Subscription About Us Contact Us


ਧਰਮ, ਰਾਜਨੀਤੀ ਅਤੇ ਤਖ਼ਤਾਂ ਦੇ ਅਖੌਤੀ ਜੱਥੇਦਾਰ

- ਪ੍ਰੋ: ਇੰਦਰ ਸਿੰਘ ਘੱਗਾ -
ਫੋਨ : 9855151699

ਗੁਰੂ ਸਾਹਿਬਾਨ ਦੀ ਸ਼ਖ਼ਸੀਅਤ ਲਾ-ਮਿਸਾਲ ਸੀ। ਕਿਸ ਸਮੇਂ, ਕਿਸ ਥਾਂ, ਕਿਸ ਹਾਲਾਤ ਵਿੱਚ, ਕਿਹੜਾ ਫੈਸਲਾ ਕਰਨਾ ਹੈ - ਉਹ ਬਾਖੂਬੀ ਜਾਣਦੇ ਸਨ। ਅਤੀ ਬਿਖੜੇ ਸਮਿਆਂ ਵਿੱਚ ਭੀ ਉਨ੍ਹਾਂ ਜੋ ਨਿਰਣੇ ਲਏ, ਉਹ ਅੱਜ ਭੀ ਸਾਡੇ ਲਈ ਪ੍ਰੇਰਨਾ ਸ੍ਰੋਤ ਹਨ। ਪੁੱਤਰਾਂ ਨੂੰ ਮੋਹ ਕਰਨ ਵਾਲੇ ਸੇਵਕ ਕਹਿ ਦਿਆ ਕਰਦੇ ਹਨ ਕਿ ਅਗਰ ਗੁਰੂ ਗੋਬਿੰਦ ਸਿੰਘ ਜੀ ਆਪਣੇ ਇਕ-ਦੋ ਪੁੱਤਰ ਬਚਾ ਕੇ ਰੱਖ ਲੈਂਦੇ ਤਾਂ ਪੰਥ ਵਿੱਚ ਪਾਟੋਧਾੜ ਨਾ ਪੈਂਦੀ। ਗੁਰਤਾਗੱਦੀ ਜਾਂ ਪੰਥਕ ਜਥੇਦਾਰੀ ਪੁੱਤਰ ਨੂੰ ਸੌਂਪ ਦਿੰਦੇ। ਪਰ ਯਾਦ ਰਵੇ, ਜੋ ਸੂਰਮਗਤੀ ਅਤੇ ਤਿਆਗ ਦਾ ਸਬੂਤ ਗੁਰੂ ਜੀ ਨੇ ਦਿੱਤਾ ਹੇ, ਉਸ ਹਾਲਤ ਵਿੱਚ ਗੁਰੂ ਜੀ ਦੀ ਅਜਮਤ ਨੂੰ ਦਾਗ ਲੱਗ ਜਾਣਾ ਸੀ। ਸਾਹਿਬਜ਼ਾਦਿਆਂ ਦੀ ਬੇਜੋੜ ਕੁਰਬਾਨੀ ਨੇ ਸਿੱਖਾਂ ਦੇ ਮਨਾਂ ਅੰਦਰ ਜੋਸ਼-ਜੁਆਲਾ ਦੇ ਭਾਂਬੜ ਬਾਲ ਦਿੱਤੇ। ਚਾਰਾਂ ਨੂੰ ਵਾਰ ਕੇ ਸਤਿਗੁਰੂ ਜੀ ਨੇ ਹਜ਼ਾਰਾਂ ਤੇ ਲੱਖਾਂ ਨੂੰ ਜ਼ੁਲਮ ਵਿਰੁੱਧ ਨਿਰੰਤਰ ਟੱਕਰ ਲੈਣ ਜੋਗੇ ਬਣਾ ਦਿੱਤਾ। ਮੌਤ ਨਾਲ ਦੋ ਹੱਥ ਕਰਨ ਦੇ ਸਮਰੱਥ ਬਣਾ ਦਿੱਤਾ।

ਧਰਮ ਅਤੇ ਰਾਜਨੀਤੀ ਦੇ ਮੂਲ ਸਿਧਾਂਤ ਗੁਰੂ ਨਾਨਕ ਸਾਹਿਬ ਜੀ ਨੇ ਹੀ ਨਿਰਧਾਰਤ ਕਰ ਦਿੱਤੇ ਸਨ। ਗੁਰਬਾਣੀ ਵਿੱਚੋਂ ਅਜਿਹੇ ਅਣਗਿਣਤ ਪਰਮਾਣ ਪੜੇ ਜਾ ਸਕਦੇ ਹਨ। ਧਰਮ ਅਤੇ ਰਾਜਨੀਤੀ ਨੂੰ ਸਮਾਜ ਵਿੱਚ ਲਾਗੂ ਕਿਵੇਂ ਕਰਨਾ ਹੈ, ਇਸਦੀ ਮਿਸਾਲ ਉਨ੍ਹਾਂ ਦਾ ਜੀਵਨ ਕਾਲ ਹੈ। ਜਿਵੇਂ ਉਨ੍ਹਾਂ ਨੇ ਸਿੱਖਾਂ ਦਾ ਸੁਤੰਤਰ ਧਰਮ ਅਤੇ ਵੱਖਰੀ ਰਾਜਨੀਤੀ ਖ਼ੁਦ ਪ੍ਰਚਾਰੀ, ਸਿਖਾਈ ਅਤੇ ਹੰਢਾਈ। ਪਹਿਲਾਂ ਤੋਂ ਸਥਾਪਤ ਪੁਜਾਰੀਆਂ ਅਤੇ ਮੌਲਾਣਿਆਂ ਨੂੰ ਅਜਿਹੀ ਕ੍ਰਾਂਤੀਕਾਰੀ ਵਿਚਾਰਧਾਰਾ ਰਾਸ ਨਾ ਆਈ। ਪਹਿਲਾਂ ਤੋਂ ਕਾਬਜ਼ ਰਾਜਿਆਂ ਨੂੰ ਗੁਰੂ ਸਾਹਿਬ ਵੱਲੋਂ ਸੁਝਾਈ ਰਾਜਨੀਤੀ ਪਸੰਦ ਨਾ ਆਈ। ਹਰ ਮੁਹਾਜ ਤੇ ਗੁਰੂ ਸਾਹਿਬ ਨੂੰ ਬਚਾਓ ਪੱਖ ਵਾਲੀ ਲੜਾਈ ਲੜਨੀ ਪਈ। ਸਰੀਰ ਭਾਵੇਂ ਲੇਖੇ ਲਗਦੇ ਰਹੇ, ਪਰ ਹਾਰ ਨਾ ਮੰਨੀ। ਗੈਰਤਹੀਣ ਸਮਝੌਤਾ ਕਦੀ ਨਾ ਕੀਤਾ।

ਮੌਜੂਦਾ ਸਮੇਂ ਵਿੱਚ ਸਿੱਖਾਂ ਕੋਲ ਨਾ ਧਰਮ ਹੈ, ਨਾ ਰਾਜ ਹੈ ਅਤੇ ਨਾ ਹੀ ਕੋਈ ਨੀਤੀ ਹੈ। ਜੇ ਕੁਝ ਹੈ ਤਾਂ ਗੁਰਬਾਣੀ ਤੋਂ ਬੇਮੁਖਤਾ ਹੈ। ਨਸ਼ੇ ਹਨ, ਅਨਪੜ੍ਹਤਾ ਹੈ, ਬੇਰੋਜ਼ਗਾਰੀ ਹੈ, ਬੇਈਮਾਨੀਆਂ ਹਨ, ਧੋਖੇਬਾਜ਼ੀ ਹੈ। ਸਿੱਖਾਂ ਦੇ ਸਾਂਝੇ ਮਸਲੇ ਸਦਾ ਵਾਸਤੇ ਭੁਲਾ ਦਿੱਤੇ ਗਏ ਹਨ। ਜਿਹੜੀ ਪਾਰਟੀ ਪੂਰੇ ਭਾਰਤ ਨੂੰ ‘ਹਿੰਦੀ, ਹਿੰਦੂ, ਹਿੰਦੁਸਤਾਨ’ ਦੇ ਫਿਰਕੂ ਨਾਅਰਿਆਂ ਰਾਹੀਂ ਖ਼ਾਨਾਜੰਗੀ (ਘਰੇਲੂ ਜੰਗ) ਵਿੱਚ ਤਬਾਹ ਕਰਨਾ ਚਾਹੁੰਦੀ ਹੈ; ਸਿੱਖ ਸ਼ਕਲਾਂ ਵਾਲੇ ਰਾਜਨੇਤਾ, ਉਸੇ ਭਾਜਪਾ ਰੂਪੀ ਗਊ ਦੀ ਪੂਛਲ ਫੜ ਕੇ, ‘ਅਵਤਰਣੀ ਨਦੀ’ ਤੋਂ ਪਾਰ ਲੰਘਣ ਦੀ ਕੂੜੀ ਆਸ ਲਾਈ ਬੈਠੇ ਹਨ। ਕੌਮੀ ਹੱਕਾਂ ਨੂੰ ਵੇਚ ਕੇ, ਆਪਣੀਆਂ ਤਿਜੋਰੀਆਂ ਭਰਨ ਤੇ ਲੱਗੇ ਹੋਏ ਹਨ। ‘ਉੱਜੜੇ ਬਾਗਾਂ ਦੇ ਗਾਲ੍ਹੜ ਪਟਵਾਰੀ’ ਵਾਲੀ ਕਹਾਵਤ ਇੱਥੇ ਪੂਰੀ ਤਰ੍ਹਾਂ ਢੁਕਦੀ ਹੈ।

ਅੱਗੋਂ ਤਖ਼ਤਾਂ ’ਤੇ ਬਿਰਾਜਮਾਨ ਹੋ ਕੇ ਫੁੰਕਾਰਨ ਵਾਲੇ ਜੱਥੇਦਾਰਾਂ ਦੀ ਕਾਰਜਸ਼ੈਲੀ ਪਰਖ ਲਈਏ। ਇਸ ਵਕਤ ਸ੍ਰੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਰਾਜਸੀ ਕੁਰਸੀ ’ਤੇ ਬਿਰਾਜਮਾਨ ਹਨ। ਸਾਰੀ ਪੁਲਿਸ ਫੋਰਸ ਉਨ੍ਹਾਂ ਦੀ ਮੁੱਠੀ ਵਿੰਚ ਹੈ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਾਦਲ ਸਾਹਿਬ ਦੇ ਲਿਫਾਫੇ ਵਿੱਚੋਂ ਨਿਕਲਦਾ ਹੈ। ਹੋਰ ਕਮੇਟੀ ਮੈਂਬਰ ਤੇ ਅਹੁਦੇਦਾਰ ਤਾਂ ਕਿਹੜੇ ਬਾਗ ਦੀ ਮੂਲੀ ਹਨ? ਸੰਨ 1999 ਵਿੱਚ ‘ਜੱਥੇਦਾਰ’ ਭਾਈ ਰਣਜੀਤ ਸਿੰਘ ਨੇ ਬਾਦਲ ਅੱਗੇ ਝੁਕਣ ਤੋਂ ਨਾਂਹ ਕਰ ਦਿੱਤੀ। ਹਵਾ ਵਿੱਚ ਉਡਦੇ ਪੱਤਿਆਂ ਵਾਂਗ ‘ਮਹਾਨ ਤਖ਼ਤ ਦਾ ਮਹਾਨ ਜੱਥੇਦਾਰ’ ਉੱਡ ਗਿਆ। ਜੋ ਭਾਈ ਰਣਜੀਤ ਸਿੰਘ - ਬਹਾਦਰ, ਬੇਦਾਗ ਸ਼ਖ਼ਸੀਅਤ ਪ੍ਰਚਾਰਿਆ ਗਿਆ ਸੀ, ਉਸਨੂੰ ਪੂਰੀ ਤਰ੍ਹਾਂ ਬੇ-ਆਬਰੂ ਕਰਕੇ ਰਾਹ ਪਾ ਦਿੱਤਾ। ਜ਼ਲੀਲ ਕਰਕੇ ਘਰ ਵੱਲ ਟੋਰ ਦਿੱਤਾ। ਰਾਮ ਸਮੇਂ ਅੰਮ੍ਰਿਤਸਰ ਦੇ ਇਕ ਰੈਸਟ ਹਾਊਸ ਵਿੱਚ ਬੈਠ ਕੇ ਗੁਰਮਤਾ ਕੀਤਾ ਗਿਆ। ‘ਉੱਪਰੋਂ’ ਆਏ ਹੁਕਮਾਂ ਮੁਤਾਬਕ ਇਕ ਅਤੀ-ਕਮੀਨੇ ਵਿਅਕਤੀ, ਗਿਆਨੀ ਪੂਰਨ ਸਿੰਘ ਨੂੰ ‘ਜੱਥੇਦਾਰ’ ਥਾਪ ਦਿੱਤਾ। ਉਹੀ ਪੂਰਨ ਸਿੰਘ, ਜੋ ਸ਼ਰਮ-ਹਯਾ ਲਾਹ ਕੇ ਪੂਰੀ ਸਿੱਖ ਕੌਮ ਅਤੇ ਗੁਰੂ ਸਾਹਿਬਾਨ ਦਾ ਅਪਮਾਨ ਕਰਦਾ ਹੈ। ਅਖੇ, ‘ਸਿੱਖ ਲਵ-ਕੁਸ਼ ਦੀ ਔਲਾਦ’ ਹਨ।

ਛੱਪਰ ਫਾੜ ਕੇ ਅਚਾਨਕ ਮਿਲੀ ਜੱਥੇਦਾਰੀ ਨੇ ਭਾਈ ਪੂਰਨ ਸਿੰਘ ਦਾ ਦਿਮਾਗੀ ਤਵਾਜ਼ਨ ਹਿਲਾ ਦਿੱਤਾ। ਉਸਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਪੰਥ ਵਿੱਚੋਂ ‘ਛੇਕ’ ਦਿੱਤਾ। ਗਿਆਨੀ ਪੂਰਨ ਸਿੰਘ ਰੂਪੀ ਇਕਸ ਹਨੂੰਮਾਨ ਨੇ ਆਪਣੇ ਮਾਲਕਾਂ ਦੀ ਇੱਛਾ ਤੋਂ ਵਿਰੁੱਧ ਕਈ ਚੰਨ ਚਾੜ੍ਹੇ ਤਦੋਂ ਇਸਨੂੰ ਭੀ ਪੱਗ ਲਾਹ ਕੇ ਬੇਪਤ ਕਰਕੇ ਘਰ ਦੇ ਰਾਹ ਪਾ ਦਿੱਤਾ। ਜੱਥੇਦਾਰੀ ਦੀ ਲਾਟਰੀ ਨਿਕਲ ਆਈ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ। ਇਸ ਸ਼ਖ਼ਸ ਨੇ ਪੂਰਨ ਸਿੰਘ ਵੱਲੋਂ ਜਾਰੀ ਕੀਤੇ ਹੁਕਮਨਾਮੇ ਆਉਂਦਿਆਂ ਹੀ ਰੱਦ ਕਰ ਦਿੱਤੇ। ਕਿਉਂਕਿ ‘ਮਾਲਕਾਂ’ ਦਾ ਹੁਕਮ ਅਜਿਹਾ ਹੀ ਸੀ। ‘‘ਅਕਾਲ ਤਖ਼ਤ ਤੋਂ ਜਾਰੀ ਹੋਇਆ ਹੁਕਮਨਾਮਾ ਕਦੀ ਵਾਪਸ ਨਹੀਂ ਹੋ ਸਕਦਾ’’ ਦੀ ਡੋਂਡੀ ਪਿੱਟਣ ਵਾਲੇ ਖ਼ੁਦ ਹੀ ‘ਹੁਕਮਨਾਮੇ’ ਰੱਦ ਕਰਨ ਲੱਗੇ। ਅਖੇ ਜੀ, ‘‘ਇਹ ਹੁਕਮਨਾਮਾ ਗੁਰਮਤਿ ਪਰੰਪਰਾਵਾਂ ਅਨੁਸਾਰ ਜਾਰੀ ਨਹੀਂ ਹੋਇਆ।’’ ਪਰੰਪਰਾ ਦੀ ਸੰਘ ਨੱਪ ਕੇ ਜਿਵੇਂ ਦਿਲ ਕਰੇ ਦੁਹਾਈ ਦਿੱਤੀ ਜਾ ਸਕਦੀ ਹੈ। ਇਹੀ ਹੁਕਮਨਾਮਾ ਸ੍ਰ: ਗੁਰਬਖਸ਼ ਅਤੇ ਸ੍ਰ: ਜੋਗਿੰਦਰ ਸਿੰਘ ’ਤੇ ਜਿਉਂ ਦਾ ਤਿਉਂ ਬਰਕਰਾਰ ਹੈ।

ਰਾਜਨੀਤਕ ਚੌਧਰੀਆਂ ਨੇ ਜਦੋਂ ਵੇਖਿਆ ਕਿ ਜਿੰਨਾ ਕੁ ਰਸ ਗੰਨੇ ਵਿੱਚ ਸੀ, ਉਹ ਨਿਚੋੜ ਲਿਆ ਹੈ ਤਾਂ ਰਸ-ਰਹਿਤ ਦੱਥਿਆਂ (ਫੌਗ) ਵਾਂਗ ਰਾਤ ਦੇ 10 ਵਜੇ ਬੇ-ਆਬਰੂ ਕਰਕੇ ਘਰ ਬਿਠਾ ਦਿੱਤਾ। ਗਿਆਨੀ ਵੇਦਾਂਤੀ ਰੀੜ ਦੀ ਹੱਡੀ ਤੋਂ ਬਗੈਰ ਜ਼ਮੀਨ ਤੇ ਘਿਸਰ ਕੇ ਚੱਲਣ ਵਾਲਾ ਇਕ ਜੀਵ ਹੈ। ਮਿੱਟੀ ਦੇ ਮਾਧੋ ਜਾਂ ਆਟੇ ਦੇ ਬਾਵੇ ਨੂੰ ਰੁਤਬਾ ਦਿੱਤਾ ਗਿਆ ਸੀ ‘ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ’ ਦਾ। ਜੋ ਪਾਪ ਕਰਮ ਇਸ ਸ਼ਖ਼ਸ ਨੇ ਕੀਤੇ, ਉਹ ਅਨਗਿਣਤ ਹਨ। ਗੁਰੂ ਸਾਹਿਬਾਨ ਦੀ ਤੌਹੀਨ ਕਰਨ ਵਾਲੀ ਕਿਤਾਬ ਸੰਪਾਦਤ ਕਰਕੇ, ਇਸਨੇ ਗੁਰਮਤਿ ਅਸੂਲਾਂ ਨੂੰ ਘੱਟੇ ਰੋਲ ਕੇ ਰੱਖ ਦਿੱਤਾ। 11, 12 ਤੇ 13 ਨਵੰਬਰ 2006 ਨੂੰ ਪਿੰਡ ਦਿਆਲਪੁਰਾ ਭਾਈਕਾ ਵਿਖੇ, ਦਸਮ ਗ੍ਰੰਥ ਦੇ ਅਖੰਡ ਪਾਠ ਦੇ ਭੋਗ ਵਾਲੇ ਸਮਾਗਮ ਵਿੱਚ ਸ਼ਿਰਕਤ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਤੌਹੀਨ ਕੀਤੀ। ਜਦੋਂ ਲੱਚਰ ਕਵਿਤਾਵਾਂ ਵਾਲਾ ਪੋਥਾ (ਬਚਿੱਤਰ ਨਾਟਕ) ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਟਿਕਾਇਆ। ਉਸਦਾ ਅਖੰਡ ਪਾਠ ਕੀਤਾ, ਹੁਕਮਨਾਮਾ ਲਿਆ, ਉਸ ਅੱਗੇ ਖਲੋ ਕੇ ਅਰਦਾਸਾਂ ਕੀਤੀਆਂ ਗਈਆਂ। ਇਨ੍ਹਾਂ ਪਾਪ ਕਰਮਾਂ ਦੀ ਗਿਆਨੀ ਵੇਦਾਂਤੀ, ਗਿਆਨੀ ਹਰਨਾਮ ਸਿੰਘ ਧੁਮਾਂ ਤੇ ਮੌਜੂਦਾ ‘ਜੱਥੇਦਾਰ’ ਗਿਆਨੀ ਗੁਰਬਚਨ ਸਿੰਘ ਨੇ ਭਰਪੂਰ ਪ੍ਰਸ਼ੰਸਾ ਕੀਤੀ। ਇਸ ਸਾਰੇ ਦੁਸ਼ਟ ਕਰਮਾਂ ਦੀਆਂ ਵੀਡੀਓ ਸੀ.ਡੀ. ਮੇਰੇ ਕੋਲ ਮੌਜੂਦ ਹਨ।

ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵਿੱਚੋਂ ਪੇਟ ਪੂਰਤੀ ਕਰਨ ਵਾਲੇ, ਗੁਰੂ ਗ੍ਰੰਥ ਸਾਹਿਬ ਰਾਹੀਂ ਕੀਤੀ ਗਈ, ਇਨਕਮ ਰਾਹੀਂ, ਬੱਚੇ ਪਾਲਣ ਵਾਲੇ, ਮਾਣ-ਸਤਿਕਾਰ ਕਰਵਾਉਣ ਵਾਲੇ। ਉਸੇ ਗੁਰੂ ਨਾਲ ਧ੍ਰੋਹ ਕਮਾਉਂਦੇ ਵੇਖੇ ਗਏ, ਜਦੋਂ ਅਖੌਤੀ ਦਸਮ ਗ੍ਰੰਥ ਦੀ ਪ੍ਰਸ਼ੰਸਾ ਦੇ ਝੂਠੇ ਪੁੱਲ ਬੰਨ੍ਹ ਰਹੇ ਸਨ। ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸਤਿਕਾਰ ਦੇਣ ਦੀਆਂ ਹਦਾਇਤਾਂ ਦੇ ਰਹੇ ਸਨ। ਜਿਸ ਥਾਲੀ ਵਿੱਚ ਖਾਣਾ, ਉਸੇ ਵਿੱਚ ਛੇਕ ਪਾਉਣਾ? ਜਦੋਂ ਜੱਥੇਦਾਰ ਨੂੰ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ, ਉਸ ਸਮੇਂ ਮਾਇਆ, ਲੋਈਆਂ ਤੇ ਪੱਗਾਂ ਲੈ ਕੇ ਸਾਰੀਆਂ ਜੱਥੇਬੰਦੀਆਂ ਜਾਂ ਉਨ੍ਹਾਂ ਦੇ ਮੁਖੀ ਦਰਬਾਰ ਸਾਹਿਬ ਵਿੱਚ ਪਹੁੰਚ ਜਾਂਦੇ ਹਨ। ਹਰ ਕੋਈ ਫੋਟੋਆਂ ਖਿਚਵਾ ਕੇ ਅਖ਼ਬਾਰਾਂ ਵਿੱਚ ਛਪੀਆਂ ਵੇਖਣ ਲਈ ਕਾਹਲਾ। ਹਰ ਕੋਈ ‘ਜੱਥੇਦਾਰ’ ਨਾਲ ਖਿਚਵਾਈ ਫੋਟੋ ਵੱਡੀ ਬਣਾਕੇ, ਸ਼ੀਸ਼ੇ ਵਿੱਚ ਮੜ੍ਹ ਕੇ, ਆਪਣੇ ਘਰ ਵਿੱਚ ਸਜਾਉਣ ਲਈ ਉਤਾਵਲਾ। ਇਕ ਦਿਨ ਲਈ ਨਾਅਰੇ, ਜੈਕਾਰੇ, ਆਰਦਾਸਾਂ। ਨਵੀਂ ਵਿਆਹੀ ਵਹੁਟੀ ਵਾਗ ਬੇ-ਤਰਤੀਬਾ ਸ਼ਿੰਗਾਰ, ਅੱਗੇ-ਪਿੱਛੇ ਭੀੜਾਂ, ਸ਼ੋਰ।

‘‘ਪੰਥ ਦਾ ਸ਼੍ਰੋਮਣੀ ਵਿਦਵਾਨ, ਨਿਮਰਦਾ ਦਾ ਪੁੰਜ। ਗੁਰਬਾਣੀ ਅਤੇ ਇਤਿਹਾਸ ਦੀ ਡੂੰਘੀ ਸਮਝ ਰੱਖਣ ਵਾਲਾ’’ ਆਖ ਕੇ ਝੂਠੀ ਤਾਰੀਫ ਦੇ ਪੁੱਲ ਬੰਨ੍ਹੇ ਜਾਂਦੇ ਹਨ। ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਧਿਰ ਨੂੰ ਜਦੋਂ ਮਹਿਸੂਸ ਹੋਣ ਲੱਗਦਾ ਹੈ ਕਿ ਇਸ ਸ਼ਖ਼ਸ ਤੋਂ ਜਿੰਨਾ ਕੰਮ ਲਿਆ ਜਾ ਸਕਦਾ ਸੀ, ਲੈ ਲਿਆ ਹੈ। ਅੱਗੋਂ ਇਸਦੀ ਲੋੜ ਨਹੀਂ ਹੈ। ਤਦੋਂ ਹੁਕਮਨਾਮਿਆਂ ਸਿਰ ਵੱਡਾ ਹੁਕਮਨਾਮਾ ਲੈ ਕੇ, ਇਕ-ਦੋ ਬੰਦੇ ਰਾਤ ਦੇ ਹਨੇਰੇ ਵਿੱਚ ‘ਜੱਥੇਦਾਰ’ ਦੇ ਹੱਥ ਤੇ ਰੱਖ ਕੇ ਆਖਦੇ ਦਿੰਦੇ ਹਨ - ਸਾਡੇ ਤੁਹਾਡੇ ਮਾਲਕ ਨੂੰ ਹੁਣ ਤੁਹਾਡੀ ਲੋੜ ਨਹੀਂ ਰਹੀ। ਜਾਂ ਤਾਂ ਆਪਣੇ ਹਥੀਂ, ‘ਖੁਸ਼ੀ’ ਨਾਲ ਅਸਤੀਫਾ ਲਿਖ ਦਿਓ। ਜਾਂ ਫਿਰ ਬਾਂਹ ਨੂੰ ਮਰੋੜਾ ਦੇ ਕੇ ‘ਬਾਰ੍ਹਾ ਪੱਥਰੋਂ ਪਾਰ’ ਕਰ ਦਿੱਤਾ ਜਾਵੇਗਾ। ਪੂਰੀ ਕੌਮ ਵਾਸਤੇ ਹਊਆ ਬਣਿਆ ਹੋਇਆ, ਭੂਤਰਿਆ ਸਾਨ੍ਹ, ਨਿੱਕੇ ਕਤੂਰੇ ਵਾਂਗ ਚਊਂ-ਚਊਂ ਕਰਦਾ, ਪਿੰਜਰੇ ਵਿੱਚ ਵੜ ਬੈਠਦਾ ਹੈ। ਜਿਨਾਂ ਜੱਥੇਬੰਦੀਆਂ ਨੇ ਜੱਥੇਦਾਰ ਦੀ ‘ਤਾਜਪੋਸ਼ੀ’ ਵਕਤ ਡਾਹਢੀ ਖੁਸ਼ੀ ਦਾ ਇਜ਼ਹਾਰ ਕੀਤਾ ਸੀ, ਸਿਰ ’ਤੇ ‘ਤਾਜ’ ਸਜਾਇਆ ਸੀ, ਉਨ੍ਹਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਿਨਾਂ ਹੀ, ਇਕੱਲੇ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ‘ਹੁਕਮਨਾਮੇ’ ਨਾਲ ਤਾਜ ਖੋਹ ਲਿਆ, ਪੱਗ ਉਤਾਰ ਲਈ, ਬੇ-ਆਬਰੂ ਕਰਕੇ ਡੰਡੀ ਪਾ ਦਿੱਤਾ। ਕਿਸੇ ਜੱਥੇਬੰਦੀ ਨੇ ਕਰੜਾ ਰੋਹ ਜਾਂ ਵਿਦਰੋਹ ਨਹੀਂ ਕੀਤਾ ਕਿ ਜੇ ਸਾਡੀ ਸਹਿਮਤੀ ਦੁਆਰਾ ‘ਜੱਥੇਦਾਰ’ ਲਾਇਆ ਗਿਆ ਸੀ। ਹਟਾਉਣ ਸਮੇਂ ਸਾਨੂੰ ਭਰੋਸੇ ਵਿੱਚ ਕਿਉਂ ਨਹੀਂ ਲਿਆ ਗਿਆ? ਇਸ ਤੋਂ ਉਲਟ ਨਵੇਂ ਬਣੇ ਜੱਥੇਦਾਰ ਨੂੰ ‘ਤਾਜ’ ਪਹਿਨਾਉਣ ਵਾਸਤੇ, ਬਿਨਾਂ ਬੁਲਾਏ ਹੀ ਸਾਰੇ ‘ਪੰਥਕ ਮੁਖੀ’ (?) ਫਿਰ ਪੱਗਾ ਲੈ ਕੇ ਪਹੁੰਚ ਜਾਂਦੇ ਹਨ।

ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਸਤਿਗੁਰੂ ਹਰਿਗੋਬਿੰਦ ਨੇ ਕੀ ਇਕ ਹੋਰ ਗੁਰਦੁਆਰਾ ਬਣਾਇਆ ਸੀ? ਦਰਬਾਰ ਸਾਹਿਬ ਵਿੱਚ ਕੀ ਕਮੀ ਸੀ ਕਿ ਇਕ ਹੋਰ ਗੁਰਦੁਆਰਾ ਬਣਾਉਣਾ ਪਿਆ? ਅਸਲ ਵਿੱਚ ਅਕਾਲ ਤਖ਼ਤ ਗੁਰਦੁਆਰਾ ਨਹੀਂ ਹੈ। ਛੇਵੇਂ ਪਾਤਸ਼ਾਹ ਨੇ ਸਮੇਂ ਦੀ ਜਾਲਮ ਹਕੂਮਤ ਦੇ ਮੁਕਾਬਲੇ ਇਕ ਨਿਆਂਸ਼ੀਲ ਰਾਜ ਦੇਣ ਦਾ ਐਲਾਨ ਕੀਤਾ ਸੀ। ਜੋ ਰਾਜ ਬਿਨਾਂ ਪੱਖਪਾਤ ਤੋਂ, ਗੁਰਬਾਣੀ ਦੇ ਚਾਨਣ ਵਿੱਚ, ਰੱਬੀ ਭੈ ਭਾਵਨੀ ਵਿੱਚ ਰਹਿੰਦਿਆਂ ਸਰਬੱਤ ਦੇ ਭਲੇ ਵਾਲਾ ਹੋਵੇ। ਚੱਲ ਰਹੇ ਗਲਤ ਰਾਜਤੰਤਰ ਨਾਲੋਂ ਤੋੜ ਵਿਛੋੜਾ, ਬਗਾਵਤ। ਇਸੇ ਭਾਵਨਾ ਨੂੰ ਅੱਗੋਂ ਗੁਰੂ ਸਾਹਿਬਾਨ ਨੇ ਹੋਰ ਪ੍ਰਚੰਡ ਕੀਤਾ। ਇਕ ਛੋਟਾ ਜਿਹਾ ਥੜਾ ਬਣਾ ਕੇ, ਉਸਦਾ ਨਾਮ ‘ਅਕਾਲ ਤਖ਼ਤ’ ਰੱਖ ਦੇਣਾ ਕੇਵਲ ਇਕ ਬਚਕਾਨੀ ਸੋਚ ਹੈ। ਅਸਲ ਵਿੱਚ ਪੰਜਾਬ ਦਾ ਤਖ਼ਤ ਤੇ ਦਿੱਲੀ ਦਾ ਤਖ਼ਤ ਪ੍ਰਾਪਤ ਕਰਨ ਵਾਸਤੇ ਅਸੀਂ ਕਮਰ ਕੱਸੇ ਕਰ ਲਏ ਹਨ। ਗੁਲਾਮੀ ਦੇ ਸੰਗਲ ਤੋੜਨ ਲਈ ਆਪਣੇ ਲੋਕਾਂ ਨੂੰ ਹਰ ਪੱਖੋਂ ਤਿਆਰ ਕਰ ਲਿਆ ਹੈ। ਅਕਾਲੀ ਬਾਣੀ ਦੇ ਅਸੂਲਾਂ ਮੁਤਾਬਕ ਅਕਾਲ ਪੁਰਖ ਨੂੰ ਸਮਰਪਿਤ ਅਕਾਲ ਤਖ਼ਤ ਸਭਨਾਂ ਨਾਲ ਇਨਸਾਫ ਕਰੇਗਾ/ਕਰਾਏਗਾ। ਇਹ ਮੈਨੀਫੈਸਟੋ ਸੀ।

ਅਫ਼ਸੋਸ, ਸਦ ਅਫਸੋਸ ਕਿ ਸਿੱਖਾਂ ਕੋਲ ਰਾਜ ਨਾ ਰਿਹਾ। ਨਾ ਕੋਈ ਉਸਾਰੂ ਨੀਤੀ ਰਹੀ। ਨਾ ਚੰਗੇਰੇ ਅਸੂਲਾਂ ਵਾਲਾ ਸਿੱਖੀ ਧਰਮ ਰਿਹਾ। ਨਾ ਅਕਾਲ ਤਖ਼ਤ ਰਿਹਾ ਤੇ ਨਾ ਕੋਈ ‘ਜੱਥੇਦਾਰ’ ਰਿਹਾ। ਸਨ 1984 ਤੋਂ 1994 ਤੱਕ ਦੇ ਖੂਨੀ ਦਹਾਕੇ ਦੌਰਾਨ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ। ਮਿਸਲਾਂ ਦੇ ਦੌਰ ਵਾਂਗ ਹੀ ਸਿੱਖ ਗਭਰੂਆਂ ਦਾ ਸ਼ਿਕਾਰ ਕੀਤਾ ਗਿਆ। ਠਾਣੇ ਰੂਪੀ ਕਸਾਈ ਖਾਨਿਆਂ ਵਿੱਚ ਸਿੱਖਾਂ ’ਤੇ ਜੋ ਕਹਿਰ ਢਾਹਿਆ ਗਿਆ, ਉਹ ਜ਼ਕਰੀਆ ਖ਼ਾਨ ਅਤੇ ਮੀਰ ਮਨੂੰ ਦੇ ਤਸੀਹਿਆਂ ਤੋਂ ਵੀ ਖੌਫਨਾਕ ਸੀ। ਘਰਾਂ ਵਿੱਚ, ਥਾਣਿਆਂ ਵਿੱਚ ਜਵਾਨ ਬੀਬੀਆਂ ਨੂੰ ਬੇਪੱਤ ਕੀਤਾ ਗਿਆ। ਬਜ਼ੁਰਗ ਬਾਬਿਆਂ ਦੀਆਂ ਪੱਗਾਂ ਪੈਰਾਂ ਵਿੱਚ ਮਧੋਲੀਆਂ ਗਈਆਂ, ਦਾੜ੍ਹੀਆਂ ਪੁੱਟੀਆਂ ਗਈਆਂ। ਘਰ ਬਾਰ ਲੁੱਟ ਲਏ ਗਏ। ਪੱਚੀ ਹਜ਼ਾਰ ਤੋਂ ਵੱਧ ਸਿੱਖ ਨੌਜੁਆਨਾਂ ਨੂੰ ਬੜੀ ਦਰਿੰਦਗੀ ਨਾਲ ਕਤਲ ਕਰਕੇ, ਮੁਕਾਬਲੇ ਵਿਖਾ ਕੇ, ਅਣਪਛਾਤੇ ਆਖ ਕੇ, ਲਾਂਬੂ ਲਾ ਦਿੱਤੇ ਗਏ।

ਇਹ ਸਭ ਕੁਝ ਹੋਣ ਦੌਰਾਨ ਛੇਵੇਂ ਪਾਤਸ਼ਾਹ ਜੀ ਦੇ ਸਥਾਪਤ ਕੀਤੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਹਾਨ ਜੱਥੇਦਾਰ, ਚੂਹਿਆਂ ਵਾਂਗ ਖੁੱਡਾਂ ਵਿੱਚ ਛੁਪ ਕੇ ਬੈਠ ਗਏ। ਸਿੱਖ ਕੌਮ ਦੀ ਨਸਲਕੁਸ਼ੀ ਦੇ ਜ਼ਿੰਮੇਵਾਰ ਪਾਪੀ ਬੇਅੰਤ ਸਿੰਘ, ਕੇ.ਪੀ.ਐਸ. ਗਿੱਲ ਉਸੇ ਤਰ੍ਹਾਂ ਆਦਮ-ਬੋ, ਆਦਮ-ਬੋ ਬੜ੍ਹਕਦੇ ਰਹੇ। ਅਕਾਲ ਤਖ਼ਤ ਤੇ ਕਬਜਾ ਜਮਾਈ ਬੈਠੇ ਗਿੱਦਾਂ ਨੇ ਅੱਖ ਪੁੱਟ ਕੇ ਭੀ ਨਾ ਵੇਖਿਆ। ਉੱਚਾ ਸਾਹ ਤੱਕ ਨਾ ਲਿਆ। ਅਕਾਲ ਪੁਰਖ ਦੇ ਤਖ਼ਤ ਦਾ ਢੰਡੋਰਾ ਨਿਤ ਪਿੱਟਣ ਵਾਲੇ ਜੱਥੇਦਾਰਾਂ ਵਿੱਚ ਏਨੀ ਭੀ ਜ਼ੁੱਰਅਤ ਨਹੀਂ ਰਹੀ ਕਿ ਉਹ ਜ਼ਾਲਮ ਨੂੰ ਜ਼ਾਲਮ ਕਹਿ ਸਕਣ। ‘‘ਰਾਜੇ ਸੀ ਿਮੁਕਦਮ ਕੁਤੇ’’ ਆਖਣ ਦੀ ਦਲੇਰੀ ਹੀ ਪੈਦਾ ਕਰ ਲੈਣ। ਸਿੱਖ ਕੌਮ ਦੀ ਕਾਤਲ ਜੁੰਡਲੀ ਵਿਰੁੱਧ ਅਕਾਲ ਦਾ ਆਸਰਾ ਤੱਕ ਕੇ, ਗੁਰੂ ਦਰਸਾਏ ਰਾਹ ’ਤੇ ਚਲਦਿਆਂ, ਜੱਥੇਦਾਰੀ ਦੀ ਅਜ਼ਮਤ ਨੂੰ ਡੁੱਬਣੋਂ ਬਚਾਉਂਦਿਆਂ ਇਕ ‘ਹੁਕਮਨਾਮਾ’ ਜਾਰੀ ਕਰ ਦਿੰਦੇ। ਭਾਵੇਂ ਸਰਕਾਰ ਇਨ੍ਹਾਂ ਨੂੰ ਜੇਲ੍ਹ ਵਿੱਚ ਸੁੱਟ ਦਿੰਦੀ, ਭਾਵੇਂ ਕਤਲ ਕਰ ਦਿੰਦੀ ਪਰ ਇਹ ਇਤਿਹਾਸ ਵਿੱਚ ਆਪਣਾ ਨਾਮ ਰੌਸ਼ਨ ਕਰਵਾ ਲੈਂਦੇ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ‘ਹੁਕਮ’ ਦੇ ਕੇ ਮਜਬੂਰ ਕਰਦੇ ਕਿ ਉਜੜੇ ਪਰਵਾਰਾਂ ਨੂੰ ਬਸਾਇਆ ਜਾਵੇ। ਇਕ ਉੱਚ ਤਾਕਤੀ ਕਮਿਸ਼ਨ ਬਣਾ ਕੇ ਸਿੱਖਾਂ ਦੇ ਕਾਤਲਾਂ ਦੀ ਪਛਾਣ ਕੀਤੀ ਜਾਵੇ ਤੇ ਅਦਾਲਤਾਂ ਰਾਹੀਂ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦਿਵਾਈਆਂ ਜਾਣ।

ਅਕਾਲੀ ਬਾਣੀ ਤੇ ਅਕਾਲ ਤਖ਼ਤ ਨੂੰ ਪਰਗਟ ਕਰਨ ਵਾਲੇ ਸੱਚ ’ਤੇ ਪਹਿਰਾ ਦਿੰਦਿਆਂ ਜੰਗ ਲੜਦੇ ਰਹੇ। ਸ਼ਹੀਦੀਆਂ ਪਾਉਂਦੇ ਰਹੇ। ਪੁੱਤਰਾਂ ਨੂੰ ਕੁਰਬਾਨ ਕਰਦੇ ਰਹੇ। ਅੱਜ ਦਾ ਪੁਜਾਰੀ ਕਿਸਮ ਦਾ ਜੱਥੇਦਾਰ ਸਗੋਂ ਸੱਚ ਦੀ ਅਵਾਜ ਬੁਲੰਦ ਕਰਨ ਵਾਲੇ ਲੇਖਕਾਂ/ਪ੍ਰਚਾਰਕਾਂ ਦਾ ਗਲਾ ਘੁੱਟਣ ਲਈ ਤੱਤਪਰ ਨਜਰ ਆਉਂਦਾ ਹੈ। ਝੂਠਿਆਂ ਤੇ ਮੱਕਾਰਾਂ ਦਾ ਦੁਮਛੱਲਾ ਬਣਿਆ ਪਰਤੱਖ ਦਿਸ ਆਉਂਦਾ ਹੈ। ਕਾਸ਼ ! ਨਿਜੀ ਸੁਖ-ਅਰਾਮ ਅਤੇ ਪੈਸੇ ਦੀ ਲਾਲਸਾ ਤਿਆਗ ਕੇ ਇਹ ਲੋਕ ਸੱਚ ਬੋਲਣ ਦੀ ਹਿੰਮਤ ਪੈਦਾ ਕਰ ਲੈਣ। ਕੋਈ ਸੱਚੀ ਪਿਰਤ ਪਾ ਦੇਣ। ਕਾਸ਼...।