

ਗੁਰਮਤਿ ਪ੍ਰਚਾਰ ਦੇ ਰਾਹ ਵਿੱਚ ਰੁਕਾਵਟ ਪਾਉਣ ਵਾਲੇ ਅਸਲ ਲੋਕ ਕੌਣ ਹਨ? (ਭਾਗ-1)
- ਮਨਜੀਤ
ਸਿੰਘ ਖ਼ਾਲਸਾ, ਮੋਹਾਲੀ -
ਫੋਨ : 979940779
ਗੁਰੂ ਨਾਨਕ ਜੀ ਨੇ ਭਾਰਤੀ ਸਮਾਜ ਵਿੱਚ ਫੈਲੀਆਂ ਬੁਰਾਈਆਂ ਅਤੇ ਧਾਰਮਿਕ ਲੋਕਾਂ ਵਲੋਂ ਭੋਲੇ-ਭਾਲੇ ਲੋਕਾਂ ਦੀ ਲੁੱਟ ਘਸੁੱਟ ਨੂੰ ਰੋਕਣ ਲਈ ਅਤੇ ਅਸਲ ਧਰਮ ਨੂੰ ਸਮਝਾਉਣ ਲਈ ਬੜੀਆਂ ਹੀ ਮੁਸ਼ਕਿਲਾਂ ਝੱਲੀਆਂ, ਹਜਾਰਾਂ ਮੀਲਾਂ ਦਾ ਪੈਦਲ ਸਫਰ ਕੀਤਾ, ਅਤੇ ਲੋਕਾਂ ਨੂੰ ਸਮਝਾਇਆ ਕਿ ਕਿਹੜੇ ਕੰਮਾਂ ਨਾਲ ਰੱਬ ਤੋਂ ਦੂਰ ਹੋਈਦਾ ਹੈ, ਅਤੇ ਕਿਹੜੇ ਕੰਮਾਂ ਨਾਲ ਰੱਬ ਦੇ ਨੇੜੇ ਹੋਇਆ ਜਾ ਸਕਦਾ ਹੈ। ਮਨੁੱਖ ਦੀ ਬੋਲੀ ਕਿਹੋ ਜਹੀ ਹੋਵੇ ਜਿਸ ਰਾਹੀਂ ਸਮਾਜਕ ਜਾਂ ਅਧਿਆਤਮਕ ਸਾਂਝ ਪੈਦਾ ਹੋ ਸਕੇ। ਜਦੋਂ ਵੀ ਉਨ੍ਹਾਂ ਨੇ ਇਹੋ ਜਹੇ ਸੱਚੇ ਬਚਨ ਕਹੇ ਤਾਂ ਪਹਿਲਾਂ ਤੋਂ ਸਥਾਪਿਤ ਧਾਰਮਿਕ ਮੁਖੀਆਂ ਨੇ ਉਨ੍ਹਾਂ ਦੀ ਖੁੱਲ ਕੇ ਮੁਖਾਲਫਤ ਕਰਦੇ ਹੋਏ ਉਨ੍ਹਾਂ ਨੂੰ ਭੂਤਨਾ, ਬੇਤਾਲਾ, ਕੁਰਾਹੀਆ ਜਾਂ ਹੋਰ ਬਹੁੱਤ ਕੁੱਝ ਬੁਰਾ ਭਲਾ ਵੀ ਕਿਹਾ। ਪਰ ਇਸ ਸਭ ਦੇ ਬਾਵਜੂਦ ਇਨ੍ਹਾਂ ਗੱਲਾਂ ਨੂੰ ਸਮਝਣ ਅਤੇ ਸਮਝਾਉਣ ਲਈ ਗੁਰੂ ਨਾਨਕ ਜੀ ਨੇ ਧਰਮਸ਼ਾਲਾਵਾਂ ਦੀ ਦੇਣ ਭਾਰਤੀ ਸਮਾਜ ਨੂੰ ਦਿੱਤੀ।
ਲੋਕ ਧਰਮਸ਼ਾਲਾਵਾਂ ਵਿੱਚ ਬੈਠਕੇ ਇੱਕ ਅਕਾਲ ਪੁਰਖ ਦੇ ਗੁਣ ਸੁਣਦੇ, ਵਿਚਾਰਦੇ ਅਤੇ ਵਿਵਹਾਰਕ ਜਿੰਦਗੀ ਵਿੱਚ ਉਨ੍ਹਾਂ ਅਮਲਾਂ ਨੂੰ ਜੀਉਦੇ ਹੋਏ ਇੱਕ ਉਚੇ ਸੁੱਚੇ ਆਦਰਸ਼ਕ ਮਨੁੱਖ ਦੇ ਪਾਂਧੀ ਬਣਦੇ। ਇਨ੍ਹਾਂ ਧਰਮਸ਼ਾਲਾਵਾਂ ਨੂੰ ਹੀ ਬਾਅਦ ਵਿੱਚ ਗੁਰਦੁਆਰੇ ਕਿਹਾ ਜਾਣ ਲਗ ਪਿਆ, ਇਨ੍ਹਾਂ ਗੁਰਦੁਆਰਿਆਂ ਵਿੱਚ ਹੀ 9 ਨਾਨਕ ਜਾਮਿਆਂ ਨੇ ਉ¤ਚੇ ਇਖਲਾਕ ਅਤੇ ਆਦਰਸ਼ ਜੀਵਨ ਦੀ ਐਸੀ ਜਾਚ ਸਿਖਾਈ ਕਿ ਭਾਰਤੀ ਸਮਾਜ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ ਅਤੇ ਮਨ ਅਸ਼-ਅਸ਼ ਕਰ ਉਠਿਆ ਜਦੋਂ ਸਿੱਖਾਂ ਨੇ ਆਪਣੇ ਧਰਮ, ਆਦਰਸ਼ ਅਤੇ ਸੱਚ ਲਈ ਆਪਣੇ ਆਪ ਨੂੰ ਆਰਿਆਂ ਨਾਲ ਤਾਂ ਚਿਰਵਾ ਲਿਆ, ਦੇਗਾਂ ਵਿੱਚ ਤਾਂ ਉਬਾਲ ਲਿਆ, ਚਰਖੜੀਆਂ ੳੁੱਤੇ ਚੜ੍ਹਵਾ ਲਿਆ, ਖੋਪੜੀਆਂ ਉਤਰਵਾ ਲਈਆਂ, ਪੁਠੀਆਂ ਖਲਾਂ ਉਤਰਵਾ ਲਈਆਂ ਅਤੇ ਲੋਕਾਂ ਲਈ ਇੱਕ ਸੁੱਚੇ ਅਤੇ ਪਵਿੱਤਰ ਆਚਰਣ ਦੇ ਚਾਨਣ ਮੁਨਾਰੇ ਬਣੇ।
ਇਵੇਂ ਲਗਦਾ ਹੈ ਜਿਵੇਂ ਗੁਰ-ਦੋਖੀਆਂ ਨੇ ਇਸ ਰਮਜ਼ ਨੂੰ ਸਮਝ ਲਿਆ ਕਿ ਜੇ ਕਿਤੇ ਇਨ੍ਹਾਂ ਗੁਰਦੁਆਰਿਆਂ ਵਿੱਚੋਂ ਗੁਰਬਾਣੀ ਨੂੰ ਵਿਚਾਰਨਾ ਬੰਦ ਕਰਵਾ ਕੇ ਉ¤ਥੇ ਕੇਵਲ ਮੱਥੇ ਟੇਕ ਕੇ ਮੰਨਤਾਂ ਪੂਰੀਆਂ ਹੋਣ ਜਾਂ ਧਰਮ (ਪੂਜਾ) ਕਰਣ ਦੀ ਥਾਂ ਵਿੱਚ ਤਬਦੀਲ ਕਰ ਦਿਤਾ ਜਾਵੇ ਤਾਂ ਇੱਥੇ ਚੰਗੇ ਅਤੇ ਉ¤ਚੇ ਆਦਰਸ਼ ਵਾਲੇ ਜੀਵਨ ਬਣਨੇ ਬੰਦ ਹੋ ਜਾਣਗੇ। ਕਿਉਂਕਿ ਸਿੱਖ ਗੁਰਦੁਆਰਿਆਂ ਵਿੱਚੋ ਗੁਰਮਤਿ ਸਿੱਖਕੇ ਵਿਵਹਾਰਕ ਜਿੰਦਗੀ ਵਿੱਚ ਉਸਨੂੰ ਅਮਲ ਵਿੱਚ ਲਿਆਉਂਦਾ ਸੀ। ਪਰ ਜਦੋਂ ਦਾ ਸਿੱਖ ਗੁਰਦੁਆਰਿਆਂ ਨੂੰ ਕੇਵਲ ਮੱਥੇ ਟੇਕਣ, ਮੰਨਤਾਂ ਮੰਗਣ, ਜਾਂ ਗੁਰਬਾਣੀ ਨੂੰ ਕੇਵਲ ਮੰਤਰਾਂ ਵਾਗਂ ਪੜ੍ਹਣ-ਸੁਣਨ ਲਗ ਗਿਆ ਉਦੋਂ ਤੋਂ ਹੀ ਇਸਦੀ ਜਿੰਦਗੀ ਵਿੱਚ ਜ਼ਬਰਦਸਤ ਗਿਰਾਵਟ ਆ ਗਈ। ਇਸ ਗਿਰਾਵਟ ਤੋਂ ਬਚਣ ਲਈ ‘ਸਿੱਖ ਰਹਿਤ ਮਰਿਆਦਾ’ ਬਣਾਈ ਗਈ ਜਿਸਦਾ ਆਪਣਾ ਇੱਕ ਇਤਿਹਾਸ ਹੈ। ਇਸ ਦੇ ਬਣਾਉਣ ਪਿੱਛੇ ਵੀ ਇਹੀ ਕਾਰਨ ਸਨ। ਵੀਹਵੀਂ ਸਦੀ ਦੀ ਸ਼ੁਰੂਆਤ ਤੱਕ ਜ਼ਿਆਦਾਤਰ ਗੁਰਦੁਆਰੇ ਮਹੰਤਾਂ ਅਤੇ ਪੁਜਾਰੀਆਂ ਦੇ ਕਬਜ਼ੇ ਹੇਠ ਆ ਚੁਕੇ ਸਨ ਅਤੇ ਹਰ ਗੁਰਦੁਆਰੇ ਨੇ ਆਪਣੀ ਵੱਖਰੀ ਮਰਿਆਦਾ ਬਣਾ ਲਈ ਸੀ। ਦੂਜੇ ਪਾਸੇ ਸਿੱਖਾਂ ਵਿੱਚ ਸੰਤ ਨਾਂ ਹੇਠ ਕਈ ਡੇਰੇ ਪਨਪਣੇ ਸ਼ੁਰੂ ਹੋ ਗਏ ਸਨ। ਅਤੇ ਕਈ ਸੰਪਰਦਾਵਾਂ ਵੀ ਬਣ ਚੁਕੀਆਂ ਸਨ। ਹਰ ਇੱਕ ਦੀ ਆਪਣੀ ਅਲੱਗ ਮਰਿਆਦਾ ਸੀ ਅਤੇ ਇਨ੍ਹਾਂ ਵਿੱਚ ਜ਼ਿਆਦਾਤਰ ਬ੍ਰਾਹਮਣੀ ਕਰਮਕਾਂਡਾਂ ਦਾ ਬੋਲਬਾਲਾ ਸੀ। ਬਾਅਦ ਵਿੱਚ ਸ਼ੁਰੂ ਹੋਈ ਸਿੰਘ ਸਭਾ ਲਹਿਰ, 1920 ਤੱਕ ਗੁਰਦੁਆਰਾ ਸੁਧਾਰ ਲਹਿਰ ਦਾ ਰੂਪ ਧਾਰਨ ਕਰ ਗਈ। ਇਸ ਨੇ ਜ਼ਿਆਦਾਤਰ ਗੁਰਦੁਆਰੇ ਮਹੰਤਾਂ ਦੀ ਪਕੜ ਤੋਂ ਆਜ਼ਾਦ ਕਰਵਾਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਅਧੀਨ ਗੁਰਦੁਆਰਿਆਂ ਦੇ ਸੁਧਾਰ ਲਈ ਯਤਨ ਸ਼ੂਰੂ ਕਰਕੇ ਉਨ੍ਹਾਂ ਵਿੱਚ ਗੁਰਮਤਿ ਸਿਧਾਂਤਾਂ ਦੇ ਆਧਾਰ ‘ਤੇ ਮਰਿਆਦਾ ਬਣਾਈ। ਜਿਸ ਵਿੱਚ ਸਿਧਾਂਤਕ ਅਤੇ ਸ਼ਬਦਾਵਲੀ ਪੱਖੋਂ ਅਨੇਕਾਂ ਇਹੋ ਜਿਹੀਆਂ ਕਮਜ਼ੋਰੀਆਂ ਰਹਿ ਗਈਆਂ ਜੋ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਕਸੌਟੀ ਉਪੱਰ ਪੂਰੀਆਂ ਨਹੀਂ ਉਤਰਦੀਆਂ। ਇਸੇ ਕਾਰਣ 1940 ਤੋਂ ਬਾਅਦ ਸ਼੍ਰੋਮਣੀ ਕਮੇਟੀ, ਚੌਧਰਾਂ ਅਤੇ ਧੜੇਬਾਜੀਆਂ ਦਾ ਸ਼ਿਕਾਰ ਹੋਣ ਲਗ ਪਈ। ਫੈਸਲੇ, ਸਿਧਾਂਤ ਦੀ ਥਾਂ ਨਿਜੀ ਗਰਜ਼ਾਂ ਅਧੀਨ ਲਏ ਜਾਣ ਲੱਗ ਪਏ। ਜਿਸ ਕਾਰਨ ‘ਰਹਿਤ ਮਰਿਆਦਾ’ ਕਦੀ ਵੀ ਪੂਰੀ ਤਰ੍ਹਾਂ ਕੌਮ ਉ¤ਤੇ ਲਾਗੂ ਨਹੀਂ ਹੋ ਸਕੀ। ਹੋਰ ਤਾਂ ਹੋਰ ਸ਼੍ਰੋਮਣੀ ਕਮੇਟੀ ਦੇ ਅਧੀਨ ਚਲਦੇ ਗੁਰਦੁਆਰਿਆਂ ਵਿੱਚ ਵੀ ਇਸ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਜਾ ਰਹੀ। ਡੇਰੇ ਅਤੇ ਸੰਪਰਦਾਵਾਂ ਤਾਂ ਇਸ ਮਰਿਆਦਾ ਨੂੰ ਸ਼ੂਦਰ ਸਮਝਦੇ ਹੋਏ ਬਿਲਕੁਲ ਵੀ ਮੰਨਣ ਨੂੰ ਤਿਆਰ ਨਹੀਂ। ਬਲਕਿ ਉਨ੍ਹਾਂ ਨੇ ਤਾਂ 1992 ਵਿੱਚ ਆਪਣੀ ਵੱਖਰੀ ਮਰਿਆਦਾ ਹੀ ਬਣਾ ਲਈ। ਜਿਸ ਅਧੀਨ ਇੱਕ ਵਾਰ ਫਿਰ ਇਨ੍ਹਾਂ ਗੁਰਦੁਆਰਿਆਂ ਨੂੰ ਡੇਰਿਆਂ ਵਿੱਚ ਤਬਦੀਲ ਕਰਨ ਦੀਆਂ ਭਰਪੂਰ ਕੋਸ਼ਿਸਾਂ ਸ਼ੁਰੂ ਹੋ ਚੁਕੀਆਂ ਹਨ।
ਇਨ੍ਹਾਂ ਕੋਸ਼ਿਸਾਂ ਵਿੱਚ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਅਧੀਨ ਆਉਂਦੇ ਸਿੰਘ ਸਭਾ ਗੁਰਦੁਆਰਿਆਂ ਦਾ ਪ੍ਰਬੰਧ ਸੰਪ੍ਰਦਾਈ ਸੋਚ ਵਾਲੇ ਲੋਕਾਂ ਹੱਥ ਸੌਂਪਦੇ ਹੋਏ, ਉਨ੍ਹਾਂ ਨੂੰ ਗੁਰਮਤਿ ਦੀ ਥਾਂ ਸੰਪ੍ਰਦਾਇਕ ਵਿਚਾਰਧਾਰਾ ਵਿੱਚ ਤਬਦੀਲ ਕਰਕੇ, ਗੁਰੂ ਦੇ ਬਰਾਬਰ ਡੇਰੇਦਾਰਾਂ ਨੂੰ ਸਥਾਪਿਤ ਕਰਨਾ ਜਾਂ ਇਨ੍ਹਾਂ ਗੁਰਦੁਆਰਿਆਂ ਦਾ ਪ੍ਰਬੰਧ ਭ੍ਰਸ਼ਟ ਲੋਕਾਂ ਹਵਾਲੇ ਕਰਕੇ ਉਨ੍ਹਾਂ ਹਥੋਂ ਗੁਰਮਤਿ ਦਾ ਰੱਜਕੇ ਘਾਣ ਕਰਵਾਉਣਾ ਆਦਿ ਹਨ। ਉਪਰੋਕਤ ਕਾਰਣਾਂ ਕਰਕੇ ਹੀ ਅੱਜ ਸਿੱਖ ਸਮਾਜ ਅਗਿਆਨਤਾ ਵੱਸ ਹੀ ਇਨ੍ਹਾਂ ਡੇਰੇਦਾਰਾਂ ਦੇ ਡੇਰਿਆਂ ਦਾ ਸ਼ਿੰਗਾਰ ਬਣਨ ਲਗ ਪਿਆ ਹੈ ਅਤੇ ਜਿੱਥੇ ਗੁਰਮਤਿ ਦੇ ਨਾਮ ਥੱਲੇ ਇਸ ਅਗਿਆਨੀ ਕੋਲੋਂ ਬੇਅੰਤ ਬ੍ਰਾਹਮਣੀ ਕਰਮਕਾਂਡਾਂ ਰਾਹੀਂ ਇਸਦੀ ਜ਼ਮੀਰ ਨੂੰ ਬੇਸੁਰਤੀ ਤੋਂ ਅੱਧਮੋਈ ਹਾਲਤ ਵਿੱਚ ਪੁਚਾ ਦਿਤਾ ਗਿਆ ਹੈ। ਅੱਜ ਇਸ ਦੀ ਹਾਲਤ ਵੇਖ ਕੇ ਤਰਸ ਆੳਂੁਦਾ ਹੈ ਕਿ ਇਹ ਉਹੀ ਸਿੱਖ ਹੈ ਜੋ ਗੁਰਮਤਿ ਖਿਲਾਫ ਜਾਣ ਵਾਲੇ ਨਾਨਕ ਜਾਮਿਆਂ ਦੇ ਪੁੱਤਰਾਂ ਨੂੰ ਵੀ ਮੱਥੇ ਲਾਉਣਾ ਪਸੰਦ ਨਹੀਂ ਸੀ ਕਰਦਾ ਭਾਵੇਂ ਉਹ ਸ੍ਰੀ ਚੰਦ, ਲਖਮੀ ਦਾਸ, ਰਾਮਰਾਇ, ਪ੍ਰਿਥੀਚੰਦ ਜਾਂ ਧੀਰਮਲ ਹੀ ਕਿਉ ਨਾਂ ਹੋਣ। ਪਰ ਅੱਜ ਇੱਸ ਦੀ ਬੇਸੁਰਤੀ ਅਤੇ ਅੱਧਮੋਈ ਹਾਲਤ ਦਾ ਫਾਇਦਾ ਉਠਾ ਕੇ ਭੇਖਧਾਰੀ ਇਸ ਦੇ ਗੁਰੂ ਬਰਾਬਰ ਆਸਣ ਲਗਾ ਬੈਠਣ ਵਿੱਚ ਕਾਮਯਾਬ ਹੋ ਰਹੇ ਹਨ ਅਤੇ ਇਸ ਕਾਮਯਾਬੀ ਦਾ ਸਿਹਰਾ ਹੈ ਸਿੱਖ ਗੁਰਦੁਆਰਿਆਂ ਦੇ ਪ੍ਰਬੰਧਕਾਂ ਸਿਰ। ਜੋ ਹਰ ਭ੍ਰਿਸ਼ਟ ਤਰੀਕਾ ਅਪਣਾ ਕੇ ਇਸ ਪ੍ਰਬੰਧ ਉਪਰ ਕਾਬਜ ਰਹਿਣਾ ਚਾਹੁੰਦੇ ਹਨ। ਜਿਸ ਕਬਜੇ ਦੀ ਬਦੋਲਤ ਗੁਰੂ ਘਰਾਂ ਵਿੱਚ ਗੁਰਮਤਿ ਦੀ ਗਲ ਕਰਣ ਵਾਲਿਆਂ ਨੂੰ ਬੋਲਣ ਹੀ ਨਹੀਂ ਦਿਤਾ ਜਾਂਦਾ, ਤੇ ਜੇ ਕਿਤੇ ਕੋਈ ਗੁਰਮਤਿ ਦੀ ਗਲ ਕਰ ਵੀ ਜਾਏ ਤਾਂ ਇਹ ਪ੍ਰਬੰਧਕ ਅਤੇ ਇਨ੍ਹਾਂ ਦੇ ਅਗਿਆਨੀ ਝੋਲੀ ਚੁੱਕ ਪ੍ਰਚਾਰਕ ਉਸ ਦੇ ਵਿਰੋਧ ਵਿੱਚ ਖੜੇ ਹੋ ਜਾਂਦੇ ਹਨ। ਇਸ ਸਬੰਧ ਵਿੱਚ ਇਕ ਗੱਲ ਪਾਠਕਾਂ ਨਾਲ ਸਾਂਝੀ ਕਰਨਾ ਚਾਹਵਾਂਗਾ। ਪਿਛਲੇ ਜੂਨ ਮਹੀਨੇ ਵਿੱਚ ਦਾਸ ਦੇ ਸਹੁਰੇ ਪਰਿਵਾਰ ਜੈਪੁਰ (ਰਾਜਸਥਾਨ) ਵਿੱਖੇ ਨਜਦੀਕੀ ਰਿਸ਼ਤੇ ਵਿੱਚ ਮੌਤ ਹੋਣ ਕਰਕੇ ਭੋਗ ਸਮਾਗਮ ਤੇ ਪਰਿਵਾਰ ਦੇ ਹੀ ਇਕ ਦੂਰ ਦੇ ਰਿਸ਼ਤੇਦਾਰ ਵਲੋਂ ਇਕ ਸੰਪ੍ਰਦਾ ਦੇ ਪ੍ਰਭਾਵ ਅਧੀਨ ਅਗਿਆਨਤਾ ਵੱਸ ਪਹਿਲਾਂ ਇੱਕ ਸੋਗਮਈ ਹਿੰਦੂ ਮਿਥਿਹਾਸਕ ਕਹਾਣੀ ਦਾ ਜ਼ਿਕਰ ਕਰਦਿਆਂ ਉਸ ਕਹਾਣੀ ਅਨੁਸਾਰ ਇਸ ਗੱਲ ਉਪਰ ਜ਼ੋਰ ਦਿਤਾ ਕਿ ਅੰਤਿਮ ਅਰਦਾਸ ਮੌਕੇ ਸਮੂਹਕ ਰੂਪ ਵਿੱਚ ਕੀਤੀ ਗਈ ਅਰਦਾਸ ਜੀਵ ਆਤਮਾ ਨੂੰ ਨਿਸ਼ਚਿਤ ਹੀ ਉਸ ਪਰਮਾਤਮਾ ਦੇ ਘਰ ਪਹੁੰਚਾ ਦਿੰਦੀ ਹੈ। ਬੇਸ਼ਕ ਉਸ ਨੇ ਸਾਰੀ ਜ਼ਿਦਗੀ ਉਸ ਪਰਮਾਤਮਾ ਦੇ ਅਟੱਲ ਨੇਮਾਂ (ਹੁਕਮ) ਨੂੰ ਗੁਰਮਤਿ ਰਾਹੀਂ ਬਿਲਕੁਲ ਵੀ ਸਮਝਣ ਦੀ ਕੋਸ਼ਿਸ਼ ਨਾ ਕੀਤੀ ਹੋਵੇ ਅਤੇ ਗੁਰਮਤਿ ਤੋਂ ਉਲਟ ਹੀ ਕਿਉਂ ਨਾਂ ਗੁਜ਼ਾਰੀ ਹੋਵੇ, ਅਕਸਰ ਹੀ ਐਸੀ ਮਨਮਤਿ ਨੂੰ ਅਰਦਾਸ ਜ਼ਰੀਏ ਗੁਰਮਤਿ ਦਾ ਰੰਗ ਦੇਣ ਦੀ ਸਫਲ ਕੋਸ਼ਿਸ਼ ਕੀਤੀ ਜਾਂਦੀ ਹੈ, ਉਦੋਂ ਅਸੀਂ ਬਿਲਕੁਲ ਹੀ ਇਹ ਭੁੱਲ ਜਾਂਦੇ ਹਾਂ ਕਿ ਉਸ ਅਕਾਲ ਪੁਰਖ ਦੇ ਘਰ ਕੇਵਲ ਚੰਗੇ ਕਰਮਾਂ ਨਾਲ ਹੀ ਸੁਰਖਰੂ ਹੋਇਆ ਜਾ ਸਕਦਾ ਹੈ। ਜਦੋਂ ਦਾਸ ਨੇ ਸੰਗਤ ਦੇ ਰੂ-ਬ-ਰੂ ਗੁਰਮਤਿ ਸਪਸ਼ਟ ਕਰਦਿਆਂ ਬੇਨਤੀ ਕੀਤੀ ਕਿ ਅਕਸਰ ਵਿਛੜ ਚੁੱਕੇ ਕਿਸੇ ਪ੍ਰਾਣੀ ਦੀ ਆਤਮਾ ਕਿਸੇ ਅਰਦਾਸ ਜਾਂ ਮਰਣ ਉਪਰੰਤ ਕੀਤੇ ਕਿਸੇ ਪਾਠ ਦੇ ਫਲ ਰਾਹੀਂ ਉਸ ਪ੍ਰਮਾਤਮਾ ਦੇ ਚਰਣਾਂ ਵਿੱਚ ਨਿਵਾਸ ਪ੍ਰਾਪਤ ਕਰ ਲੈਦੀਂ ਹੈ ਇਸ ਵਿਚਾਰ ਨਾਲ ਗੁਰਮਤਿ ਦੀ ਸਹਿਮਤੀ ਨਹੀਂ ਕਿਉਂਕਿ ਕੀਤੇ ਹੋਏ ਪਾਠ ਦੇ ਫਲ ਨੂੰ ਟਰਾਂਸਫਰ ਨਹੀਂ ਕੀਤਾ ਜਾ ਸਕਦਾ। ਪੁਰਾਤਨ ਸਮੇਂ ਵਿੱਚ ਪੁਜਾਰੀਆਂ ਦਾ ਇਹ ਵਿਚਾਰ ਸੀ ਕਿ ਕਿਸੇ ਵੀ ਬਿਪਤਾ ਜਾਂ ਔਖੇ ਸਮੇਂ ਮਨੁੱਖ ਨੂੰ ਆਪ ਪੂਜਾ ਪਾਠ ਕਰਨ ਦੀ ਮਸ਼ਕੱਤ ਨਾਲੋਂ ਇਹ ਜ਼ੁੰਮੇਵਾਰੀ ਪੁਜਾਰੀਆਂ ਦੇ ਹਵਾਲੇ ਕਰ, ਦਕਸ਼ਣਾ (ਭੇਟਾ) ਰਾਹੀਂ ਪੁਜਾਰੀਆਂ ਦੀ ਸੇਵਾ ਕਰਣੀ ਚਾਹੀਦੀ ਹੈ ਅਤੇ ਇਸ ਦਕਸ਼ਣਾਂ ਬਦਲੇ ਪੁਜਾਰੀ ਕੀਤੇ ਹੋਏ ਪਾਠ ਦਾ ਫੱਲ ਦੁਖੀ ਆਤਮਾ ਜਾਂ ਮਿਰਤਕ ਨੂੰ ਟਰਾਂਸਫਰ ਕਰ ਦੇਣਗੇ ਜਿਸ ਦੇ ਫਲਸਵਰੂਪ ਆਤਮਾ ਦਾ ਪ੍ਰਭੂ ਚਰਣਾਂ ਵਿੱਚ ਨਿਵਾਸ ਹੋਵੇਗਾ। ਪੁਜਾਰੀਆਂ ਦੀ ਇਹ ਗੱਲ ਸੁਣ ਨਾਨਕ ਸਾਹਿਬ ਜੀ ਨੇ ਪੁਜਾਰੀਆਂ ਨੂੰ ਸਵਾਲ ਕੀਤਾ ਕਿ ਹੇ ਪੁਜਾਰੀ ਜੀ ਜੇ ਇਸ ਤਰ੍ਹਾਂ ਫਲ ਟਰਾਂਸਫਰ ਕੀਤਾ ਜਾ ਸਕਦਾ ਹੈ ਤਾਂ ਤੁਸੀਂ ਆਪਣੀ ਕੀਤੀ ਹੋਈ ਪੜ੍ਹਾਈ (ਵੇਦ ਆਦਿਕ ਪੁਸਤਕਾਂ ਦਾ ਗਿਆਨ) ਆਪਣੇ ਹੀ ਕਿਸੇ ਐਸੇ ਨੌਜਵਾਨ ਬੱਚੇ ਨੂੰ ਜੋ ਬਿਲਕੁਲ ਹੀ ਅਨਪੜ ਹੋਵੇ, ਨੂੰ ਕੇਵਲ ਅਰਦਾਸ ਜ਼ਰੀਏ ਟਰਾਂਸਫਰ ਕਰਕੇ ਦਿਖਾ ਸਕਦੇ ਹੋ।
ਅਸੀਂ ਸਭ ਲੋਕਾਈਂ ਦਾ ਧਿਆਨ ਇਸ ਪਾਸੇ ਦਿਵਾਉਣਾ ਚਾਹੁੰਦੇ ਹਾਂ ਕਿ ਅੱਜ ਦੇ ਇਸ ਵਿਗਿਆਨਿਕ ਯੁੱਗ ਵਿੱਚ ਹਰ ਮਨੁੱਖ ਸਿਆਣਾ ਅਤੇ ਸਮਝਦਾਰ ਹੈ ਜ਼ਰਾ ਨਾਨਕ ਸਾਹਿਬ ਜੀ ਦੀ ਇਸ ਦਲੀਲ ਨੂੰ ਆਪਣੀ ਜਿੰਦਗੀ ਵਿੱਚ ਪਰਖ ਕੇ ਦੇਖੀਏ। ਅੱਜ ਦੇ ਇਸ ਪੜ੍ਹੇ ਲਿਖੇ ਸਮਾਜ ਵਿੱਚ ਕੋਈ ਡਾਕਟਰ ਹੈ ਤੇ ਕੋਈ ਇੰਜੀਨਿਅਰ, ਕੋਈ ਡਾਕਟਰ ਆਪਣੇ ਘਰ ਵਿੱਚ ਪੈਦਾ ਹੋਣ ਵਾਲੇ ਬੱਚੇ ਨੂੰ ਬਿਲਕੁਲ ਸਕੂਲ ਜਾਂ ਕਾਲਜ ਵਿੱਚ ਪੜ੍ਹਨ ਨਾ ਭੇਜੇ, ਤੇ ਜਦੋਂ ਉਸਦਾ ਬੱਚਾ ਜਵਾਨ ਹੋ ਜਾਏ ਤਾਂ ਡਾਕਟਰ ਉਸ ਬੱਚੇ ਨੂੰ ਆਪਣੇ ਧਰਮ ਮੁਤਾਬਿਕ ਕਿਸੇ ਵੀ ਧਰਮ ਅਸਥਾਨ ਤੇ ਲੈ ਜਾ ਕੇ ਉਸ ਪਰਮਾਤਮਾ ਅਗੇ ਜੌਦੜੀ ਕਰੇ ਕਿ ਹੇ ਅਕਾਲ ਪੁਰਖ ਮੈ ਤੇਰੇ ਧਰਮ ਅਸਥਾਨ ਤੇ ਇਕ ਲੱਖ ਰੁਪਏ ਅਰਦਾਸ ਭੇਟ ਕਰਦਿਆਂ ਇਹ ਅਰਦਾਸ ਕਰਦਾ ਹਾਂ ਕਿ ਮੇਰੀ ਕੀਤੀ ਹੋਈ ਡਾਕਟਰੀ ਦੀ ਡਿਗਰੀ ਮੇਰੇ ਬੱਚੇ ਨੂੰ ਟਰਾਂਸਫਰ ਕਰ ਦਿਉ ਤੇ ਉਹ ਬਿਨਾਂ ਪੜ੍ਹੇ ਹੀ ਡਾਕਟਰ ਬਣ ਜਾਵੇ। ਕੀ ਇਸ ਤਰ੍ਹਾਂ ਹੋ ਸਕਦਾ ਹੈ? ਤੇ ਜੇ ਨਹੀਂ ਹੋ ਸਕਦਾ ਤਾਂ ਫਿਰ ਸੋਚਣਾ ਬਣਦਾ ਹੈ ਕਿ ਕਿਸੇ ਦੂਜੇ ਵਲੋਂ ਕੀਤਾ ਗਿਆ ਪਾਠ ਜਾਂ ਉਸ ਦਾ ਫਲ ਕਿਸੇ ਦੁਖੀ ਜਾਂ ਮਿਰਤਕ ਨੂੰ ਕਿਵੇਂ ਮਿਲ ਸਕਦਾ ਹੈ ਅਤੇ ਉਸ ਕੀਤੀ ਅਰਦਾਸ ਨਾਲ ਕੋਈ ਆਤਮਾ ਉਸ ਅਕਾਲ ਪੁਰਖ ਦੇ ਚਰਣਾਂ ਵਿੱਚ ਕਿਵੇਂ ਨਿਵਾਸ ਪ੍ਰਾਪਤ ਕਰ ਸਕਦੀ ਹੈ? ਪੁਜਾਰੀ ਨਿਰਉਤਰ ਹੋ ਸ਼ਰਮ ਨਾਲ ਨੀਵੀਆਂ ਪਾ ਗਏ ਪਰ ਅੱਜ ਪੁਜਾਰੀਆਂ ਵਲੋਂ ਚਲਾਈ ਇਸ ਵਿਚਾਰਧਾਰਾ ਨੂੰ ਸਾਡੇ ਗੁਰੂ ਘਰ ਦੇ ਗੰ੍ਰਥੀ / ਪ੍ਰਚਾਰਕ ਪੂਰੀ ਤਰ੍ਹਾਂ ਅਪਨਾਉਣ ਤੋਂ ਬਾਦ ਗੁਰੂ ਨਾਨਕ ਜੀ ਦੇ ਇਸ ਸਿਧਾਂਤ ਤੋਂ ਸਪਸ਼ਟ ਮੁਨੱਕਰ ਹੁੰਦੇ ਨਜ਼ਰ ਆਉਦੇ ਹਨ ਕਿ ੱਨਾਨਕ ਅਗੈ ਸੋ ਮਿਲੈ ਜੇ ਖਟੇ ਘਾਲੇ ਦੇਹ- ਭਾਵ ਜੀਵ ਇਸ ਦੇਹੀ ਵਿੱਚ ਰਹਿਦਿਆਂ ਜੇ ਚੰਗੀ ਘਾਲ ਘਾਲਦਾ ਹੈ ਤਾਂ ਇਸ ਚੰਗੀ ਘਾਲ ਦੇ ਜਰੀਏ ਇਸੇ ਜੀਵਨ ਵਿੱਚ ਹੀ ਜੀਵ ਆਤਮਾ ਉਸ ਪਰਮਾਤਮਾ ਦੇ ਰੂ-ਬ-ਰੂ ਹੋ ਸਕਦੀ ਹੈ ਅਤੇ ਜੇ ਸਾਰੀ ਜਿੰਦਗੀ ਮਨੁੱਖ ਚੰਗੀ ਘਾਲ ਨਾ ਘਾਲੇ ਤੇ ਮਰਣ ਪਿਛੋਂ ਕਿਸੇ ਪੁਜਾਰੀ ਨੂੰ ਦਕਸ਼ਣਾਂ/ਭੇਟਾ ਦੇ ਕੇ ਕੇਵਲ ਅਰਦਾਸ ਰਾਹੀਂ ਪਰਮਾਤਮਾ ਦੇ ਚਰਣਾਂ ਵਿੱਚ ਨਿਵਾਸ ਪਾਉਣਾ (ਸੱਚ ਦੀ ਕਸਵੱਟੀ ਤੇ ਖਰਾ ਉਤਰਨਾ) ਚਾਹੇ ਤਾਂ ਇਹ ਬਿਲਕੁਲ ਵੀ ਸੰਭਵ ਨਹੀਂ। ਬਲਕਿ ਜਿਹੜੇ ਧਾਰਮਕ ਪੁਜਾਰੀ ਭੋਲੀ-ਭਾਲੀ ਲੋਕਾਈ ਨੂੰ ਇਨ੍ਹਾਂ ਗੱਲਾਂ ਨਾਲ ਗੁਮਰਾਹ ਕਰ ਰਹੇ ਸਨ ਕਿ ਮਰਣ ਤੋਂ ਬਾਅਦ ਕੀਤਾ ਗਿਆ ਦਾਨ ਪੁੰਨ (ਪੁਜਾਰੀ ਨੂੰ ਬਿਸਤਰੇ, ਭਾਂਡੇ ਜਾਂ ਭੋਜਨ ਆਦਿ ਖਵਾਉਣ ਨਾਲ) ਮਿਰਤਕ ਪ੍ਰਾਣੀ ਪਰਲੋਕ ਵਿੱਚ ਅੱਪੜ ਜਾਂਦਾ ਹੈ। ਐਸੇ ਪੁਜਾਰੀ ਉਸ ਅਕਾਲ ਪੁਰਖ ਦੇ ਦਰ ‘ਤੇ ਬਿਲਕੁਲ ਵੀ ਸਤਿਕਾਰੇ ਨਹੀਂ ਜਾਦੇ,ਭਾਵ ਉਹ ਅਕਾਲ ਪੁਰਖ ਦੀ ਕਸਵੱਟੀ ਵਿਚ ਪੂਰੇ ਨਹੀਂ ਉਤਰਦੇ ਅਤੇ ਕਹਿਣ ਲਗੇ ੱਵਡੀਅਹਿ ਹਥ ਦਲਾਲ ਕੇ ਮੁਸਫੀ ਇਹ ਕਰੇ- ਜਿਹੜੇ ਧਾਰਮਿਕ ਲੋਗ ਧਰਮ ਦੇ ਨਾਂ ਥੱਲੇ ਇਸ ਲੋਕ ਦਾ ਮਾਲ ਪਰਲੋਕ ਵਿੱਚ ਅਪੜਾਉਣ ਦੇ ਆਹਰੇ ਲਗੇ ਹਨ ਉਹ (ਦਲਾਲ) ਕਦੀ ਕਿਸੇ ਦਾ ਭਲਾ ਨਹੀਂ ਕਰ ਸਕਦੇ (ਵਡੀਅਹਿ ਹਥ ਦਲਾਲ ਕੇ)। ਉਹ ਹਮੇਸ਼ਾਂ ਵਿਕਾਰਾਂ ਵਿਚ ਹੀ ਖਚਤ ਰਹਿੰਦੇ ਹਨ ਅਤੇ ਆਤਮਕ ਪਖੋਂ ਦੁਖੀ ਰਹਿੰਦੇ ਹਨ। ਪਰ ਕਿਨੇ ਅਫਸੋਸ ਦੀ ਗਲ ਹੈ ਕਿ ਪੁਜਾਰੀਆਂ ਨੂੰ ਸਮਝਾਉਣ ਵਾਲੇ ਗੁਰੂ ਨਾਨਕ ਜੀ ਦੇ ਵਜ਼ੀਰ ਅਖਵਾਉਦੇ ਸਿੱਖ ਅੱਜ ਗੁਰੂ ਘਰਾਂ ਵਿੱਚ ਹੀ ਪੁਜਾਰੀ ਦੇ ਚੇਲੇ ਬਣ ਕੇ ਨਾਨਕ ਪਾਤਸ਼ਾਹ ਜੀ ਨੂੰ ਮੂੰਹ ਚਿੜਾ ਰਹੇ ਹਨ, ਉਨ੍ਹਾਂ ਨੂੰ ਇਸ ਵਿੱਚ ਨਾਨਕ ਪਾਤਸ਼ਾਹ ਜੀ ਦੀ ਹੁੰਦੀ ਹੱਤਕ ਨਜ਼ਰ ਹੀ ਨਹੀਂ ਆਉਂਦੀ। ਪਰ ਜੇ ਕੋਈ ਸੱਚਾ ਸਿੱਖ ਗੁਰੂ ਦੇ ਇਨ੍ਹਾਂ ਸੱਚੇ ਬਚਨਾਂ ਨੂੰ ਗੁਰੂ ਦੀ ਹੀ ਹਜੂਰੀ ਵਿੱਚ ਜੁੜ ਬੈਠੀਆਂ ਸੰਗਤਾਂ ਨੂੰ ਸਮਝਾਉਣ ਦੀ ਗੁਸਤਾਖੀ ਇਨ੍ਹਾਂ ਪ੍ਰਬੰਧਕਾਂ ਦੀ ਆਗਿਆ ਤੋਂ ਬਿਨਾਂ ਕਰ ਬੈਠੇ ਤਾਂ ਪ੍ਰਬੰਧਕਾਂ ਨੂੰ ਇਹ ਗੱਲ ਬਿਲਕੁਲ ਰਾਸ ਨਹੀਂ ਆੳਂੁਦੀ ਅਤੇ ਇਨ੍ਹਾਂ ਅਧੀਨ ਵਿਚਰਨ ਵਾਲੇ ਤਨਖਾਹ ਦਾਰ ਗ੍ਰੰਥੀ/ਪ੍ਰਚਾਰਕ ਗੁਰਸਿੱਖਾਂ ਦੇ ਗੱਲ ਪੈਣ ਤੱਕ ਨੂੰ ਆਪਣੀ ਵਡਿਆਈ ਮਹਿਸੂਸ ਕਰਦੇ ਹੋਏ ਕਹਿੰਦੇ ਹਨ ਕਿ ਸੰਗਤ ਵਿੱਚ ਸਾਨੂੰ ਦਲਾਲ ਕਹਿ ਕੇ ਤੁਸੀਂ ਸਾਡੀ ਹੱਤਕ ਕੀਤੀ ਹੈ। ਐਸੇ ਹੀ ਇਕ ਹੋਰ ਸਮਾਗਮ ਵਿੱਚ ਤਾਂ ਇਕ ਗ੍ਰੰਥੀ ਸਿੰਘ ਨੇ ਅਰਦਾਸ ਅਤੇ ਹੁਕਮਨਾਮਾ ਲੈਣ ਤੋਂ ਸਪਸ਼ਟ ਨਾਂਹ ਕਰ ਦਿਤੀ। ਕਾਸ਼ ਇਨ੍ਹਾਂ ਪ੍ਰਬੰਧਕਾਂ ਅਤੇ ਪ੍ਰਚਾਰਕਾਂ ਨੂੰ ਆਪਣੀ ਹੁੰਦੀ ਹੱਤਕ ਨਾਲੋਂ ਗੁਰੂ ਦੀ ਹੁੰਦੀ ਹੱਤਕ ਨਜ਼ਰ ਆੳਂੁਦੀ। ਪਰ ਸਾਡੇ ਇਨ੍ਹਾਂ ਪ੍ਰਬੰਧਕਾਂ ਨੇ ਤਾਂ ਜਿਵੇਂ ਸਹੁੰ ਹੀ ਖਾ ਲਈ ਲਗਦੀ ਹੈ ਕਿ ਗੁਰਮਤਿ ਵਿਚਾਰਧਾਰਾ ਦੀ ਗੱਲ ਕਰਨ ਵਾਲਿਆਂ ਨੂੰ ਤਾਂ ਭੁਲਕੇ ਵੀ ਆਪਣੇ ਗੁਰਦੁਆਰਿਆਂ ਦੀ ਸਟੇਜ ਤੋਂ ਬੋਲਣ ਨਹੀਂ ਦੇਣਾ ਕਿੳਂੁਕਿ ਇਨ੍ਹਾਂ ਦੇ ਗੁਰਮਤਿ ਪ੍ਰਚਾਰ ਨਾਲ ਤਾਂ ਸਾਡੀ ਪ੍ਰਬੰਧਕੀ ਹੀ ਖਤਰੇ ਵਿੱਚ ਪੈ ਜਾਏਗੀ, ਸਾਡਾ ਤਾਂ ਪ੍ਰਬੰਧ ਚਲਣਾ ਚਾਹੀਦਾ ਹੈ ਗੁਰੂ ਨਾਨਕ ਜੀ ਦੀ ਸਿੱਖੀ ਅਤੇ ਵਿਚਾਰਧਾਰਾ ਜਾਏ ਢੱਠੇ ਖੁਹ ਵਿੱਚ। ਇਸੇ ਵਿਚਾਰਧਾਰਾ ਅਧੀਨ ਅੱਜ ਸਿੱਖ ਪੰਥ ਦੇ ਵਿਦਵਾਨ ਕੀਰਤਨੀਏ ਪ੍ਰੋ. ਦਰਸ਼ਨ ਸਿੰਘ ਜੀ ਨੂੰ ਗੁਰਮਤਿ ਵਿਚਾਰਧਾਰਾ ਦਾ ਪ੍ਰਚਾਰ ਕਰਨ ਤੋਂ ਰੋਕਣ ਲਈ ਪੰਜਾਬ ਦੇ ਬਹੁਤਾਤ ਗੁਰਦੁਆਰਿਆਂ ਦੇ ਦਰਵਾਜੇ ਉਵੇਂ ਹੀ ਬੰਦ ਕਰ ਲਏ ਗਏ ਹਨ, ਜਿਵੇਂ ਇੱਕ ਸਮੇਂ ਵਿੱਚ ਹੰਕਾਰੀ ਮਸੰਦਾਂ ਨੇ ਗੁਰੂ ਸਾਹਿਬ ਲਈ ਦਰਵਾਜੇ ਬੰਦ ਕਰ ਦਿੱਤੇ ਸਨ। ਇਸ ਸਭ ਦੇ ਬਾਵਜੂਦ ਐਸੇ ਪ੍ਰਬੰਧਕਾਂ ਵੀ ਹਨ ਜੋ ਹਰ ਕੀਮਤ ਤੇ ਗੁਰਮਤਿ ਪ੍ਰਚਾਰ ਨੂੰ ਪਹਿਲ ਦੇ ਆਧਾਰ ਤੇ ਲੈਂਦੇ ਹਨ ਪਰ ਉਨ੍ਹਾਂ ਦੀ ਗਿਣੱਤੀ ਆਟੇ ਵਿੱਚ ਲੂਣ ਬਰਾਬਰ ਹੈ।
ਇਹੀ ਅਸਲ ਕਾਰਨ ਹਨ ਕਿ ਅੱਜ ਹਰ ਗਲੀ ਮੁੱਹਲੇ ਦੇ ਗੁਰਦੁਆਰਿਆਂ ਵਿੱਚ ਵੱਡੀ ਪੱਧਰ ਤੇ ਹੋਣ ਵਾਲੇ ਕੀਰਤਨ ਦਰਬਾਰਾਂ ਅਤੇ ਗੁਰਮਤਿ ਸਮਾਗਮਾਂ ਦੇ ਬਾਵਜੂਦ ਵੀ ਸਿੱਖ ਅਤੇ ਉਨ੍ਹਾਂ ਦੇ ਬੱਚੇ ਵਡੀ ਤਾਦਾਦ ਵਿੱਚ ਸਿੱਖੀ ਤੋਂ ਪਤਿਤ ਹੋਣ ਦੇ ਨਾਲ-ਨਾਲ ਪਤਿਤਾਂ ਵੱਲ ਜ਼ਬਰਦਸਤ ਆਕਰਸ਼ਿਤ ਹੁੰਦੇ ਹੋਏ ਉਨ੍ਹਾਂ ਨਾਲ ਵਿਵਾਹਕ ਰਿਸ਼ਤੇ ਕਾਇਮ ਕਰਨ ਵਿੱਚ ਫਖ਼ਰ ਮਹਿਸੂਸ ਕਰਣ ਲਗ ਪਏ ਹਨ। ਪੰਜਾਬ ਵਿਚ ਸਿੱਖੀ ਦੇ ਗੜ੍ਹ ਵਜੋਂ ਜਾਣੇ ਜਾਂਦੇ ਸ਼ਹਿਰ ਮੋਹਾਲੀ ਵਿਚ ਕਈਂ ਥਾਵਾਂ ‘ਤੇ ਤਾਂ ਇਕ ਕਿਲੋਮੀਟਰ ਤੋਂ ਵੀ ਘੱਟ ਦੇ ਘੇਰੇ ਵਿਚ ਤਿੰਨ-ਚਾਰ ਗੁਰਦੁਆਰੇ ਬਣੇ ਹੋਏ ਹਨ ਕੀ ਐਸੀ ਹਾਲਤ ਵਿੱਚ ਇਨ੍ਹਾਂ ਗੁਰਦੁਆਰਿਆਂ ਅਤੇ ਉਨ੍ਹਾਂ ਤੇ ਕਾਬਜ ਪ੍ਰਬੰਧਕਾਂ ਦੀ ਕਾਰਗੁਜਾਰੀ ਸ਼ੱਕੀ ਨਹੀਂ? ਜਿਥੇ ਤਿੰਨ-ਚਾਰ ਗੁਰਦੁਆਰਿਆਂ ਦੀ ਹੋਂਦ ਵਿੱਚ ਪਤਿਤਪੁਣੇ ਦਾ ਹੜ੍ਹ ਆ ਜਾਏ ਅਤੇ ਸਿੱਖ ਨੌਜਵਾਨੀ ਨਸ਼ਿਆਂ ਵਿੱਚ ਡੁੱਬ ਜਾਏ ਪਰ ਇਨ੍ਹਾਂ ਤਿੰਨਾਂ ਚੋਂਹਾਂ ਹੀ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਘੂਕ ਨੀਂਦ ਦੇ ਆਲਮ ਵਿੱਚ ਸੰਗਤਾਂ ਵਲੋਂ ਦਿੱਤੀ ਦਸਵੰਧ ਦੀ ਭੇਟਾ ਕੇਵਲ ਗੁਰਦੁਆਰਿਆਂ ਦੀ ਉਸਾਰੀ ਜਾਂ ਉਨ੍ਹਾਂ ਵਿੱਚ ਲੰਗਰ ਵਰਤਾਉਣ ਤੋਂ ਬਿਨਾਂ ਹੋਰ ਕੁਝ ਵੀ ਦਿਖਾਈ ਨਾ ਦੇਦਾ ਹੋਵੇ। ਐਸੀ ਬਿਪਤਾ ਦੇ ਸਮੇਂ ਜਦੋਂ ਕੌਮ ਦਾ ਭਵਿੱਖ, ਜਵਾਨੀ ਪਤਿਤਪੁਣੇ ਅਤੇ ਨਸ਼ਿਆਂ ਦੇ ਸਮੂੰਦਰ ਵਿੱਚ ਡੁਬਦੀ ਜਾਂਦੀ ਨੂੰ ਵੇਖਕੇ ਵੀ ਪ੍ਰਬੰਧਕ / ਆਗੂ ਉਸ ਨੂੰ ਬਚਾਉਣ ਲਈ ਕੋਈ ਉਪਰਾਲਾ ਨਾ ਕਰਕੇ ਇਸ ਦੀ ਮੌਤ ਦਾ ਤਮਾਸ਼ਾ ਵੇਖਦੇ ਹੋਏ ਵੀ ਕੌਮ ਦਾ ਕੀਮਤੀ ਦਸਵੰਧ ਕੇਵਲ ਉਸਾਰੀਆਂ ਅਤੇ ਲੰਗਰਾਂ ਉਤੇ ਹੀ ਖਰਚ ਕਰਕੇ ਪ੍ਰਚਾਰ ਦੇ ਫੋਕੇ ਦਮਗਜੇ ਮਾਰੀ ਜਾਣ ਤਾਂ ਕੋਈ ਵੀ ਜਾਗਦੀ ਜ਼ਮੀਰ ਵਾਲਾ ਗੁਰਸਿੱਖ ਇਹ ਕਹਿਣ ਤੋ ਗੁਰੇਜ਼ ਨਹੀਂ ਕਰ ਸਕੇਗਾ। ਕਿ ਹੁਣ ਇਸ ਕੌਮ ਨੂੰ ਦੁਸ਼ਮਣਾਂ ਦੀ ਕੋਈ ਲੋੜ ਨਹੀਂ। ਕੀ ਸਾਡੀ ਇਸ ਕੌਮ ਦੇ ਆਗੂ, ਪ੍ਰਬੰਧਕ ਅਤੇ ਪ੍ਰਚਾਰਕ ਇਸ ਪਾਸੇ ਵੱਲ ਕੋਈ ਧਿਆਨ ਦਿੰਦੇ ਹੋਏ ਪਤਿਤਪੁਣੇ ਵਿੱਚ ਗਰਕਦੀ ਜਾਂਦੀ ਜਵਾਨੀ ਨੂੰ ਬਚਾਉਣ ਲਈ ਕੋਈ ਉਪਰਾਲਾ ਕਰਣਗੇ?
ਅੱਜ ਸਿੱਖ ਕੌਮ ਨੂੰ ਖ਼ਤਰਾ ਸੋਦਾ ਸਾਧ, ਨੂਰਮਹਿਲੀਏ, ਭਣਿਆਰੇ ਜਾਂ ਇਨ੍ਹਾਂ ਵਰਗੇ ਹੋਰ ਬਹੁਤ ਸਾਰਿਆਂ ਤੋਂ ਘੱਟ, ਸਿੱਖ ਧਰਮ ਵਿੱਚ ਘੁਸਪੈਠ ਕਰ ਕੇ ਸਿੱਖੀ ਦਾ ਹੀ ਅੰਗ ਬਣ ਚੁੱਕੇ ਡੇਰੇਦਾਰਾਂ ਅਤੇ ਗੁਰੂ ਘਰਾਂ ਉ¤ਤੇ ਕਾਬਜ ਹੋ ਚੁੱਕੇ ਭ੍ਰਿਸ਼ਟ ਪ੍ਰਬੰਧਕਾਂ ਤੇ ਅਗਿਆਨੀ ਪ੍ਰਚਾਰਕਾਂ ਤੋਂ ਕਿਤੇ ਜ਼ਿਆਦਾ ਹੈ ਜਿਹੜੇ ਸਿੱਖੀ ਭੇਸ ਵਿੱਚ ਵਿਚਰਦਿਆਂ ਸਿੱਖੀ ਦਾ ਨਾ ਪੂਰਿਆ ਜਾਣ ਵਾਲਾ ਸਿਧਾਂਤਕ ਨੁਕਸਾਨ ਕਰ ਰਹੇ ਹਨ। (ਚਲਦਾ)