

ਸਿੱਖਾਂ ਦੀ ਸਰਦਾਰੀ : ਇਤਿਹਾਸ ਵਿੱਚ ’ਤੇ ਹੁਣ
- ਜਸਪਾਲ ਸਿੰਘ, ਉਤਰਾਖੰਡ -
ਸਰਦਾਰ ਲਫਜ਼ ਆਪਣੇ ਆਪ ’ਚ ਹੀ ਇਕ ਆਗੂ ਦਾ ਪ੍ਰਤੀਕ ਹੈ। ਇਸ ਸ਼ਬਦ ਦਾ ਅਰਥ ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਮੁਖੀਆ-, ਪ੍ਰਧਾਨ- ਦੇ ਰੂਪ ’ਚ ਕੀਤਾ ਹੈ। ਸਰਦਾਰ ਵੀ ਵੱਖ-ਵੱਖ ਖੇਤਰਾਂ ਵਿੱਚ ਵੱਖੋ-ਵੱਖਰੀ ਭੂਮੀਕਾ ਨਿਭਾਉਂਦੇ ਹਨ।
ਸਰਦਾਰ ਕੇਵਲ ਹਥਿਆਰ ਬੰਦ ਹੋ ਕੇ ਜਾਂ ਕੋਈ ਵਿਸ਼ੇਸ਼ ਕਿਸਮ ਦੀ ਪੁਸ਼ਾਕ ਪਾ ਕੇ ਜਾਂ ਮਾੜੇ ਲੋਕਾਂ ਨੂੰ ਡਰਾ ਧਮਕਾ ਕੇ ਨਹੀਂ ਬਣਿਆ ਜਾ ਸਕਦਾ। ਹਾਂ ਜੇ ਸਰਦਾਰ ਲਫਜ਼ ਦੇ ਅੱਖਰੀ ਅਰਥਾਂ ਵੱਲ ਵਧੇਰੇ ਤਰਜ਼ੀਹ ਦਿੱਤੀ ਜਾਵੇਗੀ ਤਾਂ ਸਰਦਾਰ ਕਿਸੇ ਡਕੈਤ ਗਰੁੱਪ ਦਾ ਵੀ ਹੋ ਸਕਦਾ ਹੈ, ਉ¤ਥੇ ਸਰਦਾਰੀ ਨੂੰ ਕਾਇਮ ਰੱਖਣ ਲਈ ਇਹ ਪ੍ਰਭਾਵ ਪਾਉਣਾ ਬਹੁਤ ਜਰੂਰੀ ਹੁੰਦਾ ਹੈ ਕਿ ਤੁਸੀਂ ਕਿੰਨੀਆਂ ਚੋਰੀਆਂ ਕਰ ਸਕਦੇ ਹੋ, ਤੁਸੀਂ ਕਿੰਨੀ ਬੇ-ਰਹਿਮੀ ਨਾਲ ਕਿਸੇ ਦਾ ਕਤਲ ਕਰ ਸਕਦੇ ਹੋ, ਕਿੰਨੀਆਂ ਔਰਤਾਂ ਦੇ ਬਲਾਤਕਾਰ ਕਰ ਸਕਦੇ ਹੋ, ਕਿੰਨੇ ਬੱਚੇ ਅਨਾਥ ਕਰ ਸਕਦੇ ਹੋ, ਕਿੰਨੇ ਘਰਾਂ ਨੂੰ ਸਾੜ ਕੇ ਸੁਆਹ ਕਰ ਸਕਦੇ ਹੋ ਆਦਿ। ਕੁੱਝ ਇਸ ਤਰਾਂ ਦੀ ਧਾਕ ਡਕੈਤੀ ਦੇ ਖੇਤਰ ਚ ਆਪਣੀ ਸਰਦਾਰੀ ਨੁੰ ਕਾਇਮ ਰਖਣ ਵਾਸਤੇ ਕੀਤੀ ਜਾਂਦੀ ਹੈ। ਕਹਿਣ ਤੋਂ ਮੁਰਾਦ ਸਰਦਾਰੀ ਦਾ ਖੇਤਰ ਇੱਕ ਵਿਸ਼ਾਲ ਖੇਤਰ ਹੈ। ਇਹ ਧਰਮ ਅਤੇ ਅਧਰਮ ਦੀ ਦੁਨੀਆ ਵਿੱਚ ਵੀ ਪਾਇਆ ਜਾਂਦਾ ਹੈ।
ਇੱਕ ਸਰਦਾਰੀ ਗੁਰੂ ਸਾਹਿਬ ਨੇ ਖਾਲਸਾ ਕੌਮ ਨੂੰ ਵੀ ਬਖਸ਼ੀ ਸੀ। ਇਸ ਸਰਦਾਰੀ ਦੇ ਟੀਚੇ ਸਰਬਤ ਦੇ ਭਲੇ ਦੇ ਸਿਧਾਂਤ ਚੋਂ ਪੈਦਾ ਹੁੰਦੇ ਹਨ। ਖਾਲਸਾ ਕੌਮ ਦੀ ਸਰਦਾਰੀ ਆਪਣੇ ਆਪ ’ਚ ਹੀ ਇਕ ਸਦੀਵੀ ਇਨਕਲਾਬ ਦਾ ਮਜਬੂਤ ਅਤੇ ਵਿਸ਼ਾਲ ਰਸਤਾ ਹੈ। ਖਾਲਸੇ ਨੇ ਸਦੀਆਂ ਦੇ ਗੈਰ ਮਨੁੱਖੀ ਵਰਤਾਰੇ ਨੂੰ ਤੋੜਨ ਲਈ ਬੁੱਕਾਂ ਭਰ-ਭਰ ਆਪਣਾ ਲਹੂ ਡੋਲਿਆ। ਇਸ ਸਰਦਾਰ ਕੌਮ ਦਾ ਰਚਣਹਾਰ ਗੁਰੂ ਨਾਨਕ ਸਾਹਿਬ ਗਰੀਬਾਂ ਨਿਤਾਣਿਆਂ ਦਾ ਮਸੀਹਾ ਹੋ ਉਭਰਿਆ ਗੁਰੁ ਸਾਹਿਬ ਨੇ ਖੁੱਲ੍ਹਾ ਐਲਾਨ ਕੀਤਾ ਕਿ
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।।
ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ।।
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ।।
(15)
ਖਾਲਸੇ ਨੇ ਵੀ ਗੁਰੁ ਸਾਹਿਬ ਦੇ ਏਸ ਹੁਕਮ ਉਪਰ ਨੱਤ-ਮਸਤਕ ਹੁੰਦਿਆਂ ਜੀਅ ਜਾਨ ਨਾਲ ਪਹਿਰਾ ਦਿੱਤਾ। ਸਰਦਾਰ ਕੌਮ ਦੇ ਗੁਰਦੁਆਰਿਆਂ ਚ ਪਵਿੱਤਰ ਸਰੋਵਰਾਂ ’ਚ ਸਮੂਹ ਵਰਣ ਜਾਤੀਆਂ ਵਲੋਂ ਇਕੱਠਿਆਂ ਇਸ਼ਨਾਨ ਕੀਤਾ ਜਾਣਾ, ਪੰਗਤ ਵਿਚ ਬੈਠ ਕੇ ਬਿਨਾਂ ਕਿਸੇ ਭੇਦ-ਭਾਵ ਦੇ ਪ੍ਰਸ਼ਾਦ ਛਕਣਾ, ਇਸ ਤੋਂ ਵੀ ਅਗਾਂਹ ਜਾ ਕੇ ਖ਼ਾਲਸਾ ਜਦੋਂ ਇੱਕੋ ਬਾਟੇ ਚੋਂ ਖੰਡੇ ਕੀ ਪਾਹੁਲ ਛਕਦਾ ਹੈ ਤਾਂ ਮਨੁਖੀ ਭਾਈਚਾਰੇ ਦੀ ਬਰਾਬਰੀ ਅਤੇ ਆਜ਼ਾਦੀ ਦਾ ਅਮਲੀ ਪ੍ਰਵਾਹ ਸਾਡੇ ਸ਼ਬਦਾਂ ਦਾ ਮੁਹਤਾਜ ਨਹੀ ਰਹਿ ਜਾਂਦਾ। ਸਰਦਾਰ ਕੌਮ (ਖਾਲਸਾ ਕੌਮ) ਹਰੇਕ ਅਮੀਰ ਗਰੀਬ ਖਾਸ ਕਰਕੇ ਦੱਬੇ ਕੁਚਲੇ ਨਿਤਾਣੇ, ਬੇਸਹਾਰਾ ਲੋਕਾਂ ਲਈ ਇਕ ਵਿਸ਼ਾਲ ਪਲੇਟਫਾਰਮ ਮੁਹੱਈਆ ਕਰਾਉਂਦਾ ਹੈ ਅਤੇ ਖੁਲ੍ਹਾ ਸੱਦਾ ਦਿੰਦਾ ਹੈ ਕਿ ਆਉ, ਖਾਲਸਾ ਨੈਟਵਰਕ ਤੇ ਆ ਕੇ ਤੁਸੀਂ ਆਪਣੇ ਮਨੋਭਾਵਾਂ ਨੂੰ ਸਭਿਅਕ ਦਾਇਰੇ ਚ ਰਹਿ ਕੇ ਪ੍ਰਗਟ ਕਰੋ ਅਤੇ ਬਗੈਰ ਕਿਸੇ ਨਸਲੀ ਵਿਤਕਰੇ ਤੋਂ ਆਪਣਾ ਮਾਨਸਿਕ ਵਿਕਾਸ ਕਰੋ।
ਖਾਲਸਾ ਸਮੂਹ ਮਾਨਵਜਾਤੀ ਨੂੰ ਜੀਵਨ ਜੀਉਣ ਦੇ ਅਧਿਕਾਰ ਦਿਵਾਉਣ ਲਈ ਵਚਨਬੱਧ ਹੈ। ਇਤਿਹਾਸ ਇਸ ਗੱਲ੍ਹ ਦਾ ਬੇਖੌਫ ਹੋ ਕੇ ਗਵਾਹ ਬਣਿਆ ਹੋਇਆ ਹੈ ਕਿ ਸਰਦਾਰ ਕੌਮ ਕੇਵਲ ਜਬਾਨੀ ਕਲਾਮੀ ਹੀ ਵੱਚਨਬੱਧਤਾ ਨੂੰ ਪ੍ਰਗਟ ਨਹੀ ਕਰਦਾ ਸਗੋਂ ਲੋੜ ਪੈਣ ਤੇ ਮਨੁਖੀ ਕਲਪਨਾ ਸ਼ਕਤੀ ਤੋਂ ਪਰ੍ਹੇ ਦੇ ਦੁਖ ਤਖਲੀਫਾਂ ਆਪਣੇ ਪਿੰਡੇ ਤੇ ਹੰਢਾਏ। ਸਰਦਾਰ ਕੌਮ ਦੇ ਦਰਬਾਰ ’ਚ ਜੇ ਕੋਈ ਦੁਸ਼ਮਣ ਵੀ ਫਰਿਆਦੀ ਹੋਇਆ ਤਾਂ ਖਾਲੀ ਨਾ ਪਰਤਿਆ। ਹਿੰਦੋਸਤਾਨ ਦੀ ਰੋਂਦੀ ਕੁਰਲਾਉਂਦੀ ਆਤਮਾ ਦੀ ਆਵਾਜ਼ ਵੀ ਖਾਲਸੇ ਨੇ ਸੁਣੀ।
ਲਾਚਾਰ ਅਤੇ ਬੇਵੱਸ ਗਜ਼ਨੀ ਦੇ ਬਾਜ਼ਾਰਾਂ ਨੂੰ ਟਕਿਆਂ ਦੇ ਭਾਅ ਵਿਕਣ ਜਾ ਰਹੀ ਔਰਤ ਨੁੰ ਖਾਲਸੇ ਨੇ ਛੁਡਾਇਆ। ਸਰਦਾਰ ਭਾਈਚਾਰਾ ਸੂਰਜ ਡੁੱਬਣ ਤੋਂ ਪਹਿਲਾਂ ਇਕ ਮਜ਼ਲੂਮ ਨਾਲ ਕੀਤਾ ਕੌਲ ਪੂਰਾ ਕਰ ਦਿੰਦਾ ਸੀ। ਬਾਰ੍ਹਾਂ ਵਜਣ ਦਾ ਵਾਕਿਆ ਵੀ ਖਾਲਸੇ ਨਾਲ ਲਹੂ ਵਾਂਗ ਜੁੜਿਆ ਹੋਇਆ ਹੈ ਜੋ ਇਹ ਗਵਾਹੀ ਭਰਦਾ ਹੈ ਕਿ ਖਾਲਸਾ ਕਿਸੇ ਨਿਆਸਰੇ ਦਾ ਆਸਰਾ ਬਣਨ ਲਈ ਸਮਾਂ ਨਹੀ ਵਿਚਾਰਦਾ ਸਗੋਂ ਕਿਸੇ ਨਿਤਾਣੀ ਧਿਰ ਨਾਲ ਅੱਧੀ ਰਾਤੀਂ ਜਾ ਖੜਦਾ ਅਤੇ ਇਕ ਰੂਹਾਨੀ ਠੰਡਕ ਨਾਲ ਲੋਕਾਈ ਨੂੰ ਸ਼ਾਂਤ ਕਰਦਾ। ਕਈ ਵਾਰ ਤਾਂ ਸਰਦਾਰ ਭਾਈਚਾਰੇ ਵਲੋਂ ਛੁਡਾਈ ਗਈ ਲੜਕੀ ਨੂੰ ਉਸ ਦਾ ਪਰਵਾਰ ਵਾਪਸ ਸਵੀਕਾਰ ਕਰਨ ਤੋਂ ਸਿਰਫ ਇਸੇ ਕਰਕੇ ਨਾਹ ਕਰ ਦਿੰਦਾ ਕਿ ਇਹ ਹੁਣ ਨਾਪਾਕ (ਅਪਵਿੱਤਰ) ਹੋ ਗਈ ਹੈ ਤਾਂ ਉਦੋਂ ਇਹ ਐਲਾਨ ਕੀਤਾ ਜਾਂਦਾ ਕਿ ਹੁਣ ਇਹ ਖਾਲਸੇ ਦੀ ਬੇਟੀ ਹੈ, ਅਜੇਹੀਆਂ ਅਨੇਕਾਂ ਮਿਸਾਲਾਂ ਮਨੁੱਖੀ ਸਭਿਅਤਾ ਦਾ ਸਿਰ ਮਾਣ ਨਾਲ ਉ¤ਚਾ ਕਰਦੀਆਂ ਹਨ।
ਪਰ ਐ ਨਿਤਾਣਿਆਂ ਦੇ ਤਾਣ ਖਾਲਸਾ ਜੀ ! ਅੱਜ ਤੁੰ ਕਿਸ ਗਫਲਤ ਦੀ ਗੁੜ੍ਹੀ ਨੀਂਦੇ ਸੌਂ ਗਿਆ ਏਂ ! ਤੂੰ ਤਾਂ ਆਪਣੇ ਸਿਰ ਦੇ ਤਾਜ਼ ਪੱਗ ਨਾਲ ਅੱਖਾਂ ਢੱਕ ਕੇ ਸੋਂ ਗਿਆ ਏਂ। ਲੱਗਦਾ ਏ ਤੂੰ ਆਪਣੀਆਂ ਖਾਲਸਾਈ ਜਿੰਮੇਵਾਰੀਆਂ ਤੋਂ ਅਣਜਾਣ ਹੋ ਗਿਆ ਏਂ। ਜਾਂ ਜਾਣ ਬੁੱਝ ਕੇ ਇੰਨਾ ਤੋਂ ਭਜਣਾਂ ਚਹੁੰਦਾ ਏਂ। ਐ ਸਰਦਾਰ ਜੀ !ਅੱਜ ਤੁਸੀਂ ਅਖੌਤੀ ਮਾਡਰਨਗਰਦੀ ਦੇ ਵਿੱਚ ਆਪਣੀ ਮੌਤ ਨੂੰ ਸੱਦਾ ਦੇ ਰਹੇ ਹੋ। ਅੱਜ ਤੁਸੀਂ ਬੇ-ਸਰਮੀ ਦੀਆਂ ਸਾਰੀਆਂ ਹੱਦਾ ਪਾਰ ਕਰਕੇ ਆਪਣੇ ਆਪ ਨੂੰ ਮੌਡਰਨ ਸਰਦਾਰ ਅਖਵਾਉਂਦੇ ਹੋ। ਕਿੱਥੇ ਤੁਸੀਂ ਬੇਗਾਨੀਆਂ ਧੀਆਂ ਭੈਣਾਂ ਨੂੰ ਵੀ ਨਿਲਾਮ ਹੋਣਾ ਮਨਜੂਰ ਨਾ ਕੀਤਾ ਪਰ ਅੱਜ ਸੈਂਕੜੇ ਆਪਣੀਆਂ ਹੀ ਸਿੱਖ ਭੈਣਾਂ ਨੂੰ ਟਕਿਆਂ (ਪੈਸਿਆਂ) ਦੀ ਕਸੌਟੀ ਉ¤ਪਰ ਪਰਖਣ ਲੱਗ ਪਏ। ਅੱਜ ਤੁਸੀਂ ਵਿਆਹ ਕਰਾਉਣ ਨੁੰ ਤਾਂ ਹੀ ਰਜ਼ਾਮੰਦ ਹੁੰਦੇ ਹੋ ਜੇ ਤੁਹਾਨੂੰ ਭੀਖ ਦੀ ਬੁਰਕੀ ਦਾਜ ਦੇ ਰੂਪ ’ਚ ਦਿੱਤੀ ਜਾਏ । ਜੇ ਮੰਗਤੇ ਨੂੰ ਕੋਈ ਖੈਰਾਤ ਨਾ ਪਾਵੇ ਤਾਂ ਮੰਗਤਾ ਕਿਸੇ ਦੇ ਗੱਲ ਨਹੀ ਪੈ ਜਾਂਦਾ ਪਰ ਐ ਅਖੌਤੀ ਮੌਡਰਨ ਸਰਦਾਰ ਜੀ ! ਤੂੰ ਤਾਂ ਉਦੋਂ ਸਿਤਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿਨੈ ਜਦੋਂ ਇਕ ਮਾਸੂਮ ਲੜਕੀ ਬਿਨਾ ਕਿਸੇ ਡੂੰਘੀ ਵਿਚਾਰ ਦੇ ਆਪਣੀ ਕਿਸਮਤ ਤੇਰੇ ਨਾਲ ਜੋੜ ਦੇਂਦੀ ਹੈ ਪਰ ਤੂੰ ਦਾਜ ਰੂਪੀ ਖੈਰਾਤ ਘੱਟ ਮਿਲਣ ਤੇ ਤਲਾਕ ਨਕਦੀ ਵਰਗੀ ਛੁਰੀ ਨਾਲ ਆਪਣੇ ਜੀਵਨ ਸਾਥੀ ਨੂੰ ਕੋਹ-ਕੋਹ ਕੇ ਮਾਰਦਾਂ ਏਂ। ਇਸ ਫੁਕਰੇ ਜਿਹੇ ਸਰਦਾਰ ਵਲੋਂ ਕੁੜੀ ਮਾਰਨ ਦਾ ਪਾਪ ਵੀ ਜੋਰਾਂ ਤੇ ਕੀਤਾ ਜਾ ਰਿਹਾ ਹੈ ।
ਅੱਜ ਦਾ ਫੁਕਰਾ ਸਰਦਾਰ ਖਾਲਸਾਈ ਸਿਧਾਂਤਾਂ ਨੂੰ ਜੱਟਵਾਦ ਦੇ ਆਰੇ ਨਾਲ ਲੀਰੋ-ਲੀਰ ਕਰਨ ’ਤੇ ਤੁਲਿਆ ਹੋਇਆ ਹੈ । ਪੰਜਾਬੀ ਗਾਣੇ ਜਿੰਨ੍ਹਾਂ ਉਪਰ ਫੁਕਰੇ ਸਰਦਾਰਾਂ ਨੇ ਪ੍ਰਮਾਣਿਕਤਾ ਦੀ ਮੋਹਰ ਲਾਈ ਹੋਈ ਹੈ, ਜੋ ਇਹੀ ਪ੍ਰਭਾਵ ਪਾ ਰਹੇ ਹੁੰਦੇ ਹਨ ਕਿ ਸਿਰਫ਼ ਜੱਟਾਂ ਨੁੰ ਹੀ ਜੀਊਣ ਦਾ ਅਧਿਕਾਰ ਹੈ । ਜੇ ਇਨ੍ਹਾਂ ਸਿੰਗਰਾਂ ਦਾ, ਅਖੌਤੀ ਸਭਿਾਚਾਰਕ ਸੰਸਥਾਵਾਂ ਦਾ ਅਖੌਤੀ (ਸਿੱਖ) ਸੰਪ੍ਰਦਾਵਾਂ ਦਾ ਅਤੇ ਭੂਤਰੇ ਸਰਦਾਰਾਂ ਦਾ ਵੱਸ ਚੱਲੇ ਤਾਂ ਇਹ ਗੁਰੂ ਨਾਨਕ ਸਾਹਿਬ ਦੇ ਨਾਲੋਂ ਭਾਈ ਮਰਦਾਨਾ ਜੀ ਨੂੰ ਅਲੱਗ ਕਰਕੇ ਕਿਸੇ ਜੱਟ ਨੂੰ ਬਿਠਾ ਦੇਣ ।
ਖਾਲਸੇ ਨੇ ਹਮੇਸ਼ਾਂ ਸਿਧਾਂਤਕ ਲੜਾਈਆਂ ਲੜੀਆਂ ਹਨ, ਪਰ ਮੌਜੂਦਾ ਨਿਰਾਸ਼ਾਜਨਕ ਦੌਰ ’ਚ ਭੂਤਰੇ ਹੋਏ ਸਰਦਾਰਾਂ ਦੀ ਲੜਾਈ ਵਿਚ ਜੇ ਕਿਸੇ ਨੇ ਮੁੱਛ ਨੂੰ ਵੱਟ ਦੇ ਦਿੱਤਾ ਤਾਂ ਜੁਤੀਉ-ਜੁਤੀ ਹੋ ਪਏ, ਜੇ ਕਿਸੇ ਨੇ ਖੰਘ ਲਿਆ ਤਾਂ ਅਣਖ ਨੂੰ ਵੰਗਾਰਨ ਵਾਲੀ ਗੱਲ ਬਣ ਜਾਂਦੀ ਹੈ। ਕੁੜੀਆਂ ਛੇੜਨ ਪਿੱਛੇ ਲੜਾਈ ਜੱਟ ਦੀ ਚੜ੍ਹਾਈ ਨਾਲ ਜੁੜ ਗਈ ਹੈ। ਨਸ਼ਿਆਂ ਵਿੱਚ ਡੁੱਬ ਕੇ ਮਰਨਾ ਫੁਕਰੇ ਸਰਦਾਰਾਂ ਦਾ ਸਭਿਆਚਾਰ ਬਣ ਗਿਆ ਹੈ ।
ਨਿਆਸਰਿਆਂ ਦੇ ਆਸਰੇ ਖਾਲਸਾ ਜੀ! ਤੁਹਾਡੀ ਸਰਦਾਰੀ ਦਾ ਦਾਅਵਾ ਦੁਨੀਆਂ ਦੀ ਕੋਈ ਤਾਕਤ ਰੱਦ ਨਹੀ ਕਰ ਸਕਦੀ। ਤੁਸੀਂ ਆਪਣੀਆਂ ਜਿੰਮੇਵਾਰੀਆਂ ਨੂੰ ਸਮਝਣ ਦਾ ਯਤਨ ਕਰੋ। ਅੱਜ ਸਾਨੂੰ ਬਹੁਤ ਸੰਭਲ ਕੇ ਚੱਲਣ ਦੀ ਜਰੂਰਤ ਹੈ। ਕਿਉਂਕਿ ਅੱਜ ਸਾਡੇ ਖਾਲਸਾਈ ਪਾਕ ਸਿਧਾਂਤਾਂ ਵਿੱਚ ਇਸ ਕਦਰ ਮਿਲਾਵਟ ਕਰ ਦਿੱਤੀ ਗਈ ਹੈ ਅਸੀਂ ਇਸ ਨੂੰ ਸਧਾਰਣ ਤੌਰ ਤੇ ਸਮਝਣ ਤੋਂ ਅਸਮੱਰਥ ਹਾਂ। ਬੜੇ ਅਫਸੋਸ ਦੀ ਗੱਲ ਹੈ ਕਿ ਅੱਜ ਹਰ ਦੁੱਕੀ ਤਿੱਕੀ ਤੁਹਾਡੀ ਕੌਮ ਦਾ ਆਗੂ ਬਣ ਕੇ ਬੈਠ ਗਿਆ ਹੈ। ਜੋ ਦਿਨ ਰਾਤ ਸੰਘ ਪਾੜ ਕੇ ਤੁਹਾਨੂੰ ਖਾਲਸਾਈ ਸਿਧਾਂਤਾਂ ਤੋਂ ਤੋੜਨ ਲਈ ਰੋਲਾ ਪਾ ਰਹੇ ਹਨ ਕਿ ਸਿੱਖੀ ਬਹੁਤ ਔਖੀ ਹੈ, ਸਿੱਖੀ ਕਮਾਉਂਣੀ ਬਹੁਤ ਔਖੀ ਹੈ ਇਹ ਚੋਰ ਲਾਣਾ ਇਸ ਪਾਪ ਕਰਮ ਲਈ ਗੁਰੁ ਸਾਹਿਬ ਦੀ ਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰ ਰਿਹਾ ਹੈ ਜਿਸ ਵਿੱਚ ਗੁਰੁ ਸਾਹਿਬ ਨੇ ਫੁਰਮਾਇਆ "ਖੰਨਿਅਹੁ ਤਿਖੀ ਵਾਲਹੁ ਨਿਕੀ, ਏਤੁ ਮਾਰਗਿ ਜਾਣਾ।।" ਇਸ ਪਾਵਨ ਪੰਗਤੀ ਦੇ ਅਰਥ ਬਾਣੀ ਦੇ ਪ੍ਰਸੰਗ ਤੋਂ ਬਿਲਕੁਲ ਤੋੜਕੇ ਕੀਤੇ ਜਾਂਦੇ ਹਨ।
ਐ ਨਿਤਾਣਿਆਂ ਦੇ ਤਾਣ ਖਾਲਸਾ ਜੀ ! ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਤੁਹਾਡੇ ਦਰਬਾਰ ’ਚੋਂ ਕੋਈ ਖਾਲੀ ਨਹੀ ਗਿਆ। ਇਸੇ ਆਸ ਨਾਲ ਇਕ ਬੇਨਤੀ ਕਰਨੀ ਚਹੁੰਦੇ ਹਾਂ ਕਿ ਆਉਣ ਵਾਲੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਆਪਣੇ ਮਨਾਂ ’ਚ ਤਾਜਾ ਕਰਦਿਆਂ ਇੰਨਾ ਸਾਰੇ ਸਿੱਖ ਵਿਰੋਧੀ ਤੱਤਾਂ, ਰੀਤੀਆਂ ਕੁਰੀਤੀਆਂ ਨੂੰ ਤਿਆਗੀਏ ਅਤੇ ਸੱਚੇ ਸੁੱਚੇ ਆਦਰਸ਼ਵਾਦੀ ਸਰਦਾਰ ਬਣੀਏ । ਸਾਡਾ ਉਨ੍ਹਾਂ ਤਮਾਮ ਲੋਕਾਂ ਨੂੰ ਵੀ ਖੁਲ੍ਹਾ ਸੱਦਾ ਹੈ ਜੋ ਲੋਕ ਸਭਿਆਚਾਰ ਦੇ ਨਾਮ ’ਤੇ ਅਤਿਆਚਾਰ ਕਰਨ ’ਚ ਰੁੱਝੇ ਹੋਏ ਹਨ। ਉਹ ਵੀ ਆਪਣੀ ਗਲਤੀਆਂ ਸੁਧਾਰ ਕੇ ਖਾਲਸਾਈ ਝੰਡੇ ਹੇਠ ਇੱਕਤਰ ਹੋ ਸਕਦੇ ਹਨ ।