

ਸਿੱਖ ਕੌਮ ਅਤੇ ਨੌਜੁਆਨਾਂ ਦਾ ਅੰਧਕਾਰਮਈ ਭਵਿੱਖ (ਭਾਗ-1)
- ਰਜਿੰਦਰ ਸਿੰਘ ਖ਼ਾਲਸਾ -
ਮੁੱਖ ਸੇਵਾਦਾਰ-ਸ਼੍ਰੋਮਣੀ ਖਾਲਸਾ ਪੰਚਾਇਤ
ਫੋਨ : 9876104726
ਕਿਸੇ ਕੌਮ ਦਾ ਭਵਿੱਖ ਇਸ ਗੱਲ ਤੇ ਬਹੁਤ ਨਿਰਭਰ ਕਰਦਾ ਹੈ ਕਿ ਉਸ ਕੌਮ ਦੀ ਨੌਜੁਆਨੀ ਕਿਤਨੀ ਸਿਖਿਅਤ, ਦੂਰਅੰਦੇਸ਼, ਜਿੰਮੇਵਾਰ ਅਤੇ ਨੇਮਬੱਧ (disciplined) ਹੈ। ਇਨ੍ਹਾਂ ਸਾਰੀਆਂ ਗੱਲਾਂ ਦੇ ਨਾਲ ਹੀ ਇਹ ਅਤਿ ਮਹੱਤਵ ਪੂਰਨ ਹੈ ਕਿ ਉਸ ਦੀ ਕੌਮ ਪ੍ਰਤੀ ਵਚਨਬੱਧਤਾ ਕਿਤਨੀ ਹੈ।
ਅਜ ਜਿਸ ਵੇਲੇ ਸਿੱਖ ਕੌਮ ਪੂਰੀ ਤਰ੍ਹਾਂ ਦੁਸ਼ਮਨ ਸ਼ਕਤੀਆਂ ਦੇ ਘੇਰੇ ਵਿਚ ਹੈ, ਹਰ ਹੀਲੇ ਸਿੱਖ ਕੌਮ ਨੂੰ ਨੇਸਤੋ-ਨਾਬੂਦ ਕਰਨ ਦੀਆਂ ਸਾਜ਼ਸ਼ਾਂ ਘੜੀਆਂ ਜਾ ਰਹੀਆਂ ਹਨ, ਸਿੱਖੀ ਦੇ ਅਨਮੋਲ ਸਿਧਾਂਤਾਂ ਵਿਚ ਰੌਲ-ਘਚੋਲਾ ਪਾ ਕੇ, ਇਸ ਨੂੰ ਬਿਪਰਵਾਦ ਦੇ ਗਹਿਰੇ ਖਾਰੇ ਸਮੁੰਦਰ ਵਿਚ ਜਜ਼ਬ ਕਰਨ ਦੀਆਂ ਤਿਆਰੀਆਂ ਪੂਰੇ ਜੋਰਾਂ ਤੇ ਹਨ, ਇਹ ਅਤਿ ਜ਼ਰੂਰੀ ਹੋ ਜਾਂਦਾ ਹੈ ਕਿ ਕੌਮੀ ਨੌਜੁਆਨੀ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਅਤੇ ਕੌਮੀ ਹਿੱਤਾਂ ਲਈ ਸੰਘਰਸ਼ਸ਼ੀਲ ਹੋਵੇ।
ਇਹ ਪਹਿਲੀ ਵਾਰ ਨਹੀਂ ਕਿ ਸਿੱਖ ਕੌਮ ਨੂੰ ਇਹੋ ਜਿਹੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ। ਬਲਕਿ ਸਿੱਖ ਕੌਮ ਤਾਂ ਜਦੋਂ ਦੀ ਹੋਂਦ ਵਿੱਚ ਆਈ ਹੈ, ਇਸ ਨੂੰ ਲਗਾਤਾਰ ਸੰਘਰਸ਼ ਵਿਚੋਂ ਲੰਘਣਾ ਪਿਆ ਹੈ। ਪਰ ਇਕ ਵੱਡਾ ਫਰਕ ਸੀ ਕਿ ਦੁਸ਼ਮਨ, ਦੁਸ਼ਮਨ ਬਣ ਕੇ ਸ੍ਹਾਮਣੇ ਮੈਦਾਨ ਵਿਚ ਆਉਂਦਾ ਸੀ। ਅਗੋਂ ਆਪਣੇ ਸਤਿਗੁਰੂ ਦੇ ਬਖਸ਼ੇ ਆਦਰਸ਼ਾਂ, ਸ਼ਸਤਰਾਂ ਅਤੇ ਜਜ਼ਬੇ ਨਾਲ ਲੈਸ ਸਿੱਖ ਕੌਮ ਉਨ੍ਹਾਂ ਨੂੰ ਮੂੰਹ ਤੋੜ ਜੁਆਬ ਦੇਂਦੀ। ਸਿੱਖ ਇਤਿਹਾਸ ਗੁਆਹ ਹੈ ਕਿ ਇਨ੍ਹਾਂ ਮੁਹਿੰਮਾਂ ਵਿਚ ਬੱਚੇ ਤੋਂ ਬੁੱਢੇ ਤਕ ਸਭ ਨੇ ਆਪਣਾ ਢੁਕਵਾਂ ਯੋਗਦਾਨ ਪਾਇਆ, ਪਰ ਬਿਨਾਂ ਸ਼ੱਕ ਸਭ ਤੋਂ ਵੱਧ ਯੋਗਦਾਨ ਸਿੱਖ ਨੌਜੁਆਨੀ ਦਾ ਰਿਹਾ। ਤਾਂ ਹੀ ਤਾਂ ਇਤਨੀ ਘੱਟ ਗਿਣਤੀ ਵਿਚ ਹੁੰਦਿਆਂ, ਇਤਨੇ ਤਾਕਤਵਰ ਦੁਸ਼ਮਨ ਦੇ ਟਾਕਰੇ ਅਤੇ ਇਤਨੀਆਂ ਔਕੜਾਂ ਦੇ ਬਾਵਜੂਦ ਕੁਝ ਸਾਲਾਂ ਵਿਚ ਹੀ ਖਾਲਸਾ ਰਾਜ ਕਾਇਮ ਕਰ ਲਿਆ। ਪਰ ਅੱਜ ਹਾਲਾਤ ਬਿਲਕੁਲ ਅਲੱਗ ਹਨ। ਅਜ ਦੁਸ਼ਮਨ, ਦੋਸਤ ਦਾ ਰੂਪ ਧਾਰਨ ਕਰਕੇ ਮੱਕਾਰੀ ਨਾਲ ਸਿੱਖ ਅਤੇ, ਸਿੱਖੀ ਨੂੰ ਖਤਮ ਕਰਨ ਦੇ ਮਨਸੂਬੇ ਘੜ ਰਿਹਾ ਹੈ। ਇਹ ਮੱਕਾਰੀ ਵਾਲਾ ਹਮਲਾ ਵੀ ਪਹਿਲੀ ਵਾਰ ਨਹੀਂ ਹੋਇਆ। ਖਾਲਸਾ ਰਾਜ ਦੇ ਕਾਇਮ ਹੁੰਦਿਆਂ ਹੀ ਇਹ ਦੁਸ਼ਮਨ, ਖਾਲਸੇ ਦੀ ਧਰਮ ਨਿਰਪੱਖ ਸੋਚ ਨੂੰ ਪੌੜੀ ਬਣਾਕੇ, ਦੋਸਤ ਬਣਕੇ, ਰਾਜਸੱਤਾ ਵਿਚ ਸ਼ਾਮਲ ਹੋ ਗਿਆ। ਖਾਲਸਾ ਫੌਜਾਂ ਤਾਂ ਆਪਣੀ ਜਾਨ ਤੇ ਖੇਡ ਕੇ ਖਾਲਸਾ ਰਾਜ ਦੀਆਂ ਸਰਹੱਦਾਂ ਨੂੰ ਵਧਾਉਣ ਵਿਚ ਲਗੀਆਂ ਰਹੀਆਂ, ਇਹ ਦੁਸ਼ਮਨ ਅੰਦਰੋਂ ਅੰਦਰੀ ਖਾਲਸਾ ਰਾਜ ਦੇ ਪ੍ਰਤੱਖ ਦੁਸ਼ਮਨਾਂ ਨਾਲ ਮਿਲ ਕੇ ਰਾਜਸੱਤਾ ਨੂੰ ਖੋਖਲਾ ਕਰਨ ਵਿਚ ਲੱਗਾ ਰਿਹਾ, ਅਤੇ ਅੰਤ ਇਸ ਦੀਆਂ ਸਾਜਿਸ਼ਾਂ ਜੋ ਰੰਗ ਲਿਆਈਆਂ ਉਹ ਕਿਸੇ ਤੋਂ ਲੁਕਿਆ ਨਹੀਂ। ਇਹ ਮੱਕਾਰੀ ਦਾ ਹਮਲਾ ਸਦਾ ਜਾਰੀ ਰਿਹਾ ਹੈ। ਪਰ ਅੱਜ ਦੋ ਵੱਡੇ ਫਰਕ ਹਨ। ਪਹਿਲਾ ਤਾਂ ਇਹ ਕਿ ਸਦੀਆਂ ਦੀ ਗੁਲਾਮੀ ਤੋਂ ਬਾਅਦ ਅੱਜ ਇਹ ਰਾਜਸੱਤਾ ਤੇ ਕਾਬਜ਼ ਹੈ। ਦੂਸਰਾ ਇਹ ਕਿ ਅੱਜ ਸਿੱਖ ਕੌਮ ਦੀ ਅਗਵਾਈ ਗੱਦਾਰ ਆਗੂਆਂ ਦੇ ਹੱਥ ਹੈ, ਜੋ ਇਸ ਦੀ ਮਦਦ ਅਤੇ ਰਾਜਸੱਤਾ ਦੀ ਤਾਕਤ ਨਾਲ ਭੋਲੀ-ਭਾਲੀ ਸਿੱਖ ਕੌਮ ਨੂੰ ਗੁੰਮਰਾਹ ਕਰਕੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਥਾਪਿਤ ਕਰ ਚੁਕੇ ਹਨ। ਅਜ ਇਨ੍ਹਾਂ ਗੱਦਾਰ ਸਿੱਖ ਆਗੂਆਂ ਦੇ ਸਾਧਨ ਅਤੇ ਸਮਰਥਾ ਅਸੀਮਤ ਹਨ। ਫਿਰ ਜੇ ਵਾੜ ਹੀ ਖੇਤ ਨੂੰ ਖਾਣ ਲਗ ਪਏ, ਤਾਂ ਬਚਾ ਕੌਣ ਸਕਦਾ ਹੈ?
ਇਕ ਮਿੱਤਰ ਦੀ ਸੁਣਾਈ ਹੋਈ ਇਕ ਬਹੁਤ ਪਿਆਰੀ ਗੱਲ ਯਾਦ ਆਈ। ਭਾਵੇਂ ਹੈ ਤਾਂ ਕਹਾਣੀ ਪਰ ਸਿੱਖ ਕੌਮ ਦੇ ਅਜ ਦੇ ਹਾਲਾਤ ਬਿਆਨ ਕਰਨ ਲਈ ਬਹੁਤ ਢੁਕਵੀਂ ਹੈ। ਇਕ ਜੰਗਲ ਨੂੰ ਵੱਢਣ ਦੀ ਤਿਆਰੀ ਹੋ ਰਹੀ ਸੀ, ਜੰਗਲ ਦੇ ਦਰੱਖਤਾਂ ਨੂੰ ਪਤਾ ਲੱਗਾ ਤਾਂ ਸਾਰੇ ਚਿੰਤਾ ਵਿਚ ਪੈ ਗਏ। ਸਾਰਿਆਂ ਨੇ ਬਾਬਾ ਬੋਹੜ ਦੀ ਅਗਵਾਈ ਵਿਚ ਮੀਟਿਂਗ ਕੀਤੀ ਤਾਂ ਜੋ ਇਸ ਤੋਂ ਬਚਣ ਦੇ ਉਪਰਾਲੇ ਸੋਚੇ ਜਾਣ। ਹਰ ਕਿਸੇ ਵਿਚ ਘਬਰਾਹਟ ਸੀ ਕਿ ਹੁਣ ਉਨ੍ਹਾਂ ਦਾ ਅੰਤ ਨੇੜੇ ਹੈ, ਪਰ ਬਾਬਾ ਬੋਹੜ ਬਿਲਕੁਲ ਸਹਜ ਅਵਸਥਾ ਵਿਚ ਸੀ ਕਿ ਉਨ੍ਹਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ।
ਇਕ ਖ਼ਬਰਚੀ ਨੇ ਦੱਸਿਆ, ਬਾਬਾ ਜੀ ਸ਼ਾਇਦ ਤੁਹਾਨੂੰ ਪਤਾ ਨਹੀ, ਮੈਂ ਆਪਣੀਆਂ ਅੱਖਾਂ ਨਾਲ ਵੇਖ ਕੇ ਆਇਆ ਹਾਂ, ਭੱਠੀਆਂ ਲਗੀਆਂ ਹੋਈਆਂ ਹਨ ਕੁਹਾੜੇ ਘੜੇ ਜਾ ਰਹੇ ਹਨ, ਬਸ ਕੁਝ ਸਮੇਂ ਵਿਚ ਹੀ ਇਹ ਕੁਹਾੜੇ ਚਲਨੇ ਸ਼ੁਰੂ ਹੋਣਗੇ ਅਤੇ ਸਾਡਾ ਅੰਤ ਕਰ ਦੇਣਗੇ।
ਬਾਬਾ ਬੋਹੜ ਫੇਰ ਬੜੇ ਠਰ੍ਹਮੇਂ ਨਾਲ ਬੋਲਿਆ, ਐਵੇਂ ਘਬਰਾਈ ਜਾਂਦੇ ਹੋ, ਇਨ੍ਹਾਂ ਕੁਹਾੜਿਆਂ ਨੂੰ ਚਲਾਉਣ ਲਈ ਦਸਤਿਆਂ ਦੀ ਲੋੜ ਹੈ , ਬਸ ਇਕ ਖਿਆਲ ਰਖਿਆ ਜੇ, ਤੁਹਾਡੇ ਵਿਚੋਂ ਕੋਈ ਦਸਤਾ ਨਾ ਬਣਿਆ ਜੇ, ਫੇਰ ਇਹ ਕੁਹਾੜੇ ਤੁਹਾਡਾ ਕੁਝ ਵਿਗਾੜ ਨਹੀ ਸਕਦੇ । ਤੇ ਜੇ ਤੁਹਾਡੇ ਵਿਚੋਂ ਕੋਈ ਦਸਤਾ ਬਣ ਗਿਆ ਤਾਂ ਫੇਰ ਕੋਈ ਬਚਾ ਨਹੀ ਸਕਦਾ। ਅਜ ਸਿੱਖ ਕੌਮ ਦੀ ਹਾਲਤ ਇਹ ਹੈ ਕਿ ਦਸਤਿਆਂ ਦੀ ਕਮੀ ਕੌਈ ਨਹੀਂ। ਪਰ ਵਧੇਰੇ ਦੁਖ ਦੀ ਗਲ ਹੈ ਕਿ ਸਿੱਖ ਕੌਮ ਇਨ੍ਹਾਂ ਸਿੱਖੀ ਭੇਸ ਵਿਚ ਫਿਰਦੇ ਦੁਸ਼ਮਨਾਂ ਦੀ ਪਛਾਣ ਨਹੀਂ ਕਰ ਸਕੀ । ਇਨ੍ਹਾਂ ਦੀ ਸਹਾਇਤਾ ਨਾਲ ਦੁਸ਼ਮਨ ਵਧੇਰੇ ਜਲਦੀ ਕਾਮਯਾਬੀ ਵਲ ਵਧ ਰਿਹਾ ਹੈ।
ਦੁਸ਼ਮਨ ਇਹ ਗੱਲ ਸਪਸ਼ਟ ਸਮਝਦਾ ਹੈ ਕਿ ਕਿਸੇ ਕੌਮ ਦਾ ਬੀਜ ਨਾਸ ਕਰਨ ਦਾ ਸਭ ਤੋਂ ਯੋਗ ਤਰੀਕਾ ਹੈ ਕਿ ਉਸ ਦੀ ਨੌਜੁਆਨੀ ਖਤਮ ਕਰ ਦਿਓ। ਜਿਸ ਕੌਮ ਦੀ ਅਗਲੀ ਪੀੜੀ ਹੀ ਖਤਮ ਹੋ ਗਈ, ਬੀਜ ਨਾਸ ਆਪੇ ਹੋ ਗਿਆ ਫਿਰ ਬਚਿਆ ਹੀ ਕੀ? ਇਸੇ ਨੀਤੀ ਤਹਿਤ ਪਿਛਲੇ ਸਮੇਂ ਵਿਚ ਸਿੱਖ ਜੁਆਨੀ ਨੂੰ ਚੁਣ ਚੁਣ ਕੇ ਮਾਰਿਆ ਗਿਆ । ਰਹਿੰਦਿਆਂ ਖੁਹੰਦਿਆਂ ਨੂੰ ਹੁਣ ਮੱਕਾਰੀ ਭਰੀਆਂ ਨੀਤੀਆਂ ਨਾਲ ਮੁਕਾਇਆ ਜਾ ਰਿਹਾ ਹੈ।
ਜਦੋਂ ਕਿਸੇ ਚੁਣੌਤੀ ਦਾ ਟਾਕਰਾ ਕਰਨਾ ਹੋਵੇ ਤਾਂ ਇਹ ਜਰੂਰੀ ਹੈ ਕਿ ਉਸ ਦੇ ਹਰ ਪੱਖ ਨੂੰ ਵਿਚਾਰ ਅਤੇ ਸਮਝ ਲਿਆ ਜਾਵੇ। ਜਿਸ ਕੌਮ ਨੂੰ ਬਰਬਾਦ ਕਰਨਾ ਹੋਵੇ, ਉਸ ਦੀ ਜੁਆਨੀ ਨੂੰ ਤਿੰਨ ਰੋਗ ਲਗਾ ਦਿਓ, ਉਹ ਕੌਮ ਕੁਝ ਸਮੇਂ ਬਾਅਦ ਆਪੇ ਹੀ ਬਰਬਾਦ ਹੋ ਜਾਵੇਗੀ। ਇਹ ਰੋਗ ਹਨ: ਅਨਪੜ੍ਹਤਾ, ਨਸ਼ੇੜੀਪਨ ਅਤੇ ਵਿਹਲੜਪਨ । ਬਦਕਿਸਮਤੀ ਨਾਲ ਇਹ ਤਿੰਨੇ ਮਾਰੂ ਰੋਗ ਮੇਰੀ ਕੌਮ ਨੂੰ ਪੂਰੇ ਜੋਰ ਨਾਲ ਚੰਬੜ ਗਏ ਹਨ, ਜਾਂ ਇੰਝ ਕਹਿ ਲਓ ਕਿ ਬੜੀ ਸਕੀਮ ਨਾਲ ਚੰਬੇੜ ਦਿਤੇ ਗਏ ਹਨ।
ਅਜ ਜਿਸ ਵੇਲੇ ਸਾਖਰਤਾ ਦਾ ਯੁਗ ਹੈ। ਦੁਨੀਆਂ ਵਿਦਿਅਕ ਅਤੇ ਵਿਗਿਆਨਕ ਖੋਜਾਂ ਦੇ ਸਿਖਰ ਛੂਹ ਰਹੀ ਹੈ। ਸੰਸਾਰ ਦੀਆਂ ਪਛੜੀਆਂ ਤੋਂ ਪਛੜੀਆਂ ਕੌਮਾਂ ਵੀ ਇਸ ਵਿਦਿਅਕ ਇਨਕਲਾਬ ਪ੍ਰਤੀ ਸੁਚੇਤ ਹਨ ਅਤੇ ਆਪਣੀ ਕੌਮ ਅਤੇ ਸਭਿਅਤਾ ਨੂੰ ਇਸ ਇਨਕਲਾਬ ਦਾ ਵੱਧ ਤੋਂ ਵੱਧ ਲਾਭ ਪਹੁੰਚਾਣ ਦੇ ਉਪਰਾਲੇ ਕਰ ਰਹੀਆਂ ਹਨ । ਸੰਸਾਰ ਦੀ ਹਰ ਕੌਮ,ਸੂਬੇ ਅਤੇ ਦੇਸ਼ ਨੇ 100× ਸਾਖਰਤਾ ਦੇ ਟੀਚੇ ਮਿੱਥੇ ਹਨ। ਸਿਰਫ ਟੀਚੇ ਹੀ ਨਹੀ ਮਿੱਥੇ ਇਸ ਨੁੰ ਪੂਰਨ ਰੂਪ ਵਿਚ ਅਮਲੀ ਬਣਾ ਰਹੇ ਹਨ। ਸਿੱਖ ਕੌਮ ਇਸ ਪੱਖੋਂ ਸਗੋਂ ਪਿਛੇ ਖਿਸਕ ਗਈ ਹੈ। ਸ਼ਾਇਦ ਪੰਜਾਬ ਸਰਕਾਰ ਦੇ ਸੂਬੇ ਬਾਰੇ ਸਰਕਾਰੀ ਅੰਕੜੇ ਕੁਝ ਹੋਰ ਬੋਲਦੇ ਹੋਣ, ਪਰ ਇਕ ਤਾਂ ਇਨ੍ਹਾਂ ਦੀ ਸੱਚਾਈ ਬਾਰੇ ਕਈ ਸ਼ੰਕੇ ਹਨ ਦੂਸਰਾ ਸਿੱਖ ਕੌਮ ਬਾਰੇ ਸੱਚਾਈ ਬਿਲਕੁਲ ਹੀ ਅਲੱਗ ਹੈ। ਗੱਲ ਤਾਂ ਵਾਕਿਆ ਹੀ ਹੈਰਾਨਗੀ ਵਾਲੀ ਹੈ ਕਿ ਇਕੋ ਸਿੱਖਿਆ ਪ੍ਰਣਾਲੀ ਵਿੱਚ ਭਲਾ ਅਲੱਗ -ਅਲੱਗ ਕੌਮਾਂ ਵਾਸਤੇ ਅਲੱਗ -ਅਲੱਗ ਮਿਆਰ ਕਿਵੇਂ ਹੋ ਸਕਦੇ ਹਨ? ਜੇ ਇਸ ਦੀ ਸੱਚਾਈ ਨੂੰ ਵੇਖਣਾ ਹੋਵੇ ਤਾਂ ਪੰਜਾਬ ਦੀ ਕਿਸੇ ਯੂਨੀਵਰਸਿਟੀ, ਪ੍ਰੋਫੈਸ਼ਨਲ ਕਾਲਜ ਜਾਂ ਉਚ ਤਕਨੀਕੀ ਸਿੱਖਿਆਂ ਕੇਂਦਰ ਦੇ ਅੰਕੜੇ ਹਾਸਿਲ ਕਰ ਲਵੋ, ਸੱਚਾਈ ਆਪੇ ਸਾਹਮਣੇ ਆ ਜਾਵੇਗੀ। ਜਦਕਿ ਪਿਛਲੀ ਜਨਗਨਣਾ ਅਨੁਸਾਰ ਪੰਜਾਬ ਵਿਚ ਸਿੱਖਾਂ ਦੀ ਗਿਣਤੀ 56% ਤੋਂ ਉਤੇ ਹੈ, ਪਰ ਇਨ੍ਹਾਂ ਅਦਾਰਿਆਂ ਵਿਚ ਸਿੱਖ ਵਿਦਿਆਰਥੀਆਂ ਦੀ ਗਿਣਤੀ 20× ਤੋਂ ਉੱਪਰ ਨਹੀਂ। ਕੀ ਸਿੱਖਾਂ ਦਾ ਬੌਧਿਕ ਪੱਧਰ (I.Q.) ਦੂਜੀਆਂ ਕੌਮਾਂ ਨਾਲੋਂ ਘੱਟ ਹੈ? ਬਿਲਕੁਲ ਨਹੀਂ । ਬਲਕਿ ਇਸ ਦੇ ਉਲਟ ਤਾਂ ਹੋ ਸਕਦਾ ਹੈ । ਅੱਜ ਵੀ ਦੇਸ਼ ਦੇ ਸਰਵਉਚ ਅਹੁਦਿਆਂ ਤੇ ਸੁਸ਼ੋਭਿਤ ਸਿੱਖ ਸਖਸ਼ੀਅਤਾਂ ਇਸ ਗੱਲ ਦਾ ਪ੍ਰਤੱਖ ਪਰਮਾਣ ਹਨ। ਇਹ ਸਭ ਕੁਝ ਸੁਭਾਵਕ ਨਹੀਂ ਹੋ ਰਿਹਾ, ਇਕ ਸੋਚੀ ਸਮਝੀ ਚਾਲ ਅਧੀਨ ਬੜੇ ਤਰੀਕੇ ਨਾਲ ਕੀਤਾ ਜਾ ਰਿਹਾ ਹੈ, ਜਿਸ ਦੀ ਸਹਿਜੇ ਹੀ ਸਮਝ ਨਹੀਂ ਆਉਂਦੀ।
ਅਸਲ ਵਿਚ ਪੰਜਾਬ ਵਿਚ ਵੀ ਸਿੱਖਾਂ ਦੀ ਬਹੁਗਿਣਤੀ ਪਿੰਡਾਂ ਵਿਚ ਵਸਦੀ ਹੈ। ਇਨ੍ਹਾਂ ਸਿੱਖ ਵਿਰੋਧੀ ਸ਼ਕਤੀਆਂ ਨੇ ਇਸੇ ਗੱਲ ਦਾ ਪੂਰਾ ਫਾਇਦਾ ਚੁਕ ਕੇ ਦਿਹਾਤੀ ਇਲਾਕਿਆਂ ਵਿਚ ਵਿਦਿਅਕ ਪ੍ਰਣਾਲੀ ਦਾ ਭੱਠਾ ਹੀ ਬਿਠਾ ਦਿੱਤਾ ਹੈ। ਪਿੰਡਾਂ ਵਿਚ ਸਕੂਲ ਤਾਂ ਹਨ ਪਰ ਅਧਿਆਪਕ ਨਹੀਂ, ਜੇ ਅਧਿਆਪਕ ਹਨ ਤਾਂ ਵਿਦਿਆ ਨਹੀਂ। ਬੇਸ਼ਕ ਇਸ ਨਾਲ ਕੁਝ ਗੈਰ ਸਿੱਖਾਂ ਨੂੰ ਵੀ ਨੁਕਸਾਨ ਹੋ ਰਿਹਾ ਹੋਵੇ, ਪਰ ਕੀ ਫਰਕ ਪੈਂਦਾ ਹੈ? ਆਟੇ ਨਾਲ ਘੁਣ ਅਕਸਰ ਪੀਸਿਆ ਹੀ ਜਾਂਦਾ ਹੈ। ਉਂਜ ਵੀ ਜੋ ਦੂਜੇ ਨੰਬਰ ਤੇ ਪ੍ਰਭਾਵਤ ਹਨ, ਉਹ ਦਲਿਤ ਪਰਿਵਾਰ ਹਨ। ਜੋ ਸਿੱਖ ਕੌਮ ਵਾਂਗ ਹੀ ਇਨ੍ਹਾਂ ਦੇ ਨਿਸ਼ਾਨੇ ਤੇ ਹਨ। ਜੇ ਇਕਾ ਦੁਕਾ ਗਰੀਬ ਹੋਰ ਨਾਲ ਰਗੜੇ ਵੀ ਗਏ ਤਾਂ ਇਨ੍ਹਾਂ ਵਾਸਤੇ ਮਮੂਲੀ ਗੱਲ ਹੈ। ਹੋਰ ਤਾਂ ਹੋਰ ਸਿੱਖ ਅਧਿਆਪਕ ਵੀ ਕੌਮ ਪ੍ਰਤੀ ਆਪਣੇ ਫਰਜ਼ ਤੋਂ ਜਾਗਰੂਕ ਨਹੀ। ਉਹ ਵੀ ਖੁਸ਼ ਹਨ ਕਿ ਚਲੋ ਬਹੁਤੀ ਮਿਹਨਤ ਕੀਤੇ ਬਗੈਰ ਮੁਫਤ ਵਿਚ ਤਨਖਾਹ ਮਿਲੀ ਜਾਂਦੀ ਹੈ। ਨਾਲੇ ਸਗੋਂ ਜਿਹੜੇ ਵਿਰਲੇ ਪਰਿਵਾਰ ਵਿੱਦਿਆ ਦੀ ਮਹੱਤਤਾ ਤੋ ਸੁਚੇਤ ਹਨ, ਉਹ ਆਪਣਾ ਪੇਟ ਕੱਟ ਕੇ ਇਨ੍ਹਾਂ ਅਧਿਆਪਕਾਂ ਨੂੰ ਮੋਟੀਆਂ ਫੀਸਾਂ ਦੇ ਕੇ ਬੱਚਿਆਂ ਨੂੰ ਟਿਊਸ਼ਨਾਂ ਲੁਆ ਕੇ ਦੇਂਦੇ ਹਨ।
ਪਿਛਲੇ ਦਿਨੀ ਮੇਰੇ ਇਕ ਜਾਣਕਾਰ, ਜੋ ਚੰਡੀਗੜ੍ਹ ਦੇ ਨੇੜੇ ਪੰਜਾਬ ਦੇ ਇਕ ਸਕੂਲ ਵਿਚ ਮਿਡਲ ਕਲਾਸਾਂ ਦੇ ਮੁੱਖ ਅਧਿਆਪਕ ਹਨ ਅਤੇ ਜਦੋਂ ਵੀ ਮਿਲਦੇ ਹਨ, ਪੰਥ ਦੇ ਮੌਜੂਦਾ ਹਾਲਾਤ ਪ੍ਰਤੀ ਕਾਫੀ ਦਰਦ ਜ਼ਾਹਿਰ ਕਰਦੇ ਹਨ, ਦੇ ਨਾਲ ਗੱਲ ਹੋ ਰਹੀ ਸੀ, ਦੱਸਣ ਲਗੇ, ‘‘ਸਕੂਲ ਵਿੱਚ ਅਸੀਂ ਸੱਤ ਅਧਿਆਪਕ ਹਾਂ ਅਤੇ ਸੱਠ ਵਿਦਿਆਰਥੀ ਹਨ, ਬੜੀ ਮੌਜ ਹੈ ਬਹੁਤਾ ਕੰਮ ਨਹੀਂ ਕਰਨਾ ਪੈਂਦਾ।’’ ਮੈਨੂੰ ਉਨ੍ਹਾਂ ਦੀ ਗੱਲ ਸੁਣਕੇ ਬਹੁਤ ਦੁੱਖ ਲੱਗਾ। ਮੈ ਉਨ੍ਹਾਂ ਨੂੰ ਕਿਹਾ, ‘‘ਤੁਹਾਨੂੰ ਤਾਂ ਚਾਹੀਦਾ ਹੈ ਕਿ ਘਰੋ-ਘਰੀ ਜਾ ਕੇ ਵੀ ਬੱਚਿਆਂ ਨੂੰ ਪ੍ਰੇਰ ਕੇ ਲਿਆਓ ਅਤੇ ਵੱਧ ਤੋਂ ਵੱਧ ਬੱਚਿਆਂ ਨੂੰ ਸਿਖਿਅਤ ਕਰੋ।’’ ਉਨ੍ਹਾਂ ਫੌਰਨ ਪਲਟੀ ਮਾਰੀ, ‘‘ਥੋੜ੍ਹੇ ਬੱਚਿਆਂ ਨਾਲ ਪੜ੍ਹਾਈ ਚੰਗੀ ਹੋ ਜਾਂਦੀ ਹੈ।’’ ਹਰ ਕੋਈ ਆਪਣੇ ਸੁਆਰਥ ਵਿਚ ਫਸਿਆ ਹੈ। ਜੇ ਪਿੰਡਾਂ ਦੇ ਸਕੂਲਾਂ ਵਿਚੋਂ ਮੁੱਢਲੀ ਸਿਖਿਆ ਦਾ ਹੀ ਇਹ ਹਾਲ ਹੈ ਤਾਂ ਅੱਜ ਦੇ ਮੁਕਾਬਲੇ ਦੇ ਯੁੱਗ ਵਿਚ ਸਿੱਖ ਬੱਚਿਆ ਨੇ ਉਚ ਪੱਧਰੀ ਵਿਦਿਅਕ ਸੰਸਥਾਵਾਂ ਵਿਚ ਕਿਥੋਂ ਨਜ਼ਰ ਆਉਣਾ ਹੈ?
ਪੰਜਾਬ ਦੀਆਂ ਮੰਡੀਆਂ ਤੇ ਕਾਬਜ਼ ਬਾਣੀਆਂ ਸ਼੍ਰੇਣੀ ਬਹੁਤਾਤ ਪਿੰਡਾਂ ਦੇ ਨਾਲ ਲਗਦੇ ਕਸਬਿਆਂ ਵਿਚ ਵਸਦੀ ਹੈ, ਜੋ ਵਿਦਿਆ ਦੀ ਮਹੱਤਤਾ ਪ੍ਰਤੀ ਪੂਰੀ ਤਰ੍ਹਾਂ ਸੁਚੇਤ, ਪਿੰਡਾਂ ਵਿਚ ਸਿੱਖਿਆ ਦੇ ਪੱਧਰ ਬਾਰੇ ਪੂਰੀ ਤਰ੍ਹਾਂ ਜਾਣੂ ਅਤੇ ਮਾਇਕ ਪੱਖੋਂ ਪੂਰੀ ਤਰ੍ਹਾਂ ਸਮਰੱਥ ਹੈ। ਇਨ੍ਹਾਂ ਦੇ ਬੱਚੇ ਸ਼ਹਿਰਾਂ ਵਿਚ ਉਚ ਪੱਧਰ ਦੀ ਵਿਦਿਆ ਪ੍ਰਾਪਤ ਕਰਦੇ ਹਨ। ਇਵੇਂ ਹੀ ਕੁਝ ਸਮਰੱਥ, ਸੁਚੇਤ ਦਿਹਾਤੀ ਸਿੱਖਾਂ ਦੇ ਬੱਚੇ ਵੀ ਸ਼ਹਿਰਾਂ ਵਿਚ ਪੜ੍ਹਦੇ ਹਨ ਪਰ ਇਨ੍ਹਾਂ ਦੀ ਗਿਣਤੀ ਬਹੁਤ ਥੋੜੀ ਹੈ। ਜਿਵੇਂ ਪਿੰਡਾਂ ਵਿਚ ਕੁਝ ਗੈਰ ਸਿੱਖ ਇਸ ਸਾਜਸ਼ ਦੀ ਮਾਰ ਹੇਠ ਆ ਰਹੇ ਹਨ, ਉਵੇਂ ਸ਼ਹਿਰਾਂ ਵਿਚ ਵਸਦੇ ਸਿੱਖਾਂ ਨੂੰ ਸ਼ਹਿਰਾਂ ਵਿਚਲੇ ਉਚੇ ਵਿਦਿਅਕ ਮਿਆਰ ਦਾ ਸੁਭਾਵਕ ਫਾਇਦਾ ਮਿਲ ਰਿਹਾ ਹੈ। ਪੰਜਾਬ ਦੇ ਪ੍ਰਸ਼ਾਸਨ ਤੇ ਕਾਬਜ਼ ਲੌਬੀ, ਨੀਤੀਆਂ ਅਤੇ ਪ੍ਰੋਗਰਾਮ ਇਸ ਤਰ੍ਹਾਂ ਦੇ ਉਲੀਕਦੀ ਹੈ, ਜਿਸ ਨਾਲ ਉਚ ਪੱਧਰੀ ਵਿਦਿਆ ਨੂੰ ਵਧੇਰੇ ਉਤਸਾਹਿਤ ਕੀਤਾ ਜਾ ਸਕੇ। ਸਰਕਾਰੀ ਖਜਾਨੇ ’ਚੋਂ ਵਧੇਰੇ ਫੰਡ ਉਚ ਪੱਧਰੀ ਸਿਖਿਆ ਲਈ ਨੀਯਤ ਕੀਤੇ ਜਾਂਦੇ ਹਨ।
ਸਭ ਤੋਂ ਵੱਡੀ ਗਲ ਹੈ, ਪੂਰੀ ਪ੍ਰਣਾਲੀ ਨੂੰ ਢਿੱਲਾ ਛੱਡ ਦਿਤਾ ਗਿਆ ਹੈ। ਅਧਿਆਪਕਾਂ ਦੀ ਕਾਰਗੁਜਾਰੀ ਨੂੰ ਨਤੀਜਿਆਂ ਨਾਲ ਨਹੀ ਜੋੜਿਆ ਗਿਆ। ਮੈਂ ਉਚੇਰੀ ਸਿੱਖਿਆ ਦਾ ਵਿਰੋਧੀ ਨਹੀਂ, ਪੱਕਾ ਹਮਾਇਤੀ ਹਾਂ, ਪਰ ਸੁਆਲ ਤਾਂ ਸੂਬੇ ਦੇ ਲੋਕਾਂ ਦੀ ਲੋੜ ਦਾ ਹੈ। ਜੇ ਸੂਬੇ ਦੀ ਬਹੁਗਿਣਤੀ ਨੂੰ ਮੁਢਲੀ ਸਿੱਖਿਆ ਹੀ ਨਹੀਂ ਮਿਲ ਰਹੀ ਤਾਂ ਉਚੇਰੀ ਸਿਖਿਆ ਦੀ ਪ੍ਰਫੁਲਤਾ ਦਾ ਉਨ੍ਹਾਂ ਨੂੰ ਕੀ ਲਾਭ? ਸਰਕਾਰ ਕੋਈ ਵੀ ਆ ਜਾਵੇ, ਕੋਈ ਫਰਕ ਨਹੀਂ ਪੈਂਦਾ ਕਿਉਂਕਿ ਨੀਤੀਆਂ ਤਾਂ ਉਸੇ ਲੌਬੀ ਨੇ ਘੜਨੀਆਂ ਹਨ। ਉਂਜ ਵੀ ਸਿਆਸੀ ਲੋਕਾਂ ਕੋਲ ਇਤਨਾ ਸੋਚਣ ਦਾ ਸਮਾਂ ਹੀ ਕਿਥੇ ਹੈ । ਉਨ੍ਹਾਂ ਨੂੰ ਤਾਂ ਕੇਵਲ ਜਨਤਾ ਨੂੰ ਮੂਰਖ ਬਣਾਕੇ ਵੋਟ ਲੈਣ ਤਕ ਮਤਲਬ ਹੈ। ਸਿਆਸੀ ਆਗੂ ਤਾਂ ਇਹ ਸੋਚਦੇ ਹਨ ਕਿ ਅਨਪੜ੍ਹ, ਗਵਾਰ ਜਨਤਾ ਹੀ ਉਨ੍ਹਾਂ ਦੀ ਚੰਗੀ ਵੋਟ ਬੈਂਕ ਹੈ। ਵਿਸ਼ੇਸ਼ ਤੌਰ ਤੇ ਅਕਾਲੀ ਆਗੂਆਂ ਨੂੰ ਤਾਂ ਸਦਾ ਏਹੀ ਡਰ ਲਗਾ ਰਹਿੰਦਾ ਹੈ ਕਿ ਜੇ ਦਿਹਾਤੀ ਪੰਜਾਬੀ ਚੰਗਾ ਪੜ੍ਹ ਗਏ ਜਾਂ ਚੰਗੇ ਸਿੱਖ ਬਣ ਗਏ ਤਾਂ ਉਨ੍ਹਾਂ ਦੀ ਰਾਜਗੱਦੀ ਖਤਰੇ ਵਿਚ ਪੈ ਜਾਵੇਗੀ, ਇਸੇ ਕਰਕੇ ਵਿਦਿਆ ਦੇ ਪੱਧਰ ਬਾਰੇ ਤਾਂ ਇਨ੍ਹਾਂ ਨੇ ਕੀ ਸੋਚਣਾ ਹੈ? ਸਗੋਂ ਸਿੱਖੀ ਨੂੰ ਵੀ ਪੂਰੀ ਤਰ੍ਹਾਂ ਬਰਬਾਦ ਕਰ ਰਹੇ ਹਨ।
ਸਭ ਤੋਂ ਵੱਧ ਦੁੱਖ ਤਾਂ ਇਸ ਗੱਲ ਦਾ ਹੈ ਕਿ ਸਿੱਖ ਆਪ ਹੀ ਆਪਣੀ ਇਸ ਅਵਗਤੀ ਬਾਰੇ ਸੁਚੇਤ ਨਹੀਂ। ਕੁਝ ਸਮਾਂ ਪਹਿਲੇ ਅਸੀਂ ਮਾਨਸਾ ਜ਼ਿਲੇ ਦੇ ਇਕ ਪਿੰਡ ਵਿਚ ਨੌਜੁਆਨ ਬੱਚਿਆਂ ਦਾ ਇਕ ਕੈਂਪ ਕਰਨ ਵਾਸਤੇ ਗਏ। ਪਿੰਡ ਦੇ ਕੋਈ 10 ਤੋਂ 20 ਸਾਲ ਦੀ ਉਮਰ ਦੇ 40-45 ਬੱਚੇ ਇਕੱਠੇ ਕੀਤੇ। ਪਹਿਲਾਂ ਤਾਂ ਇਤਨੇ ਬੱਚਿਆਂ ਚੋਂ 6 ਕੇਸਾਧਾਰੀ। ਮੈਂ ਸੋਚਿਆ ਇਨ੍ਹਾਂ ਕੇਸਾਧਾਰੀ ਬੱਚਿਆਂ ਤੋਂ ਹੀ ਸ਼ੁਰੂ ਕੀਤਾ ਜਾਵੇ, ਹੋ ਸਕਦਾ ਹੈ ਦੂਸਰਿਆਂ ਵਾਸਤੇ ਪ੍ਰੇਰਨਾ ਸਰੋਤ ਬਣ ਸਕਣ। ਮੈਂ ਇਕ 12-13 ਸਾਲ ਦੇ ਬੱਚੇ ਨੂੰ ਬੜੇ ਪਿਆਰ ਨਾਲ ਪੁਛਿਆ, ੱਬੇਟਾ ਤੁਸੀਂ ਕਦੇ ਜਪੁਜੀ ਸਾਹਿਬ ਦਾ ਪਾਠ ਕਰਦੇ ਹੋ?- ਉਸ ਬੱਚੇ ਨੇ ਬੜਾ ਹੀ ਭੈੜਾ ਜਿਹਾ ਮੂੰਹ ਬਣਾਕੇ ਕਿਹਾ, ‘‘ਮੈਂ ਕਿਤੇ ਗਿਆਨੀ ਬਨਣੈ?’’
ਮੇਰੀ ਆਤਮਾ ਹਿਲ ਗਈ। ਜੇ ਸਿੱਖ ਬਚਿਆਂ ਵਿਚ ਇਹ ਸੋਚ ਘਰ ਕਰ ਰਹੀ ਹੈ ਕਿ ਪਾਠ ਮੰਤ੍ਰ ਹੈ ਅਤੇ ਇਸ ਨੂੰ ਪੜ੍ਹਨਾ ਪੁਜਾਰੀ ਦਾ ਕੰਮ ਹੈ ਤਾਂ ਫਿਰ ਸਿੱਖੀ ਦਾ ਕੀ ਭਵਿੱਖ ਹੈ? ਫਿਰ ਗਲ ਹੈ ਵੀ ਤਾਂ ਠੀਕ। ਸਤਿਗੁਰ ਦੀ ਪਾਵਨ ਬਾਣੀ ਵੀ ਫੁਰਮਾਂਦੀ ਹੈ:
ਗਿਆਨ ਵਿਹੂਣਾ ਕਥਿ ਕਥਿ ਲੂਝੈ।।
(ਮਹਲਾ 1, ਪੰਨਾ 466)
ਜਿਨ੍ਹਾਂ ਬੱਚਿਆਂ ਨੂੰ ਨਾ ਦੁਨਿਆਵੀ ਵਿਦਿਆ ਪ੍ਰਾਪਤ ਹੋਈ ਨਾ ਗੁਰਮਤਿ ਉਨ੍ਹਾਂ ਕੋਲ ਪਹੁੰਚੀ, ਉਨ੍ਹਾਂ ਕੋਲੋਂ ਹੋਰ ਆਸ ਹੀ ਕੀ ਕੀਤੀ ਜਾ ਸਕਦੀ ਹੈ? ਮੈਂ ਇਕ ਦੂਸਰਾ ਬੱਚਾ, ਜਿਹੜਾ ਤਕਰੀਬਨ 17-18 ਸਾਲ ਦਾ ਸੀ, ਨੂੰ ਪੁੱਛਿਆ, ‘‘ਬੇਟਾ ਤੁਸੀਂ ਕਿਹੜੀ ਕਲਾਸ ਵਿਚ ਪੜ੍ਹਦੇ ਹੋ?’’-
ਉਹ ਬੋਲਿਆ, ‘‘ਹਟ ਲਿਆ।’’
ਮੈਂ ਪੁੱਛਿਆ, ‘‘ਕਿਹੜੀ ਕਲਾਸ ਤੋਂ ਹਟ ਗਏ ਸੀ?’’
ਉਸ ਜੁਆਬ ਦਿਤਾ, ‘‘ਓਂ ਤਾਂ ਛੇਵੀਂ ਤੋਂ ਹਟ ਲਿਆ ਥਾ।’’
ਮੈਂ ਕਿਹਾ, ‘‘ਬੇਟਾ ਹਟ ਕਿਉਂ ਗਏ? ਪੜ੍ਹਨਾ ਚਾਹੀਦਾ ਸੀ।’’
ਅਗੋਂ ਉਸ ਕਿਹਾ. ‘‘ਕਿਆ ਕਰਨੈ ਪੜ੍ਹ ਕੇ? ਅਗੇ ਪਾੜ੍ਹਿਆਂ ਕਿਆ ਕਰ ਲਿਐ?’’
ਦਿਲ ਕੰਬ ਗਿਆ। ਜੇ ਸਿੱਖ ਨੌਜੁਆਨੀ ਪੜ੍ਹਾਈ ਦੀ ਮਹਤੱਤਾ ਤੋਂ ਹੀ ਅਣਜਾਣ ਹੈ, ਤਾਂ ਕੌਮੀ ਭਵਿਖ ਕੀ ਹੋਵੇਗਾ? ਸਾਫ ਸਪਸ਼ਟ ਹੈ ਕਿ ਦੁਸ਼ਮਨ ਆਪਣੇ ਮਕਸਦ ਵਿਚ ਪੂਰੀ ਤਰ੍ਹਾਂ ਕਾਮਯਾਬ ਹੈ। ਪੰਜਾਬ ਵਿਚ ਨੌਜੁਆਨ ਬੱਚੇ ਆਪਸ ਵਿਚ ਇਕ ਦੂਸਰੇ ਨੂੰ ਮੋਬਾਇਲ ਸੁਨੇਹੇ(ਸ਼ੰਸ਼)ਭੇਜਦੇ ਹਨ, ਕਿ ਜਿਆਦਾ ਪੜ੍ਹਨ ਦੀ ਕੀ ਲੋੜ ਹੈ, ਬਾਅਦ ਵਿਚ ਨੌਕਰੀਆਂ ਨਹੀਂ ਮਿਲਦੀਆਂ ਅਤੇ ਆਤਮਹੱਤਿਆਵਾਂ ਕਰਨੀਆਂ ਪੈਂਦੀਆਂ ਹਨ। ਪਹਿਲਾਂ ਤਾਂ ਇਹ ਹੈ ਹੀ ਨਿਰਾ ਕੂੜ। ਸਚਾਈ ਤਾਂ ਇਹ ਹੈ ਕਿ, ਬਾਕੀ ਦੇਸ਼ ਦੀ ਤਾਂ ਗਲ ਹੀ ਛੱਡ ਦੇਈਏ, ਪੰਜਾਬ ਵਿਚ ਸਥਾਪਤ ਕੁਝ ਸਨਅਤੀ ਇਕਾਈਆਂ, ਜਾਂ ਕੁਝ ਹੋਰ ਵੱਡੀਆਂ ਕੰਪਨੀਆਂ ਨੂੰ ਸੂਬੇ ਵਿਚ ਯੋਗ ਕਾਮਿਆਂ ਦੀ ਲੋੜ ਹੁੰਦੀ ਹੈ ਤਾਂ ਚੰਗੇ ਅਹੁਦਿਆਂ ਵਾਸਤੇ ਵਿਰਲੇ ਹੀ ਸਿੱਖ ਉਮੀਦਵਾਰ ਮਿਲਦੇ ਹਨ। ਫਿਰ ਜੇ ਕੁਝ ਸੱਚ ਵੀ ਹੋਵੇ ਤਾਂ ਕੀ ਪੜ੍ਹਾਈ ਸਿਰਫ ਨੌਕਰੀ ਵਾਸਤੇ ਹੀ ਜਰੂਰੀ ਹੈ? ਕੋਈ ਬੜੀ ਹੀ ਖਤਰਨਾਕ ਅਤੇ ਗਹਿਰੀ ਖੇਡ ਖੇਡੀ ਜਾ ਰਹੀ ਹੈ ਸਿੱਖ ਨੌਜੁਆਨੀ ਦੇ ਖਿਲਾਫ਼।
ਅੱਜ ਸਭ ਤੋਂ ਪਹਿਲੀ ਲੋੜ ਤਾਂ ਹੈ ਕਿ ਸਿੱਖ ਨੌਜੁਆਨੀ ਆਪਣੇ ਖਿਲਾਫ ਘੜੀ ਗਈ ਸਾਜਿਸ਼ ਨੂੰ ਸਮਝੇ, ਅਤੇ ਇਸ ਦਾ ਮੂੰਹ ਤੋੜ ਜੁਆਬ ਦੇਵੇ। ਚਾਹੀਦਾ ਤਾਂ ਇਹ ਸੀ ਕਿ ਸਾਰੀ ਸਿੱਖ ਕੌਮ ਇਸ ਸਾਜਸ਼ ਨੂੰ ਸਮਝਦੀ ਅਤੇ ਕੌਮੀ ਨੌਜੁਆਨੀ ਇਸ ਨੁੰ ਇਕ ਵੰਗਾਰ ਦੇ ਤੌਰ ਤੇ ਲੈਂਦੀ। ਉਚ ਪੱਧਰੀ ਵਿਦਿਆ ਦੇ ਆਪਣੇ ਪ੍ਰਬੰਧ ਕੀਤੇ ਜਾਂਦੇ। ਬੇਸ਼ਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੁਝ ਸਕੂਲ ਅਤੇ ਕਾਲਜ ਬਣਾਏ ਹਨ ਪਰ ਇਕ ਤਾਂ ਇਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ, ਦੂਸਰਾ ਇਹ ਵੀ ਬਹੁਤੇ ਅੰਦਰੂਨੀ ਦਿਹਾਤੀ ਇਲਾਕਿਆਂ ਵਿਚ ਨਹੀ ਬਣਾਏ ਗਏ, ਜਿਥੇ ਬਹੁਤੀ ਲੋੜ ਹੈ ਅਤੇ ਸਭ ਤੋਂ ਵੱਡੀ ਗੱਲ, ਇਨ੍ਹਾਂ ਦਾ ਪੜ੍ਹਾਈ ਦਾ ਪੱਧਰ ਬਹੁਤ ਨੀਵਾਂ ਹੈ। ਬਹੁਤੇ ਅਧਿਆਪਕ ਜਥੇਦਾਰਾਂ ਦੇ ਸਿਫਾਰਸ਼ੀ ਹਨ, ਜਿਨ੍ਹਾਂ ਦੀ ਕਾਬਲੀਅਤ ਅਤੇ ਕੌਮ ਪ੍ਰਤੀ ਨੇਕਨੀਤੀ ਦੋਨੋਂ ਸ਼ੱਕੀ ਹਨ। ਇਹ ਜਥੇਦਾਰ ਸਿਫਾਰਸ਼ ਕਰਦੇ ਇਹ ਵੀ ਨਹੀਂ ਵੇਖਦੇ ਕਿ ਜਿਨ੍ਹਾਂ ਦੀ ਖਾਲਸਾ ਸਕੂਲ ਵਿਚ ਲਗਣ ਲਈ ਸਿਫਾਰਸ਼ ਕਰ ਰਹੇ ਹਾਂ, ਉਨ੍ਹਾਂ ਦੀ ਕਾਬਲੀਅਤ ਕਿਤਨੀ ਹੈ ਅਤੇ ਸਿੱਖੀ ਦੀ ਸੋਝੀ ਅਤੇ ਸਿੱਖੀ ਜਜ਼ਬਾ ਕਿਤਨਾ ਹੈ। ਨਤੀਜਾ ਇਹ ਕਿ ਅਜ ਇਹ ਖਾਲਸਾ ਸੰਸਥਾਵਾਂ ਜਾਂ ਨਲਾਇਕ ਅਤੇ ਗੈਰ ਜਿਮੇਵਾਰ ਅਧਿਆਪਕਾਂ ਨਾਲ ਭਰੀਆਂ ਪਈਆਂ ਹਨ ਤੇ ਜਾਂ ਕਾਮਰੇਡਾਂ ਨਾਲ। ਇਸ ਕਾਰਨ ਇਹ ਵੱਡੀ ਕਮੀ ਰਹੀ ਹੈ, ਕਿ ਇਕਾ-ਦੁੱਕਾ ਨੂੰ ਛੱਡ ਕੇ ਇਨ੍ਹਾਂ ਸਕੂਲਾਂ ਕਾਲਜਾਂ ਵਿਚ ਨਾ ਵਿਦਿਆ ਦਾ ਪੱਧਰ ਲੋੜ ਅਤੇ ਸਮੇਂ ਅਨੁਸਾਰ ਹੈ ਅਤੇ ਨਾ ਹੀ ਇਨ੍ਹਾਂ ਸੰਸਥਾਵਾਂ ਵਿਚ ਸਿੱਖ ਮਾਹੌਲ ਹੈ। ਨਤੀਜਾ ਇਹ ਕਿ ਅਜ ਇਨ੍ਹਾਂ ਸੰਸਥਾਵਾਂ ਵਿਚ ਪਤਿਤਪੁਣਾ ਸਭ ਤੋਂ ਜਿਆਦਾ ਹੈ। ਕੁਝ ਗੁਰਦੁਆਰਾ ਕਮੇਟੀਆਂ ਨੇ ਵੀ ਵਿਦਿਅਕ ਸੰਸਥਾਵਾਂ ਖੋਲ੍ਹੀਆਂ ਹਨ, ਜੋ ਕਿ ਇਕ ਚੰਗਾ ਰੁਝਾਨ ਹੈ ਪਰ ਇਕ ਤਾਂ ਇਹ ਵੀ ਬਹੁਤੇ ਸ਼ਹਿਰਾਂ ਵਿਚ ਜਾਂ ਵੱਡੇ ਕਸਬਿਆਂ ਵਿਚ ਹਨ, ਦੂਸਰਾ ਵਿਰਲਿਆਂ ਨੁੰ ਛੱਡਕੇ ਬਾਕੀਆਂ ਵਿਚ ਪੜ੍ਹਾਈ ਦੇ ਪੱਧਰ ਦਾ ਉਹੋ ਹਾਲ ਹੈ। ਕੁਝ ਹੋਰ ਸੰਸਥਾਵਾਂ ਅਤੇ ਨਿਜੀ ਸ਼ਖਸੀਅਤਾਂ ਨੇ ਵੀ ਗੁਰੁ ਪਾਤਿਸ਼ਾਹਾਂ ਦੇ ਨਾਂਅ ਤੇ ਜਾਂ ਖਾਲਸਾ ਨਾਂਅ ਤੇ ਸਕੂਲ ਕਾਲਜ ਖੋਲੇ ਹਨ ਪਰ ਜਾਪਦਾ ਹੈ ਕਿ ਨਾਂਅ ਕੇਵਲ ਹੱਟੀ ਚੰਗੀ ਚਲਾਉਣ ਵਾਸਤੇ ਹੀ ਵਰਤੇ ਗਏ ਹਨ, ਅਸਲ ਵਿਚ ਇਨ੍ਹਾਂ ਵਿਚੋਂ ਬਹੁਤੇ ਚੰਗੀ ਆਮਦਨ ਦਾ ਸਾਧਨ ਹੀ ਹਨ, ਇਸੇ ਲਈ ਵਧੇਰੇ ਸ਼ਹਿਰਾਂ ਵਿਚ ਹੀ ਹਨ ਅਤੇ ਬਹੁਤ ਮਹਿੰਗੇ ਹਨ।
ਇਨ੍ਹਾਂ ਹਾਲਾਤਾਂ ਵਿਚ ਸਭ ਤੋਂ ਪਹਿਲਾਂ ਤਾਂ ਮਾਤਾ ਪਿਤਾ ਅਤੇ ਕੌਮੀ ਆਗੂਆਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਬਚਪਨ ਤੋਂ ਬੱਚਿਆਂ ਨੂੰ ਵਿਦਿਆ ਦੀ ਮਹਤੱਤਾ ਬਾਰੇ ਜਾਣੂ ਕਰਵਾਉਣ ਅਤੇ ਉਨ੍ਹਾਂ ਅੰਦਰ ਚੰਗੀ ਅਤੇ ਉਚੇਰੀ ਵਿਦਿਆ ਪਰਾਪਤ ਕਰਨ ਦਾ ਚਾਅ ਪੈਦਾ ਕਰਨ। ਦੂਸਰੀ ਜ਼ਿਮੇਂਵਾਰੀ ਕੌਮੀ ਆਗੂਆਂ, ਸਮਰਥ ਕੌਮੀ ਸਖਸ਼ੀਅਤਾਂ ਅਤੇ ਪੰਥ ਦਰਦੀਆਂ ਦੀ ਹੈ ਕਿ ਉਹ ਮੁਢਲੀ, ਉੱਚ ਪੱਧਰੀ, ਸਸਤੀ ਵਿਦਿਆ ਦੇ ਸਾਧਨ ਉਪਲਬਧ ਕਰਾਉਣ ਪਰ ਸਭ ਤੋਂ ਵਧੇਰੇ ਜ਼ਿਮੇਵਾਰੀ ਕੌਮੀ ਨੌਜੁਆਨੀ ਦੀ ਹੈ ਕਿ ਉਹ ਸਭ ਔਕੜਾਂ ਦੇ ਬਾਵਜੂਦ ਚੰਗੀ ਅਤੇ ਉਚੇਰੀ ਵਿਦਿਆ ਪ੍ਰਾਪਤ ਕਰਨ। ਸਤਿਗੁਰੂ ਦੀ ਪਾਵਨ ਬਾਣੀ ਵੀ ਫੁਰਮਾੳਂੁਦੀ ਹੈ :
ਵਿਦਿਆ ਵੀਚਾਰੀ ਤਾਂ ਪਰਉਪਕਾਰੀ
(ਆਸਾ ਮਹਲਾ 1, ਪੰਨਾ 1329)
ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ
(ਪ੍ਰਭਾਤੀ ਮਹਲਾ 1, ਪੰਨਾ 356)
ਅੱਜ ਇਹ ਸਾਡੀ ਕੌਮੀ ਅਤੇ ਨਿਜੀ ਲੋੜ ਹੈ ਕਿ ਸਿੱਖੀ ਸਰੂਪ ਵਿਚ, ਗੁਰਮਤਿ ਦੇ ਧਾਰਨੀ, ਸਿੱਖ ਬੱਚੇ ਸਮਾਜ ਦੇ ਹਰ ਖੇਤਰ ਵਿਚ ਅਗੇ ਹੋਣ। ਸਿੱਖ ਬੱਚੇ ਆਈ.ਏ.ਐਸ., ਆਈ.ਪੀ.ਐਸ., ਆਈ.ਐਫ.ਐਸ. ਅਤੇ ਫੌਜੀ ਅਫਸਰ ਬਣਨ, ਡਾਕਟਰ ਅਤੇ ਇੰਜੀਨੀਅਰ ਬਣਨ, ਵਕੀਲ, ਜੱਜ ਅਤੇ ਪਤਰਕਾਰ ਬਣਨ, ਚੰਗੇ ਅਧਿਆਪਕ ਅਤੇ ਪ੍ਰੋਫੈਸਰ ਬਣਨ, ਵੱਡੇ ਵਪਾਰੀ, ਕਾਰੋਬਾਰੀ ਅਤੇ ਕਾਰਖਾਨੇਦਾਰ ਬਣਨ। ਚੰਗੀ ਸਿਖਿਆ ਪ੍ਰਾਪਤ ਕਰਕੇ ਨਵੀਆਂ ਤਕਨੀਕਾਂ ਨਾਲ ਖੇਤੀਬਾੜੀ ਕਰਨ, ਇਸ ਨਾਲ ਸਬੰਧਤ ਤਕਨੀਕੀ ਕਾਰਖਾਨੇ ਆਪਣੇ ਸੂਬੇ ਵਿਚ ਲਾਉਣ। ਪਰਿਵਾਰਾਂ ਲਈ ਤਾਂ ਹੈ ਹੀ, ਕੌਮ ਵਾਸਤੇ ਵੀ ਉਹ ਸੁਭਾਗਾ ਸਮਾਂ ਹੋਵੇਗਾ।
ਇਸ ਦੇ ਨਾਲ ਹੀ ਜੋ ਇਕ ਹੋਰ ਅਤਿ ਮਾਰੂ ਰੋਗ ਸਿੱਖ ਕੌਮ ਨੂੰ ਚੰਬੇੜ ਦਿਤਾ ਗਿਆ ਹੈ ਉਹ ਹੈ ਨਛੇੜੀਪੁਣਾ। ਵੈਸੇ ਤਾਂ ਪੰਜਾਬ ਵਾਸਤੇ ਇਹ ਕੋਈ ਨਵਾਂ ਰੋਗ ਨਹੀਂ। ਪੰਜਾਬ ਦੇ ਪਿੰਡਾਂ ਵਿਚ ਤਾਂ ਇਸਨੇ ਕਦੋਂ ਦੀ ਬਰਬਾਦੀ ਸ਼ੁਰੂ ਕੀਤੀ ਹੋਈ ਹੈ। ਪਤਾ ਨਹੀਂ ਕਿਤਨੇ ਖਾਨਦਾਨ ਇਸ ਨੇ ਤਹਿਸ-ਨਹਿਸ ਕਰ ਦਿਤੇ ਹਨ। ਪਰ ਅਜ ਤਾਂ ਇਹ ਬਿਮਾਰੀ ਸਭ ਹੱਦਾਂ ਬੰਨੇ ਪਾਰ ਕਰ ਗਈ ਹੈ। ਜਿਸ ਤਰ੍ਹਾਂ ਪਿਛਲੇ ਕੁਝ ਸਾਲਾਂ ਵਿਚ ਪੰਜਾਬ ਵਿਚ ਇਸ ਨੇ ਆਪਣਾ ਸ਼ਿਕੰਜਾ ਕਸਿਆ ਹੈ ਅਤੇ ਸਰਕਾਰੀ ਮਸ਼ੀਨਰੀ ਨੇ ਇਸ ਨੂੰ ਅਣਡਿੱਠ ਕੀਤਾ ਹੈ, ਸਪਸ਼ਟ ਜਾਪਦਾ ਹੈ ਕਿ ਇਹ ਵਾਧਾ ਸੁਭਾਵਕ ਨਹੀਂ ਹੋਇਆ। ਜਦੋਂ ਬਰਤਾਨਵੀ ਚੀਨ ਨੂੰ ਕਾਬੂ ਕਰਨ ਵਿੱਚ ਕਾਮਯਾਬ ਨਾ ਹੋਏ ਤਾਂ ਉਨ੍ਹਾਂ ਵੀ ਇਹੀ ਖੇਡ ਖੇਡੀ ਸੀ। ਚੀਨ ਵਿੱਚ ਧੱੜਾ ਧੱੜ ਅਫੀਮ ਸੁੱਟੀ। ਇਤਨੀ ਜੁਝਾਰੂ ਕੌਮ ਲੰਬੇ ਸਮੇਂ ਲਈ ਗੁਲਾਮ ਹੋ ਗਈ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਸਾਡੇ ਨਿੱਕੇ ਹੁੰੰਿਦਆਂ ਜਦੋਂ ਚੀਨੀਆਂ ਬਾਰੇ ਗੱਲ ਹੁੰਦੀ ਉਨ੍ਹਾਂ ਨੂੰ ਅਕਸਰ ਅਫੀਮਚੀ ਕਿਹਾ ਜਾਂਦਾ।
ਮੌਲਿਕ ਰੂਪ ਵਿਚ ਪੰਜਾਬ ਵਿਚ ਸ਼ਰਾਬ ਅਤੇ ਅਫੀਮ ਦਾ ਨਸ਼ਾ ਹੀ ਜਿਆਦਾ ਪ੍ਰਚਲਤ ਸੀ, ਨਾਲ ਕੁਝ ਹੱਦ ਤਕ ਭੰਗ ਅਤੇ ਭੁੱਕੀ। ਸ਼ਰਾਬ ਤਾਂ ਕੁਝ ਲੋਕ ਘਰ ਕਢ ਲੈਂਦੇ ਸਨ, ਭੰਗ ਅਤੇ ਭੁਕੀ ਸਹਜੇ ਹੀ ਖੇਤਾਂ ਵਿਚ ਉਗ ਜਾਂਦੀ ਸੀ। ਇਹ ਨਹੀਂ ਕਿ ਇਹ ਨਸ਼ੇ ਮਾਰੂ ਨਹੀਂ ਹਨ, ਪਰ ਜਿਸ ਪੱਧਰ ਤੇ ਅਤੇ ਜਿਨ੍ਹਾਂ ਨਸ਼ਿਆਂ ਦਾ, ਹੜ੍ਹ ਅਜ ਪੰਜਾਬ ਵਿਚ ਵਿਸ਼ੇਸ਼ ਕਰਕੇ ਨੌਜੁਆਨੀ ਵਿਚ ਆਇਆ ਪਿਆ ਹੈ, ਉਨ੍ਹਾਂ ਨੂੰ ਨਸ਼ੇ ਘਟ ਅਤੇ ਜ਼ਹਿਰ ਵਧੇਰੇ ਕਿਹਾ ਜਾ ਸਕਦਾ ਹੈ। ਸਮੈਕ, ਕੋਕੀਨ, ਹਿਰੋਇਨ, ਕਈ ਤਰ੍ਹਾਂ ਦੀਆਂ ਨਸ਼ਿਆਂ ਦੀਆਂ ਦੁਆਈਆਂ ਅਤੇ ਟੀਕੇ ਆਦਿ। ਪਹਿਲਾਂ ਤਾਂ ਇਹ ਨਸ਼ੇ ਜਿਸ ਨੂੰ ਲੱਗ ਜਾਣ ਸੌਖੇ ਛੁਟਦੇ ਨਹੀ, ਫੇਰ ਐਸੇ ਨਸ਼ੇ ਜਿਨ੍ਹਾਂ ਨੂੰ ਇਕ ਵਾਰੀ ਸ਼ੁਰੂ ਕਰਨ ਤੋਂ ਬਾਅਦ ਇਨਸਾਨ ਦੀ ਜ਼ਿੰਦਗੀ ਦੀ ਮਿਆਦ ਪੰਜ-ਸਤ ਸਾਲ ਹੀ ਰਹਿ ਜਾਂਦੀ ਹੈ, ਜਾਂ ਐਸੇ ਜੋ ਦੋ-ਤਿੰਨ ਸਾਲਾਂ ਵਿਚ ਹੀ ਚੰਗੇ ਨੌਜੁਆਨ ਨੂੰ ਨਪੁੰਸਕ ਬਣਾ ਦੇਂਦੇ ਹਨ। ਸਭ ਤੋਂ ਵਧ ਚਿੰਤਾ ਦੀ ਗੱਲ ਇਹ ਹੈ ਕਿ ਇਹ ਸਭ ਇਤਨੇ ਸੌਖੇ ਉਪਲਬਧ ਹਨ, ਜਿਵੇਂ ਕੋਈ ਆਮ ਚੀਜ਼ ਦੁਕਾਨਾਂ ਤੇ ਮਿਲਦੀ ਹੈ। ਇਹ ਪਿੰਡਾਂ ਦੀਆਂ ਬਹਿਕਾਂ ਤੋਂ ਲੈਕੇ ਸਕੂਲਾਂ ਕਾਲਜਾਂ ਵਿਚ ਸਹਿਜੇ ਹੀ ਮਿਲ ਰਹੇ ਹਨ। ਹੋਰ ਤਾਂ ਹੋਰ ਲੜਕੀਆਂ ਵੀ ਇਨ੍ਹਾਂ ਮਾਰੂ ਨਸ਼ਿਆਂ ਦਾ ਸ਼ਿਕਾਰ ਹੋ ਰਹੀਆਂ ਹਨ, ਇਨ੍ਹਾਂ ਵਿਚ ਬਹੁਤਾਤ ਹੋਸਟਲਾਂ ਵਿੱਚ ਰਹਿਣ ਵਾਲੀਆਂ ਲੜਕੀਆਂ ਦੀ ਹੈ। ਜਿਨ੍ਹਾਂ ਬੱਚੀਆਂ ਨੇ ਕੱਲ ਆਪਣੇ ਨਵੇਂ ਘਰ-ਸੰਸਾਰ ਵਸਾੳੁਣੇ ਹਨ, ਮਾਂਵਾਂ ਬਣਨਾ ਹੈ, ਜੇ ਉਨ੍ਹਾਂ ਦੀ ਜੁਆਨੀ ਨਸ਼ਿਆਂ ਦੀ ਗੁਲਾਮ ਹੋ ਗਈ ਤਾਂ ਕੱਲ ਦੇ ਪਰਵਾਰਕ ਢਾਂਚੇ ਅਤੇ ਉਨ੍ਹਾਂ ਦੇ ਕੁਖੋਂ ਜਨਮ ਲੈਣ ਵਾਲੀ ਸੰਤਾਨ ਦੇ ਭਵਿਖ ਦਾ ਤਾਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਸ਼ਰਾਬ ਦਾ ਤਾਂ ਇਹ ਹਾਲ ਹੈ ਕਿ ਬਸ ਘਰੋਂ ਬਾਹਰ ਨਿਕਲਨ ਦੀ ਲੋੜ ਹੈ। ਹਰ ਗਲੀ ਮੁੱਹਲੇ ਦੇ ਬਾਹਰ ਸ਼ਰਾਬ ਦਾ ਠੇਕਾ ਹੈ। ਅਜ ਪੰਜਾਬ ਸਰਕਾਰ ਦੀ ਕੁਲ ਆਮਦਨ ਦਾ ਤਕਰੀਬਨ ਚੌਥੇ ਹਿੱਸੇ ਤੋਂ ਵਧੇਰੇ ਕੇਵਲ ਸ਼ਰਾਬ ਤੋਂ ਆ ਰਿਹਾ ਹੈ। ਪਿਛਲੀ ਵਾਰੀ ਅਕਾਲੀ-ਭਾਜਪਾ ਸਰਕਾਰ ਵਲੋਂ ਜਦੋਂ ਕਿਸਾਨਾਂ ਨੂੰ ਬਿਜਲੀ-ਪਾਣੀ ਮੁਫਤ ਦੇਣ ਦਾ ਐਲਾਨ ਕੀਤਾ ਗਿਆ ਤਾਂ ਕਿਸੇ ਪੱਤਰਕਾਰ ਨੇ ਮੁੱਖ-ਮੰਤਰੀ ਜੀ ਨੂੰ ਪੁੱਛਿਆ ਕਿ ਤੁਸੀਂ ਸਰਕਾਰੀ ਖਜਾਨੇ ਦਾ ਇਤਨਾ ਨੁਕਸਾਨ ਕਿਵੇਂ ਪੂਰਾ ਕਰੋਗੇ ਤਾਂ ਮੁੱਖ-ਮੰਤਰੀ ਜੀ ਨੇ ਜੁਆਬ ਦਿਤਾ ਸੀ ਕਿ ਅਸੀਂ ਆਪਣੀ ਆਮਦਨ ਵਧਾਉਂਣ ਲਈ, ਹੋਰ ਸ਼ਰਾਬ ਦੇ ਠੇਕੇ ਖੋਲਾਂਗੇ। ਇਸ ਤੋਂ ਹੀ ਸਪਸ਼ਟ ਪਤਾ ਲਗਦਾ ਹੈ ਕਿ ਸਮੇਂ ਦੀ ਸਰਕਾਰ ਸੂਬੇ ਦੇ ਲੋਕਾਂ ਪ੍ਰਤੀ ਕਿਤਨੀ ਸੁਹਿਰਦ ਅਤੇ ਉਨ੍ਹਾਂ ਦੇ ਭਵਿੱਖ ਪ੍ਰਤੀ ਕਿਤਨੀ ਚਿੰਤਿਤ ਹੈ। ਬਲਕਿ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਜਿਵੇਂ ਚੋਣਾਂ ਸਮੇਂ ਨਸ਼ੇ ਵੰਡੇ ਜਾਂਦੇ ਹਨ, ਉਸ ਨੇ ਤਾਂ ਬਿਲਕੁਲ ਹੀ ਬੇੜਾ ਡੋੱਬ ਦਿਤਾ ਹੈ। ਹੋਰ ਤਾਂ ਹੋਰ ਧਾਰਮਿਕ ਸੰਸਥਾਵਾਂ ਦੀਆਂ ਚੋਣਾਂ ਵਿਚ ਵੀ ਇਨ੍ਹਾਂ ਦੀ ਖੁਲ੍ਹਕੇ ਵਰਤੋਂ ਅਤੇ ਵੰਡ ਕੀਤੀ ਜਾਂਦੀ ਹੈ। ਜੋ ਲੋਕ ਨਸ਼ੇ ਵੰਡ ਕੇ ਧਾਰਮਿਕ ਸੰਸਥਾਵਾਂ ਦੀਆਂ ਚੋਣਾਂ ਜਿਤਦੇ ਹਨ, ਉਹ ਕਿਤਨੇ ਕੁ ਧਰਮੀ ਹਨ ਅਤੇ ਕਿਹੋ ਜਿਹਾ ਧਰਮ ਪ੍ਰਚਾਰ ਕਰਨਗੇ, ਇਹ ਗੱਲ ਸਾਨੂੰ ਪਤਾ ਨਹੀਂ ਕਦੋਂ ਸਮਝ ਅਵੇਗੀ? ਜਿਨ੍ਹਾਂ ਲੋਕਾਂ ਤੇ ਸਮਾਜ ਨੂੰ ਉੱਚਾ ਚੁਕਣ ਦੀ ਜਿਮੇਂਵਾਰੀ ਸੀ, ਉਹ ਹੀ ਅਜ ਸਮਾਜ ਦਾ ਸੱਭ ਤੋਂ ਵੱਡਾ ਸੋਸ਼ਨ ਅਤੇ ਪਤਨ ਕਰਨ ਲੱਗੇ ਹੋਏ ਹਨ।
ਕੇਵਲ ਆਪਣੇ ਛੋਟੇ ਨਿਜੀ ਸਵਾਰਥਾਂ ਨੂੰ ਵੇਖਿਆ ਜਾ ਰਿਹਾ ਹੈ। ਸ਼ਾਇਦ ਸਵਾਰਥ ਵਿਚ ਅੰਨ੍ਹੇ ਹੋਇਆਂ ਨੂੰ ਇਹ ਚੇਤਨਤਾ ਨਹੀਂ ਕਿ ਇਸ ਜੰਗਲ ਦੀ ਅੱਗ ਵਿਚ ਉਨ੍ਹਾਂ ਦੇ ਪਰਿਵਾਰ ਵੀ ਝੁਲਸ ਜਾਣਗੇ। ਕਿਉਂਕਿ ਉਨ੍ਹਾਂ ਦੇ ਘਰਾਂ ਵਿਚ ਪਈ ਹਰਾਮ ਦੀ ਕਮਾਈ ਉਹ ਬਰੂਦ ਹੈ ਜਿਸਨੁੰ ਇਹ ਅੱਗ ਫੋਰਨ ਹੀ ਆਪਣੀ ਲਪੇਟ ਵਿਚ ਲੈ ਲਵੇਗੀ। ਇਸ ਤੋਂ ਨਾਂ ਭ੍ਰਿਸ਼ਟ ਸਿਆਸਤਦਾਨਾਂ ਦੇ ਪਰਿਵਾਰ ਬਚ ਸਕਣਗੇ, ਨਾਂ ਭ੍ਰਿਸ਼ਟ ਅਤੇ ਗਲਤ ਨੀਤੀਆਂ ਘੜਨ ਵਾਲੀ ਅਫਸਰ ਸ਼ਾਹੀ ਦੇ ਅਤੇ ਨਾਂ ਹੀ ਨਸ਼ਿਆਂ ਦੇ ਵਪਾਰੀਆਂ ਦੇ।
ਸਭ ਤੋਂ ਹੈਰਾਨਗੀ ਦੀ ਗੱਲ ਇਹ ਹੈ ਕਿ ਇਹ ਜ਼ਹਿਰ ਦੇ ਵਪਾਰੀ, ਜੋ ਖੁਲ੍ਹੇਆਮ ਆਪਣਾ ਗੈਰ ਕਾਨੂੰਨੀ, ਅਤੇ ਗੈਰ-ਇਖਲਾਕੀ ਧੰਦਾ ਚਲਾ ਰਹੇ ਹਨ, ਹਰ ਆਮ ਬੰਦੇ, ਇਥੋਂ ਤਕ ਕਿ ਛੋਟੇ ਛੋਟੇ ਬੱਚਿਆਂ ਤੱਕ ਦੀ ਪਹੁੰਚ ਵਿਚ ਹਨ, ਪਰ ਉਹ ਪੁਲੀਸ ਨੁੰ ਨਜ਼ਰ ਨਹੀਂ ਆੳਂੁਦੇ। ਫਰਕ ਨੀਅਤ ਵਿਚ ਹੈ। ਸੁੱਤੇ ਨੂੰ ਤਾਂ ਭਲਾ ਕੋਈ ਜਗਾਵੇ, ਮਚਲੇ ਨੂੰ ਕੌਣ ਜਗਾ ਸਕਦਾ ਹੈ? ਐਸਾ ਨਹੀਂ ਕਿ ਕੋਈ ਐਸੀ ਨੀਤੀ ਜਾਂ ਪ੍ਰੋਗਰਾਮ ਐਲਾਨਿਆਂ ਗਿਆ ਹੈ ਕਿ ਨਸ਼ੇ ਵਧੇਰੇ ਵਧਾਉਂਣੇ ਹਨ ਜਾਂ ਨਸ਼ਿਆਂ ਦੇ ਵਪਾਰੀਆਂ ਖਿਲਾਫ ਕਾਰਵਾਈ ਨਹੀਂ ਕਰਨੀ। ਬਸ ਸਿਰਫ ਪੁਲੀਸ ਅਤੇ ਪ੍ਰਸ਼ਾਸਨ ਨੂੰ ਢਿੱਲਾ ਛੱਡ ਦਿੱਤਾ ਗਿਆ ਹੈ। ਪੰਜਾਬ ਦੀ, ਵਿਸ਼ੇਸ਼ ਕਰਕੇ ਸਿੱਖਾਂ ਦੀ ਬਰਬਾਦੀ ਕਰਨ ਲਈ ਇਤਨਾ ਹੀ ਕਾਫੀ ਹੈ। ਸਭ ਨੂੰ ਮੌਜ ਲਗੀ ਹੋਈ ਹੈ। ਪੁਲੀਸ, ਨਸ਼ਿਆਂ ਦੇ ਵਪਾਰੀ ਅਤੇ ਸਿਆਸਤਦਾਨ ਰਲਕੇ ਖੂਬ ਪੈਸਾ ਕਮਾ ਰਹੇ ਹਨ। ਕਦੀ-ਕਦੀ ਇਨ੍ਹਾਂ ਪੁਲੀਸ ਵਾਲਿਆਂ ਤੋਂ ਲੁਕਾਕੇ, ਕੋਈ ਨਸ਼ਿਆਂ ਦੀ ਵੱਡੀ ਖੇਪ ਪੰਜਾਬ ਵਿਚੋਂ ਜਾਂ ਪੰਜਾਬ ਰਾਹੀਂ ਬਾਹਰ ਜਾ ਰਹੀ ਹੋਵੇ, ਤਾਂ ਉਸ ਨੂੰ ਫੜ ਕੇ ਜਰੂਰ ਇਹ ਅਖਬਾਰਾਂ ਦੀਆਂ ਸੁਰਖੀਆਂ ਬਣਾ ਦੇਂਦੇ ਹਨ।
ਦੁੱਖ ਤਾਂ ਇਹ ਹੈ ਕਿ ਜਿਨ੍ਹਾਂ ਦਾ ਸਰਵਨਾਸ਼ ਹੋ ਰਿਹਾ ਹੈ, ਉਨ੍ਹਾਂ ਨੂੰ ਹੋਸ਼ ਨਹੀਂ। ਕਈ ਮੁਰੱਬਿਆਂ ਦੇ ਮਾਲਕ, ਮਰਲਿਆਂ ਦੇ ਮਾਲਕ ਰਹਿ ਗਏ, ਕਈਆਂ ਦੀ ਨਸ਼ੇ ਕਰਕੇ ਕੀਤੇ ਜੁਰਮਾਂ ਕਾਰਨ, ਸਾਰੀ-ਸਾਰੀ ਜਿੰਦਗੀ ਜੇਲ੍ਹਾਂ ਵਿਚ ਬਤੀਤ ਹੌ ਗਈ, ਕਈ ਫਾਹੇ ਲਗ ਗਏ, ਕਈ ਔਰਤਾਂ ਵਿਧਵਾਵਾਂ ਹੋ ਗਈਆਂ, ਕਈ ਬੱਚੇ ਅਨਾਥ ਹੋ ਗਏ, ਪਰਿਵਾਰਾਂ ਦੇ ਪਰਿਵਾਰ ਰੁਲ ਗਏ, ਪਰ ਸਾਡੀ ਕੌਮ ਨੂੰ ਹੋਸ਼ ਤਾਂ ਕੀ ਆਉਣੀ ਸੀ, ਇਹ ਨਸ਼ਿਆਂ ਦਾ ਦੌਰ ਕਈ ਗੁਣਾ ਵੱਧ ਗਿਆ ਹੈ। ਮੈਂ ਆਪਣੇ ਅੱਖੀਂ ਕਈ ਮੂਰਖ ਬਾਪਾਂ ਨੂੰ, ਆਪਣੇ ਮਾਸੂਮ ਬਚਿਆਂ ਨੂੰ ਇਹ ਜ਼ਹਿਰ ਆਪ ਪੀਆਉਂਦੇ ਵੇਖਿਆ ਹੈ। ਫਿਰ ਉਹ ਬੜੇ ਮਾਨ ਨਾਲ ਦਸਦੇ ਹਨ, ‘‘ਸ਼ੇਰ ਦਾ ਬੱਚਾ ਹੈ, ਦੋ ਪੈਗ ਚੱਕ ਜਾਂਦੈ ਹੁਣੀ।’’ ਕੀ ਆਖਾਂ ਉਸ ਸ਼ੇਰ ਦੇ ਬੱਚੇ ਦੇ ਬਾਪ ਨੂੰ ਕਿ ਉਹ ਆਪ ਗਧਾ ਹੈ, ਮੂਰਖ, ਜਾਂ ਆਪਣੇ ਮਾਸੂਮ ਬੱਚੇ ਦਾ ਕਾਤਲ?
ਇਕ ਸਕੂਲ ਦੇ ਅਧਿਆਪਕ ਨੇ ਮੈਨੂੰ ਦੱਸਿਆ ਕਿ, ਉਸ ਨੂੰ ਸਕੂਲ ਦੇ ਇਕ ਬੱਚੇ ਬਾਰੇ ਪਤਾ ਲਗਾ ਕਿ ਉਹ ਨਸ਼ਾ ਕਰਨ ਲਗ ਪਿਆ ਹੈ। ਉਸ ਨੇ ਬੱਚੇ ਨੂੰ ਵੀ ਸਮਝਾਉਂਣ ਦੀ ਕੋਸ਼ਿਸ਼ ਕੀਤੀ ਅਤੇ ਨਾਲ ਹੀ ਉਸ ਦੇ ਘਰ ਦਾ ਪਤਾ ਕਰਕੇ, ਉਸ ਦੇ ਪਿਤਾ ਨੂੰ ਮਿਲਿਆ ਅਤੇ ਬੱਚੇ ਬਾਰੇ ਦਸਿਆ। ਸੁਣਕੇ ਉਸ ਦਾ ਪਿਤਾ ਬੋਲਿਆ, ‘‘ਇਸ ਦੀ ਕਿਸਮਤ ਹੀ ਮਾੜੀ ਹੈ।’’ ਅਧਿਆਪਕ ਹੈਰਾਨ ਹੋ ਕੇ ਬੋਲਿਆ, ‘‘ਕਿਸਮਤ ਨੂੰ ਕਿਉਂ ਕੋਸਦੇ ਹੋ, ਗਲ ਤੇ ਆਪਣੇ ਕਰਮਾਂ ਦੀ ਹੈ, ਇਸ ਬੱਚੇ ਦੀ ਅਜੇ ਸ਼ੁਰੂਆਤ ਹੈ, ਸਿਆਣਪ ਨਾਲ ਇਸ ਨੂੰ ਸੰਭਾਲੋ, ਸਮਝਾਓ, ਮਾੜੀ ਸੰਗਤ ਤੋਂ ਬਚਾਓ, ਲੋੜ ਪਵੇ ਤਾਂ ਕੁਝ ਕਰੜਾਈ ਵੀ ਵਰਤੋ, ਘਰ ਵਿਚ ਇਸ ਨੂੰ ਚੰਗਾ ਮਹੌਲ ਦਿਓ।’’ ਸੁਣ ਕੇ ਪਿਤਾ ਬੋਲਿਆ, ‘‘ਮਾਸਟਰ ਜੀ ਗੱਲ ਤਾਂ ਥੋਡੀ ਜਮਾਂ ਠੀਕ ਐ। ਇਨ੍ਹੂੰ ਤਾਂ ਮੈਂ ਜਮਾਂ ਸਮਝਾਊਂ, ਪਰ ਕਿਆ ਕਰਾਂ ਮੈਂ ਆਪ ਤਾਂ ਹੁਣ ਪੱਕਾ ਅਮਲੀ ਬਣ ਗਿਐ, ਮੈਂ ਤਾਂ ਹੁਣ ਨਸ਼ੇ-ਪਤੇ ਬਿਨਾਂ ਰਹਿ ਨਹੀਂ ਸਕਦਾ।’’ ਜਿੱਥੇ ਇਹ ਹਾਲਾਤ ਹੋਣ ਉਥੇ ਆਉਣ ਵਾਲੀ ਨਸਲ ਦਾ ਕੀ ਭੱਵਿਖ ਹੈ। (ਚਲਦਾ)