

ਬਾਦਲ ਜੀ ਕਾ ਜੱਥੇਦਾਰ, ਆਰ.ਐਸ.ਐਸ. ਕੀ ਫਤਿਹ
- ਜੋਗਿੰਦਰ ਸਿੰਘ -
ਫੋਨ : 9899968051
ਸਿੱਖ ਕੌਮ ਨੂੰ ਅਮਰ ਵੇਲ ਵਾਂਗ ਚਿੰਬੜੇ ਹੋਏ ਸੁਆਰਥੀ ਤੇ ਗੱਦਾਰ ਕਿਸਮ ਦੇ ਸਿਆਸਤਦਾਨਾਂ ਦੀਆਂ ਕਰਤੂਤਾਂ ਕਾਰਨ ਸਿੱਖਾਂ ਦਾ ਸਮਾਜਕ, ਆਰਥਕ ਤੇ ਧਾਰਮਕ ਢਾਂਚਾ ਦਿਨ-ਬ-ਦਿਨ ਤਬਾਹ ਹੁੰਦਾ ਜਾ ਰਿਹਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪਵਿੱਤਰ ਸੰਕਲਪ ਵੀ ਇਸ ਰੁਝਾਨ ਤੋਂ ਅਣਛੂਹਿਆ ਹੋਇਆ ਨਹੀਂ ਰਹਿ ਸਕਿਆ। ਇਸੇਲਈ ਪਿਛਲੇ ਕੁਝ ਦਹਾਕਿਆਂ ਤੋਂ, ਪ੍ਰਕਾਸ਼ ਸਿੰਘ ਬਾਦਲ ਜੁੰਡਲੀ ਦੇ ਹੱਕਾਂ ਤੇ ਨੀਤੀਆਂ ਨਾਲ ਮਾੜਾ ਜਿਹਾ ਵੀ ਅਲੱਗ ਚੱਲਣ ਵਾਲੇ ਤਖ਼ਤਾਂ ਦੇ ਮੁੱਖ ਸੇਵਾਦਾਰਾਂ (ਅਖੌਤੀ ਜੱਥੇਦਾਰਾਂ) ਨੂੰ ਜਿਸ ਬੇਸ਼ਰਮੀ ਭਰੇ ਢੰਗ ਨਾਲ ਦੁੱਧ ’ਚੋਂ ਮੱਖੀ ਵਾਂਗ ਵਗ੍ਹਾ ਕੇ ਪਰ੍ਹਾਂ ਮਾਰਿਆ ਜਾਂਦਾ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ (ਹੁਣ ਸਾਬਕਾ) ਗਿ: ਜੋਗਿੰਦਰ ਸਿੰਘ ਵੇਦਾਂਤੀ ਵੀ ਇਸੇ ਰਵਾਇਤ ਦੇ ਸ਼ਿਕਾਰ ਇਕ ਹੋਰ ਪੁਜਾਰੀ ਸਾਬਿਤ ਹੋਏ ਹਨ ਕਿਉਂਕਿ ਉਨ੍ਹਾਂ ਤੋਂ ਪਹਿਲਾਂ ਕੁਝ ਇਹੋ ਜਿਹਾ ਹੀ ਜ਼ਲਾਲਤ ਭਰਿਆ ਸਲੂਕ ਗਿ: ਪੂਰਨ ਸਿੰਘ ਅਤੇ ਭਾਈ ਰਣਜੀਤ ਸਿੰਘ ਨਾਲ ਵੀ ਹੋ ਚੁੱਕਾ ਹੈ।
ਵੈਸੇ ਤਾਂ ਗਿ: ਵੇਦਾਂਤੀ ਆਪਣੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਦੀ ਕਠਪੁਤਲੀ ਬਣ ਕੇ ਅਤੇ ਉਨ੍ਹਾਂ ਦੀ ਮਰਜ਼ੀ ਨਾਲ ਗੁਰਮਤਿ-ਵਿਰੋਧੀ ਹੁਕਮਨਾਮੇ ਜਾਰੀ ਕਰਕੇ (ਜਿਨ੍ਹਾਂ ਵਿੱਚ ਗੁਰਦੁਆਰਾ ਕਮੇਟੀਆਂ ਦੇ ਅੰਤਿੰ੍ਰਗ ਬੋਰਡ ਦੀਆਂ ਚੋਣਾਂ ਵਿੱਚ ਸਿੱਧੀ ਦਖ਼ਲ-ਅੰਦਾਜ਼ੀ ਕਰਨਾ ਤੱਕ ਸ਼ਾਮਲ ਰਿਹਾ) ਕਾਫੀ ਲੰਬਾ ਸਮਾਂ ਅਕਾਲ ਤਖ਼ਤ ਸਾਹਿਬ ਦੇ ਮੁੱਖ ਪੁਜਾਰੀ ਵਜੋਂ ਨਿਭਾਅ ਗਏ ਹਨ, ਭਾਵੇਂ ਇਸਦੇ ਲਈ ਸ਼੍ਰੋਮਣੀ ਕਮੇਟੀ ਅਹੁਦੇਦਾਰਾਂ ਨੂੰ ਕਮੇਟੀ ਦੇ ਸਾਰੇ ਨੇਮਾਂ/ ਉਪਨੇਮਾਂ ਦੀਆਂ ਧੱਜੀਆਂ ਹੀ ਕਿਉਂ ਨਾ ਉਡਾਉਣੀਆਂ ਪਈਆਂ। ਪਰ ਹੁਣ ਜਿਸ ਸਖ਼ਤੀ ਨਾਲ ਵੇਦਾਂਤੀ ਜੀ ਨੂੰ ਤਖ਼ਤ ਸਾਹਿਬ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ (ਉਨ੍ਹਾਂ ਤੋਂ ਜੱਥੇਦਾਰੀ ਦੇ ਇਲਾਵਾ ਗ੍ਰੰਥੀ ਦਾ ਅਹੁਦਾ ਵੀ ਖੋਹ ਲਿਆ ਗਿਆ ਹੈ), ਉਸ ਤੋਂ ਸਾਫ ਹੁੰਦਾ ਹੈ ਕਿ ਬਾਦਲ ਸਾਹਿਬ ਹੁਣ ਵੇਦਾਂਤੀ ਤੋਂ ਖੁਸ਼ ਨਹੀਂ ਸਨ।
ਪੰਜਾਬੀ ਮੀਡੀਆ ਵਿੱਚ ਬਾਦਲ ਸਾਹਿਬ ਦੀ ਇਸ ਨਾਖੁਸ਼ੀ ਦੇ ਕਾਰਨਾਂ ਬਾਰੇ ਵੱਖ-ਵੱਖ ਕਿਆਸ-ਅਰਾਈਆਂ ਲਗਾਈਆਂ ਜਾ ਰਹੀਆਂ ਹਨ। ਬਹੁਤੇ ਲੇਖਕਾਂ/ਪੱਤਰਕਾਰਾਂ ਦਾ ਮੰਨਣਾ ਹੈ ਕਿ ਗਿ: ਵੇਦਾਂਤੀ ਨੂੰ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਤਾਰੀਫ ਕਰਨਾ ਅਤੇ ਅਕਾਲੀਆਂ ਨੂੰ ਉਨ੍ਹਾਂ ਦੇ ਹੱਕ ਵਿੱਚ ਵੋਟ ਪਾਉਣ ਦਾ ਸੁਝਾਅ ਦੇਣ ਦੀ ਕਾਰਵਾਈ ਉਨ੍ਹਾਂ ਦੀ ਕੁਰਸੀ ਛਿਨ ਲਏ ਜਾਣ ਦਾ ਕਾਰਨ ਬਣੀ। ਪਰ ਇਸ ਗੱਲ ਵਿੱਚ ਬਹੁਤਾ ਵਜ਼ਨ ਪ੍ਰਤੀਤ ਨਹੀਂ ਹੁੰਦਾ। ਭਾਵੇਂ ਗਿਆਨੀ ਵੇਦਾਂਤੀ ਦਾ ਉਕਤ ਬਿਆਨ ਬਾਦਲ ਪਾਰਟੀ ਦੀਆਂ ਨੀਤੀਆਂ ਦੇ ਵਿਰੁੱਧ ਸੀ, ਪਰ ਇਸ ਨਾਲ ਉਨ੍ਹਾਂ ਨੂੰ ਅਮਲੀ ਤੌਰ ’ਤੇ ਕੋਈ ਫਰਕ ਨਹੀਂ ਪੈਂਦਾ ਸੀ ਕਿਉਂਕਿ ਵੇਦਾਂਤੀ ਜੀ ਨੇ ਇਹ ਗੱਲ ਸਿਰਫ਼ ਜ਼ੁਬਾਨੀ ਹੀ ਕਹੀ ਸੀ, ਵੋਟਾਂ ਡਾ: ਮਨਮੋਹਨ ਸਿੰਘ ਨੂੰ ਪਵਾਉਣ ਲਈ ਕੋਈ ਆਦੇਸ਼/ਸੰਦੇਸ਼/ਹੁਕਮਨਾਮਾ ਜਾਰੀ ਨਹੀਂ ਕੀਤਾ ਸੀ। ਇਸ ਤਰ੍ਹਾਂ ਦੇ ਬਿਆਨਾਂ ਨਾਲ ਬਾਦਲ ਵਰਗੇ ਹੰਢੇ ਹੋਏ ਸਿਆਸਤਦਾਨਾਂ ਨੂੰ ਕੋਈ ਫਰਕ ਵੀ ਨਹੀਂ ਪੈਂਦਾ, ਜੋ ਆਪਣੇ ਖਿਲਾਫ਼ ਰੋਜ਼ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋਣ ਵਾਲੇ ਬਿਆਨਾਂ ਦੀ ਕੋਈ ਪਰਵਾਹ ਹੀ ਨਹੀਂ ਕਰਦੇ।

ਅਜਿਹੇ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ਫਿਰ ਵੇਦਾਂਤੀ ਜੀ ਦੀ ਕੁਰਸੀ ਖੁੱਸਣ ਦਾ ਕਾਰਨ ਕੀ ਸੀ। ਪੰਥਕ ਮਾਹਿਰਾਂ ਦਾ ਮੰਨਣਾ ਹੈ ਕਿ ਗਿ: ਵੇਦਾਂਤੀ ਵੱਲੋਂ ਪਿਛਲੇ ਸਮੇਂ ਵਿੱਚ ਦਸਮ ਗ੍ਰੰਥ ਦੇ ਹਮਾਇਤੀ ਅਤੇ ਰਾਸ਼ਟਰੀ ਸਿੱਖ ਸੰਗਤ ਦੇ ਅਤਿ ਹਰਮਨ ਪਿਆਰੇ ਪੁਜਾਰੀ ਗਿ: ਇਕਬਾਲ ਸਿੰਘ ਦੇ ਵਿਰੁੱਧ (ਜਿਸਨੂੰ ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਮੌਕੇ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ’ਤੇ ਹੋ ਰਹੀ ਮੀਟਿੰਗ ਦੇ ਅੰਦਰ ਵੀ ਨਹੀਂ ਵੜਨ ਦਿੱਤਾ ਗਿਆ ਸੀ) ਅਤੇ ਗੁਰੂ ਗ੍ਰੰਥ ਸਾਹਿਬ ਦੇ ਪੱਖ ਵਿੱਚ (ਕਿਸੇ ਵੀ ਕਾਰਨ) ਲਏ ਗਏ ਸਟੈਂਡ ਕਾਰਨ ਆਰ.ਐਸ.ਐਸ. ਅਤੇ ਸਿੱਖ ਫਲਸਫੇ ਨੂੰ ਬ੍ਰਾਹਮਣਵਾਦ ਦੀ ਰੰਗਤ ਦੇਣ ਲਈ ਸਰਗਰਮ ਹੋਰ ਸੰਸਥਾਵਾਂ (ਜਿਨ੍ਹਾਂ ਵਿੱਚ ਦੱਖਣੀ ਦਿੱਲੀ ਦਾ ਇਕ ਵਿਵਾਦਿਤ ਡੇਰਾ ਵੀ ਸ਼ਾਮਲ ਹੈ), ਗਿ: ਵੇਦਾਂਤੀ ਤੋਂ ਬਹੁਤ ਬੌਖਲਾ ਗਈਆਂ ਸਨ। ਪਰ ਉਹ ਵੇਦਾਂਤੀ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਪੱਖ ਵਿੱਚ ਜਾਰੀ ਕੀਤੇ ਗਏ ਸੰਦੇਸ਼ (ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਨੂੰ ਗੁਰਿਆਈ ਨਹੀਂ ਬਖਸ਼ੀ ਸੀ। ਇਸਲਈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਦਸਮ ਗ੍ਰੰਥ ਦਾ ਪ੍ਰਕਾਸ਼ ਨਹੀਂ ਹੋ ਸਕਦਾ) ਦੇ ਇਕਦਮ ਬਾਅਦ ਗਿ: ਵੇਦਾਂਤੀ ਖਿਲਾਫ਼ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ ਸਨ। ਕਿਉਂਕਿ ਇਸ ਨਾਲ ਸਿੱਖਾਂ ਵਿੱਚ ਇਨ੍ਹਾਂ ਬ੍ਰਾਹਮਣਵਾਦੀਆਂ ਖਿਲਾਫ਼ ਭਾਰੀ ਰੋਸ ਪੈਦਾ ਹੋ ਜਾਣਾ ਸੀ। ਇਸਲਈ ਇਨ੍ਹਾਂ ਡੇਰੇਦਾਰਾਂ ਵੱਲੋਂ ਗਿ: ਵੇਦਾਂਤੀ ਦੀ ਬਲਿ ਦੇਣ ਲਈ ਕਿਸੇ ਢੁਕਵੇਂ ਮੌਕੇ ਦੀ ਤਲਾਸ਼ ਕੀਤੀ ਜਾ ਰਹੀ ਸੀ। ਵੇਦਾਂਤੀ ਵੱਲੋਂ ਮਨਮੋਹਨ ਸਿੰਘ ਦੇ ਹੱਕ ਵਿੱਚ ਬਿਆਨ ਦੇਣ ਨਾਲ ਇਨ੍ਹਾਂ ਡੇਰੇਦਾਰਾਂ ਨੂੰ ਸਿੱਖਾਂ ਨੂੰ ਇਕ ਸਿਆਸੀ ਮਸਲੇ ਦੇ ਬਹਾਨਾ ਬਣਾ ਕੇ, ਗਿ: ਵੇਦਾਂਤੀ ਨੂੰ ਗੱਦੀਓਂ ਲਾਹੁਣ ਦਾ ਮੌਕਾ ਮਿਲ ਗਿਆ। ਹੁਣ ਵੇਦਾਂਤੀ ਜੀ ਨੂੰ ਗੱਦੀਓਂ ਲਾਹੁਣ ਬਾਰੇ ਜੋ ਮਰਜ਼ੀ ਕਾਰਨ ਦਿੱਤੇ ਜਾਣ ਪਰ ਅਸਲ ਵਿੱਚ ਬਾਦਲ-ਆਰ.ਐਸ.ਐਸ. ਗਠਜੋੜ ਦੀ ਅਗਵਾਈ ਵਿੱਚ ਸਰਗਰਮ ਇਨ੍ਹਾਂ ਗੁਰਬਾਣੀ-ਵਿਰੋਧੀ ਤਾਕਤਾਂ ਦਾ ਮਕਸਦ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਜਾਏ ਤ੍ਰੀਆ-ਚਰਿੱਤਰਾਂ ਵਰਗੀਆਂ ਗੰਦੀਆਂ ਰਚਨਾਵਾਂ ਨਾਲ ਜੋੜਨ ਦਾ ਹੀ ਹੈ।
ਇਹ ਵੀ ਧਿਆਨ ਦੇਣ ਯੋਗ ਤੱਥ ਹੈ ਕਿ ਬਾਦਲ ਜੁੰਡਲੀ ਵੱਲੋਂ ਵੇਦਾਂਤੀ ਨੂੰ ਗੱਦੀਓਂ ਲਾਹ ਕੇ ਵੀ ਲਗਭਗ ਉਸੇ ਵਰਗੀ ਮਾਨਸਿਕਤਾ ਤੇ ਵਿਦਿਅਕ ਯੋਗਤਾ (ਟਕਸਾਲ ਦੇ ਪਾਠੀ) ਗੁਰਬਚਨ ਸਿੰਘ ਨੂੰ ਹੀ ਨਵਾਂ ਪਰ ਕਾਰਜਕਾਰੀ ਜੱਥੇਦਾਰ ਲਗਾਇਆ ਗਿਆ ਹੈ (ਯਾਨੀ ਉਸਦੇ ਅਹੁਦੇ ’ਤੇ ਪਹਿਲਾਂ ਹੀ ਤਲਵਾਰ ਲਟਕਾ ਦਿੱਤੀ ਗਈ ਹੈ ਤਾਂ ਜੋ ਉਹ ਬਿਨਾਂ ਚੂੰ-ਚਪੜ ਕੀਤਿਆਂ ਆਪਣੇ ਸਿਆਸੀ ਆਕਾਵਾਂ ਦੇ ਹੁਕਮ ਮੰਨਦਾ ਰਹੇ)। ਇਸ ਨਵੇਂ ਪੁਜਾਰੀ ਨੇ ਆਉਂਦਿਆਂ ਹੀ ਆਪਣੇ ਆਕਾਵਾਂ ਦੇ ਹੁਕਮ ਮੁਤਾਬਿਕ ਐਲਾਨ ਕਰ ਦਿੱਤਾ ਹੈ ਕਿ ਉਸਦੇ ਗਿ: ਇਕਬਾਲ ਸਿੰਘ ਨਾਲ ਕੋਈ ਮਤਭੇਦ ਨਹੀਂ ਹਨ ਅਤੇ ਸਿੱਖਾਂ ਦੇ ਵਿਵਾਦਿਤ ਮਸਲਿਆਂ (ਤ੍ਰੀਆ-ਚਰਿੱਤਰਾਂ) ਬਾਰੇ ਗੁਰਤਾਗੱਦੀ ਸ਼ਤਾਬਦੀ ਤੋਂ ਬਾਅਦ ਹੀ ਕੋਈ ਵਿਚਾਰ ਕੀਤੀ ਜਾਏਗੀ। ਯਾਨੀ ਕਿ ਇਕਬਾਲ ਸਿੰਘ ਨੂੰ ਹੁਣ ਆਪਣਾ ਮਨਮਤੀ ਪ੍ਰਚਾਰ ਕਰਨ ਦੀ ਪੂਰੀ ਖੁੱਲ ਮੁੜ ਤੋਂ ਪ੍ਰਾਪਤ ਹੋ ਗਈ ਹੈ ਅਤੇ ਅਕਤੂਬਰ ਵਿੱਚ ਆ ਰਹੀ ਅਹਿਮ ਸ਼ਤਾਬਦੀ ਮੌਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਤ੍ਰੀਆ-ਚਰਿੱਤਰਾਂ ਦਾ ਪ੍ਰਕਾਸ਼ (ਜਾਂ ਅੰਧਕਾਰ) ਕਰਕੇ ਸਾਰੀ ਦੁਨੀਆ ਸਾਹਮਣੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ ਜਾਵੇਗਾ। ਯਕੀਨਨ, ਜੱਥੇਦਾਰ ਭਾਵੇਂ ਬਾਦਲ ਜੀ ਦਾ ਥਾਪਿਆ ਹੋਇਆ ਹੈ, ਪਰ ਆਖਿਰੀ ਜਿੱਤ ਆਰ.ਐਸ.ਐਸ. ਦੀ ਹੀ ਹੋਵੇਗੀ।