

ਦੇਗ ਤੇਗ ਫਤਿਹ, ਪੰਥ ਕੀ ਜੀਤ
- ਸਿਮਰਦੀਪ
ਸਿੰਘ ਘੁਮਾਣ, ਫਿਲੀਪੀਂਸ -
ਫੋਨ : 0063-9277824759
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਵਾਪਰੇ ਘਟਨਾ ਚੱਕ੍ਰ ਤੋ ਬਾਅਦ ਅੱਜ ਤੱਕ ਕੋਈ ਅਜਿਹਾ ਸਿੱਖ ਲੀਡਰ ਨਹੀਂ ਹੋਇਆ ਜਿਸ ਨੇ ਕੌਮ ਨੂੰ ਯੋਗ ਅਗਵਾਈ ਦਿਤੀ ਹੋਵੇ। ਹਾਂ, ਭਾਈ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਕੋਸ਼ਿਸ ਜਰੂਰ ਕੀਤੀ ਸੀ, ਪਰ ਉਹਨਾਂ ਵੱਲੋਂ ਸਿਆਸੀ ਧਿਰਾਂ ਵੱਲੋਂ ਚਲੀਆਂ ਜਾ ਰਹੀਆਂ ਚਾਲਾਂ ਦੇ ਦੂਰਗਾਮੀ ਨਤੀਜਿਆਂ ਦਾ ਅੰਦਾਜ਼ਾ ਨਾ ਲਗਾ ਪਾਣ ਕਾਰਨ, ਉਨ੍ਹਾਂ ਦੇ ਸਾਥੀਆਂ ਵੱਲੋਂ ਅਰੰਭ ਕੀਤੇ ਗਏ ਹਿਸੰਕ ਸੰਘਰਸ਼ ਦੌਰਾਨ ਸਿੱਖ ਕੌਮ ਦੇ ਫਾਇਦੇ ਦੀ ਥਾਂ ਨੁਕਸਾਨ ਵੱਧ ਹੋ ਗਿਆ। ਇਸ ਵਿੱਚ ਲੱਖਾਂ ਦੀ ਤਾਦਾਦ ਵਿੱਚ ਬੇਸ਼ਕੀਮਤੀ ਨੌਜਵਾਨ ਉਸ ਅੰਨ੍ਹੀ ਲੜਾਈ ਦੀ ਭੇਟ ਚੱੜ ਗਏ, ਜਿਸ ਦਾ ਕੋਈ ਟੀਚਾ ਹੀ ਨਹੀਂ ਸੀ। ਡੱਕੇ ਦਾ ਫਾਇਦਾ ਨਹੀਂ ਹੋਇਆ, ਸਗੋਂ ਕੌਮ ’ਤੇ ਪੂਰੀ ਦੁਨੀਆਂ ਵਿੱਚ ‘ਅੱਤਵਾਦੀ’ ਹੋਣ ਦਾ ਠੱਪਾ ਇਨਾਮ ਵਜੋਂ ਮਿਲਿਆ।
ਅੱਜ ਵੀ ਅਸੀਂ ਬੀਤੇ ਤੋਂ ਕੋਈ ਸਬਕ ਤਾਂ ਕੀ ਸਿੱਖਣਾ ਸੀ ਉਲਟਾ, ਉਸੇ ਕੁੱਝ ਨੂੰ ਦੁਹਰਾਉਣ ਨੂੰ ਫਿਰ ਤਿਆਰ ਬੈਠੇ ਹਾਂ। ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ, ਪਰ ਇਹ ਵੀ ਕਿਥੋਂ ਤੱਕ ਜ਼ਾਇਜ ਹੈ ਕਿ ਅਸ਼ੀ ਸ਼ਹੀਦਾਂ ਦੀ ਤਦਾਦ ਵਿੱਚ ਤਾਂ ਵਾਧਾ ਕਰੀ ਜਾਈਏ ਪਰ ਪ੍ਰਾਪਤੀ ਦੇ ਨਾਂ ’ਤੇ ਸਾਡੇ ਕੋਲ ਕੁਝ ਵੀ ਨਾ ਹੋਵੇ। ਬਾਰ-ਬਾਰ ਇੰਦਰਾਂ ਗਾਂਧੀ, ਐਮ.ਕੇ. ਗਾਂਧੀ, ਨਹਿਰੂ ਅਤੇ ਕੁਝ ਬੇਸਮਝ ਸਿੱਖ ਲੀਡਰਾਂ ਨੂੰ ਕੋਸਣ ਤੋਂ ਇਲਾਵਾ ਜਿਵੇਂ ਸਾਡੇ ਕੋਲ ਕੋਈ ਕੰਮ ਹੀ ਨਹੀਂ। ਜਦਕਿ ਉਹ ਕੌਮ ਦੇ ਖਾਨਦਾਨੀ ਦੁਸ਼ਮਣ ਸਨ ਅਤੇ ਸਭ ਨੂੰ ਪਤਾ ਹੈ ਕਿ ਇੱਕ ਦੁਸ਼ਮਣ ਦਾ ਮਕਸਦ ਆਪਣੇ ਦੁਸ਼ਮਣ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾਣਾ ਹੀ ਹੁੰਦਾ ਹੈ।
ਜੇ ਸਿੱਖ ਕੌਮ ਦਾ ਇਤਿਹਾਸ ਦੇਖੀਏ ਤਾਂ ਇਹ ਕੌਮ ਆਪਣੇ ਦੁਸ਼ਮਣ ਨੂੰ ਉਸ ਦੇ ਘਰ ਜਾ ਕੇ ਮਾਰਨ ਲਈ ਮਸ਼ਹੂਰ ਹੈ। ਜਿਸ ਦੀਆਂ ਸੈਂਕੜੈ ਉਦਾਰਨਾਂ ਹਨ। ਕਿਉਂਕਿ ਕੌਮ ਦੀ ਨੀਂਹ ਹੀ ਹੱਕ, ਸੱਚ ਅਤੇ ਇਨਸਾਫ ਦੀ ਬੁਨਿਆਦ ਤੇ ਖੱੜੀ ਹੈ, ਇਸ ਲਈ ਕੌਮ ਨੂੰ ਕਿਸੇ ਨਾਲ ਧੋਖਾ ਕਰਨਾ ਤਾਂ ਆਉਂਦਾ ਹੀ ਨਹੀਂ। ਇਸਲਈ ਤਾਂ ਇਤਿਹਾਸ ਵਿੱਚ ਇਸ ਤਰ੍ਹਾਂ ਦੀ ਕੋਈ ਉਦਾਹਰਨ ਨਹੀਂ ਮਿਲਦੀ ਕਿ ਕਿਸੇ ਸਿੱਖ ਜਰਨੈਲ ਨੇ ਕਿਸੇ ਵੀ ਆਪਣੇ ਦੁਸ਼ਮਣ ਨਾਲ ਧੋਖਾ ਕੀਤਾ ਹੋਵੇ। ਭਾਈ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਵੀ ਇਸ ਤਰ੍ਹਾਂ ਦੀ ਮਿਸਾਲ ਪੈਦਾ ਕੀਤੀ ਸੀ। ਜੇ ਉਹ ਚਾਹੁੰਦੇ ਤਾਂ ਸਰਕਾਰ ਨਾਲ ਗੰਢਤੁਪ ਵੀ ਕਰ ਸਕਦੇ ਸਨ, ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ, ਇਸ ਨੂੰ ਉਹਨਾਂ ਦੇ ਵਿਰੋਧੀ ਵੀ ਮੰਨਦੇ ਹਨ। ਪਰ ਧੋਖੇ ਤੇ ਚਲਾਕੀ ਵਿੱਚ ਫਰਕ ਹੁੰਦਾ ਹੈ। ਇਹ ਠੀਕ ਹੈ ਕੇ ਕਦੇ-ਕਦੇ ਚਲਾਕੀ ਵੀ ਧੋਖੇ ਦਾ ਰੂਪ ਬਣ ਜਾਂਦੀ ਹੈ ਪਰ ਜਦ ਦੁਸ਼ਮਣ ਹੱਦੋਂ ਵੱਧ ਚਲਾਕ, ਹੱਦੋਂ ਵੱਧ ਧੋਖੇਬਾਜ, ਹੱਦੋਂ ਵੱਧ ਤਾਕਤਵਾਰ, ਬੇ-ਔਕਾਤ, ਨੀਤੀ-ਨਪੁੰਨ, ਹਰ ਤਰ੍ਹਾਂ ਦੇ ਹਥਿਆਰਾਂ ਨਾਲ ਲੈਸ ਹੋਵੇ ਤਾਂ ਉਸ ਨਾਲ ਕਦੇ ਕਦੇ ਧੌਖਾ ਵੀ ਕਰਨਾ ਵੀ ਨਾਜਾਇਜ਼ ਨਹੀਂ।
ਹੁਣ ਸਵਾਲ ਹੈ ਕਿ ਸਿੱਖੀ ਦਾ ਅੱਜ ਸਭ ਤੌਂ ਵੱਡਾ ਦੁਸ਼ਮਣ ਕੌਣ ਹੈ ? ਜੇ ਧਰਮਾਂ ਦੀ ਗੱਲ ਕਰੀਏ ਹਿੰਦੋਸਤਾਨ ਵਿੱਚ ਸ਼ਾਇਦ ਮੁਸਲਿਮ ਅਤੇ ਇਸਾਈ ਧਰਮ ਸਿੱਖੀ ਨਾਲ ਵੈਰ ਨਹੀਂ ਕਮਾ (ਅਪਵਾਦ ਨੂੰ ਛੱਡ ਕੇ) ਸਕਦੇ, ਬੁੱਧ, ਜੈਨ, ਪਾਰਸੀ ਧਰਮ ਦਾ ਹਿੰਦੋਸਤਾਨ ਵਿੱਚ ਕੋਈ ਪ੍ਰਭਾਵਸ਼ਾਲੀ ਵਜੂਦ ਹੀ ਨਹੀਂ। ਹੁਣ ਬਚਿਆ ਹਿੰਦੂ ਧਰਮ, ਜੇ ਪੰਜਾਬ ਤੋਂ ਬਾਹਰ ਹਰਿਆਣਾ, ਦਿੱਲੀ, ਯੂਪੀ, ਉਤਰਾਂਚਲ, ਬਿਹਾਰ, ਝਾਰਖੰਡ, ਮੱਧਪ੍ਰਦੇਸ਼, ਛਤੀਸਗੜ, ਰਾਜਸਥਾਨ, ਮਹਾਰਾਸ਼ਟਰ, ਉੜੀਸਾ ਅਤੇ ਗੁਜਰਾਤ ਦੇਖੀਏ ਤਾਂ ਇਹ ਸਾਰੇ ਸੂਬੇ ਹਿੰਦੂ ਬਹੁਲ ਖੇਤਰ ਹਨ। ਦਾਸ ਨੂੰ ਕਰੀਬ-ਕਰੀਬ ਇਹਨਾਂ ਕੁਝ ਸੂਬਿਆਂ ਦੇ ਪੇਂਡੂ ਇਲਾਕਿਆਂ ਵਿੱਚ ਵਿਚਰਨ ਦਾ ਮੌਕਾ ਮਿਲਿਆ ਸੀ। ਇੱਕ ਸਮਾਨਤਾ ਜੋ ਮੈਂ ਵੇਖੀ ਕਿ ਪੂਰੇ ਦਾ ਪੂਰਾ ਹਿੰਦੂ ਸਮਾਜ ਇਤਨੀ ਬੁਰੀ ਤਰ੍ਹਾਂ ਜਾਤ-ਪਾਤ, ਛੂਆ-ਛਾਤ, ਊਚ-ਨੀਚ ਦੇ ਨਾਂ ਤੇ ਵੰਡਿਆ ਹੈ ਕਿ ਸ਼ਾਇਦ ਇਸ ਸਦੀ ਵਿੱਚ ਤਾਂ ਇਹ ਸੁਧਾਰ ਅਸੰਭਵ ਹੈ। ਸਾਰਿਆਂ ਲਈ ਰਾਮ ਅਤੇ ਕ੍ਰਿਸ਼ਨ ਅਤੇ ਤਮਾਮ ਦੇਵੀ-ਦੇਵਤੇ ਸਤਿਕਾਰ ਦੇ ਪਾਤਰ ਨਹੀਂ ਹਨ। ਜਦ ਬਹਿਸ ਚਲਦੀ ਹੈ ਤਾਂ 10 ਵਿੱਚੋਂ 4 ਇਨ੍ਹਾਂ ਪਾਤਰਾਂ ਦੀ ਹੋਂਦ ’ਤੇ ਹੀ ਸਵਾਲ ਖੜ੍ਹਾ ਕਰ ਦਿੰਦੇ ਹਨ (ਤਾਮਿਲਨਾਡ ਦੇ ਮੁੱਖ ਮੰਤਰੀ ਐਮ. ਕੁਰਨਾਨਿਧੀ ਇਸ ਦੀ ਉਦਾਹਰਨ ਹਨ)। ਇਸ ਦੇ ਨਾਲ-ਨਾਲ ਹਿੰਦੂ-ਮੁਸਲਿਮ, ਹਿੰਦੂ-ਇਸਾਈ ਦੇ ਝਗੜੇ ਆਮ ਹਨ।
ਜੇ ਕਿਸੇ ਧਰਮ ਦੀ ਇੱਜ਼ਤ ਹੈ ਤਾਂ ਸਿੱਖ ਧਰਮ ਹੈ। ਦਿੱਲੀ ਨੂੰ ਛੱਡ ਕੇ ਮੇਰੇ 10 ਸਾਲ ਦੇ ਕੈਰੀਅਰ ਵਿੱਚ ਕੋਈ ਅਜਿਹਾ ਬੰਦਾ ਨਹੀਂ ਮਿਲਿਆ ਜਿਸ ਨੇ 84 ਦੇ ਦੰਗਿਆਂ/ਦਰਬਾਰ ਸਾਹਿਬ ਤੇ ਹਮਲੇ ਦੀ ਹਮਾਇਤ ਕੀਤੀ ਹੋਵੇ। ਜਿਆਦਾਤਰ ਮੁਸਲਿਮ ਤਾਂ ਇਹੀ ਸੋਚਦੇ ਹਨ ਕਿ ਸਰਕਾਰੀ / ਹਿੰਦੂ ਅੱਤਵਾਦ (ਭਾਰਤ ਵਿੱਚ ਅੱਜ ਜਿਆਦਾ ਸ਼ਿਕਾਰ ਮੁਸਿਲਮ ਹਨ) ਨੂੰ ਜੇ ਕੋਈ ਟੱਕਰ ਦੇ ਸਕਦਾ ਹੈ, ਤਾਂ ਉਹ ਸਿੱਖ ਕੌਮ ਹੀ ਹੈ। ਇਹ ਅਲੱਗ ਗੱਲ ਹੈ ਕਿ ਇਸ ਜ਼ਬਰ ਨੇ ਸਭ ਤੋਂ ਜਿਆਦਾ ਨੁਕਸਾਨ ਸਿੱਖ ਕੌਮ ਦਾ ਹੀ ਕੀਤਾ ਹੈ।
ਅੱਜ ਸਿੱਖੀ ਨੂੰ ਖਤਰਾ ਹੈ ਤਾਂ ਹਿੰਦੂਵਾਦੀ ਜਮਾਤ ਆਰ.ਐਸ.ਐਸ. ਅਤੇ ਭਾਜਪਾ ਤੋਂ ਸਭ ਤੋਂ ਜਿਆਦਾ ਹੈ ਕਿਉਂਕਿ ਇਹਨਾਂ ਦਾ ਏਜੰਡਾਂ ਬੁੱਧ/ਜੈਨ ਧਰਮ ਦੀ ਤਰ੍ਹਾਂ ਸਿੱਖ ਧਰਮ ਨੂੰ ਵੀ ਆਪਣੀ ਬੁੱਕਲ ਵਿੱਚ ਸਮਾਣਾ ਹੈ ਕਿਉਂਿਕ ਸਿੱਖ ਧਰਮ ਹੀ ਹੈ ਜੋ ਇਹਨਾਂ ਨੂੰ ਕਦੇ ਵੀ ਚੈਲੰਜ ਕਰ ਸਕਦਾ ਹੈ। ਇਸ ਲਈ ਇਹ ਜਮਾਤਾਂ ਸਾਮ-ਦਾਮ, ਦੰਡ-ਭੇਦ, ਹਰ ਤਰ੍ਹਾਂ ਦਾ ਹਰਵਾ ਵਰਤ ਕੇ ਜਲਦੀ ਤੋਂ ਜਲਦੀ ਆਪਣਾ ਮਕਸਦ ਪੂਰਾ ਕਰਨਾਂ ਚਾਹੁੰਦੀਆਂ ਹਨ। ਕਿਉਂਕਿ ਅੰਗਰੇਜ਼ਾਂ ਦੇ ਦੇਸ਼ ਛੱਡਣ ਦੇ ਆਸਪਾਸ ਇੱਕ ਅਜਿਹਾ ਮੌਕਾ ਵੀ ਸਿੱਖ ਕੌਮ ਦੇ ਸਾਹਮਣੇ ਆਇਆ ਸੀ, ਜਦ ਸਿੱਖ ਆਪਣਾ ਆਜ਼ਾਦ ਖਿੱਤਾ ਲੈ ਸਕਦੇ ਸਨ, ਪਰ ਕੁਝ ਕੁ ਬੇਵਕੁਫ, ਬੇਸਮਝ ਅਤੇ ਕੁਝ ਲਾਲਚੀ /ਮੌਕਾਪ੍ਰਸਤ ਸਿੱਖ ਲੀਡਰਾਂ ਨੇ ਇਸ ਦਾ ਫਾਇਦਾ ਕੌਮ ਨੂੰ ਨਹੀਂ ਲੈਣ ਦਿਤਾ। ਨਤੀਜਾ, ਅੱਜ ਅਸੀਂ ਕੌਮ ਦੇ ਵਜੂਦ ਦੀ ਲੜਾਈ ਲੜ ਰਹੇ ਹਾਂ। ਹੁਣ ਇਨ੍ਹਾਂ ਜਮਾਤਾਂ ਦਾ ਅਸਲੀ ਮਕਸਦ ਹੀ ਇਹ ਹੈ ਕਿ ਅੱਗੇ ਤੋਂ ਕੋਈ ਵੀ ਅਜਿਹੀ ਨੌਬਤ ਹੀ ਨਾ ਆਣ ਦਿਤੀ ਜਾਵੇ ਅਤੇ ਸਿੱਖ ਆਪਣੀ ਵੱਖਰੀ ਹੋਂਦ ਤੋਂ ਵੀ ਚਲ੍ਹੇ ਜਾਣ।
ਕਿਉਂਕਿ ਸਿੱਖ ਕੌਮ ਦਾ ਜਨਮ ਹੀ ਮਨੁੱਖਤਾ ਦੀ ਭਲਾਈ ਲਈ ਹੋਇਆ ਸੀ, ਇਸ ਲਈ ਇਹ ਸ਼ੁਰੂ ਤੋਂ ਹੀ ਬ੍ਰਾਹਮਣਵਾਦੀਆਂ ਦੀਆਂ ਅੱਖਾਂ ਵਿੱਚ ਰੜਕਦਾ ਹੈ। ਇਤਿਹਾਸ ਗਵਾਹ ਹੈ, ਬ੍ਰਾਹਮਣ ਨੇ ਕਦੇ ਵੀ ਕਿਸੇ ਨਾਲ ਸਿੱਧੀ ਲੜਾਈ ਨਹੀਂ ਲੜੀ (ਨਾ ਲੜ ਹੀ ਸਕਦਾ ਹੈ)। ਇਹ ਜਿਨ੍ਹਾਂ ਧਰਮ ਗ੍ਰੰਥਾਂ (ਮਹਾਭਾਰਤ, ਰਮਾਇਣ, ਬੇਦ-ਪੁਰਾਣ ਆਦਿ) ਦੀ ਪੂਜਾ ਕਰਦਾ ਹੈ, ਇਹ ਵੀ ਇਹਨਾਂ ਨੂੰ ਮੌਕਾਪ੍ਰਸਤੀ ਅਤੇ ਧੋਖਾਧੜੀ ਹੀ ਸਿਖਾਉਂਦੇ ਹਨ (ਜੇ ਯਕੀਨ ਨਹੀਂ ਤਾਂ ਪੜ੍ਹ ਕੇ ਵੇਖ ਲਓ)। ਇੰਦਰਾ ਗਾਂਧੀ ਨੇ ਸਿੱਖਾਂ ਨਾਲ ਜਦ ਤੱਕ ਅੰਦਰਖਾਤੇ ਦੁਸ਼ਮਣੀ ਕੀਤੀ ਉਦੋਂ ਤੱਕ ਉਹ ਕਾਮਯਾਬ ਸੀ, ਪਰ ਆਰ.ਐਸ.ਐਸ. ਅਤੇ ਭਾਜਪਾ ਦੀ ਚੁੱਕ (ਅਡਵਾਨੀ ਦੀ ਕਿਤਾਬ ਪੜ੍ਹ ਕੇ ਵੇਖ ਲਓ) ਨੇ ਉਸ ਨੂੰ ਹੰਕਾਰੀ ਬਣਾ ਦਿਤਾ, ਜਿਸ ਦਾ ਖਮਿਆਜ਼ਾ ਸਿੱਖ ਕੌਮ ਦੇ ਨਾਲ-ਨਾਲ ਉਸ ਨੂੰ ਵੀ ਭੁਗਤਣਾ ਪਿਆ। ਹੁਣ ਸ਼ਾਇਦ ਹੀ ਇਹ ਪਰਵਾਰ ਸਿੱਖ ਕੌਮ ਦੇ ਨਾਲ ਲੜਨ ਦੇ ਚੱਕਰ ਵਿਚ ਪਵੇ। ਇਹ ਅਲੱਗ ਗਲ੍ਹ ਹੈ ਉਸ ਦੀਆਂ ਪਾਈਆਂ ਪੈੜਾਂ ਜਲਦੀ ਕਿਤੇ ਨਹੀਂ ਮਿਟਣੀਆਂ।
ਅੱਗੇ ਜੇ ਆਪਾਂ ਅਕਾਲੀ (ਅਕਲ ਤੋਂ ਖਾਲੀ) ਦਲ ਦੀ ਗੱਲ ਕਰੀਏ ਤਾਂ ਸ਼ਾਇਦ ਇਹਨਾਂ ਵਿੱਚ ਅੱਜ ਤੱਕ ਕੋਈ ਸਿਆਣਾ ਲੀਡਰ ਹੋਇਆ ਹੀ ਨਹੀਂ। ਇਹਨਾਂ ਨੇ ਕਦੇ ਕੋਈ ਵੀ ਫੈਸਲਾ ਸੋਚ ਸਮਝ ਕਿ ਲਿਆ ਹੀ ਨਹੀਂ। ਜਦ ਜੋ ਮਿਲਦਾ ਸੀ, ਉਸ ਸਮੇਂ ਲਿਆ ਨਹੀਂ, ਬਾਅਦ ਵਿੱਚ ਉਸ ਦਾ 1-2% ਲੈਣ ਲਈ ਬਗੈਰ ਸੋਚੇ ਮੋਰਚਾ ਲਾ ਦੇਣਾ, ਇਨ੍ਹਾਂ ਦਾ ਧਰਮ ਬਣ ਗਿਆ। ਉਹ ਵੀ ਜੇ ਲਿਆ ਤਾਂ ਅੱਧ-ਅਧੂਰਾ। ਪੰਜਾਬੀ ਸੂਬਾ, ਪੰਜਾਬੀ ਭਾਸ਼ਾ ਬੋਲਦੇ ਇਲਾਕੇ, ਪਾਣੀਆਂ ਦਾ ਮੁੱਦਾ, ਚੰਡੀਗੜ੍ਹ, ਅਨੰਦਪੁਰ ਦਾ ਮਤਾ ਆਦਿਕ ਅਧੂਰੇ ਮਸਲੇ ਅਕਾਲੀਆਂ ਦੀ ਇਸ ਫੇਲ੍ਹ ਨੀਤੀ ਦੇ ਜੀਵੰਤ ਉਦਾਹਰਨ ਹਨ। ਅਜ਼ਾਦੀ (ਸਿੱਖਾਂ ਲਈ ਗੁਲਾਮੀ) ਤੋਂ ਪਹਿਲਾਂ ਦੇ ਮੋਰਚਿਆਂ ਦੀ ਸਫ਼ਲਤਾ ਦਾ ਸਿਹਰਾ ਅੰਗਰੇਜ਼ਾ ਦੀ ਨਿਆਂਇਕ ਪ੍ਰਣਾਲੀ ਨੂੰ ਵੱਧ ਜਾਂਦਾ ਹੈ, ਉਸ ਸਮੇਂ ਵੀ ਜੇ ਅਜ਼ਾਦੀ (ਸਿੱਖਾਂ ਲਈ ਗੁਲਾਮੀ) ਤੋਂ ਬਾਅਦ ਵਾਲੀ ਸਰਕਾਰ ਹੁੰਦੀ, ਤਾਂ ਤੁਸ਼ੀ ਕਲਪਨਾ ਕਰ ਕੇ ਵੇਖੋ ਕੀ ਮਿਲਦਾ ! ਸ਼ਾਇਦ ਕੁਝ ਨਹੀਂ, ਸਗੋਂ ਮਹੰਤ ਨਰੈਣੂ ਵਰਗੇ ਨਿਹੰਗ ਅਜੀਤ ਸਿੰਘ ਪੂਹਲਾ ਦੀ ਤਰ੍ਹਾਂ ਸਰਕਾਰੀ ਸਰਪ੍ਰਸਤੀ ਵਿੱਚ ਪਲਦੈ।
ਜੇ ਅੱਜ ਤੱਕ ਕਿਸੇ ਨੇ ਸਿੱਖ ਧਰਮ ਦਾ ਸੱਭ ਤੋਂ ਵੱਧ ਨੁਕਸਾਨ ਕੀਤਾ ਹੈ ਤਾਂ ਉਹ ਹੈ ਕਥਿਤ ‘ਸਿੱਖ ਸਿਆਸਤ’, ਜਿਸ ਨੇ ਸਭ ਕੁਝ ਗੁਆਇਆ ਹੀ ਗੁਆਇਆ ਹੈ, ਕੋਈ ਪ੍ਰਾਪਤੀ ਨਹੀਂ ਕੀਤੀ ਕਿਉਂਕਿ ਸਿੱਖ ਸਿਆਸਤ ਵਿੱਚ ਅੱਜ ਵੀ ਬਾਦਲ ਪਰਵਾਰ ਹੀ ਮੋਹਰੀ ਹੈ ਅਤੇ ਇਸ ਦੀ ਸਾਰੀ ਜ਼ਿੰਮੇਵਾਰੀ ਵੀ ਇਸ ’ਤੇ ਹੀ ਆਉਂਦੀ ਹੈ। ਇਸ ਵਿੱਚ ਵੀ ਜੇ ਪਹਿਲਾ ਨੰਬਰ ਜੇ ਕਿਸੇ ਦਾ ਹੈ ਤਾਂ ਓਹ ਸ: ਪ੍ਰਕਾਸ਼ ਸਿੰਘ ਬਾਦਲ ਹੀ ਹਨ।
ਜੇ ਪ੍ਰਕਾਸ਼ ਸਿੰਘ ਬਾਦਲ ਦੇ ਰਾਜਨੀਤਕ ਕੈਰੀਅਰ ’ਤੇ ਝਾਤ ਮਾਰੀਏ ਤਾਂ ਇਸ ਦਾ ਪੂਰਾ ਦਾ ਪੂਰਾ ਕੈਰੀਅਰ ਹੀ (ਕੌਮ ਪ੍ਰਤੀ) ਸ਼ੱਕ ਦੇ ਦਾਇਰੇ ਵਿਚ ਆ ਜਾਂਦਾ ਹੈ। ਇਹ ਬੰਦਾ ਭਾਰਤ ਦੀ ਅਜ਼ਾਦੀ (ਸਿੱਖਾਂ ਦੀ ਗੁਲਾਮੀ) ਤੋਂ ਬਾਅਦ ਲਗਭਗ ਸਾਰੇ ਪੁਰਾਣੇ ਸਿੱਖ ਲੀਡਰਾਂ ਨਾਲ ਰਿਹਾ ਹੈ, ਪਰ ਫਿਰ ਵੀ ਇਸ ਬੰਦੇ ਨੇ ਇੱਕ ਵੀ ਕੰਮ ਕੌਮ ਦੀ ਭਲਾਈ ਦਾ ਨਹੀਂ ਕੀਤਾ। ਉਲਟਾ ਕੌਮ ਦੇ ਸ਼ਾਇਦ ਸਭ ਤੋਂ ਮਾੜੇ ਸਮੇਂ ਵਿੱਚ ਇਸ ਦੀਆਂ ਹਰਕਤਾਂ ਕੁੱਝ ਹੋਰ ਹੀ ਕਹਾਣੀ ਬਿਆਨ ਕਰਦੀਆਂ ਹਨ।
ਇਹ ਬਾਦਲ ਧਰਮਯੁੱਧ ਮੋਰਚੇ ਦੇ ਮੋਢੀ ਆਗੂਆਂ ਵਿੱਚ ਸੀ, ਜਿਸ ਦੀਆਂ ਸਾਰੀਆਂ ਮੰਗਾਂ ਤੋਂ ਅੱਜ ਇਹੀ ਖ਼ੁਦ ਹੀ ਬਾਗੀ ਹੋਇਆ ਪਿਆ ਹੈ। ਨਕਲੀ ਨਿਰੰਕਾਰੀ ਲਹਿਰ ਇਸ ਦੀ ਪਹਿਲੀ ਸਰਕਾਰ ਦੀ ਦੇਣ ਸੀ, ਜਿਸ ਨੇ ਪੰਜਾਬ ਵਿੱਚ ਬਹੇ ਲਹੂ ਦੇ ਦਰਿਆ ਦਾ ਮੁੱਢ ਬੰਨਿਆ। ਇਸ ਲਹਿਰ ਨੂੰ ਗਤੀ ਦੇਣ ਲਈ ਇਸ ਨੇ ਨਿਰੰਕਾਰੀ ਲਹਿਰ ਨੂੰ ਮੰਨਣ ਵਾਲੇ ਮੁੱਖ ਅਫ਼ਸਰਾਂ ਦੀ ਡਿਉਟੀ ਉਹਨਾਂ ਦੀਆਂ ਮਨ-ਭਾਉਂਦੀਆਂ ਥਾਂਵਾਂ ’ਤੇ ਲਾ ਦਿਤੀ। ਜਦ ਨਰਕਧਾਰੀਆਂ ਦਾ ਟਾਕਰਾ ਕਰਨ ਲਈ ਭਾਈ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਲਹਿਰ ਵਿੱਢੀ ਤਾਂ ਇਹਨਾਂ ਅਫ਼ਸਰਾਂ ਵੱਲੋਂ ਉਸ ਨੂੰ ਕਾਂਗਰਸ ਦਾ ਏਜੰਟ ਪ੍ਰਚਾਰਿਆ ਗਿਆ। ਇਹ ਅਲੱਗ ਗੱਲ ਹੈ ਕਿ ਉਹ ਇੱਕ ਸੱਚਾ ਸੁੱਚਾ ਸੰਤ-ਸਿਪਾਹੀ ਹੀ ਸੀ, ਜੋ ਆਪਣੀ ਸ਼ਹੀਦੀ ਨਾਲ ਇਸ ਦਾਗ ਨੂੰ ਵੀ ਧੋ ਗਿਆ। ਉਹ ਦਿਨ ਦੂਰ ਨਹੀਂ ਜਦ ਇਸ ਦੇ (ਬਾਦਲ) ਦੇ ਸਾਥੀਆਂ (ਸੰਤ ਲੰਗੌਵਾਲ, ਟੌਹੜਾ, ਬਲਵੰਤ ਸਿੰਘ, ਤਲਵੰਡੀ) ਦੀਆਂ ਉਸ ਸਮੇਂ ਦੀ ਕੇਂਦਰ ਸਰਕਾਰ ਨੂੰ ਲਿਖੀਆਂ (ਦਰਬਾਰ ਸਾਹਿਬ ਤੇ ਹਮਲਾਂ ਕਰਨ ਦੀ ਕਲੀਅਰੰਸ) ਗੁਪਤ ਚਿੱਠੀਆਂ ਕਿਸੇ ਸਮੇਂ ਪੰਥ ਨੂੰ ਉਪਲਬਧ ਹੋਣਗੀਆਂ ਅਤੇ ਸੱਚ ਸਾਹਮਣੇ ਅਏਗਾ।
ਦਰਬਾਰ ਸਾਹਿਬ ’ਤੇ ਹਮਲੇ ਸਮੇਂ ਬਾਦਲ ਦੁਆਰਾ ਬੀ.ਬੀ.ਸੀ. ਲੰਡਨ ਤੋਂ ਦਿਤੀ ਤਕਰੀਰ ਜਿਸ ਵਿੱਚ ਭਾਰਤੀ ਸਿੱਖ ਫੌਜੀਆਂ ਨੂੰ ਬੈਰਕਾਂ ਛੱਡਣ ਦੀ ਆਪੀਲ ਕੀਤੀ ਗਈ ਸੀ, ਕੀ ਸੀ? ਪੰਜਾਬ ਦਾ ਪਾਣੀ ਹਰਿਆਣੇ ਨੂੰ ਦੇਣ ਬਦਲੇ ਕਰੋੜਾਂ ਦੀ ਲਈ ਰਿਸ਼ਵਤ ਦੇ ਇਲਜ਼ਾਮ ਬਾਰੇ ਵੀ (ਇਸ ਬੰਦੇ ਨੇ ਕਦੇ ਕੋਈ ਖੰਡਨ ਨਹੀਂ ਕੀਤਾ) ਕੀ ਸੀ? ਇਤਿਹਾਸ ਵਿੱਚ ਇਹ ਪ੍ਰਵਾਰ ਅੰਗਰੇਜ਼ਾਂ ਦਾ ਪਿੱਠੂ ਰਿਹਾ ਹੈ ਅਤੇ ਅੰਗਰੇਜ਼ਾਂ ਵਿੱਰੁਧ ਲੱਗਣ ਵਾਲੇ ਮੋਰਚਿਆਂ ਵਿੱਚ ਸ਼ਾਮਲ ਸਿੱਖਾਂ ਨੂੰ ਮਾਰਨ ਲਈ ਇਸ ਦੇ ਵਡੇਰਿਆਂ ਵੱਲੋਂ ਖੂਹਾਂ/ ਟੋਬਿਆਂ ਵਿੱਚ ਜ਼ਹਿਰ ਘੋਲ ਦਿਤਾ ਜਾਂਦਾ ਸੀ।
ਇਹ ਪਰਿਵਾਰ ਪੱਕਾ ਮੂਰਤੀ-ਪੂਜਕ ਹੈ । ਬੀਬੀ ਸੁਰਿੰਦਰ ਕੌਰ ਬਾਦਲ ਹਰ ਤਰ੍ਹਾਂ ਦੇ ਬਾਬਿਆਂ ਦੀ ਦੀਵਾਨੀ ਹੈ। ਉਸ ਦਾ ਸਰਸੇ ਵਾਲੇ, ਨੂਰਮਹਿਲੀਏ, ਭਨਿਆਰੇ ਵਾਲੇ, ਪਤਾ ਨੀ ਹੋਰ ਕਿੰਨੇ ਕੁ ਸਿੱਖ- ਵਿਰੋਧੀ ਬਾਬਿਆਂ ਨਾਲ ਅੰਦਰਖਾਤੇ ਸਬੰਧ ਹਨ।
ਬਾਕੀ ਇਹਨਾਂ ਦੀਆਂ ਰਿਸ਼ਤੇਦਾਰੀਆਂ ਬਾਰੇ ਜ਼ਿਆਦਾ ਲਿਖਣ ਦੀ ਲੋੜ ਨਹੀਂ, ਸਭ ਨੂੰ ਪਤਾ ਹੀ ਹੈ। ਸੁਖਬੀਰ ਬਾਦਲ ਜਿਹਨਾਂ ਸਕੂਲਾਂ/ਕਾਲਜ਼ਾਂ ਵਿੱਚ ਪੜਿਆ ਹੈ, ਉਹਨਾਂ ਤੋਂ ਸਿੱਖ ਕੌਮ ਬਾਰੇ ਚੰਗਾ ਸਿਖਾਉਣ ਦੀ ਉਮੀਦ ਕਰਨਾ ਹੀ ਵੇਬਕੂਫੀ ਹੈ। ਸੁਖਬੀਰ ਦੀ ਧਰਮ ਪਤਨੀ ਬੀਬੀ ਹਰਸਿਮਰਤ ਬਾਦਲ ਉਸ ਮਜੀਠਿਆ ਪ੍ਰਵਾਰ ਨਾਲ ਸਬੰਧ ਰੱਖਦੀ ਹੈ, ਜਿਸ ਦੇ ਵਡੇਰਿਆਂ (ਯੋਧ ਸਿੰਘ ਮਜੀਠਿਆ) ਨੇ ਸਿੱਖ ਕੌਮ ਨਾਲ ਧ੍ਰੋਹ ਕਮਾਇਆ ਹੈ। ਗੱਲ ਕੀ, ਕੌਮ ਨਾਲ ਗੱਦਾਰੀ ਕਰਨ ਦੀ ਇਸ ਪਰਵਾਰ ਦੇ ਹਰ ਮੈਂਬਰ ਕੋਲ ਜਰੂਰੀ ਯੋਗਤਾ ਹੈ ਜਾਂ ਇਉਂ ਕਹਿ ਲਵੋ ਕਿ ਗਦਾਰੀ ਵਿੱਚ ਇਸ ਪ੍ਰਵਾਰ ਦੇ ਹਰ ਮੈਂਬਰ ਕੋਲ ਪੀ.ਐਚ.ਡੀ. ਦੀ ਡਿਗਰੀ ਹੈ।
ਸਿਆਣੇ ਕਹਿੰਦੇ ਹਨ ਕਿ ਚੰਗੇ ਕਰਮ ਕਰਨ ਵਾਲਿਆ ਨਾਲੋਂ ਮੰਦੇ ਕਰਮ ਕਰਨ ਵਾਲੇ ਜ਼ਿਆਦਾ ਚਾਲਾਕ ਹੁੰਦੇ ਹਨ। ਇਹ ਹਕੀਕਤ ਵੀ ਇਸ ਬੰਦੇ ਤੇ ਢੁੱਕਦੀ ਹੈ। ਇਸ ਬੰਦੇ ਨੇ ਹਰ ਹਰਬਾ ਵਰਤ ਕੇ ਅਕਾਲੀ (ਅਕਲ ਤੋਂ ਖਾਲੀ) ਦਲ ਵਿੱਚ ਥੋੜੇ ਬਹੁਤ ਜੋ ਚੰਗੇ ਲੀਡਰ ਬਚੇ ਸਨ ੳਹਨਾਂ ਨੂੰ ਜਾਂ ਤਾਂ ਦਲ ’ਚੋਂ ਕੱਢ ਮਾਰਿਆ ਜਾਂ ਫਿਰ ਆਪਣੇ ਨਾਲ ਤੁਰਨ ਲਈ ਮਜਬੂਰ ਕਰ ਲਿਆ। ਅੱਜ ਉਹ ਇਸ ਦੇ ਹਰ ਕਦਮ ਨੂੰ ਮੰਨਣ ਲਈ ਮਜਬੂਰ ਹਨ ਭਾਵ ਉਨ੍ਹਾਂ ਦੀ ਆਤਮਾਂ ਜਾਂ ਤਾਂ ਮਰ ਚੁੱਕੀ ਹੈ ਜਾਂ ਫਿਰ ਆਖਰੀ ਸਾਹਾਂ ’ਤੇ ਹੈ। ਕਿਉਂਕਿ ਹੁਣ ਕੋਈ ਰੋਕਣ ਟੋਕਣ ਵਾਲਾ ਨਹੀਂ ਬਚਿਆ, ਇਸ ਲਈ ਇਹ ਆਪਣੀ ਅਸਲੀ ਔਕਾਤ ਵਿੱਚ ਆ ਗਿਆ ਹੈ।
ਦੂਜੇ ਅਕਾਲੀ ਦਲਾਂ - ਜਿਨ੍ਹਾਂ ਵਿੱਚ ਸਿਮਰਨਜੀਤ ਸਿੰਘ ਮਾਨ, ਦਲਜੀਤ ਸਿੰਘ ਬਿੱਟੂ ਜਾਂ ਹੁਣੇ-ਹੁਣੇ ਸਿਅਸੀ ਤੌਰ ’ਤੇ ਹੋਂਦ ਵਿੱਚ ਆਏ ਸੁਰਜੀਤ ਸਿੰਘ ਬਰਨਾਲਾ (ਪਤਨੀ, ਬੇਟੇ ਗਗਨਜੀਤ) ਦੇ ਅਕਾਲੀ ਦਲ (ਬਾਕੀਆਂ ਦਾ ਪੰਜਾਬ ਕੋਈ ਅਧਾਰ ਨਹੀਂ) ਪ੍ਰਮੁੱਖ ਹਨ - ਦਾ ਕੀ ਨਿਸ਼ਾਨਾ ਹੈ, ਕੋਈ ਬਹੁਤਾ ਸਪਸ਼ਟ ਨਹੀਂ ਹੈ। ਉਹ ਵੀ ਸਮਾਂ ਸੀ ਜਦ ਸਿਮਰਨਜੀਤ ਸਿੰਘ ਮਾਨ ਨੇ ਰਾਤੋ-ਰਾਤ ਇਤਨੀ ਪ੍ਰਸਿੱਧੀ ਪ੍ਰਾਪਤ ਕਰ ਲਈ ਕਿ ਜਿਸ ਤੱਕ ਪੁਹੰਚਣ ਲਈ ਬਾਦਲ ਨੂੰ ਦਹਾਕੇ ਲੱਗੇ ਹੋਣਗੇ। ਪਰ ਕਹਿੰਦੇ ਹਨ ਕਿ ਸਫ਼ਲਤਾ ਨੂੰ ਪਚਾਉਣਾ ਵੀ ਕਿਸੇ-ਕਿਸੇ ਨੂੰ ਹੀ ਆਉਂਦਾ ਹੈ। ਲਗਦਾ ਨਹੀਂ ਕਿ ਸਿਮਰਨਜੀਤ ਸਿੰਘ ਮਾਨ ਨੂੰ ਕਦੇ ਅਕਲ ਆਏਗੀ। ਠੀਕ ਹੈ ਕਿ ਉਸ ਨੇ ਕੌਮ ਲਈ ਕੁਰਬਾਨੀ ਦਿਤੀ ਸੀ, ਉਸ ਦੀ ਇਮਾਨਦਾਰੀ ਤੇ ਵੀ ਕੋਈ ਸ਼ੱਕ ਨਹੀਂ ਕਰ ਸਕਦਾ। ਪਰ ਉਹ ਸਿਆਸਤ ਦੇ ਲਾਇਕ ਨਹੀਂ ਹੈ ਕਿਉਂਕਿ ਉਹ ਦੂਜਿਆਂ ਨੂੰ ਨਾਲ ਲੈ ਕੇ ਨਹੀਂ ਚੱਲ ਸਕਦਾ। ਜੇ ਉਹ ਘਰ ਬੈਠ ਜਾਵੇ ਤਾਂ ਇਸ ਤੋਂ ਚੰਗਾ ਉਸ ਲਈ (ਕੌਮ ਲਈ ਵੀ) ਹੋਰ ਕੁਝ ਨਹੀਂ ਹੋ ਸਕਦਾ। ਭਾਵ, ਉਸ ਦਾ ਸਮਾਂ ਨਿਕਲ ਗਿਆ ਹੈ ਇਸ ਗੱਲ ਨੂੰ ਜੇ ਸਮਝ ਲਵੇ ਤਾਂ ਸਾਇਦ ਇਹ ਵੀ ਉਸ ਦੁਆਰਾ ਕੌਮ ਦੀ ਸੇਵਾ ਦੇ ਸਮਾਨ ਹੋਵੇਗਾ।
ਦੂਸਰੇ ਹਨ ਦਲਜੀਤ ਸਿੰਘ ਬਿੱਟੂ ਜਿਨ੍ਹਾਂ ਨੂੰ ਕੁਝ ਸਵਾਲਾਂ ਦੇ ਜੁਵਾਬ ਕੌਮ ਨੂੰ ਦੇਣੇ ਚਾਹੀਦੇ ਹਨ। ਮਸਲਨ ਪੰਥਕ ਕਮੇਟੀ (ਡਾ: ਸੋਹਣ ਸਿੰਘ) ਦੇ ਲਏ ਫ਼ੈਸਲਿਆਂ ਵਿੱਚ ਇਨ੍ਹਾਂ ਦਾ ਕੀ ਰੋਲ ਸੀ। ਜੇ ਹਜ਼ਾਰਾਂ ਨੌਜਵਾਨ ਖਾੜਕੂ ਮੌਤ ਦੇ ਘਾਟ ਉਤਾਰ ਦਿਤੇ ਗਏ, ਤਾਂ ਉਹਨਾਂ ਨੌਜਵਾਨ ਖਾੜਕੂਆਂ ਦੀ ਅਗਵਾਈ ਕਰਨ ਵਾਲੇ (ਬਿੱਟੂ) ਕਿਵੇਂ ਛੁੱਟ ਗਏ, ਜਦਕਿ ਬਹੁਤ ਸਾਰੇ ਅਜੇ ਵੀ ਜ੍ਹੇਲਾਂ ਵਿੱਚ ਰੁਲ ਰਹੇ ਹਨ। ਕੀ ਕੋਈ ਸਾਜ਼ਿਸ ਤਾਂ ਨਹੀਂ…? ਫਿਰ ਜੇ ਉਨ੍ਹਾਂ (ਬਿੱਟੂ) ਦੀ ਪਹਿਲੀ ਪਾਰੀ ਵਿੱਚ ਕੋਈ ਪ੍ਰਾਪਤੀ ਨਹੀਂ, ਫਿਰ ਦੂਸਰੀ ਦਾ ਮੌਕਾ ਕਿਉਂ ਮੰਗ ਰਹੇ ਹਨ?
ਸੁਰਜੀਤ ਸਿੰਘ ਬਰਨਾਲਾ ਲਈ ਵੀ ਕੌਮ ਦੇ ਬਹੁਤ ਸਾਰੇ ਸਵਾਲ ਹਨ। ਜਿਵੇਂ ਰਾਜਪਾਲੀਆਂ/ਮੁੱਖ ਮੰਤਰੀਆਂ ਕਰ-ਕਰ ਕੇ ਉਨ੍ਹਾਂ ਦਾ ਢਿੱਡ ਕਿੱਥੋਂ ਕੁ ਖਾਲੀ ਰਹਿ ਗਿਆ, ਲੌਂਗੋਵਾਲ ਦਾ ਲੰਗੜਾ ਸਮਝੌਤਾ, ਪਾਣੀਆਂ ਦਾ ਮੁੱਦਾ ਆਦਿਕ ਬਹੁਤ ਸਾਰੇ ਮੁੱਦਿਆਂ ਤੇ ਕੌਮ ਨਾਲ ਗੱਦਾਰੀ ਹਨ।… ਭਾਵ ਇਹ ਲੀਡਰ ਕਿਸੇ ਕੰਮ ਦੇ ਨਹੀਂ। ਇਹਨਾਂ ਤੋਂ ਕੌਮ ਦੀ ਭਲਾਈ ਦੀ ਆਸ ਕਰਨੀ ਅੰਨ੍ਹਿਆਂ ਤੋਂ ਵੇਦ ਪੜ੍ਹਾਉਣ ਸਮਾਨ ਹੈ।
ਇੱਕ ਹੋਰ ਧਿਰ ਵੀ ਹੈ ਜੋ ਪੰਜਾਬ ਵਿੱਚ ਸਥਾਪਤ ਹੋਣ ਲਈ ਹੱਥ ਪੈਰ ਮਾਰ ਰਹੀ ਹੈ - ਲੋਕ ਭਲਾਈ ਪਾਰਟੀ - ਜੋ ਸ: ਬਲਵੰਤ ਸਿੰਘ ਰਾਮੂਵਾਲੀਆ ਦੀ ਅਗਵਾਈ ਹੇਠ ਕੰਮ ਕਰ ਰਹੀ ਹੈ । ਇਹ ਪਾਰਟੀ ਜ਼ਾਹਰਾ ਤੌਰ ਤੇ ਪੰਜਾਬੀ ਪਾਰਟੀ ਹੈ। ਪਾਰਟੀ ਵਿੱਚ ਕਾਮਯਾਬ ਹੋਣ ਦੇ ਗੁਣ ਹੋਣ ਦੇ ਬਾਵਜੂਦ ਵੀ ਹਾਲਾਂ ਇਹ ਸਿਆਸੀ ਤੌਰ ’ਤੇ ਸਫ਼ਲ ਨਹੀਂ ਹੋ ਸਕੀ ਹੈ। ਜਿਵੇਂ ਪੰਜਾਬ ਦੀ ਕਾਂਗਰਸ ਪਾਰਟੀ ਤੋਂ ਸਿੱਖੀ ਦਾ ਕੋਈ ਭਲਾ ਕਰਨ ਦੀ ਉਮੀਦ ਕਰਨੀ ਬੇ-ਮਾਇਨੇ ਹੈ, ਉਸੇ ਤਰ੍ਹਾਂ ਇਸ ਪਾਰਟੀ ਤੋਂ ਹੈ। ਹਾਂ ਪੰਜਾਬ ਤੋਂ ਵਿਦੇਸ਼ਾਂ ਵਿੱਚ ਜਾਣ ਵਾਲੇ ਪ੍ਰਵਾਸੀਆਂ ਨੂੰ ਮਦਦ ਦੇਣ ਬਾਰੇ ਇਸ ਦੀਆਂ ਨੀਤੀਆਂ ਤਰੀਫ਼ ਦੇ ਕਾਬਲ ਜਰੂਰ ਹਨ। ਏਜੰਟਾਂ ਦੀ ਚਾਲਬਾਜ਼ੀਆਂ ਦਾ ਸ਼ਿਕਾਰ ਹੋ ਕੇ ਪ੍ਰਦੇਸਾਂ ਵਿੱਚ ਰੁਲ ਰਹੇ ਪੰਜਾਬੀਆਂ ਲਈ ਇਸ ਪਾਰਟੀ ਨੇ ਉਮੀਦ ਤੋਂ ਵੱਧ ਕੀਤਾ ਹੈ।
ਕਾਂਗਰਸ ਪਾਰਟੀ ਨੂੰ ਪੰਜਾਬ ਵਿੱਚ ਸੰਜੀਵਨੀ ਦੇਣ ਵਾਲੇ ਸ:ਅਮਰਿੰਦਰ ਸਿੰਘ ਤੋਂ ਪੰਜਾਬ ਅਤੇ ਸਿੱਖ ਕੌਮ ਲਈ (ਆਪਣੇ ਪੂਰਵਜ਼ਾਂ ਦੀ ਤਰ੍ਹਾਂ) ਭਲਾ ਕਰਨ ਦੀ ਉਮੀਦ ਕੀਤੀ ਜਾ ਸਕਦੀ ਹੈ, ਬਾਦਲ ਨੂੰ ਜੇ ਕੋਈ ਮਾਤ ਦੇ ਸਕਦਾ ਹੈ ਤਾਂ ਇਹ ਸਾਬਕਾ ਮਹਾਰਾਜਾ ਹੀ ਹੈ। ਅਕਾਲੀ ਦਲ ਵਿੱਚ ਜੇ ਇਹ ਸਫ਼ਲ ਹੋ ਜਾਂਦਾ, ਤਾਂ ਅੱਜ ਕਹਾਣੀ ਕੁੱਝ ਹੋਰ ਹੀ ਹੁੰਦੀ ।
ਨਿਹੰਗਾਂ, ਟਕਸਾਲਾਂ, ਸਿੱਖ ਫ਼ੈਡਰੇਸ਼ਨਾਂ ਬਾਰੇ ਘੱਟ ਹੀ ਗੱਲ ਕਰੀਏ ਤਾਂ ਜਿਆਦਾ ਚੰਗਾ ਹੈ - ਕਿਸੇ ਦੀ ਜ਼ਮੀਰ ਹੋਸ਼ ਵਿੱਚ ਨਹੀਂ ਹੈ। ਸ਼੍ਰੋਮਣੀ ਕਮੇਟੀ ਨੇ ਸਿੱਖ ਧਰਮ ਨੂੰ ਦੁਨੀਆਂ ਦੇ ਬਹੁਤ ਪਛੜੇ ਧਰਮਾਂ ਵਿੱਚ ਸ਼ਾਮਲ ਕਰਨ ਦਾ ਜਿਵੇਂ ਬੀੜਾ ਚੁਕਿਆ ਹੋਇਆ ਹੈ, ਉਸ ਤੋਂ ਇਹ ਲਗਦਾ ਹੈ ਕਿ ਜਿਵੇਂ ਇਹ ਕਮੇਟੀ ਸਿੱਖੀ ਨੂੰ ਖ਼ਤਮ ਕਰਨ ਲਈ ਹੀ ਬਣਾਈ ਗਈ ਸੀ। ਕਮੇਟੀ ਦੀ ਮੌਜੂਦਾ ਮਾੜੀ ਦਸ਼ਾ ਲਈ ਵੀ ਬਾਦਲ ਹੀ ਜ਼ੁੰਮੇਵਾਰ ਹੈ। ਲਫ਼ਾਫ਼ਿਆਂ ਵਿੱਚੋਂ ਨਿਕਲੇ ਪ੍ਰਧਾਨ ਦਾ ਹਾਲ ਉਸ ਕੁੱਤੇ ਦੀ ਨਿਆਂਈ ਹੈ, ਜਿਸ ਲਈ ਆਪਣੇ ਮਾਲਕ ਦੀ ਵਫ਼ਦਾਰੀ ਹੀ ਸਭ ਤੋਂ ਵੱਡਾ ਧਰਮ ਹੈ। ਤਖ਼ਤਾਂ ਦੇ ਅਖੌਤੀ ਜੱਥੇਦਾਰ ਵੀ ਬਾਦਲ ਪਰਵਾਰ ਦਾ ਹੀ ਇੱਕ ਅੰਗ ਹਨ। ਕੀ ਉਮੀਦ ਕਰੋਂਗੇ ਇਹਨਾਂ ਤੋਂ ਧਰਮ ਦੀ ਰਾਖੀ ਦੀ? ਬਾਦਲ ਆਰ.ਐਸ.ਐਸ. ਦਾ ਏਜੰਟ ਹੈ, ਇਹ ਕਿਸੇ ਨੂੰ ਸਾਬਤ ਕਰਨ ਦੀ ਲੋੜ ਨਹੀਂ, ਬਾਕੀ ਉਸ ਦੇ ਪਾਲੇ ਹੋਏ ਕੁੱਤੇ ਹਨ। ਕੱਲ ਤੱਕ ਗੋਲਕਾਂ ਲੁੱਟਣ ਵਾਲਿਆਂ ਦਾ ਗੁਰਦੁਆਰਿਆਂ ਦੀਆਂ ਜ਼ਮੀਨਾਂ ਵੇਚ ਕੇ, ਠੇਕਿਆਂ ਵਿੱਚੋਂ ਪੈਸੇ ਖਾਕੇ ਢਿੱਡ ਅੱਧ ਭਰਿਆ ਰਹਿ ਗਿਆ ਹੈ, ਹੁਣ ਇਹ ਲੋਕ ਦਰਬਾਰ ਸਾਹਿਬ ਦੇ ਦਰਵਾਜ਼ਿਆਂ ਨੂੰ ਵੇਚਣ ਦੀਆਂ ਸਕੀਮਾਂ ਬਣਾ ਰਹੇ ਹਨ, ਫਿਰ ਇਹ ਦਰਬਾਰ ਸਾਹਿਬ ਤੇ ਲੱਗਿਆ ਸੋਨਾ ਆਦਿ ਵੇਚ ਵੱਟ ਕੇ, ਗਾਤਰੇ ਲਾਹ ਕੇ ਆਰ.ਐਸ.ਐਸ. ਤੋਂ ਨੋ-ਡਿਊ ਦਾ ਸਰਟੀਫ਼ਿਕੇਟ ਜਾਰੀ ਕਰਾਉਣ, ਉਸ ਦੇ ਹੈਡ ਆਫਿਸ ਨਾਗਪੁਰ ਚਲੇ ਜਾਣਗੇ। ਸਰਟੀਫ਼ਿਕੇਟ ਲੈ ਕੇ ਭਾਰਤ ਦੇ ਰਾਸ਼ਟਰਪਤੀ ਤੋਂ ਭਾਰਤ-ਰਤਨ ਜਾਂ ਮਿਲਦੇ ਜੁਲਦੇ ਸਨਮਾਨਾਂ ਨਾਲ ਸਨਮਾਨਤ ਹੋਣ ਦੀ ਉਡੀਕ ਕਰਨਗੇ। ਕੁਝ ਸਮੇਂ ਬਾਅਦ ਉਹ ਵੀ ਮਿਲ ਜਾਇਗਾ।
ਕੌਮ ਕੀ ਕਰੇਗੀ? ਕੋਈ ਰੋਏਗਾ (ਬਹੁਤ ਥੋੜੇ) ਕੋਈ ਜ਼ਜਬਾਤੀ ਹੋ ਕਿ ਹਥਿਆਰ (ਬਹੁਤ ਥੋੜੇ) ਚੁੱਕੇਗਾ ਪਰ ਮਾਰਿਆ ਜਾਇਗਾ। ਕਿਸੇ ਲਈ ਸ਼ਹੀਦ, ਕਿਸੇ ਲਈ ਅੱਤਵਾਦੀ ਬਣੇਗਾ। ਕਈ ਸੰਪਾਦਕੀਆਂ ਲਿੱਖ-ਲਿੱਖ ਕੇ ਫ਼ਰਜ਼ ਪੂਰਾ ਕਰ ਲੈਣਗੇ। ਕੌਮ ਦੇ ਨਾਂ ’ਤੇ ਨਵਾਂ ਅਕਾਲੀ ਦਲ ਬਣੇਗਾ। ਪਿਛਲਾ ਹਾਲ ਵੇਖ ਕੇ ਕੋਈ ਫ਼ੌਜੀ, ਧਰਮੀ ਫ਼ੌਜੀ ਨਹੀਂ ਬਣੇਗਾ, ਕੋਈ ਰਾਜਦੂਤ ਅਸਤੀਫ਼ਾ ਨਹੀਂ ਦੇਵੇਗਾ। ਗੱਲ ਕੀ, ਲਗਭਗ ਸਾਰੇ ‘‘ਮੈਨੂੰ ਕੀ?’’ ਕਹਿ ਚੁੱਪ, ਸ਼ਾਂਤ ਰਹਿਣਗੇ। ਸਿੱਖ ਧਰਮ, ਸਿਰਫ਼ ਨਾਂ ਦਾ ਸਿੱਖ ਧਰਮ ਰਹਿ ਜਾਏਗਾ। ਹਿੰਦੂ ਕੌਮ ਦਾ ਰਕਸ਼ਕ ਬੱਸ ਹੋ ਗਈ ਸਾਂਤੀ, ਸਾਰੇ ਸਿੱਖ ਕਥਾ ਸਰਵਣ ਕਰਿਆ ਕਰਨਗੇ, ਕੋਈ ਬਿਆਸ ਜਾਵੇਗਾ (ਰਾਧਾਸੁਆਮੀ), ਕੋਈ ਸਰਸੇ (ਰਾਮ ਰਹੀਮ ਇੰਸਾਂ) ਜਾ ਕੇ ਜਾਮ ਪੀਏਗਾ, ਕੋਈ ਨਾਨਕਸਰ ਦੇਗ ਕਰਾਇਗਾ, ਕੋਈ ਰਾੜੇ ਮੱਥਾ ਰਗੜੇਗਾ, ਕੋਈ ਢੱਕੀ ਸਾਹਿਬ ਜਾਇਗਾ, ਕੋਈ ਕਪਾਲ ਮੋਚਨੇ ਜਾਇਗਾ, ਹੇਮਕੁੰਡ ਪਰਬਤ ਹੈ ਜਹਾਂ... ਦੇ ਸੋਹਲੇ ਗਾਏ ਜਾਣਗੇ, ਕੋਈ ਆਸਾਰਾਮ ਬਾਪੂ ਕਥਾ ਕਰੇਗਾ... ਕ੍ਰਿਸ਼ਨ ਗੋਪੀਆਂ ਸੰਗ ਰਾਸ ਲੀਲਾ ਰਚਾ ਰਹੇ ਥੇ ਔਰ ਕਹਿ ਰਹੇ ਥੇ... ਗੁਰੂ ਗੋਬਿੰਦ ਸਿੰਹ (ਦਸਮ ਗੰ੍ਰਥ ਸੇ) ਆਪਨੀ ਪ੍ਰੇਮਿਕਾ ਅਨੂਪ ਕੌਰ ਸੇ ਅੰਤਿਰਿਗ ਬਾਤੇਂ ਕਰਤੇ ਹੂਏ ਕਹਿਤੇ ਹੈਂ...
ਕੀ ਹੋਵੇਗਾ, ਬਾਕੀ ਰਹਿ ਗਏ ਪੰਜਾਬੋਂ ਬਾਹਰਲੇ (ਪ੍ਰਦੇਸੀ) ਸਿੱਖ - ਇਹਨਾਂ ਨੂੰ ਕੌਣ ਪੁਛਦਾ ਹੈ? ਕਿਸੇ ਨਾ ਕਿਸੇ ਨੇ ਤਾਂ ਕੋਈ ਗਲਤੀ ਕਿਤੇ ਤਾਂ ਕੀਤੀ ਹੋਵੇਗੀ ਬੱਸ ਫਿਰ... ਕੋਈ ਪਿੰਡ ਚੋਂ ਦੱਸ ਦਏਗਾ... ਇਹ ਕੋਈ ਕੋਰੀ ਕਲਪਨਾ ਨਹੀਂ, ਵਿਖਾਈ ਦਿੰਦੀ ਹਕੀਕਤ ਹੈ।
ਪਰ ਕੀ ਤੁਸੀਂ ਚਾਹੁੰਦੇ ਹੋ ਕਿ ਇਹ ਕਲਪਨਾਂ ਕਦੇ ਸੱਚ ਨਾਂ ਹੋਵੇ... ਜੇ ਚਾਹੁੰਦੇ ਹੋ ਤਾਂ ਮੇਰੇ ਅਗਲੇ ਲੇਖ਼ ਦਾ ਇੰਤਜਾਰ ਜਰੂਰ ਕਰਿਉ। ਹਰ ਸਮੱਸਿਆ ਦਾ ਹੱਲ ਹੁੰਦਾ ਹੈ ਇਸ ਦਾ ਵੀ ਹੈ, ਪਰ ਵਿਚਾਰ ਦੱਸਣ ਲਈ ਫੋਨ ਜਰੂਰ ਕਰਿਉ।