Subscription About Us Contact Us


ਬ੍ਰਾਹਮਣਵਾਦ ਵਿਰੁਧ ਲੜਨ ਦਾ ਝੰਡਾਬਰਦਾਰ ਹੋਣ ਦਾ ਦਾਅਵਾ ਕਰਨ ਵਾਲਾ ਕਥਿਤ ‘ਵਿਦਵਾਨ’ ਖ਼ੁਦ ਬ੍ਰਾਹਮਣਵਾਦ ਦਾ ਹੋਇਆ ਸ਼ਿਕਾਰ !

ਕਹਿੰਦਾ, ਮੇਰੇ ਸਟੇਟਸ ਦਾ ਕੋਈ ਬੰਦਾ ਆਇਆ ਤਾਂ ਜਵਾਬ ਦੇਵਾਂਗਾ,
ਚੂਹੇ, ਬਿੱਲੀਆਂ ਤੇ ਕਾਵਾਂ, ਚਿੜੀਆਂ ਦੀ ਕਾਂ-ਕਾਂ, ਚੀਂ-ਚੀਂ ਦਾ ਜਵਾਬ ਨਹੀਂ ਦਿੰਦਾ!!

- ਕ੍ਰਿਪਾਲ ਸਿੰਘ, ਬਠਿੰਡਾ -
ਸਾਬਕਾ ਪੱਤਰਕਾਰ, ਰੋਜ਼ਾਨਾ ਸਪੋਕਸਮੈਨ
ਮੋਬਾਇਲ : 9855480797

ਭਾਰਤ ਵਿੱਚ ਬ੍ਰਾਹਮਣਵਾਦ ਇੱਕ ਐਸੀ ਅਮਰਵੇਲ ਹੈ, ਜਿਹੜੀ ਜਿਸ ਵੀ ਧਰਮ ਜਾਂ ਫਲਸਫੇ ’ਤੇ ਪੈ ਜਾਵੇ, ਉਸ ਨੂੰ ਜੜੋਂ ਸੁਕਾ ਦਿੰਦੀ ਹੈ। ਹਰ ਸਿੱਖ ਭਲੀਭਾਂਤ ਜਾਣਦਾ ਹੈ ਕਿ ਇਸ ਸਮੇਂ ਬ੍ਰਾਹਮਣਵਾਦ ਨੇ ਸਿੱਖ ਧਰਮ ’ਤੇ ਪੂਰੀ ਤਰ੍ਹਾਂ ਹੱਲਾ ਬੋਲਿਆ ਹੈ, ਇਸੇ ਕਾਰਨ ਅੱਜ ਜੋ ਵੀ ਸਿੱਖ ਲੇਖਕ ਕੁਝ ਲਿਖਦਾ ਹੈ, ਜਾਂ ਪ੍ਰਚਾਰਕ ਬੋਲਦਾ ਹੈ, ਉਸ ਵਿੱਚ ਬ੍ਰਾਹਮਣਵਾਦ ਤੇ ਆਰ.ਐਸ.ਐਸ. ਤੋਂ ਸੁਚੇਤ ਕਰਨ ਵਾਲੇ ਸ਼ਬਦ ਹਰ ਹਾਲਤ ਵਰਤੇ ਜਾਂਦੇ ਹਨ। ਇਨ੍ਹਾਂ ਸ਼ਬਦਾਂ ਦੀ ਵਰਤੋਂ ਇਤਨੀ ਵਧ ਚੁੱਕੀ ਹੈ ਕਿ ਹਰ ਮਨੁੱਖ ਆਪਣੇ ਵਿਰੋਧੀ ਨੂੰ ਬ੍ਰਾਹਮਣਵਾਦੀ ਆਰ.ਐਸ.ਐਸ. ਦਾ ਏਜੰਟ ਦੱਸ ਰਿਹਾ ਹੈ। ਇਸ ਲਈ ਇਤਨਾ ਰੋਲ ਘਚੋਲਾ ਪੈ ਚੁੱਕਾ ਹੈ ਕਿ ਸਮਝ ਹੀ ਨਹੀਂ ਆਉਂਦੀ ਕਿ ਕੌਣ ਅਸਲੀ ਸਿੱਖ ਹੈ ਅਤੇ ਕੌਣ ਆਰ.ਐਸ.ਐਸ. ਦਾ ਏਜੰਟ ਜਾਂ ਬ੍ਰਾਹਮਣਵਾਦੀ ਹੈ। ਇਨ੍ਹਾਂ ਸ਼ਬਦਾਂ ਦੀ ਸਭ ਤੋਂ ਵੱਧ ਵਰਤੋਂ ਸਪੋਕਸਮੈਨ ਦੇ ਸ: ਜੋਗਿੰਦਰ ਸਿੰਘ ਜੀ ਕਰ ਰਹੇ ਹਨ। ਜਿਤਨਾ ਚਿਰ ਬ੍ਰਾਹਮਣਵਾਦ ਦੀ ਪ੍ਰੀਭਾਸਾ ਸਮਝ ਨਹੀਂ ਆਉਂਦੀ, ਉਤਨੀ ਦੇਰ ਸਿੱਖੀ ਅਤੇ ਬ੍ਰਾਹਮਣਵਾਦ ਦਾ ਨਿਖੇੜਾ ਕਰਨਾ ਮੁਸ਼ਕਲ ਹੈ।

ਅਸਲ ਵਿੱਚ ਜਦੋਂ ਕੋਈ ਵਿਅਕਤੀ ‘‘ਆਪਸ ਕਉ ਦੀਰਘੁ ਕਰਿ ਜਾਨੈ, ਆਉਰਨ ਕਉ ਲਗ ਮਾਤ॥’’ (ਕਬੀਰ ਜੀ, ਪੰਨਾਂ 1105) ਅਨੁਸਾਰ ਆਪਣੇ ਆਪ ਨੂੰ ਹੀ ਸਭ ਤੋਂ ਉਤਮ, ਸਿਆਣਾ ਅਤੇ ਸਭ ਤੋਂ ਵੱਡਾ ਸਮਝਣ ਲੱਗ ਪਏ ਅਤੇ ਦੂਸਰਿਆਂ ਨੂੰ ਲਗਾਂ-ਮਾਤਰਾਂ ਹੀ ਸਮਝੇ ਤਾਂ ਸਮਝੋ ਉਹ ਮਨੁੱਖ ਬ੍ਰਾਹਮਣਵਾਦ ਦਾ ਸ਼ਿਕਾਰ ਹੈ। ਇਸ ਦੇ ਉਲਟ ਗੁਰਮਤਿ ਸਿਧਾਂਤ ਹੈ : ‘‘ਆਪਸ ਕਉ ਜੋ ਭਲਾ ਕਹਾਵੈ॥ ਤਿਸਹਿ ਭਲਾਈ ਨਿਕਟਿ ਨਾ ਆਵੈ॥’’ (ਗਉੜੀ ਸੁਖਮਨੀ ਮ: 5, ਪੰਨਾਂ 278) ਅਤੇ ‘‘ਆਪਸ ਕਉ ਜੋ ਜਾਨੈ ਨੀਚਾ॥ ਸੋਉੂ ਗਨੀਐ ਸਭ ਤੇ ਊਚਾ॥’’ (ਪੰਨਾਂ 266)। ਬ੍ਰਾਹਮਣ ਨੇ ਆਪਣੇ ਹੀ ਨਿਯਮ ਘੜ ਕੇ ਕਿਹਾ ਕਿ ਬ੍ਰਾਹਮਣ ਭਾਵੇਂ ਕਿਤਨਾ ਵੀ ਮਾੜੇ ਤੋਂ ਮਾੜਾ ਕੰਮ ਕਰੇ, ਉਸ ਦੀ ਉਸ ਨੂੰ ਨਾ ਤਾਂ ਸਜ਼ਾ ਦਿੱਤੀ ਜਾ ਸਕਦੀ ਹੈ ਅਤੇ ਨਾ ਉਹ ਕਿਸੇ ਅੱਗੇ ਜਵਾਬਦੇਹ ਹਨ। ਸਾਡੇ ਮੁੱਖ ਪੁਜਾਰੀ (ਜਥੇਦਾਰ, ਸਿੰਘ ਸਾਹਿਬ) ਵੀ ਇਸੇ ਬਿਮਾਰੀ ਦਾ ਸਿਕਾਰ ਹੋ ਗਏ ਸਨ ਜਦੋਂ ਉਨ੍ਹਾਂ ਐਲਾਨ ਕਰ ਦਿੱਤਾ ਕਿ ਉਹ ਸਰਵ-ਉ¤ਚ ਹਨ, ਕਿਸੇ ਅੱਗੇ ਜਵਾਬਦੇਹ ਨਹੀਂ ਹਨ ਅਤੇ ਅਹੁੱਦਾ ਛੱਡਣ ਪਿੱਛੋਂ ਵੀ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ। ਸਪੋਕਸਮੈਨ ਨੇ ਇਨ੍ਹਾਂ ਦੇ ਇਸ ਐਲਾਨ ਦਾ ਡਟ ਕੇ ਵਿਰੋਧ ਕੀਤਾ ਅਤੇ ਦਲੀਲ ਦਿੱਤੀ ਕਿ ਦਾਦੂ ਦੀ ਕਬਰ ’ਤੇ ਤੀਰ ਨਾਲ ਨਮਸਕਾਰ ਕਰਨ ਦਾ ਕੌਤਕ ਵਰਤਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਨੂੰ ਸੇਧ ਬਖ਼ਸੀ ਕਿ ਸਿਧਾਂਤ ਦੇ ਵਿਰੁੱਧ ਕੋਈ ਕੰਮ ਕਰਨ ’ਤੇ ਵੱਡੇ ਤੋਂ ਵੱਡੇ ਸਿੱਖ, ਇੱਥੋਂ ਤੱਕ ਕਿ ਗੁਰੂ ਤੋਂ ਵੀ ਜਵਾਬ ਤਲਬੀ ਕਰਨ ਦਾ ਅਧਿਕਾਰ ਖ਼ਾਲਸੇ ਕੋਲ ਹੈ।

ਹੁਣ ਵਾਰੀ ਆਈ ਇਹੀ ਦਲੀਲ ਦੇਣ ਵਾਲੇ ਸ: ਜੋਗਿੰਦਰ ਸਿੰਘ ਸਪੋਕਸਮੈਨ ਦੀ। ਅਗੱਸਤ ਮਹੀਨੇ ਦੇ ਇੰਡੀਆ ਅਵੇਅਰਨੈਸ ਅੰਕ ਵਿੱਚ ਮੁਹਾਲੀ ਦੀ ਇੱਕ ਬੀਬੀ ਸੁਰਿੰਦਰ ਕੌਰ ਨਿਹਾਲ ਦੇ ਛਪੇ ਇੱਕ ਪੱਤਰ ਵਿੱਚ ਦਾਅਵਾ ਕੀਤਾ ਗਿਆ ਕਿ ਡਾ. ਹਰਜਿੰਦਰ ਸਿੰਘ ਦਿਲਗੀਰ ਦੀ ਮਾਤਾ ਦੇ ਭੋਗ ਸਮਾਗਮ ’ਚ ਸ: ਜੋਗਿੰਦਰ ਸਿੰਘ ਨੇ ਬੜੀ ਬੇਬਾਕੀ ਨਾਲ ਕਿਹਾ ਕਿ ਬਾਬੇ ਨਾਨਕ ਨੇ ਕਿਸੇ ਨੂੰ ਆਪਣੇ ਹੱਥੀਂ ਗੱਦੀ ਦਿੱਤੀ ਹੀ ਨਹੀਂ ਕਿਉਂਕਿ ਉਹ ਦੇਹਧਾਰੀ ਗੁਰੂ ਪੰ੍ਰਪਰਾ ਚਲਾਉਣੀ ਹੀ ਨਹੀਂ ਸੀ ਚਾਹੁੰਦੇ। ਬੀਬੀ ਨਿਹਾਲ ਇੱਕ ਹੋਰ ਗੁਰਸਿੱਖ ਨੂੰ ਨਾਲ ਲੈ ਕੇ ਸ: ਜੋਗਿੰਦਰ ਸਿੰਘ ਦੇ ਘਰ ਪਹੁੰਚੀ ਅਤੇ ਪੁੱਛਿਆ ਕਿ ਜੇ ਗੁਰੂ ਨਾਨਕ ਨੇ ਆਪਣੇ ਹੱਥੀਂ ਕਿਸੇ ਨੂੰ ਗੁਰਗੱਦੀ ਨਹੀਂ ਦਿੱਤੀ ਤਾਂ ਕੀ ਗੁਰੂ ਅੰਗਦ ਦੇਵ ਜੀ ਨੇ ਕਿਸੇ ਸਾਜਿਸ਼ ਅਧੀਨ ਗੱਦੀ ਹਥਿਆਈ? ਇਸ ਸਵਾਲ ਦਾ ਸਪਸ਼ਟ ਤੇ ਦੋਂਟੂਕ ਜਵਾਬ ਦੇਣ ਦੀ ਥਾਂ ਉਨ੍ਹਾਂ ਉਲਟਾ ਸਵਾਲ ਕਰ ਦਿੱਤਾ ਕਿ ਤੁਹਾਡੇ ਕੋਲ ਕੀ ਸਬੂਤ ਹੈ ਕਿ ਬਾਬੇ ਨਾਨਕ ਨੇ ਆਪ ਗੱਦੀ ਕਿਸੇ ਨੂੰ ਦਿੱਤੀ।

ਪਤਾ ਲੱਗਾ ਹੈ ਕਿ ਇਸ ਉਪਰੰਤ ਇੱਕ ਗੁਰਦੁਆਰੇ ’ਚ ਮੀਟਿੰਗ ਕਰਕੇ ਮਤਾ ਪਾਸ ਕਰਕੇ ਸ: ਜੋਗਿੰਦਰ ਸਿੰਘ ਨੂੰ ਪੁੱਛਿਆ ਗਿਆ ਕਿ ਉਹ ਇਸ ਸਬੰਧੀ ਆਪਣਾ ਸਪੱਸ਼ਟੀਕਰਨ ਦੇਣ। ਇਹ ਦੱਸਣਯੋਗ ਹੈ ਕਿ ਮਤੇ ’ਤੇ ਦਸਤਖਤ ਕਰਨ ਵਾਲੇ ਸਾਰੇ 10 ਵਿਅਕਤੀ ਸਪੋਕਸਮੈਨ ਦੇ ਹੁਣ ਵੀ ਕੱਟੜ ਸਮਰਥਕ ਹਨ ਜਾਂ ਪਿੱਛਲੇ ਸਮੇਂ ’ਚ ਕੱਟੜ ਸਮਰਥਕ ਰਹੇ ਹਨ। ਸ: ਜੋਗਿੰਦਰ ਸਿੰਘ ਨੇ ਜਦ 2 ਮਹੀਨੇ ਤੱਕ ਕੋਈ ਜਵਾਬ ਨਾ ਦਿੱਤਾ ਤਾਂ ਬੀਬੀ ਨਿਹਾਲ ਨੇ ਉਹ ਪੱਤਰ ਇੰਡੀਆ ਅਵੇਅਰਨੈਸ ਨੂੰ ਭੇਜ ਦਿੱਤਾ, ਜਿਹੜਾ ਕਿ ਅਗੱਸਤ 2009 ਅੰਕ ’ਚ ਛਪ ਗਿਆ। ਇਹ ਲੇਖ ਪੜ੍ਹ ਕੇ ਭੁੱਚੋ ਮੰਡੀ ਦੇ ਵਸਨੀਕ ਸੁਖਜੀਤਪਾਲ ਸਿੰਘ ਨੇ 30 ਅਗੱਸਤ ਨੂੰ ਏਕਸ ਕੇ ਬਾਰਕ ਜਥੇਬੰਦੀ ਬਠਿੰਡਾ ਇਕਾਈ ਦੀ ਹੋ ਰਹੀ ਮੀਟਿੰਗ ’ਚ ਇਸ ਦਾ ਸਪਸ਼ਟੀਕਰਨ ਮੰਗਣ ਦੇ ਨਾਲ ਇਹ ਵੀ ਪੁੱਛਿਆ ਕਿ ਕੀ ਜਥੇਬੰਦੀ ਦਾ ਨਾਮ ਗੁਰਬਾਣੀ ਦੀ ਤੁਕ ਬਦਲ ਕੇ ਰੱਖਿਆ ਜਾਣਾ ਜਾਇਜ਼ ਹੈ? ਕੋਈ ਤਸੱਲੀਬਖਸ਼ ਜਵਾਬ ਨਾ ਮਿਲਣ ’ਤੇ ਉਨ੍ਹਾਂ ਐਲਾਨੀਆ ਕਿਹਾ ਕਿ ਉਹ 6 ਸਤੰਬਰ ਨੂੰ ਮੋਹਾਲੀ ਵਿਖੇ ਹੋ ਰਹੀ ਮੀਟਿੰਗ ’ਚ ਇਸ ਦਾ ਜਵਾਬ ਲੈਣ ਜਾਣਗੇ।

ਮਸਲੇ ਦੀ ਗੰਭੀਰਤਾ ਨੂੰ ਵੇਖਦਿਆਂ ਇਸ ਲੇਖਕ ਨੇ ਸਪੋਕਸਮੈਨ ਦੇ ਸੰਪਾਦਕ ਨੂੰ ਇੱਕ ਲੰਬਾ ਲੇਖ ਲਿੱਖ ਕੇ ਭੇਜਿਆ, ਜਿਸ ਵਿੱਚ ਦੱਸਿਆ ਗਿਆ ਕਿ ਗੁਰੂ ਗੰ੍ਰਥ ਸਾਹਿਬ ਜੀ ਵਿੱਚ ਦਰਜ਼ ਸੱਤੇ ਬਲਵੰਡ ਦੀ ਵਾਰ (ਪੰਨਾਂ 966), ਭੱਟਾਂ ਦੇ ਸਵੱਈਏ ਤੋਂ ਇਲਾਵਾ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ 45ਵੀਂ ਪਉੜੀ ਵਿੱਚ ਸਾਫ਼ ਲਿਖਿਆ ਹੈ ਕਿ ਗੁਰੂ ਨਾਨਕ ਵਲੋਂ ਆਪਣੇ ਹਥੀਂ ਗੁਰਿਆਈ ਦਿੱਤੀ। ਇਸ ਲੇਖ ਵਿੱਚ ਸਪੋਕਸਮੈਨ ਦੇ ਸਮਰਥਕਾਂ ਅਤੇ ਏਕਸ ਕੇ ਬਾਰਕ ਜਥੇਬੰਦੀ ਦੇ ਮੈਂਬਰਾਂ ਨੂੰ ਵੀ ਤਾਕੀਦ ਕੀਤੀ ਗਈ ਸੀ ਕਿ ਇਹ ਮਸਲਾ ਪਿੱਛਲੇ 9 ਗੁਰੂ ਸਾਹਿਬਾਨ ਦੀ ਹੋਂਦ, ਗੁਰੂ ਗੰ੍ਰਥ ਸਾਹਿਬ ਜੀ ਦੀ ਸੰਪਾਦਨਾ, ਖ਼ਾਲਸਾ ਪੰਥ ਦੀ ਸਾਜਨਾ ਸਮੇਤ ਸਮੁੱਚੇ ਸਿੱਖ ਇਤਿਹਾਸ ਨੂੰ ਹੀ ਮਿਥਿਹਾਸ ਬਣਾਉਣ ਵਾਲਾ ਹੋਣ ਕਰਕੇ ਬਹੁਤ ਗੰਭੀਰ ਹੈ, ਇਸ ਲਈ ਇਸ ਸਬੰਧੀ ਸ: ਜੋਗਿੰਦਰ ਸਿੰਘ ਤੋਂ ਇਸ ਦਾ ਸਪੱਸ਼ਟੀਕਰਨ ਲੈ ਕੇ ਕੌਮ ਵਿੱਚ ਉਤਪਨ ਹੋਣ ਵਾਲੀ ਦੁਬਿਧਾ ਦਾ ਹੱਲ ਕੱਢਿਆ ਜਾਵੇ।

ਇਹ ਲੇਖ ਜਾਗੋ ਖ਼ਾਲਸਾ ਅਤੇ ਪੀ.ਟੀ.ਐਨ. ਦੀ ਵੈਬਸਾਈਟ ’ਤੇ ਪੈ ਜਾਣ ਕਾਰਨ, ਸ: ਜੋਗਿੰਦਰ ਸਿੰਘ ਨੂੰ ਭਾਸਿਆ ਕਿ ਹੋ ਸਕਦਾ ਹੈ ਬਹੁਤ ਸਾਰੇ ਗੁਰਸਿੱਖ ਇਸ ਮੀਟਿੰਗ ਵਿੱਚ ਆ ਕੇ ਉਨ੍ਹਾਂ ’ਤੇ ਸਪੱਸ਼ਟੀਕਰਨ ਦੇਣ ਲਈ ਜ਼ੋਰ ਪਾਉਣ। ਸਪੱਸ਼ਟੀਕਰਨ ਦੇਣ ਤੋਂ ਬਚਣ ਲਈ ਸ: ਜੋਗਿੰਦਰ ਸਿੰਘ ਨੇ ਅਖ਼ਬਾਰ ’ਚ ਇਸਤਿਹਾਰ ਦੇ ਕੇ ਬਾਹਰਲੇ ਕਿਸੇ ਵਿਅਕਤੀ ’ਤੇ ਮੀਟਿੰਗ ਵਿੱਚ ਭਾਗ ਲੈਣ ’ਤੇ ਹੀ ਪਾਬੰਦੀ ਲਾਉਂਦਿਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਕਿ ਏਕਸ ਕੇ ਬਾਰਕ ਜਥੇਬੰਦੀ ਦੇ ਮੈਂਬਰਾਂ ਲਈ ਵੀ ਦਫ਼ਤਰ ’ਚੋਂ ਆਪਣੇ ਨੰਬਰ ਵਾਲਾ ਬਿੱਲਾ ਲੈ ਕੇ ਜ਼ੇਬ ’ਤੇ ਲਟਕਾਉਣਾ ਜਰੂਰੀ ਹੈ, ਬਿਨਾਂ ਬਿੱਲਾ ਲੱਗਿਆ ਕੋਈ ਵਿਅਕਤੀ ਮੀਟਿੰਗ ’ਚ ਬੈਠ ਨਹੀਂ ਸਕਦਾ। ਇਸ ਤੋਂ ਪਤਾ ਲੱਗਦਾ ਹੈ ਕਿ ਮਿੱਠਾ ਖਾਣ ਦੇ ਸ਼ੌਕੀਨ ਸ: ਜੋਗਿੰਦਰ ਸਿੰਘ ਨੂੰ ਨਮਕੀਨ ਵੇਖ ਕੇ ਬਲੱਡ ਪ੍ਰੈਸ਼ਰ ਹੋਣ ਦਾ ਖ਼ਤਰਾ ਬਣ ਜਾਂਦਾ ਹੈ।

ਏਕਸ ਕੇ ਬਾਰਕ ਜਥੇਬੰਦੀ ਦੇ ਮੈਂਬਰਾਂ ਦੀ ਹਾਲਤ ਐਸੀ ਬਣੀ ਪਈ ਹੈ ਕਿ ਉਹ ਨਵੇਂ ਬਣੇ ਬ੍ਰਾਹਮਣ ਤੋਂ ਜਵਾਬ ਪੁੱਛਣ ਤੋਂ ਵੀ ਅਸਮਰਥ ਰਹੇ। ਸ: ਜੋਗਿੰਦਰ ਸਿੰਘ ਨੇ ਵੀ ਬੜੇ ਧੜੱਲੇ ਨਾਲ ਕਿਹਾ ਕਿ ‘‘ਮੈਂ ਚੂਹੇ, ਬਿੱਲੀਆਂ ਦੇ ਜਵਾਬ ਨਹੀਂ ਦੇ ਸਕਦਾ, ਨਾ ਕਾਵਾਂ, ਚਿੜੀਆਂ ਦੀ ਕਾਂ-ਕਾਂ ਤੇ ਚੀਂ-ਚੀਂ ਦਾ ਜਵਾਬ ਹੀ ਦਿੰਦਾ ਹਾਂ। ਵੇਦਾਂਤੀ ਤੇ ਮੱਕੜ ਆਪ ਪੁੱਛਣ ਜਾਂ ਆਪਣੇ ਵਿਦਵਾਨਾਂ ਰਾਹੀਂ ਸਵਾਲ ਕਰਨ, ਮੈਂ ਤੁਰੰਤ ਜਵਾਬ ਦੇਵਾਂਗਾ। ਭਾੜੇ ਦੇ ਟੱਟੂਆਂ ਦੇ ਹੱਥਾਂ ਵਿੱਚ ਕਲਮਾਂ ਫੜਾ ਕੇ ਗਾਲੀ ਗਲੋਚ ਕਰਨਾ ਤੇ ਲੜਾਈ ਲੜਨਾ ਸਿਆਣੇ ਲੋਕਾਂ ਨੂੰ ਸ਼ੋਭਾ ਨਹੀਂ ਦਿੰਦਾ। ਸ਼ੇਰਾਂ ਕੋਲੋਂ ਜਵਾਬ ਲੈਣਾ ਹੈ ਤਾਂ ਸ਼ੇਰ (ਵਿਦਵਾਨਾਂ) ਕੋਲੋਂ ਸਵਾਲ ਕਰਵਾਉ’’ (ਪੜ੍ਹੋ 8 ਸਤੰਬਰ ਦੇ ਸਪੋਕਸਮੈਨ ਦੇ ਪੰਨਾਂ ਨੰ: 7 ’ਤੇ ਛਪੀ ਖ਼ਬਰ)। ਹੁਣ ਦੱਸੋ ਜੇ
ਵੇਦਾਂਤੀ (ਜਾਂ ਮੌਜੂਦਾ ਸਮੇਂ ਵਿੱਚ ਗੁਰਬਚਨ ਸਿੰਘ) ਆਪਣੇ ਆਪ ਨੂੰ ਸਰਵਉ¤ਚ ਤੇ ਕਿਸੇ ਅੱਗੇ ਜਵਾਬ-ਦੇਹ ਨਾ ਹੋਣ ਦਾ ਦਾਅਵਾ ਕਰਦਾ ਹੈ ਤਾਂ ਸ: ਜੋਗਿੰਦਰ ਸਿੰਘ ਕਿਹੜਾ ਘੱਟ ਹੈ, ਇਹ ਤਾਂ ਉਸ ਤੋਂ ਵੀ ਵੱਡਾ ਸਰਵ-ਸ਼੍ਰੇਸ਼ਟ ਬ੍ਰਾਹਮਣ ਬਣ ਬੈਠਾ ਹੈ। ਅਜਿਹੇ ਸ਼ਬਦ ਤਾਂ ਕਦੀ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸ: ਅਵਤਾਰ ਸਿੰਘ ਮੱਕੜ ਅਤੇ ਸ: ਪ੍ਰਕਾਸ਼ ਸਿੰਘ ਬਾਦਲ, ਜਿਨ੍ਹਾਂ ਦੀ ਸਪੋਕਸਮੈਨ ਸਭ ਤੋਂ ਵੱਧ ਅਲੋਚਨਾ ਕਰਦਾ ਹੈ, ਨੇ ਵੀ ਕਦੀ ਪਬਲਿਕ ਤੌਰ ’ਤੇ ਨਹੀਂ ਕਹੇ। ਉਂਝ ਇਹ ਵੱਖਰੀ ਗੱਲ ਹੈ ਕਿ ਭਾਵੇਂ ਉਹ ਕਿਸੇ ਗੱਲ ਦਾ ਠੀਕ ਜਵਾਬ ਦੇਣ ਜਾਂ ਨਾ।

ਸ: ਜੋਗਿੰਦਰ ਸਿੰਘ ਜੀ ਸਪੱਸ਼ਟ ਕਰਨ ਕਿ ਉਹ ਬੀਬੀ ਸੁਰਿੰਦਰ ਕੌਰ ਨਿਹਾਲ, ਸੁਖਜੀਤਪਾਲ ਸਿੰਘ ਭੁੱਚੋ ਮੰਡੀ, ਕਿਰਪਾਲ ਸਿੰਘ ਬਠਿੰਡਾ ਵਿੱਚੋਂ ਕਿਸੇ ਨੂੰ ਭਾੜੇ ਦੇ ਟੱਟੂ, ਚੂਹੇ, ਬਿੱਲੀ ਜਾਂ ਕਾਂ, ਚਿੜੀ ਸਮਝਦਾ ਹੈ। ਪਤਾ ਲੱਗਾ ਹੈ ਕਿ ਬੀਬੀ ਨਿਹਾਲ ਵੀ ਸਪੋਕਸਮੈਨ ਦੀ ਕੱਟੜ ਸਮਰਥਕ ਰਹੀ ਹੈ, ਜਿਸ ਨੇ ਇੱਕ ਵਾਰ ਸ: ਜੋਗਿੰਦਰ ਸਿੰਘ ਦੇ ਘਰ ਆ ਕੇ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ, ਸੁਖਜੀਤਪਾਲ ਸਿੰਘ ਕੱਟੜ ਸਮਰਥਕ ਰਿਹਾ ਹੈ, ਜਿਹੜਾ ਸਪੋਕਸਮੈਨ ਦੇ ਹਰ ਸਮਾਗਮ ’ਚ ਸ਼ਾਮਲ ਹੁੰਦਾ ਰਹਿੰਦਾ ਸੀ, ਇੱਕ ਵਾਰ ਮਾਇਕ ਸਹਾਇਤਾ ਵੀ ਦਿੱਤੀ ਸੀ।

ਮੇਰੇ ਬਾਰੇ ਸਪੋਕਸਮੈਨ ਦੇ ਸਭ ਪਾਠਕਾਂ ਨੂੰ ਪਤਾ ਹੈ ਕਿ ਮੈਂ ਸਪੋਕਸਮੈਨ ਦਾ ਕਿਸ ਹੱਦ ਤੱਕ ਸ਼ੈਦਾਈ ਰਿਹਾ ਹਾਂ, ਅਖ਼ਬਾਰ ਸ਼ੁਰੂ ਹੋਣ ਤੋਂ ਪਹਿਲਾਂ ਹਰ ਮਹੀਨੇ 50-60 ਮਾਸਕ ਸਪੋਕਸਮੈਨ ਦੀ ਮੈਂਬਰਸ਼ਿਪ ਬੁੱਕ ਕਰਨੀ, 2003 ਦੀ ਵਰਲਡ ਸਿੱਖ ਕਨਵੈਨਸ਼ਨ ਸਮੇਂ ਜਦੋਂ ਬਾਦਲਕਿਆਂ ਅਤੇ ਅਖੌਤੀ ਫੈਡਰੇਸ਼ਨਾਂ ਵਾਲੋਂ ਧਮਕੀ ਦਿੱਤੀ ਹੋਈ ਸੀ ਕਿ ਕਨਵੈਨਸ਼ਨ ਵਿੱਚ ਜਾਣ ਵਾਲੇ ਹਰ ਸਿੱਖ ਨੂੰ ਘੇਰ ਕੇ ਉਸ ਦੀ ਭੁਗਤ ਸੰਵਾਰਨਗੇ, ਉਸ ਸਮੇਂ ਬਠਿੰਡਾ ’ਚੋਂ ਦੀਵਾਲੀ ਵਾਲੀ ਰਾਤ ਦੋ ਬੱਸਾਂ ਭਰ ਕੇ ਕਨਵੈਨਸ਼ਨ ’ਚ ਸਾਮਲ ਹੋਏ ਸੀ, ਜਿਨ੍ਹਾਂ ਹਰ ਇੱਕ ਦੇ ਹੱਥ ਵਿੱਚ ਵੰਗਾਰਨ ਵਾਲਿਆਂ ਨਾਲ ਨਜਿੱਠਣ ਲਈ ਡਾਂਗਾਂ ਤੇ ਕਿਰਪਾਨਾਂ ਸਨ। ਪੈਸੇ ਇਕੱਠੇ ਕਰਨ ਵਾਲੀ ਹਰ ਸਕੀਮ ਦਾ ਮੈਂਬਰ ਬਣਦਾ ਅਤੇ ਹੋਰਨਾਂ ਨੂੰ ਪ੍ਰੇਰ ਕੇ ਬਣਾਉਂਦਾ ਰਿਹਾ, ਮੇਰੇ ਹੁਣ ਵੀ 6 ਲੱਖ ਰੁਪਏ ਸਪੋਕਸਮੈਨ ਵਿੱਚ ਜਮ੍ਹਾਂ ਹਨ ਅਤੇ ਏਕਸ ਕੇ ਬਾਰਕ ਜਥੇਬੰਦੀ ਦਾ ਲਾਈਫ਼ ਮੈਂਬਰ ਹਾਂ ਕਿਉਂਕਿ ਉਨ੍ਹਾਂ ਹਾਲੀ ਤੱਕ ਮੇਰੀ ਮੈਂਬਰਸ਼ਿਪ ਦੇ 10 ਹਜ਼ਾਰ ਰੁਪਏ ਵਾਪਸ ਨਹੀਂ ਕੀਤੇ। ਸਪੋਕਸਮੈਨ ’ਤੇ ਪਈ ਹਰ ਭੀੜ ਮੌਕੇ ਸਮਰਥਕਾਂ ਦਾ ਇਕੱਠ ਜੁਟਾਉਂਦਾ ਰਿਹਾ। ਹੁਣ ਵੀ ਮੇਰਾ ਭਾਵ ‘‘ਉ¤ਚਾ ਦਰ ਬਾਬੇ ਨਾਨਕ ਦਾ’’ ਬਣਨ ਤੋਂ ਰੋਕਣਾ ਨਹੀਂ ਅਤੇ ਨਾ ਹੀ ਮੇਰੇ ਵਿੱਚ ਇਸ ਨੂੰ ਰੋਕਣ ਦੀ ਕੋਈ ਸਮਰਥਾ ਹੈ ਕਿਉਂਕਿ ਜਿਸ ਤਰ੍ਹਾਂ ਇਸ ਤੋਂ ਹੋਣ ਵਾਲੇ ਲਾਭ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਇਸ ਤੋਂ ਪਤਾ ਲੱਗਦਾ ਹੈ ਕਿ ਇਹ ਧਾਰਮਕ ਘੱਟ ਤੇ ਵਪਾਰਕ ਅਦਾਰਾ ਵੱਧ ਹੋਵੇਗਾ, ਇਸ ਲਈ ਜੇ ਚਾਰ ਗੁਰਸਿੱਖ ਟੁੱਟ ਵੀ ਗਏ ਤਾਂ ਵਪਾਰਕ ਵਿਰਤੀ ਵਾਲੇ 100 ਬੰਦੇ ਹੋਰ ਜੁੜ ਸਕਦੇ ਹਨ।

ਮੇਰਾ ਸਵਾਲ ਤਾਂ ਸਿਰਫ ਇਹੋ ਹੈ ਕਿ ਜੇ ਮੰਨ ਲਿਆ ਜਾਵੇ ਕਿ ਗੁਰੂ ਨਾਨਕ ਨੇ ਗੁਰੂ ਅੰਗਦ ਦੇਵ ਜੀ ਨੂੰ ਗੱਦੀ ਦਿੱਤੀ ਹੀ ਨਹੀਂ ਤਾਂ ਸਾਰਾ ਹੀ ਸਿੱਖ ਇਤਿਹਾਸ ਤੇ ਫਲਸਫ਼ਾ ਇੱਕ ਮਿਥਿਹਾਸ ਹੀ ਬਣ ਕੇ ਰਹਿ ਜਾਵੇਗਾ, ਇਸ ਲਈ ਸਿੱਖ ਪੰਥ ਦੀ ਹੋਂਦ ਲਈ ਇਹ ਬੜਾ ਗੰਭੀਰ ਮਸਲਾ ਹੈ। ਸ: ਜੋਗਿੰਦਰ ਸਿੰਘ ਦੇ ਵੀਚਾਰ ਉਨ੍ਹਾਂ ਲਈ ਠੀਕ ਹੋ ਸਕਦੇ ਹਨ ਪਰ ਉਨ੍ਹਾਂ ਨੂੰ ਲਿਖਤੀ ਤੌਰ ’ਤੇ ਸਪੱਸ਼ਟ ਕਰਨਾ ਚਾਹੀਦਾ ਹੈ ਤਾਂ ਕਿ ਭੋਲੇ ਸਿੱਖ ਧਰਮ ਦੇ ਨਾਮ ‘ਤੇ ਗੁੰਮਰਾਹ ਨਾ ਹੋਣ। ਵੈਸੇ ਉਨ੍ਹਾਂ 6 ਸਤੰਬਰ ਦੀ ਮੀਟਿੰਗ ਵਿੱਚ ਇਸ਼ਾਰੇ ਨਾਲ ਸਪੱਸ਼ਟ ਕਰ ਹੀ ਦਿੱਤਾ ਹੈ ਕਿ ਉਹ ਨਹੀਂ ਮੰਨਦੇ ਕਿ ਬਾਬੇ ਨਾਨਕ ਨੇ ਕਿਸੇ ਵਿਅਕਤੀ ਨੂੰ ਗੱਦੀ ਦਿੱਤੀ ਹੋਵੇ। ਉਹ ਤਾਂ ਇਸ਼ਾਰੇ ਨਾਲ ਇਹ ਸੰਕੇਤ ਵੀ ਦੇ ਗਏ ਕਿ ਸਮੁੱਚੇ ਗੁਰੂ ਗੰ੍ਰਥ ਸਾਹਿਬ ਦੀ ਬਾਣੀ ਉਨ੍ਹਾਂ ਲਈ ਸ਼ਬਦ ਗੁਰੂ ਨਹੀਂ। ਆਪਣੇ ਵੀਚਾਰ ਪ੍ਰਗਟ ਕਰਨ ਲਈ ਉਨ੍ਹਾਂ ਆਪਣੇ ਦੋ ਵਿਦਵਾਨਾਂ ਤੋਂ ਸ਼ਬਦ ਵੀਚਾਰ ਕਰਵਾਈ। ਚਰਚਾ ਦੌਰਾਨ ਉਨ੍ਹਾਂ ਵੀਚਾਰ ਪ੍ਰਗਟ ਕੀਤੇ ਕਿ ‘‘ਜਿਸ ਸਮੇਂ ਬਾਬੇ ਨਾਨਕ ਦੀ ਸਿੱਧਾਂ ਨਾਲ ਗੋਸਟ ਹੋਈ ਤਾਂ ਸਿੱਧਾਂ ਵਲੋਂ ਪੁੱਛਣ ’ਤੇ, ਬਾਬੇ ਨਾਨਕ ਨੇ ਕਿਹਾ ਕਿ ਉਨ੍ਹਾਂ ਦਾ ਗੁਰੂ ਸ਼ਬਦ ਹੈ : ‘‘ਸਬਦੁ ਗੁਰੂ ਸੁਰਤਿ ਧੁਨਿ ਚੇਲਾ॥’’ (ਪੰਨਾ 943)। ਉਨ੍ਹਾਂ ਅੱਗੇ ਕਿਹਾ ਕਿ ਜਿਸ ਸਮੇਂ ਸਿੱਧਾਂ ਨਾਲ ਗੋਸਟ ਹੋਈ, ਉਸ ਸਮੇਂ ਮੌਜੂਦਾ ਗੁਰੂ ਗੰ੍ਰਥ ਸਾਹਿਬ ਤਾਂ ਹੋਂਦ ਵਿੱਚ ਨਹੀਂ ਸੀ, ਬਾਬੇ ਨਾਨਕ ਨੇ ਵੀ ਆਪਣੀ ਪੂਰੀ ਬਾਣੀ ਹਾਲੀ ਉਚਾਰਣ ਨਹੀਂ ਸੀ ਕੀਤੀ। ਫਿਰ ਉਹ ਕਿਹੜਾ ਸ਼ਬਦ ਸੀ, ਜਿਹੜਾ ਬਾਬੇ ਨਾਨਕ ਦਾ ਗੁਰੂ ਸੀ। ਇਸ ਸਬੰਧੀ ਉਨ੍ਹਾਂ ਚਾਨ੍ਹਣਾ ਪਾਇਆ ਕਿ ‘‘ਜਿਹੜਾ ਸ਼ਬਦ ਅਨਹਤ ਅਵਸਥਾ ਵਿੱਚੋਂ ਉਪਜਿਆ, ਉਹ ਸ਼ਬਦ ਬਾਬੇ ਨਾਨਕ ਦਾ ਗੁਰੂ ਸੀ’’ ਅਤੇ ਉਸ ਸ਼ਬਦ ਦੇ ਲੜ ਹੀ ਆਪਣੇ ਸਿੱਖਾਂ ਨੂੰ ਲਾਇਆ !!

ਇਹ ਝੰਬੇਲਾ ਸਿੱਖ ਪੰਥ ’ਚ ਕਿਤਨੀ ਦੁਬਿੱਧਾ ਖੜ੍ਹੀ ਕਰ ਸਕਦਾ ਹੈ, ਇਸ ਦੀ ਕਲਪਨਾ ਸ਼ਾਇਦ ਸ: ਜੋਗਿੰਦਰ ਸਿੰਘ ਨੂੰ ਵੀ ਨਾ ਹੋਵੇ। ਮੀਟਿੰਗ ਵਿੱਚ ਜਿਨ੍ਹਾਂ ਮੈਂਬਰਾਂ ਤੋਂ ਇਸ ਦਲੀਲ ਦੇ ਹੱਕ ਵਿੱਚ ਹੱਥ ਖੜ੍ਹੇ ਕਰਵਾ ਕੇ ਮਤਾ ਪਾਸ ਕਰਵਾਇਆ, ਉਨ੍ਹਾਂ ਵਿੱਚੋਂ ਸ਼ਾਇਦ 5 ਵੀ ਅਜਿਹੇ ਨਾ ਨਿਕਲ ਸਕਣ, ਜਿਹੜੇ ਗੁਰੂ ਗੰ੍ਰਥ ਸਾਹਿਬ ਜੀ ਦਾ ਇੱਕ ਸ਼ਬਦ ਜੁਬਾਨੀ ਸੁਣਾ ਕੇ ਉਸ ਦੇ ਅਰਥ ਕਰ ਸਕਣ। ਫਿਰ ਅਜਿਹੇ ਮਨੁੱਖ ਅਨਹਤ ਅਵਸਥਾ ਵਿੱਚੋਂ ਉਪਜੇ ਸ਼ਬਦ ਦੀ ਪਛਾਣ ਕਿਸ ਤਰ੍ਹਾਂ ਕਰ ਸਕਦੇ ਹਨ?

ਹੋਰਨਾਂ ਦੀ ਤਾਂ ਗੱਲ ਹੀ ਛੱਡੋ, ਖ਼ੁਦ ਸ: ਜੋਗਿੰਦਰ ਸਿੰਘ ਨੂੰ ਗੁਰੂ ਨਾਨਕ ਅਤੇ ਬਾਬਾ ਫ਼ਰੀਦ ਦੇ ਸ਼ਬਦਾਂ ਦੀ ਪਛਾਣ ਨਹੀਂ। ਇਸ ਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਹੈ ਕਿ ਉਹ ਅਮੀਨ ਮਲਿਕ ਦੀਆਂ ਨੰਗੇਜਵਾਦੀ ਲਿਖਤਾਂ ਨੂੰ ਸਹੀ ਸਿੱਧ ਕਰਨ ਲਈ ਲਿਖ ਰਹੇ ਹਨ ਕਿ ‘‘ਜਿਸ ਨੂੰ ਸਰੀਰ ਅਤੇ ਆਤਮਾ ਦੁਹਾਂ ਦੀ ਗੱਲ ਸੁਣਨ ਦੀ ਜਾਂਚ ਆ ਜਾਏ, ਉਹਦੇ ਵਰਗਾ ਗਿਆਨੀ ਕੋਈ ਨਹੀਂ ਹੋ ਸਕਦਾ। ਦੋਹਾਂ ਨੂੰ ਸਹੀ ਰੂਪ ਵਿੱਚ ਸਮਝਣ ਸਕਦਾ ਹੀ, ‘ਸੇਜ’ ਉਤੇ ਸੁਤੀ ਕਾਮਣੀ ਦੇ ‘ਅੰਗ ਮੁੜੇ ਮੁੜ ਜਾਇ’ ਦਾ ਬਖਾਨ ਕਰਕੇ ਪ੍ਰਮਾਤਮਾ ਨਾਲ ਸੱਚੇ ਪਿਆਰ ਦੀ ਗੱਲ, ਕੋਈ ਬਾਬਾ ਨਾਨਕ ਹੀ ਕਰ ਸਕਦਾ ਹੈ।’’ (ਪੜ੍ਹੋ ਸਪੋਕਸਮੈਨ 6 ਸਤੰਬਰ ਦੇ ਅੰਕ ’ਚ ਚਿਠੀਆਂ ਨਾਲ ਛਪਿਆ ਸੰਪਾਦਕ ਦਾ ਨੋਟ)।

ਪਹਿਲੀ ਗੱਲ ਤਾਂ ਇਹ ਕਿ ਇਹ ਸਲੋਕ ਬਾਬੇ ਨਾਨਕ ਦਾ ਨਹੀਂ, ਬਾਬਾ ਫਰੀਦ ਦਾ ਉਚਾਰਿਆ ਹੋਇਆ ਪੰਨਾਂ ਨੰ: 1379 ’ਤੇ ਅੰਕਿਤ ਹੈ। ਦੂਸਰਾ ਵਿਆਕਰਣ ਪੱਖੋਂ ਇਸ ਵਰਤੀ ਗਈ ਅੱਧੀ ਤੁਕ ’ਚ ਵੀ ਦੋ ਗਲਤੀਆਂ ਹਨ। ਸਹੀ ਸ਼ਬਦ ਜੋੜ ਹੈ : ‘ਅੰਗੁ ਮੁੜੇ ਮੁੜਿ ਜਾਇ॥’ ਸ਼ਾਇਦ 6 ਸਤੰਬਰ ਦੀ ਮੀਟਿੰਗ ਵਿੱਚ ਬੈਠੇ ਕੁਝ ਵਿਦਵਾਨ ਵੀ ਸਮਝਦੇ ਹੋਣਗੇ ਕਿ ਸ਼ਬਦ ਜੋੜਾਂ ’ਚ ਲੱਗ-ਮਾਤਰ ਦੀ ਵਾਧ-ਘਾਟ ਕਰਨ ਨਾਲ ਗੁਰਬਾਣੀ ਦੇ ਅਰਥ ਬਦਲ ਜਾਂਦੇ ਹਨ। ਤੀਸਰੀ ਗੱਲ, ਜੇ ਸ: ਜੋਗਿੰਦਰ ਸਿੰਘ ਅਨੁਸਾਰ ਸਰੀਰ ਦੀਆਂ ਲੁਪਤ ਉਮੰਗਾਂ, ਤਰੰਗਾਂ ਤੇ ਵਤੀਰਿਆਂ ਨੂੰ ਸਮਝਣ ਵਾਲਾ ਮਨੁੱਖ ਹੀ ਅਸਲ ਗਿਆਨੀ ਬਣ ਸਕਦਾ ਹੈ ਤਾਂ ਅਖੌਤੀ ਦਸਮ ਗੰ੍ਰਥ ’ਚ ਤਾਂ ਅਜਿਹਾ ਗਿਆਨ ਬੇਅੰਤ ਹੈ, ਉਸ ਦਾ ਵਿਰੋਧ ਕਿਸ ਅਧਾਰ ’ਤੇ ਕਰ ਰਹੇ ਹਨ?

ਹੁਣ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਗੁਰੂ ਗੰ੍ਰਥ ਸਾਹਿਬ ਜੀ ਤੋਂ ਬਿਨ੍ਹਾਂ ਉਹ ਉਸ ਸ਼ਬਦ ਦੀ ਖੋਜ ਕਿਵੇਂ ਕਰ ਸਕਦੇ ਹਨ, ਜਿਸ ਨੂੰ ਬਾਬੇ ਨਾਨਕ ਨੇ ਆਪਣਾ ਗੁਰੂ ਮੰਨਿਆ ਸੀ। ਇਸ ਤੋਂ ਅੱਗੇ ਵਿਦਵਾਨਾਂ ਨੇ ਦੱਸਿਆ ਕਿ ‘‘ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ॥ ਚੂਹਾ ਖਡ ਨ ਮਾਵਈ ਤਿਕਲਿ ਬੰਨ੍ਰੇ ਛਜ॥ ਦੇਨ੍ਰਿ ਦੁਆਈ ਸੇ ਮਰਹਿ, ਜਿਨ ਕਉ ਦੇਨਿ ਸਿ ਜਾਹਿ॥’’ ਸਲੋਕ ਰਾਹੀਂ ਤਾਂ ਬਾਬਾ ਨਾਨਕ ਨੇ ਖ਼ੁਦ ਹੀ ਗੱਦੀ ਦੇਣ ਵਾਲਿਆਂ ਨੂੰ ਬਾਵਲੇ ਅਤੇ ਗੱਦੀ ਲੈਣ ਵਾਲਿਆਂ ਨੂੰ ਨਿਲੱਜ ਕਿਹਾ ਹੈ ਤਾਂ ਉਹ ਆਪਣੇ ਵਲੋਂ ਹੀ ਦਿੱਤੇ ਸਿਧਾਂਤ ਦੀ ਵਿਰੋਧਤਾ ਕਿਉਂ ਕਰਨਗੇ? ਉਪਰੰਤ ਸ: ਜੋਗਿੰਦਰ ਸਿੰਘ ਨੇ ਰਹਿੰਦੀ ਕਸਰ ਪੂਰੀ ਕਰਨ ਲਈ ਆਪਣੀ ਹੱਡ ਬੀਤੀ ਸੁਣਾਈ। ਉਨ੍ਹਾਂ ਕਿਹਾ ਕਿ ‘‘ਇੱਕ ਵਾਰ ਉਨ੍ਹਾਂ ਨੇ ਇੱਕ ਈਸਾਈ ਨੂੰ ਕਿਹਾ ਕਿ ਤੁਸੀਂ ਇਸ ਗੱਲ ਦੀ ਖੋਜ ਤਾਂ ਕਰੋ ਕਿ ਕਰਾਇਸਟ ਈਸਾ ਦੀ ਕੁਆਰੀ ਮਾਂ ਦੇ ਕਿਸੇ ਨਾਲ ਨਜਾਇਜ਼ ਸਬੰਧ ਤਾਂ ਨਹੀਂ ਸੀ, ਨਹੀਂ ਤਾਂ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਬਾਪ ਤੋਂ ਬਿਨਾਂ ਇੱਕ ਕੁਆਰੀ ਮਾਂ ਦੇ ਪੁੱਤਰ ਪੈਦਾ ਹੋ ਜਾਵੇ?’’ ਅੰਗਰੇਜ ਈਸਾਈ ਨੇ ਕਿਹਾ ਕਿ ‘‘ਸਰਦਾਰ ਜੀ! ਮੈਂ ਤਾਂ ਤੁਹਾਡੀ ਗੱਲ ਸੁਣ ਲਈ ਹੈ ਪਰ ਜੇ ਮੈਂ ਤੁਹਾਡੇ ਧਰਮ ਬਾਰੇ ਕੁਝ ਕਹਿ ਦੇਵਾਂ ਤਾਂ ਸਿੱਖ ਕਿਰਪਾਨਾਂ ਲੈ ਕੇ ਮੇਰੇ ਦੁਆਲੇ ਹੋ ਜਾਣਗੇ।’’ ਇਹ ਵਾਅਦਾ ਕੀਤੇ ਜਾਣ ’ਤੇ ਕਿ ਕੋਈ ਕੁਝ ਨਹੀਂ ਕਹੇਗਾ ਅਤੇ ਸਹੀ ਜਵਾਬ ਦੇ ਕੇ ਤੁਹਾਡੀ ਤਸੱਲੀ ਕਰਵਾਈ ਜਾਵੇਗੀ, ਤੁਸੀਂ ਆਪਣੀ ਗੱਲ ਬੇਝਿਜਕ ਹੋ ਕੇ ਦੱਸੋ। ਇਹ ਵਾਅਦਾ ਲੈਣ ਪਿੱਛੋਂ ਈਸਾਈ ਨੇ ਕਿਹਾ ਕਿ ‘‘ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਕਿ ਸਿੱਖ ਧਰਮ ’ਚ ਦੇਹਧਾਰੀ ਗੁਰੂ ਲਈ ਕੋਈ ਥਾਂ ਨਹੀਂ, ਦੂਸਰੇ ਪਾਸੇ ਆਪਣੇ 10 ਦੇਹਧਾਰੀ ਗੁਰੂ ਮੰਨ ਰਹੇ ਹੋ।’’ ਜੋਗਿੰਦਰ ਸਿੰਘ ਨੇ ਕਿਹਾ ‘‘ਮੇਰੇ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ, ਮੈਂ ਦਿੱਲੀ ਆ ਕੇ ਇੱਕ ਮਿਸ਼ਨਰੀ ਨੂੰ ਪੁੱਛਿਆ ਤਾਂ ਉਸ ਕੋਲ ਵੀ ਕੋਈ ਜਵਾਬ ਨਹੀਂ ਸੀ। ਹੁਣ ਅੰਦਾਜ਼ਾ ਲਗਾਉ ਕਿ ਜੇ ਆਪਾਂ 10 ਗੁਰੂ ਮੰਨਣ ਦੀ ਰੱਟ ਲਾਈ ਰੱਖੀ ਤਾਂ ਜਦੋਂ ਦੁਨੀਆਂ ਦੇ ਲੋਕ ਸਾਥੋਂ ਸਵਾਲ ਪੁੱਛਣਗੇ ਤਾਂ ਸਾਡੇ ਪਾਸ ਕੀ ਜਵਾਬ ਹੋਵੇਗਾ?’’

ਇਸ ਸਾਰੀ ਵੀਚਾਰ ਦਾ ਜਵਾਬ ਤਾਂ ਉਸ ਸਮੇਂ ਦਿੱਤਾ ਜਾਵੇਗਾ ਜਦੋਂ ਲਿਖਤੀ ਰੂਪ ਵਿੱਚ ਅਜਿਹਾ ਸਪੱਸ਼ਟੀਕਰਨ ਉਨ੍ਹਾਂ ਨੇ ਦਿੱਤਾ। ਸ: ਜੋਗਿੰਦਰ ਸਿੰਘ ਤੋਂ ਸਪੱਸ਼ਟੀਕਰਨ ਮੰਗਣ ਵਾਲੇ ਤਾਂ ਸਮਝ ਗਏ ਹੋਣਗੇ ਕਿ ਉਨ੍ਹਾਂ ਦਾ ਅਸਲੀ ਮਨੋਰਥ ਕੀ ਹੈ, ਪਰ ਉਹ ਲਿਖਤੀ ਰੂਪ ਵਿੱਚ ਇਸ ਕਰਕੇ ਨਹੀਂ ਦੇ ਰਹੇ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਅਜਿਹਾ ਸਪੱਸ਼ਟੀਕਰਨ ਦੇਣ ਨਾਲ 90 ਪ੍ਰਤੀਸ਼ਤ ਤੋਂ ਵੱਧ ਸਿੱਖ ਉਨ੍ਹਾਂ ਨਾਲੋਂ ਟੁੱਟ ਜਾਣਗੇ। ਖ਼ਾਲਸਾ ਪੰਥ ਲਈ ਉਨ੍ਹਾਂ ਤੋਂ ਸਪੱਸ਼ਟੀਕਰਨ ਲੈਣਾ, ਇਸ ਲਈ ਜਰੂਰੀ ਹੈ ਤਾਂ ਕਿ ਉਨ੍ਹਾਂ ਦਾ ਗੁਪਤ ਏਜੰਡਾ ਪ੍ਰਗਟ ਹੋ ਜਾਵੇ ਕਿਉਂਕਿ ਗੁਪਤ ਏਜੰਡਾ ਪ੍ਰਤੱਖ ਏਜੰਡੇ ਨਾਲੋਂ ਵੀ ਬੇਹੱਦ ਵੱਧ ਖ਼ਤਰਨਾਕ ਹੈ।

ਸ: ਜੋਗਿੰਦਰ ਸਿੰਘ ਦੇ ਦੂਹਰੇ ਮਿਆਰ ਦੀਆਂ ਉਦਾਹਰਣਾਂ ਉਨ੍ਹਾਂ ਦੀਆਂ ਲਿਖਤਾਂ ’ਚੋਂ ਲੱਭੀਆਂ ਜਾ ਸਕਦੀਆਂ ਹਨ। ਮਿਸਾਲ ਦੇ ਤੌਰ ’ਤੇ 2 ਅਗੱਸਤ 2009 ਦੇ ਅੰਕ ’ਚ ‘‘ਮੇਰੀ ਨਿਜੀ ਡਾਇਰੀ ਦੇ ਪੰਨੇ’’ ਸਿਰਲੇਖ ਹੇਠ ਪੰਨਾਂ ਨੰ: 6 ’ਤੇ ਉਹ ਲਿਖਦੇ ਹਨ: ‘‘ਮੇਰੇ ਅਲੋਚਕ ਜੀਅ ਸਦਕੇ ਮੇਰੀ ਅਲੋਚਨਾ ਕਰਨ ਪਰ ਇੱਕ ਮੰਗ ਮੇਰੀ ਵੀ ਮੰਨ ਲੈਣ ਕਿ ਆਪਣੀ ਕਲਮ ਦਾ ਉਹ ਰੂਪ ਵੀ ਵਿਖਾ ਦੇਣ, ਜਿਸ ਨੂੰ ਵੇਖ ਕੇ ਮੇਰਾ ਦਿਲ ਵੀ ਇਨ੍ਹਾਂ ਦੀ ਕਲਮ ਅੱਗੇ ਸਿਰ ਝੁਕਾਉਣ ਨੂੰ ਕਰ ਆਵੇ! ਮੈਂ ਆਪਣੀ ਤਰੀਫ਼ ਹਰ ਰੋਜ਼ ਸੁਣਦਾ ਤੇ ਪੜ੍ਹਦਾ ਹਾਂ ਪਰ ਕਦੇ-ਕਦੇ ਇਸ ਤਰੀਫ ਨਾਲ ਮੂੰਹ ਲੋੜ ਤੋਂ ਵੱਧ ਮਿੱਠਾ ਹੋ ਜਾਂਦਾ ਹੈ ਤਾਂ ਮੂੰਹ ਕਰਾਰਾ ਕਰਨ ਲਈ ਮੈਂ ਨਮਕੀਨ (ਆਪਣੀ ਅਲੋਚਨਾ) ਦੀ ਮੰਗ ਵੀ ਕਰਨ ਲੱਗਦਾ ਹਾਂ ਪਰ......’’

ਅੱਗੇ ਉਨ੍ਹਾਂ ਵਲੋਂ ਲਿਖੇ ਸ਼ਬਦ ਪੜ੍ਹ ਕੇ ਵੇਖੋ, ਕਿ ਉਨ੍ਹਾਂ ਨੂੰ ਉਹ ਨਮਕੀਨ ਚੰਗਾ ਲੱਗਦਾ ਹੈ, ਜਦੋਂ ਉਨ੍ਹਾਂ ਦਾ ਅਲੋਚਕ ਵੀ ਉਨ੍ਹਾਂ ਦੀ ਤਰੀਫ਼ ਕਰਦਾ ਹੈ, ਉਹ ਲਿਖਦੇ ਹਨ : ਅਚਾਨਕ ਉਨ੍ਹਾਂ ਦੇ ਇੱਕ ਅਲੋਚਕ ਨੇ ਪਿੱਛਲੇ ਪਾਸਿਉਂ ਆ ਕੇ ਮੈਨੂੰ ਘੁੱਟ ਕੇ ਜੱਫੀ ਵਿੱਚ ਲੈ ਲਿਆ ਅਤੇ ਕਹਿਣ ਲੱਗਾ, ‘‘ਤੁਹਾਡਾ ਅਲੋਚਕ ਹਾਂ, ਆਲੋਚਕ ਰਹਾਂਗਾ ਤੇ ਸਦਾ ਤੁਹਾਡੇ ਸਿਧਾਂਤ ਦੀ ਵਿਰੋਧਤਾ ਕਰਦਾ ਰਹਾਂਗਾ ਪਰ ਭਰੀ ਮਹਿਫ਼ਲ ਵਿੱਚ ਕਹਿ ਰਿਹਾ ਹਾਂ, ਤੁਹਾਡੀ ਕਲਮ ਨੂੰ ਸਲਾਮ ਕਰਨ ਨੂੰ ਜੀਅ ਕਰਦੈ ਕਿਉਂਕਿ ਗਲਤ ਲਿਖਣ ਲੱਗਿਆਂ ਵੀ ਤੁਹਾਡੀ ਕਲਮ ਆਪਣੀ ਖ਼ੁਬਸੂਰਤ ਚਾਲ, ਮਟਕ ਅਤੇ ਮਜ਼ਬੂਤ ਦਲੀਲ ਦਾ ਸਾਥ ਨਹੀਂ ਛੱਡਦੀ।’’ ਅਲੋਚਕ ਦੇ ਮੂੰਹ ’ਚੋਂ ਤਾਰੀਫ਼ ਦੇ ਇਹ ਦੋ ਅੱਖਰ ਸੁਣ ਕੇ (ਸ: ਜੋਗਿੰਦਰ ਸਿੰਘ ਨੂੰ) ਬਹੁਤ ਚੰਗਾ ਲੱਗਾ।
ਪਹਿਲੀ ਗੱਲ ਤਾਂ ਇਹ ਕਿ ਇਹ ਅਲੋਚਨਾ ਨਹੀਂ ਸਗੋਂ ਲੋੜ ਤੋਂ ਵੱਧ ਤਰੀਫ਼ ਹੈ (ਜਿਸ ਦਾ ਜ਼ਿਕਰ ਕਰਕੇ ਸ੍ਰ: ਜੋਗਿੰਦਰ ਸਿੰਘ ਖ਼ੁਦ ਆਪਣੇ ਮੂੰਹ ਮੀਆਂ ਮਿੱਠੂ ਬਣ ਰਹੇ ਹਨ)। ਇਸ ਤਰ੍ਹਾਂ ਦੀ ਤਰੀਫ਼ ਤੋਂ ਖੁਸ਼ ਕੌਣ ਨਹੀਂ ਹੁੰਦਾ? ਕਲਮ ਦੀ ਖ਼ੂਬਸੂਰਤ ਚਾਲ, ਮਟਕ ਅਤੇ ਮਜ਼ਬੂਤ ਦਲੀਲ ਦੀ ਝਲਕ ਤਾਂ ਉਨ੍ਹਾਂ ਦੇ 8 ਸਤੰਬਰ ਦੇ ਸਪੋਕਸਮੈਨ ’ਚ ਛਪੇ ਉਸ ਬਿਆਨ ਤੋਂ ਸਹਿਜੇ ਹੀ ਮਿਲ ਜਾਂਦੀ ਹੈ, ਜਦੋਂ ਉਹ ਆਪਣੇ ਹੀ ਸਹਿਯੋਗੀਆਂ ਵਲੋਂ ਪੁੱਛੇ ਗਏ ਅਤਿ ਅਹਿਮ ਸਵਾਲ ਦਾ ਜਵਾਬ ਇਹ ਕਹਿ ਕੇ ਦੇਣ ਤੋਂ ਇਨਕਾਰ ਕਰ ਰਹੇ ਹਨ ਕਿ ਉਹ ਚੂਹੇ, ਬਿੱਲੀਆਂ, ਕਾਵਾਂ, ਚਿੱੜੀਆਂ ਦਾ ਜਵਾਬ ਨਹੀਂ ਦਿੰਦੇ।

ਅਲੋਚਨਾ ਤਾਂ ਇੱਕ ਪਾਸੇ ਰਹੀ, ਸਪੋਕਸਮੈਨ ਵਲੋਂ ਅਪਣਾਏ ਆਪਣੇ ਹੀ ਸਿਧਾਂਤ ਦੇ ਉਲਟ ਕੁਝ ਛਪ ਜਾਣ ’ਤੇ ਉਨ੍ਹਾਂ ਦੇ ਆਪਣੇ ਹੀ ਸਮਰਥਕਾਂ ਵਲੋਂ ਜੇ ਪੁੱਛ ਲਿਆ ਜਾਵੇ ਕਿ ਇਸ ਨਾਲ ਤੁਹਾਨੂੰ ਆਪਣੀ ਸੰਪਾਦਕੀ ਨੋਟ ਲਿਖਣਾ ਚਾਹੀਦਾ ਹੈ, ਜਾਂ ਹੁਣ ਸਪੱਸ਼ਟੀਕਰਨ ਦਿੰਦਾ ਹੋਇਆ ਲੇਖ ਛਾਪ ਦਿੱਤਾ ਜਾਵੇ ਤਾਂ ਕਿ ਪਾਠਕਾਂ ਨੂੰ ਸਪੋਕਸਮੈਨ ’ਤੇ ਸਿਧਾਂਤ ਸਬੰਧੀ ਕੋਈ ਸ਼ੰਕਾ ਪੈਦਾ ਨਾ ਹੋਵੇ। ਇਹ ਸੁਣਦਿਆਂ ਸਾਰ ਹੀ ਉਨ੍ਹਾਂ ਦਾ ਪਾਰਾ ਕਿਸ ਤਰ੍ਹਾਂ ਚੜ੍ਹਦਾ ਹੈ, ਇਸ ਦਾ ਅੰਦਾਜ਼ਾ ਤੱਤ ਗੁਰਮਤਿ ਪਰਵਾਰ ਦੇ ਕੁਝ ਵੀਰਾਂ ਦੇ ਸਵਾਲ ਪੁੱਛਣ ਤੋਂ ਲੱਗਦਾ ਹੈ ਕਿ ਕਿਵੇਂ ਉਨ੍ਹਾਂ ਨੂੰ ਆਪਣੇ ਸਮਰਥਕਾਂ ਦੀ ਸੂਚੀ ’ਚੋਂ ਕੱਢ ਕੇ ਦੁਸ਼ਮਣ ਨੰ: 1 ਦੀ ਸੂਚੀ ’ਚ ਲਿਖ ਲਿਆ ਜਾਂਦਾ ਹੈ।

21 ਦਸੰਬਰ 2008 ਨੂੰ ਚੰਡੀਗੜ੍ਹ ਵਿਖੇ ਸਪੋਕਸਮੈਨ ਦਾ ਚੌਥਾ ਸਲਾਨਾ ਦਿਵਸ ਮਨਾਇਆ ਗਿਆ, ਪੰਜਾਬ ਯੂਨੀਵਰਸਿਟੀ ਦੇ ਵੀ.ਸੀ. ਸ਼੍ਰੀ ਸੋਬਤੀ ਜੀ, ਇਸ ਸਮਾਗਮ ਦੇ ਮੁਖ ਮਹਿਮਾਨ ਸਨ। ੴ ਦੇ ਸਿਧਾਂਤ ਨੂੰ ਕੱਟਦਿਆਂ ਹੋਇਆਂ ਬ੍ਰਹਮਾ, ਵਿਸ਼ਨੂੰ, ਮਹੇਸ਼ ਦੀ ਹੋਂਦ ਅਤੇ ਉਨ੍ਹਾਂ ਵਲੋਂ ਸ੍ਰਿਸ਼ਟੀ ਨੂੰ ਪੈਦਾ ਕਰਨ, ਪਾਲਣ, ਪੋਸ਼ਣ ਤੇ ਸੰਘਾਰ ਕਰਨ ਦੇ ਨਿਭਾਏ ਜਾਂਦੇ ਫਰਜ਼ਾਂ ਦੀ ਪ੍ਰੋੜਤਾ ਕਰਦਿਆਂ ਸ਼੍ਰੀ ਸੋਬਤੀ ਨੇ, ਉਨ੍ਹਾਂ ਸਿੱਖਾਂ ਦੀ ਅਲੋਚਨਾ ਕੀਤੀ, ਜਿਹੜੇ ਇਸ ਸਿਧਾਂਤ ਨੂੰ ਸਮਝ ਨਹੀਂ ਸਕੇ।

ਤੱਤ ਗੁਰਮਤਿ ਪਰਵਾਰ ਦੇ ਕੁਝ ਵੀਰਾਂ ਨੇ ਸਪੋਕਸਮੈਨ ਨੂੰ ਪੱਤਰ ਲਿਖਿਆ ਕਿ ਮੁੱਖ ਮਹਿਮਾਨ ਵਲੋਂ ਪ੍ਰਗਟ ਕੀਤੇ ਵੀਚਾਰ, ਸਪੋਕਸਮੈਨ ਵਲੋਂ ਅਪਣਾਏ ਗਏ ਸਿਧਾਂਤ ਨਾਲ ਮੇਲ ਨਹੀਂ ਖਾਂਦੇ ਸਨ, ਇਸ ਲਈ ਸਟੇਜ਼ ਸਕੱਤਰ ਵਲੋਂ ਸਪੱਸ਼ਟੀਕਰਨ ਦੇ ਕੇ ਸਾਫ਼ ਕਰ ਦੇਣਾ ਚਾਹੀਦਾ ਸੀ। ਜੇ ਉਸ ਸਮੇਂ ਨਹੀਂ ਹੋ ਸਕਿਆ ਤਾਂ ਬਾਅਦ ਵਿੱਚ ਕਦੀ ਸਪੱਸ਼ਟੀਕਰਨ ਕਰ ਦੇਣਾ ਚਾਹੀਦਾ ਸੀ ਕਿ ਸ਼੍ਰੀ ਸੋਬਤੀ ਵਲੋਂ ਪ੍ਰਗਟ ਕੀਤੇ ਵੀਚਾਰ, ਉਨ੍ਹਾਂ ਦੇ ਆਪਣੇ ਨਿਜੀ ਸਨ, ਅਦਾਰਾ ਸਪੋਕਸਮੈਨ ਇਸ ਨਾਲ ਸਹਿਮਤ ਨਹੀਂ। ਜੇ ਇਹ ਵੀ ਨਹੀਂ ਹੋ ਸਕਿਆ ਤਾਂ ਉਨ੍ਹਾਂ (ਤੱਤ ਗੁਰਮਤਿ ਪ੍ਰਵਾਰ) ਵਲੋਂ ਭੇਜਿਆ ਲੇਖ ਹੀ ਛਾਪ ਦਿੱਤਾ ਜਾਵੇ।

ਦੋ-ਤਿੰਨ ਵਾਰ ਬੇਨਤੀ ਦੁਹਰਾਉਣ ਤੋਂ ਬਾਅਦ ਜਦੋਂ ਕੋਈ ਜਵਾਬ ਨਾ ਮਿਲਿਆ ਤਾਂ ਉਨ੍ਹਾਂ ਆਪਣਾ ਲੇਖ ‘‘ਇੰਡੀਆ ਅਵੇਅਰਨੈਸ’’ ਨੂੰ ਭੇਜ ਦਿੱਤਾ, ਜਿਹੜਾ ਜੁਲਾਈ 09 ਦੇ ਅੰਕ ਵਿੱਚ ‘‘ਸਪੋਕਸਮੈਨ ਦੀ ਕਥਿਤ ‘ਪੰਥਕ’ ਸਟੇਜ ਬਨਾਮ ਸ਼੍ਰੋਮਣੀ ਕਮੇਟੀ ਦੀ ਸਟੇਜ’’ ਸਿਰਲੇਖ ਹੇਠ ਛਪ ਗਿਆ। ਇਸ ਤੋਂ ਖਿੱਝ ਕੇ ਝੱਟ ਉਨ੍ਹਾਂ 18 ਜੁਲਾਈ ਦੇ ਸਪੋਕਸਮੈਨ ਦੇ ਅੰਕ ਦੇ ਪੰਨਾਂ ਨੰ: 5 ’ਤੇ ‘‘ਗੁਰੂਆਂ ਦੇ ਨਾਵਾਂ ਨਾਲੋਂ ਗੁਰੂ ਸ਼ਬਦ ਕੱਟਣ ਦੀ ਨਿਖੇਧੀ’’ ਸਿਰਲੇਖ ਹੇਠ ਖ਼ਬਰ ਲਾ ਦਿੱਤੀ। ਖ਼ਬਰ ’ਚ ਲਿਖਿਆ ਗਿਆ ਕਿ ‘‘ਪੰਜਾਬ ਖ਼ਾਲਸਾ ਟ੍ਰੈਕਟ ਸੁਸਾਇਟੀ (ਰਜਿ:) ਚੰਡੀਗੜ੍ਹ ਵਲੋਂ ਛਾਪੇ ਜੁਲਾਈ 2008 ਦੇ ਕਿਤਾਬਚੇ ਵਿੱਚ ਨਾਮਵਰ ਲੇਖਕਾਂ ਦੇ ਛਪੇ ਲੇਖਾਂ ਵਿੱਚ ਗੁਰੂ ਸਾਹਿਬਾਨ ਦੇ ਨਾਵਾਂ ਨਾਲੋਂ ‘‘ਗੁਰੂ’’ ਸ਼ਬਦ ਹੀ ਗਾਇਬ ਕਰ ਦਿੱਤਾ ਗਿਆ ਹੈ, ਜਿਸ ਨਾਲ ਸਿੱਖ ਹਿਰਦਿਆਂ ਨੂੰ ਠੇਸ ਪਹੁੰਚੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲੋਂ ਸਤਿਕਾਰਤ ਸ਼ਬਦ ਗੁਰੂ ਹੀ ਗਾਇਬ ਕਰ ਦਿੱਤਾ ਅਤੇ ਇਕੱਲਾ ਨਾਨਕ ਪਾਤਸ਼ਾਹ ਹੀ ਵਰਤਿਆ ਗਿਆ ਹੈ। ਗੁਰੂ ਅਰਜਨ ਦੇਵ ਜੀ ਨੂੰ ਅਰਜਨ ਪਾਤਸ਼ਾਹ ਹੀ ਲਿਖਿਆ ਹੈ ਤੇ ਗੁਰੂ ਅਮਰਦਾਸ ਜੀ ਨੂੰ ਅਮਰਦਾਸ ਹੀ ਲਿਖਿਆ ਗਿਆ ਹੈ.....। ਕਿਤਾਬਚੇ ਦੇ ਨਾਮਵਰ ਲੇਖਕਾਂ ਰਵਿੰਦਰ ਸਿੰਘ ਪਿੰਜੋਰ, ਪ੍ਰੋ: ਇੰਦਰ ਸਿੰਘ ਘੱਗਾ, ਜੋਗਿੰਦਰ ਸਿੰਘ ਤੱਖਰ ਆਦਿ ਵਲੋਂ ਲੇਖਾਂ ਵਿੱਚ ਗੁਰੂ ਸ਼ਬਦਾਂ ਦੀ ਸ਼ਰਧਾ ਦੀ ਪਾਲਣਾ ਨਾ ਕਰਕੇ ਸਿੱਖ ਹਿਰਦਿਆਂ ਨੂੰ ਭਾਰੀ ਠੇਸ ਪਹੁੰਚਾਈ ਹੈ।’’

ਇੱਥੇ ਇਹ ਦੱਸਣਯੋਗ ਹੈ ਕਿ ਇਹ ਸ਼ਰਧਾ ਦੀ ਪਾਲਣਾ ਨਾ ਕਰਨ ਵਾਲੇ ਵੀਰ ਹੀ ਤਾਂ ਗੁਰਮਤਿ ਪ੍ਰਵਾਰ ਦੇ ਮੈਂਬਰ ਹਨ ਤੇ ਸਪੋਕਸਮੈਨ ਦੇ ਕੱਟੜ ਸਮਰਥਕ, ਜਿਨ੍ਹਾਂ ਨੇ ਗੁਰੂ ਸ਼ਬਦ ਨਾ ਲਿਖਣ ਦੀ ਪ੍ਰੇਰਣਾ ਹੀ ਸ: ਜੋਗਿੰਦਰ ਸਿੰਘ ਤੋਂ ਹੀ ਲਈ, ਜਿਹੜੇ ਖ਼ੁਦ ਆਪਣੇ ਲੇਖਾਂ ’ਚ ਗੁਰੂ ਨਾਨਕ ਨੂੰ ਗੁਰੂ ਜਾਂ ਪਾਤਸ਼ਾਹ ਤਾਂ ਕੀ ਲਿਖਣਾ ਸੀ ਸਗੋਂ ਸਿਰਫ਼ ‘‘ਨਾਨਕ’’ ਸ਼ਬਦ ਹੀ ਲਿਖਦੇ ਹਨ। ਪੜ੍ਹੋ 2 ਸਤੰਬਰ ਦੀ ਸੰਪਾਦਕੀ - ‘‘ਜਿਸ ਪੰਜਾਬੀ ਨੂੰ ਫ਼ਰੀਦ, ਵਾਰਸ ਅਤੇ ਨਾਨਕ ਨੇ ਆਪਣੇ ਵੱਖਰੇ ਵੱਖਰੇ ਜਿਹੇ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਲਈ ਮਾਧਿਅਮ ਵਜੋਂ ਚੁਣਿਆ...।’’ 6 ਸਤੰਬਰ ਦੇ ਅੰਕ ’ਚ ਨਿਜੀ ਡਾਇਰੀ ਦੇ ਪੰਨੇ : ‘‘ਜਿਨ੍ਹਾਂ ਨੇ ਆਪਣੇ ਪਿਤਾ ਬਾਬੇ ਨਾਨਕ ਦਾ ਕਹਿਣਾ ਨਹੀਂ ਸੀ ਮੰਨਿਆ, ਉਨ੍ਹਾਂ ਨੇ ਗੁਰਦੁਆਰਿਆਂ ਵਿੱਚ ਨਾਨਕ ਦੇ ਉਪਦੇਸ਼ ਅਤੇ ਇਨਕਲਾਬੀ ਫਲਸਫੇ ਨੂੰ ਕਿਵੇਂ ਰਹਿਣ ਦੇਣਾ ਸੀ।’’ ਇਹ ਤਾਂ ਸਿਰਫ਼ ਉਦਾਹਰਣਾਂ ਹਨ, ਜਿਸ ਦਿਨ ਤੋਂ ਸਪੋਕਸਮੈਨ ਸ਼ੁਰੂ ਹੋਇਆ, ਉਸ ਤੋਂ ਅੱਜ ਤੱਕ ਸ: ਜੋਗਿੰਦਰ ਸਿੰਘ ਨੇ ਗੁਰੂ ਨਾਨਕ ਸ਼ਬਦ ਤਾਂ ਕਦੀ ਵਰਤਿਆ ਹੀ ਨਹੀਂ। ਜੇ ਕਦੀ ਲਿਖਿਆ ਗਿਆ ਤਾਂ ਉਹ ਸਿਰਫ਼ ਟਾਈਪ ’ਚ ਗਲਤੀ ਹੋ ਸਕਦੀ ਹੈ, ਵਰਨਾ ਨਹੀਂ।

ਹੋਰ ਵੇਖੋ, 17 ਜੂਨ 2009 ਦੇ ਸਪੋਕਸਮੈਨ ਦੇ ਸੰਪਾਦਕੀ ਪੰਨਾਂ ਨੰ: 6 ’ਤੇ ਬਲਵੰਤ ਸਿੰਘ ਆਈ.ਏ.ਐਸ ਦਾ ‘‘ਸਿੰਧੀ ਭਾਈਚਾਰੇ ਦੀ ਬਹੁ ਧਰਮ ਪੰ੍ਰਪਰਾ’’ ਸਿਰਲੇਖ ਹੇਠ ਗੁਰਮਤਿ ਸਿਧਾਂਤਾਂ ਦੀ ਬੱਜਰ ਉਲੰਘਣਾ ਕਰਦਾ ਲੇਖ, ਬਿਨਾਂ ਕਿਸੇ ਸੰਪਾਦਕੀ ਨੋਟ ਤੋਂ ਛਪ ਗਿਆ। ਤੱਤ ਗੁਰਮਤਿ ਪ੍ਰਵਾਰ ਵਲੋਂ ਇਸ ’ਤੇ ਇਤਰਾਜ਼ ਕੀਤਾ ਗਿਆ, ਕਿਉਂਕਿ ਇਸ ਲੇਖ ਵਿੱਚ ਲੇਖਕ ਨੇ ਗੁਰੂ ਗੰ੍ਰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ’ਤੇ ਸਿੰਧੀਆਂ ਵਲੋਂ ਮੂਰਤੀ ਪੂਜਾ ਕਰਨ ਨੂੰ ਜਾਇਜ਼ ਦੱਸਿਆ ਸੀ ਅਤੇ ਅਜਿਹੇ ਸਥਾਨਾਂ ’ਤੇ ਤੱਤ ਗੁਰਮਤਿ ਦੇ ਧਾਰਨੀਆਂ ਵਲੋਂ ਉਥੇ ਗੁਰੂ ਗੰ੍ਰਥ ਸਾਹਿਬ ਜੀ ਦੇ ਸਰੂਪ ਚੁੱਕੇ ਜਾਣ ਨੂੰ ਗਲਤ ਕਰਾਰ ਦਿੱਤਾ ਸੀ। ਇਹ ਲੇਖ ਸਪੋਕਸਮੈਨ ਵਲੋਂ ਅਪਣਾਏ ਗਏ ਸਿਧਾਂਤ ਦੇ ਵੀ ਵਿਰੁੱਧ ਸੀ। ਇਸ ਲਈ ਉਨ੍ਹਾਂ ਆਪਣੇ ਵਲੋਂ ਇੱਕ ਲੇਖ ਭੇਜ ਕੇ ਉਸ ਦੇ ਜਵਾਬ ਵਿੱਚ ਛਾਪਣ ਦੀ ਬੇਨਤੀ ਕੀਤੀ ਤਾਂ ਕਿ ਪਾਠਕ ਕਿਸੇ ਭੁਲੇਖੇ ਦਾ ਸ਼ਿਕਾਰ ਨਾ ਹੋ ਜਾਣ ਪਰ ਨਹੀਂ ਛਾਪੀ ਗਈ। ਲੰਬੀ ਉਡੀਕ ਤੋਂ ਬਾਅਦ ਉਨ੍ਹਾਂ ਇਹ ਲੇਖ ਇੰਡੀਆ ਅਵੇਅਰਨੈਸ ਨੂੰ ਭੇਜ ਦਿੱਤਾ, ਜਿਹੜਾ ਸਤੰਬਰ 09 ਅੰਕ ’ਚ ਛਪ ਗਿਆ। ਹੁਣ ਤੱਤ ਗੁਰਮਤਿ ਪ੍ਰਵਾਰ ਦੇ ਮੈਂਬਰ ਖਾਸ ਕਰਕੇ ਰਵਿੰਦਰ ਸਿੰਘ ਪੰਜੋਰ, ਇੰਡਿਆ ਅਵੇਅਰਨੈਸ, ਬੀਬੀ ਸੁਰਿੰਦਰ ਕੌਰ ਨਿਹਾਲ ਅਤੇ ਇਸ ਲੇਖਕ (ਕਿਰਪਾਲ ਸਿੰਘ ਬਠਿੰਡਾ) ਦੇ ਨਾਮ, ਸ: ਜੋਗਿੰਦਰ ਸਿੰਘ ਨੇ ਆਪਣੇ ਕੱਟੜ ਸਮਰਥਕਾਂ ਦੀ ਸੂਚੀ ਵਿੱਚੋਂ ਕੱਢ ਕੇ ਦੁਸ਼ਮਣ ਨੰ: 1 ਵਾਲੀ ਸੂਚੀ ’ਚ ਦਰਜ ਕਰ ਲਏ ਹਨ। ਜੇ ਕਿਸੇ ਨੂੰ ਸ਼ੱਕ ਹੋਵੇ ਤਾਂ ਇਨ੍ਹਾਂ ਵਿੱਚੋਂ ਕਿਸੇ ਇੱਕ ਦੀ ਤਰੀਫ਼ ਸ: ਜੋਗਿੰਦਰ ਸਿੰਘ ਕੋਲ ਜਾਂ ਮੈਡਮ ਜਗਜੀਤ ਕੌਰ ਕੋਲ ਕਰਕੇ ਵੇਖ ਲੈਣ ਕਿ ਉਹ ਕਿਸ ਤਰ੍ਹਾਂ ਅੱਗ ਬਬੋਲਾ ਹੁੰਦੇ ਹਨ। ਫਿਰ ਕੀ ਇੱਥੇ ਦੋਹਰਾ ਰੋਲ ਨਿਭਾਉਣ ਦੀ ਝਲਕ ਪੈਂਦੀ ਹੈ ਜਾਂ ਨਮਕੀਨ ਨੂੰ ਆਪਣੀ ਸਿਹਤ ਲਈ ਹਾਨੀਕਾਰਕ?

ਸਾਡੇ ਵਿੱਚੋਂ ਕਿਸੇ ਦਾ ਵੀ ਐਸਾ ਮਕਸਦ ਨਹੀਂ ਕਿ ਅਸੀਂ ਸਪੋਕਸਮੈਨ ਦੀ ਬਦਖੋਹੀ ਕਰਕੇ ਉਚਾ ਦਰ ਬਾਬੇ ਨਾਨਕ ਦਾ ਨੂੰ ਬਣਨ ਤੋਂ ਰੋਕਣਾ ਚਾਹੁੰਦੇ ਹਾਂ। ਸਗੋਂ ਅਸੀਂ ਤਾਂ ਚਾਹੁੰਦੇ ਹਾਂ ਕਿ ਸਾਡੇ ਵਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਲੈ ਕੇ ਸਿੱਖ ਸੰਗਤਾਂ ਵਿੱਚ ਪੈਦਾ ਹੋ ਰਿਹਾ ਦੁਬਿਧਾਪਨ ਦੂਰ ਕੀਤਾ ਜਾ ਸਕੇ। ਸ: ਜੋਗਿੰਦਰ ਸਿੰਘ ਸਿੱਧਾਂਤਾਂ ਤੋਂ ਥਿੜਕਣ ਤੋਂ ਬਚ ਕੇ ਸਿੱਖ ਪੰਥ ਦੀ ਵੱਧ ਤੋਂ ਵੱਧ ਸੇਵਾ ਕਰ ਸਕਣ।

ਜੇਕਰ 2 ਅਗੱਸਤ ਵਾਲੀ ਜੋਗਿੰਦਰ ਸਿੰਘ ਦੀ ਨਿਜੀ ਡਾਇਰੀ ’ਚ ਲਿਖੇ ਅਨੁਸਾਰ ਨਮਕੀਨ ਖਾਣਾ (ਅਲੋਚਨਾ ਸੁਣਨੀ) ਉਨ੍ਹਾਂ ਨੂੰ ਸੱਚਮੁੱਚ ਚੰਗੀ ਲਗਦੀ ਹੈ ਅਤੇ ਇਸ ਵਿੱਚ ਉਨ੍ਹਾਂ ਨੂੰ ਆਨੰਦ ਆਉਂਦਾ ਹੈ ਤਾਂ ਇਸ ਲੇਖ ਨੂੰ ਆਪਣੇ ਅਖਬਾਰ ’ਚ ਥਾਂ ਦੇਣ ਜਾਂ ਨਿਜੀ ਚਿੱਠੀ ਰਾਹੀਂ ਆਪਣੇ ਵੀਚਾਰ ਦੱਸਣ ਦੀ ਕ੍ਹਿੈਪਾਲਤਾ ਕਰਨ।