

ਸਪੋਕਸਮੈਨ ਦੇ ਸੰਪਾਦਕ ਦਾ ਇਹ ਕਹਿਣਾ ਕਿ ਬਾਬੇ ਨਾਨਕ ਨੇ ਆਪਣੇ ਹੱਥੀਂ ਕਿਸੇ ਨੂੰ ਗੁਰਗੱਦੀ ਨਹੀਂ ਦਿੱਤੀ, ਸਿੱਖਾਂ ਨਾਲ ਵੱਡਾ ਵਿਸਾਹਘਾਤ ਹੈ
- ਕ੍ਰਿਪਾਲ
ਸਿੰਘ, ਬਠਿੰਡਾ -
ਸਾਬਕਾ ਪੱਤਰਕਾਰ, ਰੋਜ਼ਾਨਾ ਸਪੋਕਸਮੈਨ
ਮੋਬਾਇਲ : 9855480797
ਅਗੱਸਤ ਮਹੀਨੇ ਦੇ ਇੰਡੀਆ ਅਵੇਅਰਨੈਸ ’ਚ ਮੋਹਾਲੀ ਦੀ ਇੱਕ ਬੀਬੀ ਸੁਰਿੰਦਰ ਕੌਰ ਨਿਹਾਲ ਵਲੋਂ ਲਿਖਿਆ ਇੱਕ ਲੇਖ ਛਪਿਆ ਹੈ, ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਡਾ. ਹਰਜਿੰਦਰ ਸਿੰਘ ਦਿਲਗੀਰ ਦੀ ਮਾਤਾ ਦੇ ਭੋਗ ਸਮੇਂ ਸਪੋਕਸਮੈਨ ਦੇ ਮੁੱਖ ਸੰਪਾਦਕ ਸ: ਜੋਗਿੰਦਰ ਸਿੰਘ ਨੇ ਬੜੀ ਬੇਬਾਕੀ ਨਾਲ ਕਿਹਾ ਕਿ ਬਾਬੇ ਨਾਨਕ ਨੇ ਆਪਣੇ ਜਿਉਂਦੇ ਜੀਅ ਕਿਸੇ ਨੂੰ ਗੁਰਗੱਦੀ ਨਹੀਂ ਦਿੱਤੀ ਕਿਉਂਕਿ ਉਹ ਅੱਗੇ ਗੱਦੀ ਚਲਾਉਣੀ ਹੀ ਨਹੀਂ ਸਨ ਚਾਹੁੰਦੇ। ਅਗੱਸਤ (ਅਤੇ ਹੁਣ ਸਤੰਬਰ) ਦਾ ਪੂਰਾ ਮਹੀਨਾ ਬੀਤ ਗਿਆ ਹੈ ਪਰ ਹਾਲੀਂ ਤੀਕ ਸ: ਜੋਗਿਦਰ ਸਿੰਘ ਵਲੋਂ ਇਸ ’ਤੇ ਕੋਈ ਟਿੱਪਣੀ ਨਹੀਂ ਕੀਤੀ ਗਈ (ਹਾਲਾਂਕਿ ਇੰਡੀਆ ਅਵੇਅਰਨੈਸ ਦੇ ਸੰਪਾਦਕ ਨੇ ਉਸ ਲੇਖ ਦੇ ਨਾਲ ਸੰਪਾਦਕੀ ਨੋਟ ਵੀ ਦਿੱਤਾ ਹੋਇਆ ਹੈ ਕਿ ਸ਼ੰਕੇ ਦੂਰ ਕਰਨ ਲਈ ਸ: ਜੋਗਿੰਦਰ ਸਿੰਘ ਜੀ ਆਪਣਾ ਸਪੱਸ਼ਟੀਕਰਨ ਇੰਡੀਆ ਅਵੇਅਰਨੈਸ ਨੂੰ ਭੇਜਣ ਜਾਂ ਆਪਣੇ ਅਖ਼ਬਾਰ ਦੀ ਸੰਪਾਦਕੀ ’ਚ ਦੇਣ)। ਹੁਣ ਤੱਕ ਸਪੱਸ਼ਟੀਕਰਨ ਨਾ ਦੇਣ ਕਰਕੇ ਕੁਝ ਨਹੀਂ ਕਿਹਾ ਜਾ ਸਕਦਾ ਹੈ ਕਿ ਸ: ਜੋਗਿੰਦਰ ਸਿੰਘ, ਬੀਬੀ ਨਿਹਾਲ ਦਾ ਦਾਅਵਾ ਠੀਕ ਮੰਨਦੇ ਹਨ ਜਾਂ ਗਲਤ।
ਜੇ ਠੀਕ ਹੈ ਤਾਂ ਮੈਂ ਸਮਝਦਾ ਹਾਂ ਕਿ ਉਨ੍ਹਾਂ ਦੀ ਗੁਰਬਾਣੀ ਅਤੇ ਸਿੱਖ ਇਤਿਹਾਸ ਪੱਖੋਂ ਅਗਿਆਨਤਾ ਹੈ। ਸਾਡੇ ਪਾਸ ਸਭ ਤੋਂ ਵੱਡਾ ਸਬੂਤ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਵਿੱਚ ਦਰਜ਼ ਗੁਰਬਾਣੀ ਹੈ। ਦੂਜੇ ਨੰ: ‘ਤੇ ਭਾਈ ਗੁਰਦਾਸ ਜੀ, ਜਿਨ੍ਹਾਂ ਨੇ ਤੀਸਰੇ ਪਾਤਸ਼ਾਹ ਤੋਂ ਲੈ ਕੇ 6ਵੇਂ ਪਾਤਸ਼ਾਹ ਦੀ ਹਜੂਰੀ ਦਾ ਨਿੱਘ ਮਾਣਿਆ ਅਤੇ ਜਿਨ੍ਹਾਂ ਨੂੰ ਗੁਰੂ ਗੰ੍ਰਥ ਸਾਹਿਬ ਜੀ ਆਪਣੇ ਹੱਥੀਂ ਲਿਖਣ ਦਾ ਮਾਣ ਪ੍ਰਾਪਤ ਹੈ, ਦੀਆਂ ਰਚਨਾਵਾਂ ਹਨ। ਗੁਰੂ ਨਾਨਕ ਵਲੋਂ ਗੁਰੂ ਅੰਗਦ ਦੇਵ ਜੀ ਨੂੰ ਆਪਣੇ ਹੱਥੀਂ ਗੁਰਗੱਦੀ ਦੇਣ ਦੇ ਪ੍ਰਤੱਖ ਸਬੂਤ, ਇਨ੍ਹਾਂ ਦੋਵੇਂ ਸਭ ਤੋਂ ਵੱਧ ਵਿਸਵਾਸਯੋਗ ਸੋਮਿਆਂ ਵਿੱਚ ਦਰਜ਼ ਹਨ। ਗੁਰੂ ਗੰ੍ਰਥ ਸਾਹਿਬ ਜੀ ’ਚ ਰਾਮਕਲੀ ਰਾਗ ਵਿੱਚ ਦਰਜ ਸੱਤੇ ਬਲਵੰਡ ਦੀ ਵਾਰ ’ਚ ਪਹਿਲੀ ਹੀ ਪਉੜੀ ’ਚ ਦਰਜ਼ ਹੈ :
ਲਹਿਣੇ ਧਰਿਓਨੁ ਛਤੁ ਸਿਰਿ, ਕਰਿ ਸਿਫਤੀ ਅੰਮ੍ਰਿਤੁ ਪੀਵਦੈ।।
ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ।।
ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ।।
ਸਹਿ ਟਿਕਾ ਦਿਤੋਸੁ ਜੀਵਦੈ।।
(ਪੰਨਾ 966)
ਜਿਸ ਦੇ ਅਰਥ ਵਿਦਵਾਨ ਪ੍ਰੋ: ਸਾਹਿਬ ਸਿੰਘ ਨੇ ਇਸ ਤਰ੍ਹਾਂ ਕੀਤੇ ਹਨ :-
‘‘ਗੁਰੂ ਅਕਾਲ ਪੁਰਖ ਦੀ (ਬਖਸ਼ੀ ਹੋਈ) ਮਤਿ-ਰੂਪ ਤਲਵਾਰ ਦੇ ਜ਼ੋਰ ਨਾਲ ਅਤੇ ਬਲ ਨਾਲ (ਬਾਬੇ ਲਹਿਣੇ ਦੇ ਅੰਦਰੋਂ ਪਹਿਲਾ ਜੀਵਨ ਕੱਢ ਕੇ) ਆਤਮਕ ਜਿੰਦਗੀ ਬਖ਼ਸ਼ ਕੇ (ਬਾਬਾ) ਲਹਿਣਾ ਜੀ, ਜੋ ਸਿਫਤ-ਸਲਾਹ ਕਰਕੇ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਪੀ ਰਹੇ ਸਨ, ਦੇ ਸਿਰ ਉਤੇ ਗੁਰੂ ਨਾਨਦ ਦੇਵ ਜੀ ਨੇ (ਗੁਰਿਆਈ ਦਾ) ਛਤਰ ਧਰਿਆ। ਆਪਣੀ ਸਲਾਮਤੀ ਵਿੱਚ (ਜਿਉਂਦਿਆਂ) ਹੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖ (ਬਾਬਾ ਲਹਿਣਾ ਜੀ) ਅੱਗੇ ਮੱਥਾ ਟੇਕਿਆ ਤੇ ਸਤਿਗੁਰੂ ਜੀ ਨੇ ਜਿਉਂਦਿਆਂ ਹੀ (ਗੁਰਿਆਈ ਦਾ) ਤਿਲਕ (ਬਾਬਾ ਲਹਿਣਾ ਜੀ ਨੂੰ) ਦੇ ਦਿੱਤਾ।’’
ਚੌਥੀ ਪਉੜੀ ਵਿੱਚ ਦਰਜ਼ ਹੈ :
ਜੋਤਿ ਸਮਾਣੀ ਜੋਤ ਮਾਹਿ, ਆਪੁ ਆਪੈ ਸੇਤੀ ਮਿਕਿਓਨੁ।।
ਸਿਖਾਂ ਪੁਤ੍ਰਾਂ ਘੋਖਿ ਕੈ, ਸਭ ਉਮਤਿ ਵੇਖਹੁ, ਜਿ ਕਿਓਨੁ।।
ਜਾਂ ਸੁਧੋਸੁ, ਤਾਂ ਲਹਿਣਾ ਟਿਕਿਓਨ।।
(ਪੰਨਾਂ 967)
ਜਿਸ ਦੇ ਪ੍ਰੋ: ਸਾਹਿਬ ਸਿੰਘ ਨੇ ਅਰਥ ਕੀਤੇ ਹਨ :
‘‘(ਗੁਰੂ ਨਾਨਕ ਸਾਹਿਬ ਦੀ) ਆਤਮਾ (ਬਾਬਾ ਲਹਿਣਾ ਜੀ ਦੀ) ਆਤਮਾ ਵਿੱਚ ਇਉਂ ਮਿਲ ਗਈ ਕਿ ਗੁਰੂ ਨਾਨਕ ਨੇ ਆਪ ਨੂੰ ਆਪਣੇ ‘ਆਪੇ’ (ਬਾਬਾ ਲਹਿਣਾ ਜੀ) ਨਾਲ (ਮਿੱਕ ਕੇ) ਸਾਵਾਂ ਕਰ ਲਿਆ ਭਾਵ ਆਪਣੇ ਬਰਾਬਰ ਦਾ ਕਰ ਲਿਆ। ਹੇ ਸਾਰੀ ਸੰਗਤਿ! ਵੇਖੋ, ਜੋ ਉਸ (ਗੁਰੂ ਨਾਨਕ) ਨੇ ਕੀਤਾ, ਆਪਣੇ ਸਿੱਖਾਂ ਤੇ ਪੁੱਤਰਾਂ ਨੂੰ ਪਰਖ ਕੇ ਜਦੋਂ ਸੁਧਾਈ ਕੀਤੀ ਤਾਂ ਉਸ ਨੇ (ਆਪਣੇ ਥਾਂ ਲਈ ਬਾਬਾ) ਲਹਿਣਾ (ਜੀ ਨੂੰ) ਚੁਣਿਆ।’’
ਭੱਟਾਂ ਦੇ ਸਵੱਈਆਂ ਵਿੱਚ ਦਰਜ਼ ਹੈ :
ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ।।
ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁਆਦਿ ਪੁਰਖਿ ਫੁਰਮਾਇਓ।।
ਅਰਥ : ਹੇ ਗੁਰੂ ਨਾਨਕ! ਕਲਜੁਗ ਵਿੱਚ (ਭੀ ਤੂੰ ਹੀ) ਸਮਰਥਾ ਵਾਲਾ ਹੈਂ, (ਤੂੰ ਹੀ ਆਪਣੇ ਆਪ ਨੂੰ) ਗੁਰੂ ਅੰਗਦ ਤੇ ਗੁਰੂ ਅਮਰਦਾਸ ਅਖਵਾਇਆ ਹੈ। (ਇਹ ਤਾਂ) ਅਕਾਲ ਪੁਰਖ ਨੇ (ਹੀ) ਹੁਕਮ ਦੇ ਰੱਖਿਆ ਹੈ ਕਿ ਸ਼੍ਰੀ ਗੁਰੂ (ਨਾਨਕ ਦੇਵ ਜੀ) ਦਾ ਰਾਜ ਸਦਾ ਥਿਰ ਤੇ ਅਟੱਲ ਹੈ।
ਕਹੁ ਕੀਰਤਿ ਕਲਸਹਾਰ, ਸਪਤ ਦੀਪ ਮਝਾਰ, ਲਹਣਾ ਜਗਤ੍ਰ ਗੁਰੁ, ਪਰਸਿ ਮੁਰਾਰ।।
(ਪੰਨਾ 1391)
ਭਾਵ : ਹੇ ਕਲਸਹਾਰ ! ‘‘ਮੁਰਾਰੀ ਦੇ ਰੂਪ ਜਗਤ-ਗੁਰੂ (ਨਾਨਕ ਦੇਵ ਜੀ ਨੂੰ ਪਰਸ ਕੇ (ਐਸੇ ਗੁਰੂ ਅੰਗਦ) ਲਹਣੇ ਦੀ ਸੋਭਾ ਸਾਰੇ ਸੰਸਾਰ ਵਿੱਚ ਪਸਰ ਰਹੀ ਹੈ’’।
ਸਤਿਗੁਰੂ ਕਲ ਸਤਗੁਰ ਤਿਲਕੁ ਸਤਿ ਲਾਗੈ ਸੋ ਪੈ ਤਰੈ।।
ਗੁਰੁ ਜਗਤ, ਫਿਰਣਸੀਹ ਅੰਗਰਉ, ਰਾਜ ਜੋਗ ਲਹਿਣਾ ਕਰੈ।।
(ਪੰਨਾ 1391)
ਹੇ ਕਲਸਹਾਰ! ਸਤਿਗੁਰੂ (ਅੰਗਦ ਦੇਵ) ਸ਼੍ਰੋਮਣੀ ਗੁਰੂ ਹੈ। ਜੋ ਮਨੁੱਖ ਸ਼ਰਧਾ ਧਾਰ ਕੇ ਉਸ ਦੀ ਚਰਨੀਂ
ਲੱਗਦਾ ਹੈ, ਉਹ ਤਰ ਜਾਂਦਾ ਹੈ। ਜਗਤ ਦਾ ਗੁਰੂ ਬਾਬਾ ਫੇਰੂ ਜੀ ਦਾ ਸਪੁੱਤਰ ਲਹਣਾ ਜੀ, ਗੁਰੂ ਅੰਗਦ,
ਰਾਜ ਅਤੇ ਜੋਗ ਮਾਣਦਾ ਹੈ।
ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਦੀ 38ਵੀਂ ਪਉੜੀ ਵਿੱਚ ਲਿਖਦੇ ਹਨ :-
ਫਿਰਿ ਬਾਬਾ ਆਇਆ ਕਰਤਾਰਪੁਰਿ, ਭੇਖ ਉਦਾਸੀ ਸਗਲ ਉਤਾਰਾ।
ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ।
ਉਲਟੀ ਗੰਗ ਵਹਾਇਓਨਿ ਗੁਰ ਅੰਗਦੁ ਸਿਰਿ ਉਪਰਿ ਧਾਰਾ।
ਭਾਵ (ਪ੍ਰਚਾਰਕ ਦੌਰੇ ਪੂਰੇ ਕਰਨ ਪਿੱਛੋਂ) ਫਿਰ ਬਾਬਾ (ਨਾਨਕ) ਕਰਤਾਰਪੁਰ ਆਇਆ ਤੇ ਸਾਰਾ ਉਦਾਸੀ ਭੇਖ ਉਤਾਰ ਕੇ, ਸੰਸਾਰੀ ਕਪੜੇ ਪਹਿਨ ਕੇ ਅਤੇ ਮੰਜੀ ’ਤੇ ਬੈਠ ਕੇ (ਗ੍ਰਿਹਸਥ ਜੀਵਨ ’ਚ) ਟਿਕ ਕੇ ਬਹਿ ਗਏ। ਉਨ੍ਹਾਂ ਗੁਰੂ ਅੰਗਦ ਜੀ ਨੂੰ ਆਪਣੇ ਸਿਰ ’ਤੇ ਗੁਰੂ ਧਾਰਨ ਕਰਕੇ ਉਲਟੀ ਹੀ ਗੰਗਾ ਵਹਾਅ ਦਿੱਤੀ।
ਇਤਨੇ ਪ੍ਰਤੱਖ ਪ੍ਰਮਾਣ ਹੋਣ ’ਤੇ ਵੀ ਜੇ ਕੋਈ ‘‘ਇਕਾ ਬਾਣੀ, ਇਕ ਗੁਰੁ, ਇਕੋ ਸਬਦ ਵੀਚਾਰÒ’’ ਦਾ
ਪ੍ਰਮਾਣ ਦੇ ਕੇ ਕਹੇ ਕਿ ਸਾਡਾ ਇੱਕੋ ਬਾਬਾ ਨਾਨਕ ਹੀ ਗੁਰੂ ਹੈ, ਜੇ ਅਸੀਂ ਬਾਕੀ ਦੇ 9 ਗੁਰੂ ਮੰਨ
ਲਏ ਤਾਂ ਸਾਡੇ ‘ਤੇ ਸਵਾਲ ਖੜ੍ਹਾ ਹੋ ਸਕਦਾ ਹੈ ਕਿ ਜੇ ਸਿੱਖਾਂ ਦੇ 10 ਦੇਹਧਾਰੀ ਗੁਰੂ ਹੋਏ ਹਨ ਤਾਂ
ਅੱਜ ਦੇਹਧਾਰੀ ਗੁਰੂ ਕਿਉਂ ਨਹੀਂ ਹੋ ਸਕਦਾ? ਐਸੀ ਦਲੀਲ ਕਮਜ਼ੋਰ ਮਾਨਸਿਕਤਾ ਅਤੇ ਸਿੱਖ ਫਲਸਫੇ ਅਤੇ
ਇਹਿਤਾਸ ਤੋਂ ਨਾਵਾਕਫ਼ੀ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਇਹ ਭਲੀ-ਭਾਂਤ ਸਮਝ ਸੀ ਕਿ ਜੁਗਾਂ-
ਜੁਗਾਂਤਰਾਂ ਤੋਂ ਦੇਹਧਾਰੀ ਬ੍ਰਾਹਮਣ ਗੁਰੂ ਦੀ ਗੁਲਾਮੀ ਕਰਨ ਵਾਲੇ ਭਾਰਤੀ ਲੋਕ ਇਕ-ਦਮ ਕਰਮ-ਕਾਂਡਾਂ
ਅਤੇ ਦੇਹਧਾਰੀਆਂ ਤੋਂ ਮੁਕਤ ਨਹੀਂ ਹੋ ਸਕਦੇ, ਇਸ ਲਈ ਇਨ੍ਹਾਂ ਨੂੰ ਸਿੱਧਾ ਗੁਰ-ਸ਼ਬਦ ਨਾਲ ਜੋੜ ਕੇ
ਦੇਹਧਾਰੀ ਗੁਰੂਡੰਮ੍ਹ ਤੋਂ ਅਜਾਦ ਕਰਵਾਉਣ ਲਈ ਲੰਬਾ ਸਮਾਂ ਚਾਹੀਦਾ ਹੈ ਅਤੇ ਕੁਦਰਤੀ ਨਿਯਮਾਂ
ਅਨੁਸਾਰ ਇੱਕੋ ਸਰੀਰ ਇਤਨਾ ਲੰਬਾ ਸਮਾਂ ਸੰਸਾਰ ’ਚ ਨਹੀਂ ਰਹਿ ਸਕਦਾ। ਇਸ ਲਈ ਉਨ੍ਹਾਂ 10 ਜਾਮੇ
ਧਾਰਨ ਕਰਕੇ ਇਹ ਔਖਾ ਕਾਰਜ ਸੰਪੂਰਨ ਕੀਤਾ। ਇਹ ਸਰੀਰ ਬੇਸ਼ੱਕ ਵੱਖਰੇ-ਵੱਖਰੇ ਸਨ ਪਰ ਜੋਤ
(ਵਿਚਾਰਧਾਰਾ) ਅਤੇ ਜੁਗਤ, ਗੁਰੂ ਨਾਨਕ ਸਾਹਿਬ ਵਾਲੀ ਹੀ ਸੀ। ਸਤੇ ਬਲਵੰਡ ਦੀ ਦੂਸਰੀ ਪਉੜੀ ਵਿੱਚ
ਸਾਫ਼ ਲਿਖਿਆ ਹੈ :
ਲਹਣੇ ਦੀ ਫੇਰਾਈਐ, ਨਾਨਕਾ ਦੋਹੀ ਖਟੀਐ।
ਜੋਤਿ ਓਹਾ, ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ।
(ਪੰਨਾ 966)
ਭਾਵ : (ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦਾ ਤਿਲਕ ਬਾਬਾ ਲਹਿਣਾ ਜੀ ਨੂੰ ਦੇ ਦਿੱਤਾ ਤਾਂ) ਗੁਰੂ ਨਾਨਕ ਸਾਹਿਬ ਦੀ ਵਡਿਆਈ ਦੀ ਧੁੰਮ ਦੀ ਬਰਕਤ ਨਾਲ ਬਾਬਾ ਲਹਿਣਾ ਜੀ ਦੀ ਵਡਿਆਈ ਦੀ ਧੁੰਮ ਪੈ ਗਈ ਕਿਉਂਕਿ (ਬਾਬਾ ਲਹਿਣਾ ਜੀ ਦੇ ਅੰਦਰ) ਉਹੀ (ਗੁਰੂ ਨਾਨਕ ਦੇਵ ਜੀ ਵਾਲੀ) ਜੋਤਿ ਸੀ, ਜੀਵਨ ਦਾ ਢੰਗ ਵੀ ਉਹੀ ਸੀ, ਗੁਰੂ ਨੇ ਸਿਰਫ਼ ਸਰੀਰ ਹੀ ਵਟਾਇਆ ਸੀ।
ਨਾਨਕੁ ਕਾਇਆ ਪਲਟੁ ਕਰਿ, ਮਲਿ ਤਖਤੁ ਬੈਠਾ ਸੈ ਡਾਲੀ।।
ਦਰੁ ਸੇਵੇ ਓਮਤਿ ਖੜੀ, ਮਸਕਲੈ ਹੋਇ ਜੰਗਾਲੀ।।
(ਪੰਨਾ 967)
ਭਾਵ : ਸੈਂਕੜੇ ਸੇਵਕਾਂ ਵਾਲਾ ਗੁਰੂ ਨਾਨਕ ਸਰੀਰ ਵਟਾ ਕੇ (ਭਾਵ, ਗੁਰੂ ਅੰਗਦ ਦੇਵ ਜੀ ਦੇ ਸਰੂਪ
ਵਿੱਚ) ਗੱਦੀ ਸੰਭਾਲ ਕੇ ਬੈਠਾ ਹੋਇਆ ਹੈ। (ਗੁਰੂ ਅੰਗਦ ਦੇਵ ਜੀ ਦੇ ਅੰਦਰ ਗੁਰੂ ਨਾਨਕ ਸਾਹਿਬ ਵਾਲੀ
ਹੀ ਜੋਤ ਹੈ, ਕੇਵਲ ਸਰੀਰ ਪਲਟਿਆ ਹੈ)। ਸੰਗਤ (ਗੁਰੂ ਅੰਗਦ ਦੇਵ ਜੀ ਦਾ) ਦਰ (ਮੱਲ ਕੇ) ਪ੍ਰੇਮ ਨਾਲ
ਸੇਵਾ ਕਰ ਰਹੀ ਹੈ (ਅਤੇ ਆਪਣੇ ਆਪ ਨੂੰ ਪਵਿੱਤਰ ਕਰ ਰਹੀ ਹੈ) ਜਿਵੇਂ ਜੰਗਾਲੀ ਹੋਈ ਧਾਤ ਮਸਕਲੇ ਨਾਲ
(ਸਾਫ਼) ਹੋ ਜਾਂਦੀ ਹੈ।
ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਦੀ 45ਵੀਂ ਪਉੜੀ ਵਿੱਚ ਲਿਖ ਰਹੇ ਹਨ :
ਥਾਪਿਆ ਲਹਿਣਾ ਜੀਵਦੈ, ਗੁਰਿਆਈ ਸਿਰਿ ਛਤ੍ਰ ਫਿਰਾਇਆ।
ਜੋਤੀ ਜੋਤਿ ਮਿਲਾਇਕੈ ਸਤਿਗੁਰ ਨਾਨਕ ਰੂਪ ਵਟਾਇਆ।
ਲਖਿ ਨ ਕੋਈ ਸਕਈ, ਆਚਰਜ ਅਚਰਜ ਦਿਖਾਇਆ।
ਕਾਇਆ ਪਲਟਿ ਸਰੂਪ ਬਣਾਇਆ।
ਇਸੇ ਤਰ੍ਹਾਂ ਗੁਰੂ ਗੰ੍ਰਥ ਸਾਹਿਬ ਜੀ ’ਚ ਪਹਿਲੇ ਪੰਜ ਗੁਰੂਆਂ ਨੂੰ ਇੱਕੋ ਜੋਤ ਕਰਕੇ ਲਿਖਿਆ ਹੈ :
ਧੰਨੁ ਧੰਨੁ ਰਾਮਦਾਸੁ ਗੁਰੁ, ਜਿਨਿ ਸਿਰਿਆ, ਤਿਨੈ ਸਵਾਰਿਆÒ...
ਨਾਨਕੁ ਤੂ ਲਹਣਾ ਤੁਹੈ, ਗੁਰੁ ਅਮਰੁ ਤੂ ਵੀਚਾਰਿਆÒ
ਗੁਰ ਡਿਠਾ ਤਾਂ ਮਨੁ ਸਧਾਰਿਆÒ...
ਸਭ ਉਮਤਿ ਆਵਣ ਜਾਵਣੀ, ਆਪੇ ਹੀ ਨਵਾਂ ਨਿਰੋਆÒ
ਤਖਤਿ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆÒ
(ਪੰਨਾ 968)
ਗੁਰੂ ਗੰ੍ਰਥ ਸਾਹਿਬ ਜੀ ਵਿੱਚ ਪਿਛਲੇ ਪੰਜ ਗੁਰੂ ਸਾਹਿਬਾਨ ਦਾ ਜਿਕਰ ਇਸ ਲਈ ਨਹੀਂ ਲਿਖਿਆ ਜਾ ਸਕਿਆ
ਕਿਉਂਕਿ ਇਸ ਦੀ ਸੰਪਾਦਨਾ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਹੀ ਕਰ ਦਿੱਤੀ ਸੀ।
ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਵਿੱਚ ਪਹਿਲੇ ਪੰਜਾਂ ਤੋਂ ਇਲਾਵਾ ਛੇਵੇਂ ਪਾਤਸ਼ਾਹ ਨੂੰ ਵੀ
ਉਸੇ ਹੀ ਜੋਤ ਦਾ ਸਰੂਪ ਦੱਸਿਆ ਹੈ :-
ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ।
ਅਰਜਨ ਕਾਇਆ ਪਲਟਿਕੈ ਮੂਰਤਿ ਹਰਗੋਬਿੰਦ ਸਵਾਰੀ।
ਚਲੀ ਪੀੜੀ ਸੋਢੀਆ ਰੂਪ ਦਿਖਾਵਣਿ ਵਾਰੋ ਵਾਰੀ।....
ਜੁਗਿ ਜੁਗਿ ਸਤਿਗੁਰ ਧਰੇ ਅਵਤਾਰੀ।
ਜੇ ਇਤਨੇ ਸਬੂਤਾਂ ਦੇ ਹੁੰਦਿਆਂ ਹੋਇਆਂ ਵੀ ਇੱਕ ‘ਵਿਦਵਾਨ’ ਸੰਪਾਦਕ, ਜਿਸ ਨੇ ਕਥਿਤ ਤੌਰ ’ਤੇ ਸਿੱਖਾਂ ਨੂੰ ਸਿੱਖੀ ਸਿਧਾਂਤਾਂ ਤੇ ਇਤਿਹਾਸ ਬਾਰੇ ਜਾਗ੍ਰਿਤ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ, ਇੱਕ ਭਰੇ ਦੀਵਾਨ, ਜਿਸ ਵਿੱਚ ਵੱਡੀ ਗਿਣਤੀ ਕਥਿਤ ਤੌਰ ’ਤੇ ਜਾਗ੍ਰਿਤ ਸਿੱਖਾਂ ਦੀ ਹੀ ਸੀ, ਸ਼ਰੇਆਮ ਇਹ ਕਹਿ ਦੇਣ, ‘‘ਬਾਬੇ ਨਾਨਕ ਨੇ ਜਿਉਂਦਿਆਂ ਜੀ ਕਿਸੇ ਨੂੰ ਗੁਰਗੱਦੀ ਨਹੀਂ ਦਿੱਤੀ ਕਿਉਂਕਿ ਉਹ ਅੱਗੇ ਗੱਦੀ ਚਲਾਉਣੀ ਹੀ ਨਹੀਂ ਸਨ ਚਾਹੁੰਦੇ’’, ਇਹ ਸੁਣ ਕੇ ਵੀ (ਸਿਵਾਏ ਬੀਬੀ ਸੁਰਿੰਦਰ ਕੌਰ ਨਿਹਾਲ ਅਤੇ ਭਾਈ ਬਚਿੱਤਰ ਸਿੰਘ ਆਹਲੂਵਾਲੀਆ ਦੇ) ਕੋਈ ਨੋਟਿਸ ਹੀ ਨਾ ਲਵੇ ਤਾਂ ਸਮਝੋ ਉਹ ਦੂਸਰਿਆਂ ਨੂੰ ਹੀ ਜਾਗ੍ਰਿਤ ਕਰਨ ’ਚ ਰੁੱਝੇ ਹਨ ਖ਼ੁਦ ਜਾਗ੍ਰਿਤ ਨਹੀਂ ਹੋਏ ਜਾਂ ਫਿਰ ਉਹ ਇਤਨੇ ਜਾਗ੍ਰਿਤ ਹੋ ਗਏ ਹਨ ਕਿ ਬਹੁਤ ਜਾਗਣ ਕਰਕੇ ਆਪਣੇ ਵਿਦਵਾਨ ਨੂੰ ਸੁਣਨ ਮੌਕੇ ਥੋੜ੍ਹੀ ਨੀਂਦਰ ਦਾ ਸੁੱਖ ਮਾਣਨ ਦੇ ਲੋਰ ’ਚ ਅਣਸੁਣਿਆ ਹੀ ਕਰ ਗਏ।
ਇਹ ਦਲੀਲ ਵੀ ਬੜੀ ਅਢੁੱਕਵੀਂ ਹੈ ਕਿ ਬਾਦਲ ਦਲ ਦੇ ਆਗੂ ਅਤੇ ਡੇਰੇਦਾਰ ਅਨੇਕਾਂ ਗਲਤੀਆਂ ਕਰਦੇ ਹਨ, ਜੇ ਸਪੋਕਸਮੈਨ ਦੇ ਸੰਪਾਦਕ ਨੇ ਛੋਟੀ ਜਿਹੀ ਇੱਕ ਗਲਤੀ ਕਰ ਦਿੱਤੀ ਤਾਂ ਕੋਈ ਪਹਾੜ ਨਹੀਂ ਡਿੱਗ ਪੈਣ ਲੱਗਾ। ਜੇ ਉਨ੍ਹਾਂ ਇਹ ਸ਼ਬਦ ਧੁਰ ਆਪਣੇ ਅੰਦਰਲੇ ਵੀਚਾਰ ਪ੍ਰਗਟ ਕਰਦੇ ਹੋਏ ਕਹੇ ਹਨ ਤਾਂ ਇਹ ਛੋਟੀ ਗਲਤੀ ਨਹੀਂ ਸਗੋਂ ਹੁਣ ਤੱਕ ਸਾਰੇ ਡੇਰੇਦਾਰਾਂ ਵੱਲੋਂ ਕੀਤੀਆਂ ਗਲਤੀਆਂ ਨਾਲੋਂ ਸਭ ਤੋਂ ਵੱਡੀ ਹੈ। ਡੇਰੇਦਾਰ ਤਾਂ ਗੁਰੂ ਦੇ ਹੁਕਮ ਮੰਨਣ ਤੋਂ ਇਨਕਾਰੀ ਹਨ, ਇਹ ਤਾਂ ਗੁਰੂ ਮੰਨਣ ਤੋਂ ਹੀ ਇਨਕਾਰੀ ਹੋ ਗਏ। ਜੇ ਪਿੱਛਲੇ 9 ਗੁਰੁੂਆਂ ਦੀ ਸਾਡੇ ਲਈ ਕੋਈ ਹੋਂਦ ਹੀ ਨਹੀਂ ਤਾਂ ਪੰਜਵੇਂ ਪਾਤਸ਼ਾਹ ਵਲੋਂ ਲਿਖਵਾਇਆ ਗਿਆ ਗੁਰੂ ਗੰ੍ਰਥ ਸਾਹਿਬ, ਦਸਵੇਂ ਪਾਤਸ਼ਾਹ ਵਲੋਂ ਸਾਜਿਆ ਖ਼ਾਲਸਾ, ਸਭ ਕੁਝ ਹੀ ਰੱਦ ਹੋ ਗਏ। ਇੱਥੋਂ ਤੱਕ ਕਿ ਬਾਬੇ ਨਾਨਕ ਦੀ ਬਾਣੀ ਸਬੰਧੀ ਵੀ ਇਤਨਾ ਭੰਬਲਭੂਸਾ ਪੈਦਾ ਹੋ ਜਾਵੇਗਾ ਕਿ ਸਮਝ ਹੀ ਨਹੀਂ ਆਉਣੀ ਕਿ ਕਿਹੜੀ ਬਾਣੀ ਬਾਬੇ ਨਾਨਕ ਦੀ ਹੈ ਅਤੇ ਕਿਹੜੀ ਉਨ੍ਹਾਂ ਦੇ ਨਾਮ ਹੇਠ ਸਾਜਿਸ਼ਕਾਰਾਂ ਵਲੋਂ ਰਚੀ ਗਈ ਕੱਚੀ ਰਚਨਾ ਹੈ। ਗੁਰੂ ਨਾਨਕ ਦੀ ਅਸਲੀ ਬਾਣੀ ਹੋਣ ਦੀ ਕਸਵੱਟੀ ਸਾਡੇ ਪਾਸ ਸਿਰਫ਼ ਇਹ ਹੀ ਤਾਂ ਹੈ ਕਿ ਜਿਹੜੀ ਬਾਣੀ ਗੁਰੂ ਗੰ੍ਰਥ ਸਾਹਿਬ ਜੀ ’ਚ ਦਰਜ਼ ਹੈ, ਉਹ ਅਸਲੀ ਹੈ ਅਤੇ ਜਿਹੜੀ ਇਸ ਤੋਂ ਬਾਹਰ ਹੈ, ਉਹ ਕੱਚੀ ਬਾਣੀ ਹੈ।
ਇੱਕ ਇਹ ਵੀ ਦਲੀਲ ਦਿੱਤੀ ਜਾ ਰਹੀ ਹੈ ਕਿ ਸਪੋਕਸਮੈਨ ਦੀ ਚੜ੍ਹਤ ਨੂੰ ਵੇਖ ਕੇ ਵਿਰੋਧੀ ਧਿਰ ਨੇ ਜਾਣਬੁੱਝ ਕੇ ਅਜਿਹਾ ਗਲਤ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ। ਰੋਜ਼ਾਨਾ ਸਪੋਕਸਮੈਨ ਅਖਬਾਰ ਸ਼ੁਰੂ ਹੋਣ ਤੋਂ ਪਹਿਲਾਂ ਵੀ ਵਿਰੋਧੀ ਪ੍ਰਚਾਰ ਜੋਰਾਂ ’ਤੇ ਸੀ ਅਤੇ ਹੁਣ ‘ਉ¤ਚਾ ਦਰ ਬਾਬੇ ਨਾਨਕ ਦਾ’ ਬਣਨ ਲੱਗਾ ਹੈ ਤਾਂ ਵਿਰੋਧੀਆਂ ਨੇ ਫਿਰ ਵਿਰੋਧੀ ਪ੍ਰਚਾਰ ਤੇਜ ਕਰ ਦਿੱਤਾ ਹੈ। ਸ: ਜੋਗਿੰਦਰ ਸਿੰਘ ਨੇ ਵਿਰੋਧੀਆਂ ਦੇ ਦੋਸ਼ਾਂ ਦਾ ਜਵਾਬ ਦੇਣ ਦੀ ਥਾਂ ਸਾਰਾ ਧਿਆਨ ਪਹਿਲਾਂ ਅਖ਼ਬਾਰ ਸ਼ੁਰੂ ਕਰਨ, ਤੇ ਉਸ ਨੂੰ ਸਫਲਤਾ ਦਿਵਾਉਣ ਲਈ ਲਾ ਦਿੱਤਾ ਤਾਂ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਖ਼ੁਦ ਬਖ਼ੁਦ ਹੀ ਮਿਲ ਗਏ। ਹੁਣ ਵੀ ਵਿਰੋਧੀਆਂ ਦੇ ਜਵਾਬ ਦੇਣ ਦੀ ਥਾਂ ‘ਉ¤ਚਾ ਦਰ ਬਾਬੇ ਨਾਨਕ ਦਾ’ ਉਸਾਰ ਕੇ ਹੀ ਉਨ੍ਹਾਂ ਵਿਰੋਧੀਆਂ ਨੂੰ ਝੂਠਾ ਸਿੱਧ ਸਾਬਿਤ ਕਰ ਦੇਣਗੇ। 30 ਅਗੱਸਤ ਨੂੰ ਬਠਿੰਡਾ ਵਿਖੇ ‘ਏਕਸ ਕੇ ਬਾਰਿਕ’ ਜਥੇਬੰਦੀ ਦੀ ਹੋਈ ਮੀਟਿੰਗ ’ਚ ਭਾਈ ਸੁਖਜੀਤਪਾਲ ਸਿੰਘ ਭੁੱਚੋ ਮੰਡੀ, ਜਿਹੜਾ ਕਿ ਹੁਣ ਤੱਕ ਸਪੋਕਸਮੈਨ ਦਾ ਹੀ ਵੱਡਾ ਸਮਰਥਕ ਰਿਹਾ ਹੈ, ਨੇ ਵੀ ਇਸ ਦਾ ਸਪੱਸ਼ਟੀਕਰਨ ਮੰਗਿਆ ਸੀ ਤਾਂ ਪ੍ਰਬੰਧਕਾਂ ਵਲੋਂ ਉਸ ਨੂੰ ‘‘ਹਾਥੀ ਚਲਦਾ ਰਹਿੰਦਾ ਕੁੱਤੇ ਭੌਂਕਦੇ ਰਹਿੰਦੇ ਹਨ’’ ਦੀ ਉਦਾਹਰਣ ਦੇ ਕੇ ਅਜਿਹੇ ਸਪੱਸ਼ਟੀਕਰਨ ਦੇਣ ਤੋਂ ਨਾਂਹ ਕੀਤੀ ਗਈ। ਕਦੀ ਐਸਾ ਤਾਂ ਨਹੀਂ ਹੋਇਆ ਪਿਆ ਕਿ ਲੋੜ ਤੋਂ ਵੱਧ ਜਾਗ੍ਰਿਤ ਹੋਣ ਕਰਕੇ ਉਨ੍ਹਾਂ ਦਾ ਮਨ ਵੀ ਹਾਥੀ ਦੀ ਤਰ੍ਹਾਂ ਹੰਕਾਰ ਗਿਆ ਹੋਵੇ ਤੇ ਗੁਰੂ ਘਰ ਦੇ ਕੁੱਤਿਆਂ ਦੇ ਭੌਂਕਣ ਦੀ ਪ੍ਰਵਾਹ ਹੀ ਨਾ ਕਰਦੇ ਹੋਏ ਉਹ ਐਸੇ ਬਚਨ ਬੋਲ ਗਏ ਹਨ ਤੇ ਉਨ੍ਹਾਂ ਦੀ ਦਸ਼ਾ ‘‘ਮਨੁ ਤਉ ਮੈਗਲੁ ਹੋਇ ਰਹਾ, ਨਿਕਸਿਆ ਕਿਉ ਕਰਿ ਜਾਇ’’ (ਮ: 5, ਪੰਨਾ 509) ਵਰਗੀ ਤਾਂ ਨਹੀਂ ਹੋਈ ਪਈ?
ਮੇਰੀ ਦਿਲੀ ਭਾਵਨਾ ਹੈ ਕਿ ਸਪੋਕਸਮੈਨ ਪ੍ਰਤੀ ਉ¤ਠੇ ਸਾਰੇ ਤੌਖਲੇ ਗਲਤ ਸਾਬਤ ਹੋ ਜਾਣ ਪਰ ਇਨ੍ਹਾਂ ਨੂੰ ਗਲਤ ਸਿੱਧ ਕਰਨ ਲਈ ਸਪੋਕਸਮੈਨ ਦੇ ਮੁੱਖ ਸੰਪਾਦਕ ਨੂੰ ਆਪਣੇ ਸੰਪਾਦਕੀ ਲੇਖਾਂ ’ਚ ਇਸ ਦਾ ਸਪੱਸ਼ਟੀਕਰਨ ਦੇਣਾ ਜਰੂਰੀ ਹੈ। ਸਿਰਫ਼ ਐਸਾ ਬਿਆਨ ਦੇਣਾ ਵੀ ਕਾਫ਼ੀ ਨਹੀਂ ਹੋਵੇਗਾ ਕਿ ਉਨ੍ਹਾਂ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ, ਸਗੋਂ ਉਨ੍ਹਾਂ ਨੂੰ ਸਾਫ਼ ਲਫ਼ਜਾਂ ਵਿੱਚ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਦਸੇ ਹੀ ਗੁਰੂ ਸਾਹਿਬਾਨ ਨੂੰ ਇੱਕੋ ਜੋਤ ਮੰਨਦੇ ਹਨ। ੴ ਤੋਂ ਲੈ ਕੇ ਮੁੰਦਾਵਣੀ ਤੱਕ ਗੁਰੂ ਗੰ੍ਰਥ ਸਾਹਿਬ ਜੀ ਦੀ ਬਾਣੀ ਨੂੰ ਪੂਰੀ ਤਰ੍ਹਾਂ ਮੰਨਦੇ ਹਨ ਅਤੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਖੰਡੇ ਬਾਟੇ ਦੀ ਪਾਹੁਲ ਰਾਹੀਂ ਖ਼ਾਲਸਾ ਪੰਥ ਦੀ ਸਾਜਨਾ ’ਚ ਪੂਰੀ ਤਰ੍ਹਾਂ ਯਕੀਨ ਰੱਖਦੇ ਹਨ। ਇਨ੍ਹਾਂ ਸਬੰਧੀ ਉਨ੍ਹਾਂ ਦੇ ਮਨ ਵਿੱਚ ਕੋਈ ਤੌਖਲਾ ਨਹੀਂ ਹੈ ਅਤੇ ਨਾ ਹੀ ਕਦੀ ਇਨ੍ਹਾਂ ‘ਤੇ ਕੋਈ ਕਿੰਤੂ ਪ੍ਰੰਤੂ ਕਰਨਗੇ।
ਜੇਕਰ ਐਸਾ ਨਾ ਕੀਤਾ ਗਿਆ ਤਾਂ ਸਿੱਖਾਂ ਦੇ ਮਨਾਂ ਵਿੱਚ ਉਨ੍ਹਾਂ ਸਬੰਧੀ ਬਣੇ ਤੌਖਲੇ ਹੋਰ ਵੀ ਪੱਕੇ ਹੋ ਜਾਣਗੇ। ਕਿਉਂਕਿ ਉਹ ਖੰਡੇ ਬਾਟੇ ਦੀ ਪਾਹੁਣ ਛਕਣ ਤੋਂ ਤਾਂ ਪਹਿਲਾਂ ਹੀ ਇਨਕਾਰੀ ਹਨ। ਭੱਟਾਂ ਦੇ ਸਵੱਈਆਂ ’ਤੇ ਕਿੰਤੂ ਪ੍ਰੰਤੂ ਕਰਦਾ ਲੇਖ ਉਹ ਪਹਲਾਂ ਹੀ ਆਪਣੇ ਮਾਸਕ ਸਪੋਕਸਮੈਨ ’ਚ ਛਾਪ ਚੁੱਕੇ ਹਨ। ਆਮ ਸਿੱਖ ਉਸੇ ਸਮੇਂ ਹੀ ਤੌਖਲਾ ਪ੍ਰਗਟ ਕਰ ਰਹੇ ਸਨ ਕਿ ਜੇ ਅੱਜ ਭੱਟਾਂ ਦੇ ਸਵੱਈਆਂ ‘ਤੇ ਕਿੰਤੂ ਹੋ ਗਿਆ ਤਾਂ ਕੱਲ੍ਹ ਨੂੰ ਭਗਤ ਬਾਣੀ ’ਤੇ, ਫ਼ਿਰ ਦੂਸਰੇ ਤੋਂ ਪੰਜਵੇਂ ਅਤੇ ਨੌਵੇਂ ਗੁਰੂ ਦੀ ਬਾਣੀ ’ਤੇ ਕਿੰਤੂ ਹੋ ਸਕਦਾ ਹੈ। ਬੀਬੀ ਨਿਹਾਲ ਕੌਰ ਵਲੋਂ ਦੱਸੇ ਸ: ਜੋਗਿੰਦਰ ਸਿੰਘ ਦੇ ਦਿੱਤੇ ਬਿਆਨ ਦੇ ਦਾਅਵੇ ਨਾਲ ਇਹ ਸ਼ੱਕ ਹੋਰ ਪੱਕੇ ਹੋ ਰਹੇ ਹਨ। ਇਸ ਲਈ ਇਨ੍ਹਾਂ ਸ਼ੰਕਾਵਾਂ ਨੂੰ ਦੂਰ ਕਰਨ ਲਈ ਜਿਤਨੀ ਜਲਦੀ ਹੋ ਸਕੇ, ਉਤਨੀ ਹੀ ਜਲਦੀ ‘‘ਰੋਸ ਨਾ ਕੀਜੈ ਉਤਰ ਦੀਜੈ’’ ਦੇ ਅਧਾਰ ’ਤੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਜਿਤਨੀ ਦੇਰ ਹੋਵੇਗੀ, ਉਤਨਾ ਹੀ ਵੱਧ ਨੁਕਸਾਨ ‘ਏਕਸ ਕੇ ਬਾਰਿਕ’ ਜਥੇਬੰਦੀ ਅਤੇ ‘ਉਚਾ ਦਰ ਬਾਬੇ ਨਾਨਕ ਦਾ’ ਨੂੰ ਹੋਵੇਗਾ। ਇਸ ਲਈ ਏਕਸ ਕੇ ਬਾਰਿਕ ਜਥੇਬੰਦੀ ਦੇ ਮੈਂਬਰਾਂ ਦਾ ਹੀ ਸਭ ਤੋਂ ਵੱਧ ਫਰਜ਼ ਬਣਦਾ ਹੈ ਕਿ ਉਹ ਇਸ ਅਹਿਮ ਮੁੱਦੇ ‘ਤੋ ਸ: ਜੋਗਿੰਦਰ ਸਿੰਘ ਦਾ ਧਿਆਨ ਦਿਵਾ ਕੇ ਉਨ੍ਹਾਂ ਨੂੰ ਸਪੱਸ਼ਟੀਕਰਨ ਦੇਣ ਲਈ ਮਨਵਾਉਣ।
ਇਹ ਨਹੀਂ ਕਿ ਜੇ ਉਨ੍ਹਾਂ ਸਪੱਸ਼ਟੀਕਰਨ ਨਾ ਦਿੱਤਾ ਤਾਂ ‘ਉ¤ਚਾ ਦਰ ਬਾਬੇ ਨਾਨਕ ਦਾ’ ਨਹੀਂ ਬਣੇਗਾ। ਹੋ ਸਕਦਾ ਹੈ ਕਿ ਇਹ ਉਸ ਸਮੇਂ ਤੋਂ ਵੀ ਜਲਦੀ ਬਣ ਜਾਵੇ, ਜਿਤਨੇ ਸਮੇਂ ਦਾ ਉਹ ਖ਼ੁਦ ਅੰਦਾਜ਼ਾ ਲਾ ਰਹੇ ਹੋਣ। ਪਰ ਸੁਆਲ ਤਾਂ ਇਹ ਪੈਦਾ ਹੁੰਦਾ ਹੈ ਕਿ ਕੀ ਅਜਿਹੇ ਵੀਚਾਰਾਂ ਵਾਲੇ ਵਿਅਕਤੀ ਦੀ ਕਮਾਂਡ ਹੇਠ ਬਣਿਆ ‘ਉ¤ਚਾ ਦਰ ਬਾਬੇ ਨਾਨਕ ਦਾ’ ਬਾਬੇ ਦੇ ਮਿਸ਼ਨ ਨੂੰ ਅੱਗੇ ਤੋਰੇਗਾ ਵੀ ਜਾਂ ਪਹਿਲਾਂ ਨਾਲੋਂ ਵੀ ਵੱਡਾ ਨੁਕਸਾਨ ਕਰ ਦੇਵੇਗਾ? ਉਦਾਸੀ ਮਤ, ਨਿਰਮਲਾ ਮਤ, ਨਿਰੰਕਾਰੀ ਮਿਸ਼ਨ, ਰਾਧਾ ਸਵਾਮੀ ਮਿਸ਼ਨ, ਨਾਮਧਾਰੀ ਮਿਸ਼ਨ ਆਦਿ ਸਾਰੇ ਹੀ ਪਹਿਲਾਂ ਗੁਰੂ ਸਾਹਿਬ ਦੀ ਵੀਚਾਰਧਾਰਾ ਦੇ ਪ੍ਰਚਾਰ ਦੇ ਮਿਸ਼ਨ ਨੂੰ ਲੈ ਕੇ ਹੋਂਦ ਵਿੱਚ ਆਏ ਸਨ। ਪਹਿਲਾਂ ਸਾਰਿਆਂ ਦੇ ਹੀ ਡੇਰਿਆਂ ਵਿੱਚ ਗੁਰੂ ਗੰ੍ਰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕਰਦੇ ਸਨ ਅਤੇ ਨਿਰੰਕਾਰੀਆਂ ਤੇ ਰਾਧਾ ਸੁਆਮੀਆਂ ਨੂੰ ਛੱਡ ਕੇ ਅੱਜ ਵੀ ਸਾਰੀਆਂ ਸੰਪਰਦਾਵਾਂ ਪ੍ਰਕਾਸ਼ ਕਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵੀ ਸਿੱਖ ਧਰਮ ਦੇ ਪ੍ਰਚਾਰ ਹਿੱਤ ਹੀ ਭਾਰੀਆਂ ਕੁਰਬਾਨੀਆਂ ਪਿੱਛੋਂ ਹੋਂਦ ਵਿੱਚ ਆਏ ਸਨ, ਪਰ ਅੱਜ ਆਰ.ਐਸ.ਐਸ. ਦੀ ਗੁਲਾਮ ਭਾਜਪਾ, ਭਾਜਪਾ ਦੇ ਗੁਲਾਮ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ, ਬਾਦਲ ਦੇ ਗੁਲਾਮ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਗੁਲਾਮ ਪੰਜ ਸਿੰਘ ਸਾਹਿਬਾਨ ਹੋਣ ਕਰਕੇ ਇਹ ਸਾਰੀਆਂ ਸੰਸਥਾਵਾਂ ਸਗੋਂ ਸਿੱਖੀ ਦਾ ਵੱਧ ਨੁਕਸਾਨ ਕਰ ਰਹੇ ਹਨ।
ਇਨ੍ਹਾਂ ਸਾਰਿਆਂ ਵਲੋਂ ਕੀਤੇ ਜਾ ਰਹੇ ਨੁਕਸਾਨ ਦੀ ਪੂਰਤੀ ਕਰਨ ਲਈ ਹੀ ਏਕਸ ਕੇ ਬਾਰਿਕ ਜਥੇਬੰਦੀ ਰਾਹੀਂ ਉੱਚਾ ਦਰ ਬਾਬੇ ਨਾਨਕ ਦਾ ਹੋਂਦ ਵਿੱਚ ਲਿਆਉਣ ਲਈ ਜਾਗ੍ਰਿਤ ਹੋਏ ਸੁਹਿਰਦ ਸਿੱਖ ਸਿਰਤੋੜ ਯਤਨ ਕਰ ਰਹੇ ਹਨ। ਸਤਿਗੁਰੂ ਬਖਸ਼ਿਸ਼ ਕਰੇ, ਇਹ ਆਪਣੇ ਮਿਸ਼ਨ ’ਚ ਜਲਦੀ ਕਾਮਯਾਬ ਹੋਣ ਪਰ ਯਾਦ ਰੱਖਣ ਕਿ ਜੇ ਇਹ ਨਵੀਂ ਬਣੀ ਮਹਾਨ ਸੰਸਥਾ ਵੀ ਸ਼੍ਰੋਮਣੀ ਕਮੇਟੀ ਵਾਂਗ ਉਨ੍ਹਾਂ ਗਲਤ ਹੱਥਾਂ ਵਿੱਚ ਚੱਲੀ ਗਈ, ਜਿਹੜੇ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਨੌ ਗੁਰੂ ਸਾਹਿਬਾਨਾਂ ਅਤੇ ਗੁਰੂ ਗੰ੍ਰਥ ਸਾਹਿਬ ਜੀ ਨੂੰ ਗੁਰੂ ਮੰਨਣ ਤੋਂ ਹੀ ਇਨਕਾਰੀ ਹੋ ਜਾਣ ਤਾਂ ਇਸ ਸੰਸਥਾ ਵਲੋਂ ਸਿੱਖ ਧਰਮ ਦਾ ਸਿਰਫ਼ ਨੁਕਸਾਨ ਹੀ ਨਹੀਂ, ਸਗੋਂ ਮਲੀਆ-ਮੇਟ ਕੀਤੇ ਜਾਣ ਦੀ ਸੰਭਾਵਨਾ ਹੈ। ਏਕਸ ਕੇ ਬਾਰਿਕ ਜਥੇਬੰਦੀ ਦੇ ਜਿਹੜੇ ਮੈਂਬਰ ਅੱਜ ਆਪਣੇ ਆਗੂ ਤੋਂ ਸਪੱਸ਼ਟੀਕਰਨ ਨਹੀਂ ਲੈ ਸਕਦੇ, ਉਹ ਉ¤ਚਾ ਦਰ ਬਾਬੇ ਨਾਨਕ ਦਾ ਬਣਨ ਪਿੱਛੋਂ ਬਿਲਕੁਲ ਨਹੀਂ ਲੈ ਸਕਣਗੇ ਕਿਉਂਕਿ ਉਸ ਸਮੇਂ ਉਹ ਹੁਣ ਨਾਲੋਂ ਵੀ ਬਹੁਤ ਜਿਆਦਾ ਤਾਕਤਵਰ ਬਣ ਜਾਣਗੇ। ਦਾਦੂ ਦੀ ਕਬਰ ’ਤੇ ਤੀਰ ਝੁਕਾ ਕੇ ਨਮਸਕਾਰ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਖਾਂ ਵਲੋਂ ਤਨਖਾਹ ਲਾਉਣ ਦੀਆਂ ਉਦਾਹਰਣਾਂ ਦੇਣ ਵਾਲੇ ਜਾਗਰੂਕ ਸਿੱਖਾਂ ਲਈ ਇਹ ਸਿਰਫ਼ ਉਦਾਹਰਣਾਂ ਹੀ ਰਹਿ ਜਾਣਗੀਆਂ ਤੇ ਉਹ ਖ਼ੁਦ ਇਸ ’ਤੇ ਅਮਲ ਨਹੀਂ ਕਰ ਸਕਣਗੇ।