Subscription About Us Contact Us


ਖ਼ਬਰਾਂ ਦੇ ਆਰ-ਪਾਰ

-ਇੰਡੀਆ ਅਵੇਅਰਨੈਸ ਬਿਉਰੋ -

ਸਿਆਸਤਦਾਨਾਂ ਦੀ ‘ਕੰਜੂਸੀ’ ਲਹਿਰ

ਪਿਛਲੇ ਦਿਨੀਂ ਕਾਂਗਰਸੀ ਆਗੂਆਂ ਵੱਲੋਂ ਆਪਣੇ ਖਰਚੇ ਵਿੱਚ ਕਮੀ ਲਿਆਉਣ ਦਾ ਐਲਾਨ ਲੋਕਾਂ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ। ਸੋਨੀਆ ਗਾਂਧੀ ਵੱਲੋਂ ਇਕਨਾਮਿਕ ਕਲਾਸ ਵਿੱਚ ਹਵਾਈ ਸਫ਼ਰ ਕਰਨ ਦੀ ਗੱਲ ਹੋਵੇ ਜਾਂ ਫਿਰ ਰਾਹੁਲ ਗਾਂਧੀ ਵੱਲੋਂ ਰੇਲਗੱਡੀ ਰਾਹੀਂ ਲੁਧਿਆਣਾ ਆਉਣ-ਜਾਣ ਦੀ ਕਵਾਇਦ ਹੋਵੇ, ਅਜਿਹੀਆਂ ਕਾਰਵਾਈਆਂ ਨਾਲ ਕਾਂਗਰਸੀਆਂ ਨੂੰ ਹਾਂ-ਪੱਖੀ ਅਤੇ ਨਾਂ-ਪੱਖੀ, ਦੋਵੇਂ ਕਿਸਮ ਦੀ ਭਰਪੂਰ ਸ਼ੋਹਰਤ ਮਿਲੀ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤੀ ਆਗੂ ਜਨਤੱਕ ਤੌਰ ’ਤੇ ਜਿਹੜੇ ਐਲਾਨ ਜਾਂ ਦਿਖਾਵੇ ਕਰਦੇ ਹਨ ਉਨ੍ਹਾਂ ਦੇ ਪਿੱਛੇ ਇਮਾਨਦਾਰੀ ਦੀ ਭਾਵਨਾ ਘੱਟ ਤੇ ਸਸਤੀ ਸ਼ੋਹਰਤ ਖੱਟਣ ਦੀ ਮਨਸ਼ਾ ਜ਼ਿਆਦਾ ਕੰਮ ਕਰ ਰਹੀ ਹੁੰਦੀ ਹੈ। ਇਹ ਵੀ ਠੀਕ ਹੈ ਕਿ ਇਕਾ-ਦੁੱਕਾ ਕਾਂਗਰਸੀ ਆਗੂਆਂ ਵੱਲੋਂ ਅਪਣਾਈ ਗਈ ਅਜਿਹੀ ‘ਕੰਜੂਸੀ’ ਦੀ ਨੀਤੀ ਨਾਲ ਭਾਰਤ ਵਰਗੇ ਵੱਡੇ ਦੇਸ਼ ਦੀ ਸਰਕਾਰ ਦੇ ਖਰਚਿਆਂ ’ਤੇ ਕੋਈ ਫ਼ਰਕ ਨਹੀਂ ਪੈਣਾ। ਪਰ ਫਿਰ ਵੀ, ਕਿਸੇ ਚੰਗੀ ਦਿਸ਼ਾ ਵਿੱਚ ਚੁੱਕੇ ਗਏ ਕਦਮਾਂ ਦਾ ਸਿਰਫ਼ ਇਸ ਕਰਕੇ ਵੀ ਵਿਰੋਧ ਨਹੀਂ ਕੀਤਾ ਜਾਣਾ ਚਾਹੀਦਾ ਕਿ ਕਿਸੇ ਵਿਸ਼ੇਸ਼ ਪਾਰਟੀ ਦੇ ਆਗੂਆਂ ਵੱਲੋਂ ਚੁੱਕੇ ਗਏ ਹਨ। ਚਾਹੀਦਾ ਤਾਂ ਇਹ ਸੀ ਕਿ ਆਮ ਲੋਕ ਅਤੇ ਵਿਰੋਧੀ ਧਿਰਾਂ ਕਾਂਗਰਸੀਆਂ ’ਤੇ ਦਬਾਅ ਪਾਉਂਦੀਆਂ ਕਿ ਖਰਚ-ਕਟੌਤੀ ਦੀ ਇਹ ਨੀਤੀ ਸਾਰੇ ਹੀ ਕਾਂਗਰਸੀ ਆਗੂ ਵੀ ਅਪਣਾਉਣ। ਪਰ ਵਿਰੋਧੀ ਪਾਰਟੀਆਂ ਦਾ ਸਾਰਾ ਜ਼ੋਰ ਕਾਂਗਰਸੀਆਂ ਦੀ ਆਲੋਚਨਾ ਕਰਨ ਤੱਕ ਹੀ ਸੀਮਤ ਰਿਹਾ।

ਇਸ ਮਾਮਲੇ ਵਿੱਚ ਬਾਦਲ ਦਲ ਦੇ ਆਗੂਆਂ ਦੀ ਭੂਮਿਕਾ ਤਾਂ ਬਹੁਤ ਹੀ ਹੈਰਾਨੀਜਨਕ ਰਹੀ। ਖ਼ੁਦ ਬਾਦਲਕਿਆਂ ਵੱਲੋਂ ਬਾਰ-ਬਾਰ ਇਹ ਰੌਲਾ ਪਾਇਆ ਜਾਂਦਾ ਹੈ ਕਿ ਪੰਜਾਬ ਦੇ ਖ਼ਜ਼ਾਨੇ ਖ਼ਾਲੀ ਹੋ ਗਏ ਹਨ (ਅਤੇ ਇਸ ਲਈ ਜਨਤਾ ’ਤੇ ਵਾਧੂ ਟੈਕਸ ਲਗਾਉਣੇ ਜ਼ਰੂਰੀ ਹੋ ਗਏ ਹਨ) ਪਰ ਸੂਬੇ ਦੀ ਸਰਕਾਰ ਚਲਾ ਰਹੇ ਬਾਦਲਕਿਆਂ ਵੱਲੋਂ ਆਪਣੀ ਪਾਰਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਵੀ ਸ਼ਿਮਲਾ ਦੇ ਫਾਈਵ-ਸਟਾਰ ਹੋਟਲ ਵਿੱਚ ਸੱਦੀ ਗਈ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਮਾਨਸੂਨ ਦੀ ਕਮੀ ਕਾਰਨ ਦੇਸ਼ ਵਿੱਚ ਉਪਜੀ ਸੋਕੇ ਵਰਗੀ ਸਥਿਤੀ ਨਾਲ ਹਮਦਰਦੀ ਜਤਾਉਂਦਿਆਂ ਕਾਂਗਰਸ ਪਾਰਟੀ ਦੇ ਅਤਿ ਅਮੀਰ ਆਗੂਆਂ ਨੇ ਤਾਂ ਆਪਣੇ ਖਰਚਿਆਂ ਵਿੱਚ (ਜ਼ਾਹਿਰੀ ਤੌਰ ’ਤੇ) ਕਮੀ ਲਿਆਉਣਾ ਜ਼ਰੂਰੀ ਸਮਝਿਆ ਪਰ ਬਾਦਲਕਿਆਂ, ਜੋ ਪੰਜਾਬ ਦੇ ਕਿਸਾਨਾਂ ਦੀਆਂ ਵੋਟਾਂ ਰਾਹੀਂ ਸੱਤਾ ਹਾਸਲ ਕਰਦੇ ਹਨ, ਨੇ ਕਿਸਾਨਾਂ ਦੀ ਮਾੜੀ ਹਾਲਤ ਪ੍ਰਤੀ ਕੋਈ ਹਮਦਰਦੀ ਜਤਾਉਣ ਦੀ ਲੋੜ ਨਹੀਂ ਸਮਝੀ ਅਤੇ ਪੈਸੇ ਦੀ ਫਿਜ਼ੂਲਖਰਚੀ ਕਰਕੇ ਆਪਣੀ ਹਉਮੈ ਨੂੰ ਪੱਠੇ ਪਾਏ। ਕੀ ਅਜਿਹੇ ਲੋਕ ਪੰਜਾਬ ਦੇ ਕਿਸਾਨਾਂ ਦਾ ਭਵਿੱਖ ਸਵਾਰ ਸਕਦੇ ਹਨ?

ਜਸਵੰਤ ਸਿੰਘ ਦੀ ਕਿਤਾਬ ’ਤੇ ਹੋ-ਹੱਲਾ

ਬੀਜੇਪੀ ਦੇ ਅਤਿ ਪੁਰਾਣੇ ਆਗੂ ਜਸਵੰਤ ਸਿੰਘ ਵੱਲੋਂ ਮੁਹੰਮਦ ਅਲੀ ਜਿੰਨਾਹ ਅਤੇ ਭਾਰਤ ਦੀ ਵੰਡ ਨੂੰ ਲੈ ਕੇ ਲਿਖੀ ਗਈ ਕਿਤਾਬ ਨੂੰ ਲੈ ਕੇ ਜਿਸ ਤਰ੍ਹਾਂ ਘਟਨਾਕ੍ਰਮ ਬੀਜੇਪੀ ਵਿੱਚ ਵਾਪਰਿਆ, ਉਸ ਨਾਲ ਪਾਰਟੀ ਵਰਕਰਾਂ ਤੇ ਆਗੂਆਂ ਦੇ ਮਨੋਬਲ ਵਿੱਚ ਭਾਰੀ ਗਿਰਾਵਟ ਆਉਣਾ ਸੁਭਾਵਿਕ ਹੀ ਸੀ। ਕਿਤਾਬ ਅਤੇ ਜਸਵੰਤ ਸਿੰਘ ਨੂੰ ਲੈ ਕੇ ਜਨਸੰਘੀਆਂ ਵਿਚਕਾਰ ਧੜੇਬਾਜ਼ੀ ਹੋਈ ਅਤੇ ਇਨ੍ਹਾਂ ਧੜਿਆਂ ਦੇ ਆਗੂਆਂ ਨੇ ਇਕ-ਦੂਜੇ ’ਤੇ ਇਲਜ਼ਾਮ ਲਗਾਏ, ਉਸ ਨਾਲ
ਬੀਜੇਪੀ ਆਮ ਗੈਰ-ਸਿਆਸੀ ਲੋਕਾਂ ਵਿਚਕਾਰ ਵੀ ਮਜ਼ਾਕ ਦਾ ਵਿਸ਼ਾ ਬਣ ਕੇ ਰਹਿ ਗਈ।

ਪਰ ਆਮ ਲੋਕਾਂ ਨੂੰ ਸ਼ਾਇਦ ਇਹ ਭੇਦ ਸਮਝ ਨਾ ਆ ਪਾਏ ਕਿ ਜਨਸੰਘੀਆਂ ਨੂੰ ਜਸਵੰਤ ਸਿੰਘ ਦੀ ਕਿਤਾਬ ਤੋਂ ਕੋਈ ਏਨੀ ਤਕਲੀਫ ਨਹੀਂ ਸੀ ਕਿ ਇਸਨੂੰ ਕੌਮੀ ਪੱਧਰ ਦਾ ਮੁੱਦਾ ਬਣਾ ਲਿਆ ਜਾਂਦਾ। ਮਸਲਾ ਬਸ ਏਨਾ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਬੀਜੇਪੀ ਦੀ ਕੇਂਦਰੀ ਅਤੇ ਸੂਬਾਈ ਇਕਾਈਆਂ ਵਿੱਚ ਗੈਰ-ਬ੍ਰਾਹਮਣ ਆਗੂ ਬੀਜੇਪੀ ਦੀ ਅਗਵਾਈ ਪ੍ਰਾਪਤ ਕਰਦੇ ਜਾ ਰਹੇ ਹਨ ਅਤੇ ਹੁਣ ਜਨਸੰਘੀਆਂ ਨੇ ਅਜਿਹੇ ਹਰ ਆਗੂ ਦੀ ਛੋਟੀ-ਮੋਟੀ ‘ਗਲਤੀ’ ਜਾਂ ਕਥਿਤ ਪਾਰਟੀ-ਵਿਚਾਰਧਾਰਾ ਵਿਰੋਧੀ ਪੁਸਤਕ ਆਦਿ ਦਾ ਬਹਾਨਾ ਬਣਾ ਕੇ ਉਸਦਾ ਸਿਆਸੀ ਪ੍ਰਭਾਵ ਘਟਾ ਦੇਣਾ ਹੈ। ਇਸ ਕੜੀ ਵਿੱਚ ਪਹਿਲਾ ਨਿਸ਼ਾਨਾ ਜਸਵੰਤ ਸਿੰਘ ’ਤੇ ਲੱਗਾ ਹੈ। ਉਪਰੰਤ, ਹੁਣ ਬੀਜੇਪੀ ਦੇ ਪਾਰਟੀ ਪ੍ਰਧਾਨ ਰਾਜਨਾਥ ਸਿੰਘ (ਗੈਰ-ਬ੍ਰਾਹਮਣ) ਨੂੰ ਪਾਰਟੀ ਮੁਖੀ ਦੇ ਅਹੁਦੇ ਤੋਂ ਹਟਾਉਣ ਅਤੇ ਫਿਰ ਐਲ.ਕੇ. ਅਡਵਾਨੀ (ਸਿੰਧੀ) ਨੂੰ ਵੀ ਖੁੱਡੇ-ਲਾਈਨ ਲਗਾਉਣ ਦਾ ਫੈਸਲਾ ਕਰ ਲਿਆ ਗਿਆ ਹੈ। ਇਹੀ ਨੀਤੀ, ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ (ਗੈਰ-ਬ੍ਰਾਹਮਣ) ਪ੍ਰਤੀ ਵੀ ਅਪਣਾਈ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਬਿਨਾਂ ਵਜ੍ਹਾ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜਨਸੰਘੀਆਂ ਨੂੰ ਦਿੱਕਤ ਸਿਰਫ਼ ਏਨੀ ਹੈ ਕਿ ਮੌਜੂਦਾ ਸਮੇਂ ਵਿੱਚ ਗੈਰ-ਬ੍ਰਾਹਮਣ ਆਗੂਆਂ ਕੋਲ ਕਾਫੀ ਸਾਰੇ ਗੈਰ-ਬ੍ਰਾਹਮਣ ਸੰਸਦ ਮੈਂਬਰਾਂ ਜਾਂ ਵਿਧਾਇਕਾਂ ਆਦਿ ਦਾ ਸਮਰਥਨ ਪ੍ਰਾਪਤ ਹੈ। ਇਸਲਈ ਹਰ ਗੈਰ-ਬ੍ਰਾਹਮਣ ਆਗੂ ਨੂੰ ਉਸਦੇ ਅਹੁਦੇ ਤੋਂ ਹਟਾਉਣ ਲਈ ਕਿਸੇ ਚੰਗੇ ਬਹਾਨੇ ਦੀ ਲੋੜ ਪੈ ਰਹੀ ਹੈ। ਜਿਵੇਂ-ਜਿਵੇਂ ਜਨਸੰਘੀਆਂ ਨੂੰ ਇਹ ਬਹਾਨੇ ਮਿਲਦੇ ਜਾਣਗੇ, ਉਵੇਂ-ਉਵੇਂ ਉਹ ਪਾਰਟੀ ਦੇ ਸੀਨੀਅਰ ਗੈਰ-ਬ੍ਰਾਹਮਣ ਆਗੂਆਂ ਨੂੰ ਖੁੰਜੇ ਲਗਾਉਂਦੇ ਜਾਣਗੇ ਅਤੇ ਅਰੁਣ ਜੇਤਲੀ ਤੇ ਸੁਸ਼ਮਾ ਸਵਰਾਜ ਵਰਗੇ ਬ੍ਰਾਹਮਣ ਆਗੂਆਂ ਨੂੰ ਬੀਜੇਪੀ ਦੇ ਮੁੱਖ ਆਗੂ ਬਣਾ ਦੇਣਗੇ।

(ਅ)ਗਿਆਨੀ ਇਕਬਾਲ ਸਿੰਘ ਦੇ ਬਿਆਨ ’ਤੇ ਤਿੱਖੀ ਪ੍ਰਤੀਕ੍ਰਿਆ

ਗੁ: ਪਟਨਾ ਸਾਹਿਬ, ਜਿਸਨੂੰ ਸਿੱਖ ਸਮਾਜ ਵਿੱਚ ਇਕ ‘ਤਖ਼ਤ’ ਦਾ ਨਾਮ ਦੇ ਦਿੱਤਾ ਗਿਆ ਹੈ, ਦੇ ਮੁੱਖ ਪੁਜਾਰੀ ਦੇ ਅਹੁਦੇ ’ਤੇ ਵਿਵਾਦਿਤ ਢੰਗ ਨਾਲ ਬਿਰਾਜਮਾਨ ਗਿ: ਇਕਬਾਲ ਸਿੰਘ ਵੱਲੋਂ ਪਿਛਲੇ ਦਿਨੀਂ ਇਕ ਟਾਈਮ ਟੀ.ਵੀ. ’ਤੇ ਬਚਿੱਤਰ ਨਾਟਕ ਗ੍ਰੰਥ (ਅਖੌਤੀ ਦਸਮ ਗ੍ਰੰਥ) ਸਬੰਧੀ ਦਿੱਤੇ ਗਏ ਇਕ ਇੰਟਰਵਿਊ ਪ੍ਰਤੀ ਜਾਗਰੁਕ ਸੰਸਥਾਵਾਂ ਅਤੇ ਪੰਥ-ਦਰਦੀਆਂ ਨੇ ਭਾਰੀ ਰੋਸ ਜਤਾਇਆ। ਆਪਣੇ ਇਸ ‘ਇੰਟਰਵਿਊ’ ਵਿੱਚ ਗਿ: ਇਕਬਾਲ ਸਿੰਘ ਨੇ ਕਿਹਾ ਸੀ ਕਿ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਨਾ ਮੰਨਣ ਵਾਲੇ (ਯਾਨੀ ਸਿਰਫ਼ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ) ਲੋਕ, ਆਪਣੀ ਕਥਿਤ ‘ਨਿੰਦਾ’ ਕਾਰਨ ਮਾਤਲੋਕ ਅਤੇ ਪਰਲੋਕ ਦੋਵੇਂ ਥਾਂ ਹੀ ਦੁੱਖ ਭੋਗਦੇ ਹਨ ਅਤੇ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਦੁੱਖ ਭੋਗ ਰਹੇ ਹਨ। ਉਨ੍ਹਾਂ ਨੇ ਦਸਮ ਗ੍ਰੰਥ ਨੂੰ ਗੁਰੂ ਨਾ ਮੰਨਣ ਵਾਲੇ ਲੋਕਾਂ ਨੂੰ ਸਿੱਖ ਪੰਥ ਦੇ ਵਿਰੋਧੀ ਵੀ ਦੱਸਿਆ। ਇੰਟਰਵਿਊ ਦਾ ਸੰਚਾਲਨ ਕਰ ਰਹੇ ਅਤੇ ਟਾਈਮ ਟੀ.ਵੀ. ਦੇ ਮਾਲਕ ਸ੍ਰੀ ਜਗਜੀਤ ਸਿੰਘ ਦਰਦੀ ਨੇ ਵੀ ਇਕਬਾਲ ਸਿੰਘ ਦੀ ਹਾਂ ਵਿੱਚ ਹਾਂ ਮਿਲਾਉਂਦਿਆਂ, ਬਚਿੱਤਰ ਨਾਟਕ ਵਿਚਲੀ ਗੁਰਮਤਿ ਵਿਰੋਧੀ ਲਿਖਤਾਂ ਬਾਰੇ ਆਮ ਸਿੱਖਾਂ ਨੂੰ ਜਾਗਰੁਕ ਕਰ ਰਹੇ ਪ੍ਰਚਾਰਕਾਂ/ਸੰਸਥਾਵਾਂ ਨੂੰ ਪੰਥ-ਦੋਖੀਆਂ ਦੇ ਮੋਹਰੇ ਦੱਸਿਆ।

ਇਕਬਾਲ ਸਿੰਘ ਦੇ ਅਜਿਹੇ ਬਿਆਨਾਂ ਤੋਂ ਨਰਾਜ਼ ਸਿੱਖਾਂ ਵੱਲੋਂ ਮੋਹਾਲੀ ਤੋਂ ਪ੍ਰਕਾਸ਼ਿਤ ਹੁੰਦੀ ਪੰਜਾਬੀ ਅਖ਼ਬਾਰ ਵਿੱਚ ਆਪਣੇ ਬਿਆਨ ਭੇਜ ਕੇ ਗੁੱਸਾ ਪ੍ਰਗਟਾਇਆ ਜਾ ਰਿਹਾ ਸੀ। ਇਹ ਲਿਖਤ ਪ੍ਰੈਸ ਵਿੱਚ ਜਾਣ ਵੇਲੇ ਇਕਬਾਲ ਸਿੰਘ ਨੂੰ ਸਿਰਫ਼ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਸਿੱਖ ਵਿਦਵਾਨਾਂ/ ਪ੍ਰਚਾਰਕਾਂ ਵੱਲੋਂ ਟੀ.ਵੀ. ’ਤੇ ਮੁੜ ਬਹਿਸ ਲਈ ਚੁਣੌਤੀ ਦਿੱਤੀ ਜਾ ਰਹੀ ਸੀ ਅਤੇ ਇਕਬਾਲ ਸਿੰਘ ਹਾਸੋਹੀਣੀ ਕਿਸਮ ਦੀਆਂ ਸ਼ਰਤਾਂ (ਕਿ ਬਹਿਸ ਦੌਰਾਨ ਬੋਲੇ ਜਾਣ ਵਾਲੇ ਤੱਥ ਪਹਿਲਾਂ ਲਿਖ ਕੇ ਨਹੀਂ ਲਿਆਂਦੇ ਜਾਣਗੇ !!) ਦੇ ਅਧਾਰ ’ਤੇ ਇਸ ਚੁਣੌਤੀ ਨੂੰ ਮਨਜ਼ੂਰ ਕਰਨ ਦੇ ਦਮਗਜ਼ੇ ਮਾਰ ਰਿਹਾ ਸੀ। ਪਰ ਇਕਬਾਲ ਸਿੰਘ ਦਾ ਵਿਰੋਧ ਕਰ ਰਹੇ ਸੱਜਣਾਂ ਨੂੰ ਇਹ ਵਿਚਾਰ ਵੀ ਕਰਨਾ ਚਾਹੀਦਾ ਹੈ ਕਿ ਉਹ ਬ੍ਰਾਹਮਣਵਾਦੀਆਂ ਦੇ ਅਜਿਹੇ ਟੁੱਕੜਬੋਚਾਂ ਨੂੰ ਏਨੀ ਮਹੱਤਤਾ ਕਿਉਂ ਦੇ ਰਹੇ ਹਨ? ਕੀ ਉਹ ਆਸ ਕਰਦੇ ਸਨ ਕਿ ਅਜਿਹੇ ਵਿਕਾਊ ਪੁਜਾਰੀ, ਸੰਗਤਾਂ ਵਿੱਚ ਜਾਗ੍ਰਿਤੀ ਲਿਆਉਣ ਵਾਲੇ ਪ੍ਰਚਾਰਕਾਂ ਦੀਆਂ ਸਿਫ਼ਤਾਂ ਦੇ ਪੁੱਲ ਬੰਨਣਗੇ? ਇਸ ਮਾਮਲੇ ਵਿੱਚ ਟੀ.ਵੀ. ਚੈਨਲ ਦੇ ਮਾਲਕ ਵੱਲੋਂ ਨਿਭਾਈ ਗਈ ਭੂਮਿਕਾ ਤੋਂ ਵੀ ਸਬਕ ਲੈਣ ਦੀ ਲੋੜ ਹੈ। ‘ਸਿੱਖ ਚੈਨਲ’ ਸਥਾਪਿਤ ਕਰਨ ਲਈ ਉਤਾਵਲੇ ਹੋ ਰਹੇ ਸੱਜਣ ਇਹ ਵੀ ਧਿਆਨ ਵਿੱਚ ਰੱਖਣ ਕਿ ਜੇਕਰ ਅਜਿਹਾ ਚੈਨਲ ਹੋਂਦ ਵਿੱਚ ਆ ਵੀ ਗਿਆ, ਤਾਂ ਇਸਦੇ ਪ੍ਰਬੰਧਕਾਂ ਤੋਂ ਗੁਰਮਤਿ-ਅਸੂਲਾਂ ਦਾ ਪ੍ਰਚਾਰ ਕਰਵਾਉਣਾ ਕਿਵੇਂ ਯਕੀਨੀ ਬਣਾਇਆ ਜਾ ਸਕੇਗਾ? ਜਿਹੜੇ ਲੋਕ ਅਖ਼ਬਾਰ ਸਤਰ ’ਤੇ ਹੁੰਦਿਆਂ ਹੀ ਕਿਸੇ ਗੱਲ ਦਾ ਜਵਾਬ ਦੇਣ ਲਈ ਤਿਆਰ ਨਹੀਂ ਹੁੰਦੇ, ਉਹ ਟੀ.ਵੀ. ਚੈਨਲ ਦੇ ਮਾਲਕ ਬਣ ਜਾਣ ’ਤੇ ਕੀ ਗੁਲ ਖਿਲਾਉਣਗੇ?

ਸਿੱਖੀ ਵੇਸ ਵਾਲੇ ਬੋਧੀ ਪ੍ਰਚਾਰਕਾਂ ਵੱਲੋਂ ਪੈਂਤੜੇ ਵਿੱਚ ਤਬਦੀਲੀ

ਇੰਡੀਆ ਅਵੇਅਰਨੈ¤ਸ ਦੇ ਸਤੰਬਰ 09 ਅੰਕ ਵਿੱਚ ਅਸੀਂ ਕੁਝ ਅਜਿਹੇ ਦਲਿਤ ਵਿਦਵਾਨਾਂ/ਪ੍ਰਚਾਰਕਾਂ ਦੀਆਂ ਗੁੰਮਰਾਹਕੁੰਨ ਲਿਖਤਾਂ ਬਾਰੇ ਪਾਠਕਾਂ ਨੂੰ ਜਾਗਰੁਕ ਕੀਤਾ ਸੀ, ਜਿਹੜੇ ਬ੍ਰਾਹਮਣਵਾਦੀਆਂ ਦੀ ਤਰਜ਼ ’ਤੇ ਸਿੱਖ ਸਮਾਜ ਵਿੱਚ ਜਾਤ-ਪਾਤ ਅਧਾਰਿਤ ਵੰਡ ਪਾ ਕੇ, ਸਮਾਜਕ ਤੌਰ ’ਤੇ ਨੀਵੇਂ ਗਿਣੇ ਜਾਂਦੇ ਵਰਗ (ਦਲਿਤਾਂ) ਨੂੰ ਸਿੱਖ ਸਮਾਜ ਤੋਂ ਅਲੱਗ ਕਰਕੇ ਆਪਣੇ ਆਕਾਵਾਂ (ਦਲਿਤਾਂ ਨੂੰ ਗੁੰਮਰਾਹ ਕਰ ਰਹੇ ਕੁਝ ਖ਼ਾਸ ਡੇਰੇਦਾਰ ਤੇ ਦਲਿਤਾਂ ਦੇ ਨਾਂ ’ਤੇ ਸਿਆਸਤ ਕਰਨ ਵਾਲੀ ਇਕ ਵਿਸ਼ੇਸ਼ ਪਾਰਟੀ ਦੇ ਆਗੂ) ਦੀਆਂ ਭਰਾ-ਮਾਰੂ ਨੀਤੀਆਂ ਨੂੰ ਅੰਜਾਮ ਦੇ ਰਹੇ ਹਨ। ਆਪਣੇ ਇਸ ਮਕਸਦ ਲਈ ਉਹ ਦਲਿਤਾਂ ਨੂੰ ਡੇਰੇਦਾਰਾਂ ਦੇ ਪਿਛਲੱਗੂ ਬਣਾ ਕੇ ਮੂਰਤੀ-ਪੂਜਾ ਜਿਹੇ ਕਰਮ-ਕਾਂਡਾਂ ਵਿੱਚ ਖਚਿਤ ਕਰ ਰਹੇ ਹਨ। ਇਸਦੇ ਇਲਾਵਾ, ਦਲਿਤਾਂ ਦਾ ਮਾਨਸਿਕ ਵਿਕਾਸ ਰੋਕਣ ਅਤੇ ਦਲਿਤਾਂ ਤੇ ਸਿੱਖਾਂ ਵਿਚਕਾਰ ਫੁੱਟ ਪਾਉਣ ਲਈ ਉਹ ਇਸ ਵਰਗ ਦੇ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਜਾਏ ਸਿਰਫ਼ ਭਗਤ ਰਵਿਦਾਸ ਜੀ ਦੀਆਂ ਰਚਨਾਵਾਂ (ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਅਤੇ ਉਨ੍ਹਾਂ ਦੇ ਨਾਂ ’ਤੇ ਰਚੀਆਂ ਗਈਆਂ ਹੋਰ ਨਕਲੀ ਕਵਿਤਾਵਾਂ) ਪੜ੍ਹਨ ਮਾਤਰ ਲਈ ਪ੍ਰੇਰਿਤ ਕਰ ਰਹੇ ਹਨ। ਇਸਦੇ ਇਲਾਵਾ, ਉਹ ਸਿੱਖ ਗੁਰੂ ਸਾਹਿਬਾਨ ਅਤੇ ਹੋਰਨਾਂ ਭਗਤਾਂ ਨੂੰ ਬੁੱਧ ਧਰਮ ਦੇ ਸ਼ਰਧਾਲੂਆਂ ਵਜੋਂ ਪ੍ਰਚਾਰ ਕੇ ਸਿੱਖਾਂ ਨੂੰ ਉਸੇ ਤਰ੍ਹਾਂ ਬੁੱਧ ਧਰਮ ਵਿੱਚ ਜਜ਼ਬ ਕਰ ਲੈਣਾ ਲੋਚਦੇ ਹਨ, ਜਿਸ ਤਰ੍ਹਾਂ ਆਰ.ਐਸ.ਐਸ. ਪ੍ਰਚਾਰਕ ਗੁਰੂ ਨਾਨਕ ਸਾਹਿਬ ਨੂੰ ਵਿਸ਼ਨੂੰ ਦਾ ਅਵਤਾਰ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ-ਉਪਾਸਕ ਦੱਸ ਕੇ ਸਿੱਖਾਂ ਨੂੰ ਹਿੰਦੂਵਾਦ ਵਿੱਚ ਜਜ਼ਬ ਕਰ ਲੈਣਾ ਚਾਹੁੰਦੇ ਹਨ। ਪਰ ਇੰਡੀਆ ਅਵੇਅਰਨੈ¤ਸ ਵੱਲੋਂ ਸਮੇਂ ਸਿਰ ਇਸ ਬਾਬਤ ਪਾਠਕਾਂ ਨੂੰ ਜਾਗਰੁਕ ਕਰਨ ਨਾਲ ਹੁਣ ਇਨ੍ਹਾਂ ਬੋਧੀ ਪ੍ਰਚਾਰਕਾਂ ਨੇ ਆਪਣਾ ਪੈਂਤੜਾ ਬਦਲ ਲਿਆ ਹੈ। ਭਾਵੇਂ ਉਹ ਦਲਿਤਾਂ ਨੂੰ ਹਾਲਾਂ ਵੀ ਗੁਰੂ ਗ੍ਰੰਥ ਸਾਹਿਬ ਦਾ ਬਾਈਕਾਟ ਕਰਨ ਦਾ ਨਿਰਦੇਸ਼ ਦੇ ਰਹੇ ਹਨ ਪਰ ਦਲਿਤਾਂ ਨਾਲ ਹਮਦਰਦੀ ਰੱਖਣ ਵਾਲੇ ਸਿੱਖਾਂ ਨੂੰ ਗੁੰਮਰਾਹ ਕਰਨ ਲਈ ਉਨ੍ਹਾਂ ਨੇ ਆਪਣੀਆਂ ਲਿਖਤਾਂ ਵਿੱਚ ਇਹ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਭਾਰਤ ਵਿੱਚ ਲੈ ਕੇ ਜਾਣਗੇ। ਸਿੱਖਾਂ ਅਤੇ ਦਲਿਤਾਂ ਨੂੰ ਅਜਿਹੇ ਦੋਗਲੇ ਵਿਦਵਾਨਾਂ/ਪ੍ਰਚਾਰਕਾਂ ਤੋਂ ਸਾਵਧਾਨ ਹੋ ਕੇ, ਸੰਜੀਦਗੀ ਨਾਲ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ’ਤੇ ਅਮਲ ਕਰਨਾ ਚਾਹੀਦਾ ਹੈ ਤਾਂ ਜੋ ਸਿੱਖ ਸਮਾਜ ’ਤੇ ਕਾਇਮ ਜਾਤ-ਪਾਤ ਵਿਵਸਥਾ ਦਾ ਪ੍ਰਭਾਵ ਪੂਰੀ ਤਰ੍ਹਾਂ ਖ਼ਤਮ ਹੋ ਸਕੇ ਅਤੇ ਅਜਿਹੇ ਫਿਰਕੂ ਪ੍ਰਚਾਰਕ ਸਿੱਖਾਂ ਦੇ ਵੱਖ-ਵੱਖ ਵਰਗਾਂ ਵਿਚਕਾਰ ਫੁੱਟ ਨਾ ਪਵਾ ਸਕਣ।

ਸਰਨਾ ਬਨਾਮ ਸਿਰਸਾ

ਦਿੱਲੀ ਦੀ ਸਿੱਖ ਸਿਆਸਤ ਦੇ ਮਾਹਿਰਾਂ ਵਿੱਚ ਅਜਕਲ ਚਰਚਾ ਹੈ ਕਿ ਪਰਮਜੀਤ ਸਿੰਘ ਸਰਨਾ ਆਪਣਾ ਜਨਾਧਾਰ ਲਗਾਤਾਰ ਗੁਆਂਦੇ ਜਾ ਰਹੇ ਹਨ। ਇਹ ਗੱਲ ਪਿਛਲੇ ਦਿਨੀਂ ਆਯੋਜਿਤ ਹੋਏ ਦੋ ਸਮਾਗਮਾਂ ਦੇ ਅਧਿਐਨ ਤੋਂ ਬਾਅਦ ਚਰਚਾ ਵਿੱਚ ਆਈ ਹੈ। ਜ਼ਿਕਰਯੋਗ ਹੈ ਕਿ ਸ੍ਰੀ ਸਰਨਾ ਨੇ ਆਪਣੀ ਸਿਆਸੀ ਤਾਕਤ ਦਾ ਮੁਜ਼ਾਹਰਾ ਕਰਨ ਲਈ ਪਿਛਲੇ ਦਿਨੀਂ ‘ਪੰਥਕ ਕਨਵੈਨਸ਼ਨ’ ਦੇ ਨਾਮ ’ਤੇ ਗੁ: ਰਕਾਬ ਗੰਜ ਸਾਹਿਬ ਵਿਖੇ ਆਪਣੇ ਸਮਰਥਕਾਂ ਦਾ ਇਕ ਇਕੱਠ ਆਯੋਜਿਤ ਕੀਤਾ ਸੀ। ਪਰ ਇਸ ਇਕੱਠ ਵਿੱਚ ਆਉਣ ਲਈ ਸਿੱਖਾਂ ਨੂੰ ਲਿਆਉਣ ਲਈ ਸਰਨਾ ਤੇ ਉਨ੍ਹਾਂ ਦੇ ਸਮਰਥਕਾਂ ਦੇ ਪਸੀਨੇ ਛੁਟ ਗਏ। ਮੁਫਤ ਬੱਸਾਂ ਅਤੇ ਵਧੀਆ ਲੰਗਰ ਦਾ ਲਾਲਚ ਦੇ ਕੇ ਵੀ ਜਦ ਸਰਨਾ ਦੇ ਸਮਰਥਕ ਹਾਈ-ਕਮਾਂਡ ਦੇ ਨਿਰਦੇਸ਼ਾਂ ਮੁਤਾਬਿਕ ਭੀੜ ਇਕੱਤਰ ਕਰਨ ਵਿੱਚ ਅਸਫਲ ਰਹੇ ਤਾਂ ਉਨ੍ਹਾਂ ਨੇ ਲੋਕਾਂ ਨੂੰ ਮੁਫਤ ਸਥਾਨਕ ਇਤਿਹਾਸਕ ਗੁਰਦਆਰਿਆਂ ਦੀਆਂ ਯਾਤਰਾਵਾਂ ਕਰਾਉਣ ਦਾ ਲਾਲਚ ਦੇ ਕੇ ਬੱਸਾਂ ਲਈ ਕੁਝ ਸਵਾਰੀਆਂ ਇਕੱਤਰ ਕੀਤੀਆਂ। ਇਸਦੇ ਇਲਾਵਾ, ਭਰੋਸੇਯੋਗ ਸੂਤਰਾਂ ਮੁਤਾਬਿਕ, ਜ਼ਿਆਦਾ ਤੋਂ ਜ਼ਿਆਦਾ ਭੀੜ ਇਕੱਤਰ ਕਰਨ ਦੇ ਮਕਸਦ ਨਾਲ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀਆਂ ਸਮੂਹ ਬ੍ਰਾਂਚਾਂ ਦੇ ਨਾਨ-ਟੀਚਿੰਗ ਸਟਾਫ ਨੂੰ ਵੀ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ। ਏਨਾ ਸਭ ਕੁਝ ਕਰਨ ਤੋਂ ਬਾਅਦ ਵੀ ਰਕਾਬ ਗੰਜ ਸਾਹਿਬ ਵਿਖੇ ਬਾਮੁਸ਼ਕਿਲ 5 ਤੋਂ 7 ਹਜ਼ਾਰ ਦੀ ਭੀੜ ਇਕੱਤਰ ਕੀਤੀ ਜਾ ਸਕੀ।

ਸਰਨਾ ਵੱਲੋਂ ਕਰਵਾਈ ਗਈ ਕਨਵੈਨਸ਼ਨ ਦਾ ਇਕ ਦ੍ਰਿਸ਼

ਮਨਜਿੰਦਰ ਸਿੰਘ ਸਿਰਸਾ ਵੱਲੋਂ ਕਰਵਾਏ ਗਏ ਕੀਰਤਨ ਦਰਬਾਰ ਦਾ ਇਕ ਦ੍ਰਿਸ਼

ਦੂਜੇ ਪਾਸੇ, ਸਰਨਾ ਦੇ ਸਿਆਸੀ ਵਿਰੋਧੀ ਤੇ ਅਕਾਲੀ ਦਲ ਬਾਦਲ ਦੀ ਯੂਥ ਇਕਾਈ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਕੁਝ ਹੀ ਦਿਨਾਂ ਬਾਅਦ ਸਰਨਾ ਦੇ ਘਰ ਦੇ ਸਾਹਮਣੇ ਅਤੇ ਉਨ੍ਹਾਂ ਦੇ ਚੋਣ-ਖੇਤਰ ਵਾਲੇ ਇਲਾਕੇ ਪੰਜਾਬੀ ਬਾਗ ਵਿਖੇ ਆਯੋਜਿਤ ਕਰਵਾਏ ਗਏ ਕੀਰਤਨ ਦਰਬਾਰ ਵਿੱਚ 80 ਹਜ਼ਾਰ ਤੋਂ ਵੱਧ ਲੋਕਾਂ ਨੇ, ਬਿਨਾਂ ਮੁਫ਼ਤ ਬੱਸਾਂ ਦੀ ਸਹੂਲੀਅਤ ਦੇ, ਹਾਜ਼ਰੀ ਭਰੀ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਦਿੱਲੀ ਦੇ ਸਿੱਖਾਂ ਵਿੱਚ ਸਰਨਾ ਦੀਆਂ ਕਾਰਵਾਈਆਂ ਪ੍ਰਤੀ ਇਸੇ ਕਿਸਮ ਦੀ ਉਦਾਸੀਨਤਾ ਅਤੇ ਨਵੇਂ ਨੌਜੁਆਨ ਆਗੂਆਂ ਦੀ ਸਰਗਰਮੀਆਂ ਪ੍ਰਤੀ ਸਮਰਥਨ ਵਧਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦ ਪੰਜਾਬੀ ਬਾਗ ਦੇ ਸਥਾਨਕ ਗੁਰਦੁਆਰੇ ਦੀਆਂ ਚੋਣਾਂ ਹਾਰਨ ਦੀ ਤਰ੍ਹਾਂ ਸ੍ਰੀ ਸਰਨਾ ਦਿੱਲੀ ਕਮੇਟੀ ਦੀ ਸੱਤਾ ਤੋਂ ਵੀ ਹੱਥ ਧੋ ਬੈਠਣਗੇ।