Subscription About Us Contact Us


ਬੜੀ ਤਰਸਯੋਗ ਹਾਲਤ ਵਿੱਚ ਹੈ ਅਖੌਤੀ ‘ਲੋਹ-ਪੁਰਸ਼’ ਅਡਵਾਨੀ

- ਜਤਿੰਦਰ ਪੰਨੂ -

ਲਾਲ ਕ੍ਰਿਸ਼ਨ ਅਡਵਾਨੀ ਨਾਂਅ ਦੇ ਇਕ ਬਜ਼ੁਰਗ ਉੱਤੇ ਇਹਨੀਂ ਦਿਨੀਂ ਮੈਨੂੰ ਤਰਸ ਆ ਰਿਹਾ ਹੈ। ਇਹੋ ਜਿਹਾ ਤਰਸ ਮੈਨੂੰ ਕਈ ਲੋਕਾਂ ਉੱਤੇ ਆ ਚੁੱਕਾ ਹੈ, ਕਈਆਂ ਉੱਤੇ ਅਗਾਂਹ ਵੀ ਆਵੇਗਾ। ਮੈਂ ਲਾਲ ਕ੍ਰਿਸ਼ਨ ਅਡਵਾਨੀ ਦਾ ਕਦੇ ਵੀ ਪ੍ਰਸ਼ੰਸਕ ਨਹੀਂ ਰਿਹਾ, ਤੇ ਜਿਨ੍ਹਾਂ ਉੱਤੇ ਉਹਦੇ ਤੋਂ ਪਹਿਲਾਂ ਮੈਨੂੰ ਤਰਸ ਆਇਆ ਸੀ, ਉਨ੍ਹਾਂ ਦਾ ਵੀ ਮੈਂ ਕਦੇ ਪ੍ਰਸ਼ੰਸਕ ਨਹੀਂ ਰਿਹਾ ਸੀ। ਮਿਸਾਲ ਵਜੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਹੀ ਲੈ ਲਵੋ, ਜਿਸ ਨੂੰ ਇੱਕ ਵਾਰੀ ਸਿਮਰਨਜੀਤ ਸਿੰਘ ਮਾਨ ਨੇ ‘ਸਿੱਖ ਪੰਥ ਦਾ ਅਦੀਨਾ ਬੇਗ’ ਵੀ ਕਹਿ ਦਿੱਤਾ ਤੇ ਉਸ ਦੇ ਦਿਹਾਂਤ ਪਿੱਛੋਂ ਉਹੋ ਮਾਨ ਉਸ ਨੂੰ ਸ਼ਰਧਾਂਜਲੀ ਭੇਟ ਕਰਨ ਵੀ ਪੁੱਜ ਗਿਆ ਸੀ। ਮੈਂ ਜਥੇਦਾਰ ਟੌਹੜਾ ਦੀ ਲਗਾਤਾਰ ਨੁਕਤਾਚੀਨੀ ਕੀਤੀ, ਪਰ ਆਖ਼ਰੀ ਦਿਨਾਂ ਵਿੱਚ ਉਹਦੇ ਉੱਤੇ ਤਰਸ ਜਿਹਾ ਆਉਣ ਲੱਗ ਪਿਆ ਸੀ ਕਿ ਸਾਰੀ ਉਮਰ ਕੀਤੀ ਹੋਈ ਤਿਕੜਮਬਾਜ਼ੀ ਪਿੱਛੋਂ ਵੀ ਉਹ ਆਹ ਹਾਲਾਤ ਹੰਢਾ ਰਿਹਾ ਹੈ। ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਬਾਰੇ ਵੀ ਉਸ ਦੇ ਜਿਉਂਦੇ ਜੀਅ ਉਸ ਦੇ ਕਾਮਰੇਡਾਂ ਨੇ ਉਸ ਨੂੰ ਦੋ ਵਾਰੀ ਸ਼ਰਧਾਂਜਲੀਆਂ ਭੇਟ ਕਰ ਦਿੱਤੀਆਂ ਸਨ। ਰਾਜਾ ਵੀ.ਪੀ. ਸਿੰਘ ਉੱਤੇ ਵੀ ਤਰਸ ਆਇਆ ਸੀ ਕਿ ਬੋਫੋਰਜ਼ ਤੋਪ ਸੌਦਾ ਦਾ ਸਿਆਪਾ ਪਾ ਕੇ ਸੋਨੀਆ ਗਾਂਧੀ ਦੇ ਪੇਕੇ ਇਟਲੀ ਦੀਆਂ ਗੱਲਾਂ ਸ਼ੁਰੂ ਕਰਨ ਵਾਲਾ ਬੰਦਾ ਆਖ਼ਰੀ ਦਿਨਾਂ ਵਿੱਚ ਉਸੇ ਸੋਨੀਆ ਗਾਂਧੀ ਦੀ ਸ਼ਖ਼ਸੀਅਤ ਉਭਾਰਨ ਰਾਹੀਂ ਪਿਛਲੀ ਭੁੱਲ ਦਾ ਪਸ਼ਚਾਤਾਪ ਕਰਦਾ ਫਿਰਦਾ ਹੈ। ਬਹੁਤ ਸਾਰੇ ਲੋਕਾਂ ਉੱਤੇ ਤਰਸ ਆਇਆ ਸੀ ਤੇ ਹੁਣ ਲਾਲ ਕ੍ਰਿਸ਼ਨ ਅਡਵਾਨੀ ਉੱਤੇ ਵੀ ਆ ਰਿਹਾ ਹੈ, ਜਿਹੜਾ ਮੂੰਹ ਲੁਕਾਉਣ ਤੇ ਚੁੱਪ ਵੱਟਣ ਨੂੰ ਮਜਬੂਰ ਹੈ। ਏਨੀ ਨਮੋਸ਼ੀ ਮਹਿਸੂਸ ਕਰ ਰਿਹਾ ਹੈ ਕਿ ਜਿਨ੍ਹਾਂ ਸੰਘ ਪਰਵਾਰੀਆਂ ਦੀ ਸਾਰੀ ਉਮਰ ਸੋਇਮਸੇਵਕੀ ਕੀਤੀ, ਉਨ੍ਹਾਂ ਨਾਲ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਨ ਜੋਗਾ ਵੀ ਨਹੀਂ ਰਿਹਾ।

ਇਹ ਉਹੋ ਲਾਲ ਕ੍ਰਿਸ਼ਨ ਅਡਵਾਨੀ ਹੈ, ਜਿਹੜਾ ਐਮਰਜੈਂਸੀ ਟੁੱਟਣ ਮਗਰੋਂ ਬਣੀ ਸਾਢੇ ਚਾਰ ਪਾਰਟੀਆਂ ਦੇ ਮਿਲਗੋਭੇ ਵਾਲੀ ਜਨਤਾ ਪਾਰਟੀ ਦੀ ਮੋਰਾਰਜੀ ਡਿਸਾਈ ਸਰਕਾਰ ਦਾ ਸੂਚਨਾ ਤੇ ਪ੍ਰਸਾਰਨ ਮੰਤਰੀ ਬਣਿਆ ਸੀ। ਓਦੋਂ ਤੱਕ ਟੈਲੀਵੀਜ਼ਨ ਗਿਣੇ-ਚੁਣੇ ਲੋਕਾਂ ਕੋਲ ਹੁੰਦਾ ਸੀ ਤੇ ਰੇਡੀਓ ਘਰ-ਘਰ ਦੀ ਚੀਜ਼ ਸੀ। ਆਲ ਇੰਡੀਆ ਰੇਡੀਓ ਦਾ ਇੱਕ ਪ੍ਰੋਗਰਾਮ ‘ਫੂਲ ਖਿਲੇ ਹੈਂ ਗੁਲਸ਼ਨ ਗੁਲਸ਼ਨ’ ਬੜਾ ਮਨੋਰੰਜਨ ਵਾਲਾ ਤੇ ਹਰਮਨ ਪਿਆਰ ਪ੍ਰੋਗਰਾਮ ਸੀ। ਅਡਵਾਨੀ ਜੀ ਨੇ ਸੂਚਨਾ ਤੇ ਪ੍ਰਸਾਰਨ ਮੰਤਰੀ ਬਣ ਕੇ ਉਸ ਪ੍ਰੋਗਰਾਮ ਦਾ ‘ਝਟਕਾ’ ਕਰ ਦਿੱਤਾ। ਕਾਰਨ ਇਹ ਨਹੀਂ ਕਿ ਗੁਲਸ਼ਨ ਵਿੱਚ ਫੁੱਲ ਖਿੜਨ ਦੀ ਲੋੜ ਨਹੀਂ ਸੀ, ਸਗੋਂ ਇਹ ਸੀ ਕਿ ਪ੍ਰੋਗਰਾਮ ਦੀ ਸੰਚਾਲਕਾ ਦਾ ਨਾਂਅ ‘ਬੇਬੀ ਤਬੱਸੁਮ’ ਸੀ ਤੇ ਉਸ ਮੁਸਲਮਾਨ ਨਾਂਅ ਦੀ ਕੁੜੀ ਨੂੰ ਪਾਸੇ ਕਰ ਕੇ ਬਣਾਈ ਥਾਂ ਆਰ.ਐਸ.ਐਸ. ਦੇ ਇਕ ਸੋਇਮਸੇਵਕ ਨੂੰ ਦੇਣੀ ਸੀ।

ਫਿਰ ਜਦੋਂ 1980 ਤੇ 1985 ਦੀਆਂ ਚੋਣਾਂ ਵਿੱਚ ਉਸ ਦੀ ਪਾਰਟੀ ਦੇ ਪੱਲੇ ਕੱਖ ਨਾ ਰਹਿ ਗਿਆ, ਬਾਬਰੀ ਮਸਜਿਦ ਢਾਹ ਕੇ ਰਾਮ ਮੰਦਰ ਬਣਾਉਣ ਦਾ ਝੰਡਾ ਵੀ ਇਸੇ ਅਡਵਾਨੀ ਨੇ ਚੁੱਕਿਆ ਸੀ। ਇਸਲਾਮ ਵਿੱਚ ਤਾਂ ਹੈਦਰੀ ਝੰਡੇ ਹੇਠ ਹੈਦਰੀ ਲਸ਼ਕਰ ਜਾਂ ਮੁਲਖਈਆ ਧਰਮ ਦੇ ਨਾਂਅ ਉੱਤੇ ਤੋਰਨ ਦੀਆਂ ਰਵਾਇਤਾਂ ਸਨ, ਧਾਰਮਕ ਧੌਂਸਬਾਜ਼ੀ ਲਈ ਏਦਾਂ ਦਾ ਹਜੂਮ ਤੋਰਨ ਦੀ ਰਵਾਇਤ ਹਿੰਦੂ ਧਰਮ ਵਿੱਚ ਨਹੀਂ ਸੀ। ਲਾਲ ਕ੍ਰਿਸ਼ਨ ਅਡਵਾਨੀ ਨੇ ਸੋਮਨਾਥ ਦੇ ਮੰਦਰ ਤੋਂ ਅਯੁੱਧਿਆ ਲਈ ਰੱਥ-ਯਾਤਰਾ ਸ਼ੁਰੂ ਕੀਤੀ ਤੇ ਜਿੱਧਰ ਵੀ ਇਹ ਰੱਥ ਲੰਘਿਆ, ਦੰਗੇ ਫੈਲਾਉਂਦਾ ਗਿਆ। ਆਖ਼ਰ ਨੂੰ ਇਹ ਹਜੂਮ ਭੜਕਾ ਕੇ ਮਸਜਿਦ ਦੇ ਗੁੰਬਦ ਉੱਤੇ ਪਹਿਲਾ ਟੱਕ ਜਾ ਲਾਇਆ ਤੇ ਅਗਲੇਰੇ ਸਾਲ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਦਾ ਲਾਭ ਲੈ ਕੇ ਮਸਜਿਦ ਢਹਾ ਦਿੱਤੀ ਸੀ।

ਮਸਜਿਦ ਤਾਂ ਇੱਟਾਂ ਦੀ ਬਣੀ ਹੋਈ ਸੀ, ਸੋ ਢਹਿ ਗਈ। ਪਰ ਉਸ ਦੇ ਢਹਿਣ ਨਾਲ ਲੋਕਾਂ ਦੇ ਮਨਾਂ ਉੱਤੇ ਏਨੀ ਸੱਟ ਵੱਜੀ ਕਿ ਸਾਰੇ ਭਾਰਤ ਵਿੱਚ ਸਾੜ-ਫੂਕ ਹੁੰਦੀ ਫਿਰਦੀ ਸੀ। ਉਸ ਪਿੱਛੋਂ ਹੋਏ ਮੁੰਬਈ ਦੇ ਕਈ ਕਾਂਡ ਵੀ ਓਸੇ ਕਰਤੂਤ ਦਾ ਪ੍ਰਤੀਕਰਮ ਦੱਸੇ ਜਾਂਦੇ ਰਹੇ। ਏਨੇ ਲੋਕਾਂ ਦੀਆਂ ਲਾਸ਼ਾਂ ਉੱਤੇ ਪੈਰ ਰੱਖਦਾ ਲਾਲ ਕ੍ਰਿਸ਼ਨ ਅਡਵਾਨੀ ਦੇਸ਼ ਦਾ ਡਿਪਟੀ ਪ੍ਰਧਾਨ ਮੰਤਰੀ ਵੀ ਜਾ ਬਣਿਆ, ਪਰ ਮੁੜ ਕੇ ਮਸਜਿਦ ਦੀ ਥਾਂ ਮੰਦਰ ਬਣਾਉਣ ਨਹੀਂ ਸੀ ਤੁਰਿਆ, ਕਿਉਂਕਿ ਬਣਾਉਣਾ ਤਾਂ ਹੈ ਹੀ ਨਹੀਂ ਸੀ, ਸਿਰਫ਼ ਭਾਵਨਾਵਾਂ ਭੜਕਾ ਕੇ ਕੁਰਸੀ ਲੈਣੀ ਸੀ ਤੇ ਉਹ ਮਿਲ ਗਈ ਸੀ। ਫਿਰ ਵੀ ਜਦੋਂ ਕਦੇ ਗੱਲ ਚੱਲਦੀ, ਮਸਜਿਦ ਵਾਲੀ ਥਾਂ ਮੰਦਰ ਬਣਾਉਣ ਨੂੰ ਉਹ ਹਿੰਦੂ ਹਿਰਦੇ ਦੀ ਵੇਦਨਾ ਦੱਸਦਾ ਰਿਹਾ। ਪਰ ਜਦੋਂ ਜਾਂਚ ਕਮਿਸ਼ਨ ਮੂਹਰੇ ਪੇਸ਼ ਹੋਣਾ ਪਿਆ, ਸਾਰੇ ਕਾਂਡ ਵਿੱਚ ਨਿਭਾਈ ਹੋਈ ਮੋਹਰੀ ਭੂਮਿਕਾ ਤੋਂ ਹੀ ਮੁਨਕਰ ਹੋ ਗਿਆ। ਭਾਜਪਾ ਤੋਂ ਰੁੱਸ ਕੇ ਪਾਸੇ ਹੋਏ ਯੂ.ਪੀ. ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਨੇ ਸਾਰਾ ਕੁਝ ਮੀਡੀਆ ਸਾਹਮਣੇ ਸਿਲਸਿਲੇਵਾਰ ਰੱਖ ਕੇ ਕੋਈ ਓਹਲਾ ਵੀ ਨਾ ਰਹਿਣ ਦਿੱਤਾ, ਪਰ ਅਡਵਾਨੀ ਦੀ ਹਿੰਮਤ ਵੇਖੋ ਕਿ ਉਸ ਨੇ ਫੇਰ ਵੀ ਪੈਰਾਂ ਉੱਤੇ ਪਾਣੀ ਨਹੀਂ ਸੀ ਪੈਣ ਦਿੱਤਾ।

ਪੀ.ਵੀ. ਨਰਸਿਮਹਾ ਰਾਓ ਦੀ ਸਰਕਾਰ ਵੇਲੇ ਇੱਕ ਹਵਾਲਾ ਕਾਂਡ ਵਾਪਰਿਆ ਸੀ। ਬੂਟਾ ਸਿੰਘ, ਮਦਨ ਲਾਲ ਖੁਰਾਣਾ, ਤੇ ਕਈ ਹੋਰਨਾਂ ਦੇ ਨਾਲ-ਨਾਲ ਲਾਲ ਕ੍ਰਿਸ਼ਨ ਅਡਵਾਨੀ ਵੀ ਉਸ ਕੇਸ ਦੇ ਲਪੇਟੇ ਵਿੱਚ ਆ ਗਿਆ ਸੀ। ਉਹ ਹਵਾਲਾ ਕਾਂਡ ਜੇ ਚੰਗੀ ਤਰ੍ਹਾਂ ਫੋਲਿਆ ਜਾਂਦਾ, ਦਿੱਲੀ ਦੀ ਰਾਜਨੀਤੀ ਦੀਆਂ ਤਾਰਾਂ ਜੰਮੂ-ਕਸ਼ਮੀਰ ਦੀ ਦਹਿਸ਼ਤਗਰਦੀ ਨਾਲ ਜੋੜ ਸਕਦਾ ਸੀ, ਪਰ ਕਿਸੇ ਨੇ ਅਸਲੀ ਤੰਦ ਹੀ ਨਾ ਫੜੀ। ਸਾਰੇ ਜਣੇ ਸਾਫ਼ ਛੁੱਟ ਗਏ, ਲਾਲ ਕ੍ਰਿਸ਼ਨ ਅਡਵਾਨੀ ਵੀ ਛੁੱਟ ਗਿਆ ਤੇ ਵਿਹਲਾ ਹੁੰਦੇ ਸਾਰ ਨਾ ਸਿਰਫ਼ ਸਰਗਰਮ ਹੋਇਆ, ਪ੍ਰਧਾਨ ਮੰਤਰੀ ਦੀ ਕੁਰਸੀ ਵੱਲ ਵੀ ਝਾਕਣ ਲੱਗ ਪਿਆ ਤੇ ਡਿਪਟੀ ਪ੍ਰਧਾਨ ਮੰਤਰੀ ਤੱਕ ਜਾ ਬਣਿਆ ਸੀ।

ਲਾਲ ਕ੍ਰਿਸ਼ਨ ਅਡਵਾਨੀ ਦੇ ਡਿਪਟੀ ਪ੍ਰਧਾਨ ਮੰਤਰੀ ਬਣਨ ਤੱਕ ਭਾਰਤ ਦੀ ਸਭ ਤੋਂ ਉੱਚੀ ਜਾਂਚ ਏਜੰਸੀ ਸੀ.ਬੀ.ਆਈ. ਸਿਰਫ਼ ਪ੍ਰਧਾਨ ਮੰਤਰੀ ਦੇ ਅਧੀਨ ਕੰਮ ਕਰਦੀ ਰਹੀ ਸੀ। ਅਡਵਾਨੀ ਨੇ ਜਾਂਦੇ ਸਾਰ ਉਸ ਏਜੰਸੀ ਦੀ ਕਮਾਨ ਆਪਣੇ ਆਪ ਹੀ ਸਾਂਭ ਲਈ ਤੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਕਿੰਤੂ-ਪਰੰਤੂ ਕਰਨ ਦਾ ਮੌਕਾ ਵੀ ਨਾ ਦਿੱਤਾ। ਏਜੰਸੀ ਇਸ ਕਰਕੇ ਨਹੀਂ ਸੀ ਸਾਂਭੀ ਕਿ ਭ੍ਰਿਸ਼ਟਾਚਾਰ ਦੇ ਕੇਸਾਂ ਜਾਂ ਹੋਰਨਾਂ ਅਪਰਾਧਾਂ ਦੀ ਜਾਂਚ ਤੇਜ਼ ਕਰਨੀ ਸੀ, ਜਾਂ ਫਿਰ ਪੁਰਾਣਾ ਬੋਫੋਰਜ਼ ਤੋਪ ਸੌਦੇ ਵਾਲਾ ਬਕਸਾ ਫੋਲਣਾ ਸੀ - ਸਗੋਂ ਇਸ ਕਰਕੇ ਕਿ ਬਾਬਰੀ ਮਸਜਿਦ ਕੇਸ ਦੀ ਜਾਂਚ ਉਸ ਏਜੰਸੀ ਕੋਲ ਸੀ ਤੇ ਮੁਲਜ਼ਮਾਂ ਵਿੱਚ ਅਡਵਾਨੀ ਦਾ ਆਪਣਾ ਨਾਂਅ ਸ਼ਾਮਲ ਸੀ। ਉਸ ਨੇ ਸੀ.ਬੀ.ਆਈ. ਦੀ ਕਮਾਨ ਸਾਂਭ ਕੇ ਉਸ ਤੋਂ ਅਦਾਲਤ ਵਿੱਚ ਇਹ ਰਿਪੋਰਟ ਰਖਵਾਈ ਕਿ ਬਾਕੀ ਮੁਲਜ਼ਮਾਂ ਉੱਤੇ ਕੇਸ ਚੱਲਦਾ ਰਹੇ ਪਰ ਅਡਵਾਨੀ ਦਾ ਨਾਂਅ ਕੱਢ ਦਿੱਤਾ ਜਾਵੇ ਕਿਉਂਕਿ ਉਸ ਦਾ ਕੋਈ ਕਸੂਰ ਹੀ ਨਹੀਂ ਨਿਕਲਦਾ। ਨਾਲ ਦੇ ਸਾਥੀ ਸਾਰੇ ਭਾਜਪਾ ਦੇ ਆਗੂ ਸਨ ਤੇ ਕੇਸ ਦੀ ਕੁੜਿੱਕੀ ਵਿੱਚ ਹੀ ਫਸੇ ਰਹੇ ਪਰ ਆਪਣੀ ਲੱਤ ਕਾਠ ਵਿੱਚੋਂ ਕਢਵਾਉਣ ਲਈ ਅਡਵਾਨੀ ਨੇ ਇਸ ਏਜੰਸੀ ਦੀ ਉਹ ਦੁਵਰਤੋਂ ਕੀਤੀ, ਜਿਹੜੀ ਹੁਣ ਤੱਕ ਕੋਈ ਨਹੀਂ ਸੀ ਕਰ ਸਕਿਆ।

ਏਨਾ ਕੰਮ ਕਰਨ ਪਿੱਛੋਂ ਅਗਲੀ ਚਾਲ ਉਸ ਨੇ ਆਪਣੇ ਚੇਲਿਆਂ ਤੋਂ ਇਹ ਚਲਵਾਈ ਕਿ ਅਗਲੀ ਵਾਰੀ ਚੋਣ ਮੁਹਿੰਮ ਵਿੱਚ ਅਟਲ ਬਿਹਾਰੀ ਵਾਜਪਾਈ ਇਕੱਲਾ ਨਹੀਂ, ਉਹ ਤੇ ਅਡਵਾਨੀ ਸਾਂਝੇ ਤੌਰ ’ਤੇ ਪਾਰਟੀ ਦੀ ਅਗਵਾਈ ਕਰਨਗੇ। ਵਾਜਪਾਈ ਫਿਰ ਵੀ ਵਾਜਪਾਈ ਸੀ। ਉਸ ਨੇ ਮੋੜਵਾਂ ਦਾਅ ਖੇਡਿਆ ਕਿ ‘‘ਹੁਣ ਮੇਰੀ ਲੋੜ ਨਹੀਂ, ਸਿਰਫ਼ ਅਡਵਾਨੀ ਜੀ ਹੀ ਅਗਵਾਈ ਕਰਨਗੇ।’’ ਏਨੇ ਨਾਲ ਸਭਨਾਂ ਦੀ ਸੁਰਤ ਟਿਕਾਣੇ ਆ ਗਈ। ਅਡਵਾਨੀ ਨੇ ਆਪ ਜਾ ਕੇ ਵਾਜਪਾਈ ਨੂੰ ਮਨਾਇਆ ਤੇ ਖ਼ੁਦ ਇਹ ਬਿਆਨ ਵੀ ਦਾਗਿਆ, ‘‘ਹਮਾਰੇ ਨੇਤਾ ਵਾਜਪਾਈ ਜੀ ਹੀ ਰਹੇਂਗੇ।’’

ਸਾਰੀਆਂ ਚਾਲਾਂ ਇੱਕੋ ਨਿਸ਼ਾਨੇ ਵੱਲ ਸੇਧਿਤ ਸਨ, ਪ੍ਰਧਾਨ ਮੰਤਰੀ ਦੀ ਕੁਰਸੀ ਦੀ ਪ੍ਰਾਪਤੀ ਵੱਲ, ਪਰ ਗੱਲ ਫੇਰ ਨਾ ਬਣੀ। ਪਾਰਟੀ ਤੇ ਉਸ ਦੇ ਗਠਜੋੜ ਨੂੰ 2004 ਵਿੱਚ ਅਡਵਾਨੀ ਜੀ ਨੇ ਅਗਵਾਈ ਕਰਨ ਜਾਂ ਪ੍ਰਧਾਨ ਮੰਤਰੀ ਦੀ ਕੁਰਸੀ ਵੱਲ ਝਾਕਣ ਦੇ ਸਮਰੱਥ ਵੀ ਨਹੀਂ ਰਹਿਣਾ। ਇਸ ਬਾਰੇ ਜੇ ਅੱਗੇ ਕੋਈ ਵਹਿਮ ਸੀ ਤਾਂ ਹੁਣ ਵਾਲੇ ਘਟਨਾਕ੍ਰਮ ਨੇ ਉਹ ਵੀ ਕੱਢ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਦੇ ਮਾਈ-ਬਾਪ ਮੰਨੇ ਜਾਂਦੇ ਰਾਸ਼ਟਰੀ ਸੋਇਮਸੇਵਕ ਸੰਘ ਦੇ ਮੁਖੀ ਭਾਗਵਤ ਨੇ 28 ਅਗਸਤ ਦੀ ਦਿੱਲੀ ਵਾਲੀ ਪ੍ਰੈੱਸ ਕਾਨਫਰੰਸ ਨਾਲ ਸਾਰੀ ਖੇਡ ਬਾਰੇ ਸਪਸ਼ਟ ਕਰ ਦਿੱਤਾ ਹੈ। ਘਟਨਾਵਾਂ ਜਾਂ ਵਿਵਾਦਾਂ ਬਾਰੇ ਟਿੱਪਣੀ ਕਰਨ ਤੋਂ ਬਚਦਿਆਂ ਦੋ ਗੱਲਾਂ ਉੱਤੇ ਉਸ ਨੇ ਜ਼ੋਰ ਦਿੱਤਾ। ਪਹਿਲੀ ਇਹ ਕਿ ਭਾਜਪਾ ਅੰਦਰ ਅਸੀਂ ਦਖ਼ਲ ਨਹੀਂ ਦੇਣਾ ਚਾਹੁੰਦੇ, ਪਰ ਜੇ ਸਲਾਹ ਮੰਗੀ ਗਈ ਤਾਂ ਦੇਵਾਂਗੇ। ਇਹ ਬਿਆਨ ਨਹੀਂ, ਭਾਜਪਾ ਦੇ ਆਗੂਆਂ ਨੂੰ ਹੁਕਮ ਸੀ ਕਿ ‘ਸਲਾਹ’ ਦੇ ਬਹਾਨੇ ਹਦਾਇਤਾਂ ਲੈਣ ਲਈ ਪਹੁੰਚੋ, ਤੇ ਅੱਧੇ ਘੰਟੇ ਦੇ ਅੰਦਰ-ਅੰਦਰ ਸੁਸ਼ਮਾ ਸਵਰਾਜ, ਅਰੁਣ ਜੇਤਲੀ, ਵੈਂਕਈਆ ਨਾਇਡੂ ਤੇ ਅਨੰਤ ਕੁਮਾਰ ਉਨ੍ਹਾਂ ਦੀ ਸ਼ਰਨ ਜਾ ਪਹੁੰਚੇ ਸਨ। ਸਿਰਫ਼ ਇਹੋ ਕਿਉਂ ਗਏ ਤੇ ਅਡਵਾਨੀ ਹੁਰੀਂ ਕਿਉਂ ਨਾ ਗਏ, ਇਸ ਦਾ ਜਵਾਬ ਆਰ.ਐਸ.ਐਸ. ਦੇ ਮੁਖੀ ਦੀ ਦੂਜੀ ਗੱਲ ਵਿੱਚ ਸੀ ਕਿ ਭਾਜਪਾ ਦੀ ਕਮਾਨ ਹੁਣ ਨੌਜਵਾਨਾਂ ਦੇ ਹੱਥ ਦੇ ਦੇਣੀ ਚਾਹੀਦੀ ਹੈ। ਅਡਵਾਨੀ ਜੀ ਦੀ ਥਾਂ ਇਹ ਚਾਰੇ ਕਥਿਤ ਨੌਜਵਾਨ ਜਦੋਂ ਸੰਘ ਪਰਵਾਰ ਦੇ ਅੰਦਰੋਂ ‘ਸੰਘਮ ਸ਼ਰਣਮ ਗੱਛਾਮੀ’ ਦਾ ਜਾਪ ਕਰ ਕੇ ਨਿਕਲੇ, ਚਿਹਰੇ ਇਨ੍ਹਾਂ ਦੇ ਚਮਕਦੇ ਸਨ ਤੇ ਸੂਚਨਾ ਇਹ ‘ਲੀਕ’ ਹੋਈ ਜਾਂ ਕਰਵਾਈ ਗਈ ਕਿ ਲੀਡਰਸ਼ਿਪ ਬਦਲਣ ਦਾ ਹੁਕਮ ਹੋ ਗਿਆ ਹੈ। ਓਥੋਂ ਨਿਕਲਦੇ ਸਾਰ ਇਹ ਅਡਵਾਨੀ ਜੀ ਦੇ ਘਰ ਉਸ ਨਾਲ ਸਲਾਹ ਕਰਨ ਨਹੀਂ, ਇਹ ਮਾੜੀ ਖ਼ਬਰ ਦੇਣ ਗਏ ਕਿ ਤੁਹਾਡੀ ਲੀਡਰੀ ਦੇ ਦਿਨ ਹੁਣ ਲੱਦ ਗਏ।
ਵਿਚਾਰੇ ਲਾਲ ਕ੍ਰਿਸ਼ਨ ਅਡਵਾਨੀ, ਸੱਚਮੁੱਚ ਵਿਚਾਰੇ ਜਿਹੇ ਹਨ। ਉਨ੍ਹਾਂ ਨੂੰ ਇਕੋ ਵਕਤ ਚੁਫੇਰਿਓਂ ਚਾਂਦਮਾਰੀ ਦਾ ਸਾਹਮਣਾ ਕਰਨਾ ਪੈ ਗਿਆ ਹੈ। ਜੇ ਸੰਘ ਪਰਵਾਰ ਆਪਣੇ ਇਸ ‘ਜੀਅ’ ਨੂੰ ਘਿਸਿਆ ਕਾਰਤੂਸ ਸਮਝਣ ਲੱਗ ਪਿਆ ਹੈ ਤਾਂ ਕੱਲ੍ਹ ਦੇ ਜੋੜੀਦਾਰ ਸਾਬਕਾ ਵਿਦੇਸ਼ ਮੰਤਰੀ ਜਸਵੰਤ ਸਿੰਘ ਨੇ ਇਸ ਗੱਲ ਦਾ ਬੁਰਾ ਮਨਾਇਆ ਕਿ ਖ਼ੁਦ ਜਿਨਾਹ ਦੇ ਸੋਹਿਲੇ ਗਾ ਚੁੱਕਾ ਅਡਵਾਨੀ ਵੀ ਮੇਰੇ ਬਾਰੇ ਗੱਲਾਂ ਕਰ ਰਿਹਾ ਹੈ। ਇਸਲਈ ਜਸਵੰਤ ਸਿੰਘ ਨੇ ਅਡਵਾਨੀ ਦੇ ਕਿਰਦਾਰ ਦੀਆਂ ਪਰਤਾਂ ਗੰਢੇ ਦੀਆਂ ਛਿੱਲਾਂ ਵਾਂਗ ਉਧੇੜਨੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਰਟੀ ਅੰਦਰਲੇ ਕਈ ਹੋਰ ਪੁਰਾਣੇ ਭਾਈਬੰਦਾਂ ਨੇ ਵੀ ਜਦੋਂ ਇਨ੍ਹਾਂ ਗੱਲਾਂ ਦੀ ਪੁਸ਼ਟੀ ਕਰ ਦਿੱਤੀ, ਅਡਵਾਨੀ ਜੀ ਬੋਲਣ ਜੋਗੇ ਹੀ ਨਹੀਂ ਰਹਿ ਗਏ। ਜੇ ਉਹ ਸੱਚ ਕਬੂਲਣਗੇ ਤਾਂ ਸ਼ਰਮਿੰਦਗੀ ਪੱਲੇ ਪਵੇਗੀ, ਤੇ ਜੇ ਉਹ ਨਾ ਬੋਲੇ ਤਾਂ ਲੋਕੀਂ ਜਾਣ ਲੈਣਗੇ ਕਿ ‘ਬੰਦਾ ਬੋਲਣ ਜੋਗਾ ਹੀ ਨਹੀਂ ਰਹਿ ਗਿਆ।’

ਮਿਸਾਲ ਵਜੋਂ ਇਸੇ ਸਾਲ ਪਾਰਲੀਮੈਂਟ ਚੋਣਾਂ ਵਿੱਚ ਅਡਵਾਨੀ ਨੇ ਕਾਂਗਰਸ ਦੇ ਆਗੂ ਡਾ: ਮਨਮੋਹਨ ਸਿੰਘ ਨੂੰ ‘ਨਿਕੰਮਾ’ ਕਿਹਾ ਸੀ। ਮੁੜ-ਮੁੜ ਆਖੀ ਇਸੇ ਗੱਲ ਦੇ ਜਵਾਬ ਵਿੱਚ ਮਨਮੋਹਨ ਸਿੰਘ ਨੇ ਇਕ ਦਿਨ ਕੰਧਾਰ ਦਾ ਕਿੱਸਾ ਛੇੜ ਦਿੱਤਾ। ਅਡਵਾਨੀ ਨੇ ਸਫ਼ਾਈ ਦਿੱਤੀ ਕਿ ਕੰਧਾਰ ਵਿੱਚ ਜਹਾਜ਼ ਛੁਡਾਉਣ ਬਦਲੇ ਅੱਤਵਾਦੀ ਛੱਡਣ ਦੇ ਵਾਜਪਾਈ ਸਰਕਾਰ ਦੇ ਫ਼ੈਸਲੇ ਦੀ ਉਸ ਨੂੰ ਕੋਈ ਜਾਣਕਾਰੀ ਨਹੀਂ ਸੀ। ਇਹ ਗੱਲ ਉਸ ਨੇ ਆਪਣੀ ਕਿਤਾਬ ‘ਮਾਈ ਕੰਟਰੀ, ਮਾਈ ਲਾਈਫ਼’ ਵਿੱਚ ਵੀ ਲਿਖੀ ਸੀ। ਹੁਣ ਜਸਵੰਤ ਸਿੰਘ ਨੇ ਸਾਫ਼ ਕਹਿ ਦਿੱਤਾ ਹੈ ਕਿ ਫ਼ੈਸਲਾ ਜਦੋਂ ਵਾਜਪਾਈ ਸਰਕਾਰ ਦੀ ਸੁਰੱਖਿਆ ਬਾਰੇ ਕੈਬਿਨੇਟ ਮੀਟਿੰਗ ਵਿੱਚ ਲਿਆ ਗਿਆ, ਲਾਲ ਕ੍ਰਿਸ਼ਨ ਅਡਵਾਨੀ ਮੀਟਿੰਗ ਵਿੱਚ ਵੀ ਹਾਜ਼ਰ ਸੀ ਤੇ ਅੱਤਵਾਦੀ ਛੱਡਣ ਦੇ ਹੁਕਮ ਉੱਤੇ ਦਸਤਖ਼ਤ ਵੀ ਗ੍ਰਹਿ ਮੰਤਰੀ ਹੋਣ ਕਰ ਕੇ ਉਸੀ ਦੇ ਸਨ। ਉਸ ਵਕਤ ਦੇ ਦੋ ਭਾਜਪਾ ਮੰਤਰੀਆਂ ਨੇ ਵੀ ਜਸਵੰਤ ਸਿੰਘ ਦੀ ਇਸ ਗੱਲ ਦੀ ਹਮਾਇਤ ਕਰਦਿਆਂ ਕਹਿ ਦਿੱਤਾ ਕਿ ਉਹ ਵੀ ਮੀਟਿੰਗ ਵਿੱਚ ਹਾਜ਼ਰ ਸਨ ਤੇ ਏਦਾਂ ਹੀ ਹੋਇਆ ਸੀ। ਲਾਲ ਕ੍ਰਿਸ਼ਨ ਅਡਵਾਨੀ ਜੀ ਕਸੂਤੇ ਫਸ ਗਏ। ਸਾਫ਼ ਹੈ ਕਿ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਪੂਰੀ ਕਰਨ ਖ਼ਾਤਰ ਉਹ ਭਾਰਤ ਦੇ ਇਕ ਸੌ ਵੀਹ ਕਰੋੜ ਲੋਕਾਂ ਦੀ ਸੱਥ ਸਾਹਮਣੇ ਕੋਰਾ ਝੂਠ ਬੋਲ ਕੇ ਉਨ੍ਹਾਂ ਨੂੰ ਬੁੱਧੂ ਬਣਾਉਣ ਦਾ ਪਾਪ ਕਰਦੇ ਆ ਰਹੇ ਸਨ।

ਦੂਜਾ ਮਾਮਲਾ ਹੈ ਪਿਛਲੇ ਸਾਲ ਪਾਰਲੀਮੈਂਟ ਵਿੱਚ ਪੇਸ਼ ਕੀਤੇ ਗਏ ਕਰੋੜਾਂ ਰੁਪਏ ਦੇ ਬੰਡਲਾਂ ਦਾ। ਓਦੋਂ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਇਹ ਦਾਅਵਾ ਕੀਤਾ ਸੀ ਕਿ ਇਹ ਰੁਪਏ ਕਾਂਗਰਸ ਨੇ ਉਨ੍ਹਾਂ ਦੇ ਪਾਰਲੀਮੈਂਟ ਮੈਂਬਰਾਂ ਤੋਂ ਭਰੋਸੇ ਦੇ ਵੋਟ ਬਦਲੇ ਸਮਰਥਨ ਦੇਣ ਬਦਲੇ ਰਿਸ਼ਵਤ ਵਜੋਂ ਦਿੱਤੇ ਹਨ। ਹੁਣ ਜਸਵੰਤ ਸਿੰਘ ਨੇ ਇਹ ਭੇਦ ਵੀ ਖੋਲ੍ਹ ਦਿੱਤਾ ਹੈ ਕਿ ਪੈਸੇ ਕਿਸੇ ਨੇ ਦਿੱਤੇ ਨਹੀਂ ਸਨ, ਲਾਲ ਕ੍ਰਿਸ਼ਨ ਅਡਵਾਨੀ ਨੇ ਡਾ: ਮਨਮੋਹਨ ਸਿੰਘ ਦੀ ਸਰਕਾਰ ਡੇਗਣ ਦੀ ਸਾਜਿਸ਼ ਅਧੀਨ ਖ਼ੁਦ ਹੀ ਇਹ ਡ੍ਰਾਮਾ ਕਰਵਾਇਆ ਸੀ। ਅਡਵਾਨੀ ਸਾਹਿਬ ਦੀ ਇਸ ਬਾਰੇ ਵੀ ਬੋਲਤੀ ਬੰਦ ਹੈ।

ਪ੍ਰਧਾਨ ਮੰਤਰੀ ਬਣਨ ਲਈ ਉਸ ਨੇ ਜਦੋਂ ਚੋਣ-ਰੱਥ ਤੋਰਿਆ ਤਾਂ ਦਾਅਵਾ ਇਹ ਕੀਤਾ ਸੀ ਕਿ ਅਗਲੇ ਪੰਜ ਸਾਲ ਭਾਜਪਾ ਦੀ ਚੜ੍ਹਤ ਦੇ ਹੋਣਗੇ, ਪਰ ਚੋਣ ਮੁਹਿੰਮ ਮਗਰੋਂ ਆਏ ਨਤੀਜਿਆਂ ਨੇ ਪਾਰਟੀ ਦੀਆਂ ਸੀਟਾਂ ਛੇਵਾਂ ਹਿੱਸਾ ਹੋਰ ਘਟਾ ਦਿੱਤੀਆਂ ਸਨ। ਫਿਰ ਅਡਵਾਨੀ ਨੇ ਇਹ ਐਲਾਨ ਕਰ ਮਾਰਿਆ ਕਿ ਪਾਰਟੀ ਦੀਆਂ ਸਫ਼ਾਂ ਅੰਦਰ ਨਿਰਾਸ਼ਾ ਦੀ ਥਾਂ ਨਵੀਂ ਰੂਹ ਭਰਨ ਲਈ ਉਹ ਇੱਕ ਹੋਰ ਰੱਥ-ਯਾਤਰਾ ਕਰੇਗਾ। ਸ਼ਿਮਲੇ ਦੀ ਚਿੰਤਨ ਬੈਠਕ ਮਗਰੋਂ ਏਨਾ ਭੱਠਾ ਬੈਠ ਗਿਆ ਕਿ ਰੱਥ-ਯਾਤਰਾ ਵੀ ਰੱਦ ਕਰਨੀ ਪੈ ਗਈ ਹੈ। ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ ਹਾਰ ਤਾਂ ਪੱਲੇ ਪਈ ਸੀ, ਨੱਕ ਨਹੀਂ ਸੀ ਵੱਢਿਆ ਗਿਆ। ਜਿਹੜੀ ਹਾਲਤ ਅਡਵਾਨੀ ਦੀ ਅਗਵਾਈ ਨੇ ਕਰਵਾ ਦਿੱਤੀ ਹੈ, ਉਸ ਪਿੱਛੋਂ ਪਾਰਟੀ ਲੀਡਰ ਹੁਣ ਪੱਤਰਕਾਰਾਂ ਸਾਹਮਣੇ ਟਰ-ਟਰ ਨਹੀਂ ਬੋਲਦੇ, ‘ਨੋ ਕੁਮੈਂਟਸ’ ਆਖ ਕੇ ਕੰਨੀਂ ਖਿਸਕਾਉਣ ਲਈ ਮਜਬੂਰ ਹੋ ਰਹੇ ਹਨ। ਸੰਘ ਪਰਵਾਰ ਦੇ ਮੁਖੀ ਮੋਹਨ ਭਾਗਵਤ ਨੇ ਇਹ ਕਹਿ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ ਰਾਖ (ਸਵਾਹ) ਵਿੱਚੋਂ ਵੀ ਦੁਬਾਰਾ ਉਠੇਗੀ। ਉੱਠੇ ਜਾਂ ਨਾ ਉੱਠੇ, ਭਾਗਵਤ ਨੇ ਇਹ ਤਾਂ ਮੰਨ ਹੀ ਲਿਆ ਹੈ ਕਿ ਇਹ ਪਾਰਟੀ ਹੁਣ ਸਵਾਹ ਹੋਣ ਦੇ ਹਾਲ ਨੂੰ ਪਹੁੰਚ ਗਈ ਹੈ।

ਰਹੀ ਗੱਲ ਲੀਡਰ ਲਾਲ ਕ੍ਰਿਸ਼ਨ ਅਡਵਾਨੀ ਦੀ, ਇਹ ਉਸ ਬੰਦੇ ਦਾ ਨਾਂਅ ਹੈ, ਜਿਸ ਬਾਰੇ ਕਿਹਾ ਜਾਂਦਾ ਸੀ ਕਿ ਉਹ ਜਦੋਂ ਵੀ ਬੋਲਦਾ ਹੈ, ਉਸ ਦੇ ਭਾਸ਼ਣ ਵਿੱਚ ਕੌਮੇ ਜਾਂ ਬਿੰਦੀ ਤੱਕ ਦੀ ਗਲਤੀ ਨਹੀਂ ਹੁੰਦੀ, ਮੂੰਹ ਵਿੱਚੋਂ ਹੀ ਸਾਰੀ ਵਿਆਕਰਣ ਦੀ ਵਾਕ-ਬਣਤਰ ਬਣ-ਬਣ ਨਿਕਲਦੀ ਹੈ। ਹੁਣ ਵਿਆਕਰਣ ਦੀ ਵਾਕ-ਬਣਤਰ ਬਣਨੀ ਕਿਧਰੇ ਰਹੀ, ਵਾਕ ਵੀ ਨਹੀਂ ਨਿਕਲ ਰਿਹਾ। ਸੱਚਮੁਚ ਬੜੀ ਤਰਸਯੋਗ ਹਾਲਤ ਹੋਈ ਪਈ ਹੈ ਵਿਚਾਰੇ ਦੀ।