮ ਪਦ ਯਾਨੀ ਸਵਰਗ ਦਾ ਪਾਤਰ ਬਣਦਾ ਹੈ।
ਹੁਣ ਹਿੰਦੂ ਧਰਮ ਦੇ ਠੇਕੇਦਾਰਾਂ ਨੇ ਕਹਿਣਾ ਸ਼ੁਰੂ ਕੀਤਾ ਹੈ ਕਿ ਜਿਹੜੇ ਸਨਾਤਨੀ ਪੈਦਲ, ਨੰਗੇ ਪੈਰ ਸਾਵਨ ਦੇ ਮਹੀਨੇ ਵਿੱਚ ਗੰਗਾ ਅਤੇ ਦੂਜੀਆਂ ਨਦੀਆਂ ਤੋਂ ਕਾਂਵੜ ਰਾਹੀਂ ਪਾਣੀ ਲਿਆ ਕੇ ਸ਼ਿਵ ਦੀ ਮੂਰਤੀ ’ਤੇ ਚੜ੍ਹਾਏਗਾ, ਉਹ ਮਰਨ ਤੋਂ ਬਾਅਦ ਸਵਰਗ ਦਾ ਪਾਤਰ ਹੋਵੇਗਾ। ਕਾਲਪਨਿਕ ਸਵਰਗ ਦੀ ਇੱਛਾ ਨੇ ਹੌਲੀ-ਹੌਲੀ ਇਸਨੂੰ ਵਪਾਰ ਦਾ ਰੂਪ ਦੇ ਦਿੱਤਾ ਹੈ ਅਤੇ ਹੁਣ ਤਾਂ ਇਹ ਅਰਬਾਂ ਰੁਪਏ ਦਾ ਵਪਾਰ ਬਣ ਚੁੱਕਾ ਹੈ, ਜਿਸਨੂੰ ਜਨਤਾ ਦੇ ਸ਼ੋਸ਼ਣ ਲਈ ਧਰਮ ਦੇ ਨਾਮ ’ਤੇ ਪ੍ਰਚਲਿਤ ਕੀਤਾ ਜਾ ਰਿਹਾ ਹੈ।
ਧਰਮ ਦੇ ਠੇਕੇਦਾਰਾਂ ਨੇ ਤਾਂ ਇਸਨੂੰ ਉਦਿਯੋਗ ਦਾ ਰੂਪ ਦੇਣ ਲਈ ਬਾਰ੍ਹਾਂ ਮਹੀਨੇ ਦਾ ਧੰਧਾ ਬਣਾ ਦਿੱਤਾ ਹੈ। ਕਾਂਵੜ ਲਿਜਾਉਣ ਵਾਲਿਆਂ ਲਈ ਇਕ ਖ਼ਾਸ ਤਰ੍ਹਾਂ ਦੀ ਡ੍ਰੈਸ ਬਜ਼ਾਰ ਵਿੱਚ ਵੱਡੀ ਤਾਦਾਦ ਵਿੱਚ ਉਪਲਬਧ ਰਹਿੰਦੀ ਹੈ। ਅਮੂਮਨ ਇਹ ਗੇਰੂਏ ਜਾਂ ਲਾਲ ਰੰਗ ਦੀ ਹੁੰਦੀ ਹੈ। ਇਸ ਵਿੱਚ ਹਾਫ ਪੈਂਟ, ਬਨੀਆਨ, ਟੀ-ਸ਼ਰਟ, ਸ਼ਰਟ, ਪਰਨਾ ਅਤੇ ਟੋਪੀ ਹੁੰਦੀ ਹੈ। ਕਾਂਵੜ ਲੈ ਕੇ ਚੱਲਣ ਵਾਲਿਆਂ ਲਈ ਇਸ ਯੂਨੀਫਾਰਮ ਨੂੰ ਪਹਿਣਨਾ ਜ਼ਰੂਰੀ ਹੁੰਦਾ ਹੈ। ਜਿਹੜਾ ਵਿਅਕਤੀ ਇਸ ਡ੍ਰੈਸ ਨੂੰ ਨਹੀਂ ਪਹਿਣਦਾ, ਉਸਨੂੰ ਕਾਂਵੜੀਏ ਦੇ ਰੂਪ ਵਿੱਚ ਮਨਜ਼ੂਰ ਨਹੀਂ ਕੀਤਾ ਜਾਂਦਾ।
ਇਸਦੇ ਇਲਾਵਾ ‘ਬਹਿੰਗੀ’ ਯਾਨੀ ਮੋਢੇ ’ਤੇ ਰੱਖ ਕੇ ਲੈ ਜਾਣ ਵਾਲੀ ਚੀਜ਼ ਵੀ ਇਸ ਵਿੱਚ ਸ਼ਾਮਲ ਹੁੰਦੀ ਹੈ। ਅੱਗੇ-ਪਿੱਛੇ ਡੱਬੇ ਜਾਂ ਛੋਟੇ ਘੜੇ ਬਹਿੰਗੀ ਵਿੱਚ ਲਟਕਾਏ ਜਾਂਦੇ ਹਨ। ਜਿਸ ਆਦਮੀ ਨੂੰ ਕਾਂਵੜ ਲਿਜਾਉਣੀ ਹੁੰਦੀ ਹੈ, ਉਸਨੂੰ ਪੂਰੇ 15 ਦਿਨ ਫਲ ਜਾਂ ਪਾਣੀ ਦੀ ਖੁਰਾਕ ’ਤੇ ਹੀ ਨਿਰਭਰ ਰਹਿਣਾ ਹੁੰਦਾ ਹੈ। 15 ਦਿਨ ਪਹਿਲਾਂ ਇਕ ਵਿਸ਼ੇਸ਼ ਕਰਮ-ਕਾਂਡ ਦੇ ਜ਼ਰੀਏ ਕਾਂਵੜ ਲਿਜਾਉਣ ਅਤੇ ਕਾਮਨਾਵਾਂ ਦੀ ਪੂਰਤੀ ਲਈ ਪੰਡਤ ਇਕ ਵਿਸ਼ੇਸ਼ ਹਵਨ ਕਰਦਾ ਹੈ। ਕਾਂਵੜੀਏ, ਕਾਂਵੜ ਲਿਜਾਉਣ ਤੋਂ ਪਹਿਲਾਂ ਆਪਣੇ ਦੂਜੇ ਸਾਥੀ ਦੇ ਘਰ ਜਾ ਕੇ ਕਾਂਵੜ ਦੇ ਧੰਧੇ ਨੂੰ ਚਲਾਉਣ ਵਾਲੇ ਧੰਧੇਬਾਜ਼ ਦੀਆਂ ਸ਼ਰਤਾਂ ਨੂੰ ਸਮਝਦਾ ਹੈ। ਜ਼ਾਹਿਰ ਹੈ ਇਸ ਵਿੱਚ ਪੁਜਾਰੀ ਦੀ ਚੰਗੀ ਕਮਾਈ ਹੁੰਦੀ ਹੈ।
ਮੋਬਾਈਲ ਅਤੇ ਪੈਦਲ ਸੇਵਾ
ਜਿਵੇਂ-ਜਿਵੇਂ ਇਹ ਇੰਡਸਟ੍ਰੀ ਵੱਡਾ ਰੂਪ ਲੈਂਦੀ ਜਾ ਰਹੀ ਹੈ, ਉਵੇਂ-ਉਵੇਂ ਕਾਂਵੜ ਲਿਜਾਉਣ ਲਈ ਤਮਾਮ ਆਧੁਨਿਕ ਤਰੀਕੇ ਅਪਣਾਏ ਜਾਣ ਲੱਗੇ ਹਨ। ਇਨ੍ਹਾਂ ਤਰੀਕਿਆਂ ਵਿੱਚ ਮੋਬਾਈਲ ਸੇਵਾ ਅਤੇ ਤੇਜ਼ ਵਾਹਨ ਸੇਵਾ ਪ੍ਰਮੁੱਖ ਹਨ। ਮੋਬਾਈਲ ਸੇਵਾ ਕਾਫੀ ਮਹਿੰਗੀ ਹੁੰਦੀ ਹੈ। ਉਹ ਇਸਲਈ ਕਿ ਇਸ ਤਰੀਕੇ ਵਿੱਚ ਮੌਜ-ਮਸਤੀ ਕਰਨ ਦੀਆਂ ਸਾਰੀਆਂ ਆਧੁਨਿਕ ਸੁਵਿਧਾਵਾਂ ਉਪਲਬਧ ਹੁੰਦੀਆਂ ਹਨ। ਇਨ੍ਹਾਂ ਵਿੱਚ ਸ਼ਰਾਬ ਦੇ ਨਾਲ-ਨਾਲ ਗਾਂਜਾ, ਚਰਸ ਅਤੇ ਭੰਗ ਬਹੁਤ ਵੱਡੀ ਤਾਦਾਦ ਵਿੱਚ ਉਪਲਬਧ ਹੁੰਦੇ ਹਨ। ਮੁੰਡੇ ਅਤੇ ਕੁੜੀਆਂ ਨਾਲ-ਨਾਲ ਰਹਿੰਦੇ (ਅਤੇ ‘ਹਰ ਤਰ੍ਹਾਂ ਦੀ’ ਮੌਜ-ਮਸਤੀ ਕਰਦੇ) ਹਨ। ਪੈਦਲ ਸੇਵਾ ਵਿੱਚ ਕਾਂਵੜੀਆਂ ਨੂੰ ਕਾਂਵੜ ਸੇਵਾ ਸਮਿਤੀ ਦੀ ਤਰਫ ਤੋਂ ਥਾਂ-ਥਾਂ ਰੁਕਣ ਦੀ ਸੁਵਿਧਾ ਉਪਲਬਧ ਹੁੰਦੀ ਹੈ। ਕਈ ਕਿਲੋਮੀਟਰ ਦੇ ਲੰਬੇ ਸਫਰ ਵਿੱਚ ਹਰ 1-2 ਕਿਲੋਮੀਟਰ ’ਤੇ ਕਾਂਵੜ ਇੰਡਸਟ੍ਰੀ ਦੇ ਮਾਲਕ ਜਾਂ ਸੰਚਾਲਕਾਂ ਦੀ ਤਰਫੋਂ ਠਹਿਰਣ, ਖਾਣ-ਪੀਣ ਅਤੇ ਅਰਾਮ ਕਰਨ ਦੀਆਂ ਪੂਰੀਆਂ ਸੁਵਿਧਾਵਾਂ ਉਪਲਬਧ ਹੁੰਦੀਆਂ ਹਨ। ਅਮੂਮਨ ਇਕ ਕਾਂਵੜੀਏ ਨੂੰ 2 ਤੋਂ ਲੈ ਕੇ 5 ਹਜ਼ਾਰ ਰੁਪਏ ਤੱਕ ਖਰਚ ਕਰਨੇ ਪੈਂਦੇ ਹਨ।
ਇਸ ਧੰਧੇ ਦੀ ਅਸਲੀਅਤ ਕੀ ਹੈ?
ਹਿੰਦੂ ਧਰਮ ਦੇ ਠੇਕੇਦਾਰਾਂ ਯਾਨੀ ਪੁਜਾਰੀਆਂ ਵੱਲੋਂ ਸ਼ੁਰੂ ਕੀਤਾ ਗਿਆ ਇਹ ਉਦਿਯੋਗ ਅੱਜ ਸਭ ਤੋਂ ਵੱਧ ਫਾਇਦੇ ਦੇ ਉਦਿਯੋਗਾਂ ਵਿੱਚ ਸ਼ੁਮਾਰ ਹੈ। ਇਹ ਧੰਧਾ ਇਸਲਈ ਤੇਜ਼ੀ ਨਾਲ ਵੱਧ ਰਿਹਾ ਹੈ ਕਿਉਂਕਿ ਇਹ ਧਰਮ ਦੇ ਨਾਮ ’ਤੇ ਚੱਲ ਰਿਹਾ ਹੈ। ਧਰਮ ਦੇ ਨਾਮ ’ਤੇ, ਖ਼ਾਸਕਰ ਹਿੰਦੂਵਾਦ/ਬ੍ਰਾਹਮਣਵਾਦ ਦੇ ਵੱਲੋਂ ਪ੍ਰਚਲਿਤ, ਭਾਰਤ ਵਿੱਚ ਜਿੰਨਾ ਭ੍ਰਿਸ਼ਟਾਚਾਰ ਅਤੇ ਦੁਰਾਚਾਰ ਹੈ, ਓਨਾ ਸਮਾਜ ਦੇ ਕਿਸੇ ਹੋਰ ਹਿੱਸੇ ਜਾਂ ਵਿਭਾਗ ਵਿੱਚ ਨਹੀਂ ਹੈ। ਦਰਅਸਲ, ਧਰਮ ਦੇ ਨਾਮ ’ਤੇ ਇਹ ਉਦਿਯੋਗ ਪੂਰੀ ਤਰ੍ਹਾਂ ਸ਼ੋਸ਼ਣ, ਗੈਰ-ਮਨੁੱਖਤਾ, ਨਾ-ਇਨਸਾਫੀ ਅਤੇ ਭ੍ਰਿਸ਼ਟਾਚਾਰ ’ਤੇ ਅਧਾਰਿਤ ਹੈ।

ਤੀਰਥ-ਯਾਤਰਾ ਦੌਰਾਨ ਨਸ਼ੇ ਕਰ ਰਿਹਾ ਇਕ ਕਾਂਵੜੀਆ
ਇਕ ਅੰਦਾਜ਼ੇ ਮੁਤਾਬਿਕ, ਇਸ ਇੰਡਸਟ੍ਰੀ ਨਾਲ ਜੁੜੇ ਲੋਕਾਂ ਨੂੰ ਹਰ ਸਾਲ ਕੁਲ ਮਿਲਾ ਕੇ 1 ਅਰਬ ਰੁਪਏ ਤੋਂ ਵੱਧ ਦੀ ਆਮਦਨੀ ਹੁੰਦੀ ਹੈ। ਇਸ ਵਿੱਚ ਕਪੜਾ, ਡੱਬਾ ਅਤੇ ਸੇਵਾ ਦੇ ਨਾਮ ’ਤੇ ਵੰਡੇ ਜਾਣ ਵਾਲੇ ਭੋਜਨ ਤੇ ਫਲ ਵੀ ਸ਼ਾਮਲ ਹਨ। ਪੈਸਾ, ਗਹਿਣਾ, ਸੋਨਾ-ਚਾਂਦੀ ਅਤੇ ਦੂਜੇ ਕੀਮਤੀ ਚੜ੍ਹਾਵੇ ਜੋ ਚੜ੍ਹਾਏ ਜਾਂਦੇ ਹਨ, ਉਨ੍ਹਾਂ ਦਾ ਤਾਂ ਕੋਈ ਹਿਸਾਬ ਹੀ ਨਹੀਂ ਹੁੰਦਾ। ਇਸ ਧੰਧੇ ਵਿੱਚ ਸਿਰਫ਼ ਅਤੇ ਸਿਰਫ਼ ਮੁਨਾਫਾ ਹੀ ਹੈ, ਘਾਟਾ ਕਿਸੇ ਰੂਪ ਵਿੱਚ ਨਹੀਂ ਹੈ।
ਵੇਦ ਦੀ ਦੁਹਾਈ
ਧਰਮ ਦੇ ਠੇਕੇਦਾਰ ਕਾਂਵੜ ਪ੍ਰਥਾ ਦੀ ਅੱਛਾਈ ਸਾਬਿਤ ਕਰਨ ਲਈ ਵੇਦ ਦੀ ਦੁਹਾਈ ਦਿੰਦੇ ਹਲ। ਪੰਡੇ-ਪੁਜਾਰੀ ਜਨਤਾ ਨੂੰ ਠੱਗਣ ਲਈ ਕਹਿੰਦੇ ਫਿਰਦੇ ਹਨ ਕਿ ਵੇਦਾਂ ਵਿੱਚ ਸ਼ਿਵ ਨੂੰ ਬਹੁਤ ਪ੍ਰਾਰਥਨਾ ਕੀਤੀ ਗਈ ਹੈ। ਫਿਰ ‘ਓਮ ਨਮੋ ਸ਼ਿਵਾਇ, ਨਮੋ ਸ਼ੰਕਰਾਇ, ਸ਼ਿਵਕਰਾਇ ਚ’ ਮੰਤਰ ਪੜ੍ਹ ਦਿੰਦੇ ਹਨ। ਭਗਤ ਨੂੰ ਇਹ ਸਮਝ ਵਿੱਚ ਆਉਂਦਾ ਹੈ ਕਿ ਕਾਂਵੜ ਲੈ ਜਾਉਣ ਨਾਲ ਸ਼ਿਵ ਖੁਸ਼ ਹੋ ਜਾਣਗੇ ਅਤੇ ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਣਗੀਆਂ। ਜਦ ਸਵਰਗ ਪਾਉਣ ਦਾ ਅਸਾਨ ਜਿਹਾ ਤਰੀਕਾ ਕਾਂਵੜ ਦੱਸਿਆ ਗਿਆ ਹੈ ਤਾਂ ਭਗਤ ਨੂੰ ਲਗਦਾ ਹੈ ਕਿ ਜ਼ਿੰਦਗੀ ਦੇ ਇਸ ਬਿਹਤਰੀਨ ਮੌਕੇ ਨੂੰ ਕਿਸੇ ਤਰ੍ਹਾਂ ਗਵਾਉਣਾ ਨਹੀਂ ਚਾਹੀਦਾ। ਏਨਾ ਹੀ ਨਹੀਂ, ਜਿਹੜਾ ਵਿਅਕਤੀ ਕਾਂਵੜ ਲਿਜਾਉਣ ਨੂੰ ਆਪਣਾ ਪਰਮ ਧਰਮ ਮੰਨਦਾ ਹੈ, ਉਹ ਇਸ ਪ੍ਰਥਾ ਦੀਆਂ ਕਥਿਤ ਚੰਗਿਆਈਆਂ ਨੂੰ ਆਪਣੇ ਗੁਆਂਢੀ, ਰਿਸ਼ਤੇਦਾਰਾਂ, ਦੋਸਤਾਂ ਅਤੇ ਵਾਕਫਾਂ ਨੂੰ ਦੱਸ ਕੇ ਉਨ੍ਹਾਂ ਨੂੰ ਪ੍ਰੇਰਿਤ ਕਰਦਾ ਹੈ। ਇਸ ਵਜ੍ਹਾ ਨਾਲ ਵੀ ਇਹ ਧੰਧਾ ਦਿਨ-ਦੂਨੀ ਰਾਤ ਚੌਗੂਣੀ ਤਰੱਕੀ ਦੀ ਰਾਹ ’ਤੇ ਵੱਧ ਰਿਹਾ ਹੈ।
ਕਾਂਵੜ ਦੇ ਪ੍ਰਚਾਰ ਲਈ ਜਿਹੜਾ ਤਰੀਕਾ ਅਪਣਾਇਆ ਗਿਆ ਹੈ, ਉਹ ਵੀ ਘੱਟ ਦਿਲਚਸਪ ਨਹੀਂ ਹੈ। ਕਾਂਵੜ ਲਿਜਾਉਣ ਵਾਲੇ ਅਤੇ ਕਾਂਵੜੀਏ ਨੂੰ ਆਸ਼ੀਰਵਾਦ ਦੇਣ ਵਾਲੇ, ਦੋਵੇਂ ਕਾਂਵੜ ਲਿਜਾਉਣ ਅਤੇ ਇਸਦੇ ਜ਼ਰੀਏ ਮਨੋਕਾਮਨਾਵਾਂ ਪੂਰੀਆਂ ਹੋਣ ਦਾ ਪ੍ਰਚਾਰ ਜੋਰ-ਸ਼ੋਰ ਨਾਲ ਕਰਦੇ ਹਨ। ਇਹ ਵੀ ਪ੍ਰਚਾਰ ਕੀਤਾ ਜਾਂਦਾ ਹੈ ਕਿ ਕਾਂਵੜੀਏ ਦੀ ਮਦਦ ਕਰਨ ਨਾਲ ਭਗਵਾਨ ਸ਼ਿਵ ਖੁਸ਼ ਹੁੰਦੇ ਹਨ।
ਬਿਨਾਂ ਲਾਗਤ ਦੇ ਚੱਲਣ ਵਾਲੀ ਇਹ ਇੰਡਸਟ੍ਰੀ ਸਭ ਤੋਂ ਵੱਧ ਫਾਇਦਾ ਦੇਣ ਵਾਲੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਇੰਡਸਟ੍ਰੀ ਵਿੱਚ ਸ਼ਾਮਲ ਕੋਈ ਵੀ ਵਿਅਕਤੀ ਜੇਕਰ ਦੁਰਘਟਨਾ ਦਾ ਸ਼ਿਕਾਰ ਹੋ ਜਾਏ ਜਾਂ ਉਸਦੀ ਮੌਤ ਹੋ ਜਾਏ ਤਾਂ ਇਸ ਦੀ ਜ਼ਿੰਮੇਵਾਰੀ ਕਾਂਵੜ ਪ੍ਰਥਾ ਨੂੰ ਸੰਚਾਲਿਤ ਕਰਨ ਵਾਲਿਆਂ ਦੀ ਬਿਲਕੁਲ ਵੀ ਨਹੀਂ ਹੁੰਦੀ। ਹੈਰਾਨੀ ਅਤੇ ਅਫ਼ਸੋਸ ਦੀ ਗੱਲ ਇਹ ਹੈ ਕਿ ਜਦ ਕੋਈ ਕਾਂਵੜੀਆ ਕਾਂਵੜ ਲਿਜਾਉਂਦੇ ਸਮੇਂ ਰਸਤੇ ਵਿੱਚ ਕਿਤੇ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ ਜਾਂ ਉਸਦੀ ਮੌਤ ਹੋ ਜਾਂਦੀ ਹੈ, ਤਾਂ ਉਸਨੂੰ ਸ਼ਿਵ ਦਾ ਵਰਦਾਨ ਮੰਨਿਆ ਜਾਂਦਾ ਹੈ ਕਿਉਂਕਿ ਅਜਿਹਾ ਵਿਅਕਤੀ ਮਰਨ ਤੋਂ ਬਾਅਦ, ਬ੍ਰਾਹਮਣਵਾਦੀ ਵਿਚਾਰਧਾਰਾ ਮੁਤਾਬਿਕ, ਮੋਖਸ਼ ਪ੍ਰਾਪਤ ਕਰ ਲੈਂਦਾ ਹੈ।