

ਕੀ ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਕਮੇਟੀ ਸਥਾਪਿਤ ਹੋ ਜਾਣ ਨਾਲ ਉਥੋਂ ਦੇ ਸਿੱਖਾਂ ਨੂੰ ਵਾਕਈ ਕੋਈ ਲਾਭ ਹੋਵੇਗਾ?
- ਸਰਬਜੀਤ ਸਿੰਘ -
13 ਸਤੰਬਰ ਨੂੰ ਹਰਿਆਣਾ ਦੇ ਜ਼ਿਲਾ ਕੁਰੂਕਸ਼ੇਤਰ ਦਾ ਇਤਿਹਾਸਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਮੀਡੀਆ ਦੀਆਂ ਖ਼ਬਰਾਂ ਦਾ ਹਿੱਸਾ ਬਣ ਗਿਆ। ਕਾਰਨ ਇਹ ਸੀ ਕਿ ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਥਾਪਿਤ ਕੀਤੇ ਜਾਣ ਦੀ ਮੰਗ ਕਰ ਰਹੇ ਸ਼੍ਰੋਮਣੀ ਕਮੇਟੀ ਮੈਂਬਰ ਜਗਦੀਸ਼ ਸਿੰਘ ਝੀਂਡਾ ਅਤੇ ਉਨ੍ਹਾਂ ਦੇ ਲਗਭਗ 400 ਸਮਰਥਕਾਂ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ’ਤੇ ਕਬਜ਼ਾ ਕਰ ਲਿਆ। ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਕਥਿਤ ਹਰਿਆਣਾ-ਵਿਰੋਧੀ ਨੀਤੀਆਂ ਪ੍ਰਤੀ ਵਿਰੋਧ ਜਤਾ ਰਹੇ ਸ੍ਰੀ ਝੀਂਡਾ ਤੇ ਉਨ੍ਹਾਂ ਦੇ ਸਮਰਥਕਾਂ ਨੇ ਸ਼ਾਮ ਤੱਕ ਗੁਰਦੁਆਰਾ ਸਾਹਿਬ ਦੇ ਪ੍ਰਬੰਧ ’ਤੇ ਕਾਬਿਜ਼ ਰਹਿਣ ਉਪਰੰਤ ਗੁਰਦੁਆਰਾ ਕੰਪਲੈਕਸ ਖਾਲੀ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਕਬਜ਼ੇ ਦੀ ਕਾਰਵਾਈ ਸ਼੍ਰੋਮਣੀ ਕਮੇਟੀ ਆਗੂਆਂ ਨੂੰ ਇਹ ਦਿਖਾਉਣ ਲਈ ਕੀਤੀ ਸੀ ਕਿ ਜੇਕਰ ਹਰਿਆਣਾ ਦੇ ‘ਸਿੱਖਾਂ ਨੂੰ’ ਉਨ੍ਹਾਂ ਦੇ ਬਣਦੇ ਹੱਕ ਨਾ ਦਿੱਤੇ ਗਏ, ਤਾਂ ਸੂਬੇ ਦੇ ਸਿੱਖ ਇਥੋਂ ਦੇ ਗੁਰਦੁਆਰਿਆਂ ਦਾ ਪ੍ਰਬੰਧ ਜਬਰੀ ਸ਼੍ਰੋਮਣੀ ਕਮੇਟੀ ਕੋਲੋਂ ਖੋਹ ਲੈਣਗੇ।
ਇਸ ਘਟਨਾਕ੍ਰਮ ਉਪਰੰਤ ਸ਼੍ਰੋਮਣੀ ਕਮੇਟੀ ’ਤੇ ਕਾਬਿਜ਼ ਬਾਦਲ ਦਲ ਦੇ ਪਿੱਠੂਆਂ ਨੇ ਆਪਣੇ ਸਿਆਸੀ ਵਿਰੋਧੀਆਂ ਨਾਲ ਨਿਬੜਨ ਦੀ ਪੁਰਾਣੀ ਨੀਤੀ ਅਪਣਾਉਂਦਿਆਂ ਆਪਣੇ ਮੁਲਾਜ਼ਮ ਪੁਜਾਰੀਆਂ (ਕਥਿਤ ਜਥੇਦਾਰਾਂ) ਕੋਲੋਂ ਹਰਿਆਣਾ ਕਮੇਟੀ ਦੇ ਆਗੂਆਂ ਨੂੰ ਅਕਾਲ ਤਖ਼ਤ ਸਾਹਿਬ ’ਤੇ ਤਲਬ ਹੋਣ ਦਾ ਹੁਕਮਨਾਮਾ ਜਾਰੀ ਕਰਵਾ ਲਿਆ। 20 ਸਤੰਬਰ ਨੂੰ ਹੋਈ ਇਨ੍ਹਾਂ ਆਗੂਆਂ ਦੀ ਪੇਸ਼ੀ ਦੌਰਾਨ ਪੁਜਾਰੀਆਂ ਨੇ ਮਾਮਲੇ ਦੀ ਸੁਣਵਾਈ 1 ਅਕਤੂਬਰ ਤੱਕ ਅੱਗੇ ਲਈ ਪਾ ਦਿੱਤੀ ਸੀ। ਇਸਲਈ ਇਸ ਮਾਮਲੇ ਵਿੱਚ ਫੈਸਲਾ ਕੀ ਹੁੰਦਾ ਹੈ, ਇਹ ਤਾਂ 1 ਅਕਤੂਬਰ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇਸ ਘਟਨਾਕ੍ਰਮ ਨੇ ਤਖ਼ਤਾਂ ਦੇ ਪੁਜਾਰੀਆਂ ਦੇ ਬਾਦਲਕਿਆਂ ਦੀ ਕਠਪੁਤਲੀਆਂ ਵਜੋਂ ਸਰਗਰਮ ਹੋਣ ਦੇ ਇਲਜ਼ਾਮ ਨੂੰ ਇਕ ਵਾਰ ਫਿਰ ਸੱਚ ਸਾਬਿਤ ਕਰ ਦਿੱਤਾ ਹੈ। ਇਹ ਗੱਲ ਵੱਖਰੀ ਹੈ ਕਿ ਇਹ ਤੱਥ ਸਿੱਖ ਮੀਡੀਆ ਵਿੱਚ ਏਨੀ ਜ਼ਿਆਦਾ ਦੁਹਰਾਇਆ ਜਾ ਚੁੱਕਾ ਹੈ ਕਿ ਇਸਨੂੰ ਪੜ੍ਹ ਕੇ ਨਾ ਤਾਂ ਹੁਣ ਪਾਠਕਾਂ ਵਿੱਚ ਕੋਈ ਹੈਰਾਨੀ ਜਾਂ ਗੁੱਸੇ ਦੀ ਭਾਵਨਾ ਆਉਂਦੀ ਹੈ ਅਤੇ ਨਾ ਹੀ ਪੁਜਾਰੀਆਂ ਦੇ ਮੱਥੇ ’ਤੇ ਕੋਈ ਸ਼ਿਕਨ ਆਉਂਦੀ ਹੈ।
ਇਸ ਸਾਰੇ ਵਿਵਾਦ ਦੀ ਜੜ੍ਹ ਯਾਨੀ ਵੱਖਰੀ ਗੁਰਦੁਆਰਾ ਕਮੇਟੀ ਦੀ ਮੰਗ ਵੀ ਕਈ ਨੁਕਤਿਆਂ ਵੱਲ ਧਿਆਨ ਦਿਵਾਉਂਦੀ ਹੈ। ਪਹਿਲਾ ਤੱਥ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮਲੀ ਤੌਰ ’ਤੇ ਬਾਦਲ ਪਰਵਾਰ ਦੀ ਰਖੈਲ ਬਣ ਕੇ ਰਹਿ ਗਈ ਹੈ। ਜਿਵੇਂ ਬਾਦਲ ਪਾਰਟੀ (ਅਤੇ ਉਨ੍ਹਾਂ ਦੀ ਭਾਈਵਾਲ ਬੀਜੇਪੀ-ਆਰ.ਐਸ.ਐਸ.) ਚਾਹੁੰਦੀ ਹੈ, ਉਸੇ ਕਿਸਮ ਦੀਆਂ ਨੀਤੀਆਂ ਸ਼੍ਰੋਮਣੀ ਕਮੇਟੀ ਵੱਲੋਂ ਅਪਣਾਈਆਂ ਜਾਂਦੀਆਂ ਹਨ। ਇਹੀ ਕਾਰਨ ਹੈ ਕਿ ਕਮੇਟੀ ਦੇ ਆਗੂ ਕਾਂਗਰਸ ਪਾਰਟੀ ਵਿਰੋਧੀ ਬਿਆਨ ਤਾਂ ਲਗਭਗ ਰੋਜ਼ ਹੀ ਦਾਗਦੇ ਰਹਿੰਦੇ ਹਨ ਪਰ ਬੀਜੇਪੀ ਦੀਆਂ ਸਿੱਖ-ਵਿਰੋਧੀ ਨੀਤੀਆਂ ਬਾਰੇ ਬੋਲਣ ਲੱਗਿਆਂ ਉਨ੍ਹਾਂ ਦੀ ਜ਼ੁਬਾਨ ਨੂੰ ਤਾਲਾ ਲੱਗ ਜਾਂਦਾ ਹੈ। ਪੰਜਾਬ ਵਿੱਚ ਹੁੰਦੀਆਂ ਸਿਆਸੀ ਚੋਣਾਂ ਦੌਰਾਨ ਸ਼੍ਰੋਮਣੀ ਕਮੇਟੀ ਆਗੂ ਨਿਰਪੱਖ ਤੇ ਸਿੱਖ-ਪੱਖੀ ਭੂਮਿਕਾ ਨਿਭਾਉਣ ਦੀ ਬਜਾਏ ਸਰਗਰਮ ਢੰਗ ਨਾਲ ਬਾਦਲ ਪਾਰਟੀ ਦੇ ਉਮੀਦਵਾਰਾਂ ਦੀ ਸਰਗਰਮ ਭੂਮਿਕਾ ਨਿਭਾਉਂਦੇ ਹਨ। ਤਖ਼ਤਾਂ ਦੇ ਪੁਜਾਰੀ ਵੀ ਕਈ ਦਹਾਕਿਆਂ ਤੋਂ ਬਾਦਲ ਦੇ ਵਿਰੋਧੀਆਂ ਨੂੰ ਪੰਥ ‘ਚੋਂ ਛੇਕਣ ਦਾ ਡਰਾਵਾ ਦੇ ਕੇ ਉਨ੍ਹਾਂ ਦੇ ਸਿਆਸੀ ਪਰ ਕੁਤਰਦੇ ਰਹੇ ਹਨ। ਹੁਣੇ ਜਿਹੇ ਪੰਜਾਬ ਦੀ ਬ੍ਰਾਹਮਣ ਸਭਾ ਵੱਲੋਂ ਇਤਰਾਜ਼ ਜਤਾਉਣ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਹੁਕਮ ਦੇਣ ’ਤੇ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਨੇ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਕਾਸ਼ਿਤ ਪੁਸਤਕ ‘ਕੇਸ ਸਾਡਾ ਗੌਰਵ’ ਉ¤ਤੇ ਪਾਬੰਦੀ ਲਗਾ ਦਿੱਤੀ ਹੈ।
ਪਰ ਇਥੇ ਇਹ ਵੀ ਗੌਰਤਲਬ ਹੈ ਕਿ ਦਿੱਲੀ ਕਮੇਟੀ ਦੇ ਆਗੂਆਂ ਵੱਲੋਂ ਬਾਦਲਕਿਆਂ ਦਾ ਜਿਹੜਾ ਮਾੜਾ-ਮੋਟਾ ਵਿਰੋਧ ਕੀਤਾ ਜਾਂਦਾ ਹੈ, ਉਹ ਇਸ ਵਾਸਤੇ ਨਹੀਂ ਕੀਤਾ ਜਾਂਦਾ ਕਿ ਇਸ ਧਿਰ ਨੇ ਸਿੱਖ ਕੌਮ ਦਾ ਬਹੁਤ ਜ਼ਿਆਦਾ ਧਾਰਮਕ, ਸਮਾਜਕ, ਆਰਥਕ ਤੇ ਰਾਜਨੀਤਕ ਨੁਕਸਾਨ ਕੀਤਾ ਹੈ ਅਤੇ ਸਿੱਖਾਂ ਨੂੰ ਅਮਲੀ ਤੌਰ ’ਤੇ ਕੇਸਾਧਾਰੀ ਹਿੰਦੂ ਹੀ ਬਣਾ ਕੇ ਰੱਖ ਦਿੱਤਾ ਹੈ। ਬਲਕਿ ਇਹ ਕਵਾਇਦ ਸਿਰਫ਼ ਇਸ ਵਾਸਤੇ ਕੀਤੀ ਜਾਂਦੀ ਹੈ ਕਿ ਸਿੱਖ ਅਜਿਹੇ (ਬਾਦਲ-ਵਿਰੋਧੀ) ਆਗੂਆਂ ਨੂੰ ਪੰਥ-ਦਰਦੀ ਸਮਝ ਕੇ ਉਨ੍ਹਾਂ ਨੂੰ ਗੁਰਦੁਆਰਾ ਕਮੇਟੀਆਂ ਅਤੇ ਇਨ੍ਹਾਂ ਰਾਹੀਂ ਵਿਧਾਨ ਸਭਾ ਤੇ ਸੰਸਦ ਦੀ ਸੱਤਾ ਤੱਕ ਪਹੁੰਚਣ ਦਾ ਰਾਹ ਪੱਧਰਾ ਕਰ ਦੇਣ। ਪਰ ਹਕੀਕਤ ਇਹ ਹੈ ਕਿ ਅਜਿਹੇ ਆਗੂ ਵੀ ਬਾਦਲਕਿਆਂ ਦੀ ਤਰ੍ਹਾਂ ਹੀ, ਬਲਕਿ ਕਈ ਮਾਮਲਿਆਂ ਵਿੱਚ ਉਨ੍ਹਾਂ ਤੋਂ ਵੀ ਵੱਧ, ਭ੍ਰਿਸ਼ਟ ਅਤੇ ਮਨਮਤੀਏ ਹੁੰਦੇ ਹਨ, ਜਿਸ ਦਾ ਅੰਦਾਜ਼ਾ ਦਿ.ਸਿ.ਗੁ.ਪ੍ਰ. ਕਮੇਟੀ ਵਿੱਚ ਵਿਆਪਤ ਭ੍ਰਿਸ਼ਟਾਚਾਰੀ ਮਾਹੌਲ ਤੋਂ ਲਗਾਈ ਜਾ ਸਕਦੀ ਹੈ। ਦਿੱਲੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਨੇ ਬਾਦਲ-ਵਿਰੋਧੀ ਨਾਅਰੇ ਲਾ ਕੇ ਕਮੇਟੀ ਦੀ ਸੱਤਾ ਤਾਂ ਪ੍ਰਾਪਤ ਕਰ ਲਈ ਹੈ ਪਰ ਗੋਲਕ ਦੀ ਦੁਰਵਰਤੋਂ ਕਰਨ ਅਤੇ ਕਰਵਾਉਣ ਵਿੱਚ ਉਹ ਕਿਸੇ ਵੀ ਤਰ੍ਹਾਂ ਸ਼੍ਰੋਮਣੀ ਕਮੇਟੀ ਤੋਂ ਘੱਟ ਨਹੀਂ।
ਜੇਕਰ ਹਰਿਆਣਾ ਗੁਰਦੁਆਰਾ ਕਮੇਟੀ ਹੋਂਦ ਵਿੱਚ ਆ ਜਾਂਦੀ ਹੈ ਤਾਂ ਵੀ ਇਹ ਯਕੀਨੀ ਹੈ ਕਿ ਉਥੇ ਵੀ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਗੁਰਦੁਆਰਾ ਕਮੇਟੀ ਵਾਂਗ ਭ੍ਰਿਸ਼ਟਾਚਾਰ ਵਿਆਪਤ ਹੀ ਰਹੇਗਾ (ਹਰਿਆਣਾ ਕਮੇਟੀ ਦਾ ਹੋਕਾ ਦੇ ਰਹੇ ਆਗੂਆਂ ਨੂੰ ਮੁੱਖ ਰੋਸ ਇਹੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਆਗੂ ਹਰਿਆਣਾ ਦੇ ਗੁਰਦੁਆਰਿਆਂ ਦਾ ਫੰਡ ਪੰਜਾਬ ਲੈ ਜਾਂਦੇ ਹਨ) ਅਤੇ ਇਸ ਕਮੇਟੀ ਦੇ ਪ੍ਰਬੰਧਕ ਵੀ ਕਾਂਗਰਸ ਜਾਂ ਬੀਜੇਪੀ ਵਿੱਚੋਂ ਕਿਸੇ ਇਕ ਪਾਰਟੀ ਦੀਆਂ ਕਠਪੁਤਲੀਆਂ ਵਜੋਂ ਵਿਚਰ ਕੇ ਸਿੱਖਾਂ ਨੂੰ ਗੁੰਮਰਾਹ ਕਰਨ ਅਤੇ ਗੁਰੂ ਕੀ ਗੋਲਕ ਦੀ ਮਨਚਾਹੀ ਦੁਰਵਰਤੋਂ ਕਰਦੇ ਰਹਿਣਗੇ। ਇਥੋਂ ਸਵਾਲ ਉਪਜਦਾ ਹੈ ਕਿ ਗੋਲਕ-ਲੋਟੂਆਂ ਦੀ ਇਕ ਧਿਰ ਤੋਂ ਗੁਰਦਆਰਿਆਂ ਦਾ ਪ੍ਰਬੰਧ ਛੁੜਵਾ ਕੇ ਭ੍ਰਿਸ਼ਟਾਚਾਰੀਆਂ ਦੇ ਦੂਜੇ ਗੁਟ ਨੂੰ ਪ੍ਰਬੰਧ ਸੌਂਪ ਦੇਣ ਨਾਲ ਕੀ ਹਰਿਆਣਾ ਦੇ ਸਿੱਖਾਂ ਨੂੰ ਧਾਰਮਕ, ਸਮਾਜਕ ਜਾਂ ਰਾਜਨੀਤਕ ਸਤਰ ਤੇ ਕੋਈ ਲਾਭ ਹੋ ਸਕੇਗਾ?
ਮੁੱਕਦੀ ਗੱਲ, ਹਰਿਆਣਾ ਦੇ ਸਿੱਖਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਤੋਂ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਦਾ ਹੱਕ ਤਾਂ ਹੈ ਪਰ ਸਿੱਖਾਂ ਅਤੇ ਸਿੱਖੀ ਦਾ ਘਾਣ ਦੋਵੇਂ ਹਾਲਾਤ ਵਿੱਚ ਹੁੰਦੇ ਰਹਿਣਾ ਹੈ - ਭਾਵੇਂ ਸੂਬੇ ਦੇ ਗੁਰਦੁਆਰਿਆਂ ਦਾ ਪ੍ਰਬੰਧ ਕਾਂਗਰਸੀ ਮਾਨਸਿਕਤਾ ਵਾਲੇ ਸਥਾਨਕ ਆਗੂਆਂ ਕੋਲ ਹੋਵੇ ਜਾਂ ਫਿਰ ਪੰਜਾਬ ਵਿੱਚ ਬੈਠੇ ਬਾਦਲ-ਆਰ.ਐਸ.ਐਸ. ਦੇ ਗੁਲਾਮਾਂ ਕੋਲ। ਯਾਨੀ, ਵੱਖਰੀ ਕਮੇਟੀ ਬਣੇ ਜਾਂ ਨਾ ਬਣੇ, ਧਾਰਮਕ ਪੱਧਰ ’ਤੇ ਹਰਿਆਣਾ ਦੇ ਸਿੱਖਾਂ ਦੀ ਹਾਰ ਨਿਸ਼ਚਿਤ ਹੀ ਹੈ।