Subscription About Us Contact Us


ਇਸ਼ਮੀਤ ਸਿੰਘ ਦੀ ਮੌਤ : ਹਾਦਸਾ ਜਾਂ ਕਤਲ?

- ਗੁਰਮੇਲ ਸਿੰਘ ਖ਼ਾਲਸਾ, ਲੁਧਿਆਣਾ -
ਫੋਨ : 9914701469

ਸਟਾਰ ਵਾਇਸ ਆਫ ਇੰਡੀਆ, ਸ. ਇਸ਼ਮੀਤ ਸਿੰਘ ਜੀ ਦਾ ਜਨਮ 2, ਸਤੰਬਰ, 1988 ਨੂੰ ਸ. ਗੁਰਪਿੰਦਰ ਸਿੰਘ ਜੀ ਦੇ ਗ੍ਰਹਿ ਵਿਖੇ, ਬੀਬੀ ਅੰਮ੍ਰਿਤਪਾਲ ਕੌਰ ਜੀ ਦੀ ਪਵਿੱਤਰ ਕੁੱਖ ਤੋਂ ਹੋਇਆ। ਇਹਨਾਂ ਦੀ ਇਕ ਭੈਣ ਬੀਬੀ ਸ਼ੁਮੀਤ ਕੌਰ ਜੀ ਹਨ। ਸ. ਇਸ਼ਮੀਤ ਸਿੰਘ ਜੀ ਦੇ ਮਾਤਾ-ਪਿਤਾ ਅਤੇ ਭੈਣ ਲੁਧਿਆਣੇ ਦੇ ਸ਼ਾਸ਼ਤਰੀ ਨਗਰ ਵਿਖੇ ਰਹਿੰਦੇ ਹਨ।

ਸ. ਇਸ਼ਮੀਤ ਸਿੰਘ ਨੇ 10+2 ਤੱਕ ਦੀ ਸਿੱਖਿਆ ਲੁਧਿਆਣੇ ਦੇ ਸਭ ਤੋਂ ਵੱਧੀਆ ਸਕੂਲ, ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਤੋਂ ਪਰਾਪਤ ਕੀਤੀ ਸੀ। ਉੱਚ ਸਿੱਖਿਆ ਲਈ ਸਰਕਾਰੀ ਸਕੂਲ ਲੁਧਿਆਣੇ, ਬੀ.ਕਾਮ ਭਾਗ ਪਹਿਲਾ ਵਿੱਚ ਦਾਖ਼ਲ ਹੋ ਗਏ। ਇਸੇ ਦੌਰਾਨ ਇਸ਼ਮੀਤ ਸਿੰਘ ਨੂੰ ਵਾਇਸ ਆਫ਼ ਇੰਡੀਆ ਦੀ ਰੀਐਲਟੀ ਸ਼ੋਅ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ।

ਸ. ਇਸ਼ਮੀਤ ਸਿੰਘ ਪੂਰਨ ਗੁਰਸਿੱਖ ਅਤੇ ਨਿਤਨੇਮੀ ਸੀ। ਇਸ਼ਮੀਤ ਸਿੰਘ ਨੂੰ ਸਿੱਖੀ ਸਰੂਪ ਛੱਡਣ ਦੇ ਲਈ ਕਈ ਕਿਸਮ ਦੇ ਲਾਲਚ ਦਿੱਤੇ ਗਏ। ਦਬਾਅ ਭੀ ਪਾਇਆ ਗਿਆ। ਸ. ਇਸ਼ਮੀਤ ਸਿੰਘ ਨੇ ਉਹਨਾਂ ਦੇ ਸਾਰੇ ਲਾਲਚ ਆਦਿ ਠੁਕਰਾ ਦਿੱਤੇ। ਕਿਸੇ ਕਿਸਮ ਦੇ ਦਬਾਅ ਆਦਿ ਤੋਂ ਨਹੀਂ ਡਰੇ। ‘ਸਾਬਤ ਸੂਰਤਿ ਦਸਤਾਰ ਸਿਰਾ’ ਦੇ ਹੁਕਮ ਤੇ ਪਹਿਰਾ ਦਿੱਤਾ। ਅੱਜ ਕਲ ਜਿਵੇਂ ਆਮ ਦੇਖਿਆ ਜਾਂਦਾ ਹੈ ਕਿ ਗਾਉਣ ਵਾਲੇ ਪੰਜਾਬੀਆਂ ਨੇ ਆਪਣੇ ਮੂੰਹ ਸਿਰ ਦੀ ਬੇਅਦਬੀ ਕੀਤੀ ਹੁੰਦੀ ਹੈ। ਇਹਨਾਂ ਨੂੰ ਦੇਖ ਕੇ ਸਿੱਖ ਨੌਜਵਾਨ ਆਪਣਾ ਸਿੱਖੀ ਸਰੂਪ ਧੜਾਧੜ ਛੱਡ ਰਹੇ ਹਨ। ਕੇਸ਼, ਗੁਰੂ ਦੀ ਮੋਹਰ ਦੀ ਬੇਅਦਬੀ ਕੀਤੀ ਜਾਂਦੀ ਹੈ ਇਸੇ ਕਰਕੇ ਸਿੱਖ ਕੌਮ ਸੰਕਟ ਵਿੱਚ ਹੈ। ਟੈਲੀਵਿਜ਼ਨ ਵਿੱਚ ‘ਤਿੰਨ’ ਸੌ ਸਾਲ ਵੇਲੇ ਗੁਰੂ ਦੇ ਨਾਲ। ਹਰ ਵਲੇ ਹਰ ਦਮ ਗੁਰੂ ਦੇ ਨਾਲ ਗਾਉਣ ਵਾਲਾ ਨੌਜਵਾਨ ਭੀ ਪਤਿਤ ਹੈ। ਇਸ ਤ੍ਰਾਸ਼ਦੀ ਨੂੰ ਠੱਲ ਪਾਉਣ ਲਈ ਹੀ ਸ. ਇਸ਼ਮੀਤ ਸਿੰਘ ਨੂੰ ਥੋੜੀ ਦੇਰ ਲਈ ਹੀ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ ਤੇ ਭੇਜਿਆ ਸੀ।

ਭਾਰਤ ਵਰਸ਼ ਦੀ ਅਵਾਜ਼ ਦਾ ਨਿਰਣਾ ਸੁਲਝੇ ਹੋਏ ਜੱਜਾਂ ਅਤੇ ਲੋਕਾਂ ਨੇ ਕਰਨਾ ਸੀ। ਭਾਰਤ ਦੇ ਮਸ਼ਹੂਰ ਸੁਰੀਲੇ ਗਾਇਕ ਅਤੇ ਸੰਗੀਤਕਾਰ ਜੱਜਾਂ ਦੀ ਸੇਵਾ ਨਿਭਾ ਰਹੇ ਸਨ। ਲੋਕ ਆਪਣਾ ਮੱਤ ਵੋਟਾਂ ਰਾਹੀਂ ਜੋ ਕਿ ਮੋਬਾਇਲਾਂ, ਟੈਲੀਫੂਨਾਂ, ਈ-ਮੇਲ ਤੇ ਕੰਪਿਉਟਰਾਂ ਰਾਹੀਂ ਪਾਉਂਦੇ ਸਨ। ਜਿਉਂ-ਜਿਉਂ ਸਿੱਖ ਸੰਗਤਾਂ ਨੂੰ ਪਤਾ ਲਗਦਾ ਰਿਹਾ ਅਤੇ ਸਿੱਖੀ ਸਰੂਪ ਦੇ ਆਸ਼ਕਾਂ ਨੂੰ ਪਤਾ ਲਗਿਆ ਖ਼ਾਸ ਕਰਕੇ ਨੌਜਵਾਨ ਲੜਕੀਆਂ ਨੂੰ ਕਿ ਇਕ ਸਿੱਖੀ ਸਰੂਪ ਵਾਲਾ ਗੱਭਰੂ ਵਾਇਸ ਆਫ਼ ਇੰਡੀਆ ਮੁਕਾਬਲੇ ਵਿੱਚ ਹੈ। ਉਹਨੂੰ ਵੋਟਾਂ ਪਾਉਣੀਆਂ ਹਨ ਤਾਂ ਸੰਸਾਰ ਭਰ ਦੇ ਸਿੱਖਾਂ ਨੇ ਇਸ਼ਮੀਤ ਸਿੰਘ ਨੂੰ ਜਿੱਤਾਉਣ ਲਈ ਆਪਣਾ ਪੂਰਾ ਤਾਣ ਲਾ ਦਿੱਤਾ। ਸ. ਇਸ਼ਮੀਤ ਸਿੰਘ ਦੀ ਪਿੱਠ ਤੇ ਪੂਰੀ ਸਿੱਖ ਕੌਮ ਆ ਗਈ। ਮੁਕਾਬਲਾ ਬਹੁਤ ਸਖ਼ਤ ਸੀ। ਇਸ਼ਮੀਤ ਸਿੰਘ ਨੂੰ ਵਾਹਿਗੁਰੂ ਨੇ ਸੋਹਣੀ ਆਵਾਜ਼ ਦੀ ਭੀ ਬਖਸ਼ਿਸ਼ ਕੀਤੀ ਸੀ। ਇਸ਼ਮੀਤ ਸਿੰਘ ਮੁਕਾਬਲੇ ਵਿੱਚ ਤਰੱਕੀ ਕਰਦਾ ਰਿਹਾ। ਸੱਤਰ ਹਜ਼ਾਰ ਗਾਇਕਾਂ ਨੂੰ ਪਛਾੜ ਕੇ ਪਹਿਲੇ ਦੋ ’ਚ ਆ ਗਿਆ।

ਰਿਜ਼ਲਟ ਵਾਲਾ ਲਿਫਾਫਾ ਅਦਾਕਾਰਾ ਮਾਧੁਰੀ ਦੀਕਸ਼ਤ ਕੋਲ ਸੀ। ਉਹਨੇ ਹੌਲੀ ਜਿਹੇ ਲਿਫ਼ਾਫ਼ਾ ਖੋਲ੍ਹ ਕੇ ਦੇਖਿਆ ਫਿਰ ਲਤਾ ਮੰਗੇਸ਼ਕਰ ਨੂੰ ਲਿਫ਼ਾਫ਼ਾ ਫੜਾ ਦਿੱਤਾ। ਪੰਡਾਲ ਵਿੱਚੋਂ ਜੈਕਾਰੇ ਛੱਡੇ ਗਏ। ਗਾਇਕਾ ਲਤਾ ਮੰਗੇਸ਼ਕਰ ਨੇ ਰਿਜ਼ਲਟ ਇਉਂ ਦਸਿਆ : ਵਿੰਨਰ ਕਾ ਨਾਮ ਹੈ ਇਸ਼ਮੀਤ !

ਜੈਕਾਰੇ ਭੰਗੜੇ ਢੋਲ ਵੱਜਣੇ ਸ਼ੁਰੂ ਹੋ ਗਏ। ਚਮਕੀਲੇ ਕਾਗਜਾਂ ਦੀ ਵਰਖਾ ਸ਼ੁਰੂ ਹੋ ਗਈ। ਫੁੱਲਾਂ ਦੀ ਆਤਿਸ਼ਬਾਜ਼ੀ ਚਲੀ। ਸਭ ਨੇ ਰਲ੍ਹ ਕੇ ਆਸ਼ੀਰਵਾਦ ਦਾ ਗੀਤ ਗਾਇਆ : ਸ਼ੁਕਰੀਆ... ਦੋਨਾਂ ਨੂੰ ਟ੍ਰਾਫੀ ਦਿੱਤੀ ਗਈ। ਇਸ਼ਮੀਤ ਸਿੰਘ ਨੂੰ ਚੈੱਕ ਅਤੇ ਕਾਨਟ੍ਰੈਕਟ ਵਾਲਾ ਸਰਟੀਫਿਕੇਟ ਦਿੱਤਾ ਗਿਆ। ਗੱਡੀ ਦਿੱਤੀ ਗਈ। ਸਰਦਾਰ ਇਸ਼ਮੀਤ ਸਿੰਘ ‘ਸਾਬਤ ਸੂਰਤਿ ਦਸਤਾਰ ਸਿਰਾ’ ਨਾਲ ਵਾਇਸ ਆਫ ਇੰਡੀਆ ਬਣ ਗਿਆ। ਸਿੱਖ ਕੌਮ ਨੇ ਦਿਲ ਦੀਆਂ ਗਹਿਰਾਈਆਂ ਤੋਂ ਇਸ਼ਮੀਤ ਸਿੰਘ ਅਸ਼ੀਸ਼ ਦਿੱਤੀ ਅਤੇ ਕਿਹਾ : ਵਾਹ! ਇਸ਼ਮੀਤ ਵਾਹ!! ਸ਼ਾਬਾਸ਼!!

ਇਹ ਖ਼ਾਸ ਟਿਪਣੀਆਂ ਉਹਨਾਂ ਭੇਡੂ ਬਿਰਤੀ ਵਾਲੇ ਨੌਜਵਾਨਾਂ ਦੇ ਮੂੰਹ ਤੇ ਕਰਾਰੀ ਚਪੇੜ ਹੈ ਜੋ ਕਹਿੰਦੇ ਹਨ ਕਿ ਅੱਜਕਲ ਲੜਕੀਆਂ ਸਾਬਤ-ਸੂਰਤ ਲੜਕੇ ਪੰਸਦ ਨਹੀਂ ਕਰਦੀਆਂ। ਲੜਕੀਆਂ ਨੂੰ ਕਲੀਨ ਸ਼ੇਵਨ ਲੜਕੇ ਪਸੰਦ ਹਨ।

ਵਾਇਸ ਆਫ ਇੰਡੀਆ ਬਣਨ ਤੋਂ ਬਾਅਦ ਸ. ਇਸ਼ਮੀਤ ਸਿੰਘ ਨੇ ਐਸ.ਐਲ.ਸੀ. ਕਾਲਜ ਮੁੰਬਈ ਵਿੱਚ ਬੀ.ਕਾਮ ਭਾਗ-1 ਵਿੱਚ ਦਾਖ਼ਲਾ ਲੈ ਲਿਆ। ਇਥੇ ਸੀਰੀਅਲਾਂ ਆਦਿ ਵਿੱਚ ਆਪਣਾ ਯੋਗਦਾਨ ਪਾਉਂਦਾ ਰਿਹਾ। ਮੁੰਬਈ ਹੀ ਇਸ਼ਮੀਤ ਸਿੰਘ ਨੇ ਤੈਰਾਕੀ ਅਤੇ ਘੋੜ ਸਵਾਰੀ ਸਿੱਖੀ। ਸ. ਇਸ਼ਮੀਤ ਸਿੰਘ ਨੇ ਇਕ ਕੈਸਟ ‘‘ਸਤਿਗੁਰਿ ਤੁਮਰੇ ਕਾਜ ਸਵਾਰੇ’’ ਭੀ ਕੱਢੀ। ਇਸ ਤੋਂ ਬਾਅਦ ਇਸ਼ਮੀਤ ਸਿੰਘ ਬਾਰੇ ਖ਼ਬਰਾਂ ਘੱਟ ਹੀ ਆਈਆਂ।

ਅਚਾਨਕ ਇਕ ਰਾਤ 29 ਜੁਲਾਈ 2008 ਨੂੰ ਇਕ ਝਟਕਾ ਅਤੇ ਸਦਮਾ ਲੱਗਣ ਵਾਲੀ ਖ਼ਬਰ ਸੁਣੀ ਕਿ ਇਸ਼ਮੀਤ ਸਿੰਘ ਦੀ ਮੌਤ ਹੋ ਗਈ, ਮਾਲਦੀਵ ਦੀ ਰਾਜਧਾਨੀ ਮਾਲੇ ਵਿਖੇ, ਚਾਇਆ ਆਈਜ਼ਲੈਂਡ ਰੀਜ਼ੋਰਟ ਜਿਸਨੂੰ ਚਾਇਆ ਆਈਜ਼ਲੈਂਡ ਧੋਨੋਵਾਲੀ ਸਰਫਿੰਗ ਭੀ ਕਹਿੰਦੇ ਹਨ। ਇਸ ਤੋਂ ਭੀ ਜ਼ਿਆਦਾ ਹੈਰਾਨੀ ਹੋਈ ਜਦੋਂ ਸੁਣਿਆਂ ਕਿ ਬੱਚਿਆਂ ਲਈ ਬਣੇ ਰੀਜ਼ੋਰਟ ਦੇ ਅੰਦਰ ਤਰਨ ਤਾਲ ਵਿੱਚ ਡੁੱਬ ਕੇ ਮਰ ਗਿਆ। ਉਸ ਨੂੰ ਮਰੇ ਹੋਏ ਨੂੰ ਹਸਪਤਾਲ ਵਿੱਚ ਲੈ ਕੇ ਗਏ। ਸ਼ਾਮੀਂ ਚਾਰ ਵਜੇ ਮੌਤ ਹੋਈ ਤਕਰੀਬਨ ਸੱਤ-ਅੱਠ ਵਜੇ, ਤਿੰਨ ਚਾਰ ਘੰਟਿਆਂ ਬਾਅਦ ਘਰ ਵਾਲਿਆਂ ਨੂੰ ਪਤਾ ਲਗਿਆ। ਟੀ.ਵੀ. ਮੀਡੀਆ ਵਾਲਿਆਂ ਦੀ ਭੂਮਿਕਾ ਭੀ ਚੰਗੀ ਨਹੀਂ ਲਗੀ। ਬਾਪੂ ਆਸਾਰਾਮ ਅਤੇ ਅਰੂਸ਼ੀ ਕਤਲ ਕਾਂਡ ਵਿੱਚ ਤਾਂ ਟੀ.ਵੀ. ਵਾਲੇ ਸੱਚ ਦੀ ਤਹਿ ਤਕ ਗਏ। ਇਸ਼ਮੀਤ ਸਿੰਘ ਦੇ ਕੇਸ ਵਿੱਚ ਟੀ.ਵੀ. ਵਾਲੇ ਖ਼ਬਰ ਦੇਣ ਤੋਂ ਭੀ ਕਤਰਾਉਂਦੇ ਲਗੇ। ਬਾਪੂ ਆਸਾਰਾਮ ਡੇਰੇ ਦੇ ਬੱਚੇ ਸਾਬਰਮਤੀ ਨਦੀ ਵਿੱਚ ਡੁੱਬ ਕੇ ਮਰਨ ਨੂੰ ਤਾਂ ਟੀ.ਵੀ. ਮੀਡੀਆ ਮੰਨਦਾ ਨਹੀਂ। ਇਸ਼ਮੀਤ ਸਿੰਘ ਦੇ ਕੇਸ ਵਿੱਚ ਬਗੈਰ ਮਾਲਦੀਵ ਗਏ, ਬਾਰ-ਬਾਰ ਇਹੀ ਦੁਹਰਾ ਰਹ ਸਨ ਕਿ ਇਸ਼ਮੀਤ ਦੀ ਮੌਤ ਡੁੱਬਣ ਕਰਕੇ ਹੀ ਹੋਈ ਹੈ। ਅਰੂਸ਼ੀ ਕਤਲ ਕੇਸ ਵਿੱਚ ਟੀ.ਵੀ. ਮੀਡੀਆ ਦੋ ਮਹੀਨੇ ‘ਜਾਂਚ’ ਵਿੱਚ ਲੱਗਿਆ ਰਿਹਾ। ਅਰੂਸ਼ੀ ਦਾ ਘਰ ਕੰਪਿਉਟਰਾਈਜ਼ਡ ਨਕਸ਼ੇ ਰਾਹੀਂ ਦਿਖਾਉਂਦੇ ਰਹੇ। ਇਸ ਵਿੱਚ ਬੜੇ ਵਿਸਥਾਰ ਨਾਲ ਦਿਖਾਉਂਦੇ ਰਹੇ ਕਿ ਅਰੂਸ਼ੀ ਕਿਥੇ ਸੌਂਦੀ ਸੀ। ਉਹਦੇ ਮਾਤਾ-ਪਿਤਾ ਕਿਥੇ ਸੌਂਦੇ ਸਨ। ਨੌਕਰ ਕਿਥੇ ਸੌਂਦਾ ਸੀ। ਅਰੂਸ਼ੀ ਦੀਆਂ ਚੀਕਾਂ ਕਿਸ-ਕਿਸ ਨੂੰ ਸੁਣਾਈ ਦੇ ਸਕਦੀਆਂ ਸਨ। ਇਧਰ ਇਸ਼ਮੀਤ ਸਿੰਘ ਜੋ ‘ਸਟਾਰ ਵਾਇਸ ਆਫ ਇੰਡੀਆ ਸੀ ਦੀ ਇਸ ਤਰ੍ਹਾਂ ਖੋਜ ਕਿਸੇ ਨੇ ਨਹੀਂ ਕੀਤੀ। ਸ਼ਾਇਦ ਮਾਲਦੀਵ ਕੋਈ ਮੀਡੀਆ ਵਾਲਾ ਗਿਆ ਹੀ ਨਹੀਂ। ਸਿਰਫ ‘ਸਟਾਰ ਨਿਊਜ਼’ ਵਾਲਿਆਂ ਨੇ ਉਸ ਤਲਾਬ ਦੀ ਝਲਕ ਜਿਹੀ ਦਿਖਾਉਣ ਦੀ ਕੋਸ਼ਿਸ਼ ਕੀਤੀ, ਜਿਵੇਂ ਚਾਹਿਦਾ ਸੀ ਉਵੇਂ ਨਹੀਂ। ਹੋਟਲ ਤੇ ਇਸਦਾ ਆਲ੍ਹਾ-ਦੁਆਲਾ, ਕਿਥੋਂ ਲਾਸ਼ ਮਿਲੀ, ਕਿਹੜੇ ਡਾਕਟਰ ਨੂੰ ਦਿਖਾਇਆ ਗਿਆ ਤੇ ਇਸ਼ਮੀਤ ਸਿੰਘ ਦੇ ਨਾਲ ਕੌਣ-ਕੌਣ ਗਿਆ ਸੀ। ਹੋਰ ਬਹੁਤ ਸਾਰੇ ਸਵਾਲ ਹਨ ਜੋ ਲੋਕਾਂ ਨੂੰ ਜਵਾਬ ਚਾਹੀਦੇ ਹਨ। ਜਿਸ ਨੂੰ ਭੀ ਪੁਛੀਦਾ ਸੀ ਉਹ ਗਾਲ੍ਹ ਕੱਢ ਕੇ ਕਹਿੰਦਾ ਸੀ ‘‘..... ਨੇ ਇਸ਼ਮੀਤ ਦਾ ਕਤਲ ਕਰ ਦਿੱਤਾ। ਬਾਹਰੋਂ ਬੇਹੋਸ਼ ਕਰਕੇ ਲਿਆਏ ਹੋਣਗੇ ਤੇ ਤਲਾਅ ਵਿੱਚ ਸੁੱਟ ਦਿੱਤਾ ਹੋਵੇਗਾ।’’ ਹਰੇਕ ਦੇ ਮੂੰਹੋਂ ਇਹੀ ਗੱਲ ਸੁਣੀਦੀ ਸੀ।

ਇਸ਼ਮੀਤ ਸਿੰਘ ਦੀ ਮ੍ਰਿਤਕ ਦੇਹ ਵਿਸ਼ੇਸ਼ ਜਹਾਜ਼ ਰਾਹੀਂ ਲੁਧਿਆਣੇ ਦੇ ਹਲਵਾਰੇ ਹਵਾਈ ਅੱਡੇ ਤੇ ਆਈ। ਮਾਂ, ਭੈਣ ਤੇ ਰਿਸ਼ਤੇਦਾਰਾਂ ਦਾ ਰੋਂਦਿਆ ਦਾ ਬੁਰਾ ਹਾਲ ਸੀ। ਲਾਸ਼ ਦੇਖਣ ਵਾਲਿਆਂ ਨੇ ਟੀ.ਵੀ. ਰਾਹੀਂ ਦਸਿਆ ਕਿ ਇਸ਼ਮੀਤ ਦੇ ਮੱਥੇ ਤੇ ਪੁੜਪੁੜੀ ਅਤੇ ਛਾਤੀ ਤੇ ਸੱਟਾਂ ਦੇ ਨਿਸ਼ਾਨ ਸਨ। ਸਾਜਿਸ਼ ਨਾਲ ਕਤਲ ਕੀਤਾ ਗਿਆ। ਰਾਤ ਲਾਸ਼ ਡੀ.ਐਮ.ਸੀ ਰੱਖੀ ਗਈ। 31 ਜੁਲਾਈ 2008 ਨੂੰ ਸਿਵਲ ਹਸਪਤਾਲ ਵਿਖੇ ਪੋਸਟ ਮਾਰਟਮ ਹੋਇਆ। ਰਿਪੋਰਟ ਵਿੱਚ ਪਾਣੀ ਨਾਲ ਮੌਤ ਹੋਈ ਦਸਿਆ ਗਿਆ। ਫੇਫੜਿਆਂ ਅਤੇ ਕਿਡਨੀ ਵਿੱਚ ਪਾਣੀ ਦਸਿਆ ਗਿਆ। ਉਸ ਪਾਣੀ ਨੂੰ ਜਾਂਚ ਲਈ ਭੇਜਿਆ ਗਿਆ ਜਾਂ ਨਹੀਂ ਕੋਈ ਪਤਾ ਨਹੀਂ ਪਰ ਬਿਸਤਰਾ ਜਾਂਚ ਲਈ ਪਟਿਆਲੇ ਭੇਜਿਆ ਜਾਏਗਾ ਇਹ ਕਿਹਾ। ਇਸ਼ਮੀਤ ਸਿੰਘ ਦੀ ਲਾਸ਼ ਘਰ ਵਾਲਿਆਂ ਨੂੰ ਸੌਂਪ ਦਿੱਤੀ। ਗੁਰਦੁਆਰਾ ਦੁਖ ਨਿਵਾਰਣ, ਲੁਧਿਆਣੇ ਤੋਂ ਹੁੰਦੀ ਹੋਈ ਲਾਸ਼ ਪਹੁੰਚ ਗਈ। ਲੱਖਾਂ ਹੀ ਮਨੁੱਖ ਇਸ਼ਮੀਤ ਸਿੰਘ ਦੀ ਇਕ ਝਲਕ ਪਾਉਣ ਲਈ ਬੇਤਾਬ ਸਨ। ਪੁਲਿਸ ਬੰਦੋਬਸਤ ਪੂਰਾ ਸੀ। ਸੰਗਤ ਸ਼ਾਸ਼ਤਰੀ ਨਗਰ ਘਰ ਤੋਂ ਲੈਕੇ ਮਾਡਲ ਟਾਉਨ ਸ਼ਮਸ਼ਾਨ ਘਾਟ ਤਕ ਖੜੀ ਸੀ।

ਅੰਤਿਮ ਯਾਤਰਾਵਾਂ ਤਾਂ ਬਹੁਤ ਹੀ ਦੇਖੀਆਂ ਪਰ ਇਹ ਤਾਂ ਇਕ ਨਿਵੇਕਲੀ ਹੰਝੂਆਂ ਭਰੀ ਵਿਦਾਇਗੀ ਸੀ। ਇਕ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀ ਅੰਤਿਮ ਯਾਤਰਾ ਮਾਸਟਰ ਤਾਰਾ ਸਿੰਘ ਜੀ ਦੀ ਸੀ। ਉਦੋਂ ਭੀ ਬਹੁਤ ਸੰਗਤ ਸੀ। ਜਿਸ ਨਾਲ ਭੀ ਗੱਲ ਕੀਤੀ ਉਹਨੇ ਇਹੀ ਕਿਹਾ : ਜਿਨ੍ਹਾਂ ਨੂੰ ਚੜ੍ਹਦੀ ਕਲਾ ਵਾਲੇ ਸਿੱਖੀ ਸਰੂਪ ਨਾਲ ਸਾੜਾ ਹੈ, ਇਹ ਕਾਰਾ ਭੀ ਉਹਨਾਂ ਦਾ ਹੀ ਹੈ। ਉਹ ਵਾਇਸ ਆਫ ਇੰਡੀਆ ਸ. ਇਸ਼ਮੀਤ ਸਿੰਘ ਦੀ ਚੜ੍ਹਦੀ ਕਲਾ ਬਰਦਾਸ਼ਤ ਨਾ ਕਰ ਸਕੇ। ਅਗਰ ਉਹ 14 ਸਾਲਾ ਦੇ ਗਵਾਹ ਲੜਕੇ ਦਾ ਨਾਰਕੋ ਟੈਸਟ ਕਰਵਾਇਆ ਜਾਏ ਤਾਂ ਸਭ ਸੱਚ ਸਾਹਮਣੇ ਆ ਸਕਦਾ ਹੈ। ਇਹ ਗੱਲਾਂ ਉਹਨਾਂ ਦੀਆਂ ਹਨ ਜਿਹੜੇ ਇਸ਼ਮੀਤ ਸਿੰਘ ਦੇ ਅੰਤਿਮ ਸੰਸਕਾਰ ਲਈ ਕਾਫੀ ਦੇਰ ਤੋਂ ਖੜ੍ਹੇ ਸਨ।

ਇਕ ਸਿੰਘ ਨੇ ਕਿਹਾ ਸਿੱਖ ਕੌਮ ਕੁਰਬਾਨੀ ਵਾਲੇ ਸਿੰਘਾਂ ਦੀ ਦੀ ਦੀਵਾਨੀ ਹੈ। ਮਰਨਾ ਤਾਂ ਸਭ ਨੇ ਹੈ ਪਰ ਇਸ ਤਰ੍ਹਾਂ ਦੀ ਵਿਦਾਇਗੀ ਵਿਰਲਿਆਂ ਦੇ ਭਾਗਾਂ ਵਿੱਚ ਹੁੰਦੀ ਹੈ। ਜੋ ਮਰਜ਼ੀ ਗਵਾਹੀਆਂ ਸਫਾਈਆਂ ਦਿੰਦੇ ਰਹਿਣ ਸੱਚ ਤਾਂ ਇਹੀ ਹੋ ਸਕਦਾ। ਸ. ਇਸ਼ਮੀਤ ਸਿੰਘ ਜੀ ਦੀ ਮ੍ਰਿਤਕ ਦੇਹ ਨੂੰ 31 ਜੁਲਾਈ 2008 ਸ਼ਾਮੀਂ 5.00 ਵਜੇ ਸਰਕਾਰੀ ਸਨਮਾਨਾਂ ਨਾਲ ਅਗਨ ਭੇਟ ਕੀਤਾ ਗਿਆ।

3 ਅਗਸਤ 2008 ਨੂੰ ਸ. ਇਸ਼ਮੀਤ ਸਿੰਘ ਦੀ ਅੰਤਮ ਅਰਦਾਸ ਭੀ ਹੋ ਗਈ। ਬੇਅੰਤ ਸੰਗਤ ਅੰਤਮ ਅਰਦਾਸ ਵਿੱਚ ਸ਼ਾਮਲ ਹੋਈ। ਇਨ੍ਹਾਂ ਵਿੱਚ ਮੁੱਖ ਤੌਰ ਤੇ ਸ. ਪ੍ਰਕਾਸ਼ ਸਿੰਘ ਬਾਦਲ, ਸ. ਅਵਤਾਰ ਸਿੰਘ ਮੱਕੜ ਪ੍ਰਧਾਨ-ਸ਼੍ਰੋਮਣੀ ਕਮੇਟੀ, ਸ. ਹਾਕਮ ਸਿੰਘ ਗਿਆਸਪੁਰ ਮੇਅਰ ਲੁਧਿਆਣਾ, ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਆਦਿ ਹਸਤੀਆਂ ਸ਼ਾਮਲ ਸਨ। ਸਭ ਨੇ ਸ਼ਰਧਾਂਜਲੀ ਦਿੱਤੀ, ਪਰਵਾਰ ਨੂੰ ਹੌਂਸਲਾ ਤੇ ਸਮਰੱਥਾ ਅਨੁਸਾਰ ਸਹਾਇਤਾ ਲਈ ਮਾਇਕ ਘੋਸ਼ਣਾਵਾਂ ਹੋਈਆਂ। ਸ. ਪ੍ਰਕਾਸ਼ ਸਿੰਘ ਬਾਦਲ ਨੇ ਸ. ਇਸ਼ਮੀਤ ਸਿੰਘ ਦੀ ਯਾਦ ਵਿੱਚ ਹੇਠ ਲਿਖੀਆਂ ਘੋਸ਼ਣਾਵਾਂ ਕੀਤੀਆਂ :

1) ਪੱਖੋਵਾਲ ਰੋਡ ਦਾ ਨਾਮ ਕਾਕਾ ਇਸ਼ਮੀਤ ਸਿੰਘ ਰੋਡ ਰਖਿਆ ਜਾਏਗਾ।

2) ਸ. ਇਸ਼ਮੀਤ ਸਿੰਘ ਦੇ ਨਾਂ ਤੇ ਇਕ ਰਾਜ ਪੱਧਰੀ ਸੰਗੀਤ ਅਕੈਡਮੀ ਬਣਾਈ ਜਾਏਗੀ। ਅਕੈਡਮੀ ਦਾ ਡਾਇਰੈਕਟਰ ਇਸ਼ਮੀਤ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਦੀ ਮਰਜ਼ੀ ਅਨੁਸਾਰ ਹੋਵੇਗਾ।

3) ਸੀ.ਬੀ.ਆਈ. ਜਾਂਚ ਰਾਹੀਂ ਇਸ਼ਮੀਤ ਸਿੰਘ ਦੀ ਮੌਤ ਦਾ ਸੱਚ ਲੱਭਿਆ ਜਾਏਗਾ। ਇਸ ਤਰ੍ਹਾਂ ਦਾ ਸਿਆਣਾ ਬੱਚਾ ਕਿਵੇਂ ਡੁੱਬ ਸਕਦਾ ਹੈ।

ਉਪਰੰਤ ਅਰਦਾਸ ਹੋਈ ਅਤੇ ਸੰਗਤ ਆਪੋ ਆਪਣੇ ਰਸਤੇ ਪੈ ਗਈ।

- - -

ਸੰਪਾਦਕੀ ਟਿੱਪਣੀ : ਇਸ ਵਿੱਚ ਕੋਈ ਸ਼ੱਕ ਦੀ ਗੱਲ ਨਹੀਂ ਕਿ ਬਹੁਤ ਥੋੜੇ ਜਿਹੇ ਸਮੇਂ ਵਿੱਚ ਇਸ਼ਮੀਤ ਸਿੰਘ ਇਕ ਹਰਮਨ ਪਿਆਰੇ ਗਾਇਕ ਦੇ ਰੂਪ ਵਿੱਚ ਸਥਾਪਿਤ ਹੋ ਰਿਹਾ ਸੀ। ਪੰਜਾਬ ਦੇ ਹੋਰ ਬਹੁਤ ਸਾਰੇ ਗਾਇਕਾਂ ਦੇ ਉਲਟ, ਉਸਦੇ ਸਾਬਤ-ਸੂਰਤ ਸਿੱਖ ਸਰੂਪ ਧਾਰਨੀ ਹੋਣ ਨੇ ਉਸਦੀ ਇੱਜ਼ਤ ਵਿੱਚ ਕਈ ਗੁਣਾ ਵਾਧਾ ਕੀਤਾ। ਇਸੇ ਕਾਰਨ ਇਸ਼ਮੀਤ ਸਿੰਘ ਦੇ ‘ਵਾਇਸ ਆਫ਼ ਇੰਡੀਆ’ ਬਣਨ ਵੇਲੇ ਬ੍ਰਾਹਮਣਵਾਦੀਆਂ ਦੇ ਮਨਾਂ ਵਿੱਚ ਉਪਜੀ ਖਿਝ ਤੇ ਈਰਖਾ ਦੀ ਭਾਵਨਾ ਕਿਸੇ ਤੋਂ ਛੁਪੀ ਹੋਈ ਨਹੀਂ। ਭਾਵੇਂ ਇਸ਼ਮੀਤ ਸਿੰਘ ਦੀ ਮੌਤ ਨੂੰ ਹਿਕ ਹਾਦਸੇ ਵਜੋਂ ਪੇਸ਼ ਕੀਤਾ ਗਿਆ ਹੈ ਪਰ ਇਸ ਗੱਲ ਦੀ ਵੀ ਵੱਡੀ ਸੰਭਾਵਨਾ ਹੈ ਕਿ ਕਿਸੇ ਈਰਖਾਲੂ ਬ੍ਰਾਹਮਣਵਾਦੀ ਨੇ ਉਸਦਾ ਕਤਲ ਹੀ ਕੀਤਾ ਹੋਏ। ਇਸ ਸੰਭਾਵਨਾ ਤੋਂ ਚੰਗੀ ਤਰ੍ਹਾਂ ਜਾਣੂ ਬ੍ਰਾਹਮਣਵਾਦੀ ਮੀਡੀਆ ਨੇ ਇਸ਼ਮੀਤ ਸਿੰਘ ਦੀ ਮੌਤ ਦੇ ਤੱਥਾਂ ਬਾਰੇ ਕੋਈ ਪੜਤਾਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਦਕਿ ਆਰੂਸ਼ੀ ਕਤਲ ਕਾਂਡ ਜਾਂ ਅਜਿਹੇ ਹੋਰਨਾਂ ਪ੍ਰਚਲਿਤ ਅਪਰਾਧਾਂ ਵਿੱਚ ਵਿਸ਼ੇਸ਼ ‘ਜਾਂਚ ਰਿਪੋਰਟਾਂ’ ਤਿਆਰ ਕਰਨ ਦੀ ਹੋੜ ਲੱਗੀ ਰਹਿੰਦੀ ਹੈ।

ਨਿਸ਼ਚਿਤ ਤੌਰ ’ਤੇ ਹਰ ਸਿੱਖ ਨੂੰ ਇਸ਼ਮੀਤ ਸਿੰਘ ਜਿਹੇ ਹੋਨਹਾਰ ਨੌਜੁਆਨ ਦੀ ਮੌਤ ਦਾ ਅਫ਼ਸੋਸ ਹੋਇਆ ਹੋਵੇਗਾ। ਪਰ ਫਿਰ ਵੀ ਸਾਨੂੰ ਸਾਰੇ ਫੈਸਲੇ ਜਜ਼ਬਾਤੀ ਹੋ ਨਹੀਂ ਲੈਣੇ ਚਾਹੀਦੇ। ਇਸ਼ਮੀਤ ਸਿੰਘ ਭਾਵੇਂ ਇਕ ਸਿੱਖੀ-ਸਰੂਪ ਵਾਲਾ ਨੌਜੁਆਨ ਸੀ ਪਰ ਉਸਦੀ ਮੁੱਖ ਪ੍ਰਾਪਤੀ ਗਾਇਕੀ ਦੇ ਖੇਤਰ ਵਿੱਚ ਹੀ ਸੀ। ਗਾਇਕੀ ਦੇ ਖੇਤਰ ਵਿੱਚ ਨਾਮ ਕਮਾਉਣ ਵਾਲਾ ਵਿਅਕਤੀ ਸਿੱਖੀ ਦਾ ਪ੍ਰਚਾਰ ਨਹੀਂ ਕਰ ਰਿਹਾ ਹੁੰਦਾ ਬਲਕਿ ਨਿਜੀ ਲਾਭ ਪ੍ਰਾਪਤ ਕਰ ਰਿਹਾ ਹੁੰਦਾ ਹੈ। ਜਿਵੇਂ ਇਕ ਬਹੁਤ ਵਧੀਆ ਗਾਇਕਾ ਹੋਣ ਦੇ ਬਾਵਜੂਦ ਲਤਾ ਮੰਗੇਸ਼ਕਰ ਨੂੰ ਹਿੰਦੂ ਧਰਮ ਦਾ ਪ੍ਰਚਾਰਕ ਨਹੀਂ ਕਿਹਾ ਜਾ ਸਕਦਾ, ਉਵੇਂ ਹੀ ਇਸ਼ਮੀਤ ਸਿੰਘ ਨੂੰ ਵੀ ਸਿੱਖ ਧਰਮ ਦਾ ਪ੍ਰਚਾਰਕ ਨਹੀਂ ਮੰਨਿਆ ਜਾ ਸਕਦਾ। ਇਸਦੇ ਬਾਵਜੂਦ, ਸ਼੍ਰੋਮਣੀ ਕਮੇਟੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਇਸ਼ਮੀਤ ਸਿੰਘ ਨੂੰ ਸਿੱਖਾਂ ਦੇ ‘ਰੋਲ ਮਾਡਲ’ ਵਜੋਂ ਉਭਾਰਨ ਦੀਆਂ ਕੋਸ਼ਿਸ਼ਾਂ ਕਰਨਾ ਇਕ ਅਤਿ ਅਫ਼ਸੋਸਜਨਕ ਕਾਰਵਾਈ ਕਹੀ ਜਾ ਸਕਦੀ ਹੈ। ਸਮੇਂ ਦੀ ਮੰਗ ਹੈ ਕਿ ਅੱਜ ਸਿੱਖਾਂ ਦਾ ਰੋਲ ਮਾਡਲ ਗਾਇਕ ਨਹੀਂ ਬਲਕਿ ਭਾਈ ਗੁਰਦਾਸ, ਭਾਈ ਨੰਦ ਲਾਲ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਸ੍ਰ: ਕਪੂਰ ਸਿੰਘ ਵਰਗੇ ਵਿਦਵਾਨ ਹੋਣੇ ਚਾਹੀਦੇ ਹਨ, ਤਾਂ ਜੋ ਸਿੱਖਾਂ ਦਾ ਮਾਨਸਿਕ, ਆਰਥਕ, ਸਮਾਜਕ ਤੇ ਧਾਰਮਕ ਵਿਕਾਸ ਹੋ ਸਕੇ।

ਇਸਦੇ ਉਲਟ, ਦਿੱਲੀ ਗੁਰਦੁਆਰਾ ਕਮੇਟੀ ਨੇ ਇਸ਼ਮੀਤ ਸਿੰਘ ਦੀ ਮੌਤ ’ਤੇ ਤੁਰੰਤ ਆਪਣੇ ਪ੍ਰਬੰਧ ਵਾਲੇ ਖ਼ਾਲਸਾ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਜਦਕਿ ਗੁਰਦੁਆਰੇ ਵਿੱਚ ਰਸ-ਭਿੰਨੀ ਅਵਾਜ਼ ਵਿੱਚ ਕੀਰਤਨ ਜਾਂ ਗੁਰਬਾਣੀ ਵਿਚਾਰ ਕਰਕੇ ਲੋਕਾਂ ਨੂੰ ਗੁਰਬਾਣੀ ਨਾਲ ਜੋੜਨ ਵਾਲੇ ਕਿਸੇ ਵੀ ਪ੍ਰਚਾਰਕ/ਰਾਗੀ ਦੀ ਮੌਤ ’ਤੇ ਅਫ਼ਸੋਸ ਪ੍ਰਗਟਾਉਣ ਲਈ ਅਜਿਹੀ ਕਾਰਵਾਈ ਨਹੀਂ ਕੀਤੀ ਜਾਂਦੀ। ਕੀ ਇਸ਼ਮੀਤ ਸਿੰਘ ਨੂੰ ਗੁਰੂ ਘਰ ਦੇ ਕੀਰਤਨੀਆਂ ਤੋਂ ਵੀ ਵੱਡਾ ਸਮਝਿਆ ਜਾਵੇ? ਭਾਵੇਂ ਇਸ਼ਮੀਤ ਸਿੰਘ ਨੇ ਵੀ ਕੀਰਤਨ ਦੀ ਇਕ ਕੈਸੇਟ ਕੱਢੀ ਸੀ ਪਰ ਆਪਣੀ ਪਹਿਲੀ ਹੀ ਕੈਸੇਟ ਵਿੱਚ ਦਸਮ ਗ੍ਰੰਥ ਜਿਹੀ ਵਿਵਾਦਿਤ ਪੁਸਤਕ ਦੀ ਰਚਨਾ ਨੂੰ ‘ਕੀਰਤਨ’ ਵਜੋਂ ਪੇਸ਼ ਕਰਨ ਨਾਲ ਜ਼ਾਹਿਰ ਹੋ ਜਾਂਦਾ ਹੈ ਕਿ ਗੁਰਮਤਿ ਦੇ ਗਿਆਨ ਪੱਖੋਂ ਜਾਂ ਤਾਂ ਇਸ਼ਮੀਤ ਸਿੰਘ ਦਾ ਵਿਕਾਸ ਹਾਲਾਂ ਹੋਣਾ ਬਾਕੀ ਸੀ ਜਾਂ ਫਿਰ ਉਹ ਵੀ ਮਿਲਗੋਭਾ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ।

ਸਿੱਖਾਂ ਨੂੰ ਇਹ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਹਰ ਕੇਸਾਧਾਰੀ ਵਿਅਕਤੀ ਨੂੰ ਗੁਰਸਿੱਖ ਨਹੀਂ ਮੰਨਿਆ ਜਾ ਸਕਦਾ ਬਲਕਿ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਪਾਲਨ ਕਰਨ ਵਾਲੇ ਵਿਅਕਤੀ ਨੂੰ ਹੀ ‘ਗੁਰਸਿੱਖ’ ਕਿਹਾ ਜਾ ਸਕਦਾ ਹੈ। ਬਹੁਤ ਸਾਰੇ ਰਾਧਾ ਸੁਆਮੀ, ਨਿਰੰਕਾਰੀ, ਨੂਰ ਮਹਿਲੀਏ ਅਤੇ ਸਿਰਸੀਏ ਵੀ ਕੇਸਾਧਾਰੀ ਵੀ ਹੁੰਦੇ ਹਨ ਅਤੇ ਜ਼ਾਹਿਰੀ ਤੇ ਕਾਗਜ਼ੀ ਤੌਰ ’ਤੇ ਸਿੱਖ ਵੀ ਹੁੰਦੇ ਹਨ ਪਰ ਗੁਰਮਤਿ ਵਿਚਾਰਧਾਰਾ ’ਤੇ ਪਰਖਿਆਂ ਇਸ ਤੁਰੰਤ ਪਰਤੱਖ ਹੋ ਜਾਂਦਾ ਹੈ ਕਿ ਉਹ ਗੁਰਸਿੱਖ ਨਹੀਂ ਹਨ। ਖੁਸ਼ਕਿਸਮਤੀ ਨਾਲ ਇਸ਼ਮੀਤ ਸਿੰਘ ਦਾ ਸਬੰਧ ਅਜਿਹੀ ਸੰਪਰਦਾਵਾਂ ਨਾਲ ਨਹੀਂ ਸੀ ਬਲਕਿ ਕਿਉਂਕਿ ਉਸਦਾ ਪਰਵਾਰ ‘ਗੁਰੂ ਗੋਬਿੰਦ ਸਿੰਘ ਸਟਡੀ ਸਰਕਲ’ ਵਰਗੀ ਜੱਥੇਬੰਦੀ ਨਾਲ ਸਬੰਧਿਤ ਹੈ (ਇਸ਼ਮੀਤ ਦੇ ਚਾਚਾ ਡਾ: ਚਰਨ ਕੰਵਲ ਸਿੰਘ ਹੀ ਸਟਡੀ ਸਰਕਲ ਦੇ ਮੁਖੀ ਹਨ)। ਪਰ ਸਿੱਖਾਂ ਨੂੰ ਹਰ ਕੇਸਾਧਾਰੀ ਵਿਅਕਤੀ ਨੂੰ ਗੁਰਸਿੱਖ ਮੰਨਣ ਦੀ ਗਲਤ ਰਵਾਇਤ ਦਾ ਤਿਆਗ ਕਰਨਾ ਜ਼ਰੂਰੀ ਹੈ। ਸਿੱਖਾਂ ਦੀ ਇਸੇ ਮਾਨਸਿਕਤਾ ਦਾ ਲਾਭ ਭੇਖੀ ਸਾਧਾਂ ਅਤੇ ਆਰ.ਐਸ.ਐਸ. ਦੇ ਏਜੰਟਾਂ ਵਜੋਂ ਚੁੱਕਿਆ ਜਾਂਦਾ ਹੈ ਜੋ ਸਿੱਖੀ ਸਰੂਪ ਧਾਰਨ ਕਰਕੇ, ਮਨਮਤਿ ਦਾ ਪ੍ਰਚਾਰ ਕਰਦੇ ਹਨ। ਇਸ਼ਮੀਤ ਸਿੰਘ ਦੀ ਮੌਤ ’ਤੇ ਰੋਣਂਪਿੱਟਣ ਦੀ ਬਜਾਏ ਸਿੱਖਾਂ ਨੂੰ ਗੰਗੂਕਿਆਂ ਦੀ ਈਰਖਾਲੂ ਤੇ ਮੱਕਾਰ ਨੀਤੀਆਂ ਤੋਂ ਸਾਵਧਾਨ ਰਹਿਣ ਦੀ ਆਦਤ ਵਿਕਸਿਤ ਕਰਨੀ ਚਾਹੀਦੀ ਹੈ।