Subscription About Us Contact Us


ਸਿਧਾਂਤ ਅਤੇ ਕੌਮੀ ਤਾਕਤ ਨੂੰ ਲੱਗਦੀ ਢਾਹ

- ਹਰਜਿੰਦਰ ਸਿੰਘ ‘ਸਭਰਾ’ -

ਗੁਰੂ ਸਾਹਿਬਾਨ ਜੀ ਨੇ ਜਦੋਂ ਗੁਰਮਤਿ ਦੀ ਸੱਚੀ ਵਿਚਾਰਧਾਰਾ ਨੂੰ ਦੁਨਿਆਵੀ ਮੰਚ ਤੇ ਜ਼ਾਹਰ ਕੀਤਾ ਸੀ ਤਾਂ ਮਨੁੱਖੀ ਜੀਵਨ ਢੰਗ ਵਿਚ ਇਕ ਵੱਡੀ ਉਥਲ ਪੁਥਲ ਵੀ ਸ਼ੁਰੂ ਹੋਈ। ਸੱਚ ਦੇ ਖੋਜੀਆਂ ਅਤੇ ਜਗਿਆਸੂਆਂ ਲਈ ਇਹ ਖ਼ੁਸ਼ੀ ਦਾ ਸੁਨੇਹਾ ਸੀ ਅਤੇ ਕੂੜ ਭਰੀ ਲਾਹਨਤ ਜ਼ਿੰਦਗੀ ਜਿਊਣ ਵਾਲਿਆਂ ਲਈ ਵੰਗਾਰ। ਕਿਉਂਕਿ ਗੁਰਮਤਿ ਦਾ ਸੱਚ ਕੂੜ ਦੇ ਨਿਖੁਟਣ ਅਤੇ ਸੱਚ ਦੇ ਕਾਇਮ ਰਹਿਣ ਦੀ ਸੱਦ ਦਿੰਦਾ ਮਨੁੱਖੀ ਸੋਚ ਨੂੰ ਝੰਜੋੜਦਾ ਹੈ। ਗੁਰੂ ਸਾਹਿਬਾਨ ਜੀ ਨੇ ਇਸਦੇ ਪ੍ਰਚਾਰ-ਪ੍ਰਸਾਰ ਦੇ ਸਫਲ ਤਰੀਕੇ ਅਪਣਾ ਕੇ ਇਸ ਨੂੰ ਸਥਾਪਤ ਕਰਨ ਹਿਤ ਬੜੇ ਸੰਘਰਸ਼ਮਈ ਯਤਨ ਕੀਤਾ। ਇਸ ਦੀ ਕਾਇਮੀ ਅਤੇ ਸਮਾਜਕ ਰੂਪ ਵਿਚ ਸਥਾਪਤੀ ਲਈ ਹੀ ਗੁਰੂ ਸਾਹਿਬਾਨ ਜੀ ਨੇ ਸੰਗਤ, ਪੰਗਤ, ਲੰਗਰ, ਧਰਮਸ਼ਾਲ, ਪੋਥੀ ਸਾਹਿਬ, ਨਿਸ਼ਾਨ ਅਤੇ ਬਾਕੀ ਸਾਰੀਆਂ ਸੰਸਥਾਵਾਂ ਨੂੰ ਹੋਂਦ ਵਿਚ ਲਿਆਂਦਾ।

ਗੁਰੂ ਸਾਹਿਬਾਨ ਦਾ ਮੁੱਖ ਮਕਸਦ ਇਹੀ ਸੀ ਕਿ ਇਸ ਸਿਧਾਂਤ ਨੂੰ ਕਿਵੇਂ ਨਾ ਕਿਵੇਂ ਮਨੁੱਖੀ ਜੀਵਨ ਵਿਹਾਰ ਦਾ ਅੰਗ ਬਣਾਇਆ ਜਾਵੇ ਕਿਉਂਕਿ ਕੇਵਲ ਗੱਲੀਂ ਬਾਤੀਂ ਜਾਂ ਆਖਣ ਸੁਨਣ ਦਾ ਭਾਵੇਂ ਆਪਣਾ ਪ੍ਰਭਾਵ ਹੈ ਪਰ ਥੋੜ ਚਿਰਾ ਹੈ ਤਾਂ ਜ਼ਰੂਰੀ ਸੀ ਕਿ ਮਨੁੱਖ ਦੀ ਜੀਵਨ ਰਹਿਣੀ ਨੂੰ ਇਕ ਨੇਮ ਵਿਚ ਬੰਨਿਆਂ ਜਾਂਦਾ ਜਿਸ ਤਹਿਤ ਵਿਚਰਦਿਆਂ ਹੋਇਆਂ ਸੌਖੇ ਹੀ ਅਤੇ ਸਮਾਜਕ ਸੰਗਤੀ ਰੂਪ ਵਿਚ ਮਨੁੱਖ ਉਨਾਂ ਸਿਧਾਤਾਂ ਦੀ ਪਾਲਣਾ ਕਰ ਸਕਦਾ। ਜਿਥੇ ਗੁਰੂ ਸਾਹਿਬਾਨ ਜੀ ਇਸ ਮਹਾਨ ਮਕਸਦ ਦੀ ਪੁਰਤੀ ਲਈ ਸੁਦ੍ਰਿੜ ਅਤੇ ਯਤਨਸ਼ੀਲ ਸਨ ਅਤੇ ਕੁਰਬਾਨੀਆਂ ਵੀ ਕਰ ਰਹੇ ਸਨ। ਉਥੇ ਸਮੇਂ ਦੀਆਂ ਕੂੜ ਤਾਕਤਾਂ ਸਰੀਰਕ ਅਤੇ ਜਾਨੀ ਮਾਲੀ ਨੁਕਸਾਨ ਪਹੁੰਚਾਣ ਲਈ ਵੀ ਤਤਪਰ ਹੋਈਆਂ ਪਈਆਂ ਸਨ ਤਾਂ ਕਿ ਇਸ ਇਨਕਲਾਬ ਨੂੰ ਕੁਚਲ ਕੇ ਇਸਦੀ ਹੋਂਦ ਨੂੰ ਖ਼ਤਮ ਕੀਤਾ ਜਾ ਸਕੇ। ਸ਼ਹੀਦੀਆਂ, ਜੰਗਾਂ ਅਤੇ ਘੱਲੂਘਾਰੇ ਇਸੇ ਮਨਸੂਬੇ ਦੀ ਪੂਰਤੀ ਵਿਚੋਂ ਹੀ ਨਿਕਲਿਆ ਨਤੀਜਾ ਹਨ। ਪਰ ਸਭ ਕੁਝ ਸਹਿੰਦਿਆਂ ਅਤੇ ਹਰ ਤਰ੍ਹਾਂ ਦੇ ਮਾਰੂ ਹਲਾਤਾਂ ਦਾ ਸਾਹਮਣਾ ਕਰਕੇ ਗੁਰਮਤਿ ਦਾਤੇ ਸਤਿਗੁਰੂ ਸਹਿਬਾਨਾਂ ਅਤੇ ਗੁਰਮਤਿ ਦੇ ਧਾਰਨੀ ਸਾਡੇ ਮਹਾਨ ਗੁਰਸਿੱਖ ਬਜ਼ੁਰਗਾਂ ਵਲੋਂ ਇਸ ਮਨਸੂਬੇ ਨੂੰ ਪੂਰਾ ਨਾ ਹੋਣ ਦਿੱਤਾ ਕਿ ਇਸ ਮਹਾਨ ਇਨਕਲਾਬ ਨੂੰ ਖ਼ਤਮ ਕੀਤਾ ਜਾ ਸਕੇ।

ਜਿਥੇ ਇਸ ਵਿਚਾਰਧਾਰਾ ਅਤੇ ਇਸ ਦੀ ਸਥਾਪਤੀ ਦੇ ਸਾਧਨਾਂ ਦੇ ਖ਼ਾਤਮੇ ਦੇ ਇਹ ਬਾਹਰੀ ਯਤਨ ਹੋ ਰਹੇ ਸਨ ਉਥੇ ਸਿਧਾਂਤਕ ਤੌਰ ਤੇ ਇਸ ਨੂੰ ਢਾਹ ਲਾਉਣ ਲਈ ਅਤੇ ਇਸ ਵਿਚ ਗੰਧਲਾਪਨ ਪੈਦਾ ਕਰਨ ਲਈ ਵੀ ਕੂੜ ਅਨੁਯਾਈ ਪੱਬਾਂ ਭਾਰ ਹੋਏ ਪਏ ਸਨ। ਸੋ ਉਨ੍ਹਾਂ ਆਪਣੇ ਤਰੀਕੇ ਨਾਲ ਇਸਨੂੰ ਖ਼ਤਮ ਕਰਨ ਦਾ ਪੈਂਤੜਾ ਅਪਣਾਇਆ। ਰੂਹ ਤੋਂ ਬਿਨ੍ਹਾਂ ਮੁਰਦਾ ਸਰੀਰ ਵਾਂਗ ਸਿਧਾਂਤ ਅਤੇ ਵਿਚਾਰਧਾਰਾ ਤੋਂ ਹੀਣੀਆਂ ਕੌਮਾਂ ਅਤੇ ਸਮਾਜ ਵੀ ਅੰਦਰੋਂ ਖੋਖਲੇ ਹੀ ਹੁੰਦੇ ਹਨ ਕਿਉਂਕਿ ਉਹ ਸਮੇਂ ਦੀ ਗਰਦਸ਼ ਵਿਚ ਆਪਣੀ ਥਾਂ ਨਹੀਂ ਬਣਾ ਸਕਦੇ ਅਤੇ ਸਮੇਂ ਦੇ ਥਪੇੜੇ ਉਨ੍ਹਾਂ ਨੂੰ ਲਾਈਲੱਗ ਬਣਾ ਦਿੰਦੇ ਹਨ। ਆਖ਼ਰ ਮੈਦਾਨੇ ਜੰਗ ਵਿਚ ਜਿਸ ਯੋਧੇ ਦੇ ਪੈਰ ਨਾ ਜੰਮਣ ਉਸ ਦੀ ਜਿੱਤ ਦੂਰ ਤੇ ਹਾਰ ਯਕੀਨੀ ਹੁੰਦੀ ਹੈ। ਸਿਧਾਂਤਕ ਅਤੇ ਸਿਧਾਂਤਕ ਸਥਾਪਤੀ ਦੇ ਸਾਧਨਾਂ ਪ੍ਰਤੀ ਰੋਲ-ਘਚੋਲਾ ਪਾਉਣ ਦਾ ਸ਼ੁਰੂ ਤੋਂ ਹੀ ਵਿਰੋਧੀਆਂ ਵਲੋਂ ਯਤਨ ਕੀਤਾ ਜਾ ਰਿਹਾ ਸੀ ਪਰ ਗੁਰੂ ਸਾਹਿਬਾਨ ਜੀ ਇਸ ਪੱਖੋਂ ਵੀ ਸੁਚੇਤ ਸਨ ਅਤੇ ਪੂਰੇ ਸਤਰਕ ਰਹਿ ਕੇ ਇਸਦਾ ਜਵਾਬ ਦੇ ਰਹੇ ਸਨ।
ਮਿਸਾਲ ਵਜੋਂ, ਬਾਬਾ ਪ੍ਰਿਥੀ ਚੰਦ ਰਾਹੀਂ ਵਿਰੋਧੀ ਲਾਬੀ ਨੇ ਗੁਰਮਤਿ ਪਾਂਧੀਆਂ ਨੂੰ ਵੰਡਣ ਦਾ ਜੋ ਛੜਯੰਤਰ ਰਚਿਆ ਅਤੇ ਜਿਸ ਪੱਧਰ ਤੇ ਇਹ ਕਾਰਵਾਈ ਕੀਤੀ ਗੁਰੂ ਅਰਜਨ ਸਾਹਿਬ ਜੀ ਦੀ ਦੂਰ ਅੰਦੇਸ਼ੀ ਹੀ ਇਸ ਬਿਖੜੇ ਸਮੇਂ ਇਸ ਲਹਿਰ ਲਈ ਜੀਵਨਦਾਤਾ ਬਣੀ। ਦਰਬਾਰ ਸਾਹਿਬ ਕੇਂਦਰ ਦੇ ਬਰਾਬਰ ਹੇਹਰ ਪਿੰਡ ਆਪਣਾ ਵੱਖਰਾ ਢਾਂਚਾ ਅਤੇ ਗੁਰਬਾਣੀ ਦੇ ਬਰਾਬਰ ਮਿਹਰਵਾਨ ਵਲੋਂ ਆਪਣੀ ਬਾਣੀ ਨਾਨਕ ਛਾਪ ਹੇਠ ਰਚਣੀ ਇਸ ਪਾਸੇ ਸੰਕੇਤ ਹਨ ਕਿ ਕਿਸ ਪੱਧਰ ਅਤੇ ਸੋਚ ਨਾਲ ਇਹ ਸਾਰਾ ਕੁਝ ਕੀਤਾ ਜਾ ਰਿਹਾ ਸੀ। ਚਾਰ ਭਗਤਾਂ ਦਾ ਆਪਣੀ ਕਚਘਰੜ ਰਚਨਾ ਪੋਥੀ ਵਿਚ ਦਰਜ਼ ਕਰਵਾਉਣ ਦੀ ਸਿਫਾਰਸ਼ ਕਰਨਾ ਅਤੇ ਗੁਰੂ ਘਰ ਦਾ ਵਿਰੋਧ ਥਾਂ ਪੁਰ ਥਾਂ ਕਰਨਾ, ਸਿਧਾਂਤਕ ਰੋਲ ਘਚੋਲੇ ਦਾ ਪਰਦਾਫਾਸ਼ ਕਰਦੇ ਹਨ।

ਜੋ ਕੁਝ ਗੁਰੂ ਸਾਹਿਬਾਨ ਵਲੋਂ ਪ੍ਰਚਾਰਿਆ ਜਾ ਰਿਹਾ ਸੀ, ਉਸ ਨੂੰ ਆਪਣੇ ਅਰਥਾਂ ਵਿਚ ਦੱਸਣ ਲਈ ਦੂਜੇ ਮੱਤਾਂ ਦੇ ਪੁਜਾਰੀ ਖ਼ਾਸ ਕਰ ਬ੍ਰਾਹਮਣ ਪੂਰੇ ਯਤਨਸ਼ੀਲ ਸਨ। ਭਗਤ ਧੰਨਾ ਜੀ ਨੇ ਪੱਥਰ ਵਿਚੋਂ ਰੱਬ ਪਾਇਆ, ਇਹ ਵਿਚਾਰ ਕਿਸ ਢੰਗ ਨਾਲ ਪ੍ਰਚਾਰਿਆ ਗਿਆ ਜਿਸ ਕਰਕੇ ਗੁਰੂ ਅਰਜਨ ਸਾਹਿਬ ਜੀ ਨੂੰ ਇਸ ਪੱਖ ਦਾ ਗੰਧਲਾਪਨ ਦੂਰ ਕਰਨ ਅਤੇ ਭਗਤ ਸਾਹਿਬਾਨ ਦੀ ਸਹੀ ਤਸਵੀਰ ਨੂੰ ਉਜਾਗਰ ਕਰੀ ਰੱਖਣ ਲਈ ਬਾਣੀ ਵਿਚ ਇਨ੍ਹਾਂ ਚੀਜ਼ਾਂ ਦੀ ਵਿਆਖਿਆ ਕਰਨੀ ਪਈ। ਬਾਬਾ ਰਾਮਰਾਏ ਜੀ ਨੂੰ ਸਰਕਾਰੀ ਸਰਪ੍ਰਸਤੀ ਵਿਚ ਰੱਖ ਕੇ ਜਾਂ ਅਗਵਾ ਕਰਕੇ ਸਰਕਾਰੀ ਪ੍ਰਾਪੇਗੰਡੇ ਅਧੀਨ ਗੁਰੂ ਘੋਸ਼ਿਤ ਕੀਤਾ ਗਿਆ ਅਤੇ ਇਹੀ ਹਾਲਾਤ ਬਾਬਾ ਧੀਰਮੱਲ ਰਾਹੀਂ ਪੈਦਾ ਕੀਤੇ ਗਏ ਤਾਂ ਕਿ ਵਿਚਾਰਧਾਰਾ ਦਾ ਪੱਲਾ ਛੁਡਵਾ ਕੇ ਸਿਖ ਪੰਥ ਨੂੰ ਦੇਹਧਾਰੀ ਅਤੇ ਪੁਜਾਰੀ ਦੀ ਹੋਂਦ ਪਿਛੇ ਲਾ ਦਿੱਤਾ ਜਾਵੇ। ਮਸੰਦ ਪ੍ਰਥਾ ਵਿਚ ਅਜਿਹੇ ਲੋਕਾਂ ਦੀ ਘੁਸਪੈਠ ਸਦਕਾ ਹੀ ਇਸ ਪ੍ਰਥਾ ਨੂੰ ਗੁਰੂ ਗੋਬਿੰਦ ਸਿੰਘ ਜੀ ਵਲੋਂ ਬੰਦ ਕਰ ਦਿੱਤਾ ਗਿਆ ਸੀ।

ਗੁਰੂ ਸਾਹਿਬਾਨ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਲੰਬਾ ਸਮਾਂ ਸਿਖ ਪੰਥ ਨੇ ਸਰਕਾਰੀ ਜ਼ੁਲਮਾਂ ਦਾ ਜਵਾਬ ਦਿੰਦਿਆਂ ਸੰਘਰਸ਼ ਵਿਚ ਬਿਤਾਇਆ। ਇਸ ਸਮੇਂ ਉਸ ਲਾਬੀ ਨੂੰ ਪੂਰਾ ਮੌਕਾ ਮਿਲਿਆ ਕਿ ਉਹ ਸਿੱਖ ਪੰਥ ਦੀਆਂ ਸੰਸਥਾਂਵਾਂ ਅਤੇ ਗੁਰਮਤਿ ਸਿਧਾਤਾਂ ਦਾ ਚਿਹਰਾ ਮੋਹਰਾ ਅਤੇ ਅਰਥ ਬਦਲ ਸਕੇ। ਗੁਰਮਤਿ ਅਤੇ ਗੁਰੂ ਸਾਹਿਬਾਨ ਵਲੋਂ ਚਲਾਈਆਂ ਸੰਸਥਾਵਾਂ ਦੀ ਕਾਰਜਵਿਧੀ ਨੂੰ ਬ੍ਰਾਹਮਣੀ ਰੰਗਤ ਦੇ ਕੇ ਪ੍ਰਚਾਰਆ ਅਤੇ ਚਲਾਇਆ ਗਿਆ। ਜਿਸ ਬਦੌਲਤ ਦਰਬਾਰ ਸਾਹਿਬ ਵਿਚ ਮੂਰਤੀਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸਾਧਾਂ ਦੇ ਗਦੇਲੇ ਲੱਗ ਗਏ ਜਿਸਨੂੰ ਬਾਅਦ ਵਿਚ ਚੇਤੰਨ ਸਿੱਖਾਂ ਨੇ ਚੁਕਵਾਇਆ। ਪਰ ਇਸ ਮਾਰੂ ਜ਼ਹਿਰ ਦਾ ਅਸਰ ਸਿੱਖ ਪੰਥ ਦੀਆਂ ਨਾੜਾਂ ਵਿਚ ਅਜੇ ਵੀ ਵਸਿਆ ਹੋਇਆ ਹੈ ਅਤੇ ਆਏ ਦਿਨ ਆਪਣਾ ਅਸਰ ਦਿਖਾਉਂਦਾ ਹੈ।

ਅਜੋਕਾ ਸਮਾਂ ਜੇਕਰ ਗਹੁ ਨਾਲ ਵੀਚਾਰਿਆ ਜਾਵੇ ਤਾਂ ਸਮਝ ਪੈ ਜਾਵੇਗੀ ਕਿ ਸਿਖ ਪੰਥ ਵਿਚ ਉਹੀ ਕੂੜ ਪ੍ਰਬੰਧ ਕਿਵੇਂ ਸਰਗਰਮੀ ਨਾਲ ਕੰਮ ਕਰ ਰਿਹਾ ਹੈ ਜਿਸਨੂੰ ਅਚੇਤ ਅਤੇ ਸੁਚੇਤ ਰੂਪ ਵਿਚ ਪੂਰੀ ਤਾਕਤ ਸਿਖਾਂ ਅਤੇ ਗੈਰ-ਸਿੱਖਾਂ ਵਲੋਂ ਮਿਲ ਰਹੀ ਹੈ। ਗੁਰਦੁਆਰੇ ਦੇ ਬਰਾਬਰ ਡੇਰਾ, ਲੰਗਰ ਕਿਸਮਾਂ ਦੀ ਵੰਡ ਭੇਦਭਾਵ ਅਤੇ ਡੇਰੇ ਦੀ ਹੈਸੀਅਤ ਵਿਚ ਵੰਡਿਆ ਹੋਇਆ, ਕਈ ਡੇਰੇ ਤਾਂ ਨਿਸ਼ਾਨ ਨਾ ਝੁਲਾ ਕੇ ਸਿੱਧੀ ਅੱਡਰੀ ਹੋਂਦ ਦਾ ਐਲਾਨ ਕਰ ਚੁਕੇ ਹਨ। ਗੁਰਬਾਣੀ ਦੇ ਕੀਰਤਨ ਦੀ ਥਾਂ ਧਾਰਨਾ ਦਾ ਪ੍ਰਚੰਡ ਪ੍ਰਭਾਵ, ਸਾਧਾਂ ਸੰਤਾਂ ਅਤੇ ਡੇਰੇਦਾਰਾਂ ਦੀ ਸਰੀਰਕ ਪੂਜਾ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਦਾ ਸੰਕੇਤ ਦਿੰਦੀ ਹੈ, ਗੁਰਪੁਰਬ ਅਤੇ ਕੌਮੀ ਦਿਹਾੜਿਆਂ ਦੀ ਥਾਵੇਂ ਸਾਧਾਂ ਦੀਆਂ ਬਰਸੀਆਂ ਅਤੇ ਜਨਮ ਦਿਨ ਮਨਾਉਣੇ, ਸਾਧਾਂ ਦੀਆਂ ਜੁੱਤੀਆਂ ਚੋਲੇ ਅਤੇ ਬਾਕੀ ਵਰਤੋਂ ਦਾ ਸਾਮਾਨ ਅਜਾਇਬ ਘਰ ਵਾਂਗ ਟਿਕਾਉਣਾ ਅਤੇ ਸੰਗਤਾਂ ਵਿਚ ਉਨ੍ਹਾਂ ਪ੍ਰਤੀ ਸ਼ਰਧਾ ਭਰਨੀ ਸਿਖ ਵਿਰਾਸਤ ਵਲੋਂ ਸੰਗਤਾਂ ਦੇ ਮਨ ਨੂੰ ਮੋੜਨ ਦਾ ਸੂਖ਼ਮ ਢੰਗ ਹੈ। ਆਪਣੀਆਂ-ਆਪਣੀਆਂ ਮਰਿਆਦਾਵਾਂ ਅਤੇ ਖੰਡੇ ਦੀ ਪਾਹੁਲ ਛਕਾਉਣ ਦੇ ਵੱਖਰੇ-ਵੱਖਰੇ ਤਰੀਕੇ ਪੰਥਕ ਸ਼ਕਤੀ ਨੂੰ ਤੋੜਨ ਅਤੇ ਖੰਡਨ ਦੀ ਨਾਮੁਰਾਦ ਸੋਚ ਦਾ ਪ੍ਰਗਟਾਵਾ ਹਨ। ਅਜਿਹਾ ਲਿਟਰੇਚਰ ਜੋ ਸਿਖ ਸੱਭਿਆਚਾਰ, ਗੁਰਮਤਿ ਸਿਧਾਤਾਂ ਅਤੇ ਸਿੱਖ ਤਵਾਰੀਖ਼ ਨਾਲੋਂ ਮੂਲ ਰੂਪ ਵਿਚ ਭਿੰਨ ਹੈ, ਦਾ ਪ੍ਰਚਾਰ ਪ੍ਰਸਾਰ ਕੀਤਾ ਜਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ, ਸਿੱਖ ਪਹਿਰਾਵਾ, ਸਿੱਖ ਸ਼ਬਦਾਵਲੀ ਇਹ ਚੀਜ਼ਾਂ ਇਨ੍ਹਾਂ ਲੋਕਾਂ ਵਲੋਂ ਗੁੰਮਰਾਹਕਰਨ ਲਈ ਵਰਤੀਆਂ ਜਾਂਦੀਆਂ ਹਨ। ਮੂਲ ਰੂਪ ਵਿਚ ਇਹ ਇਸ ਤੋਂ ਭਿੰਨ ਪ੍ਰਬੰਧ ਨੂੰ ਜਨਮ ਦੇ ਰਹੇ ਹਨ।

ਤਕੀਏ, ਖ਼ਾਨਗਾਹਾਂ ਅਤੇ ਸਨਾਤਨੀ ਸਾਧਾਂ ਦੀ ਤਰਜ਼ ਤੇ ਪੰਜਾਬ ਦੇ ਹਰ ਪਿੰਡ ਵਿਚ ਡੇਰਾ ਹੈ ਜਿੱਥੇ ਬਹੁਤਾਤ ਵਿਚ ਸਿੱਖ ਧਰਮ ਦੀ ਅੰਦਰੂਨੀ ਅਤੇ ਬਹਿਰੂਨੀ ਸ਼ਕਤੀ ਨੂੰ ਖੰਡਿਤ ਕਰਨ ਲਈ ਇਕ ਮਾਹੌਲ ਤਿਆਰ ਕੀਤਾ ਜਾਂਦਾ ਹੈ। ਪਾਠਾਂ ਦੇ ਫਲ, ਜਪ ਤਪ ਸਮਾਗਮ, ਚੌਪਹਿਰੇ, ਮਾਲਾਵਾਂ ਦੀਆਂ ਕਿਸਮਾਂ, ਧਾਗੇ ਤਵੀਤ, ਗੁਰਮਤਿ ਨੂੰ ਕਰਾਮਾਤੀ ਅਤੇ ਪੌਰਾਣਕ ਵੀਚਾਰਧਾਰਾ ਮੁਤਾਬਕ ਪੇਸ਼ ਕਰਨਾ, ਸਿਖ ਸ਼ਬਦਾਵਲੀ ਦੇ ਅਰਥ ਬਦਲਣੇ ਅਤੇ ਸਨਾਤਨੀ ਵੀਚਾਰਧਾਰਾ ਨਾਲ ਮੇਲ ਕੇ ਗੁਰਬਾਣੀ ਦੇ ਅਰਥ ਕਰਨੇ ਆਦਿ ਸਭ ਕੁਝ ਇਸ ਪ੍ਰਕ੍ਰਿਆ ਦਾ ਹਿੱਸਾ ਬਣਾਇਆ ਹਇਆ ਹੈ। ਕੌਮੀ ਤਾਕਤ ਨੂੰ ਖੇਰੂੰ-ਖੇਰੂੰ ਕਰਨ ਹਿੱਤ ਵੱਡੀ ਪੱਧਰ ’ਤੇ ਇਸ ਲਾਬੀ ਨੂੰ ਸਿੱਧੇ-ਅਸਿੱਧੇ ਢੰਗ ਨਾਲ ਉਹ ਤਾਕਤਾਂ ਸੁਖੈਨ ਹੀ ਵਰਤਦੀਆਂ ਹਨ ਜਿਨ੍ਹਾਂ ਦਾ ਮੁੱਖ ਮਕਸਦ ਗੁਰਮਤਿ ਅਤੇ ਸਿੱਖ ਕੌਮ ਦੀ ਹੋਂਦ ਨੂੰ ਖੋਰਾ ਲਾਉਣਾ ਹੈ। ਦੇਹਧਾਰੀ ਗੁਰੂਆਂ ਦੀ ਫੌਜ ਇਸ ਪਨੀਰੀ ਵਿਚੋਂ ਹੀ ਜਨਮ ਲੈਂਦੀ ਹੈ। ਸਿਧਾਂਤਕ ਖੋਰੇ ਦਾ ਅਤੇ ਪੰਥਕ ਸ਼ਕਤੀ ਦੇ ਖੰਡਨ ਦਾ ਇਹ ਚੀਜ਼ਾਂ ਪਰਤੱਖ ਸਬੂਤ ਹਨ। ਸਿੱਖੀ ਕੀ ਹੈ, ਇਸ ਪ੍ਰਤੀ ਸ਼ੱਕ ਅਤੇ ਦੁਬਿਧਾਵਾਂ ਦਾ ਮਾਇਆਵੀ ਜਾਲ ਬੁਣਿਆਂ ਜਾ ਰਿਹਾ ਹੈ। ਡੇਰੇਦਾਰ, ਦੇਹਧਾਰੀ ਗਰੂ, ਆਰ.ਐ¤ਸ.ਐ¤ਸ. ਵਰਗੀਆਂ ਏਜੰਸੀਆਂ, ਇਸ ਜਾਲ ਨੂੰ ਬੁਣਦੀਆਂ ਅਤੇ ਪੀਡਾ ਕਰਦੀਆਂ ਹਨ।

ਸਿੱਖਾਂ ਦੇ ਧਾਰਮਕ ਆਗੂ ਅਤੇ ਰਾਜਸੀ ਲੀਡਰ ਸੁਆਰਥਾਂ ਅਤੇ ਗਰਜ਼ਾਂ ਦੀ ਨੀਂਦ ਵਿਚ ਘੂਕ ਸੁੱਤੇ ਪਏ ਹਨ। ਨਸ਼ੇ, ਬਦਇਖ਼ਲਾਕੀ, ਸੱਭਿਆਚਾਰ ਦੇ ਨਾਂ ਤੇ ਅਨੈਤਿਕਤਾ, ਭਾਈਚਾਰਕ ਸਾਂਝਾਂ ਨੂੰ ਦੁਫੇੜ ਕਰਦੀਆਂ ਪੋਲੀਟੀਕਲ ਚਾਲਾਂ ਅੱਜ ਪੂਰੀ ਤਰ੍ਹਾਂ ਨਾਲ ਸਿੱਖ-ਵਿਰੋਧੀ ਬੁਣੇ ਜਾਂਦੇ ਜਾਲ ਦੀਆਂ ਤੰਦ ਤਾਣੀਆਂ ਹਨ। ਗੁਰਮਤਿ ਵੀਚਾਰਧਾਰਾ ਜਿਸਨੂੰ ਗੁਰੂ ਸਾਹਿਬਾਨ ਨੇ ਪ੍ਰਚਾਰਨ ਹਿੱਤ ਅਤੇ ਸਥਾਪਤ ਕਰਨ ਹਿਤ ਜੋ ਨਿਯਮ ਤੇ ਪ੍ਰਬੰਧ ਸਿੱਖ ਪੰਥ ਨੂੰ ਸੌਂਪਿਆ ਸੀ ਉਸ ਨੂੰ ਤੋੜਨ ਲਈ ਹੀ ਇਹ ਸਾਰਾ ਕੁਝ ਵਾਪਰ ਰਿਹਾ ਹੈ। ਸਿੱਖ ਵਿਚਾਰਕਾਂ, ਪੰਥ ਦਰਦੀਆਂ ਨੂੰ ਇਸ ਪਾਸੇ ਸੋਚਣ ਦੀ ਜ਼ਰੂਰਤ ਹੈ।