Subscription About Us Contact Us


ਆਪ ਸਹੈ ਵੈ ਨੰਗ ਅਰ ਭੁੱਖ। ਦੇਖ ਸਕੈ ਨਹਿ ਸਿੰਘਨ ਦੁੱਖ।

- ਪ੍ਰੋ: ਸਰਬਜੀਤ ਸਿੰਘ ਧੂੰਦਾ -
ਫੋਨ : 9855598851

ਜਦੋਂ 1747 ਈ: ਦੇ ਘਲੂਘਾਰੇ ਤੋਂ ਬਾਅਦ 1762 ਈ: ਵਿੱਚ ਵੱਡਾ ਘਲੂਘਾਰਾ ਵਾਪਰਿਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਸਹੀਦ ਹੋਏ ਸਨ। ਤਾਂ ਅਬਦਾਲੀ ਨੇ ਸੋਚਿਆ ਕਿ ਹੁਣ ਮੈ ਸਿੱਖਾਂ ਦਾ ਖੁਰਾ-ਖੋਜ ਹੀ ਮਿਟਾਉਣਾ ਹੈ। ਇਸ ਭਾਵਨਾ ਨਾਲ ਇਹ ਚੜਾਈ ਕਰਕੇ ਆਇਆ ਸੀ ਪਰ ਕੁਝ ਚਿਰ ਬਾਅਦ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਸਰਦਾਰ ਚੜ੍ਹਤ ਸਿੰਘ ਨਾਲ ਅਬਦਾਲੀ ਦੀ ਟੱਕਰ ਹੋਈ, ਜਿਸ ਵਿੱਚ ਗੁਰੂ ਕੇ ਸਿੱਖਾਂ ਨੇ ਅਬਦਾਲੀ ਦੇ ਅਜਿਹੇ ਦੰਦ ਖੱਟੇ ਕੀਤੇ ਕਿ ਅਬਦਾਲੀ ਹਾਰ ਖਾ ਕੇ ਵਾਪਸ ਚਲਾ ਗਿਆ। ਦੂਜੇ ਪਾਸੇ ਯਕਰੀਆ ਖਾਨ ਨੇ ਸਿੱਖਾਂ ਨੂੰ ਮੁਕਾਉਣ ਵਿੱਚ ਆਪਣਾ ਸਾਰਾ ਜ਼ੋਰ ਲਾ ਕਿ ਵੇਖ ਲਿਆ ਤਾਂ ਅਖੀਰ ਆਪਣਿਆਂ ਨਜ਼ਦੀਕੀਆਂ ਕੋਲੋ ਪੁਛਦਾ ਹੈ, ‘‘ਕੀ ਸਿੱਖ ਅਜੇ ਵੀ ਬਾਕੀ ਹਨ? ਜੇ ਬਾਕੀ ਹਨ ਤਾਂ ਉਹ ਰਹਿੰਦੇ ਕਿਥੇ ਹਨ?’’ ਉਨ੍ਹਾਂ ਦੱਸਿਆ ਕਿ ‘‘ਜੰਗਲਾਂ ਵਿੱਚ।’’ ਯਕਰੀਆ ਖਾਨ ਪੁੱਛਦਾ ਹੈ, ‘‘ਫਿਰ ਰੋਟੀ ਕਿਥੋਂ ਖਾਦੇ ਹਨ?’’ ਤਾਂ ਸਰਕਾਰੀ ਮੁਖ਼ਬਰ ਹਰਭਗਤ ਨਿੰਰਜਨੀਆਂ ਕਮੀਨਗੀ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ ਕਹਿੰਦਾ ਹੈ, ‘‘ਖਾਨ ਬਹਾਦਰ, ਕੁਝ ਸਿੱਖ ਅਜੇ ਵੀ ਘਰਾਂ ਵਿੱਚ ਰਹਿੰਦੇ ਹਨ, ਜਿਹੜੇ ਸਾਰੀ ਦਿਹਾੜੀ ਖੇਤਾਂ ਵਿੱਚ ਕੰਮ ਕਰਦੇ ਹਨ ਤੇ ਆਪਣੇ ਘਰੋਂ ਪ੍ਰਸ਼ਾਦਾ ਤਿਆਰ ਕਰਕੇ ਸਿੰਘਾਂ ਨੂੰ ਛਕਾ ਕੇ ਆਉਂਦੇ ਹਨ। ਐਸੇ ਐਸੇ ਸਿੱਖ ਜਗਤ ਵਿੱਚ ਮੌਜੂਦ ਹਨ, ਆਪ ਨੰਗੇ-ਭੁੱਖੇ ਰਹਿ ਕੇ ਵੀ ਸਿੰਘਾਂ ਦਾ ਦੁੱਖ ਵੇਖ ਨਹੀ ਸਕਦੇ। ਕਈ ਸਿੱਖ ਵਾਣ ਵੱਟ ਕੇ ਗੁਜਾਰਾ ਕਰਦੇ ਹਨ ਅਤੇ ਵਾਣ ਵੇਚ ਕੇ ਜੋ ਪੈਸਾ ਮਿਲਦਾ ਹੈ, ਉਸ ਪੈਸੇ ਨਾਲ ਮਰਜੀਵੜੇ ਸਿੱਘਾਂ ਲਈ ਕਪੜੇ ਅਤੇ ਲੰਗਰ ਪ੍ਰਸ਼ਾਦਾ ਭੇਜਦੇ ਹਨ। ਇਹ ਆਪਣੇ ਧਰਮ ਨਾਲ ਬਹੁਤ ਪਿਆਰ ਕਰਦੇ ਹਨ।’’

ਇਹ ਉਹ ਤਰੀਫ ਹੈ ਜਿਹੜੀ ਹਰਭਗਤ ਨਿੰਰਜਨੀਏ ਵਰਗਾ ਕਪਟੀ ਬ੍ਰਾਹਮਣਵਾਦੀ, ਯਕਰੀਏ ਖਾਨ ਦੇ ਕੋਲ ਕਰ ਰਿਹਾ ਹੈ। ਇਸ ਸਾਰੀ ਵਾਰਤਾ ਨੂੰ ਸ੍ਰ: ਰਤਨ ਸਿੰਘ ਜੀ ਭੰਗੂ ‘ਤਵਾਰੀਖ਼ ਗੁਰੂ ਖਾਲਸਾ’ ਵਿੱਚ ਲਿਖਦੇ ਹਨ:

ਚੌਪਈ
ਹਰਭਗਤ ਨਿੰਰਜਨੀਏ ਯੋ ਭਾਖੀ ।
ਸਚ ਬਾਤ ਇਨ ਭਾਈ ਆਖੀ ।
ਐਸੇ ਐਸੇ ਸਿੰਘ ਜਗ ਮਾਂਹੀ ।
ਸ਼ਿੰਘ ਛਕਾਇ ਪੀਐ ਨਿਜ ਖਾਂਹੀ ।
ਆਪ ਸਹੈ ਵੈ ਨੰਗ ਅਰ ਭੁੱਖ ।
ਦੇਖ ਸਕੈ ਨਹਿ ਸਿੰਘਨ ਦੁੱਖ ।
ਆਪ ਗੁਜਾਰੈ ਅਗਨੀ ਨਾਲ ।
ਸਿੰਘਨ ਘਲੈਂ ਪੁਸ਼ਾਕ ਸਿਵਾਲ ।
ਕਈ ਪੀਸਨਾ ਪੀਸ ਕਮਾਵੈ ।
ਵੈ ਭੀ ਸਿੰਘਨ ਪਾਸ ਪੁਚਾਵੈਂ ।
ਬਾਣ ਬੱਟ ਕਈ ਕਰੈਂ ਮਜੂਰੀ ।
ਭੇਜੇ ਸਿੰਘਨ ਪਾਸ ਜਰੂਰੀ ।
ਦੂਰ ਜਾਇ ਜੋ ਚਾਕਰੀ ਕਰਹੀਂ ।
ਆਇ ਸਿੰਘਨ ਕੇ ਆਗੈ ਧਰਿਹੀਂ ।
ਸਿੰਘ ਜੋਓੁ ਪਰਦੇਸ ਸਿਧਾਰੇ ।
ਭੇਜੇ ਸਿੰਘਨ ਓਇ ਗੁਰੁ ਪਿਯਾਰੇ ।
ਦੋਹਰਾ ਹਮ ਸਿੰਘਨ ਕਾਰਨ ਗੁਰ ਸਿਰ ਲਾਏ ।
ਪੁਤ ਪੋਤਰੇ ਪੁਨ ਆਪ ਕੁਹਾਏ ।
ਪੰਥ ਬਧਾਵਨ ਖਾਤਰ ਤਾਂਈ ।
ਇਮ ਆਪਨੀ ਗੁਰ ਕੁਲ ਗਵਾਈ ।

ਇਸ ਤ੍ਰਰਾਂ ਨਿੰਰਜਨੀਏ ਨੇ ਮਾਝੇ ਪਿੰਡ ਦੇ ਮਹਾਨ ਗੁਰਸਿੱਖ ਭਾਈ ਤਾਰੂ ਸਿੰਘ ਦੀ ਯਕਰੀਆ ਖਾਨ ਕੋਲ ਚੁਗਲੀ ਲਾਈ ।

ਚੌਪਈ
ਹਰਭਗਤ ਨਿੰਜਨੀਏ ਯੋ ਫਿਰ ਕਹੀ ।
ਪੂਲੋ ਪਿੰਡ ਇਕ ਮਾਝੇ ਅਹੀ ।
ਤਾਰੂ ਸਿੰਘ ਤਹਿਂ ਖੇਤੀ ਕਰੈ ।
ਸਾਥ ਪਿੰਡ ਵਹਿ ਪੈਸੇ ਭਰੈ ।
ਦੇਹ ਹਾਕਮ ਕੱਛ ਥੋੜਾ ਖਾਵੈ ।
ਬਚੈ ਸਿੰਘਨ ਕੇ ਪਾਸ ਪੁਚਾਵੈ ।
ਹੈ ਉਸ ਤੇ ਇਕ ਭੈਣ ਅਰ ਮਾਈ ।
ਪੀਸ ਕੂਟ ਵੈ ਕਰੈ ਕਮਾਈ ।
ਆਪ ਖਾਇ ਵਹਿ ਰੂਖੀ ਮਿੱਸੀ ।
ਮੋਟਾ ਪਹਿਰ ਆਪ ਰਹਿ ਲਿੱਸੀ ।
ਜੋਊ ਬਚੇ ਸੋ ਸਿੰਘਨ ਦੇਵੈ ।
ੳਇ ਬਿਨ ਸਿੰਘਨ ਔਰ ਨਾ ਸੇਵੈ ।
ਬਾਂਗ ਸਲਾਤ ਸੁਨ ਮੂੰਦੇ ਕਾਨ ।
ਰੋਟ ਸੀਰਨੀ ਪੀਰ ਨਾ ਖਾਨ ।
ਸ਼ਬਦ ਚੌਕੀ ਗੁਰ ਆਪਣੇ ਕੀ ਕਰੇ ।
ਸੋ ਮਰਨੈ ਤੇ ਨੈਕ ਨ ਡਰੈ ।
ਗੰਗਾ ਜਮਨਾ ਨਿਕਟ ਨਾ ਜਾਵੈ ।
ਆਪਨੇ ਗੁਰ ਕੀ ਛਪੜੀ ਨਾਵ੍ਹੈ ।
ਜਗਨਨਾਥ ਕੋ ਟੁੰਡਾ ਆਖੈ ।
ਰਾਮ ਕ੍ਰਿਸਨ ਕੋ ਜਾਪ ਨਾ ਭਾਖੈ ।

ਦੋਹਰਾ
ਰਾਤ ਤੁਰੈ ਦਿਨ ਬਹਿ ਰਹੈ ਤੁਰਕਨ ਆਂਖ ਬਚਾਇ।
ਸਿਰ ਪਰ ਪੰਡ ਉਠਾਇਕੈ ਸਿੰਘਨ ਪੈ ਪਹੁੰਚਾਇ।

ਹਰਭਗਤ ਨਿੰਰਜਨੀਆ ਕਹਿੰਦਾ ਹੈ ਖਾਨ ਜੀ ਮਾਝੇ ਦੀ ਧਰਤੀ ਤੇ ਇੱਕ ਪੂਹਲਾ ਪਿੰਡ ਹੈ ਜਿਸ ਪਿੰਡ ਵਿੱਚ ਇੱਕ ਸਿੱਖ ਰਹਿੰਦਾ ਹੈ ਜਿਸ ਨਾਮ ਹੈ ਤਾਰੂ ਸਿੰਘ, ਉਸ ਦੇ ਘਰ ਉਸਦੀ ਦੀ ਬਜ਼ੁਰਗ ਮਾਤਾ ਅਤੇ ਇੱਕ ਭੈਣ ਰਹਿੰਦੀ ਹੈ ਜੋ ਵਿਧਵਾ ਹੈ, ਜਿਸ ਦਾ ਨਾਮ ਤਾਰੋ ਹੈ। ਖਾਨ ਜੀ ਇਹ ਪਰਵਾਰ ਏਨਾ ਮਿਹਨਤੀ ਹੈ ਕਿ ਇਹਨਾਂ ਦੀ ਇਮਾਨਦਾਰੀ ਅਤੇ ਸੱਚੀ ਸੁੱਚੀ ਮਿਹਨਤ ਦੀ ਇਲਾਕੇ ਵਿੱਚ ਮਿਸਾਲ ਦਿੱਤੀ ਜਾਦੀ ਹੈ, ਖਾਨ ਜੀ ਮੈ ਆਪ ਅੱਖੀਂ ਵੇਖਿਆ ਇਹ ਸਿੱਖ ਆਪ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਦਾ ਹੈ, ਅਤੇ ਇਸ ਦੀ ਮਾਤਾ ਅਤੇ ਭੈਣ ਘਰ ਵਿੱਚ ਆਪਣੇ ਹੱਥੀਂ ਕਣਕ ਪੀਹਕੇ ਆਟਾ ਤਿਆਰ ਕਰਕੇ ਪ੍ਰਸ਼ਾਦਾ ਬਣਾਉਦੇ ਹਨ, ਤੇ ਭਾਈ ਤਾਰੂ ਸਿੰਘ ਤਿਆਰ ਹੋਇਆ ਪ੍ਰਸ਼ਾਦਾ ਆਪਣੇ ਪਿਆਰੇ ਗੁਰਸਿੱਖ ਭਰਾਵਾਂ ਨੂੰ ਜੰਗਲ ਵਿੱਚ ਛੱਕਾਕੇ ਆਉਦਾ ਹੈ ਜਿਹੜੇ ਸਿੱਖ ਇਨ੍ਹਾਂ ਦੇ ਕਹਿਣ ਮੁਤਾਬਿਕ ਅਜ਼ਾਦੀ ਦੀ ਲੜਾਈ ਲੜ ਰਹੇ ਹਨ, ਇਨ੍ਹਾਂ ਦਾ ਆਪਣੇ ਗੁਰਸਿੱਖ ਭਰਾਵਾਂ ਨਾਲ ਏਨਾ ਪਿਆਰ ਹੈ ਕਿ ਆਪ ਰੁੱਖੀ ਮਿੱਸੀ ਖਾਕੇ ਸਿੱਖਾਂ ਦੀ ਸੇਵਾ ਕਰਦੇ ਹਨ। ਇਹ ਸਿੱਖਾਂ ਨੂੰ ਆਪਣੀ ਜਾਨ ਤੋਂ ਵੀ ਵੱਧ ਪਿਆਰ ਕਰਦੇ ਹਨ।

ਇਹ ਸਾਰਾ ਪਰਵਾਰ ਨਾ ਨਮਾਜ ਪੜ੍ਹਦੇ ਹਨ ਅਤੇ ਨਾ ਕਿਸੇ ਪੀਰ ਦੇ ਰੋਟ ਸੀਰਨੀ ਚੜਾਉਂਦੇ ਹਨ, ਆਪਣੇ ਗੁਰੂ ਦੀ ਬਾਣੀ ਪੜਦੇ ਹਨ। ਮੌਤ ਤੋਂ ਬਿਲਕੁਲ ਨਹੀ ਡਰਦੇ। ਕਿਸੇ ਗੰਗਾ-ਜਮੁਨਾ ਤੇ ਕੋਈ ਵਿਸ਼ਵਾਸ ਨਹੀ ਰੱਖਦੇ। ਜਿਹੜੇ ਜੰਗਨਨਾਥ ਦੇ ਲੋਕੀ ਪੈਰੀਂ ਪੈਂਦੇ ਹਨ, ਇਹ ਸਾਰਾ ਪਰਵਾਰ ਉਸ ਜੰਗਨਨਾਥ ਨੂੰ ਟੁੰਡਾ ਆਖਦਾ ਹੈ। ਕਿਸੇ ਰਾਮ ਕ੍ਰਿਸਨ ਦਾ ਜਾਪ ਨਹੀਂ ਕਰਦੇ। ਤੁਸੀਂ ਉ¤ਪਰ ਪੜ੍ਹ ਆਏ ਹੋ ਕਿ ਦੁਸ਼ਮਣ ਸਾਡਿਆਂ ਬਜ਼ੁਰਗਾਂ ਦੀ ਕਿਵੇਂ ਤਰੀਫ਼ ਕਰਦਾ ਹੈ। ਅਸਲ ਤਰੀਫ ਹੁੰਦੀ ਹੀ ਉਹ ਹੈ ਜੋ ਵਿਰੋਧੀ ਕਰੇ। ਆਪਣਿਆਂ ਦੀਆਂ ਚਾਪਲੂਸੀਆਂ ਤੇ ਫੋਕੀਆਂ ਵਡਿਆਈਆਂ ਤਾਂ ਸਾਰੇ ਕਰ ਲੈਦੇ ਹਨ। ਤੁਸੀਂ ਵੇਖਿਆ ਹੈ ਕਿ ਕਿਵੇਂ ਹਰਭਗਤ ਨਿੰਰਜਨੀਆ ਯਕਰੀਆ ਖਾਨ ਦੇ ਸਾਹਮਣੇ ਸਿੱਖਾਂ ਦੇ ਆਪਸੀ ਪਿਆਰ ਦੀ ਅਸਲੀਅਤ ਦੱਸ ਰਿਹਾ ਹੈ।

ਸਵਾਲ ਹੈ, ਆਪ ਦੁੱਖ ਜਰ ਕੇ ਵੀ ਦੂਸਰੇ ਦਾ ਦੁੱਖ ਵੰਡਾਉਣ ਵਾਲਾ ਸਿੱਖ ਅੱਜ ਕਿਥੇ ਹੈ? ਅੱਜ ਤਾਂ ਇਕੋ ਮਾਂ ਦੀ ਕੁਖ ਤੋਂ ਜਨਮ ਲੈਣ ਵਾਲੇ ਹੀ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਬਣੇ ਹਨ। ਕਾਰਨ ਇੱਕੋ ਹੈ - ਪੁਰਾਤਨ ਸਿੱਖ ਗੁਰਬਾਣੀ ਅਨੁਸਾਰ ਹੋ ਕੇ ਜਿੰਦਗੀ ਜਿਊਂਦੇ ਸਨ ਤੇ ਅਸੀਂ ਗੁਰਬਾਣੀ ਕੇਵਲ ਪੜ੍ਹਨ ਤੱਕ ਸੀਮਤ ਹਾਂ। ਉਹ ਵੀ ਆਪ ਪੜਣ ਲਈ ਤਿਆਰ ਨਹੀਂ, ਸਗੋਂ ਠੇਕਿਆਂ ਤੇ ਪਾਠ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ, ਅਤੇ ਨਾਂ ਹੀ ਆਪਣਾ ਜੀਵਨ ਗੁਰਬਾਣੀ ਅਨੁਸਾਰ ਬਣਾਉਣ ਲਈ ਤਿਆਰ ਹਾਂ। ਅਜੋਕਾ ਸਿੱਖ ਤੁਹਾਨੂੰ ਹਨੂੰਮਾਨ ਚਲੀਸੇ ਦਾ ਪਾਠ ਕਰਦਾ ਨਜਰੀਂ ਪਵੇਗਾ ਜਾਂ ਮਨੋਕਲਪਿਤ ਭਗਵਾਨਾਂ ਅੱਗੇ ਅਰਦਾਸਾਂ ਕਰਦਾ ਦਿਸੇਗਾ ਜਾਂ ਕਿਸੇ ਪੀਰ ਦੇ ਰੋਟ ਸੀਰਨੀ ਖੀਰਾਂ ਚੂਰਮਾਂ ਚੜਾਉਦਾ ਮਿਲੇਗਾ। ਹੁਣ ਤਾਂ ਰੱਬ ਹੀ ਰਾਖਾ ਇਹ੍ਹਨਾਂ ਸਿੱਖਾਂ ਦਾ।

ਖੈਰ ਆਪਣੇ ਵਿਸੇ ਵੱਲ ਆਈਏ। ਹਰਭਗਤ ਨਿੰਰਜੀਏ ਕੋਲੋਂ ਸੁਣਨ ਤੋਂ ਬਾਅਦ ਭਾਈ ਤਾਰੂ ਸਿੰਘ ਨੂੰ ਆਪਣੇ ਦਰਬਾਰ ਵਿੱਚ ਬੁਲਾਉਣ ਲਈ ਸਿਪਾਹੀ ਭੇਜੇ, ਭਾਈ ਜੀ ਨੂੰ ਖਾਨ ਵਲੋਂ ਲਾਲਚ ਅਤੇ ਡਰਾਵੇ ਦਿੱਤੇ ਗਏ ਪਰ ਗੁਰੂ ਦੇ ਸਿਧਾਂਤ ਤੇ ਪਹਿਰਾ ਦੇਣ ਵਾਲੇ ਭਾਈ ਜੀ ਘਬਰਾਏ ਨਹੀ।

ਖਾਨ ਨੇ ਭਾਈ ਜੀ ਨੂੰ ਲਾਲਚ-ਡਰਾਵੇ ਕਈ ਪ੍ਰਕਾਰ ਦੀਆਂ ਧਮਕੀਆਂ ਦਿੱਤੀਆਂ ਪਰ ਭਾਈ ਤਾਰੂ ਸਿੰਘ ਤੇ ਇਨ੍ਹਾਂ ਦਾ ਕੋਈ ਵੀ ਅਸਰ ਨਹੀਂ ਹੋਇਆ, ਅਖੀਰ ਹਰ ਭਗਤ ਨਿੰਰਜਨੀਏ ਨੇ ਕਿਹਾ, ‘‘ਖਾਨ ਜੀ ਇਨ੍ਹਾਂ ਨੂੰ ਮੌਤ ਦੀ ਕੋਈ ਪਰਵਾਹ ਨਹੀਂ। ਇਹ ਆਪਣੀ ਜਾਨ ਤੋ ਵੱਧ ਕੇਸਾਂ ਨਾਲ ਪਿਆਰ ਕਰਦੇ ਹਨ। ਜੇ ਇਹਨਾਂ ਦੇ ਕੇਸ ਕੱਟੇ ਜਾਣ ਤਾਂ ਇਹ ਜਿਊਂਦੇ ਹੀ ਮਰਿਆਂ ਬਰਾਬਰ ਹੋ ਜਾਣਗੇ।’’ ਇਸ ਤਰ੍ਹਾਂ ਭਾਈ ਜੀ ਦੇ ਕੇਸ ਕਤਲ ਕਰਨ ਦਾ ਹੁਕਮ ਦਿੱਤਾ ਗਿਆ। ਭਾਈ ਜੀ ਨੇ ਆਪਣੇ ਕੇਸ ਨਹੀ ਕੱਟਵਾਏ ਭਾਵੇਂ ਖੋਪਰ ਲਵਾਉਣਾ ਪਰਵਾਨ ਕਰ ਲਿਆ।

ਸਾਡੇ ਪ੍ਰਚਾਰਕ ਢਾਢੀ ਕਵੀਸ਼ਰ ਧਾਰਮਿਕ ਸਟੇਜਾਂ ਤੇ ਅਕਸਰ ਕਹਿੰਦੇ ਹਨ, ਕਿ ਭਾਈ ਜੀ ਦੇ ਕੇਸ ਜਦੋਂ ਮੋਚੀ ਕੱਟਣ ਲੱਗਾ ਤਾਂ ਭਾਈ ਜੀ ਦੇ ਕੇਸ ਲੋਹੇ ਦੀਆਂ ਤਾਰਾਂ ਬਣ ਗਏ ਇਹੋ ਜਿਹੀਆਂ ਕਰਾਮਾਤੀ ਸਾਖੀਆਂ ਸੁਣਾਕੇ ਸੰਗਤਾਂ ਨੂੰ ਗੁੰਮਰਾਹ ਕਰਦੇ ਹਨ, ਸਿੱਖ ਧਰਮ ਵਿੱਚ ਇਹੋ ਜਿਹੀਆਂ ਕਰਾਮਾਤਾਂ ਨੂੰ ਕੋਈ ਥਾਂ ਨਹੀ। ਅਸਲ ਗੱਲ ਤਾਂ ਇਹ ਹੈ ਕਿ ਭਾਈ ਜੀ ਦੇ ਕੇਸ ਤਾਂ ਲੋਹੇ ਦੀਆਂ ਤਾਰਾਂ ਨਹੀ ਬਣੇ, ਪਰ ਭਾਈ ਜੀ ਦਾ ਸਿਦਕ ਹਿੰਮਤ ਹੌਸਲਾ ਲੋਹੇ ਵਰਗਾ ਪੱਕਾ ਜਰੂਰ ਸੀ, ਜਿਸ ਕਰਕੇ ਉਹ ਧਰਮ ਤੋਂ ਨਹੀ ਡੋਲੇ, ਉਨ੍ਹਾਂ ਮੌਤ ਪਰਵਾਨ ਕਰ ਲਈ ਪਰ ਕੇਸ ਨਹੀ ਕੱਟਵਾਏ। ਅੱਜ ਸਾਰਾ ਸਿੱਖ ਜਗਤ ਉਹ੍ਹਨਾਂ ਦੀ ਕਮਾਈ ਦਾ ਧਿਆਨ ਧਰਕੇ ਅਕਾਲ ਪੁਰਖ ਨੂੰ ਯਾਦ ਕਰਦਾ ਹੈ। (ਕਾਸ਼ ਕਿਤੇ ਅਸੀਂ ਵੀ ਇਹੋ ਜਿਹੀ ਕਮਾਈ ਕਰ ਸਕੀਏ।)

ਅਸੀਂ ਅਰਦਾਸ ਵਿੱਚ ਹਰ ਰੋਜ਼ ਕੇਸਾਂ ਦੇ ਦਾਨ ਦੀ ਮੰਗ ਕਰਦੇ ਹਾਂ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਖੰਡੇ ਦੀ ਪਾਹੁਲ ਲੈਣ ਵਾਲੇ ਗੁਰਸਿੱਖ ਨੂੰ ਤਾਂ ਪੰਜ ਕਕਾਰਾਂ ਦੇ ਧਾਰਨੀ ਹੋਣ ਦੀ ਹਦਾਇਤ ਹੈ, ਫਿਰ ਅਰਦਾਸ ਵਿੱਚ ਕੇਵਲ ਕੇਸਾਂ ਦੀ ਹੀ ਮੰਗ ਕਿਉਂ? ਪੂਰੇ ਤਵਾਰੀਖ ਅੰਦਰ ਕਿਤੇ ਵੀ ਇਹ ਲਿਖਿਆ ਨਹੀ ਮਿਲਦਾ ਕਿ ਦੁਸ਼ਮਣ ਨੇ ਕਿਹਾ ਹੋਵੇ ਕਿ ਸਿੱਖ ਦੇ ਤਨ ਨਾਲੋਂ ਕੜਾ ਕੰਘਾ ਕ੍ਰਿਪਾਨ ਜਾਂ ਕਛਿਹਰਾ ਜੁਦਾ ਕਰ ਦੇਵੋ ਇਹ ਸਿੱਖੀ ਚੋਂ ਖਾਰਜ ਹੋ ਜਾਵੇਗਾ। ਲਗਦੀ ਵਾਹ ਸਿੱਖ ਨੇ ਆਪਣੇ ਤਨ ਨਾਲੋ ਕਕਾਰ ਵੱਖ ਨਹੀਂ ਹੋਣ ਦੇਣੇ ਪਰ ਕਿਸੇ ਕਾਰਨ ਕਰਕੇ ਕੇਸਾਂ ਤੋਂ ਇਲਾਵਾ ਬਾਕੀ ਚਾਰ ਕਕਾਰ ਜੇ ਕਿਤੇ ਵੱਖ ਹੋ ਵੀ ਜਾਦੇ ਹਨ ਤਾਂ ਭਰਮ ਨਹੀ ਕਰਨਾ ਕਕਾਰ ਫਿਰ ਪਾ ਲੈਣੇ ਹਨ, ਕਈ ਸਾਡੇ ਵੀਰ ਕੰਘਾ ਧਰਤੀ ਤੇ ਡਿਗਣ ਕਰਕੇ ਹੀ ਖੰਡੇ ਦੀ ਪਾਹੁਲ ਦੁਬਾਰਾ ਲੈਣ ਤੁਰ ਪੈਦੇ ਹਨ, ਜੋ ਗਲਤ ਹੈ। ਇਹ ਸਭ ਸਾਡੀ ਅਗਿਆਨਤਾ ਕਰਕੇ ਹੋ ਰਿਹਾ ਹੈ। ਅੰਮ੍ਰਿਤਧਾਰੀ ਹੋਣ ਦਾ ਅਰਥ ਗੁਰੂ ਅਨੁਸਾਰੀ ਹੋਕੇ ਜੀਵਨ ਜਿਊਣਾਂ।

ਖੈਰ, ਜਦੋਂ ਵੀ ਸਿੱਖ ਨੂੰ ਸਿੱਖੀ ਤੋਂ ਪਾਸੇ ਕਰਨ ਦੀ ਗੱਲ ਹੋਈ ਤਾਂ ਦੁਸ਼ਮਣਾਂ ਨੇ ਇਸ ਦਿਆਂ ਕੇਸਾਂ ਤੇ ਹੀ ਵਾਰ ਕੀਤਾ। ਹੁਣ ਸਵਾਲ ਪੈਦਾ ਹੁੰਦਾ ਹੈ ਕਕਾਰ ਤਾਂ ਪੰਜ ਹਨ, ਫਿਰ ਕੇਵਲ ਕੇਸ ਕਤਲ ਕਰਨ ਨਾਲ ਹੀ ਸਿੱਖੀ ‘ਚੋਂ ਖਾਰਜ ਕਿਉਂ ਮੰਨਿਆ ਜਾਦਾ ਸੀ? ਕਿਉਂਕਿ ਬਾਕੀ ਚਾਰ ਕਕਾਰ ਅਸੀਂ ਦੁਨੀਆਂ ਤੋਂ ਪ੍ਰਾਪਤ ਕੀਤੇ ਜਿਵੇਂ ਕੰਘਾ ਕਿਸੇ ਲੱਕੜ ਦਾ ਬਣਿਆ ਹੈ, ਕ੍ਰਿਪਾਨ ਤੇ ਕੜਾ ਲੋਹੇ ਦੇ ਬਣੇ ਹਨ, ਕਛਿਹਰਾ ਕਿਸੇ ਕਾਰਖਾਨੇ ਵਿੱਚ ਤਿਆਰ ਹੋਏ ਕਪੜੇ ਦਾ ਬਣਿਆ ਹੈ। ਪਰ ਕੇਸ ਉਹ ਦਾਤ ਹਨ ਜੋ ਰੱਬ ਜੀ ਨੇ ਮਨੁੱਖੀ ਸਰੀਰ ਨੂੰ ਤਿਆਰ ਕਰਨ ਵਕਤ ਨਾਲ ਹੀ ਦੇ ਦਿੱਤੇ ਹਨ। ਇਸ ਲਈ ਜਦੋਂ ਵੀ ਇਹ ਦਾਤ ਸਿੱਖ ਦੇ ਤਨ ਨਾਲੋਂ ਅਲੱਗ ਕੀਤੀ ਜਾਵੇਗੀ ਇਹ ਸਿੱਖੀ ਚੋ ਖਾਰਜ ਸਮਝਿਆ ਜਾਵੇਗਾ।

ਇਸ ਲਈ ਹਰ ਰੋਜ ਸਿੱਖ ਗੁਰੂ ਜੀ ਅੱਗੇ ਅਰਦਾਸ ਕਰਦੇ ਸਮੇ ਉਨ੍ਹਾਂ ਸਿੱਖਾਂ ਦੀ ਕਮਾਈ ਦਾ ਧਿਆਨ ਧਰਦਾ ਹੈ ਜਿਨ੍ਹਾਂ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਹੈ। ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਅਰਦਾਸ ਕਰਨ ਵੇਲੇ ਆਪਣੇ ਪੁੱਤਰ, ਧੀਆਂ ਅਤੇ ਆਪਣੇ ਕੇਸ ਕੱਟਣ ਵਾਲੇ ਵੀ ਕੇਸ ਦਾਨ ਮੰਗ ਰਹੇ ਹੁੰਦੇ ਹਨ। ਕਾਸ਼ ਕਿਤੇ ਮੇਰੇ ਭੁੱਲੇ ਭੱਟਕੇ ਵੀਰਾਂ ਭੈਣਾਂ ਨੂੰ ਅਰਦਾਸ ਦੇ ਇਹ੍ਹਨਾਂ ਲਫਜ਼ਾਂ ਦੀ ਸਮਝ ਪੈ ਸਕੇ ਅਤੇ ਆਪਣੇ ਸਿੱਖੀ ਘਰ ਵਿੱਚ ਵਾਪਸ ਆ ਸਕਣ।

ਜਿੰਨ੍ਹਾ ਗੁਰਸਿੱਖਾਂ ਆਪ ਭੁੱਖੇ ਰਹਿਕੇ ਕਈ ਪ੍ਰਕਾਰ ਦੀਆਂ ਮੁਸੀਬਤਾਂ ਝੱਲਕੇ ਸਿੱਖੀ ਧਰਮ ਨਿਭਾਇਆ ਪਰ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ, ਅਸੀਂ ਉਨ੍ਹਾਂ ਦੀ ਨੇਕ ਕਮਾਈ ਨੂੰ ਕਿਵੇਂ ਭੁਲਦੇ ਜਾ ਰਹੇ ਹਾਂ? ਅੱਜ ਦਾ ਸਿੱਖ ਅਖਵਾਉਣ ਵਾਲਾ ਖੁਦ ਨਾਈ ਦੀ ਦੁਕਾਨ ’ਤੇ ਜਾ ਕੇ ਆਪ ਆਪਣੇ ਕੇਸ ਕਤਲ ਕਰਵਾ ਰਿਹਾ ਹੈ। ਇਥੋਂ ਤੱਕ ਕਿ ਆਪਣੀ ਧੀ ਨੂੰ ਵੀ ਨਾਈਆਂ (ਬਿਊਟੀ ਪਾਰਲਰ) ਵਾਲੇ ਕੋਰਸ ਕਰਵਾ ਰਿਹਾ ਹੈ। ਕਹਿਣ ਤੋਂ ਭਾਵ ਮਾਡਰਨ ਨਾਈ ਬਣਾ ਰਿਹਾ ਹੈ। ਅੱਜ ਦੇ ਕਈ ਸਿੱਖ ਪਰਾਵਾਰਾਂ ਦੀਆਂ ਲੜਕੀਆਂ ਅਨੰਦ ਕਾਰਜ ਕਰਵਾਉਣ ਸਮੇਂ ਆਪ ਆਪਣਿਆਂ ਮਾਪਿਆਂ ਨੂੰ ਕਹਿੰਦੀਆਂ ਹਨ ਕਿ ਅਸੀਂ ਵਿਆਹ ਉਸ ਲੜਕੇ ਨਾਲ ਕਰਵਾਉਣ ਹੈ ਜੋ ‘ਕਲੀਨ-ਸ਼ੇਵਨ’ ਹੋਏ ਤੇ ਦਸਤਾਰ ਨਾ ਸਜਾਉਂਦਾ ਹੋਵੇ। ਮੈਂ ਸਮਝਦਾਂ ਹਾਂ ਕਿ ਉਨ੍ਹਾਂ ਲੜਕੀਆਂ ਦਾ ਕਸੂਰ ਘੱਟ ਹੈ, ਉਹ੍ਹਨਾਂ ਦੇ ਮਾਤਾ-ਪਿਤਾ ਦਾ ਕਸੂਰ ਜਿਆਦਾ ਹੈ, ਜਿੰਨ੍ਹਾਂ ਨੇ ਨਾ ਤਾਂ ਖ਼ੁਦ ਕੇਸਾਂ ਦੀ ਮਹੱਤਤਾ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਹੈ ਅਤੇ ਨਾ ਆਪਣਿਆਂ ਬੱਚਿਆਂ ਨੂੰ ਕੇਸਾਂ ਅਤੇ ਦਸਤਾਰ ਦੀ ਮਹਾਨਤਾ ਤੋਂ ਜਾਣੂ ਨਹੀਂ ਕਰਵਾਇਆ। ਆਪਣਿਆਂ ਬੱਚਿਆਂ ਨੂੰ ਬਚਪਨ ਤੋਂ ਹੀ ਗੁਰਬਾਣੀ ਅਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਈਏ ਤਾਂ ਕਿ ਸੁੰਦਰ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਤਾਂ ਕਿ ਅਸੀ ਵੀ ਉਹ੍ਹਨਾਂ ਪੁਰਾਤਨ ਸਿੱਖਾਂ ਵਰਗੇ ਬਣ ਸਕੀਏ ਜੋ ਇੱਕ ਦੂਸਰੇ ਦੇ ਦੁੱਖਾਂ ਦੇ ਭਾਈਵਾਲ ਬਣਦੇ ਸਨ।