

‘ਤੇ ਹੁਣ ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ ਦੇ ਪ੍ਰਬੰਧਕਾਂ ਨੂੰ ਵੀ ਉਦਾਸੀ ਮੱਤ ਗੁਰਮਤਿ ਅਨੁਸਾਰ ਪ੍ਰਵਾਨ ਲੱਗਣ ਲੱਗ ਪਿਆ
- ਤੱਤ ਗੁਰਮਤਿ ਪਰਵਾਰ -
ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਮਾਸਿਕ ਪੱਤਰ ‘ਸਿੱਖ ਫੁਲਵਾੜੀ’ ਜੁਲਾਈ 2009 ਦੇ ਸਵਾਲ-ਜਵਾਬ ਦੇ ਕਾਲਮ ਵਿਚ ਪੰਨਾ 8 ‘ਤੇ ਸ. ਸੁਰਪ੍ਰੀਤ ਸਿੰਘ, ਚੰਡੀਗੜ੍ਹ ਵੱਲੋਂ ਇਕ ਸਵਾਲ ਪੁਛਿਆ ਗਿਆ ਸੀ ਕਿ ਕਿਹਾ ਜਾਂਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਨੇ ਧਰਮ ਪ੍ਰਚਾਰ ਲਈ ਚਾਰ ਧੂਣੇ ਕਾਇਮ ਕੀਤੇ ਸਨ। ‘ਧੂਣੇ’ ਦਾ ਕੀ ਅਰਥ ਹੈ? ਇਨ੍ਹਾਂ ਨੇ ਪ੍ਰਚਾਰ ਕਿਵੇਂ ਕੀਤਾ? ਸਵਾਲ ਬਹੁਤ ਹੀ ਅਹਿਮ ਅਤੇ ਸੰਜੀਦਾ ਸੀ। ਐਸੀ ਹਾਲਤ ਵਿਚ ਬੇਹੱਦ ਜ਼ਰੂਰੀ ਸੀ ਕਿ ਜਵਾਬ ਪੂਰਨ ਗੁਰਮਤਿ ਸਿਧਾਂਤਾਂ ਅਨੁਸਾਰ ਦਿੱਤਾ ਜਾਂਦਾ ਤਾਂ ਕਿ ਪਾਠਕ ਗੁਰਮਤਿ ਸਿਧਾਂਤਾਂ ਤੋਂ ਜਾਣੂ ਹੋ ਸਕਣ। ਪਰ ਜਵਾਬ ਗੁਰਮਤਿ ਸਿਧਾਂਤਾਂ ਦੀ ਉਲੰਘਣਾ ਕਰਨ ਵਾਲਾ ਸੀ। ‘ਤੱਤ ਗੁਰਮਤਿ ਪਰਵਾਰ’ ਵੱਲੋਂ, ਗੁਰਮਤਿ ਫਰਜ਼ ਸਮਝ ਕੇ, ਇਸ ਜਵਾਬ ਦਾ ਨੋਟਿਸ ਲੈਂਦੇ ਹੋਏ, ‘ਸਿੱਖ ਫੁਲਵਾੜੀ’ ਦੇ ਸੰਪਾਦਕੀ ਮੰਡਲ ਨੂੰ ਇਕ ਲੇਖ, ਸਿੱਖ ਫੂਲਵਾੜੀ: ਕੀ ਉਦਾਸੀ ਮੱਤ ਗੁਰਮਤਿ ਅਨੁਸਾਰ ਪ੍ਰਵਾਨ ਹੈ? ਲਿਖ ਕੇ 14 ਜੁਲਾਈ ਈ-ਮੇਲ ਰਾਹੀਂ ਭੇਜਿਆ ਗਿਆ ਸੀ। ਉਸ ਤੋਂ ਬਾਅਦ ਡਾਕ ਰਾਹੀਂ ਵੀ ਭੇਜਿਆ ਗਿਆ ਸੀ। ‘ਤੱਤ ਗੁਰਮਤਿ ਪਰਵਾਰ’ ਦੀ ਨੀਤੀ ਅਨੁਸਾਰ ‘ਹਾਂ-ਪੱਖੀ’ ਆਲੋਚਣਾ ਪਹਿਲਾਂ ਸੰਬੰਧਿਤ ਜਥੇਬੰਦੀ ਜਾਂ ਮੈਗਜੀਨ ਨੂੰ ਭੇਜੀ ਜਾਂਦੀ ਹੈ, ਤਾਂ ਕਿ ਉਹ ਜਥੇਬੰਦੀ ਜਾਂ ਮੈਗਜ਼ੀਨ ਵਿਚ (ਜੇ ਸੁਹਿਰਦ ਹਨ ਤਾਂ) ਸੁਧਾਰ ਕੀਤਾ ਜਾ ਸਕੇ ਜਾਂ ਸਪਸ਼ਟੀਕਰਨ ਦਿੱਤਾ ਜਾ ਸਕੇ।
ਇਸ ਲਈ ‘ਪਰਵਾਰ’ ਨੇ ਬੇਨਤੀ ਕੀਤੀ ਸੀ ਕਿ ਇਹ ਆਲੋਚਣਾ ‘ਸਿੱਖ ਫੁਲਵਾੜੀ’ ਦੇ ਅਗਸਤ ਜਾਂ ਸਤੰਬਰ ਅੰਕ ਵਿਚ, ਬਿਨਾ ਕਿਸੇ ਕਾਂਟ-ਛਾਂਟ ਦੇ, ਪ੍ਰਕਾਸ਼ਿਤ ਕੀਤੀ ਜਾਵੇ ਪਰ ਸੰਪਾਦਕੀ ਮੰਡਲ ਸਾਡੀ ਆਲੋਚਣਾ ਨਾਲ ਅਪਣੀ ਸੰਪਾਦਕੀ ਟਿੱਪਣੀ ਲਾਉਣ ਲਈ ਆਜ਼ਾਦ ਹੈ। ਜੇਕਰ ਸਤੰਬਰ 09 ਤੱਕ ਸਾਡਾ ਇਹ ਪੱਖ ਪ੍ਰਕਾਸ਼ਿਤ ਨਾ ਕੀਤਾ ਗਿਆ ਤਾਂ ਮਜ਼ਬੂਰਨ ‘ਪਰਵਾਰ’ ਨੂੰ ਕਿਸੇ ਹੋਰ ਵਸੀਲੇ ਪਾਠਕਾਂ ਦੀ ਕਚਹਿਰੀ ਵਿਚ ਜਾਣਾ ਪਏਗਾ, ਜਿਸ ਲਈ ਅਦਾਰਾ ‘ਸਿੱਖ ਫੁਲਵਾੜੀ’ ਨੂੰ ਹੀ ਜਿੰਮੇਵਾਰ ਮੰਨਿਆ ਜਾਵੇਗਾ। ਪਰ ਸੰਪਾਦਕੀ ਮੰਡਲ ‘ਸਿੱਖ ਫੁਲਵਾੜੀ’ ਨੇ ਨਾ ਤਾਂ ਅਗਸਤ ਅਤੇ ਨਾ ਸਤੰਬਰ 09 ਦੇ ਕਿਸੇ ਵੀ ਅੰਕ ਵਿਚ ਇਸ ਨੁਕਤੇ ਬਾਰੇ ਨਾ ਹੀ ਕੋਈ ਸਪਸ਼ਟੀਕਰਨ ਦਿੱਤਾ ਅਤੇ ਨਾ ਹੀ ਸਾਡਾ ਪੱਖ ਪੇਸ਼ ਕੀਤਾ। ਇਸ ਲਈ ਮਜਬੂਰਨ ‘ਤੱਤ ਗੁਰਮਤਿ ਪਰਵਾਰ’ ਇਹ ਲੇਖ ‘ਇੰਡੀਆ ਅਵੇਅਰਨੈੱਸ’ ਵਿਚ ਪ੍ਰਕਾਸ਼ਨ ਲਈ ਭੇਜ ਰਿਹਾ ਹੈ ਤਾਂ ਕਿ ਪਾਠਕ ਇਸ ਵਿਸ਼ੇ ਬਾਰੇ ਗੁਰਮਤਿ ਸਿਧਾਂਤਾਂ ਤੋਂ ਜਾਣੂ ਹੋ ਸਕਣ ਅਤੇ ਭੁਲੇਖੇ ਦੂਰ ਹੋ ਸਕਣ।
ਸਤਿਕਾਰਯੋਗ ਸੰਪਾਦਕੀ ਮੰਡਲ,
ਸਿੱਖ ਫੁਲਵਾੜੀ ਮੈਗਜ਼ੀਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ
ਸਿੱਖ ਫੁਲਵਾੜੀ ਮਾਸਿਕ ਪੱਤਰ ਗੁਰਮਤਿ ਦੇ ਰਾਹ ਤੇ ਤੁਰਨ ਦੇ ਚਾਹਵਾਨ ਮਨੁੱਖਾਂ ਲਈ ਬਹੁਤ ਲਾਹੇਵੰਦ ਹੈ। ਪਰ ਕਈਂ ਵਾਰ ਇਸ ਵਿਚ ਐਸੀ ਗੁਰਮਤਿ ਵਿਰੋਧੀ ਸਮੱਗਰੀ ਛੱਪ ਜਾਂਦੀ ਹੈ, ਜੋ ਗੁਰਮਤਿ ਦੇ ਜਾਣਕਾਰ (ਜਾਗਰੁਕ) ਸਿੱਖਾਂ ਦੇ ਮਨ ਨੂੰ ਵਿਚਲਿਤ ਕਰ ਦਿੰਦੀ ਹੈ। ਨਾਲ ਹੀ ਐਸੀ ਸਮੱਗਰੀ ਗੁਰਮਤਿ ਦੇ ਰਾਹ ਤੇ ਤੁਰਨ ਦੇ ਚਾਹਵਾਨ ਪਾਠਕਾਂ ਨੂੰ ਵੀ ਗੁੰਮਰਾਹ ਕਰ ਸਕਦੀ ਹੈ। ‘ਤੱਤ ਗੁਰਮਤਿ ਪਰਵਾਰ’ ਗੁਰਮਤਿ ਦੇ ਖੇਤਰ ਵਿਚ ਪ੍ਰਚਾਰ ਕਰ ਰਹੀਆਂ ਅਜਿਹੀਆਂ ਜਥੇਬੰਦੀਆਂ, ਮੈਗਜੀਨਾਂ ਆਦਿ ਦੇ ਐਸੇ ਗੁਰਮਤਿ ਵਿਰੋਧੀ ਵਿਚਾਰਾਂ ਦੀ ਹਾਂ-ਪੱਖੀ ਆਲੋਚਨਾ ਕਰਨਾ ਅਪਣਾ ਫਰਜ਼ ਸਮਝਦਾ ਹੈ, ਤਾਂ ਕਿ ਉਹ ਅੱਗੇ ਤੋਂ ਸੁਧਾਰ ਕਰ ਸਕਣ। ‘ਤੱਤ ਗੁਰਮਤਿ ਪਰਵਾਰ’ ਵਲੋਂ ਉਠਾਏ ਗਏ ਨੁਕਤੇ ਗਲਤ ਵੀ ਹੋ ਸਕਦੇ ਹਨ, ਪਰ ਉਸ ਹਾਲਾਤ ਵਿਚ ਉਸਦਾ ਦਲੀਲ ਆਧਾਰਿਤ ਸਪਸ਼ਟੀਕਰਨ ਦੇਣਾ ਜ਼ਰੂਰੀ ਹੋ ਜਾਂਦਾ ਹੈ।
ਗੱਲ ਕਰਦੇ ਹਾਂ ਸਿੱਖ ਫੁਲਵਾੜੀ ਦੇ ਜੁਲਾਈ 2009 ਅੰਕ ਦੀ। ਇਸ ਅੰਕ ਵਿਚ ਕੁੱਝ ਲੇਖ ਬਹੁਤ ਵਧੀਆ ਸੇਧ ਦੇਣ ਵਾਲੇ ਸਨ। ਪਰ ਅੱਜ ਅਸੀਂ ਜਿਸ ਨੁਕਤੇ ਬਾਰੇ ਵਿਚਾਰ ਕਰਾਂਗੇ, ਉਹ ਸਵਾਲ-ਜਵਾਬ ਕਾਲਮ ਅਧੀਨ ਪੰਨਾ 8 ਤੇ ਛਪੇ ਸਵਾਲ ਦਾ ਜਵਾਬ ਹੈ। ਇਹ ਸਵਾਲ ਸਿੱਖ ਇਤਿਹਾਸ ਵਿਚ ਜ਼ਿਕਰ ਆਉਂਦੇ ‘ਧੂਣੇ’ ਦੀ ਸਥਾਪਨਾ ਬਾਰੇ ਹੈ। ਅੱਜ ਹਰ ਜਾਗਰੁਕ ਸਿੱਖ ਜਾਣਦਾ ਤੇ ਮੰਨਦਾ ਹੈ ਕਿ ਬ੍ਰਾਹਮਣਵਾਦੀ ਤਾਕਤਾਂ ਵਲੋਂ ਸਿੱਖ ਇਤਿਹਾਸ ਅਤੇ ਫਲਸਫੇ ਵਿਚ ਬਹੁਤ ਮਿਲਾਵਟ ਕੀਤੀ ਗਈ ਤਾਂ ਕਿ ਕੌਮ ਨੂੰ ਨਾਨਕ ਫਲਸਫੇ ਦੇ ਰਾਹ ਤੋਂ ਭਟਕਾਇਆ ਜਾ ਸਕੇ। ਸੋ ਲੋੜ ਹੈ ਐਸੇ ਮਿਲਾਵਟੀ ਅੰਸ਼ਾਂ ਬਾਰੇ ਜਾਗ੍ਰਿਤੀ ਲਿਆਉਂਦੀ ਜਾਵੇ। ਜੇ ਪੂਰਾ ਸੱਚ ਬੋਲਣ ਜਾਂ ਲਿਖਣ ਵਿਚ ਕਿਸੇ ਨੂੰ ਦਿੱਕਤ ਮਹਿਸੂਸ ਹੁੰਦੀ ਹੋਵੇ ਤਾਂ ਘੱਟੋ-ਘੱਟ ਇਹ ਤਾਂ ਕੀਤਾ ਹੀ ਜਾ ਸਕਦਾ ਹੈ ਕਿ ਗੁਰਮਤਿ ਸਿਧਾਂਤਾਂ ‘ਤੇ ਪੂਰੇ ਉਤਰਦੇ ਇਤਿਹਾਸਕ ਤੱਥ ਹੀ ਪਾਠਕਾਂ ਸਾਹਮਣੇ ਰੱਖੇ ਜਾਣ।
ਇਹ ਗੱਲ ਤਾਂ 100% ਸੱਚ ਹੈ ਕਿ ਨਾਨਕ ਜਾਮੇ (ਸੰਨ 1469 ਤੋਂ 1708
ਤੱਕ) ਕੋਈ ਵੀ ਗੁਰਮਤਿ ਸਿਧਾਂਤ ਵਿਰੋਧੀ ਕਰਮ ਨਹੀਂ ਕਰ ਸਕਦੇ ਸਨ। ਉਸ ਤੋਂ ਬਾਅਦ ਸਿੱਖਾਂ ਵਿਚ
ਭਾਵੇਂ ਕੁੱਝ ਆ ਚੁਕੀਆਂ ਕਮਜ਼ੋਰੀਆਂ ਕਾਰਨ ਪ੍ਰਚਲਿਤ ਇਤਿਹਾਸਕ ਸਾਖੀਆਂ ਨਾਨਕ ਜਾਮਿਆਂ ਨੂੰ ਗੁਰਮਤਿ
ਵਿਰੁਧ ਕਰਮ ਕਰਦੇ ਦਰਸਾਉਂਦੀਆਂ ਹਨ, ਉਹ ਬਿਨਾਂ ਸ਼ੱਕ ਮਿਲਾਵਟ ਹੈ। ਉਦਾਹਰਣ ਵਾਸਤੇ ਨਾਨਕ ਜਾਮਿਆਂ
ਵਲੋਂ ਕਰਾਮਾਤਾਂ ਵਿਖਾਉਣਾ, ਇੱਕ ਤੋਂ ਵੱਧ ਵਿਆਹ ਕਰਨਾ ਆਦਿ।
ਇਸ ਇਤਿਹਾਸਕ ਤੱਥ ਤੋਂ ਵੀ ਸਾਰੇ ਸਿੱਖ ਜਾਣੂੰ ਹਨ ਕਿ ਬਾਬਾ ਨਾਨਕ ਜੀ ਦੇ ਬਿੰਦੀ ਪੁਤਰ ਸ੍ਰੀ ਚੰਦ
ਹੀ ਉਹਨਾਂ ਦੇ ਦੱਸੇ ਰਾਹ ਤੋਂ ਬਾਗੀ ਹੋ ਗਏ ਸਨ। ਇਸ ਬਾਰੇ ਜਾਣਕਾਰੀ ਦਿੰਦਾ ਗੁਰਵਾਕ ਹੈ:
ਸਚੁ ਜੇ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ।।
ਪੁਤ੍ਰੀ ਕਉਲ ਨ ਪਾਲਿੳ ਕਰਿ ਪੀਰਹੁ ਕੰਨ ਮੁਰਟੀਐ।।
ਦਿਲਿ ਖੋਟੈ ਆਕੀ ਫਿਰਨਿ ਬੰਨਿ ਭਾਰੁ ਉਚਾਇਨਿ ਛਟੀਐ ।।2।।
(ਪੰਨਾ 967)
ਗੁਰੂ (ਨਾਨਕ ਵਿਚਾਰਧਾਰਾ) ਤੋਂ ਬਾਗੀ ਹੋ ਕੇ ਸ੍ਰੀ ਚੰਦ ਜੀ ਨੇ ਉਦਾਸੀ ਮੱਤ ਅਪਣਾ ਲਿਆ। ਇਸ ਮੱਤ ਦੇ ਜ਼ਿਆਦਾਤਰ ਸਿਧਾਂਤ ਗੁਰਮਤਿ ਸਿਧਾਂਤਾਂ ਦੇ ਵਿਪਰੀਤ ਹਨ। ਸੋ ਇਸ ਮੱਤ ਨੂੰ ਗੁਰੂ-ਘਰ ਵਲੋਂ ਕਦੇ ਵੀ ਪ੍ਰਵਾਨਗੀ ਨਹੀਂ ਸੀ ਮਿਲ ਸਕਦੀ। ਪਰ ਵਿਰੋਧੀ ਤਾਕਤਾਂ ਨੇ ਇਤਿਹਾਸ ਵਿਚ ਮਿਲਾਵਟ ਕਰਦੇ ਹੋਏ ਕਈਂ ਐਸੀਆਂ ਸਾਖੀਆਂ ਪ੍ਰਚਲਿਤ ਕਰ ਦਿਤੀਆਂ, ਜਿਸ ਰਾਹੀਂ ਕੌਮ ਨੂੰ ਬ੍ਰਾਹਮਣਵਾਦੀ (ਉਦਾਸੀ ਮੱਤ ਵੀ ਬ੍ਰਾਹਮਣਵਾਦ ਦੀ ਇੱਕ ਸ਼ਾਖ ਹੈ) ਸਾਗਰ ਵਿਚ ਡੁਬੋਇਆ ਜਾ ਸਕੇ। ਐਸੀ ਹੀ ਇੱਕ ਸਾਖੀ ਚੌਥੇ ਨਾਨਕ ਜਾਮੇ (ਰਾਮਦਾਸ ਪਾਤਸ਼ਾਹ ਜੀ) ਨਾਲ ਵੀ ਜੋੜੀ ਮਿਲਦੀ ਹੈ, ਜਿਸ ਦਾ ਸੰਬੰਧ ਸ੍ਰੀ ਚੰਦ ਜੀ ਨਾਲ ਹੈ। ਪ੍ਰਚਾਰੀ ਗਈ ਸਾਖੀ ਅਨੁਸਾਰ ਸ੍ਰੀ ਚੰਦ ਜੀ ਨੇ ਰਾਮਦਾਸ ਪਾਤਸ਼ਾਹ ਜੀ ਦਾ ਲੰਮਾ ਦਾਹੜਾ ਵੇਖ ਕਿ ਪੁਛਿਆ ਕਿ ਇਹ (ਲੰਬਾ ਦਾਹੜਾ) ਕਿਸ ਲਈ ਰੱਖਿਆ ਹੈ ਤਾਂ ਰਾਮਦਾਸ ਪਾਤਸ਼ਾਹ ਜੀ ਨੇ ਜਾਵਾਬ ਦਿਤਾ ਕਿ ਇਹ ਦਾਹੜਾ ਆਪ ਜੀ ਵਰਗੇ ਮਹਾਪੁਰਖਾਂ ਦੇ ਚਰਨ ਝਾੜਣ ਲਈ ਰੱਖਿਆ ਹੈ।
ਜੇਕਰ ਕੋਈ ਵੀ ਜਾਗਰੁਕ ਸਿੱਖ ਇਸ ਸਾਖੀ ਦੀ ਪੜਚੋਲ ਕਰੇ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਹ ਸਾਖੀ ਕੇਵਲ ਇਹ ਗੱਲ ਪ੍ਰਚਾਰਨ ਵਾਸਤੇ ਰਚੀ ਗਈ ਸੀ ਕਿ ਸ੍ਰੀ ਚੰਦ ਵਾਲਾ ‘ਉਦਾਸੀ ਮੱਤ’ ਗੁਰੂ-ਘਰ ਵਿਚ ਪ੍ਰਵਾਨ ਸੀ। ਨਾਲ ਹੀ ਅਸਿੱਧੇ ਤੌਰ ਤੇ ਇਹ ਸਾਖੀ ਅਖੌਤੀ ਸੰਤ-ਬਾਬਿਆਂ ਨੂੰ ਮਾਨਤਾ ਦੇਣ ਵਾਲੀ ਹੈ। ਤਾਂ ਹੀ ਸੰਪਰਦਾਈ ਸੋਚ ਵਾਲੇ ਅਖੌਤੀ ਸੰਤ ਬਾਬੇ ਐਸੀਆਂ ਗੁਰਮਤਿ ਵਿਰੋਧੀ ਸਾਖੀਆਂ ਹੀ ਸੁਣਾਉਂਦੇ ਹਨ। ਪਰ ਅਸਲ ਸੱਚਾਈ ਇਹ ਹੈ ਕਿ ਉਦਾਸੀ ਮੱਤ ਪੂਰੀ ਤਰਾਂ ਗੁਰਮਤਿ ਸਿਧਾਂਤਾਂ ਤੇ ਖਰਾ ਨਾ ਉਤਰਣ ਕਰਕੇ ਗੁਰੂ-ਘਰ ਵਿਚ ਪ੍ਰਵਾਨ ਨਹੀਂ ਸੀ ਕੀਤਾ ਗਿਆ।
ਇਹ ਤਾਂ ਸੀ ਕੁਝ ਵਿਚਾਰ ਉਦਾਸੀ ਮੱਤ ਬਾਰੇ। ਹੁਣ ਇਸ ਮੱਤ ਸੰਬੰਧੀ ਸਿੱਖ ਫੁਲਵਾੜੀ ਵਿਚ ਛਪੇ ਸਵਾਲ-ਜਵਾਬ ਨੂੰ ਵਿਚਾਰਦੇ ਹਾਂ। ਪਾਠਕ ਦਾ ਸਵਾਲ ਸੀ ‘‘ਕਿਹਾ ਜਾਂਦਾ ਹੈ ਕਿ ਗੁਰੂ ਹਰਿਗੋਬਿੰਦ ਪਾਤਸ਼ਾਹ ਜੀ ਨੇ ਧਰਮ ਪ੍ਰਚਾਰ ਲਈ ਚਾਰ ਧੂਣੇ ਕਾਇਮ ਕੀਤੇ ਸਨ। ‘ਧੂਣੇ’ ਦਾ ਕੀ ਅਰਥ ਹੈ? ਇਨ੍ਹਾਂ ਨੇ ਕਿਵੇਂ ਪ੍ਰਚਾਰ ਕੀਤਾ?’’
ਸਿੱਖ ਫੁਲਵਾੜੀ ਦੇ ਸੰਪਾਦਕਾਂ ਦਾ ਫਰਜ਼ ਬਣਦਾ ਸੀ ਕਿ ਇਸ ਸਵਾਲ ਦੇ ਜਵਾਬ ਵਿਚ ਇਤਿਹਾਸ ਵਿਚ ਹੋਈ ਮਿਲਾਵਟ ਬਾਰੇ ਰੌਸ਼ਨੀ ਪਾਉਂਦੇ ਹੋਏ ਇਸਦਾ ਲੁਕਿਆ ਸੱਚ ਪ੍ਰਕਟ ਕਰਦੇ। ਜਿਸ ਨਾਲ ਪਾਠਕਾਂ ਦੇ ਕੁਝ ਭੁਲੇਖੇ ਦੂਰ ਹੁੰਦੇ। ਪਰ ਇਸਦੇ ਉਲਟ ਆਪ ਜੀ ਨੇ ਉਦਾਸੀ ਮੱਤ ਨੂੰ ਹਰਿਗੋਬਿੰਦ ਪਾਤਸ਼ਾਹ ਜੀ ਵਲੋਂ ਬਾਬਾ ਗੁਰਦਿਤਾ ਜੀ ਰਾਹੀਂ ਪ੍ਰਵਾਨਗੀ ਦਿੱਤੀ ਦਸ ਕੇ ਪਾਠਕਾਂ ਨੂੰ ਅਨਜਾਣੇ ਹੀ ਗੁੰਮਰਾਹ ਕਰ ਦਿੱਤਾ ਹੈ। ਸਵਾਲ ਦੇ ਜਵਾਬ ਵਿਚ ਸਪਸ਼ਟ ਲਿਖਿਆ ਹੈ, ‘‘ਹਰਿਗੋਬਿੰਦ ਪਾਤਸ਼ਾਹ ਜੀ ਵਲੋਂ ਹੁਕਮ ਮਿਲਣ ਤੇ ਬਾਬਾ ਗੁਰਦਿਤਾ ਜੀ ਨੇ ‘ਉਦਾਸੀ ਮਹਾਪੁਰਖਾਂ’ ਨੂੰ ਸਿੱਖ ਧਰਮ ਦੇ ਪ੍ਰਚਾਰ ਵਿਚ ਲਾ ਦਿਤਾ। ਬਾਬਾ ਗੁਰਦਿਤਾ ਜੀ ਨੇ ਇਹਨਾਂ ਉਦਾਸੀ ਮਹਾਤਮਾਵਾਂ ਦੀ ਦੇਖ ਰੇਖ ਵਿਚ ਚਾਰ ਮੁੱਖ ਕੇਂਦਰ (ਧੂਣੇ) ਕਾਇਮ ਕੀਤੇ। ਪਹਿਲੇ ਧੁਣੇ ਦੇ ਪ੍ਰਚਾਰਕ ਭਾਈ ਅਲਮਸਤ ਜੀ ਬਾਰੇ ਦਿੱਤੀ ਜਾਣਕਾਰੀ ਵਿਚ ਲਿਖਿਆ ਹੈ, ਕਿ ਇਹਨਾਂ (ਅਲਮਸਤ ਜੀ) ਦਾ ਜਨਮ ਭਾਈ ਹਰੀ ਦੱਤ (ਬ੍ਰਾਹਮਣ) ਦੇ ਘਰ ਸ੍ਰੀਨਗਰ (ਕਸ਼ਮੀਰ) ਵਿਚ ਹੋਇਆ। ਸੰਨ 1574 ਵਿਚ ਆਪ ਡੇਰਾ ਬਾਬਾ ਨਾਨਕ ਗਏ ਅਤੇ ਉਥੇ ਬਾਬਾ ਸ੍ਰੀ ਚੰਦ ਜੀ ਦੇ ਸੇਵਕ ਬਣ ਗਏ।’’
ਉਪਰੋਕਤ ਤੋਂ ਸਪਸ਼ਟ ਹੈ ਕਿ ਇਹ ਉਦਾਸੀ ‘ਮਹਾਤਮਾ’ ਸ੍ਰੀ ਚੰਦ ਜੀ ਦੇ ਚੇਲੇ ਸਨ। ਇਹਨਾਂ ਦਾ ਅਪਣਾ ਜੀਵਨ ਗੁਰਮਤਿ ਸਿਧਾਂਤਾਂ ਤੋਂ ਉਲਟ ਸੀ। ਫੇਰ ਇਹਨਾਂ ਨੂੰ ਗੁਰਮਤਿ ਪ੍ਰਚਾਰਕ ਕਿਵੇਂ ਥਾਪਿਆ ਜਾ ਸਕਦਾ ਸੀ? ਤੇ ਜੇਕਰ ਥਾਪਣਾ ਹੀ ਸੀ ਤਾਂ ਸ੍ਰੀ ਚੰਦ ਵਿੱਚ ਕੀ ਬੁਰਾਈ ਸੀ? ਆਖਰ ਨਾਨਕ ਪਾਤਸ਼ਾਹ ਜੀ ਦੇ ਪੁੱਤਰ ਸਨ ਅਤੇ ਜੇਕਰ ਨਾਨਕ ਪਾਤਸ਼ਾਹ ਜੀ ਦੇ ਪੁੱਤਰ ਹੁੰਦਿਆਂ ਵੀ ਨਹੀਂ ਥਾਪਿਆ ਗਿਆ ਤਾਂ ਕੇਵਲ ਇਸ ਕਾਰਨ ਕਿ ਇਹਨਾਂ ਦਾ ਪ੍ਰਚਾਰ ਗੁਰਮਤਿ ਸਿਧਾਂਤਾਂ ਦੀ ਖੁੱਲੀ ਖਿਲਾਫਤ ਕਰਦਾ ਸੀ।
ਅਵਰ ਉਪਦੇਸੈ ਆਪਿ ਨ ਕਰੈ।। ਆਵਤ ਜਾਵਤ ਜਨਮੈ ਮਰੈ।।
(ਪੰਨਾ 269)
ਅੱਗੇ ਜਵਾਬ ਵਿਚ 'ਧੁਣੇ' ਦੇ ਅਰਥ ਮਹਾਨ ਕੋਸ਼ ਦੇ ਹਵਾਲੇ ਨਾਲ ਕਰਦੇ ਲਿਖਿਆ ਹੈ ‘ਤਪੱਸਵੀ ਸਾਧੂ ਦੀ ਗੱਦੀ ਦਾ ਅਸਥਾਨ’। ਕੀ ਗੁਰਮਤਿ ਵਿਚ ਐਸੀ ਤਪੱਸਿਆ ਪ੍ਰਵਾਨ ਹੈ? ਬਲਕਿ ਗੁਰਮਤਿ ਵਿੱਚ ਥਾਂ ਥਾਂ ਖੰਡਨ ਕੀਤਾ ਜ਼ਰੂਰ ਮਿਲਦਾ ਹੈ। ਹਰ ਜਾਗਰੁਕ ਸਿੱਖ ਇਹ ਜਾਣਦਾ ਹੈ ਕਿ ਕੌਮ ਦੇ ਬਿਖੜੇ ਸਮੇਂ ਦੌਰਾਨ (ਸੰਨ 1720 ਤੋਂ ਬਾਅਦ), ਹਾਲਾਤ ਦਾ ਫਾਇਦਾ ਚੁਕਦੇ ਹੋਏ, ਬ੍ਰਾਹਮਣਵਾਦੀ ਸੋਚ ਵਾਲੇ, (ਉਦਾਸੀ ਅਤੇ ਨਿਰਮਲੇ) ਸਿੱਖ ਅਸਥਾਨਾਂ ਤੇ ਹਮਦਰਦ ਬਣਕੇ ਕਾਬਜ਼ ਹੋ ਗਏ। ਇਹਨਾਂ ਨੇ ਹੀ ਸਿੱਖ ਇਤਿਹਾਸ ਅਤੇ ਫਲਸਫੇ ਨੂੰ ਬ੍ਰਾਹਮਣਵਾਦੀ ਰੰਗਤ ਦੇ ਕੇ ਸਿੱਖ ਸਮਾਜ ਨੂੰ ਨਿਰੋਲ ‘ਨਾਨਕ ਫਲਸਫੇ’ ਦੇ ਰਾਹ ਤੋਂ ਭਟਕਾ ਦਿਤਾ। ਇਸੇ ਸੱਚਾਈ ਦੀ ਪ੍ਰੋੜ੍ਹਤਾ ਕਰਦੇ ਹੋਏ ਸਿੱਖ ਫੁਲਵਾੜੀ ਦੇ ਇਸੇ ਅੰਕ ਦੇ ਪੰਨਾ 2 ਤੇ ਛਪੇ ਸੰਪਾਦਕੀ ਵਿਚ ਲਿਖਿਆ ਹੈ, ‘‘ਮਜ਼ਬੂਰਨ ਸਿੱਖ ਗੁਰਧਾਮਾਂ ਦਾ ਪ੍ਰਬੰਧ ਸਿੱਖਾਂ ਦੇ ਹੱਥਾਂ ਵਿਚੋਂ ਨਿਕਲ ਕੇ ਹਕੂਮਤ ਦੇ ਕਰਿੰਦਿਆਂ, ਉਦਾਸੀ ਮਹੰਤਾਂ ਅਤੇ ਨਿਰਮਲਿਆਂ ਦੇ ਹੱਥ ਵਿਚ ਆ ਗਿਆ। ਗੁਰਦੁਆਰਿਆਂ ਵਿਚ ਮਨਮਰਜ਼ੀ ਦੀਆਂ ਮਰਿਆਦਾਵਾਂ ਚੱਲਣ ਲਗੀਆਂ।...’’
ਸਿੱਖ ਫੁਲਵਾੜੀ ਦੇ ਇਕੋ ਅੰਕ ਵਿਚ ਜਿੱਥੇ ਸੰਪਾਦਕੀ ਵਿਚ ‘ਉਦਾਸੀਆਂ’ ਨੂੰ ਖਾਲਸੇ ਦੀ ਮਜ਼ਬੂਰੀ ਵੱਸ ਗੁਰਧਾਮਾਂ ਤੇ ਕਾਬਜ਼ ਹੁੰਦਾ ਦਸਿਆ ਹੈ, ਉ¤ਥੇ ਦੂਜੀ ਥਾਂ (ਸਵਾਲ ਦੇ ਜਵਾਬ ਵਿਚ) ਉਦਾਸੀਆਂ ਨੂੰ ਹਰਿਗੋਬਿੰਦ ਪਾਤਸ਼ਾਹ ਜੀ ਵਲੋਂ ਨਿਯੁਕਤ ਕੀਤੇ ਪ੍ਰਚਾਰਕ ਲਿਖਿਆ ਹੈ। ਕੀ ਸਿੱਖ ਫੁਲਵਾੜੀ ਦੀ ਇਹ ਗੈਰ-ਸਿਧਾਂਤਕ ਤੇ ਦੋਹਰੀ ਪਹੁੰਚ ਨਹੀਂ ਹੈ? ਕੁਝ ਐਸੀ ਹੀ ਮਾਨਤਾ ਰਾਹੀਂ, ਇਤਿਹਾਸ ਵਿਚ ਕੀਤੀ ਮਿਲਾਵਟ ਸਦਕਾ ਨਿਰਮਲਿਆਂ ਨੂੰ ਦਸ਼ਮੇਸ਼ ਜੀ ਨਾਲ ਜੋੜ ਕੇ ਪ੍ਰਚਾਰਿਆ ਜਾਂਦਾ ਹੈ, ਜਿਸ ਨੂੰ ਸ਼ਾਇਦ ਸਿੱਖ ਮਿਸ਼ਨਰੀ ਕਾਲਜ ਵੀ ਮਾਨਤਾ ਦਿੰਦਾ ਹੈ?
ਆਪਣੀ ਇਸ ਗਲਤੀ ਦੀ ਸਫ਼ਾਈ ਲਈ ਸੰਪਾਦਕੀ ਮੰਡਲ ਭਾਈ ਕਾਨ ਸਿੰਘ ਜੀ ਨਾਭਾ ਤੇ ਹੋਰ ਵਿਦਵਾਨਾਂ ਵਲੋਂ ਲਿਖੀਆਂ ਪੁਸਤਕਾਂ ਦਾ ਹਵਾਲਾ ਦੇ ਸਕਦਾ ਹੈ। ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਜ਼ਿਆਦਾਤਰ ਵਿਦਵਾਨਾਂ ਨੇ (ਸਮੇਤ ਨਾਭਾ ਜੀ) ਕੁਝ ਐਸੀਆਂ ਸਾਖੀਆਂ ਨੂੰ ਸਿਰਫ ਪ੍ਰਚਲਿਤ ਮਾਨਤਾ ਦੇ ਆਧਾਰ ਤੇ ਹੀ ਪ੍ਰਵਾਨਗੀ ਦੇ ਦਿਤੀ ਅਤੇ ਉਹਨਾਂ ਦੀ ਗੁਰਮਤਿ ਆਧਾਰਿਤ ਪੜਚੋਲ ਨਾ ਕੀਤੀ। ਪਰ ਸਿਰਫ ਇਕ ਤੱਥ ਨੂੰ ਵਿਚਾਰਿਆਂ ਹੀ ਸਾਰੇ ਝੂਠ ਦਾ ਪਾਜ ਉਘੜ ਜਾਂਦਾ ਹੈ। ਲਗਭਗ ਹਰ ਇਤਿਹਾਸਕਾਰ ਤੇ ਵਿਦਵਾਨ ਨੇ ਇਸ ਸਾਖੀ ਨੂੰ ਮਾਨਤਾ ਦਿੰਦੇ ਹੋਏ ਇਹ ਲਿਖਿਆ ਹੈ ਕਿ ਬਾਬਾ ਗੁਰਦਿੱਤਾ ਜੀ ਨੂੰ ਹਰਿਗੋਬਿੰਦ ਪਾਤਸ਼ਾਹ ਜੀ ਨੇ, ਸ੍ਰੀ ਚੰਦ ਜੀ ਵਲੋਂ ਮੰਗੇ ਜਾਣ ਤੇ, ਉਹਨਾਂ ਦੇ ਹਵਾਲੇ ਕਰ ਦਿਤਾ। ਭਾਵ ਸ੍ਰੀ ਚੰਦ ਦਾ ਸੇਵਕ ਬਣਾ ਦਿਤਾ। ਇਹੀ ਗੱਲ ਮਹਾਨ ਕੋਸ਼ ਵਿਚ ਵੀ ਪੰਨਾ 9 ਤੇ ਅਸਿੱਧੇ ਤਰੀਕੇ ਸਹੀ ਮੰਨੀ ਗਈ ਹੈ। ਪਰ ਇਸੇ ਮਹਾਨ ਕੋਸ਼ ਦੇ ਆਧਾਰ ਤੇ ਹੀ ਇਹ ਮਹਾਂ-ਝੂਠ ਨੰਗਾ ਵੀ ਹੋ ਜਾਂਦਾ ਹੈ।
ਮਹਾਨ ਕੋਸ਼ ਦੇ ਪੰਨਾ 200 ਅਤੇ 251 ਤੇ ਸ੍ਰੀ ਚੰਦ ਜੀ ਦਾ ਦਿਹਾਂਤ 15 ਅਸੂ ਸੰਮਤ 1669 ਨੂੰ ਲਿਖਿਆ ਮਿਲਦਾ ਹੈ। ਇਸੇ ਮਹਾਨ ਕੋਸ਼ ਦੇ ਪੰਨਾ 416 ਤੇ ਬਾਬਾ ਗੁਰਦਿੱਤਾ ਜੀ ਦਾ ਜਨਮ ਕੱਤਕ ਸੁਦੀ 15 ਸੰਮਤ 1670 ਵਿਚ ਹੋਇਆ ਲਿਖਿਆ ਹੈ। ਭਾਵ ਬਾਬਾ ਗੁਰਦਿੱਤਾ ਜੀ ਦਾ ਜਨਮ ਸ੍ਰੀ ਚੰਦ ਦੇ ਦੇਹਾਂਤ ਤੋਂ ਪੂਰੇ 13 ਮਹੀਨੇ ਬਾਅਦ ਹੋਇਆ। ਸੋ ਸਪਸ਼ਟ ਹੈ ਕਿ ਸ੍ਰੀ ਚੰਦ ਜੀ ਬਾਬਾ ਗੁਰਦਿਤਾ ਜੀ ਨੂੰ ਕਦੇ ਵੀ ਨਹੀਂ ਮਿਲੇ। ਸੋ ਇਹ ਪੂਰੀ ਸਾਖੀ ਹੀ ਨਿਰਾ ਝੂਠ ਦਾ ਪੁਲੰਦਾ ਸਾਬਿਤ ਹੋ ਜਾਂਦੀ ਹੈ।
ਉਦਾਸੀ ਮੱਤ ਦੇ ਸਿਧਾਂਤ ਕਿੰਨੇ ਗੁਰਮਤਿ ਅਨੁਸਾਰੀ ਹਨ, ਜੇ ਇਸ ਦੇ ਦਰਸ਼ਨ ਕਰਨੇ ਹੋਣ ਤਾਂ ਕਿਸੇ ਵੀ ਉਦਾਸੀ ਮੱਤ ਨਾਲ ਸੰਬੰਧਿਤ ਸਥਾਨ ਤੇ ਜਾਇਆ ਜਾ ਸਕਦਾ ਹੈ? ਇਹਨਾਂ ਦੇ ਡੇਰਿਆਂ ਤੇ ਬੇਸ਼ਕ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਮਿਲ ਜਾਵੇਗਾ ਪਰ ਨਾਲ ਹੀ ਦੇਵੀ ਦੇਵਤਿਆਂ ਦੀ ਕੀਤੀ ਜਾਂਦੀ ਪੱਥਰ (ਮੂਰਤੀ) ਪੂਜਾ ਦਾ ਨਜ਼ਾਰਾ ਵੀ ਵੇਖਣ ਨੂੰ ਮਿਲੇਗਾ। ‘ਤੱਤ ਗੁਰਮਤਿ’ ਦੇ ਨਾਂ ਹੇਠ ਚਲ ਰਹੀ ਲਹਿਰ ਵਿਚ ਕੰਮ ਕਰ ਰਹੇ ਗੁਰਸਿੱਖ ਸਿੱਖ ਇਤਿਹਾਸ ਅਤੇ ਗੁਰਮਤਿ ਫਲਸਫੇ ਨੂੰ ਇਸਦੇ ਸ਼ੁੱਧ ਅਤੇ ਖਰੇ ਰੂਪ ਵਿਚ ਸਾਹਮਣੇ ਲਿਆਉਣ ਲਈ ਸੰਘਰਸ਼ਰਤ ਹਨ। ਮਿਸ਼ਨਰੀ ਕਾਲਜ ਵੀ ਇਸ ਲਹਿਰ ਦਾ ਹਿੱਸਾ ਮੰਨੇ ਜਾਂਦੇ ਹਨ। ਪਰ ਇਸ ਸਵਾਲ ਦੇ ਜਵਾਬ ਕਾਰਣ ਅਨਜਾਣੇ ਹੀ ਉਸ ਸੰਘਰਸ਼ ਨੂੰ ਪਿੱਛੇ ਧੱਕਣ ਲਈ ਕਾਫੀ ਹੈ।
‘ਤੱਤ ਗੁਰਮਤਿ ਪਰਵਾਰ’ ਇਸ ਗੈਰ-ਸਿਧਾਂਤਕ ਪਹੁੰਚ ਲਈ ਆਪਣਾ ਹਾਂ-ਪੱਖੀ ਵਿਰੋਧ ਜ਼ਾਹਿਰ ਕਰਦਾ ਹੈ। ਪਰਵਾਰ ਦੀ ਨੀਤੀ ਅਨੁਸਾਰ ਹਾਂ-ਪੱਖੀ ਆਲੋਚਣਾ ਪਹਿਲਾਂ ਸੰਬੰਧਿਤ ਮੈਗਜ਼ੀਨ ਜਾਂ ਅਖ਼ਬਾਰ ਨੂੰ ਭੇਜੀ ਜਾਂਦੀ ਹੈ, ਤਾਂ ਕਿ ਉਹ ਮੈਗਜ਼ੀਨ ਜਾਂ ਅਖ਼ਬਾਰ ਵਿਚ (ਜੇ ਸੁਹਿਰਦ ਹਨ ਤਾਂ) ਸੁਧਾਰ ਕਰ ਸਕਣ ਜਾਂ ਸਪਸ਼ਟੀਕਰਨ ਦੇ ਸਕਣ। ਅਸੀਂ ਸਮਝਦੇ ਹਾਂ ਕਿ ਸਿੱਖ ਫੁਲਵਾੜੀ ਵਲੋਂ (ਬਿਨਾ ਪੜਚੋਲ) ਕਿਸੇ ਕਿਤਾਬ ਵਿਚੋਂ ਲੈ ਕੇ ਛਾਪੇ ਇਸ ਗੈਰ-ਸਿਧਾਂਤਕ ਜਵਾਬ ਨਾਲ ਪਾਠਕ ਗੁੰਮਰਾਹ ਹੋ ਸਕਦੇ ਹਨ। ਇਸ ਲਈ ਪਰਵਾਰ ਬੇਨਤੀ ਕਰਦਾ ਹੈ ਕਿ ਸਾਡੀ ਇਹ ਆਲੋਚਣਾ ਸਿੱਖ ਫੁਲਵਾੜੀ ਦੇ ਅਗਲੇ ਅੰਕ (ਅਗਸਤ ਜਾਂ ਸਤੰਬਰ 09) ਵਿਚ, ਬਿਨਾਂ ਕਿਸੇ ਕਾਂਟ-ਛਾਂਟ ਦੇ, ਪ੍ਰਕਾਸ਼ਿਤ ਕੀਤੀ ਜਾਵੇ। ਸੰਪਾਦਕੀ ਮੰਡਲ ਸਾਡੀ ਆਲੋਚਣਾ ਨਾਲ ਅਪਣੀ ਸੰਪਾਦਕੀ ਟਿੱਪਣੀ ਲਾਉਣ ਲਈ ਆਜ਼ਾਦ ਹੈ। ਜੇਕਰ ਸਤੰਬਰ 2009 ਤੱਕ ਸਿੱਖ ਫੁਲਵਾੜੀ ਵਿਚ ਸਾਡਾ ਇਹ ਪੱਖ ਪ੍ਰਕਾਸ਼ਿਤ ਨਾ ਕੀਤਾ ਗਿਆ ਤਾਂ ਮਜ਼ਬੂਰਨ ‘ਪਰਵਾਰ’ ਕਿਸੇ ਹੋਰ ਵਸੀਲੇ ਪਾਠਕਾਂ ਦੀ ਕਚਹਿਰੀ ਵਿਚ ਜਾਏਗਾ, ਜਿਸ ਲਈ ਅਦਾਰਾ ਸਿੱਖ ਫੁਲਵਾੜੀ ਨੂੰ ਹੀ ਜਿੰਮੇਵਾਰ ਮੰਨਿਆ ਜਾਵੇਗਾ।
ਗੁਰ ਫਤਹਿ।
ਨਿਮਰਤਾ ਸਹਿਤ,
ਤੱਤ ਗੁਰਮਤਿ ਪਰਵਾਰ।
ਈ-ਮੇਲ : tatgurmat@gmail.com