Subscription About Us Contact Us


ਦਿੱਲੀ ਗੁਰਦੁਆਰਾ ਕਮੇਟੀ ਦਾ ਨਵਾਂ ਸਿਧਾਂਤ: ਦਾੜ੍ਹੀ ਕਤਰੇ ਨਾਇਕ ਵਾਲੀ ਹੋਛੀ ਫਿਲਮ ‘ਸਿੱਖੀ’ ਦਾ ਪ੍ਰਚਾਰ ਕਰੇਗੀ !!

- ਇੰਡੀਆ ਅਵੇਅਰਨੈੱਸ ਬਿਉਰੋ -

ਸਿੱਖਾਂ ਨੂੰ ਅਪਮਾਨਿਤ ਕਰਨ, ਸਿੱਖ ਧਰਮ ਬਾਰੇ ਬਿਲਕੁਲ ਜਾਣਕਾਰੀ ਨਾ ਰੱਖਣ ਵਾਲੇ ਲੋਕਾਂ ਵਿੱਚ ਸਿੱਖਾਂ ਬਾਰੇ ਗਲਤਫਹਿਮੀਆਂ ਪੈਦਾ ਕਰਨ ਅਤੇ ਸਿੱਖਾਂ ਦੀ ਨੌਜੁਆਨ ਪੀੜ੍ਹੀ ਦਾ ਮਨੋਬਲ ਡਿਗਾ ਕੇ ਇਸਨੂੰ ਸਿੱਖੀ ਸਰੂਪ ਤੋਂ ਬੇਮੁਖ ਹੋਣ ਲਈ ਪ੍ਰੇਰਿਤ ਕਰਨ ਵਾਸਤੇ ਬ੍ਰਾਹਮਣਵਾਦੀਆਂ ਵੱਲੋਂ ਵੱਖ-ਵੱਖ ਟੀ.ਵੀ. ਸੀਰੀਅਲਾਂ ਅਤੇ ਫਿਲਮਾਂ ਦਾ ਸਹਾਰਾ ਲਿਆ ਜਾਂਦਾ ਰਿਹਾ ਹੈ ਅਤੇ ਫਿਲਮ ‘ਸਿੰਘ ਇਜ਼ ਕਿੰਗ’ ਨੇ ਅਜਿਹੀਆਂ ਫਿਲਮਾਂ ਦੀ ਲਿਸਟ ਵਿੱਚ ਇਕ ਹੋਰ ਨਾਂ ਦਾ ਵਾਧਾ ਕਰ ਦਿੱਤਾ ਹੈ।

ਅਕਾਲ ਤਖ਼ਤ ਦੇ ਪੁਜਾਰੀ ਵੱਲੋਂ ਕਲੀਨ-ਚਿੱਟ ਪ੍ਰਾਪਤ ਫਿਲਮ ‘ਜੋ ਬੋਲੇ ਸੋ ਨਿਹਾਲ’ ਦਾ ਇਕ ਪੋਸਟਰ

ਜਿਸ ਤਰ੍ਹਾਂ ਸਿੱਖ ਨਾਇਕ ਵਾਲੀ ਫਿਲਮ ‘ਜੋ ਬੋਲੇ ਸੋ ਨਿਹਾਲ’ ਵਿੱਚ ਸਿੱਧੇ-ਅਸਿੱਧੇ ਢੰਗ ਨਾਲ ਸਿੱਖਾਂ ਨੂੰ ਅਪਮਾਨਿਤ ਕੀਤਾ ਗਿਆ ਸੀ, ਉਸ ਤੋਂ ਵੀ ਵੱਧ ਸੂਖਮ ਢੰਗ ਨਾਲ ਫਿਲਮ ‘ਸਿੰਘ ਇਜ਼ ਕਿੰਗ’ ਵਿੱਚ ਸਿੱਖਾਂ ਨੂੰ ਬੇਹੂਦਾ ਰੂਪ ’ਚ ਪੇਸ਼ ਕੀਤਾ ਗਿਆ ਹੈ। ਵੈਸੇ ਤਾਂ ਇਹ ਫਿਲਮ ਕਈ ਪੱਖਾਂ ਤੋਂ ਸੰਨੀ ਦਿਓਲ ਦੀ ਨਾਇਕੀ ਵਾਲੀ ਫਿਲਮ ਵਰਗੀ ਹੀ ਹੈ। ਜਿਵੇਂ ਦੋਵੇਂ ਫਿਲਮਾਂ ਦੇ ਨਾਇਕਾਂ ਦਾ ਚਰਿੱਤਰ ਬਹੁਤ ਭੋਲੇਪਨ (ਜਾਂ ਮੂਰਖਤਾ ਵਾਲਾ) ਹੋਣਾ, ਦੋਹਾਂ ਦੇ ਨਾਇਕਾਂ ਵੱਲੋਂ ਵਿਦੇਸ਼ ਵਿੱਚ ਕਿਸੇ ਅਪਰਾਧੀ (ਪਹਿਲੀ ਫਿਲਮ ਵਿੱਚ ਅਪਰਾਧੀ ਨੂੰ ਗ੍ਰਿਫ਼ਤਾਰ ਕਰਨ ਲਈ, ਦੂਜੀ ਵਿੱਚ ਉਸਨੂੰ ਵਾਪਸ ਪਿੰਡ ਲਿਆਉਣ ਲਈ) ਦੀ ਭਾਲ ਵਿੱਚ ਵਿਦੇਸ਼ ਜਾਣਾ, ਦੋਹਾਂ ਫਿਲਮਾਂ ਦੇ ਨਾਇਕਾਂ ਵੱਲੋਂ ਸਿੱਖੀ ਸਰੂਪ ਦੀ ਬੇਅਦਬੀ ਕਰਨਾ ਪਰ ਲੋਕਾਂ ਨੂੰ ਨੈਤਿਕਤਾ ਦਾ ਉਪਦੇਸ਼ ਦੇਣ ਲਈ ਕਈ ਥਾਂਵਾਂ ’ਤੇ ਗੁਰਬਾਣੀ ਦੀਆਂ ਤੁਕਾਂ/ਗੁਰੂ ਸਾਹਿਬਾਨ ਦੇ ਨਾਮ ਦਾ ਹਵਾਲਾ ਦੇਣਾ ਆਦਿਕ। ਇਸੇ ਤਰ੍ਹਾਂ ਫਿਲਮ ਬੋਲੇ ਸੋ ਨਿਹਾਲ ਆਪਣੇ ਨਾਮ ਤੋਂ ਧਾਰਮਕ ਸਿੱਖ ਫਿਲਮ ਹੋਣ ਦਾ ਭੁਲੇਖਾ ਪਾਉਂਦੀ ਸੀ ਪਰ ਫਿਲਮ ਦੇਖਣ ’ਤੇ ਪਤਾ ਚਲਦਾ ਸੀ ਕਿ ਇਸਦਾ ਸਿਰਲੇਖ ਨਾਇਕ ਦੇ ਨਾਮ (ਨਿਹਾਲ ਸਿੰਘ) ਨਾਲ ਸਬੰਧਿਤ ਹੈ। ਇਸੇ ਤਰ੍ਹਾਂ, ਸਿੰਘ ਇਜ਼ ਕਿੰਗ (ਇਹ ਫਿਕਰਾ ਅਕਸਰ ਕਾਰਾਂ ਅਤੇ ਟਰੱਕਾਂ ਪਿਛੇ ਲਿਖਿਆ ਦੇਖਿਆ ਜਾਂਦਾ ਰਿਹਾ ਹੈ) ਸਿਰਲੇਖ ਤੋਂ ਵੀ ਇਹ ਪ੍ਰਭਾਵ ਪੈਂਦਾ ਹੈ ਕਿ ਫਿਲਮ ਵਿੱਚ ਸਿੱਖਾਂ ਨੂੰ ‘ਰਾਜੇ’ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੋਏਗਾ। ਪਰ ਫਿਲਮ ਦੀ ਕਹਾਣੀ ਵਿੱਚ ‘ਕਿੰਗ’ ਤਾਂ ਇਕ ਸਿੱਖ ਮਾਫੀਆ ਡਾਨ ਦਾ ਨਾਮ ਹੁੰਦਾ ਹੈ। ਇਸ ਤਰ੍ਹਾਂ ਫਿਲਮ ਦਾ ਅਸਲ ਸੰਦੇਸ਼ ਨਿਕਲਦਾ ਹੈ ਕਿ ‘ਸਿੰਘ ਇਜ਼ ਮਾਫੀਆ/ਗੁੰਡਾ/ ਲੁੱਚਾ।’ ਬਲਕਿ ਜਿਸ ਤਰ੍ਹਾਂ ਫਿਲਮ ਵਿੱਚ ਪਤਿਤ ਸਿੱਖਾਂ ਦੇ ਸਰੂਪ ਵਾਲੇ ਇਕ ਵੱਡੇ ਸਮੂਹ ਨੂੰ ਆਸਟ੍ਰੇਲੀਆ ਵਿੱਚ ਗੈਰ-ਕਾਨੂੰਨੀ ਧੰਧੇ ਕਰਦੇ ਵਿਖਾਇਆ ਗਿਆ ਹੈ, ਉਸਤੋਂ ਇਹ ਪ੍ਰਭਾਵ ਵੀ ਜਾਂਦਾ ਹੈ ਕਿ ਵਿਦੇਸ਼ਾਂ ਵਿੱਚ ਵਸਣ ਵਾਲੇ ਸਿੱਖ, ਉੱਥੇ ਗੈਰ-ਕਾਨੂੰਨੀ ਧੰਧੇ ਕਰਦੇ ਹਨ। (ਨਿਸ਼ਚਿਤ ਤੌਰ ’ਤੇ ਇਕਾ-ਦੁੱਕਾ ਲੋਕ ਅਜਿਹੀਆਂ ਕਾਰਵਾਈਆਂ ਕਰਦੇ ਵੀ ਹੋਣਗੇ, ਪਰ ਵਿਦੇਸ਼ਾਂ ਵਿੱਚ ਵਸਣ ਵਾਲੇ ਸਿੱਖਾਂ ਦਾ ਬਹੁਤ ਵੱਡਾ ਹਿੱਸਾ ਹੱਡ-ਤੋੜਵੀਂ ਮਿਹਨਤ ਨਾਲ ਹੀ ਆਪਣੀ ਰੋਜ਼ੀ-ਰੋਟੀ ਦਾ ਜੁਗਾੜ ਕਰਦਾ ਹੈ। ਖ਼ਾਸਕਰ, ਆਸਟ੍ਰੇਲੀਆ ਵਰਗੇ ਦੇਸ਼ ਵਿੱਚ ਤਾਂ ਬਹੁਤ ਸਾਰੇ ਨੌਜੁਆਨ ਟੈਕਸੀ ਆਦਿ ਚਲਾ ਕੇ ਹੀ ਆਪਣਾ ਗੁਜਾਰਾ ਕਰਦੇ ਹਨ ਅਤੇ ਉਨ੍ਹਾਂ ਨੂੰ ਅਕਸਰ ਗੋਰੇ ਲੋਕਾਂ ਵੱਲੋਂ ਕੀਤੇ ਜਾਂਦੇ ਨਸਲੀ ਵਿਤਕਰੇ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਮਿਹਨਤੀ ਤੇ ਮਜਬੂਰ ਲੋਕਾਂ ਨੂੰ, ਸਮਗਲਰਾਂ/ਮਾਫੀਆ ਡਾਨਾਂ ਦੇ ਰੂਪ ਵਿੱਚ ਪੇਸ਼ ਕਰਨਾ, ਨਾ ਸਿਰਫ਼ ਉਨ੍ਹਾਂ ਦਾ ਸਿੱਧਾ ਅਪਮਾਨ ਹੈ ਬਲਕਿ ਇਸ ਨਾਲ ਭਾਰਤ ਅਤੇ ਵਿਦੇਸ਼ਾਂ ਦੇ ਲੋਕਾਂ ਵਿੱਚ ਵੀ ਵਿਦੇਸ਼ਾਂ ਵਿੱਚ ਵਸਣ ਵਾਲੇ ਸਿੱਖਾਂ ਦੀਆਂ ਸਰਗਰਮੀਆਂ ਪ੍ਰਤੀ ਸ਼ੰਕੇ ਪੈਦਾ ਹੋ ਸਕਦੇ ਹਨ।) ਇਸ ਤਰ੍ਹਾਂ, ਇਹ ਫਿਲਮ ਲੁਕਵੇਂ ਰੂਪ ’ਚ ਇਹੀ ਸੰਦੇਸ਼ ਦਿੰਦੀ ਹੈ ਕਿ ‘‘ਸਿੰਘਜ਼ ਆਰ ਮਾਫੀਆ।’’

ਫਿਲਮ ‘ਸਿੰਘ ਇਜ਼ ਕਿੰਗ’ ਵਿੱਚ ਕਥਿਤ ਤੌਰ ’ਤੇ ਆਦਰਸ਼ ਸਿੱਖ ਦੇ ਰੂਪ ਵਿੱਚ ਪੇਸ਼ ਕੀਤੇ ਗਏ ਨਾਇਕ ਦਾ ਬੇਹੂਦਾ ਸਰੂਪ

ਕਲਾਤਮਕ ਪੱਖ ਤੋਂ ਵੀ ਇਹ ਫਿਲਮ ਕਾਫੀ ਨਿਰਾਸ਼ਾਜਨਕ ਸਤਰ ਦੀ ਹੈ, ਜਿਸਦੀ ਤਸਦੀਕ ਇਸ ਫਿਲਮ ਦੇ ਰਿਲੀਜ਼ ਹੋਣ ਉਪਰੰਤ ਵੱਖ-ਵੱਖ ਅਖ਼ਬਾਰਾਂ/ਵੈਬਸਾਈਟਾਂ ’ਤੇ ਪ੍ਰਕਾਸ਼ਿਤ ਹੋਏ ਇਸਦੇ ‘ਰਿਵੀਊ’ ਤੋਂ ਹੋ ਜਾਂਦੀ ਹੈ। ਫਿਲਮ ‘ਸਿੰਘ ਇਜ਼ ਕਿੰਗ’ ਦਾ ਰਿਵੀਊ ਪੇਸ਼ ਕਰਦਿਆਂ ਅਮਰੀਕਾ ਦੀ ਪ੍ਰਸਿੱਧ ‘ਦ ਨਿਊਯਾਰਕ ਟਾਈਮਜ਼’ ਅਖ਼ਬਾਰ ਦੀ ਰਿਪੋਰਟ ਹੈ :

“Singh Is Kinng” isn’t a great movie. There are too many sloppy action sequences, the humor’s too broad, the storytelling lackluster.”
(ਸਿੰਘ ਇਜ਼ ਕਿੰਗ ਕੋਈ ਵਧੀਆ ਫਿਲਮ ਨਹੀਂ ਹੈ। ਇਸ ਵਿੱਚ ਬਹੁਤ ਹੀ ਜ਼ਿਆਦਾ ਬੇਤਰਤੀਬੀ ਐਕਸ਼ਨ ਲੜੀਆਂ ਹਨ, ਹਾਸੇ ਦਾ ਦਾਇਰਾ ਵੀ ਕੁਝ ਜ਼ਿਆਦਾ ਹੀ ਹੈ ਅਤੇ ਕਹਾਣੀ ਦੀ ਪੇਸ਼ਕਾਰੀ ਘਟੀਆ ਤਰੀਕੇ ਨਾਲ ਹੈ।...)

ਭਾਰਤ ਦੀ ਪ੍ਰਸਿੱਧ ਵੈਬਸਾਈਟ ਰੈਡੀਫ ਡਾਟ ਕਾਮ ਨੂੰ ਫਿਲਮ ਬਾਰੇ ਇਹ ਲਿਖਣ ਲਈ ਮਜਬੂਰ ਹੋਣਾ ਹੀ ਪਿਆ :

“But most of Singh is Kinng is silly - although mindless, series of disjointed plotlines.”
(ਸਿੰਘ ਇਜ਼ ਕਿੰਗ ਦਾ ਜ਼ਿਆਦਾਰ ਹਿੱਸਾ ਬੇਦਿਮਾਗੀ ਵਾਲੇ - ਭਾਵੇਂ ਮੂਰਖਾਨਾ, ਕਹਾਣੀ-ਟੁਕੜਿਆਂ ਦੀ ਬਿਨ੍ਹਾਂ ਜੋੜੀ ਲੜੀ ਹੈ।)

‘ਸਿੰਘ ਇਜ਼ ਕਿੰਗ’ ਵਿੱਚ ਇਕ ਤੋਂ ਵੱਧ ਇਕ ਘਟੀਆ ਰੂਪਾਂ ਵਿੱਚ ਪੇਸ਼ ‘ਸਿੱਖ’ ਨਾਇਕ

ਫਿਲਮ ਦੇਖਦਿਆਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਇਸਦਾ ਮਕਸਦ ਅਸਿੱਧੇ ਢੰਗ ਨਾਲ ਸਿੱਖਾਂ ਨੂੰ ਬੇਇੱਜ਼ਤ ਕਰਨਾ ਹੈ। ਇਸੇ ਲਈ ਫਿਲਮ ਦੇ ਸਾਰੇ ਮੁੱਖ ਕਿਰਦਾਰ ਦਾੜ੍ਹੀ-ਕਤਰਿਆਂ, ਬਲਕਿ ਫ੍ਰੈਂਚ ਕੱਟ ਦਾੜ੍ਹੀਆਂ ਵਾਲੇ ਪਗੜੀਧਾਰੀਆਂ, ਵਜੋਂ ਪੇਸ਼ ਕੀਤੇ ਗਏ ਹਨ; ਜੋ ਸਾਰਾ ਸਮਾਂ ਮੂਰਖਾਨਾ ਅਤੇ ਲਗਭਗ ਅਸੰਭਵ (ਜਿਵੇਂ ਫਿਲਮ ਦੇ ਨਾਇਕ ਵੱਲੋਂ ਸਿਰਫ਼ ਇਕ ਮੁਰਗੀ ਫੜਨ ਲਈ ਭਾਰੀ ਤਬਾਹੀ ਮਚਾਉਣਾ ਜਾਂ ਵਿਆਹ ਸਮਾਗਮ ਦੌਰਾਨ ਬੇਹੂਦਾ ਕਿਸਮ ਦੇ ਗੀਤ ਗਾਉਣਾ ਆਦਿਕ) ਹਰਕਤਾਂ ਕਰਨ ਵਿੱਚ ਰੁੱਝੇ ਰਹਿੰਦੇ ਹਨ। ਫਿਲਮ ਦੇ ਸਾਰੇ ਕਹਾਣੀ-ਟੁਕੜੇ ਵੀ ਲਗਭਗ ਅਸੰਭਵ ਪ੍ਰਤੀਤ ਹੁੰਦੇ ਹਨ ਜਿਵੇਂ ਬਿਨ੍ਹਾਂ ਪਾਸਪੋਰਟ ਜਾਂ ਪੈਸੇ ਦੇ ਬੰਦੋਬਸਤ ਦੇ ਹੈੱਪੀ ਸਿੰਘ (ਨਾਇਕ) ਦਾ ਆਸਟ੍ਰੇਲੀਆ ਦਾ ਵੀਜ਼ਾ ਲੱਗ ਜਾਣਾ; ਨਾਇਕ ਦਾ ਗਲਤੀ ਨਾਲ ਆਸਟ੍ਰੇਲੀਆ ਦੀ ਬਜਾਏ ਮਿਸਰ ਪਹੁੰਚ ਜਾਣਾ (ਸ਼ਾਇਦ ਫਿਲਮ ਦੇ ਨਿਰਮਾਤਾ ਬ੍ਰਿਟਿਸ਼ ਏਅਰਵੇਜ਼ ਦੇ ਸਟਾਫ ਨੂੰ ਏਅਰ ਇੰਡੀਆ ਦੇ ਸਟਾਫ਼ ਤੋਂ ਵੀ ਗਿਆ-ਗੁਜ਼ਰਾ ਸਾਬਿਤ ਕਰਨਾ ਚਾਹੁੰਦੇ ਸਨ) ਅਤੇ ਉੱਥੇ ਮਿੰਨੀ-ਸਕਰਟਾਂ ਵਾਲੀਆਂ ਲੜਕੀਆਂ ਨਾਲ ਗਾਣੇ ਗਾ ਕੇ ਵਾਪਸ ਆਸਟ੍ਰੇਲੀਆ ਪਹੁੰਚ ਜਾਣਾ; ਆਸਟ੍ਰੇਲੀਆ ਦੀ ਪੁਲਿਸ ਵੱਲੋਂ ਲੱਕੀ ਸਿੰਘ ਉਰਫ਼ ਕਿੰਗ ਦੇ ਅਪਰਾਧੀ ਕਿਰਦਾਰ ਬਾਰੇ ਜਾਣਦਿਆਂ ਵੀ ਹੈੱਪੀ ਸਿੰਘ ਨੂੰ ਉਸਦੇ ਘਰ ਛੱਡ ਕੇ ਆਉਣਾ... ਆਦਿਕ। ਫਿਲਮ ਦੇ ਅੰਤ ਵਿੱਚ ਤਾਂ ਨਿਰਮਾਤਾ/ ਲੇਖਕ ਨੇ ਹੱਦ ਹੀ ਮੁਕਾ ਦਿੱਤੀ ਜਦੋਂ ਉਸਨੇ ਹੀਰੋ ਅਤੇ ਹੀਰੋਈਨ ਦੇ ਵਿਆਹ ਨੂੰ ਲੜਾਈ-ਝਗੜੇ ਦੌਰਾਨ ਨੱਸ-ਭੱਜ ਦੇ ਨਤੀਜੇ ਵਜੋਂ ਪੇਸ਼ ਕਰ ਦਿੱਤਾ!! ਪਰ ਖੈਰ, ਭਾਰਤੀ ਫਿਲਮਾਂ ਅਤੇ ਪੁਰਾਤਨ ਧਰਮ ਗ੍ਰੰਥਾਂ ਵਿੱਚ ਕੁਝ ਵੀ ਅਸੰਭਵ ਨਹੀਂ ਹੈ।

ਸ਼ਰਧਾਲੂ ਸਿੱਖ ਦਾ ਚਰਿੱਤਰ ਪੇਸ਼ ਕਰਦਿਆਂ ਫਿਲਮ ਦਾ ਨਾਇਕ 

ਫਿਲਮ ਵਿੱਚ ਕਾਰਟੂਨ ਜਾਂ ਮਸਖਰਿਆਂ ਰੂਪੀ ਸਿੱਖ (ਜਿਹੇ ਮੇਕਅਪ ਵਾਲੇ)
ਅਦਾਕਾਰਾਂ ਦੀ ਭੀੜ

ਇਹੋ ਜਿਹੀ ਘਟੀਆ ਫਿਲਮ ਤਾਂ ਦਰਸ਼ਕਾਂ ਵੱਲੋਂ ਬਿਲਕੁਲ ਨਕਾਰ ਦਿੱਤੀ ਜਾਣੀ ਚਾਹੀਦੀ ਸੀ, ਪਰ ਇਸਦੇ ਉਲਟ, ਸਿੰਘ ਇਜ਼ ਕਿੰਗ ਨੂੰ ਪ੍ਰਦਰਸ਼ਨ ਦੇ ਪਹਿਲੇ ਹਫ਼ਤੇ ਬਾਕਸ ਆਫਿਸ ’ਤੇ ਰਿਕਾਰਡ-ਤੋੜ ਸਫਲਤਾ ਮਿਲੀ। ਇਹ ਤੱਥ ਦੋ ਕੌੜੀਆਂ ਸੱਚਾਈਆਂ ਸਾਹਮਣੇ ਲਿਆਉਂਦਾ ਹੈ। ਇਕ ਤਾਂ ਇਹ ਕਿ ਸਿੱਖਾਂ ਨੂੰ ਅਪਮਾਨਿਤ ਕਰਨ ਵਾਲੀ ਫਿਲਮ, ਭਾਵੇਂ ਓਹ ਕਿੰਨੀ ਵੀ ਘਟੀਆ ਸਤਰ ਦੀ ਕਿਉਂ ਨਾ ਹੋਵੇ, ਉਸਨੂੰ ਵਪਾਰਕ ਤੌਰ ’ਤੇ ਸਫਲਤਾ ਮਿਲਣੀ ਲਾਜ਼ਮੀ ਹੈ। ਦੂਜੀ ਇਹ ਹੈ ਕਿ ਬ੍ਰਾਹਮਣਵਾਦੀ ਮੀਡੀਆ ਵੱਲੋਂ ਅਜਿਹੀਆਂ ਫਿਲਮਾਂ ਦੇ ਕਥਿਤ ‘ਵਧੀਆਪੁਣੇ’ ਬਾਰੇ ਇਕ ਤਰ੍ਹਾਂ ਦਾ ਹਊਆ ਖੜਾ ਕਰਕੇ ਫਿਲਮ ਨੂੰ ਵੱਧ ਤੋਂ ਵੱਧ ਸ਼ੋਹਰਤ ਦਿਵਾਈ ਜਾਂਦੀ ਹੈ। ਇਸਦੇ ਇਲਾਵਾ, ਸਿੱਖਾਂ ਦਾ ਅਪਮਾਨ ਹੁੰਦਾ ਵੇਖਣ ਲਈ ਗੰਗੂਕਿਆਂ ਵੱਲੋਂ ਅਜਿਹੀਆਂ ਫਿਲਮਾਂ ਵੇਖਣ ਨੂੰ ਭਰਪੂਰ ਤਰਜ਼ੀਹ ਤੇ ਸਰਪ੍ਰਸਤੀ ਦਿੱਤੀ ਜਾਂਦੀ ਹੈ।

ਖੈਰ, ਗੰਗੂਆਂ ਨੂੰ ਤਾਂ ਉਨ੍ਹਾਂ ਦੀ ਮਾਨਸਿਕਤਾ ਲਈ ਦੋਸ਼ ਨਹੀਂ ਦਿੱਤਾ ਜਾ ਸਕਦਾ ਪਰ ਸਿੱਖ ਸਮਾਜ ਵੱਲੋਂ ਅਜਿਹੀ ਫਿਲਮ ਦਾ ਬਾਈਕਾਟ (ਬੁਰਛਾਗਰਦੀ ਵਾਲੇ ਪ੍ਰਦਰਸ਼ਨ ਨਹੀਂ ਕਿਉਂਕਿ ਇਸ ਨਾਲ ਫਿਲਮ ਨੂੰ ਸ਼ੋਹਰਤ ਅਤੇ ਕੌਮ ਨੂੰ ਬਦਨਾਮੀ ਮਿਲਦੀ ਹੈ) ਕਰਨਾ ਬਣਦਾ ਸੀ। ਇਸਦੇ ਉਲਟ, ਸਿੱਖਾਂ ਨੇ ਵੀ ਇਸ ਫਿਲਮ ਨੂੰ ਦੇਖਣ ਪ੍ਰਤੀ ਭਰਪੂਰ ਉਤਸ਼ਾਹ ਦਰਸਾਇਆ। ਪਾਨੀਪਤ ਦੇ ਇਕ ਸਿੱਖ(?) ਨੇ ਤਾਂ ਇਕ ਸਿਨੇਮੇ ਦੇ ਸ਼ੋਅ ਦੀਆਂ ਸਾਰੀਆਂ ਟਿਕਟਾਂ ਖ਼ੁਦ ਹੀ ਖਰੀਦ ਲਈਆਂ ਅਤੇ ਹਾਲ ਵਿੱਚ ਇਕੱਲੇ ਬੈਠ ਕੇ ਇਹ ਫਿਲਮ ਵੇਖੀ। ਸਪਸ਼ਟ ਹੈ ਕਿ ਸਿੱਖ ਕੌਮ ਹਿੰਦੂਵਾਦੀ ਮਾਨਸਿਕਤਾ ਦੀ ਏਨੀ ਜ਼ਿਆਦਾ ਗੁਲਾਮ ਹੋ ਚੁੱਕੀ ਹੈ ਕਿ ਇਸਨੂੰ ਹੁਣ ਆਪਣੀ ਬੇਇਜ਼ਤੀ ਵੀ ਸਿਫ਼ਤਾਂ ਵਾਂਗ ਪ੍ਰਤੀਤ ਹੋਣ ਲੱਗ ਪਈ ਹੈ।

ਅਜਿਹੇ ਹਾਲਾਤ ਵਿੱਚ ਲੋੜ ਸੀ ਕਿ ਗੁਰਦੁਆਰਾ ਕਮੇਟੀਆਂ ਦੇ ਆਗੂ ਸਰਗਰਮ ਹੋ ਕੇ ਸਿੱਖਾਂ ਨੂੰ ਜਾਗ੍ਰਿਤ ਕਰਨ ਦੀ ਕੋਸ਼ਿਸ਼ ਕਰਦੇ। ਪਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਆਗੂ ਇਸ ਬਾਬਤ ਕੋਈ ਸਪਸ਼ਟ ਸਟੈਂਡ ਨਾ ਲੈ ਸਕੇ। ਪਹਿਲਾਂ ਤਾਂ ਉਨ੍ਹਾਂ ਨੇ ਫਿਲਮ ਪ੍ਰਤੀ ਆਪਣਾ ਵਿਰੋਧ ਜਤਾਇਆ। ਪਰ ਜਦ ਉਨ੍ਹਾਂ ਦੀ ਇਕ ਕਥਿਤ ‘ਪੜਤਾਲੀਆ ਕਮੇਟੀ’ ਨੂੰ ਇਹ ਫਿਲਮ ਦਿਖਾ ਕੇ ਇਕ-ਦੋ ਸੰਵਾਦ ਕਟਵਾ ਦਿੱਤੇ ਗਏ, ਤਾਂ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਫਿਲਮ ਨੂੰ ਇਕ ਤਰ੍ਹਾਂ ਦੀ ਕਲੀਨ-ਚਿੱਟ ਦੇ ਦਿੱਤੀ। ਪਰ ਫਿਲਮ ਰਿਲੀਜ਼ ਹੋਣ ਤੋਂ ਮਾਤਰ ਦੋ ਕੁ ਦਿਨ ਪਹਿਲਾਂ ਕਮੇਟੀ ਨੇ ਆਪਣੇ ਸਟੈਂਡ ਵਿੱਚ ਫਿਰ ਤਬਦੀਲੀ ਲੈ ਆਉਂਦੀ ਅਤੇ ਫਿਲਮ ਨੂੰ ‘ਸਿੱਖ-ਵਿਰੋਧੀ’ ਕਰਾਰ ਦੇ ਦਿੱਤਾ।

ਇਸ ਮਾਮਲੇ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਦੀ ਸਥਿਤੀ ਵੀ ਕਾਫੀ ਹਾਸੋਹੀਣੀ ਰਹੀ। ਦਿੱਲੀ ਕਮੇਟੀ ਪ੍ਰਧਾਨ ਨੇ ਫਿਲਮ ਜਾਰੀ ਹੋਣ ਦੇ ਕਈ ਦਿਨ ਪਹਿਲਾਂ ਮੀਡੀਆ ਵਿੱਚ ਬਿਆਨ ਦਿੱਤਾ ਕਿ ਉਹ ਫ੍ਰੈਂਚ-ਕੱਟ ਦਾੜ੍ਹੀ ਵਾਲੇ ਸਿੱਖ ਨਾਇਕ ਵਾਲੀ ਫਿਲਮ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਫਿਲਮ ਨੂੰ ਦਿੱਲੀ ਵਿੱਚ ਪ੍ਰਦਰਸ਼ਿਤ ਹੋਣ ਤੋਂ ਰੋਕਣ ਲਈ ਸ਼ੀਲਾ ਦੀਕਸ਼ਿਤ ਸਰਕਾਰ ਨਾਲ ਗੱਲ ਕਰਨਗੇ। ਪਰ ਜਦ ਫਿਲਮ ਜਾਰੀ ਹੋਣ ਤੋਂ ਇਕ ਦਿਨ ਪਹਿਲਾਂ ਫਿਲਮ ਦਾ ਨਾਇਕ ਅਕਸ਼ੈ ਕੁਮਾਰ, ਕਮੇਟੀ ਆਗੂਆਂ ਨੂੰ ਮਿਲਣ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਆ ਗਿਆ, ਤਾਂ ਉਸ ਤੋਂ ਬਾਅਦ ਦਿੱਲੀ ਕਮੇਟੀ ਆਗੂਆਂ ਦੀ ਸੁਰ ਇਕ-ਦਮ ਹੀ ਬਦਲ ਗਈ। ਉਨ੍ਹਾਂ ਨੇ ਨਾ ਸਿਰਫ਼ ਫਿਲਮ ਨੂੰ ਕਲੀਨ-ਚਿੱਟ ਦੇ ਦਿੱਤੀ (ਬਾਵਜੂਦ ਇਸਦੇ ਕਿ ਰਿਲੀਜ਼ ਹੋਣ ਵਾਲੇ ਸੰਸਕਰਨ ਵਿੱਚ ਵੀ ਅਕਸ਼ੈ ਕੁਮਾਰ ਦਾ ਸਰੂਪ ਵੀ ਫ੍ਰੈਂਚ-ਕੱਟ ਦਾੜ੍ਹੀ ਵਾਲੇ ਸਿੱਖ ਨਾਇਕ ਦਾ ਹੀ ਰਿਹਾ ਹੈ।), ਬਲਕਿ ਅਕਸ਼ੈ ਕੁਮਾਰ ਨੂੰ ਸ਼ਾਲ ਤੇ ਸਿਰੋਪੇ ਆਦਿਕ ਦੇ ਕੇ ਇਉਂ ਸਨਮਾਨਿਤ ਕੀਤਾ, ਜਿਵੇਂ ਅਕਸ਼ੈ ਨੇ ਸਿੱਖ ਪ੍ਰਚਾਰ ਦੇ ਖੇਤਰ ਵਿੱਚ ਕੋਈ ਬਹੁਤ ਵੱਡਾ ਯੋਗਦਾਨ ਦਿੱਤਾ ਹੋਵੇ !!

ਫਿਲਮ ‘ਸਿੰਘ ਇਜ਼ ਕਿੰਗ’ ਰਾਹੀਂ ਕਥਿਤ ਤੌਰ ’ਤੇ ਸਿੱਖੀ ਦਾ ਪ੍ਰਚਾਰ ਕਰਨ ਲਈ ਨਾਇਕ ਅਕਸ਼ੈ ਕੁਮਾਰ ਨੂੰ ਸਨਮਾਨਿਤ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਜਨਰਲ ਸਕੱਤਰ ਬਲਬੀਰ ਸਿੰਘ ਵਿਵੇਕ ਵਿਹਾਰ

ਇਹ ਵੀ ਗੌਰਤਲਬ ਹੈ ਕਿ ਦਿੱਲੀ ਕਮੇਟੀ ਨੇ ਸਾਬਤ-ਸੂਰਤ ਮਰਹੂਮ ਗਾਇਕ ਇਸ਼ਮੀਤ ਸਿੰਘ ਦੀ ਮੌਤ ਦੇ ਸ਼ੋਕ ਵਿੱਚ, ਕਮੇਟੀ ਦੇ ਪ੍ਰਬੰਧ ਵਾਲੇ ਸਕੂਲਾਂ ਦੀ ਇਕ ਦਿਨ ਦੀ ਛੁੱਟੀ ਕਰਵਾ ਦਿੱਤੀ ਸੀ; ਇਸ ਗਾਇਕ ਦੀ ਤਸਵੀਰ ਗੁਰਦੁਆਰਾ ਬੰਗਲਾ ਸਾਹਿਬ ਦੇ ਅਜਾਇਬ ਘਰ ਵਿੱਚ ਲਗਾਉਣ ਦਾ ਐਲਾਨ ਕਰ ਦਿੱਤਾ, ਇਸ਼ਮੀਤ ਸਿੰਘ ਦੇ ਨਾਮ ’ਤੇ ਹਰ ਸਾਲ ਇਕ ਸਾਬਤ-ਸੂਰਤ ਸਿੱਖ ਨੌਜੁਆਨ ਵਾਸਤੇ ਇਨਾਮ ਦੀ ਅਰੰਭਤਾ ਦੀ ਤਜਵੀਜ਼ ਰੱਖ ਦਿੱਤੀ। ਕਮੇਟੀ ਦੇ ਅਹੁਦੇਦਾਰਾਂ ਦਾ ਕਹਿਣਾ ਸੀ ਕਿ ਇਹ ਸਭ ਕੁਝ ਇਸਲਈ ਕੀਤਾ ਜਾ ਰਿਹਾ ਹੈ ਕਿਉਂਕਿ ਸਿੱਖੀ ਸਰੂਪ ਨੂੰ ਕਾਇਮ ਰੱਖ ਕੇ ਇਸ਼ਮੀਤ ਸਿੰਘ ਸਿੱਖਾਂ ਦੇ ਰੋਲ ਮਾਡਲ ਵਜੋਂ ਉਭਰਿਆ ਸੀ। ਪਰ ਇਸੇ ਦਾਅਵੇ ਦੇ ਕੁਝ ਹੀ ਦਿਨਾਂ ਬਾਅਦ ਦਿੱਲੀ ਕਮੇਟੀ ਨੇ ਦਾੜ੍ਹੀ ਕਤਰੇ ਸਿੱਖ ਦਾ ਰੋਲ ਕਰਨ ਵਾਲੇ ਫਿਲਮੀ ਨਾਇਕ ਨੂੰ ਵੀ ਸਨਮਾਨਿਤ ਕਰ ਦਿੱਤਾ। ਅਜਿਹੇ ਵਿੱਚ, ਸੰਗਤਾਂ ਵਿੱਚ ਇਹ ਭੰਬਲ-ਭੂਸਾ ਪੈਦਾ ਹੋਣਾ ਲਾਜ਼ਮੀ ਹੈ ਕਿ ਕਮੇਟੀ ਦੇ ਅਹੁਦੇਦਾਰ ਇਸ਼ਮੀਤ ਸਿੰਘ ਨੂੰ ਰੋਲ ਮਾਡਲ ਵਜੋਂ ਪੇਸ਼ ਕਰਨਾ ਚਾਹੁੰਦੇ ਹਨ ਜਾਂ ਅਕਸ਼ੈ ਕੁਮਾਰ ਨੂੰ?

ਦਿੱਲੀ ਕਮੇਟੀ ਦੀ ਇਸ ਅਸਪਸ਼ਟ ਨੀਤੀ ਦੇ ਸਬੰਧ ਵਿੱਚ ਜਦ ਫਿਲਮ ਰਿਲੀਜ਼ ਹੋਣ ਵਾਲੇ ਦਿਨ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਬਲਬੀਰ ਸਿੰਘ ਵਿਵੇਕ ਵਿਹਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਕਬਾਲ ਕੀਤਾ ਕਿ ਉਨ੍ਹਾਂ ਨੇ ਹਾਲਾਂ ਤੱਕ ਫਿਲਮ ਦੇਖੀ ਨਹੀਂ ਸੀ (ਬਿਨ੍ਹਾਂ ਫਿਲਮ ਵੇਖਿਆਂ ਹੀ ਇਸਨੂੰ ਕਲੀਨ-ਚਿੱਟ ਦੇਣਾ ਅਤੇ ਨਾਇਕ ਨੂੰ ਸਿਰੋਪੇ ਦੇਣ ਤੋਂ ਕਈ ਸ਼ੰਕੇ ਪੈਦਾ ਹੁੰਦੇ ਹਨ। ਸ਼ਾਇਦ ਇਸੇ ਲਈ ਅਕਾਲੀ ਦਲ ਬਾਦਲ ਦੀ ਦਿੱਲੀ ਇਕਾਈ ਦੇ ਆਗੂਆਂ ਨੇ ਮੀਡੀਆ ਵਿੱਚ ਬਿਆਨ ਦਿੱਤਾ ਸੀ ਕਿ ਫਿਲਮ ਨੂੰ ਕਲੀਨ-ਚਿੱਟ ਦੇਣ ਲਈ ਸ੍ਰੀ ਸਰਨਾ ਨੇ ਅਕਸ਼ੈ ਕੁਮਾਰ ਨਾਲ ਟੇਬਲ ਥੱਲਿਓਂ ਕੋਈ ਸਮਝੌਤਾ ਕਰ ਲਿਆ ਸੀ)। ਸ੍ਰ: ਬਲਬੀਰ ਸਿੰਘ ਨੇ ਇਹ ਵੀ ਕਿਹਾ ਕਿ ਪਾਰਟੀ ਦਾ ਇਕ ਵਰਕਰ ਹੋਣ ਦੇ ਨਾਤੇ ਉਹ (ਸਰਨਾ ਸਾਹਿਬ ਦੇ ਨਿਰਦੇਸ਼ ਮੁਤਾਬਿਕ) ਅਕਸ਼ੈ ਨੂੰ ਸਿਰੋਪਾ ਦੇਣ ਤੋਂ ਇਨਕਾਰ ਨਾ ਕਰ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਅੱਜਕਲ ਤਾਂ ਮੁਸਲਮਾਨਾਂ ਨੂੰ ਵੀ ਸਿਰੋਪੇ ਦਿੱਤੇ ਜਾ ਰਹੇ ਹਨ (ਜੇਕਰ ਅਕਸ਼ੈ ਨੂੰ ਸਿਰੋਪਾ ਦੇ ਦਿੱਤਾ ਗਿਆ ਤਾਂ ਇਸ ਵਿੱਚ ਕਿਹੜੀ ਖ਼ਾਸ ਗੱਲ ਹੋ ਗਈ) !!

ਕਹਾਵਤ ਹੈ ਕਿ ਬੜੇ ਮੀਆਂ ਤੋਂ ਬੜੇ ਮੀਆਂ, ਛੋਟੇ ਮੀਆਂ ਸੁਭਾਨ ਅੱਲ੍ਹਾ। ਇਸ ਕਹਾਵਤ ਨੂੰ ਦਿੱਲੀ ਗੁਰਦੁਆਰਾ ਕਮੇਟੀ ਦੇ ਇਕ ਨੌਜੁਆਨ ਮੈਂਬਰ ਇੰਦਰਜੀਤ ਸਿੰਘ ਮੌਂਟੀ ਨੇ ਪ੍ਰਤੱਖ ਕਰ ਦਿਖਾਇਆ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ, ਦਿੱਲੀ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਹਵਾਈ ਅੱਡੇ ਤੋਂ ਅਕਸ਼ੈ ਕੁਮਾਰ ਨੂੰ ਦਿੱਲੀ ਕਮੇਟੀ ਦਫ਼ਤਰ ਤੱਕ ਲਿਆਉਣ ਦੀ ਡਿਊਟੀ ਸ੍ਰੀ ਮੌਂਟੀ ਦੀ ਲਗਾਈ ਸੀ। ਪਰ ਮੌਂਟੀ ਜੀ ਨੂੰ ਸ਼ਾਇਦ ਅਕਸ਼ੈ ਕੁਮਾਰ ਜਾਂ ਉਸਦੀ ਫਿਲਮ ਵਿੱਚ ਸਿੱਖੀ ਦਾ ਕੁਝ ਅਜਿਹਾ ਪ੍ਰਭਾਵਸ਼ਾਲੀ ਤੱਤ ਨਜ਼ਰ ਆਇਆ ਕਿ ਉਹ ਬਾਲੀਵੂਡ ਅਦਾਕਾਰ ਨੂੰ ਕਮੇਟੀ ਦਫ਼ਤਰ ਵਿਖੇ ਲਿਜਾਉਣ ਦੀ ਬਜਾਏ ਆਪਣੇ (ਯਾਨੀ ਆਪਣੀ ਚੇਅਰਮੈਨੀ ਵਾਲੇ) ਸਕੂਲ ਵਿੱਚ ਲੈ ਗਏ ਅਤੇ ਉੱਥੇ ਲਿਜਾ ਕੇ ਨਾ ਸਿਰਫ਼ ਅਕਸ਼ੈ ਕੁਮਾਰ ਦਾ ਭਰਪੂਰ ਸਨਮਾਨ ਕੀਤਾ ਬਲਕਿ ਉਸਨੂੰ ਸਿੱਖ ਵਿਦਿਆਰਥੀਆਂ ਵਿੱਚ ਅਜਿਹੀ ਘਟੀਆ ਕਿਸਮ ਦੀ ਫਿਲਮ ਦੀ ਮਸ਼ਹੂਰੀ ਕਰਨ ਦਾ ਪੂਰਾ ਮੌਕਾ ਦਿੱਤਾ।

ਨਾਇਕ ਅਕਸ਼ੈ ਕੁਮਾਰ ਨੂੰ ਸਿੱਖ ਬੱਚਿਆਂ ਵਿੱਚ ਦਾੜ੍ਹੀ-ਕਤਰੇ ਨਾਇਕ ਵਾਲੀ ਫਿਲਮ ਪ੍ਰੋਮੋਟ ਕਰਨ ਲਈ ਸਕੂਲ ਲਿਆ ਕੇ ਖੁਸ਼ੀ ’ਚ ਕਿਲਕਾਰੀਆਂ ਮਾਰਦੇ ਹੋਏ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਤਿਲਕ ਨਗਰ ਦੇ ਚੇਅਰਮੈਨ ਸ੍ਰ: ਇੰਦਰਜੀਤ ਸਿੰਘ ਮੌਂਟੀ ਅਤੇ ਉਨ੍ਹਾਂ ਦੇ ਸਮਰਥਕ

ਮੁੰਬਈਆ ਨਾਇਕ ਦੀ ਸਕੂਲ ਫੇਰੀ ਨਾਲ ਉਤਸ਼ਾਹਿਤ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਤਿਲਕ ਨਗਰ ਦੀਆਂ ਅਧਿਆਪਕਾਵਾਂ ਅਕਸ਼ੈ ਕੁਮਾਰ ਨਾਲ ਹੱਥ ਮਿਲਾਉਣ ਦੀ ਕੋਸ਼ਿਸ਼ ਕਰਦੀਆਂ ਜਦਕਿ ਸ੍ਰ: ਇੰਦਰਜੀਤ ਸਿੰਘ ਮੌਂਟੀ ਡਿਗਣ ਤੋਂ ਬਚਣ ਲਈ ਆਪਣਾ ਸੰਤੁਲਨ ਬਣਾਉਂਦੇ ਹੋਏ

ਇੱਥੇ ਇਹ ਵੀ ਗੌਰਤਲਬ ਹੈ ਕਿ ਅਖੌਤੀ ਸੰਤ ਸਮਾਜ ਦੇ ਅਹੁਦੇਦਾਰਾਂ ਨੇ ਵੀ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਉਹ ਫਿਲਮ ਦਾ ਪੁਰਜੋਰ ਵਿਰੋਧ ਕਰਨਗੇ ਅਤੇ ਫਿਲਮ ਪ੍ਰਦਰਸ਼ਿਤ ਹੋਣ ਦੇ ਪਹਿਲੇ ਦਿਨ ਅੰਮ੍ਰਿਤਸਰ ਵਿਖੇ ਮਾੜਾ-ਮੋਟਾ ਵਿਰੋਧ ਜਤਾਇਆ ਵੀ ਗਿਆ ਸੀ। ਪਰ ਉਸ ਤੋਂ ਬਾਅਦ ਇਸ ਵਿਰੋਧ ਦੀ ਸੁਰ ‘ਖੋਤੇ ਦੇ ਸਿਰ ਤੋਂ ਸਿੰਗਾਂ’ ਦੀ ਤਰ੍ਹਾਂ ਗਾਇਬ ਹੋ ਗਈ (ਜਾਂ ਦਿੱਲੀ ਕਮੇਟੀ ਦੇ ਅਹੁਦੇਦਾਰਾਂ ਨੇ ਸੰਤ ਸਮਾਜ ਨਾਲ ਆਪਣੇ ਚੰਗੇ ਸਬੰਧਾਂ ਦੀ ਵਰਤੋਂ ਕਰਕੇ, ਉਨ੍ਹਾਂ ਨੂੰ ਫਿਲਮ ਦਾ ਵਿਰੋਧ ਨਾ ਕਰਨ ਲਈ ਮਨਾ ਲਿਆ)।

ਇਸ ਸਾਰੇ ਘਟਨਾ-ਕ੍ਰਮ ਤੋਂ ਸਪਸ਼ਟ ਹੋ ਗਿਆ ਕਿ ਸਿੱਖ ਆਗੂਆਂ ਨੂੰ ਕਿਸੇ ਫਿਲਮ ਵਿਚਲੇ ਸਿੱਖੀ-ਵਿਰੋਧੀ ਅੰਸ਼ਾਂ ਨਾਲ ਕੋਈ ਸਰੋਕਾਰ ਨਹੀਂ। ਉਹ ਤਾਂ ਬੱਸ, ਸ਼ੋਹਰਤ ਖੱਟ ਕੇ, ਜਾਂ ਕਿਸੇ ਹੋਰ ਵਜ੍ਹਾ ਕਾਰਨ (ਜਿਸ ਵਜ੍ਹਾ ਕਾਰਨ ਵੇਦਾਂਤੀ ਜੀ ਨੇ ਫਿਲਮ ‘ਜੋ ਬੋਲੇ ਸੋ ਨਿਹਾਲ’ ਨੂੰ ਆਪਣੇ ਰਿਸ਼ਤੇਦਾਰ ਦੀ ਅਧੀਨਗੀ ਵਾਲੀ ਪੜਤਾਲੀਆ ਕਮੇਟੀ ਤੋਂ ਕਲੀਨ ਚਿੱਟ ਦਿਵਾ ਦਿੱਤੀ ਸੀ), ਪਹਿਲਾਂ ਅਜਿਹੀਆਂ ਫਿਲਮਾਂ ’ਤੇ ਇਤਰਾਜ਼ ਕਰਦੇ ਹਨ ਅਤੇ ਫਿਰ ਆਪਣੀ ਅਹਿਮੀਅਤ ਜਤਾਉਣ ਉਪਰੰਤ ਝੱਟ ਹੀ ਆਪਣੇ ਤਰਕ ਬਦਲ ਕੇ ਫਿਲਮ ਦੇ ਹੱਕ ਵਿੱਚ ਜਾ ਖਲੋਂਦੇ ਹਨ।