

ਗੁਰਬਾਣੀ ਦੀਆਂ ਤੁਕਾਂ ਦੇ ਲਫ਼ਜ਼ੀ ਅਰਥ ਪ੍ਰਚਲਿਤ ਕਰ ਰਹੇ ਮਨਮਤੀਆਂ ਕਾਰਨ
ਸਿੱਖ ਕਿਵੇਂ ਬ੍ਰਾਹਮਣਵਾਦ ਦੇ ਸ਼ਿਕਾਰ ਹੋ ਰਹੇ ਹਨ?
- ਸਰਬਜੀਤ ਸਿੰਘ -
ਗੁਰਬਾਣੀ (ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਰਚਨਾਵਾਂ) ਮਨੁੱਖ ਦੇ ਆਤਮਕ ਰੋਗਾਂ ਦੀ ਦਵਾਈ ਹੈ। ਗੁਰੂ ਸਾਹਿਬਾਨ ਨੇ ਆਪਣੀਆਂ ਅਤੇ ਆਪਣੀ ਵਿਚਾਰਧਾਰਾ ਵਾਲੇ ਹੋਰਨਾਂ ਮਹਾਂਪੁਰਖਾਂ ਦੀਆਂ ਇਨ੍ਹਾਂ ਰਚਨਾਵਾਂ ਦੀ ਸੰਭਾਲ ਇਸੇ ਵਾਸਤੇ ਕੀਤੀ ਸੀ ਕਿ ਇਨ੍ਹਾਂ ਨੂੰ ਪੜ੍ਹ-ਵਿਚਾਰ-ਅਪਣਾ ਕੇ ਮਨੁੱਖ ਧਰਮ ਦੇ ਨਾਂ ’ਤੇ ਪ੍ਰਚਲਿਤ ਅਗਿਆਨਤਾ ਤੋਂ ਮੁਕਤ ਹੋਵੇ ਅਤੇ ਸੱਚ ਦਾ ਮਾਰਗ ਅਪਣਾ ਕੇ ਆਤਮਕ ਤਰੱਕੀ ਹਾਸਲ ਕਰੇ। ਪਰ ਇਹ ਵੀ ਇਕ ਕੌੜਾ ਸੱਚ ਹੈ ਕਿ ਦਵਾਈ ਵੀ ਉਸੇ ਸਮੇਂ ਕੰਮ ਕਰਦੀ ਹੈ ਜਦ ਇਸਨੂੰ ਡਾਕਟਰ ਵੱਲੋਂ ਦਿੱਤੀ ਗਈ ਹਦਾਇਤ ਮੁਤਾਬਿਤ ਅਤੇ ਪਰਹੇਜ਼ ਰੱਖਦਿਆਂ ਖਾਧਾ ਜਾਵੇ। ਇਸੇ ਤਰ੍ਹਾਂ, ਗੁਰਬਾਣੀ ਪੜ੍ਹਨ ਦਾ ਵੀ ਲਾਭ ਉਸੇ ਸਮੇਂ ਹੁੰਦਾ ਹੈ ਜਦ ਇਸ ਵਿਚਲੀਅਾਂ ਕਾਵਿ-ਰਚਨਾਵਾਂ ਦੇ ਅਸਲ ਭਾਵ-ਅਰਥਾਂ ਨੂੰ ਸਮਝ-ਵਿਚਾਰ ਕੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਇਆ ਜਾਵੇ। ਗੁਰਬਾਣੀ ਦਾ ਮਹਿਜ਼ ਰਸਮੀ ਪਾਠ ਕਰਦੇ ਰਹਿਣਾ ਇਕ ਕਿਸਮ ਦਾ ਕਰਮ-ਕਾਂਡ ਬਣ ਕੇ ਰਹਿ ਜਾਂਦਾ ਹੈ। ਪਰ ਇਸ ਤੋਂ ਵੀ ਖ਼ਤਰਨਾਕ ਸਥਿਤੀ ਇਹ ਹੈ ਕਿ ਕਈ ਲੋਕ ਗੁਰਬਾਣੀ ਦੀਆਂ ਕੁਝ ਵਿਸ਼ੇਸ਼ ਤੁਕਾਂ ਦੇ ਲਫ਼ਜ਼ੀ ਅਰਥਾਂ ਨੂੰ ਹੀ ਭਾਵ-ਅਰਥ ਸਮਝ ਕੇ, ਉਨ੍ਹਾਂ ਜ਼ਾਹਿਰੀ ਅਰਥਾਂ ਦੇ ਅਧਾਰ ’ਤੇ ਪ੍ਰਚਲਿਤ ਕਰਮ-ਕਾਂਡਾਂ ਜਾਂ ਅੰਧਵਿਸ਼ਵਾਸਾਂ ਵਿੱਚ ਰੁਝ ਕੇ ਰਹਿ ਜਾਂਦੇ ਹਨ।
ਪਰ ਗੁਰਬਾਣੀ (ਬਲਕਿ ਕਿਸੇ ਵੀ ਹੋਰ ਕਾਵਿ ਰਚਨਾ) ਨੂੰ ਉਸਦੇ ਲਫ਼ਜ਼ੀ ਅਰਥਾਂ ਤੱਕ ਸੀਮਿਤ ਰਹਿ ਕੇ ਨਹੀਂ ਸਮਝਿਆ ਜਾ ਸਕਦਾ, ਬਲਕਿ ਉਨ੍ਹਾਂ ਲਫ਼ਜ਼ਾਂ ਵਿੱਚ ਉਪਯੋਗ ਕੀਤੇ ਗਏ ‘ਪ੍ਰਤੀਕਾਂ’ ਅਤੇ ‘ਬਿੰਬਾਂ’ ਦੇ ਭਾਵ ਸਮਝ ਕੇ ਹੀ ਕਾਵਿ-ਰਚਨਾ ਦਾ ਅਸਲ ਸੰਦੇਸ਼ ਸਮਝਿਆ ਜਾ ਸਕਦਾ ਹੈ। ਮਿਸਾਲ ਵਜੋਂ, ਕਵਿਤਾਵਾਂ ਵਿੱਚ ਅਕਸਰ ਔਰਤ ਦੀ ਖੂਬਸੂਰਤੀ ਦੀ ਤੁਲਨਾ ਚਾਂਦ ਨਾਲ ਕੀਤੀ ਜਾਂਦੀ ਹੈ (ਤੇਰਾ ਚੰਦ ਵਰਗਾ ਮੁਖੜਾ... ਆਦਿਕ)। ਸਾਇੰਸ ਦੇ ਇਸ ਯੁਗ ਵਿੱਚ ਅਸੀਂ ਸਭ ਜਾਣਦੇ ਹਾਂ ਕਿ ਚਾਂਦ ਧਰਤੀ ਦਾ ਇਕ ਉਪਗ੍ਰਹਿ ਅਤੇ ਮਹਿਜ਼ ਮਿੱਟੀ ਦਾ ਇਕ ਢੇਰ ਹੈ। ਕੀ ਖੂਬਸੂਰਤ ਔਰਤ ਦਾ ਚਿਹਰਾ ਮਿੱਟੀ ਦੇ ਢੇਰ ਵਰਗਾ ਲਗਦਾ ਹੈ? ਨਹੀਂ, ਗੱਲ ਸਿਰਫ਼ ਏਨੀ ਹੁੰਦੀ ਹੈ ਕਿ ਧਰਤੀ ਤੋਂ ਰਾਤ ਨੂੰ ਵੇਖਣ ’ਤੇ ਚੰਦ ਬਹੁਤ ਸੁਹਣਾ ਪ੍ਰਤੀਤ ਹੁੰਦਾ ਹੈ। ਔਰਤ ਦੇ ਸੁਹੱਪਣ ਨੂੰ ਜ਼ਾਹਿਰ ਕਰਨ ਲਈ ਚੰਦ ਦੇ ਸੁਹੱਪਣ ਦਾ ‘ਪ੍ਰਤੀਕ’ ਜਾਂ ‘ਬਿੰਬ’ ਵਰਤਿਆ ਜਾਂਦਾ ਹੈ।
ਇਸੇ ਤਰ੍ਹਾਂ, ਗੁਰਬਾਣੀ ਵਿੱਚ ਵੀ ਬਹੁਤ ਸਾਰੇ ਬਿੰਬ ਵਰਤੇ ਗਏ ਹਨ। ਕਿਉਂਕਿ ਗੁਰਦੁਆਰਿਆਂ ਵਿੱਚ ਸਿੱਖਾਂ ਨੂੰ ਗੁਰਬਾਣੀ ਦੀ ਬਣਤਰ ਅਤੇ ਸਿਧਾਂਤਾਂ ਬਾਰੇ ਕੋਈ ਜਾਣਕਾਰੀ ਦੇਣ ਦੀ ਬਜਾਏ ਉਨ੍ਹਾਂ ਨੂੰ ਸਿਰਫ਼ ਰਸਮੀ ਮੱਥੇ ਟਿਕਵਾਉਣ, ਰਾਗੀਆਂ ਮੂਹਰੇ ਪੈਸੇ ਰੱਖਣ ਅਤੇ ਉਗਰਾਹੀ ਦੀਆਂ ਪਰਚੀਆਂ ਕਟਵਾਉਣ ਤੱਕ ਸੀਮਤ ਰੱਖਿਆ ਜਾਂਦਾ ਹੈ, ਇਸਲਈ ਬਹੁਤ ਸਾਰੇ ਸਿੱਖਾਂ ਨੂੰ ਇਹ ਗਿਆਨ ਨਹੀਂ ਹੁੰਦਾ ਕਿ ਗੁਰਬਾਣੀ ਦੀਆਂ ਕੁਝ ਅਤਿ ਪ੍ਰਸਿੱਧ ਤੁਕਾਂ ਦੇ ਅਸਲ ਅਰਥ ਕੀ ਹਨ। ਇਸਲਈ ਹਥਲੇ ਲੇਖ ਵਿੱਚ ਅਸੀਂ ਅਜਿਹੀਆਂ ਕੁਝ ਤੁਕਾਂ ਦੀਆਂ ਮਿਸਾਲਾਂ ਦੇ ਕੇ ਪਾਠਕਾਂ ਨੂੰ ਇਸ ਬਾਬਤ ਚੇਤੰਨ ਕਰਨ ਦੀ ਆਪਣੀ ਸਮਰੱਥਾ ਮੁਤਾਬਿਕ ਕੋਸ਼ਿਸ਼ ਕਰ ਰਹੇ ਹਾਂ।
ਅਕਸਰ ਸੁਣੀ-ਸੁਣਾਈ ਜਾਂਦੀ ਪਰ ਗਲਤ ਅਰਥਾਂ ਵਿੱਚ ਪ੍ਰਚਲਿਤ ਗੁਰਬਾਣੀ ਦੀ ਇਕ ਤੁੱਕ ਹੈ:
ਰਾਮਦਾਸ ਸਰੋਵਰਿ ਨਾਤੇ ॥
ਸਭਿ ਉਤਰੇ ਪਾਪ ਕਮਾਤੇ ॥
(ਗੁਰੂ ਗ੍ਰੰਥ ਸਾਹਿਬ, ਪੰਨਾ 625)
ਬਹੁਤ ਸਾਰੇ ਸਿੱਖ, ਖ਼ਾਸਕਰ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰ ਰਹੇ ਸੱਜਣ ਬੜੀ ਸ਼ਰਧਾ ਨਾਲ ਇਸ ਤੁੱਕ ਦਾ ਉਚਾਰਨ ਕਰਦੇ ਵੇਖੇ ਜਾਂਦੇ ਹਨ। ਇਸ ਤੁੱਕ ਕਾਰਨ ਉਨ੍ਹਾਂ ਦੇ ਮਨ ਵਿੱਚ ਵਿਚਾਰ ਉਪਜਦਾ ਹੈ ਕਿ ‘‘ਗੁਰੂ ਰਾਮਦਾਸ ਵੱਲੋਂ ਤਿਆਰ ਕੀਤੇ ਗਏ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਸਭ ਪਾਪ ਉਤਰ (ਖ਼ਤਮ ਹੋ) ਜਾਂਦੇ ਹਨ।’’ ਪਰ ਕੀ ਇਹ ਵਿਚਾਰ ਗੁਰਮਤਿ ਦੇ ਅਸੂਲਾਂ ਨਾਲ ਮੇਲ ਖਾਂਦਾ ਹੈ? ਨਹੀਂ, ਬ੍ਰਾਹਮਣਵਾਦੀ ਧਰਮ-ਗ੍ਰੰਥਾਂ ਵਿੱਚ ਤਾਂ ਇਹ ਗੱਲ ਪ੍ਰਚਾਰੀ ਗਈ ਹੈ ਕਿ ਫਲਾਣੇ ਤੀਰਥ ’ਤੇ ਜਾ ਕੇ ਇਸ਼ਨਾਨ ਕਰਨ (ਖ਼ਾਸਕਰ ਕੁਝ ਅਖੌਤੀ ਪਵਿੱਤਰ ਦਿਨਾਂ ਜਿਵੇਂ ਸੰਗਰਾਂਦ, ਪੂਰਨਮਾਸ਼ੀ, ਗ੍ਰਹਿਣ ਆਦਿਕ) ਨਾਲ ਮਨੁੱਖ ਦੇ ਸਾਰੇ ਪਾਪ ਧੁਲ ਜਾਂਦੇ ਹਨ ਪਰ ਗੁਰਮਤਿ ਇਸ ਧਾਰਨਾ ਨੂੰ ਸਿਰੇ ਤੋਂ ਖਾਰਿਜ ਕਰ ਦਿੰਦੀ ਹੈ। ਗੁਰਮਤਿ ਦਾ ਸਿਧਾਂਤ ਤਾਂ ‘ਕਰਮੀ ਆਪੋ ਆਪਣੀ’ ਵਾਲਾ ਹੈ। ਭਾਵ, ਮਨੁੱਖ ਨੇ ਜਿਹੋ ਜਿਹੇ ਕਰਮ ਕੀਤੇ ਹਨ, ਉਸਨੂੰ ਉਨ੍ਹਾਂ ਰਾਹੀਂ ਵਿਕਸਿਤ ਹੋਏ ਆਪਣੇ ਆਤਮਕ ਸੰਸਕਾਰਾਂ ਮੁਤਾਬਿਕ ਨਤੀਜੇ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ। ਇਹ ਸੋਚਣਾ ਕਿ ਮਨੁੱਖ ਸਾਰੀ ਜ਼ਿੰਦਗੀ ਚੋਰੀ-ਚਕਾਰੀ, ਠਗੀ, ਦੁਰਾਚਾਰ ਆਦਿਕ ਮੰਦੇ ਕਰਮ ਕਰਦਾ ਰਹੇ ਅਤੇ ਫਿਰ ਕਿਸੇ ਖ਼ਾਸ ਤੀਰਥ (ਭਾਵੇਂ ਉਹ ਦਰਬਾਰ ਸਾਹਿਬ ਹੋਵੇ ਜਾਂ ਫਿਰ ਹਰਿਦੁਆਰ) ’ਤੇ ਜਾ ਕੇ ਇਸ਼ਨਾਨ ਕਰ ਲਵੇ ਤਾਂ ਉਸ ਦੇ ਪਾਪ ‘ਧੁਲ ਜਾਣਗੇ’, ਆਪਣੇ ਮਨ ਨੂੰ ਧੋਖਾ ਦੇਣ ਵਾਲੀ ਗੱਲ ਹੈ।
ਤੀਰਥਾਂ ’ਤੇ ਇਸ਼ਨਾਨ ਕਰਕੇ ਪਾਪ-ਮੁਕਤ ਹੋਣ ਦੇ ਭਰਮ ਬਾਰੇ ਗੁਰਬਾਣੀ ਦਾ ਫੁਰਮਾਨ ਹੈ:
ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ ॥
ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ ॥2॥
(ਗੁਰੂ ਗ੍ਰੰਥ ਸਾਹਿਬ, ਪੰਨਾ 484)
ਭਾਵ, ਜੇਕਰ ਪਾਣੀ ਵਿੱਚ ਚੁੱਭੀ ਲਾਇਆਂ ਆਤਮਕ ਮੁਕਤੀ ਮਿਲ ਸਕਦੀ ਤਾਂ ਡੱਡੂ ਸਦਾ ਹੀ ਨਹਾਉਂਦੇ ਰਹਿੰਦੇ ਹਨ। ਜਿਵੇਂ ਉਹ ਡੱਡੂ ਹਨ, ਤਿਵੇਂ ਹੀ ਉਨ੍ਹਾਂ ਮਨੁੱਖਾਂ ਨੂੰ ਸਮਝੋ (ਜਿਹੜੇ ਪਰਮਾਤਮਾ ਦੇ ਗੁਣਾਂ ਨੂੰ ਅਪਣਾਉਣ ਦੀ ਬਜਾਏ ਤੀਰਥ-ਇਸ਼ਨਾਨ ਜਿਹੇ ਕਰਮ-ਕਾਂਡਾਂ ਵਿੱਚ ਫਸ ਕੇ) ਆਤਮਕ ਵਿਕਾਰਾਂ ਰੂਪੀ ਜੂਨਾਂ ਵਿੱਚ ਪਏ ਰਹਿੰਦੇ ਹਨ।
ਅਸਲ ਵਿੱਚ ‘ਰਾਮਦਾਸ ਸਰੋਵਰਿ ਨਾਤੇ’ ਵਾਲੀ ਗੁਰਬਾਣੀ ਦੀ ਤੁੱਕ ਦਾ ਭਾਵ ਅਰਥ ਹੈ ਕਿ ‘‘ਜਿਹੜੇ ਮਨੁੱਖ ਸਭ ਵਿੱਚ ਰਮੇ ਹੋਏ (ਰਾਮ) ਦੇ ਸੇਵਕਾਂ (ਦਾਸ) ਦੇ ਉਪਦੇਸ਼ਾਂ (ਗੁਰਬਾਣੀ) ਰੂਪੀ ਸਰੋਵਰ ਵਿੱਚ ਇਸ਼ਨਾਨ ਕਰਦੇ ਹਨ (ਗੁਰਬਾਣੀ ਤੋਂ ਰੱਬੀ ਗੁਣਾਂ ਦਾ ਗਿਆਨ ਹਾਸਲ ਕਰਕੇ ਅਮਲ ਕਰਦੇ ਹਨ), ਉਨ੍ਹਾਂ ਦੇ ਮਨਾਂ ਵਿੱਚ ਪਿਛਲੇ ਮੰਦ ਕਰਮਾਂ ਕਰਕੇ ਉਪਜੇ ਮਾੜੇ ਸੰਸਕਾਰ ਧੁਲ (ਖ਼ਤਮ ਹੋ) ਜਾਂਦੇ ਹਨ।’’
ਕੁਝ ਇਸੇ ਤਰ੍ਹਾਂ ਦੀ ਪ੍ਰਚਲਿਤ ਗੁਰਬਾਣੀ ਦੀ ਇਕ ਹੋਰ ਤੁੱਕ ਹੈ :
ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ ॥
(ਗੁਰੂ ਗ੍ਰੰਥ ਸਾਹਿਬ, ਪੰਨਾ 611)
ਆਮ ਸਿੱਖ ਅਤੇ ਰਾਗੀ ਇਸ ਤੁੱਕ ਦਾ ਅਰਥ ਇਹ ਕਰਦੇ ਹਨ ਕਿ ਇਸ਼ਨਾਨ ਕਰਨ ਉਪਰੰਤ ਆਪਣੇ ਪ੍ਰਭੂ ਨੂੰ ਸਿਮਰਨ ਨਾਲ ਮਨ-ਤਨ ਅਰੋਗ ਹੋ ਜਾਂਦਾ ਹੈ। ਪਰ ਇਹ ਧਾਰਨਾ ਗੁਰਮਤਿ ਅਸੂਲਾਂ ਦੇ ਐਨ ਉਲਟ ਹੈ। ਉਚੇਚੇ ਤੌਰ ’ਤੇ ਇਸ਼ਨਾਨ ਆਦਿਕ ਸੁੱਚਮ ਕਾਇਮ ਕਰਕੇ ਧਰਮ ਗ੍ਰੰਥਾਂ ਦਾ ਪਾਠ ਕਰਨ ਦੀ ਰਵਾਇਤ ਬ੍ਰਾਹਮਣਵਾਦੀ ਸਮਾਜ ਵਿੱਚ ਤਾਂ ਹੈ, ਗੁਰਮਤਿ ਵਿੱਚ ਨਹੀਂ। ਗੁਰਬਾਣੀ ਮੁਤਾਬਿਕ ਤਾਂ ਇਨਸਾਨ ਨੂੰ ਹਰ ਸਮੇਂ ਰੱਬੀ ਗੁਣਾਂ ਨੂੰ ਯਾਦ ਰੱਖਣਾ ਚਾਹੀਦਾ ਹੈ :
ਊਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰਿ ਧਿਆਇਐ।।
(ਗੁਰੂ ਗ੍ਰੰਥ ਸਾਹਿਬ, ਪੰਨਾ 379)
ਗੁਰਬਾਣੀ ਵਿੱਚ ਕਿਧਰੇ ਵੀ ਇਹ ਜ਼ਿਕਰ ਨਹੀਂ ਆਉਂਦਾ ਕਿ ਸਿਮਰਨ ਅਰੰਭ ਕਰਨ ਤੋਂ ਪਹਿਲਾਂ ਮਨੁੱਖ ਨੂੰ
ਜਲ ਨਾਲ ਇਸ਼ਨਾਨ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਸਿਮਰਨ (ਯਾਦ ਰੱਖਣ) ਦੀ ਪ੍ਰਕ੍ਰਿਆ ਦਾ ਇਸ਼ਨਾਨ ਦੀ
ਪ੍ਰਕ੍ਰਿਆ ਨਾਲ ਕੋਈ ਤਾਲੁੱਕ ਨਹੀਂ। ਇਥੇ ਇਹ ਵੀ ਧਿਆਨ ਦੇਣ ਯੋਗ ਤੱਥ ਹੈ ਕਿ ਇਸ਼ਨਾਨ ਕਰਕੇ ਧਰਮ
ਗ੍ਰੰਥਾਂ ਦਾ ਪਾਠ ਕਰਨ ਨਾਲ ਨਾ ਤਾਂ ਇਨਸਾਨ ਦੇ ਸਰੀਰਕ ਰੋਗ ਦੂਰ ਹੁੰਦੇ ਹਨ ਅਤੇ ਨਾ ਹੀ ਮਾਨਸਿਕ।
ਬਲਕਿ ਜੇਕਰ ਇਨਸਾਨ ਬੁਖਾਰ, ਨਿਊਮੋਨੀਆ ਆਦਿਕ ਕਿਸੇ ਰੋਗ ਤੋਂ ਪੀੜ੍ਹਤ ਹੋਵੇ ਅਤੇ ਇਸ਼ਨਾਨ ਕਰਕੇ,
ਚੌਕੜਾ ਮਾਰ ਕੇ, ਸਿਮਰਨ ਦੇ ਤੌਰ ’ਤੇ ਕਿਸੇ ਖ਼ਾਸ ਲਫ਼ਜ਼ ਦਾ ਰਟਨ ਅਰੰਭ ਕਰ ਦੇਵੇ ਤਾਂ ਉਸਦਾ ਸਰੀਰ
ਅਰੋਗ ਹੋਣ ਦੀ ਬਜਾਏ, ਰੋਗ ਹੋਰ ਵੱਧ ਜਾਏਗਾ।
ਇਹ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਉ¤ਚੇ ਪਹਾੜਾਂ ’ਤੇ ਰਹਿਣ ਵਾਲੇ ਪਹਾੜੀ ਲੋਕ ਹਰ ਰੋਜ਼ ਇਸ਼ਨਾਨ
ਨਹੀਂ ਕਰਦੇ ਕਿਉਂਕਿ ਪਹਾੜਾਂ ’ਤੇ ਪਾਣੀ ਦੀ ਬਹੁਤ ਕਿੱਲਤ ਹੁੰਦੀ ਹੈ। ਪਰ ਕਿਉਂਕਿ ਉ¤ਥੇ ਮੌਸਮ
ਕਾਫੀ ਠੰਡਾ ਹੁੰਦਾ ਹੈ, ਇਸਲਈ ਉਥੋਂ ਦੇ ਵਸਨੀਕਾਂ ਨੂੰ ਪਸੀਨਾ ਨਹੀਂ ਆਉਂਦਾ ਤੇ ਉਨ੍ਹਾਂ ਨੂੰ
ਮੈਦਾਨੀ ਜਾਂ ਗਰਮ ਇਲਾਕਿਆਂ ਦੇ ਲੋਕਾਂ ਵਾਂਗ ਰੋਜ਼ਾਨਾ ਜਾਂ ਦਿਨ ਵਿੱਚ ਕਈ-ਕਈ ਵਾਰ ਨਹਾਉਣ ਦੀ ਲੋੜ
ਨਹੀਂ ਪੈਂਦੀ।
ਅਸਲ ਵਿੱਚ, ਗੁਰਬਾਣੀ ਦੀ ਉਕਤ ਤੁੱਕ ਦਾ ਭਾਵ-ਅਰਥ ਹੈ ਕਿ ਪ੍ਰਭੂ ਦੇ ਗੁਣਾਂ ਨੂੰ ਯਾਦ ਕਰਕੇ ਇਨਸਾਨ ਪ੍ਰਭੂ ਨਾਮ ਰੂਪੀ ਜਲ ਵਿੱਚ ਇਸ਼ਨਾਨ ਕਰ ਲੈਂਦਾ ਹੈ, ਜਿਸ ਨਾਲ ਉਸਦੇ ਆਤਮਕ ਵਿਕਾਰ ਦੂਰ ਹੋ ਜਾਂਦੇ ਹਨ ਅਤੇ ਇਨ੍ਹਾਂ ਵਿਕਾਰਾਂ ਤੋਂ ਮੁਕਤੀ ਕਾਰਨ ਉਸਦਾ ਸਰੀਰ ਵੀ ਅਰੋਗ ਹੋ ਜਾਂਦਾ ਹੈ।
ਗਲਤ ਅਰਥਾਂ ਵਿੱਚ ਪ੍ਰਚਲਿਤ ਗੁਰਬਾਣੀ ਦੀ ਇਕ ਹੋਰ ਤੁੱਕ ਹੈ :
ਗੁਰਸਿਖਾਂ ਕੀ ਹਰਿ ਧੂੜਿ ਦੇਹਿ ਹਮ ਪਾਪੀ ਭੀ ਗਤਿ ਪਾਂਹਿ ॥
(ਗੁਰੂ ਗ੍ਰੰਥ ਸਾਹਿਬ, ਪੰਨਾ 1424)
ਅਕਸਰ ਵੇਖਿਆ ਜਾਂਦਾ ਹੈ ਕਿ ਕਈ ਸ਼ਰਧਾਲੂ ਗੁਰਦੁਆਰਿਆਂ ਦੇ ਬਾਹਰ ਵਿਛੇ ‘ਮੈਟ’ ਨੂੰ ਚੁੱਕ ਕੇ ਉਥੇ ਪਈ ਧੂੜ ਨੂੰ ਆਪਣੇ ਮੱਥੇ ’ਤੇ ਲਗਾਉਂਦੇ ਹਨ ਅਤੇ ਨਾਲ ਹੀ ਗੁਰਬਾਣੀ ਦੀ ਉਕਤ ਤੁੱਕ ਦਾ ਉਚਾਰਨ ਕਰਦੇ ਹਨ। ਅਜਿਹੇ ਸ਼ਰਧਾਲੂਆਂ ਮੁਤਾਬਿਕ ਇਸ ਤੁੱਕ ਦਾ ਅਰਥ ਹੁੰਦਾ ਹੈ ਕਿ ‘‘ਹੇ ਪਰਮਾਤਮਾ ! ਸਾਨੂੰ ਗੁਰਸਿੱਖਾਂ ਦੀ ਧੂੜ ਦੇ, ਤਾਂ ਕਿ ਅਸੀਂ ਵੀ ਉ¤ਚੀ ਅਵਸਥਾ ਪ੍ਰਾਪਤ ਕਰ ਸਕੀਏ।’’
ਪਰ ਨਿਰਪੱਖਤਾ ਨਾਲ ਵਿਚਾਰ ਕੀਤਾ ਜਾਏ ਕਿ ਕੀ ਅਜਿਹਾ ਸੰਭਵ ਹੈ ਕਿ ਸਿਰਫ਼ ਕਿਸੇ ਖ਼ਾਸ ਵਿਕਅਤੀ ਦੀ ਧੂੜ ਨੂੰ ਮੱਥੇ ਨਾਲ ਲਾਉਣ ਨਾਲ ਕੋਈ ਹੋਰ ਮਨੁੱਖ ਉ¤ਚੀ ਆਤਮਕ ਅਸਵਥਾ ਪ੍ਰਾਪਤ ਕਰ ਸਕਦਾ ਹੈ? ਕੀ ਧੂੜ ਨੂੰ ਸਰੀਰ ’ਤੇ ਲਾਉਣ ਨਾਲ ਮਨੁੱਖ ਦੇ ਵਿਚਾਰਾਂ/ਸੰਸਕਾਰਾਂ/ਮਾਨਸਿਕਤਾ ਵਿੱਚ ਕਿਸੇ ਕਿਸਮ ਦੀ ਕੋਈ ਤਬਦੀਲੀ ਆ ਜਾਂਦੀ ਹੈ? ਨਹੀਂ, ਅਜਿਹੇ ਕਰਮ-ਕਾਂਡਾਂ ਨਾਲ ਮਨੁੱਖ ਦੇ ਆਤਮਕ ਵਿਕਾਰ ਤਾਂ ਦੂਰ ਨਹੀਂ ਹੁੰਦੇ ਪਰ ਇਹ ਵਹਿਮ ਕਿ ਅਜਿਹੇ ਕਰਮ-ਕਾਂਡ ਕਰਨ ਨਾਲ ਉਹ ਵਧੇਰੇ ‘ਧਾਰਮਕ’ ਕਿਸਮ ਦਾ ਵਿਕਅਤੀ ਬਣ ਕੇ ਰੱਬ ਦੀ ਕ੍ਰਿਪਾ ਦਾ ਪਾਤਰ ਬਣ ਗਿਆ ਹੈ, ਉਸਦੇ ਮਨ ਵਿੱਚ ਹਊਮੈ-ਪੂਰਨ ਵਿਚਾਰ ਪੈਦਾ ਕਰ ਸਕਦੇ ਹਨ।
ਇਸ ਤੁੱਕ ਦਾ ਭਾਵ ਅਰਥ ਇਹ ਹੈ ਕਿ ਹੇ ਪਰਮਾਤਮਾ, ਸਾਨੂੰ ਸੱਚੇ ਗਿਆਨ ਰੂਪੀ ਗੁਰੂ ਨੂੰ ਅਪਣਾ ਕੇ ਆਤਮਕ ਤੌਰ ’ਤੇ ਗੁਣਵਾਨ ਬਣੇ ਇਨਸਾਨਾਂ ਦੀ ਸੰਗਤ ਰੂਪੀ ਧੂੜ ਬਖਸ਼, ਤਾਂ ਕਿ ਉਨ੍ਹਾਂ ਤੋਂ ਸੇਧ ਲੈ ਕੇ ਅਸੀਂ ਵੀ ਆਪਣੇ ਆਤਮਕ ਵਿਕਾਰਾਂ ਤੋਂ ਮੁਕਤ ਹੋ ਸਕੀਏ। ਕੀ ਦਲੀਲ ਅਤੇ ਗੁਰਮਤਿ ਸਿਧਾਂਤਾਂ ਦੀ ਕਸਵੱਟੀ ’ਤੇ ਅਜਿਹੇ ਅਰਥ ਢੁਕਵੇਂ ਪ੍ਰਤੀਤ ਹੁੰਦੇ ਹਨ ਜਾਂ ਮਨਮਤੀ ਪ੍ਰਚਾਰਕਾਂ ਵੱਲੋਂ ਪ੍ਰਚਾਰੇ ਜਾਂਦੇ ਉਕਤ ਤੁੱਕ ਦੇ ਲਫ਼ਜ਼ੀ ਅਰਥ?
ਅੱਜਕਲ ਕਈ ਰਾਗੀਆਂ ਅਤੇ ਕੁਝ ਖ਼ਾਸ ਜੱਥਿਆਂ ਵੱਲੋਂ ਇਹ ਪ੍ਰਚਾਰ ਵੀ ਵੱਡੀ ਪੱਧਰ ’ਤੇ ਕੀਤਾ ਜਾ ਰਿਹਾ ਹੈ ਕਿ ਕੀਰਤਨ ਕਰਨਾ ਅਤੇ ਕਰਵਾਉਣ ਹੀ ਅਸਲੀ ਧਰਮ ਪ੍ਰਚਾਰ ਹੈ। ਆਪਣੇ ਇਸੇ ਵਿਚਾਰ ਨੂੰ ਸਹੀ ਸਾਬਿਤ ਕਰਨ ਲਈ ਅਜਿਹੇ ਰਾਗੀ ਹੇਠ ਲਿਖੀ ਤੁੱਕ ਦਾ ਹਵਾਲਾ ਦਿੰਦੇ ਹਨ:
ਕਲਜੁਗ ਮਹਿ ਕੀਰਤਨੁ ਪਰਧਾਨਾ ॥
(ਗੁਰੂ ਗ੍ਰੰਥ ਸਾਹਿਬ, ਪੰਨਾ 1075)
ਇਸ ਤੁੱਕ ਦੇ ਲਫ਼ਜ਼ੀ ਅਰਥ ਕਿ ਕਲਿਜੁਗ ਵਿੱਚ ਕੀਰਤਨ ਨੂੰ ਹੀ ਪ੍ਰਮੁੱਖਤਾ ਦਿੱਤੀ ਗਈ ਹੈ, ਅੱਜਕਲ ਸਿੱਖ ਸੰਸਥਾਵਾਂ ਅਤੇ ਗੁਰਦੁਆਰੇ ‘ਕੀਰਤਨ ਦਰਬਾਰ’ ਕਰਵਾਉਣ ’ਤੇ ਬੇਸ਼ੁਮਾਰ ਪੈਸਾ ਖਰਚ ਰਹੇ ਹਨ। ਇਸ ਰੁਝਾਨ ਦਾ ਨਤੀਜਾ ਇਹ ਹੋਇਆ ਹੈ ਕਿ ਗੁਰਦੁਆਰਿਆਂ ਵਿੱਚ ਗੁਰਬਾਣੀ ਵਿਚਾਰ ਅਤੇ ਕੌਮੀ ਮਸਲਿਆਂ ’ਤੇ ਚਰਚਾ ਬਿਲਕੁਲ ਬੰਦ ਹੋ ਗਈ ਹੈ ਅਤੇ ਸਾਰੇ ਸ਼ਰਧਾਲੂ ਸਿਰਫ਼ ਗੁਰਬਾਣੀ ਗਾਇਨ ਕਰਨ ਜਾਂ ਸੁਣਨ ਤੱਕ ਸੀਮਤ ਰਹਿ ਗਏ ਹਨ - ਗਾਈ ਗਈ ਗੁਰਬਾਣੀ ਦੇ ਅਰਥਾਂ ਨੂੰ ਸਮਝਣ-ਵਿਚਾਰਨ ਦੀ ਨਾ ਤਾਂ ਕਿਸੇ ਨੂੰ ਵਿਹਲ ਹੈ ਅਤੇ ਨਾ ਹੀ ਕਿਸੇ ਨੇ ਇਸਦੀ ਜ਼ਰੂਰਤ ਸਮਝੀ ਹੈ।
ਇਸ ਤੁੱਕ ਦਾ ਭਾਵ ਅਰਥ ਜਾਣਨ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਗੁਰਮਤਿ ਤਾਂ ਸਤਯੁਗ, ਕਲਿਯੁਗ ਆਦਿਕ ਬ੍ਰਾਹਮਣਵਾਦੀ ਸੰਕਲਪਾਂ ਨੂੰ ਮੰਨਦੀ ਹੀ ਨਹੀਂ। ਗੁਰਮਤਿ ਅਨੁਸਾਰ, ਜਦ ਇਨਸਾਨ ਸੰਤੋਖ ਨੂੰ ਧਾਰਨ ਕਰਕੇ ਧਰਮੀ ਪੁਰਖ ਬਣ ਜਾਂਦਾ ਹੈ ਤਾਂ ਉਹ ਇਕ ਕਿਸਮ ਨਾਲ ਸਤਿਜੁਗ ਵਿੱਚ ਵਿਚਰ ਰਿਹਾ ਹੁੰਦਾ ਹੈ। ਜਦ ਇਨਸਾਨ ਅੰਦਰ ‘ਜਤੀ’ ਰਹਿਣ ਦਾ ਵਲਵਲਾ ਪ੍ਰਬਲ ਹੋਵੇ ਤਾਂ ਉਹ ਇਕ ਤਰ੍ਹਾਂ ਨਾਲ ਤ੍ਰੇਤੇ ਯੁਗ ਵਿੱਚ ਰਹਿੰਦਾ ਸਮਝਿਆ ਜਾ ਸਕਦਾ ਹੈ। ਜਦ ਇਨਸਾਨ ਆਪਣੇ ਇੰਦ੍ਰਿਆਂ ਨੂੰ ਦੁਨੀਆਵੀ ਮੋਹ-ਮਾਇਆ ਤੋਂ ਬਚਾਉਣ ਲਈ ਸਰਗਰਮ ਹੁੰਦਾ ਹੈ, ਤਾਂ ਉਹ ਇਕ ਕਿਸਮ ਨਾਲ ਦੁਆਪਰ ਵਿੱਚ ਵਿਚਰ ਰਿਹਾ ਹੁੰਦਾ ਹੈ। ਜਦ ਇਨਸਾਨ ‘ਕੂੜ’ ਜਾਂ ਝੂਠ ਤੋਂ ਗ੍ਰਸਤ ਹੋ ਕੇ ਤ੍ਰਿਸ਼ਨਾ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਹ ਇਕ ਕਿਸਮ ਨਾਲ ਕਲਿਜੁਗ ਵਿੱਚ ਵਿਚਰ ਰਿਹਾ ਹੁੰਦਾ ਹੈ :
ਸਲੋਕੁ ਮ: 1 ॥
ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ ॥
ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ ॥
ਸਤਜੁਗਿ ਰਥੁ ਸੰਤੋਖੁ ਕਾ ਧਰਮੁ ਅਗੈ ਰਥਵਾਹੁ ॥
ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ ॥
ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ ॥
ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ ॥1॥
(ਗੁਰੂ ਗ੍ਰੰਥ ਸਾਹਿਬ, ਪੰਨਾ 462)
ਜਿਥੋਂ ਤੱਕ ਕੀਰਤਨ ਦੀ ਗੱਲ ਹੈ, ਕੀਰਤਨ ਦਾ ਅਰਥ ਹੁੰਦਾ ਹੈ ਪਰਮਾਤਮਾ ਦੇ ਗੁਣਾਂ ਦੀ ‘ਕੀਰਤੀ’ ਜਾਂ ‘ਉਸਤਤਿ’ ਕਰਨਾ। ਰੱਬ ਦੀ ਅਜਿਹੀ ਉਸਤਤਿ ਕਰਨ ਲਈ ਵਾਜੇ-ਤਬਲੇ ਜਾਂ ਕਿਸੇ ਹੋਰ ਸਾਜ ਦੀ ਲੋੜ ਨਹੀਂ ਹੁੰਦੀ ਬਲਕਿ ਮਨੁੱਖ ਨੂੰ ਆਪਣੇ ਮਨ ਵਿੱਚ ਹੀ ਹਰ ਸਮੇਂ ਪਰਮਾਤਮਾ ਦੇ ਗੁਣਾਂ ਦੀ ਯਾਦ ਬਣਾਈ ਰੱਖਣੀ ਹੁੰਦੀ ਹੈ। ਇਸੇ ਪ੍ਰਕ੍ਰਿਆ ਨੂੰ ‘ਨਾਮ ਸਿਮਰਨ’ ਵੀ ਕਿਹਾ ਜਾਂਦਾ ਹੈ (ਇਸ ਬਾਬਤ ਵਧੇਰੇ ਜਾਣਕਾਰੀ ਲਈ ਪੜ੍ਹੋ ਇੰਡੀਆ ਅਵੇਅਰਨੈ¤ਸ ਦਾ ਅਗਸਤ 2009 ਅੰਕ ਵਿੱਚ ਨਾਮ ਸਿਰਮਨ ਬਾਰੇ ਪ੍ਰਕਾਸ਼ਿਤ ਲੇਖ।)
ਉਕਤ ਸਿਧਾਂਤਾਂ ਦੀ ਰੌਸ਼ਨੀ ਵਿੱਚ ‘ਕਲਿਜੁਗ ਮਹਿ ਕੀਰਤਨੁ ਪਰਧਾਨਾ’ ਵਾਲੀ ਤੁੱਕ ਦਾ ਭਾਵ-ਅਰਥ ਬਣਦਾ ਹੈ ਕਿ ‘‘ਜਦ ਇਨਸਾਨ ਝੂਠੀ ਤ੍ਰਿਸ਼ਨਾ ਅਤੇ ਵਿਕਾਰਾਂ ਰੂਪੀ ਕਲਿਜੁਗ ਦਾ ਸ਼ਿਕਾਰ ਹੋਇਆ ਹੋਵੇ, ਤਾਂ ਅਜਿਹੀ ਸਥਿਤੀ ਵਿੱਚ ਪਰਮਾਤਮਾ ਦੇ ਗੁਣਾਂ ਨੂੰ ਯਾਦ (ਕੀਰਤੀ, ਉਸਤਤਿ) ਕਰਨਾ ਅਤੇ ਅਪਣਾਉਣਾ ਹੀ, (ਵਿਕਾਰਾਂ ਤੋਂ ਮੁਕਤੀ ਦਾ) ਸਭ ਤੋਂ ਉ¤ਤਮ ਸਾਧਨ ਹੈ।
ਗੁਰਬਾਣੀ ਦੀ ਇਕ ਹੋਰ ਪ੍ਰਸਿੱਧ ਪੰਕਤੀ ਹੈ:
ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥
ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥1॥
(ਗੁਰੂ ਗ੍ਰੰਥ ਸਾਹਿਬ, ਪੰਨਾ 682)
ਇਕ ਖ਼ਾਸ ਡੇਰੇ ਵੱਲੋਂ ਤਾਂ ਇਸ ਸ਼ਬਦ ਦਾ ਬਾਰ-ਬਾਰ ਪਾਠ ਕੀਤਾ ਅਤੇ ਕਰਵਾਇਆ ਜਾਂਦਾ ਹੈ। ਬਹੁਤ ਸਾਰੇ ਲੋਕ ਖ਼ੁਦ ਵੀ ਇਸ ਸ਼ਬਦ ਦਾ ਬਾਰ-ਬਾਰ ਪਾਠ ਕਰਦੇ ਹਨ ਕਿਉਂਕਿ ਉਨ੍ਹਾਂ ਦਾ ਵਿਚਾਰ ਹੁੰਦਾ ਹੈ ਕਿ ਇਸ ਸ਼ਬਦ ਦਾ ਪਾਠ ਕਰਨ ਨਾਲ ਇਨਸਾਨ ਰੱਬ ਨੂੰ ਔਖੀ ਘੜੀ (ਦੁੱਖਾਂ ਵਾਲੇ ਸਮੇਂ) ਤੋਂ ਖ਼ੁਦ ‘ਹੱਥ ਦੇ ਕੇ’ ਬਚਾ ਲੈਂਦਾ ਹੈ।
ਪਰ ਇਥੇ ਸਮਝਣ ਵਾਲੀ ਗੱਲ ਇਹ ਹੈ ਕਿ ਗੁਰਮਤਿ ਵਿੱਚ ਦੁੱਖ ਤੋਂ ਅਰਥ ਆਤਮਕ ਕਠਿਨਾਈ ਹੁੰਦਾ ਹੈ -
ਦੁਨਿਆਵੀ ਮੁਸ਼ਕਲਾਂ ਦਾ ਸਾਹਮਣਾ ਤਾਂ ਹਰ ਇਨਸਾਨ ਨੂੰ, ਭਾਵੇਂ ਉਹ ਕੋਈ ਪੀਰ-ਪੈਗੰਬਰ ਹੀ ਕਿਉਂ ਨਾ
ਹੋਵੇ, ਕਰਨਾ ਪੈਂਦਾ ਹੈ।
ਇਸਲਈ ਉਕਤ ਤੁਕਾਂ ਦਾ ਭਾਵ-ਅਰਥ ਇਹ ਬਣਦਾ ਹੈ ਕਿ ਉਹ ਪ੍ਰਭੂ ਆਪਣੇ ਪਿਆਰ ਵਾਲੇ ਸੁਭਾਅ ਮੁਤਾਬਿਕ,
ਆਪਣੇ ਨੇਮਾਂ ਦੀ ਪਾਲਣਾ ਕਰਨ ਵਾਲੇ (ਹੁਕਮ ਦੀ ਰਜ਼ਾ ਵਿੱਚ ਚੱਲਣ ਵਾਲੇ) ਇਨਸਾਨਾਂ ਨੂੰ ਆਤਮਕ ਦੁੱਖ
ਨਹੀਂ ਪਹੁੰਚਣ ਦਿੰਦਾ। ਬਲਕਿ ਹਰ ਪਲ ਉਨ੍ਹਾਂ ਦੀ ਆਤਮਕ ਸ਼ਾਂਤੀ ਤੇ ਦ੍ਰਿੜ੍ਹਤਾ ਦੀ ਰਾਖੀ ਕਰਦਾ ਹੈ।
ਡੇਰੇਦਾਰਾਂ ਵੱਲੋਂ ਕੀਤੀਆਂ ਜਾਂਦੀਆਂ ਮੰਦ ਕਰਤੂਤਾਂ ਜਾਗ੍ਰਿਤ ਸਿੱਖਾਂ ਕੋਲੋਂ ਲੁਕੀਆਂ ਹੋਈਆਂ ਨਹੀਂ। ਬਲਕਿ ਬਹੁਤ ਸਾਰੇ ਜਾਗਰੁਕ ਸਿੱਖ ਡੇਰੇਦਾਰਾਂ ਦੀਆਂ ਗੁਰਮਤਿ-ਵਿਰੋਧੀ ਕਾਰਵਾਈਆਂ ਦਾ ਵਿਰੋਧ ਵੀ ਕਰਦੇ ਹਨ। ਇਸ ਵਿਰੋਧ ਤੋਂ ਖ਼ੁਦ ਨੂੰ ਬਚਾਉਣ ਤੇ ਗਿਆਨ-ਹੀਣ ਜਨਤਾ ਨੂੰ ਭਰਮਾਈ ਰੱਖਣ ਵਾਸਤੇ ਡੇਰੇਦਾਰ ਇਸ ਤੁੱਕ ਨੂੰ ਬਾਰ-ਬਾਰ ਦੁਹਰਾਉਂਦੇ ਹਨ:
ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ ॥1॥
(ਗੁਰੂ ਗ੍ਰੰਥ ਸਾਹਿਬ, ਪੰਨਾ 279)
ਇਸ ਤਰ੍ਹਾਂ ਉਹ ਪ੍ਰਭਾਵ ਦਿੰਦੇ ਹਨ ਕਿ ਸੰਤਾਂ (ਉਨ੍ਹਾਂ ਮੁਤਾਬਿਕ, ਉਹ ਖ਼ੁਦ ਜਾਂ ਉਨ੍ਹਾਂ ਦੇ ਸੀਨੀਅਰ ਡੇਰੇਦਾਰ) ਦੀ ਨਿੰਦਾ (ਉਨ੍ਹਾਂ ਦੀਆਂ ਕਰਤੂਤਾਂ ਦਾ ਪਾਜ ਉਘਾੜਨ) ਵਾਲੇ ਲੋਕ ਬਾਰ-ਬਾਰ ਜੰਮਦੇ ਮਰਦੇ ਰਹਿੰਦੇ ਹਨ। ਇਹ ਗੱਲ ਸੁਣ ਕੇ ਅਨਜਾਣ ਲੋਕਾਂ ਡਰ ਜਾਂਦੇ ਹਨ ਕਿ ਕਿਧਰੇ ਕਿਸੇ (ਪਖੰਡੀ) ਸਾਧ ਦੀਆਂ ਧਰਮ ਵਿਰੋਧੀ ਅਤੇ ਦੁਰਾਚਾਰੀ ਕਾਰਵਾਈਆਂ ਬਾਰੇ ਚਰਚਾ ਕਰਨ ਨਾਲ ਕਿਧਰੇ ਉਹ ਵੀ ਜਨਮ-ਮਰਨ ਦੇ ਗੇੜ ਵਿੱਚ ਨਾ ਪੈ ਜਾਣ। ਇਸਲਈ ਉਹ ਪਖੰਡੀ ਸਾਧਾਂ ਦੀਆਂ ਬੁਰੀਆਂ ਹਰਕਤਾਂ ਬਾਰੇ ਨਾ ਤਾਂ ਕੁਝ ਬੋਲਣਾ ਪਸੰਦ ਕਰਦੇ ਹਨ ਅਤੇ ਨਾ ਹੀ ਸੁਣਨਾ।
ਇਸ ਤੁੱਕ ਦੇ ਅਸਲ ਅਰਥ ਸਮਝਣ ਲਈ ਗੁਰਮਤਿ ਵਿੱਚ ਸੰਤ, ਨਿੰਦਾ ਅਤੇ ਜਨਮ-ਮਰਨ ਦੇ ਗੇੜ ਦੇ ਸੰਕਲਪਾਂ ਨੂੰ ਸਮਝਣਾ ਜ਼ਰੂਰੀ ਹੈ। ਗੁਰਬਾਣੀ ਵਿੱਚ ਸੰਤ ਲਫ਼ਜ਼ ਤਿੰਨ ਅਰਥਾਂ ਵਿੱਚ ਆਉਂਦਾ ਹੈ :
1) ਪ੍ਰਭੂ-ਪਰਮਾਤਮਾ
ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥
(ਗੁਰੂ ਗ੍ਰੰਥ ਸਾਹਿਬ, ਪੰਨਾ 97)
2) ਗੁਰੂ
ਵਡਭਾਗੀ ਹਰਿ ਸੰਤੁ ਮਿਲਾਇਆ ॥
ਗੁਰਿ ਪੂਰੈ ਹਰਿ ਰਸੁ ਮੁਖਿ ਪਾਇਆ ॥
ਭਾਗਹੀਨ ਸਤਿਗੁਰੁ ਨਹੀ ਪਾਇਆ ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ ॥3॥
(ਗੁਰੂ ਗ੍ਰੰਥ ਸਾਹਿਬ, ਪੰਨਾ 95)
3) ਸਤਸੰਗੀ ਮਨੁੱਖ
ਸੰਤ ਸਜਨ ਸੁਨਹੁ ਸਭਿ ਮੀਤਾ ਝੂਠਾ ਏਹੁ ਪਸਾਰਾ ॥
(ਗੁਰੂ ਗ੍ਰੰਥ ਸਾਹਿਬ, ਪੰਨਾ 380)
ਗੁਰਬਾਣੀ ਵਿੱਚ ਕਿਧਰੇ ਵੀ ਇਹ ਨਹੀਂ ਕਿਹਾ ਗਿਆ ਕਿ ਕਿਸੇ ਖ਼ਾਸ ਤਰ੍ਹਾਂ ਦਾ ਲਿਬਾਸ ਪਾਉਣ ਵਾਲਾ, ਆਲੀਸ਼ਾਨ ਡੇਰਿਆਂ ਵਿੱਚ ਚੇਲਿਆਂ ਦੀ ਫੌਜ ਸਮੇਤ ਰਹਿਣ ਵਾਲਾ ਵਿਹਲੜ ਮਨੁੱਖ ‘ਸੰਤ’ ਹੁੰਦਾ ਹੈ। ਇਸਲਈ ਗੁਰਬਾਣੀ ਵਿੱਚ ਵਰਤੇ ਗਏ ‘ਸੰਤ’ ਪਦ ਦੀ ਤੁਲਨਾ ਮੌਜੂਦਾ ਸਮੇਂ ਵਿੱਚ ਸਰਗਰਮ ਮਨੁੱਖਤਾ-ਵਿਰੋਧੀ ਡੇਰੇਦਾਰਾਂ ਨਾਲ ਕਰਨਾ ‘ਦੋ ਤੇ ਦੋ ਪੰਜ’ ਜਿਹੀ ਧਾਰਨਾ ਵਗਰ ਝੂਠ ਹੈ।
ਇਹ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਨਿੰਦਾ ਕੀ ਹੁੰਦੀ ਹੈ। ਕਿਸੇ ਵਿਕਅਤੀ ਪ੍ਰਤੀ ਈਰਖਾ, ਨਫ਼ਰਤ ਜਾਂ ਹਿਕਾਰਤ ਦੀ ਭਾਵਨਾ ਕਰਕੇ ਉਸਨੂੰ ਨੀਵਾਂ ਦਿਖਾਉਣ ਲਈ ਕੀਤਾ ਜਾਂਦਾ ਝੂਠਾ ਪ੍ਰਚਾਰ ‘ਨਿੰਦਾ’ ਹੁੰਦੀ ਹੈ। ਜਿਵੇਂ ਕਿ ਬ੍ਰਾਹਮਣਵਾਦੀ ਮਾਨਸਿਕਤਾ ਵਾਲੇ ਬਹੁਤ ਸਾਰੇ ਡੇਰੇਦਾਰ ਤੇ ਉਨ੍ਹਾਂ ਦੇ ਚੇਲੇ, ਨਿਰੋਲ ਗੁਰਮਤਿ ਦਾ ਪ੍ਰਚਾਰ ਕਰਨ ਵਾਲੀਆਂ ਸੰਸਥਾਵਾਂ, ਪ੍ਰਚਾਰਕਾਂ, ਲੇਖਕਾਂ ਵਿਰੁੱਧ ਤੱਥਾਂ ਨੂੰ ਤੋੜ-ਮਰੋੜ ਕੇ ਜਾਂ ਫਿਰ ਬਿਲਕੁਲ ਹੀ ਝੂਠੇ ਇਲਜ਼ਾਮ ਲਗਾ ਕੇ, ਉਨ੍ਹਾਂ ਵਿਰੁੱਧ ਗੁੰਮਰਾਹਕੁੰਨ ਪ੍ਰਚਾਰ ਕਰਦੇ ਹਨ। ਅਜਿਹਾ ਪ੍ਰਚਾਰ ਸਿਵਾਏ ਨਿੰਦਾ ਦੇ ਹੋਰ ਕੁਝ ਨਹੀਂ ਹੁੰਦਾ।
ਦੂਜੇ ਪਾਸੇ, ਮਨੁੱਖਤਾ ਦੀ ਭਲਾਈ ਅਤੇ ਸੱਚ ਦੇ ਸਿਧਾਂਤਾਂ ਨੂੰ ਪ੍ਰਚਾਰਨ ਵਾਸਤੇ ਪਖੰਡੀ, ਦੁਰਾਚਾਰੀ ਅਤੇ ਮਨਮਤੀ ਕਿਸਮ ਦੇ ਲੋਕਾਂ ਦੀਆਂ ਬਿਪਰਨ ਕੀਆਂ ਰੀਤਾਂ ਬਾਰੇ ਲੋਕਾਂ ਨੂੰ ਜਾਗਰੁਕ ਕਰਨ ਵਾਸਤੇ ਉਨ੍ਹਾਂ ਦੀਆਂ ਕਰਤੂਤਾਂ ਬਾਰੇ ਦਿੱਤੀ ਜਾਂਦੀ ਸੱਚੀ ਜਾਣਕਾਰੀ ਮਾਤਰ ‘ਵਿਰੋਧ’ ਹੁੰਦੀ ਹੈ, ‘ਨਿੰਦਾ’ ਨਹੀਂ। ਭਾਵ, ਨਿੰਦਾ ਦਾ ਅਰਥ ਝੂਠੇ ਇਲਜ਼ਾਮ ਲਗਾਉਣਾ ਹੁੰਦਾ ਹੈ, ਸੱਚਾ ਵਿਰੋਧ ਨਹੀਂ।
ਇਸਲਈ ਗੁਰਬਾਣੀ ਦੀ ਉਕਤ ਤੁੱਕ ਦੇ ਅਸਲ ਅਰਥ ਇਹ ਬਣਦੇ ਹਨ : ਪ੍ਰਭੂ ਦੇ ਭਗਤਾਂ ’ਤੇ ਝੂਠੇ ਇਲਜ਼ਾਮ ਲਗਾਉਣ ਨਾਲ ਇਨਸਾਨ ਆਤਮਕ ਵਿਕਾਰਾਂ ਦੇ ਚੱਕਰ ਵਿੱਚ ਫਸ ਕੇ ਬਾਰ-ਬਾਰ ਆਤਮਕ ਤੌਰ ’ਤੇ ਮਰਦੇ ਰਹਿੰਦੇ ਹਨ।
ਆਮ ਵੇਖਣ ਵਿੱਚ ਆਉਂਦਾ ਹੈ ਕਿ ਕਈ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਪ੍ਰਕਾਸ਼ ਜਾਂ ਸੇਵਾ-ਸੰਭਾਲ (ਪ੍ਰਚਲਿਤ ਨਾਂ ਸੁਖਾਸਨ) ਦੀਆਂ ਰਸਮਾਂ ਵੇਲੇ ਸਥਾਨਕ ਨੌਜੁਆਨਾਂ ਦੇ ਸਮੂਹਾਂ, ਜਿਨ੍ਹਾਂ ਨੂੰ ਅਕਸਰ ‘ਸ਼ਬਦ ਚੌਕੀ ਜੱਥਾ’ ਕਿਹਾ ਜਾਂਦਾ ਹੈ, ਵੱਲੋਂ ਕੁਝ ਖ਼ਾਸ ਸ਼ਬਦ ਗਾਏ ਜਾਂਦੇ ਹਨ। ਇਨ੍ਹਾਂ ਵਿਚੋਂ ਸ਼ਾਮ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਸੇਵਾ-ਸੰਭਾਲ ਵੇਲੇ ‘‘ਜਿਥੇ ਜਾਇ ਬਹੈ ਮੇਰਾ ਸਤਿਗੁਰੂ, ਸੋ ਥਾਨੁ ਸੁਹਾਵਾ ਰਾਮ ਰਾਜੇ।’’ (ਪੰਨਾ 450) ਅਤੇ ਸਵੇਰੇ ਪ੍ਰਕਾਸ਼ ਵੇਲੇ ‘‘ਦਰਮਾਦੇ ਠਾਢੇ ਦਰਬਾਰਿ ॥ ਤੁਝ ਬਿਨੁ ਸੁਰਤਿ ਕਰੈ ਕੋ ਮੇਰੀ ਦਰਸਨੁ ਦੀਜੈ ਖੋਲਿ ਕਿਵਾਰ ॥’’ (ਪੰਨਾ 856) ਵਾਲੇ ਸ਼ਬਦਾਂ ਨੂੰ ਖ਼ਾਸ ਮਹੱਤਤਾ ਦਿੱਤੀ ਜਾਂਦੀ ਹੈ। ਪਹਿਲੇ ਸ਼ਬਦ ਦੇ ਲਫ਼ਜ਼ੀ ਅਰਥਾਂ ਤੋਂ ਇਹ ਪ੍ਰਭਾਵ ਦਿੱਤਾ ਜਾਂਦਾ ਹੈ ਕਿ ਗੁਰੂ ਸਾਹਿਬ ਇਕ ਥਾਂ ਤੋਂ ਦੂਜੀ ਥਾਂ ਜਾ ਕੇ ਬਹਿ ਗਏ ਹਨ। ਜਦਕਿ ਦੂਜੇ ਸ਼ਬਦ ਤੋਂ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਗੁਰੂ ਸਾਹਿਬ ‘ਕਿਵਾੜ’ (ਦਰਵਾਜਾ) ਖੋਲ੍ਹ ਕੇ ਸੰਗਤਾਂ ਨੂੰ ਦਰਸ਼ਨ ਦੇਣ।
ਪਰ ‘ਜਿਥੇ ਜਾਇ ਬਹੈ ਮੇਰਾ ਸਤਿਗੁਰੂ’ ਵਾਲੀ ਤੁੱਕ ਦਾ ਭਾਵ-ਅਰਥ ਇਹ ਹੈ ਕਿ ਜਿਥੇ ਕਿਧਰੇ ਵੀ ਜਾ ਕੇ ਮੇਰਾ ਸਤਿਗੁਰੂ ਸੱਚ ਦੇ ਗਿਆਨ ਦਾ ਪ੍ਰਚਾਰ ਕਰਦਾ ਹੈ (ਬੈਠ ਕੇ ਰੱਬੀ ਗੁਣਾਂ ਦਾ ਬਖਾਨ ਕਰਦਾ ਹੈ), ਉਸ ਥਾਂ ਦਾ ਵਾਤਾਵਰਨ ਆਤਮਕ ਉ¤ਚਤਾ ਵਾਸਤੇ ਬਹੁਤ ਸੋਹਣਾ ਹੋ ਜਾਂਦਾ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਇਕ ਥਾਂ ਤੋਂ ਲਿਜਾ ਕੇ ਦੂਜੀ ਥਾਂ ’ਤੇ ਰੱਖ ਦੇਣ ਮਾਤਰ, ਖ਼ਾਸਕਰ ਗੈਰ-ਪ੍ਰਕਾਸ਼ਮਾਨ ਅਵਸਥਾ ਵਿੱਚ, ਨਾਲ ਉਸ ਥਾਂ ’ਤੇ ਰੱਬੀ ਗੁਣਾਂ ਬਾਰੇ ਕੋਈ ਚਰਚਾ ਨਹੀਂ ਹੁੰਦੀ, ਇਸਲਈ ਗੁਰੂ ਸਾਹਿਬ ਦੇ ਸਰੂਪ ਨੂੰ ਗੁਰਦੁਆਰੇ ਦੇ ਮੁੱਖ ਹਾਲ ਤੋਂ ‘ਸੁਖਆਸਨ’ ਵਾਲੇ ਕੇਬਿਨ ਵਿੱਚ ਲਿਜਾਉਣ ਵੇਲੇ ਇਹ ਸ਼ਬਦ ਉਚੇਚੇ ਤੌਰ ’ਤੇ ਗਾਉਣਾ, ਸ਼ਬਦ ਦੇ ਭਾਵ-ਅਰਥਾਂ ਦੀ ਉਲੰਘਣਾ ਸਾਬਿਤ ਹੁੰਦੀ ਹੈ।
ਇਸੇ ਤਰ੍ਹਾਂ, ਸਵੇਰੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੁਖਆਸਨ ਵਾਲੀ ਥਾਂ ਤੋਂ ਲਿਆਉਣ ਵੇਲੇ ‘‘ਦਰਸਨੁ ਦੀਜੈ ਖੋਲਿ ਕਿਵਾਰ’’ ਵਾਲਾ ਸ਼ਬਦ ਪੜ੍ਹਨਾ ਵੀ ਜਾਇਜ਼ ਨਹੀਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਨੇ ਦਰਵਾਜਾ ਖੋਲ੍ਹ ਕੇ ਦਰਸ਼ਨ ਨਹੀਂ ਦੇਣੇ ਹੁੰਦੇ। ਵੈਸੇ ਵੀ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਦਾ ਅਰਥ ਉਨ੍ਹਾਂ ਦੇ ਸਰੂਪ ਨੂੰ ਵੇਖਣਾ ਜਾਂ ਮੱਥਾ ਟੇਕਣਾ ਨਹੀਂ ਬਲਕਿ ਉਨ੍ਹਾਂ ਦੇ ਪਵਿੱਤਰ ਉਪਦੇਸ਼ਾਂ ਨੂੰ ਪੜ੍ਹ-ਸੁਣ ਕੇ ਵਿਚਾਰਨਾ-ਸਮਝਣਾ ਹੁੰਦਾ ਹੈ :
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥
(ਪੰਨਾ 594)
ਅਸਲ ਵਿੱਚ ‘‘ਦਰਸਨੁ ਦੀਜੈ ਖੋਲਿ ਕਿਵਾਰ’’ ਵਾਲੀ ਤੁੱਕ ਦਾ ਭਾਵ-ਅਰਥ ਹੁੰਦਾ ਹੈ ਕਿ ਹੇ ਪ੍ਰਭੂ !
ਮੈਂ ਤੇਰੇ ਦਰਬਾਰ ਵਿੱਚ ਮੰਗਤਾ ਬਣ ਕੇ ਖਲੋਤਾ ਹਾਂ। ਤੇਰੇ ਬਿਨਾਂ ਮੇਰੀ ਸੁਰਤਿ ਕੌਣ ਉ¤ਚੀ ਕਰ
ਸਕਦਾ ਹੈ? ਇਸਲਈ ਕ੍ਰਿਪਾ ਕਰਕੇ ਮੇਰੇ ਗਿਆਨ-ਇੰਦ੍ਰਿਆਂ ਦੇ ਦਰਵਾਜੇ ਖੋਲ੍ਹ ਕੇ ਮੈਨੂੰ ਆਪਣੇ ਗੁਣਾਂ
ਦੀ ਸੋਝੀ ਬਖਸ਼ (ਮੇਰੇ ਅੰਦਰ ਅਜਿਹੀ ਸੁਰਤ ਪੈਦਾ ਕਰ ਕਿ ਮੈਂ ਸ੍ਰਿਸ਼ਟੀ ਦੇ ਜ਼ੱਰੇ-ਜ਼ੱਰੇ ਵਿੱਚ ਤੇਰੀ
ਅਤੇ ਤੇਰੀਆਂ ਵਡਿਆਈਆਂ ਦੀ ਹੋਂਦ ਮਹਿਸੂਸ ਕਰ ਸਕਾਂ)।
ਸਿੱਖ ਜਗਤ ਵਿੱਚ ਕਾਫੀ ਪ੍ਰਸਿੱਧ ਗੁਰਬਾਣੀ ਦੀ ਇਕ ਹੋਰ ਤੁੱਕ ਹੈ ‘‘ਅੰਮ੍ਰਿਤ ਵੇਲਾ ਸਚੁ ਨਾਉ
ਵਡਿਆਈ ਵਿਚਾਰੁ ॥’’ ਆਮ ਰਾਗੀਆਂ-ਪ੍ਰਚਾਰਕਾਂ ਵੱਲੋਂ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਜਪੁ ਸਾਹਿਬ
ਦੀ ਇਸ ਪੰਕਤੀ ਵਿੱਚ ਗੁਰੂ ਨਾਨਕ ਸਾਹਿਬ ਨੇ ਮਨੁੱਖ ਨੂੰ ਅੰਮ੍ਰਿਤ ਵੇਲੇ ਜਾਂ ਪਹਿਰ ਰਾਤ ਰਹਿੰਦਿਆਂ
ਜਾਗ ਕੇ ਨਾਮ ਜਪਣ ਦਾ ਉਪਦੇਸ਼ ਦਿੱਤਾ ਹੈ।
ਪਰ ਗੌਰਤਲਬ ਹੈ ਕਿ ਗੁਰਮਤਿ ਵਿੱਚ ਦਿਨ ਜਾਂ ਰਾਤ ਦੇ ਕਿਸੇ ਖ਼ਾਸ ਵੇਲੇ ‘ਸਿਮਰਨ’ ਕਰਨ ਨੂੰ ਪਰਮਾਤਮਾ ਨਾਲ ਨੇੜਤਾ ਦਾ ਸਾਧਨ ਨਹੀਂ ਮੰਨਿਆ ਗਿਆ। ਗੁਰਮਤਿ ਦਾ ਅਸੂਲ ਇਹੀ ਹੈ ਕਿ ਮਨੁੱਖ ਜਿਸ ਸਮੇਂ ਪ੍ਰਭੂ ਦੇ ਗੁਣਾਂ ਨੂੰ ਯਾਦ ਕਰਦਾ ਹੈ, ਉਸਦੇ ਲਈ ਉਹੀ ਸਮਾਂ ਪਵਿੱਤਰ ਹੈ :
ਸਾ ਵੇਲਾ ਪਰਵਾਣੁ ਜਿਤੁ ਸਤਿਗੁਰੁ ਭੇਟਿਆ ॥
(ਪੰਨਾ 520)
ਸਾ ਵੇਲਾ ਸੋ ਮੂਰਤੁ ਸਾ ਘੜੀ ਸੋ ਮੁਹਤੁ ਸਫਲੁ ਹੈ ਮੇਰੀ ਜਿੰਦੁੜੀਏ ਜਿਤੁ ਹਰਿ ਮੇਰਾ ਚਿਤਿ ਆਵੈ
ਰਾਮ ॥
(ਪੰਨਾ 540)
ਇਥੇ ਗੁਰਬਾਣੀ ਦੀਆਂ ਇਨ੍ਹਾਂ ਤੁਕਾਂ ਦਾ ਹਵਾਲਾ ਦੇਣ ਦਾ ਅਰਥ ਇਹ ਨਹੀਂ ਕਿ ਇਨਸਾਨ ਨੂੰ ਸਵੇਰੇ ਛੇਤੀ ਜਾਗ ਕੇ ਸਰੀਰ ਅਤੇ ਮਨ ਨੂੰ ਤਾਜ਼ਗੀ ਪ੍ਰਦਾਨ ਨਹੀਂ ਕਰਨੀ ਚਾਹੀਦੀ ਅਤੇ ਆਲਸੀ ਬਣ ਕੇ ਦੇਰ ਤੱਕ ਸੁੱਤੇ ਰਹਿਣਾ ਚਾਹੀਦਾ ਹੈ। ਪਰ ਜ਼ਾਬਤੇ (ਦਜਤਫਜਬ;ਜਅਕ) ਵਾਲੀ ਜ਼ਿੰਦਗੀ ਦੀ ਮਹੱਤਤਾ ਦਰਸਾਉਣ ਲਈ ਜਪੁ ਸਾਹਿਬ ਦੀ ਇਸ ਪੰਕਤੀ ਦੇ ਅਰਥ ਬਦੋ-ਬਦੀ ਤਬਦੀਲ ਕਰ ਦੇਣਾ ਵੀ ਕੋਈ ਸਿਆਣਪ ਵਾਲੀ ਕਾਰਵਾਈ ਨਹੀਂ। ਸਵੇਰੇ ਸਮੇਂ ਸਿਰ ਜਾਗਣ ਦੀ ਮਹੱਤਤਾ ਦਰਸਾਉਣ ਲਈ ਗੁਰਬਾਣੀ ਵਿੱਚੋਂ ਹੋਰ ਵੀ ਹਵਾਲੇ ਦਿੱਤੇ ਜਾ ਸਕਦੇ ਹਨ, ਜਿਵੇਂ:
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ
ਧਿਆਵੈ।।
(ਪੰਨਾ 305)
ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ।।
ਜੇ ਤੈ ਰਬੁ ਵਿਸਾਰਿਆ ਤ ਰਬਿ ਨ ਵਿਸਰਿਓਹਿ।।
(ਪੰਨਾ 1383)
ਇਹ ਵੀ ਧਿਆਨ ਦੇਣ ਯੋਗ ਤੱਥ ਹੈ ਕਿ ਜੇਕਰ ਜਪੁ ਸਾਹਿਬ ਦੀ ਚਰਚਾ ਅਧੀਨ ਤੁੱਕ ਵਿੱਚ ‘ਅੰਮ੍ਰਿਤੁ ਵੇਲਾ’ ਦਾ ਅਰਥ ‘ਸਵੇਰੇ ਦਾ ਸਮਾਂ’ ਹੁੰਦਾ ਤਾਂ ਵਿਆਕਰਣ ਮੁਤਾਬਿਕ ਇਸ ਤੁੱਕ ਵਿੱਚ ‘ਅੰਮ੍ਰਿਤ ਵੇਲਾ’ ਦੀ ਬਜਾਏ ‘ਅੰਮ੍ਰਿਤ ਵੇਲੇ’ ਵਾਕਾਂਸ਼ ਦੀ ਵਰਤੋਂ ਕੀਤੀ ਜਾਂਦੀ। ਗੱਲ ਸਿਰਫ਼ ਏਨੀ ਹੈ ਕਿ ਗੁਰਬਾਣੀ ਦੀ ਉਕਤ ਤੁੱਕ ਵਿੱਚ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਹੈ ਕਿ ਜਿਸ ਵੇਲੇ ਇਨਸਾਨ ਪ੍ਰਭੂ ਦੇ ਗੁਣਾਂ, ਉਸ ਦੀਆਂ ਵਡਿਆਈਆਂ ਬਾਰੇ ਵਿਚਾਰ ਕਰਦਾ ਹੈ, ਉਸਦੇ ਵਾਸਤੇ ਉਹ ਵੇਲਾ ਅੰਮ੍ਰਿਤ-ਰੂਪੀ ਹੁੰਦਾ ਹੈ (ਕਿਉਂਕਿ ਅਜਿਹੀਆਂ ਵਿਚਾਰਾਂ ਸਮੇਂ ਮਨੁੱਖ ਦੇ ਮਨ ਤੋਂ ਕੂੜ ਦਾ ਪਰਦਾ ਹਟ ਜਾਂਦਾ ਹੈ ਅਤੇ ਉਹ ਵਕਤੀ ਤੌਰ ’ਤੇ ਆਤਮਕ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ। ਪਰ ਮੰਦੇ ਵਿਚਾਰਾਂ ਵਿਚ ਗਲਤਾਨ ਹੋਣ ’ਤੇ ਮਨੁੱਖ ਫਿਰ ਤੋਂ ਪਾਪ-ਬਿਰਤੀ ਦਾ ਸ਼ਿਕਾਰ ਹੋ ਜਾਂਦਾ ਹੈ : ਭਰੀਐ ਮਤਿ ਪਾਪਾ ਕੈ ਸੰਗਿ।। ਉਹ ਧੋਪੈ ਨਾਵੈ ਕੈ ਰੰਗਿ।।)
- - - - -
ਗੁਰਬਾਣੀ ਦੀਆਂ ਉਕਤ ਤੁਕਾਂ ਤਾਂ ਮਿਸਾਲ ਮਾਤਰ ਹਨ, ਅਸਲ ਵਿੱਚ ਸਿੱਖ ਜਗਤ ਵਿੱਚ ਅਜਿਹੀਆਂ ਸੈਂਕੜੇ ਹੀ ਤੂਕਾਂ ਪ੍ਰਚਲਿਤ ਹਨ, ਜਿਹੜੀਆਂ ਆਪਣੇ ਜ਼ਾਹਿਰੀ ਜਾਂ ਲਫ਼ਜ਼ੀ ਅਰਥਾਂ ਦੇ ਅਧਾਰ ’ਤੇ ਗਲਤ ਭਾਵ-ਅਰਥਾਂ ਵਿੱਚ ਪ੍ਰਚਾਰੀਆਂ ਜਾ ਰਹੀਆਂ ਹਨ। ਸੱਚਾਈ ਤਾਂ ਇਹ ਹੈ ਕਿ ਢੋਲਕੀਆਂ-ਛੈਣੇ ਖੜਕਾ-ਖੜਕਾ ਕੇ ਉ¤ਚੀ ਹੇਕ ਵਿੱਚ ਗੁਰਬਾਣੀ ਦੀਆਂ ਜਿਹੜੀਆਂ ਪੰਕਤੀਆਂ ਨੂੰ ਬਾਰ-ਬਾਰ ਦੁਹਰਾਇਆ ਜਾਂਦਾ ਹੈ, ਉਹ ਪ੍ਰਕ੍ਰਿਆ ਨਿਰੀ-ਪੁਰੀ ਲਫ਼ਜ਼ੀ ਅਰਥਾਂ ਤੋਂ ਪ੍ਰਭਾਵਿਤ ਹੁੰਦੀ ਹੈ। ਇਸਲਈ ਜਿਹੜੇ ਰਾਗੀ ਜਾਂ ਜਿਹੜੀਆਂ ਸੰਸਥਾਵਾਂ/ਜਥੇਬੰਦੀਆਂ ਕੀਰਤਨ ਦੌਰਾਨ ਗੁਰਬਾਣੀ ਦੇ ਸ਼ਬਦ ਦੀ ਸਿਧਾਂਤਕ ਵਿਆਖਿਆ ਨਹੀਂ ਕਰਦੀਆਂ, ਉਹ ਜਾਣੇ-ਅਨਜਾਣੇ ਵਿੱਚ ਬਹੁਤੀ ਵਾਰੀ ਸੰਗਤਾਂ ਦੇ ਮਨਾਂ ਵਿੱਚ ਗੁਰਬਾਣੀ ਦੇ ਅਰਥਾਂ ਅਤੇ ਗੁਰਮਤਿ ਸਿਧਾਂਤਾਂ ਬਾਰੇ ਗਲਤ ਪ੍ਰਭਾਵ ਛੱਡ ਦਿੰਦੇ ਹਨ। ਇਹੀ ਕਾਰਨ ਹੈ ਕਿ ਅਜਿਹੇ ਕੀਰਤਨੀਏ ਕਿਸੇ ਦੇ ਘਰ ਵਿੱਚ ਪੁੱਤਰ ਦੇ ਜਨਮਦਿਨ ਜਾਂ ਦਸਤਾਰਬੰਦੀ ਸਮਾਗਮ ਦੌਰਾਨ ਕਰਵਾਏ ਜਾਂਦੇ ਕੀਰਤਨ ਸਮੇਂ ‘‘ਪੂਤਾ ਮਾਤਾ ਕੀ ਆਸੀਸ ॥ ਨਿਮਖ ਨ ਬਿਸਰਉ ਤੁਮ ਕਉ ਹਰਿ ਹਰਿ ਸਦਾ ਭਜਹੁ ਜਗਦੀਸ ॥ (ਪੰਨਾ 496)’’ ਜਾਂ ਅਨੰਦ ਕਾਰਜ ਸਮੇਂ ‘‘ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੈ ਲਾਗੀ ॥ (ਪੰਨਾ 963),’’ ਅਤੇ ‘‘ਵੀਆਹੁ ਹੋਆ ਮੇਰੇ ਬਾਬੁਲਾ ਗੁਰਮੁਖੇ ਹਰਿ ਪਾਇਆ ॥ (ਪੰਨਾ 78)’’ ਆਦਿਕ ਤੁਕਾਂ ਵਾਲੇ ਸ਼ਬਦ ਪੜ੍ਹ ਕੇ ਆਪਣਾ ਬੁੱਤਾ ਤਾਂ ਸਾਰ ਲੈਂਦੇ ਹਨ ਪਰ ਸੰਗਤਾਂ ਨੂੰ ਇਹ ਨਹੀਂ ਸਮਝਾਉਂਦੇ ਕਿ ਅਜਿਹੀਆਂ ਤੁਕਾਂ ਵਿੱਚ ਸਿਰਫ਼ ਇਨਸਾਨ ਤੇ ਪਰਮਾਤਮਾ ਵਿਚਕਾਰ ਇਕਮਿਕਤਾ ਦੀ ਅਵਸਥਾ ਦਾ ਜ਼ਿਕਰ ਕੀਤਾ ਜਾਂਦਾ ਹੈ, ਦੁਨੀਆ ਰਸਮੋ-ਰਿਵਾਜਾਂ ਦਾ ਨਹੀਂ। (ਨਾ ਤਾਂ ਨਿਰੀ ਮਾਤਾ ਦੀ ਅਸੀਸ ਨਾਲ ਹੀ ਪੁੱਤਰ ਹਮੇਸ਼ਾ ਪ੍ਰਭੂ ਦੇ ਗੁਣਾਂ ਗਾਉਂਦਾ ਹੈ ਅਤੇ ਨਾ ਹੀ ਵਿਆਹ ਤੋਂ ਪਹਿਲਾਂ ਲੜਕੀ ਦੀ ਆਤਮਕ ਅਵਸਥਾ ਏਨੀ ਉ¤ਚੀ ਹੋ ਗਈ ਹੁੰਦੀ ਹੈ ਕਿ ਉਸਨੂੰ ਸਾਰੀਆਂ ਦੁਨੀਆਵੀ ਰਿਸ਼ਤੇਦਾਰੀਆਂ ਝੂਠੀਆਂ ਨਜ਼ਰ ਆਉਣ ਲੱਗ ਪੈਣ।)
ਇਸਲਈ ਸਾਰੇ ਰਾਗੀਆਂ/ਪ੍ਰਚਾਰਕਾਂ ਨੂੰ ਚਾਹੀਦਾ ਹੈ ਕਿ ਉਹ ਸਿੱਖ ਸਮਾਜ ਵਿੱਚ ਅਜਿਹੀ ਜਾਗ੍ਰਿਤੀ ਲਿਆਉਣ ਕਿ ਲੋਕ ਲਕੀਰ ਦੇ ਫਕੀਰ ਵਾਂਗ ਗੁਰਬਾਣੀ ਦੇ ਸਿਰਫ਼ ਲਫ਼ਜ਼ੀ ਅਰਥਾਂ ਤੱਕ ਹੀ ਸੀਮਤ ਨਾ ਰਹਿਣ ਬਲਕਿ ਉਨ੍ਹਾਂ ਪਵਿੱਤਰ ਉਪਦੇਸ਼ਾਂ ਵਿੱਚ ਸਮਾਏ ਹੋਏ ਗੁਰਮਤਿ ਅਸੂਲਾਂ ਨੂੰ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਅਪਣਾਉਣ। ਤਾਂ ਹੀ ਸਿੱਖ ਸਮਾਜ ਦਾ ਖਹਿੜਾ ਬ੍ਰਾਹਮਣਵਾਦ ਅਤੇ ਬਿਪਰਨ ਕੀਆਂ ਰੀਤਾਂ ਤੋਂ ਛੁਟ ਸਕੇਗਾ।