Subscription About Us Contact Us


ਝਾੜੂ ਲੈ ਕੇ ਸਫ਼ਾਈ ਕਰਨ ਦਾਅਵਾ ਕਰਨ ਵਾਲਿਆਂ ਨੂੰ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਸਾਡੀ ਅਮੋਲਕ ਵਿਰਾਸਤ ਵੀ ਕੂੜੇ-ਕਰਕਟ ਦੇ ਨਾਲ ਹੀ ਬਾਹਰ ਨਾ ਸੁੱਟ ਦੇਣ

- ਕ੍ਰਿਪਾਲ ਸਿੰਘ, ਬਠਿੰਡਾ -
ਸਾਬਕਾ ਪੱਤਰਕਾਰ, ਰੋਜ਼ਾਨਾ ਸਪੋਕਸਮੈਨ
ਮੋਬਾਇਲ : 9855480797

ਗੁਰੂ ਨਾਨਕ ਸਾਹਿਬ ਨੇ ਇੱਕ ਮਹਾਨ ਤੇ ਨਿਵੇਕਲਾ ਫਲਸਫਾ ਦੇ ਕੇ ਲੰਬੇ ਸਮੇਂ ਤੋਂ ਧਾਰਮਿਕ, ਸਮਾਜਿਕ, ਆਰਥਿਕ ਅਤੇ ਰਾਜਨੀਤਕ ਗੁਲਾਮੀ ਹੇਠ ਜੀਉ ਰਹੀ ਮਨੁੱਖਤਾ ਨੂੰ ਨਵੀਂ ਜੀਵਨ ਜਾਚ ਸਿਖਾ ਕੇ ਹਰ ਤਰ੍ਹਾਂ ਦੀ ਗੁਲਾਮੀ ਤੋਂ ਮੁਕਤ ਕਰਵਾਇਆ ਅਤੇ ਸਿੱਧਾ ਅਕਾਲ ਪੁਰਖ ਨਾਲ ਜੋੜਿਆ। ਉਨ੍ਹਾਂ ਆਪਣਾ ਗੁਰੂ ਕਿਸੇ ਵਿਅਕਤੀ ਨੂੰ ਮੰਨਣ ਦੀ ਥਾਂ ‘ਸ਼ਬਦ’ ਨੂੰ ਮੰਨਿਆ, ਜਿਸ ਦਾ ਹਵਾਲਾ ਸਿੱਧ ਗੋਸਟਿ ਬਾਣੀ ਵਿੱਚ ਦਰਜ਼ ‘ਸਬਦੁ ਗੁਰੂ ਸੁਰਤਿ ਧੁਨਿ ਚੇਲਾ’ (ਪੰਨਾਂ 943) ’ਚ ਦਰਜ਼ ਹੈ।

ਗੁਰੂ ਸਾਹਿਬ ਨੂੰ ਇਹ ਭਲੀ-ਭਾਂਤ ਪਤਾ ਸੀ ਕਿ ਭਾਰਤ ’ਚ ਜੁਗਾਂ-ਜੁਗਾਂਤਰਾਂ ਤੋਂ ਬਣੇ ਸੰਸਕਾਰਾਂ ਕਾਰਨ ਆਮ ਮਨੁੱਖ, ਜਿਨ੍ਹਾਂ ਦੀ ਮਾਨਸਿਕਤਾ ਵਿੱਚ ਬ੍ਰ੍ਰਾਹਮਣ ਨੂੰ ਗੁਰੂ ਮੰਨਣ ਦੀ ਧਾਰਨਾ ਘਰ ਕਰ ਚੁੱਕੀ ਸੀ, ਉਹ ਇਤਨੇ ਥੋੜ੍ਹੇ ਸਮੇਂ ’ਚ ਦੇਹਧਾਰੀ ਗੁਰੂ ਤੋਂ ਮੁਕਤੀ ਪ੍ਰਾਪਤ ਕਰਕੇ ਸਿੱਧਾ ਸ਼ਬਦ ਜਾਂ ਅਕਾਲ ਪੁਰਖ ਨਾਲ ਨਹੀਂ ਜੁੜ ਸਕਦੇ ਸਨ। ਸ਼ਬਦ ਗੁਰੂ ਦੇ ਸਿਧਾਂਤ ਦੀ ਪਰਪੱਕਤਾ ਲਈ ਲੰਬੇ ਸਮੇਂ ਦੀ ਜਰੂਰਤ ਸੀ, ਪਰ ਪਰਮਾਤਮਾ ਦੇ ਬਣਾਏ ਹੋਏ ਨਿਯਮਾਂ ਅਨੁਸਾਰ ਇੱਕੋ ਸਰੀਰ ਇਤਨਾ ਲੰਬਾ ਸਮਾਂ ਜੀਵਤ ਨਹੀਂ ਰਹਿ ਸਕਦਾ। ਇਸ ਲਈ ਸ਼ਬਦ ਗੁਰੂ ਦੇ ਫਲਸਫੇ ਨੂੰ ਪੂਰੀ ਤਰ੍ਹਾਂ ਦ੍ਰਿਦ੍ਰੜ ਕਰਵਾਉਣ ਅਤੇ ਲਾਗੂ ਕਰਵਾਉਣ ਲਈ ਪ੍ਰਚਾਰ ਨੂੰ ਜਥੇਬੰਦਕ ਢੰਗ ਨਾਲ ਚਲਾਉਣ ਲਈ 10 ਜਾਮੇ ਧਾਰਨ ਕੀਤੇ। ਇਹ ਦਸ ਜਾਮੇ ਦੇਹਧਾਰੀ ਗੁਰੂ ਪ੍ਰੰਪਰਾ ਮੰਨਣ ਜਾਂ ਲਾਗੂ ਕਰਨ ਲਈ ਨਹੀਂ ਸੀ ਬਲਕਿ ਸਾਰਿਆਂ ਨੇ ਸ਼ਬਦ ਗੁਰੂ ਦਾ ਪ੍ਰਚਾਰ ਹੀ ਕੀਤਾ ਅਤੇ ਕਿਸੇ ਵੀ ਗੁਰੂ ਵਿਅਕਤੀ ਨੇ ਆਪਣੀ ਦੇਹ ਨੂੰ ਕੋਈ ਮਹਾਨਤਾ ਦੇਣ ਦੀ ਥਾਂ ਇਸ ਨੂੰ ਬਿਨਸਨਹਾਰ ਹੀ ਦੱਸਿਆ।

ਅਖੀਰ 239 ਸਾਲਾਂ ਦੇ ਪ੍ਰਚਾਰ ਦੇ ਲੰਬੇ ਸਮੇਂ ਪਿੱਛੋਂ ਜਦੋਂ ਗੁਰੂ ਗੋਬਿੰਦ ਸਿੰਘ ਨੇ ਮਹਿਸੂਸ ਕੀਤਾ ਕਿ ਹੁਣ ਸਿੱਖ ਮਾਨਸਿਕ ਤੌਰ ’ਤੇ ਇੰਨੇ ਦ੍ਰਿੜ ਹੋ ਗਏ ਹਨ ਕਿ ਇਨ੍ਹਾਂ ਨੂੰ ਕਿਸੇ ਇਨਸਾਨੀ ਰੂਪ ਵਾਲੇ ਗੁਰੂ ਦੀ ਮੁਥਾਜੀ ਨਹੀਂ ਰਹੀ ਅਤੇ ਉਹ ‘ਸ਼ਬਦ’ (ਵਿਚਾਰਧਾਰਾ, ਫਲਸਫੇ) ਤੋਂ ਅਗਵਾਈ ਲੈ ਸਕਦੇ ਹਨ, ਤਾਂ ਉਹ ਗੁਰੂ ਗੰ੍ਰਥ ਸਾਹਿਬ ਜੀ ਨੂੰ ਗੁਰਿਆਈ ਦੇ ਕੇ ਸਿੱਖਾਂ ਨੂੰ ਹੁਕਮ ਦੇ ਗਏ ‘‘ਸਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗੰ੍ਰਥ।’’ ਗੁਰੂ ਸਾਹਿਬ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਤਕਰੀਬਨ ਇੱਕ ਸਦੀ ਤੱਕ ਸ਼ਬਦ ਤੋਂ ਅਗਵਾਈ ਲੈ ਕੇ ਖਾਲਸਾ ਪੰਥ ਨੇ ਸਾਬਤ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਕਿਸੇ ਦੇਹਧਾਰੀ ਗੁਰੂ ਦੀ ਮੁਥਾਜੀ ਨਹੀਂ ਰਹੀ।

ਇਸੇ ਦੌਰਾਨ ਸਿੰਘਾਂ ’ਤੇ ਅੰਤਾਂ ਦਾ ਸਰਕਾਰੀ ਜ਼ਬਰ ਹੋਣ ਦੇ ਕਾਰਨ ਉਨ੍ਹਾਂ ਨੂੰ ਘਰ ਘਾਟ ਛੱਡ ਕੇ ਜੰਗਲਾਂ, ਬੇਲਿਆਂ ’ਚ ਰਹਿਣਾ ਪਿਆ, ਜਿਸ ਦੌਰਾਨ ਗੁਰੂ ਗੰ੍ਰਥ ਸਾਹਿਬ ਜੀ ਦੀ ਸੇਵਾ ਸੰਭਾਲ ਕਰਕੇ ਜਿੱਥੇ ਉਦਾਸੀ ਅਤੇ ਨਿਰਮਲੇ ਮਤ ਦੇ ਸੰਤਾਂ ਨੇ ਇੱਕ ਸ਼ਲਾਘਾਯੋਗ ਕੰਮ ਕੀਤਾ, ਉਥੇ ਉਨ੍ਹਾਂ ਨੇ ਬ੍ਰਾਹਮਣੀ ਕਰਮਕਾਂਡ ਵੀ ਗੁਰੂ ਘਰਾਂ ਵਿੱਚ ਪ੍ਰਚਲਤ ਕਰ ਦਿੱਤੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਕੁਝ ਸੁਧਾਰ ਹੋਣ ਦੀ ਥਾਂ ਹੋਰ ਵੀ ਵਿਗਾੜ ਸ਼ੁਰੂ ਹੋ ਗਿਆ, ਕਿਉਂਕਿ ਉਸ ਸਮੇਂ ਦੌਰਾਨ ਬਹੁਤ ਸਾਰੇ ਬ੍ਰਾਹਮਣ ਅੰਮ੍ਰਿਤ ਛਕ ਕੇ ਗੰ੍ਰਥੀਆਂ ਦੇ ਰੂਪ ਵਿੱਚ ਗੁਰਦੁਆਰਿਆਂ ਵਿੱਚ ਘੁਸਪੈਠ ਕਰ ਗਏ, ਜਿਨ੍ਹਾਂ ਨੇ ਗੁਰੂ ਗੰ੍ਰਥ ਸਾਹਿਬ ਜੀ ਤੋਂ ਸਿਧਾਂਤਕ ਸੇਧ ਲੈਣ ਦੀ ਥਾਂ ਇਸ ਦੇ ਅਖੰਡ ਪਾਠ, ਸੰਪਟ ਪਾਠ, ਸਪਤਾਹ ਪਾਠ, ਇਕੌਤਰੀਆਂ ਰੂਪੀ ਕਰਮਕਾਂਡ ਸ਼ੁਰੂ ਕਰਕੇ ਇਸ ਨੁੂੰ ਕਮਾਈ ਦਾ ਸਾਧਨ ਬਣਾ ਲਿਆ। ਗੁਰਮਤਿ ਵਿਰੋਧੀ ਪੁਸਤਕਾਂ ਜਿਵੇਂ ਕਿ ਬਚਿੱਤਰ ਨਾਟਕ (ਅਖੌਤੀ ਦਸਮ ਗੰ੍ਰਥ), ਗੁਰਬਿਲਾਸ ਪਾ: ਛੇਵੀਂ ਆਦਿ ਦਾ ਪ੍ਰਚਾਰ ਤੇਜ਼ ਕਰ ਦਿੱਤਾ। ਕਰਮਕਾਂਡੀ ਅਤੇ ਗੁਰਮਤਿ ਵਿਰੋਧੀ ਪ੍ਰਚਾਰ ਨੂੰ ਬੇਸ਼ੱਕ ਸਿੰਘ ਸਭਾ ਲਹਿਰ ਅਤੇ ਗੁਰਦੁਆਰਾ ਸੁਧਾਰ ਲਹਿਰਾਂ ਦੌਰਾਨ ਕੁਝ ਮੋੜਾ ਪਿਆ ਪ੍ਰੰਤੂ ਦੇਸ਼ ਦੀ ਅਜ਼ਾਦੀ ਪਿੱਛੋਂ ਅਕਾਲੀਆਂ ਨੂੰ ਰਾਜ ਦਾ ਚਸਕਾ ਪੈ ਜਾਣ ਕਾਰਨ ਇਸ ਨੇ ਮੁੜ ਤੇਜੀ ਫੜ ਲਈ।

ਬਾਦਲ ਦਲ ਦਾ ਭਾਜਪਾ ਨਾਲ ਗਠਜੋੜ ਹੋਣ ਕਾਰਨ ਆਰ.ਐਸ.ਐਸ. ਅਸਿੱਧੇ ਰੂਪ ਵਿੱਚ ਅਕਾਲ ਤਖ਼ਤ ਸਮੇਤ ਸਿੱਖਾਂ ਦੇ ਪ੍ਰਬੰਧਕੀ ਢਾਂਚੇ ‘ਤੇ ਕਾਬਜ਼ ਹੋ ਕੇ ਗੁਰਮਤਿ-ਵਿਰੋਧੀ ਕਾਰਵਾਈਆਂ ਵਿੱਚ ਸਰਗਰਮ ਹੋ ਗਈ ਅਤੇ ਗੁਰੂ ਨਾਨਕ ਦੇ ਫਲਸਫੇ ਨੂੰ ਇੱਕ ਤਰ੍ਹਾਂ ਤਿਲਾਂਜਲੀ ਹੀ ਦੇ ਦਿੱਤੀ ਗਈ। ਇਸ ਸਮੇਂ ਸੁਧਾਰ ਲਹਿਰ ਸ਼ੁਰੂ ਕਰਨ ਦੀ ਅਤਿ ਲੋੜ ਸੀ। ਮਿਸ਼ਨਰੀ ਕਾਲਜਾਂ ਨੇ ਸੁਧਾਰ ਦਾ ਕੁਝ ਕੰਮ ਕੀਤਾ ਪਰ ਸੀਮਤ ਸਾਧਨਾਂ ਕਾਰਨ ਇਨ੍ਹਾਂ ਦੀ ਪ੍ਰਚਲਤ ਮੁਹਿੰਮ ਕੁਝ ਧੀਮੀ ਸੀ।
ਦਸੰਬਰ 2005 ’ਚ ਰੋਜ਼ਾਨਾ ਸਪੋਕਸਮੈਨ ਹੋਂਦ ਵਿੱਚ ਆਇਆ। ਇਸ ਤੋਂ ਪਹਿਲਾਂ ਸਿੱਖ ਮੀਡੀਏ ਦੀ ਪੂਰੀ ਤਰ੍ਹਾਂ ਅਣਹੋਂਦ ਕਾਰਨ ਸਪੋਕਸਮੈਨ ਇੱਕ ਇਨਕਲਾਬ ਦੀ ਤਰ੍ਹਾਂ ਜਾਪਿਆ। ਗੁਰਦੁਆਰਿਆਂ ’ਚ ਦਿਨੋਂ-ਦਿਨ ਵਧ ਰਹੇ ਪਾਖੰਡਵਾਦ ਤੇ ਕਰਮਕਾਂਡਾਂ ਨਾਲ ਜੂਝ ਰਹੇ ਸਾਡੇ ਵਰਗੇ ਅਨੇਕਾਂ ਜ਼ਜਬਾਤੀ ਸਿੱਖ, ਸਪੋਕਸਮੈਨ ਨਾਲ ਜੁੜ ਗਏ। ਸਪੋਕਸਮੈਨ ਨੇ ਵੀ ਨਾਅਰਾ ਦਿੱਤਾ ਕਿ ਉਹ ਧਰਮ ਅਤੇ ਗੁਰਦੁਆਰਿਆਂ ’ਚ ਘੁਸਪੈਠ ਕਰ ਚੁੱਕਿਆ ਕੂੜਾ ਕਰਕਟ ਹੂੰਝ ਕੇ ਬਾਹਰ ਸੁੱਟ ਦੇਵੇਗਾ ਤੇ ਇਸ ਦੀ ਥਾਂ ਨਿਰੋਲ ਨਾਨਕ ਵਿਚਾਰਧਾਰਾ ਨੂੰ ਲਾਗੂ ਕਰ ਦਿੱਤਾ ਜਾਵੇਗਾ। ਸ਼ਾਇਦ ਬਹੁਤੇ ਉਤਸ਼ਾਹ ਕਾਰਨ ਜਾਂ ਹੋਰਨਾਂ ਛੁਪੇ ਹੋਏ ਕਾਰਨਾਂ ਕਰਕੇ, ਮੌਜੂਦਾ ਸਮੇਂ ਵਿੱਚ ਸ: ਜੋਗਿੰਦਰ ਸਿੰਘ ਸੰਪਾਦਕ ਸਪੋਕਸਮੈਨ ਨੇ ਐਸਾ ਝਾੜੂ ਫੜ ਲਿਆ ਹੈ ਕਿ ਉਹ ਕੂੜੇ ਕਰਕਟ ਦੇ ਨਾਲ-ਨਾਲ ਗੁਰੂ ਗੰ੍ਰਥ ਸਾਹਿਬ ਅਤੇ ਗੁਰੂਆਂ ਨੂੰ ਹੀ ਸਿੱਖ ਮਨਾਂ ’ਚੋਂ ਹੂੰਝ ਕੇ ਬਾਹਰ ਕੱਢਣ ਦਾ ਅਫਸੋਸਨਾਕ ਰਾਹ ਫੜ ਚੁੱਕੇ ਹਨ।

ਗੁਰੂ ਨਾਨਕ ਵਲੋਂ ਅੱਗੋਂ ਕਿਸੇ ਵਿਅਕਤੀ ਨੂੰ ਗੱਦੀ ਨਾ ਦੇਣ ਦੀ ਗੱਲ ਕਰਕੇ ਉਹ ਇਹੀ ਦੱਸਣ ਦਾ ਯਤਨ ਤਾਂ ਕਰ ਰਹੇ ਹਨ ਕਿ ਪਿੱਛਲੇ ਨੌ ਗੁਰੂ ਹੋਏ ਹੀ ਨਹੀਂ ਸਨ, ਜਦ ਹੋਏ ਹੀ ਨਹੀਂ ਤਾਂ ਪੰਜਵੇਂ ਗੁਰੂ ਵਲੋਂ ਗੁਰੂ ਗੰ੍ਰਥ ਸਾਹਿਬ ਦੀ ਸੰਪਾਦਨਾ ਅਤੇ ਦਸਵੇਂ ਗੁਰੂ ਵਲੋਂ ਪੰਥ ਦੀ ਸਾਜਨਾ ਅਤੇ ਗੁਰੂ ਗੰ੍ਰਥ ਸਾਹਿਬ ਨੂੰ ਗੱਦੀ ਦੇਣ ਦੀ ਗੱਲ ਤਾਂ ਆਪਣੇ ਆਪ ਹੀ ਖ਼ਤਮ ਹੋ ਗਈ। ਸ੍ਰੀ ਜੋਗਿੰਦਰ ਸਿੰਘ ਦੇ ਸਮਰਥਕਾਂ ਵੱਲੋਂ ਇਹ ਦਾਅਵਾ ਕੀਤਾ ਜਾ ਸਕਦਾ ਹੈ ਕਿ ਉਨ੍ਹਾਂ ਦੇ ਕਹਿਣ ਦਾ ਭਾਵ ਇਹ ਨਹੀਂ ਸੀ, ਉਹ ਕੁਝ ਹੋਰ ਕਹਿਣਾ ਚਾਹੁੰਦੇ ਸਨ ਪਰ ਮੂੰਹ ’ਚੋਂ ਸੁਭਾਵਿਕ ਨਿਕਲੇ ਸ਼ਬਦਾਂ ਨੂੰ ਗਲਤ ਅਰਥ ਦਿੱਤੇ ਜਾ ਰਹੇ ਹਨ। ਪਰ ਜੇਕਰ ਵਾਕਈ ਅਜਿਹਾ ਹੋਇਆ ਹੁੰਦਾ (ਸ੍ਰੀ ਜੋਗਿੰਦਰ ਸਿੰਘ ਦੇ ਬਿਆਨ ਦੇ ਗਲਤ ਅਰਥ ਲਏ ਜਾ ਰਹੇ ਹੁੰਦੇ) ਤਾਂ ਜਾਗਰੂਕ ਸਿੱਖਾਂ ਵਲੋਂ ਇਸ ਦਾ ਸਪਸ਼ਟੀਕਰਨ ਮੰਗੇ ਜਾਣ ਦੀ ਗੱਲ ਮੀਡੀਏ ’ਚ ਆਉਣ ਉਪ੍ਰੰਤ ਉਹ ਆਪਣੀ ਗੱਲ ਨੂੰ ਚੰਗੀ ਤਰ੍ਹਾਂ ਆਪਣੇ ਸੰਪਾਦਕੀ ਰਾਹੀਂ ਸਪੱਸ਼ਟ ਕਰ ਸਕਦੇ ਸਨ।

ਪਰ ਜਵਾਬ ਦੇਣ ਤੋਂ ਕੋਰੀ ਨਾਂਹ ਕਰਨ ਤੋਂ ਵੀ ਅੱਗੇ ਲੰਘ ਕੇ ਉਨ੍ਹਾਂ ਵਲੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਸੱਦੀਆਂ ਮੀਟਿੰਗਾਂ ਦੇ ਨਾਮ ‘ਤੇ ਜ਼ਿਲ੍ਹਾ ਹੈ¤ਡ ਕੁਆਰਟਰਾਂ ’ਤੇ ਆਪਣੇ ਪ੍ਰਚਾਰਕ ਭੇਜ ਕੇ ਇਹ ਦੱਸਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ‘‘ਬਾਬੇ ਨਾਨਕ ਦਾ ਗੁਰੂ ‘ਸ਼ਬਦ’ ਸੀ ਤਾਂ ਇਸ ਦਾ ਭਾਵ, ਸ਼ਬਦ ਤਾਂ ਆਦਿ ਤੋਂ ਹੀ ਗੁਰੂ ਹੈ, ਉਸ ਸ਼ਬਦ ਗੁਰੂ ਦੇ ਲੜ ਹੀ ਸਿੱਖਾਂ ਨੁੂੰ ਲਾਇਆ। ਬਾਬੇ ਨਾਨਕ ਨੇ ਆਪਣੀ ਬਾਣੀ ’ਚ ਕਿਧਰੇ ਵੀ ਨਹੀਂ ਕਿਹਾ ਕਿ ਉਹ ਗੁਰੂ ਹਨ। ਇਸ ਲਈ ਜਦ ‘ਸ਼ਬਦ’ ਹਮੇਸ਼ਾਂ ਲਈ ਹੀ ਗੁਰੂ ਹੈ, ਤੇ ਸ਼ਬਦ ਗੁਰੂ ਦੀ ਗੱਦੀ ਕਦੀ ਖਾਲੀ ਹੀ ਨਹੀਂ ਹੋਈ ਤਾਂ ਅੱਗੇ ਕਿਸੇ ਨੂੰ ਕੋਈ ਗੱਦੀ ਦੇਣ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ।’’

ਹੁਣ ਇਸ ਨੂੰ ਅਗਿਆਨਤਾ ਕਿਹਾ ਜਾਵੇ ਜਾਂ ਕੋਈ ਸਾਜਿਸ਼, ਇਹ ਪਤਾ ਕਰਨਾ ਸਿੱਖ ਵਿਦਵਾਨਾਂ ਦਾ ਕੰਮ ਹੈ। ਪਰ ਐਸੀ ਦਲੀਲ ਦੇਣ ਵਾਲੇ ਨੂੰ ਸਿੱਖਾਂ ਵੱਲੋਂ ਇਹ ਸੁਆਲ ਪੁੱਛਣਾ ਤਾਂ ਜਾਇਜ ਹੀ ਹੈ, ਕਿ ਠੀਕ ਹੈ, ਨਿਮਰਤਾ ਦੇ ਪੁੰਜ ਬਾਬੇ ਨਾਨਕ ਨੇ ਆਪਣੇ ਆਪ ਨੂੰ ਗੁਰੂ ਤਾਂ ਨਹੀਂ ਕਿਹਾ ਪਰ ਉਨ੍ਹਾਂ ਆਪਣੇ ਆਪ ਨੂੰ ਨੀਚ, ਗਵਾਰ, ਬਉਰਾ, ਬਉਰਾਨਾ, ਕ੍ਹਿੈਮ ਜੰਤ, ਮੁਗਧ, ਮੂੜ੍ਹ ਤਾਂ ਕਿਹਾ ਹੀ ਹੈ। ਪੜ੍ਹੋ ‘ਨਾਨਕੁ ਨੀਚੁ ਕਹੈ ਵੀਚਾਰÒ’ ‘ਭਇਆ ਦੀਵਾਨਾ ਸਾਹ ਕਾ, ਨਾਨਕੁ ਬਉਰਾਨਾ’ ਆਦਿ ਅਨੇਕਾਂ ਸ਼ਬਦ। ਜੇ ਸਿਰਫ਼ ਲਿਖੇ ’ਤੇ ਹੀ ਲਕੀਰ ਦਾ ਫਕੀਰ ਬਣਨਾ ਹੈ ਤਾਂ ਕੀ ਅਸੀਂ ਨੀਚ, ਗਵਾਰ, ਮੂਰਖ, ਮੁਗਧ, ਕ੍ਹਿੈਮ ਜੰਤ ਆਦਿ ਸਬਦਾਂ ਨਾਲ ਨਾਨਕ ਨੂੰ ਸੰਬੋਧਨ ਕਰੀਏ?

ਮੈਂ ਅਜਿਹੇ ਵਿਦਵਾਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਜੇ ਕਿਧਰੇ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਗੁਰੂ ਜਾਂ ਪਰਮਾਤਮਾ ਲਿਖ ਜਾਂਦੇ ਤਾਂ ਸ਼ਾਇਦ ਉਨ੍ਹਾਂ ਦੇ ਆਪਣੇ ਹੀ ਵਲੋਂ ਦੱਸੇ ਸਿਧਾਂਤਾਂ ਦੇ ਉਲਟ ਜਾਣ ਕਰਕੇ ਇਸ ਨੂੰ ਅਹੰਕਾਰ ਦੀ ਨਿਸ਼ਾਨੀ ਮੰਨਦੇ ਹੋਏ ਸਿੱਖ ਉਨ੍ਹਾਂ ਨੂੰ ਗੁਰੂ ਮੰਨਦੇ ਹੀ ਨਾ। ਕ੍ਰਿਸ਼ਨ ਨੇ ਤਾਂ ਗੀਤਾ ਵਿੱਚ ਲਿਖਿਆ ਹੈ ਕਿ ‘‘ਮੈਂ ਹੀ ਬ੍ਰਹਮ ਹਾਂ, ਮੈਂ ਹੀ ਕਰਨ ਕਾਰਨ ਪ੍ਰਮਾਤਮਾ ਹਾਂ’ ਤਾਂ ਕੀ ਅਸੀਂ ਉਸ ਨੂੰ ਬ੍ਰਹਮ ਜਾਂ ਪ੍ਰਮਾਤਮਾ ਮੰਨ ਰਹੇ ਹਾਂ ਜਾਂ ਸ: ਜੋਗਿੰਦਰ ਸਿੰਘ ਸਮੇਤ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਹੋਰ ਵਿਦਵਾਨ ਮੰਨ ਰਹੇ ਹਨ? ਇਹ ਠੀਕ ਹੈ ਕਿ ਗੁਰੂ ਨਾਨਕ ਸਾਹਿਬ ਦਾ ਗੁਰੂ ਸ਼ਬਦ ਸੀ, ਸਾਰੇ ਗੁਰੂਆਂ ਨੇ ਸ਼ਬਦ ਗੁਰੂ ਦੇ ਸਿੱਧਾਂਤ ਨੂੰ ਹੀ ਲਾਗੂ ਕੀਤਾ ਅਤੇ ਸਾਨੂੰ ਸ਼ਬਦ ਗੁਰੂ ਦੇ ਲੜ ਹੀ ਲਾਇਆ, ਪਰ ਕੀ ਬਾਬੇ ਨਾਨਕ ਨੂੰ ਲਾਂਭੇ ਰੱਖ ਕੇ ਸਿੱਧਾ ਸ਼ਬਦ ਨੂੰ ਹੀ ਗੁਰੂ ਮੰਨਣ ਵਾਲੇ ਦੱਸ ਸਕਦੇ ਹਨ ਕਿ ਬਾਬੇ ਨਾਨਕ ਤੋਂ ਪਹਿਲਾਂ ਪ੍ਰਮਾਤਮਾ ਵੀ ਸੀ, ਉਨ੍ਹਾਂ ਦਾ ਹੁਕਮ ਰੂਪੀ ਸ਼ਬਦ ਵੀ ਸੀ, ਇਸ ਦੇ ਬਾਵਜ਼ੂਦ ਸ਼ਬਦ ਗੁਰੂ ਦਾ ਫਲਸਫਾ ਉਨ੍ਹਾਂ ਤੋਂ ਪਹਿਲਾਂ ਕਿਉਂ ਨਹੀਂ ਲਾਗੂ ਹੋਇਆ? ਸਾਨੂੰ ਸਰਬ-ਵਿਆਪਕ ਪ੍ਰਮਾਤਮਾ ਤੇ ਉਸ ਦੇ ਹੁਕਮ ਰੂਪੀ ਸ਼ਬਦ ਦੀ ਸੋਝੀ ਕਿਸ ਨੇ ਕਰਵਾਈ? ਜਿਨ੍ਹਾਂ ਨੇ ਇਹ ਸਾਰੀ ਸੋਝੀ ਕਰਵਾਈ, ਉਨ੍ਹਾਂ ਨੂੰ ਅਸੀਂ ਸਤਿਕਾਰ ਵਜੋਂ ਗੁਰੂ ਸ਼ਬਦ ਨਾਲ ਸੰਬੋਧਨ ਕਰਦੇ ਹਾਂ ਤਾਂ ਭਾਰਤੀ ਪ੍ਰੰਪਰਾ ਅਨੁਸਾਰ ਸਾਨੂੰ ਗੁਰੂ ਕਹਿਣ ਤੋਂ ਝਿਝਕ ਕਿਸ ਗੱਲ ਦੀ ਹੈ? ਸ਼ਬਦ ਗੁਰੂ ਦੇ ਸਿਧਾਂਤ ਨੂੰ ਲਾਗੂ ਕਰਵਾਉਣ ਲਈ ਉਨ੍ਹਾਂ ਦੇ ਆਪਣੇ ਸ਼ਬਦ ਗੁਰੂ ਜੋਤ, ਦਸਾਂ ਸਰੂਪਾਂ ਨੂੰ ਗੁਰੂ ਕਹਿਣ ’ਚ ਕਿਹੜੀ ਸ਼ਰਮ ਮਹਿਸੂਸ ਹੁੰਦੀ ਹੈ?

ਉਨ੍ਹਾਂ ਨੇ ਦੇਹਧਾਰੀ ਗੁਰੂ ਪੰ੍ਰਪਰਾ ਐਸ਼ੋ ਇਸ਼ਰਤ ਕਰਨ ਲਈ ਨਹੀਂ ਚਲਾਈ, ਜਿਵੇਂ ਅੱਜ ਦੇ ਦੇਹਧਾਰੀ ਏਅਰ-ਕੰਡੀਸ਼ਨਡ ਆਲੀਸ਼ਾਨ ਕੋਠੀਆਂ ’ਚ ਰਹਿਣ, ਮਹਿੰਗੀਆਂ ਇੰਪੋਰਟਡ ਕਾਰਾਂ ’ਚ ਝੂਟੇ ਲੈਣ ਅਤੇ ਡ੍ਰਾਈ ਫਰੂਟ ਛਕ ਕੇ ਸ਼ਰਧਾਲੂਆਂ ਦੀ ਕਮਾਈ ’ਤੇ ਐਸ਼ ਕਰ ਰਹੇ ਹਨ। ਦਸਾਂ ਸਰੂਪਾਂ ਵਿੱਚ ਵਿਚਰ ਕੇ ਉਨ੍ਹਾਂ ਆਪਣੇ ਅਮਲੀ ਜੀਵਨ ਰਾਹੀਂ ਦੱਸ ਦਿੱਤਾ ਕਿ ਸ਼ਬਦ ਗੁਰੂ ਦੀ ਅਗਵਾਈ ’ਚ ਗੁਰੂ ਨਾਨਕ ਬਾਬਰ ਨੂੰ ਜਾਬਰ ਕਹਿ ਸਕਦੇ ਹਨ, ਗੁਰੂ ਅੰਗਦ ਦੇਵ ਜੀ ਹਿੰਮਾਯੂ ਨੂੰ ਵੰਗਾਰ ਸਕਦੇ ਹਨ। ਗੁਰੂ ਅਮਰਦਾਸ ਜੀ ਅਕਬਰ ਨੂੰ ਮਿਲਣ ਤੋਂ ਪਹਿਲਾਂ ਪੰਗਤ ’ਚ ਲੰਗਰ ਛਕਣ ਦੀ ਸ਼ਰਤ ਲਾ ਸਕਦੇ ਹਨ, ਗੁਰੂ ਰਾਮਦਾਸ ਜੀ ਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਕਹਿ ਸਕਦੇ ਹਨ, ‘‘ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ, ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇÒ’’ ਪੰਜਵੇਂ ਗੁਰੂ ਅਰਜਨ ਦੇਵ ਜੀ ਸ਼ਬਦ ਦੇ ਸਹਾਰੇ ਤੱਤੀ ਤਵੀ ’ਤੇ ਬੈਠ ਕੇ ਵੀ ਤੇਰਾ ਕੀਆ ਮੀਠਾ ਲਾਗੈ, ਦੀ ਮਿਸਾਲ ਕਾਇਮ ਕਰ ਸਕਦੇ ਹਨ। ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ-ਪੀਰੀ ਦੀਆਂ ਦੋ ਕ੍ਹਿਪਾਨਾਂ ਧਾਰਨ ਕਰਕੇ ਜਾਲਮ ਨਾਲ ਜੂਝ ਸਕਦੇ ਹਨ। ਗੁਰੂ ਹਰਿਰਾਇ ਸਾਹਿਬ ਜੀ ਗੁਰਬਾਣੀ ਦੀ ਇਕ ਤੁਕ ਬਦਲਣ ’ਤੇ ਹੀ ਪੁੱਤਰ ਮੋਹ ਤਿਆਗ ਕੇ ਉਸ ਨੂੰ ਹਮੇਸ਼ਾ ਲਈ ਮੱਥੇ ਨਾ ਲੱਗਣ ਦਾ ਹੁਕਮ ਦੇ ਸਕਦੇ ਹਨ। ਗੁਰੂ ਤੇਗ ਬਹਾਦਰ ਜੀ ਦੂਸਜੇ ਧਰਮਾਂ ਵਾਲਿਆਂ ਦੇ ਮਨੁੱਖੀ ਅਧਿਕਾਰਾਂ ਲਈ ਸੀਸ ਕੁਰਬਾਨ ਕਰ ਸਕਦੇ ਹਨ, ਗੁਰੂ ਗੋਬਿੰਦ ਸਿੰਘ ਜੀ ਮੈਦਾਨੇ ਜੰਗ ’ਚ ਦੁਸ਼ਮਣਾਂ ਨੂੰ ਵੀ ਮਿੱਤਰ ਸਮਝਣ ਦਾ ਉਪਦੇਸ਼ ਦੇ ਸਕਦੇ ਹਨ ਅਤੇ ਧਰਮ ਦੀ ਖ਼ਾਤਰ ਚਾਰੇ ਸਾਹਿਬਜਾਦੇ ਵਾਰ ਕੇ ਪ੍ਰਭੂ ਦਾ ਸ਼ੁਕਰਾਨਾ ਕਰ ਸਕਦੇ ਹਨ।

ਜਦ ਗੁਰੂ ਨਾਨਕ ਸਾਹਿਬ ਦਾ ਮਿਥਿਆ ਹੋਇਆ ਟੀਚਾ ਪੂਰਾ ਹੋ ਗਿਆ ਕਿ ਹੁਣ ਸਿੱਖ, ਸ਼ਬਦ ਤੋਂ ਸਿੱਧੀ ਅਗਵਾਈ ਲੈ ਸਕਦੇ ਹਨ ਤਾਂ ਨਿਰਗੁਣ ਸਰੂਪ ’ਚ ਤਾਂ ਪਹਿਲਾਂ ਹੀ ਸ਼ਬਦ ਨੂੰ ਗੁਰਿਆਈ ਮਿਲੀ ਹੋਈ ਸੀ, ਹੁਣ ਸਰਗੁਣ ਸਰੂਪ ਵਿੱਚ ਵੀ ਉਨ੍ਹਾਂ ਗੁਰੂ ਗੰ੍ਰਥ ਸਾਹਿਬ ਜੀ ਨੂੰ ਗੁਰਿਆਈ ਸੌਂਪ ਕੇ, ਸਦਾ ਲਈ ਮਨੁੱਖੀ ਗੁਰੂ ਪਰੰਪਰਾ ਦਾ ਭੋਗ ਪਾ ਦਿੱਤਾ ਅਤੇ ਸਿੱਖ ਖ਼ਾਲਸਾ ਪੰਥ ਨੂੰ ਗੁਰੂ ਗੰ੍ਰਥ ਦੀ ਤਾਬਿਆ ਰਹਿਣ ਦਾ ਹੁਕਮ ਕੀਤਾ, ਜਿਹੜਾ ਕਿ ਪੰਥ ਹੁਣ ਤੱਕ ਨਿਭਾਅ ਰਿਹਾ ਹੈ। ਜੇ ਬਾਬੇ ਨਾਨਕ ਨੇ ਆਪਣੀ ਦਿਬ ਦ੍ਰਿਦ੍ਰਸ਼ਟੀ ਅਨੁਸਾਰ 10 ਗੁਰ ਵਿਅਕਤੀਆਂ ’ਚ ਵਿਚਰ ਕੇ ਅਮਲੀ ਜੀਵਨ ਦੀਆਂ ਉਦਾਹਰਣਾਂ ਨਾ ਕਾਇਮ ਕੀਤੀਆਂ ਹੁੰਦੀਆਂ ਤਾਂ ਉਨ੍ਹਾਂ ਦਾ ਸਿਧਾਂਤ ਵੀ ਉਸੇ ਤਰ੍ਹਾਂ ਰੁਲ ਜਾਣਾ ਸੀ, ਜਿਵੇਂ ਕਿ ਉਨ੍ਹਾਂ ਤੋਂ ਪਹਿਲਾਂ ਭਗਤਾਂ ਦਾ ਰੁਲ ਗਿਆ ਸੀ।

ਇਹ ਬਾਬੇ ਨਾਨਕ ਦੀ ਯੋਜਨਾਬੰਦ ਅਤੇ ਜਥੇਬੰਦਕ ਢੰਗ ਨਾਲ ਦਸ ਜਾਮਿਆਂ ’ਚ ਵਿਚਾਰ ਕੇ, ਕੀਤੇ ਪ੍ਰਚਾਰ ਅਤੇ ਘਾਲਨਾਵਾਂ ਦਾ ਹੀ ਸਿੱਟਾ ਹੈ ਕਿ ਆਪਣੇ ਸਮੇਤ ਭਗਤਾਂ ਦੇ ਰੁਲ ਰਹੇ ਫਲਸਫੇ ਨੂੰ ਸਾਂਭ ਕੇ ਸਾਡੇ ਤੱਕ ਪਹੁੰਚਾਇਆ ਹੈ। ਜੇ ਗੁਰੂ ਨਾਨਕ ਨੇ ਆਪਣੇ ਹੱਥੀਂ ਗੁਰਿਆਈ ਗੁਰੂ ਅੰਗਦ ਦੇਵ ਜੀ ਨੂੰ ਨਾ ਦਿੱਤੀ ਹੁੰਦੀ ਤਾਂ ਅੱਜ ਉਸ ’ਤੇ ਬਾਬਾ ਸ਼੍ਰੀ ਚੰਦ ਦੇ ਉਦਾਸੀ ਮਤ ਨੇ ਕਬਜ਼ਾ ਕਰ ਲੈਣਾ ਸੀ ਅਤੇ ਉਨ੍ਹਾਂ ਰਾਹੀਂ ਸਿੱਖ ਕਦੋਂ ਦੇ ਹਿੰਦੂ ਧਰਮ ਦਾ ਹਿੱਸਾ ਬਣ ਚੁੱਕੇ ਹੁੰਦੇ। ਇਹ ਕਹਿਣਾ ਕਿ ਗੁਰੂ ਗੰ੍ਰਥ ਸਾਹਿਬ ਜੀ ਦੀ ਬਾਣੀ ’ਚ ਕਿਧਰੇ ਵੀ ਉਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਨਹੀਂ ਕਿਹਾ ਅਤੇ ਸੱਤੇ ਬਲਵੰਤ ਦੀ ਵਾਰ, ਬਾਬਾ ਸੁੰਦਰ ਜੀ ਦੀ ਬਾਣੀ ਰਾਮਕਲੀ ਸਦ ਅਤੇ ਭੱਟਾਂ ਦੇ ਸਵੱਈਆਂ ਵਿੱਚ ਸਿਰਫ਼ ਖੁਸ਼ਾਮਦ ਕਾਰਨ ਹੀ ਉਨ੍ਹਾਂ ਨੂੰ ਗੁਰੂ ਵਜੋਂ ਸੰਬੋਧਨ ਕੀਤਾ ਹੈ, ਕਿਤਨੀ ਹਾਸੋਹੀਣੀ ਦਲੀਲ ਹੈ। ਜਿਨ੍ਹਾਂ ਦੀ ਬਾਣੀ ਗੁਰੂ ਅਰਜਨ ਪਾਤਸ਼ਾਹ ਨੇ ਗੁਰੂ ਗੰ੍ਰਥ ਸਾਹਿਬ ਜੀ ’ਚ ਦਰਜ਼ ਕਰ ਦਿੱਤੀ, ਕੀ ਇਹ ਵਿਦਵਾਨ ਉਨ੍ਹਾਂ ਤੋਂ ਜਿਆਦਾ ਸਿਆਣੇ ਬਣ ਕੇ ਦੇਹਧਾਰੀ ਗੁਰੂਡੰਮ੍ਹ ਦੀ ਵਿਰੋਧਤਾ ਦੇ ਨਾਮ ’ਤੇ ਆਪਣੇ ਲਾਸਾਨੀ ਗੁਰੂਆਂ ਨੂੰ ਹੀ ਗੁਰੂ ਨਾ ਕਹਿਣ ਦੀ ਗਲਤੀ ਕਰ ਰਹੇ ਹਨ? ਜਿੱਥੇ ਗੁਰਦੁਆਰਿਆਂ ’ਚੋਂ ਹੋਰ ਕੂੜ ਕਬਾੜ ਹੂੰਝ ਕੇ ਬਾਹਰ ਕੱਢਣ ਦੀ ਸਖ਼ਤ ਜਰੂਰਤ ਹੈ, ਉਥੇ ਪਿਉ-ਦਾਦੇ ਦਾ ਉਹ ਖ਼ਜਾਨਾ, ਜਿਸ ਸਬੰਧੀ ਗੁਰੂ ਅਰਜਨ ਸਾਹਿਬ ਜੀ ਨੇ ਫੁਰਮਾਨ ਕੀਤਾ ਹੈ, ‘ਪੀਉੂ ਦਾਦੇ ਕਾ ਖੋਲਿ ਡਿਠਾ ਖਜਾਨਾ।। ਤਾ ਮੇਰੈ ਮਨਿ ਭਇਆ ਨਿਧਾਨਾ।।1।। ਰਤਨ ਲਾਲ ਜਾ ਕਾ ਕਛੂ ਨ ਮੋਲੁ।। ਭਰੇ ਭੰਡਾਰ ਅਖੂਟ ਅਤੋਲ।।2।।’’ (ਪੰਨਾ 186) ਨੂੰ ਵੀ ਹੂੰਝ ਕੇ ਬਾਹਰ ਕੱਢਣ ਵਾਲਾ ਝਾੜੂ ਬੇਹੱਦ ਖ਼ਤਰਨਾਕ ਹੈ।

ਇੱਕ ਗੱਲ ਇਹ ਵੀ ਸੋਚਣ ਵਾਲੀ ਹੈ ਕਿ ਸਿੱਖ ਰਹਿਤ ਮਰਯਾਦਾ ਅਨੁਸਾਰ, ਸਿੱਖ ਉਹ ਹੈ, ਜਿਹੜਾ ਗੁਰੂ ਸਾਹਿਬਾਨ, ਗੁਰੂ ਗੰ੍ਰਥ ਸਾਹਿਬ ਅਤੇ ਖੰਡੇ ਬਾਟੇ ਦੀ ਪਾਹੁਲ ’ਤੇ ਨਿਸ਼ਚਾ ਰੱਖਦਾ ਹੈ। ਪਰ ਸਪੋਕਸਮੈਨ ਅਤੇ ‘ਏਕਸ ਕੇ ਬਾਰਕ’ ਜਥੇਬੰਦੀ ਦਾ ਇਨ੍ਹਾਂ ਤਿੰਨਾਂ ਵਿੱਚ ਹੀ ਵਿਸ਼ਵਾਸ਼ ਨਹੀਂ ਤਾਂ ਉਹ ਸਿੱਖ ਕਿਵੇਂ ਕਹੇ ਜਾ ਸਕਦੇ ਹਨ? ਜਿਹੜੇ ਸਿੱਖ ਰਹਿਤ ਮਰਯਾਦਾ ਅਨੁਸਾਰ ਸਿੱਖ ਹੀ ਨਹੀਂ, ਕੀ ਉਨ੍ਹਾਂ ਵਲੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨਾ ਇਖਲਾਕੀ ਤੌਰ ’ਤੇ ਜਾਇਜ਼ ਹੈ?