Subscription About Us Contact Us


ਮਾਮਲਾ ਦੋ ਯੂਨੀਵਰਸਿਟੀਆਂ ਦਾ.....

ਇੱਕ ਦਾ ਕੇਂਦਰ ਨੂੰ ਸਮਰਪਣ ਫਿਲਹਾਲ ਰੁਕਿਆ, ਦੂਸਰੀ ਦਾ ਜਨਮ ਤੋਂ ਪਹਿਲਾਂ ਹੀ ਗਲ ਘੁੱਟਿਆ

- ਡਾ: ਅਮਰਜੀਤ ਸਿੰਘ, ਵਾਸ਼ਿੰਗਟਨ -

ਪੰਜਾਬ ਵਿੱਚ ਅੱਜਕਲ ਬਾਦਲਗਰਦੀ ਦਾ ਯੁੱਗ ਹੈ, ਇਸ ਲਈ ਸਿੱਖ ਜਗਤ ਦੀ ਤਬਾਹੀ ਦਾ ਹਰ ‘ਅਸੰਭਵ ਏਜੰਡਾ’ ਵੀ ਬਾਦਲ ਦੇ ਰਾਜ ਵਿੱਚ ਸੰਭਵ ਹੈ। ਇਸ ਲਿਖਤ ਵਿੱਚ ਅਸੀਂ ਜ਼ਿਕਰ ਕਰ ਰਹੇ ਹਾਂ - ‘ਗੁਰੂ ਗ੍ਰੰਥ ਸਾਹਿਬ ਵਰਲਡ ਸਿੱਖ ਯੂਨੀਵਰਸਿਟੀ’ ਅਤੇ ‘ਪੰਜਾਬ ਯੂਨੀਵਰਸਿਟੀ’ ਨਾਲ ਸਬੰਧਿਤ ‘ਤੱਥਾਂ’ ਦਾ ਜਿਨ੍ਹਾਂ ਨੂੰ ‘ਬਾਦਲ ਐਂਡ ਕੰਪਨੀ - ਵਿਕਾਊ ਮਾਲ ਲਿਮਟਿਡ’ ਤਬਾਹੋ-ਬਰਬਾਦ ਕਰਨ ਦੀ ਡਗਰ ’ਤੇ ਲਿਜਾ ਰਿਹਾ ਹੈ।

2004 ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਦਿਵਸ (1 ਸਤੰਬਰ, 1604 ਨੂੰ ਗੁਰੂ ਗ੍ਰੰਥ ਸਾਹਿਬ ਦੀ ਆਦਿ ਬੀੜ ਦਾ ਸ੍ਰੀ ਹਰਿਮੰਦਰ ਸਾਹਿਬ ਵਿੱਚ ਪਹਿਲਾ ਪ੍ਰਕਾਸ਼ ਹੋਇਆ ਸੀ ) ਦੀ ਚੌਥੀ ਸ਼ਤਾਬਦੀ ਮੌਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ, ਇੰਟਰਨੈਸ਼ਨਲ ਪੱਧਰ ਦੀ ਇੱਕ ਯੂਨੀਵਰਸਿਟੀ ‘ਗੁਰੂ ਗ੍ਰੰਥ ਸਾਹਿਬ ਵਰਲਡ ਸਿੱਖ ਯੂਨੀਵਰਸਿਟੀ’ ਦੇ ਨਾਂ ਹੇਠ, ਗੁਰਦੁਆਰਾ ਫਤਹਿਗੜ੍ਹ ਸਾਹਿਬ, ਪਟਿਆਲਾ ਦੇ ਨਜ਼ਦੀਕ ਸਥਾਪਤ ਕਰਨ ਦਾ ਫੈਸਲਾ ਲਿਆ ਗਿਆ ਅਤੇ ਇਸ ਲਈ ਲੋੜੀਂਦੀ ਕਾਰਵਾਈ ਆਰੰਭੀ ਗਈ। ਇਸ ਯੂਨੀਵਰਸਿਟੀ ਲਈ ਸ਼੍ਰੋਮਣੀ ਕਮੇਟੀ ਵਲੋਂ 84 ਏਕੜ ਜ਼ਮੀਨ ਰਾਖਵੀਂ ਕੀਤੀ ਗਈ ਅਤੇ 400 ਕਰੋੜ ਤੋਂ ਜ਼ਿਆਦਾ ਦੀ ਲਾਗਤ ਨਾਲ ਬਣਨ ਵਾਲੀ ਇਸ ਯੂਨੀਵਰਸਿਟੀ ਲਈ 100 ਕਰੋੜ ਰੁਪਈਆ (ਮੁੱਢਲੀ ਉਸਾਰੀ ਲਈ) ਵੀ ਪਿਛਲੇ ਬੱਜਟਾਂ ਵਿੱਚ ਸੁਰੱਖਿਅਤ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਦੇ ਪਸਾਰ ਲਈ ਯੂਨੀਵਰਸਿਟੀ ਬਨਾਉਣ ਦੇ ਪ੍ਰਾਜੈਕਟ ਦੀ ਕਿਹੜਾ ਸਿੱਖ ਵਿਰੋਧਤਾ ਕਰ ਸਕਦਾ ਹੈ - ਪਰ ‘ਵਿਚਾਰਵਾਨਾਂ’ ਦਾ ਮੱਥਾ ਉਦੋਂ ਠਣਕਿਆ ਜਦੋਂ ਇਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲਈ ਆਚਰਣਹੀਣ ਡਾ. ਜਸਬੀਰ ਆਹਲੂਵਾਲੀਏ ਦਾ ਨਾਂ ਸਾਹਮਣੇ ਆਇਆ। ਇਸ ਆਹਲੂਵਾਲੀਏ ਨੂੰ ‘ਆਚਰਣਹੀਣ’ ਹੋਣ ਕਰਕੇ ਹੀ ਪੰਜਾਬੀ ਯੂਨੀਵਰਸਿਟੀ, ਪਟਿਆਲੇ ਦੀ ‘ਵਾਈਸ ਚਾਂਸਲਰੀ’ ਤੋਂ ਅਸਤੀਫਾ ਦੇਣਾ ਪਿਆ ਸੀ ਅਤੇ ਉਸ ਦੇ ਖਿਲਾਫ ਅਜੇ ਵੀ ਅਦਾਲਤਾਂ ਵਿੱਚ ਕੇਸ ਚੱਲ ਰਹੇ ਹਨ।

ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦਾ ਨੀਂਹ-ਪੱਥਰ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ,
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇ: ਅਤਵਾਰ ਸਿੰਘ

1 ਸਤੰਬਰ, 2008 ਨੂੰ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਦਿਵਸ ਦੇ ਮੌਕੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਫ਼ਤਹਿਗੜ੍ਹ ਸਾਹਿਬ ਵਿਖੇ ਇਸ ਯੂਨੀਵਰਸਿਟੀ ਦਾ ਨੀਂਹ-ਪੱਥਰ ਰੱਖਿਆ ਤਾਂ ਇਸ ਯੂਨੀਵਰਸਿਟੀ ਦੀ ਕੋਈ ਵੱਖਰੀ ਹੀ ਰੂਪ- ਰੇਖਾ ਉਭਰ ਕੇ ਸਾਹਮਣੇ ਆਈ। ਪਹਿਲੀ ਗੱਲ ਇਹ ਕਿ ਇਸ ਯੂਨੀਵਰਸਿਟੀ ਦੇ ਨਾਂ ਨਾਲੋਂ ‘ਸਿੱਖ’ ਸ਼ਬਦ ਲਾਹ ਦਿੱਤਾ ਗਿਆ ਹੈ ਅਤੇ ਹੁਣ ਇਸ ਨੂੰ ਸਿਰਫ ‘ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ’ ਕਰਕੇ ਹੀ ਜਾਣਿਆ ਜਾਵੇਗਾ। ਜ਼ਾਹਿਰ ਹੈ ਕਿ ਸਿੱਖ ਕੌਮ ਨਾਲ ਇਹ ਗੱਦਾਰੀ ਆਰ.ਐਸ.ਐਸ. ਦੀ ਹਿੰਦੁਤਵੀ ਲਾਬੀ ਦੀ ਖੁਸ਼ਨਦੀ ਹਾਸਲ ਕਰਨ ਲਈ ਕੀਤਾ ਗਿਆ ਹੈ। ਜੇ ਸ਼੍ਰੋਮਣੀ ਕਮੇਟੀ ਨੂੰ ਆਪਣੀ ਯੂਨੀਵਰਸਿਟੀ ਨਾਲ ‘ਸਿੱਖ’ ਸ਼ਬਦ ਜੋੜਨ ਤੋਂ ਡਰ ਲੱਗਦਾ ਹੈ ਤਾਂ ਫਿਰ ਇਹ ਸਿੱਖ ਸ਼ਬਦ ਕੌਣ ਵਰਤੇਗਾ?

ਇਸ ਯੂਨੀਵਰਸਿਟੀ ਦੇ, ਬਾਦਲ ਵਲੋਂ ਥਾਪੇ ਗਏ ਵਾਈਸ-ਚਾਂਸਲਰ ਆਚਰਣਹੀਣ ਆਹਲੂਵਾਲੀਏ ਨੇ, ਟ੍ਰਿਬਿਊਨ ਅਖਬਾਰ ਨੂੰ ਦਿੱਤੇ ਇੰਟਰਵਿਊ ਵਿੱਚ (2 ਸਤੰਬਰ, 2008 ਦੀ ਟ੍ਰਿਬਿਊਨ ਅਨੁਸਾਰ) ਕਿਹਾ ‘‘ਇਹ ਯੂਨੀਵਰਸਿਟੀ ਨਾਂ ਹੀ ਧਰਮ ਅਧਾਰਿਤ ਹੋਵੇਗੀ ਅਤੇ ਨਾ ਹੀ ਇਸ ਵਿੱਚ ਧਰਮ ਦੀ ਸਰਬ-ਉੱਚਤਾ ਹੋਵੇਗੀ’’ (ਯੂਨੀਵਰਸਿਟੀ ਵੁਡ ਨਾਈਦਰ ਬੀ ਰਿਲੀਜ਼ਨ ਬੇਸਡ ਨੌਰ ਰਿਲੀਜ਼ਨ ਡੋਮੀਨੇਟਿਡ)। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਜੇ ਇਸ ਯੂਨੀਵਰਸਿਟੀ ਦਾ ਸਿੱਖ ਧਰਮ ਨਾਲ ਕੋਈ ਲਾਗਾ-ਦੇਗਾ ਹੀ ਨਹੀਂ ਹੈ ਤਾਂ ਫਿਰ ਸਿੱਖ ਸ਼ਰਧਾਲੂਆਂ ਦੀ ਹੱਕ-ਹਲਾਲ ਦੀ ਕਮਾਈ ’ਚੋਂ ਇਸ ਯੂਨੀਵਰਸਿਟੀ ਨੂੰ ਬਣਾਉਣ ’ਤੇ ਸੈਂਕੜੇ ਕਰੋੜਾਂ ਰੁਪਏ ਦਾ ਖਰਚਾ ਕਿਉਂ ਕੀਤਾ ਜਾ ਰਿਹਾ ਹੈ? ਇਸ ਯੂਨੀਵਰਸਿਟੀ ਨੂੰ ਚਲਾਉਣ ਲਈ ਬਣਾਏ ਗੇਟ -‘ਸ੍ਰੀ ਗੁਰੂ ਗ੍ਰੰਥ ਸਾਹਿਬ ਫੋਰਥ ਸੈਂਚਰੀ ਮੈਮੋਰੀਅਲ ਟਰੱਸਟ’ ਦੇ 11 ਮੈਂਬਰਾਂ ਵਿੱਚ ਬਾਦਲ ਦੇ ਪਿੱਠੂਆਂ ਦੀ ਭਰਮਾਰ ਹੈ (ਅਵਤਾਰ ਸਿੰਘ ਮੱਕੜ, ਐਡਵੋਕੇਟ ਜਰਨਲ ਮੱਤੇਵਾਲ (ਰਾਧਾ-ਸਵਾਮੀ), ਚੀਫ ਸੈਕਟਰੀ (ਸਾਬਕਾ) ਆਰ.ਐਸ. ਮਾਨ, ਬਾਦਲ ਖੁਦ ਆਦਿਕ) ਅਤੇ ਆਚਰਣਹੀਣ ਆਹਲੂਵਾਲੀਏ ਨੂੰ ਇਸ ਟਰੱਸਟ ਦਾ ਸਕੱਤਰ ਬਣਾਇਆ ਗਿਆ ਹੈ।

ਅਸੀਂ ਸਮਝਦੇ ਹਾਂ ਕਿ ਇਸ ਯੂਨੀਵਰਸਿਟੀ ਦੇ ਉਦਘਾਟਨ ਸਮਾਰੋਹ ਮੌਕੇ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਅਤੇ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਅਹੁਦੇਦਾਰਾਂ-ਵਰਕਰਾਂ ਨੇ ਵਿਰੋਧ-ਪ੍ਰਦਰਸ਼ਨ ਕਰਕੇ, ਸਿੱਖ ਭਾਵਨਾਵਾਂ ਦਾ ਸੱਚਾ-ਸੁੱਚਾ ਪ੍ਰਗਟਾਵਾ ਕੀਤਾ ਹੈ। ਅਸੀਂ ਇਨ੍ਹਾਂ ਸਮੂਹ ਵੀਰਾਂ-ਭੈਣਾਂ ਨੂੰ ‘ਸਚ ਸੁਣਾਇਸੀ ਸਚ ਕੀ ਬੇਲਾ’ ਦੇ ਗੁਰੂ-ਹੁਕਮ ’ਤੇ ਅਮਲ ਕਰਨ ਲਈ, ਉਠਾਏ ਗਏ ਕਦਮ ਲਈ ਵਧਾਈ ਦਿੰਦੇ ਹਾਂ। ਪੰਜਾਬੀ ਯੂਨੀਵਰਸਿਟੀ-ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ-ਅੰਮ੍ਰਿਤਸਰ ਅਤੇ ਐਗਰੀਕਲਚਰ ਯੂਨੀਵਰਸਿਟੀ-ਲੁਧਿਆਣਾ ਤਾਂ ਕੁਝ ਵਰ੍ਹਿਆਂ ਬਾਅਦ ‘ਕਮਿਊਨਿਸਟਾਂ’ ਦੇ ਪ੍ਰਭਾਵ ਹੇਠ ਚਲੀਆਂ ਗਈਆਂ ਸਨ ਪਰ ਇਉਂ ਜਾਪਦਾ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਕੌਮ ਦੇ ਪੈਸੇ ਨਾਲ ਉਸਾਰੀ ਜਾ ਰਹੀ ਇਸ ਯੂਨੀਵਰਸਿਟੀ ਦਾ ਜਨਮ ਵੇਲੇ ਹੀ ਗਲ ਘੁੱਟ ਦਿੱਤਾ ਗਿਆ ਹੈ ਅਤੇ ਇਸ ਨੂੰ ਆਚਰਣਹੀਣ ਆਹਲੂਵਾਲੀਏ ਅਤੇ ਆਰ. ਐਸ. ਐਸ. ਦੇ ਹਵਾਲੇ ਕਰ ਦਿੱਤਾ ਗਿਆ ਹੈ।

ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ, ਬਾਦਲ ਵਲੋਂ ਕੇਂਦਰ ਦੇ ਹਵਾਲੇ ਕਰਨ ਦੇ ਫੈਸਲੇ ਬਾਰੇ ਕਿਹਾ ਸੀ -‘‘27 ਅਗਸਤ ਦੀਆਂ ਅਖਬਾਰਾਂ ਨੇ ਇੱਕ ਖਬਰ ਪ੍ਰਮੁੱਖ ਤੌਰ ’ਤੇ ਪ੍ਰਕਾਸ਼ਤ ਕੀਤੀ ਹੈ, ਜਿਸ ਅਨੁਸਾਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਕੰਟਰੋਲ ਕੇਂਦਰ ਸਰਕਾਰ ਨੂੰ ਦੇਣ ਲਈ ਬਾਦਲ ਨੇ ਸਹਿਮਤੀ-ਪੱਤਰ ਲਿਖਿਆ ਹੈ। ਯਾਦ ਰਹੇ, 1947 ਦੀ ਦੇਸ਼ ਵੰਡ ਦੌਰਾਨ ਪੰਜਾਬ ਯੂਨੀਵਰਸਿਟੀ ਲਾਹੌਰ, ਪਾਕਿਸਤਾਨ ਦਾ ਹਿੱਸਾ ਬਣੀ। ਪੂਰਬੀ ਪੰਜਾਬ ਨੇ ਆਪਣੀ ਪੰਜਾਬ ਯੂਨੀਵਰਸਿਟੀ ਬਣਾਈ ਤੇ ਚੰਡੀਤ੍ਰਗੜ੍ਹ ਬਣਨ ’ਤੇ ਇਸ ਦਾ ਹੈਡਕੁਆਰਟਰ ਚੰਡੀਗੜ੍ਹ ਤਬਦੀਲ ਕਰ ਦਿੱਤਾ ਗਿਆ। ਭਾਵੇਂ ਸ਼ੁਰੂ ਤੋਂ ਹੀ ਇਸ ਵਿੱਚ ਆਰੀਆ ਸਮਾਜੀਆਂ ਦਾ ਬੋਲਬਾਲਾ ਰਿਹਾ ਹੈ (ਅੱਜ ਤੱਕ ਕੋਈ ਵੀ ਵਾਇਸ-ਚਾਂਸਲਰ ਸਿੱਖ ਨਹੀਂ ਬਣਾਇਆ ਗਿਆ) ਪਰ ਪੰਜਾਬ ਨਾਲ ਸਬੰਧਿਤ ਹੋਣ ਕਰਕੇ, ਚੰਡੀਗੜ੍ਹ ’ਤੇ ਪੰਜਾਬ ਦੇ ਦਾਅਵੇ ਦੀ ਇਹ ਇੱਕ ‘ਮਜ਼ਬੂਤ ਕੜੀ’ ਸੀ।

ਪੰਜਾਬ ਦੇ 6-7 ਜ਼ਿਲ੍ਹਿਆਂ ਦੇ 170 ਤੋਂ ਜ਼ਿਆਦਾ ਕਾਲਜ ਇਸ ਯੂਨੀਵਰਸਿਟੀ ਨਾਲ ਨੱਥੀ ਹਨ। ਪੰਜਾਬ ਯੂਨੀਵਰਸਿਟੀ ਵਿਚਲੀ ਆਰ.ਐਸ.ਐਸ. ਲਾਬੀ ਤੇ ਕਮਿਊਨਿਸਟ ਲਾਬੀ ਨੇ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਯੂਨੀਵਰਸਿਟੀ ਨੂੰ ‘ਕੇਂਦਰੀ ਯੂਨੀਵਰਸਿਟੀ’ ਬਣਵਾਉਣ ਲਈ ‘ਅੰਦੋਲਨ’ ਸ਼ੁਰੂ ਕੀਤਾ ਹੋਇਆ ਸੀ। ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੂੰ ‘ਕੇਂਦਰੀ ਯੂਨੀਵਰਸਿਟੀ’ ਬਣਨ ਨਾਲ ਪੈਨਸ਼ਨ ਦਾ ਫਾਇਦਾ ਹੋਣਾ ਹੈ ਅਤੇ ਉਨ੍ਹਾਂ ਦੀ ਰਿਟਾਇਰਮੈਂਟ ਦੀ ਉਮਰ ਵੀ ਵਧ ਜਾਣੀ ਹੈ ਪਰ ਇਸ ਪਿੱਛੇ ਅਸਲ ਮਕਸਦ ਚੰਡੀਗੜ੍ਹ ਉੱਤੇ ਪੰਜਾਬ ਦੇ ਦਾਅਵੇ ਨੂੰ ਹਮੇਸ਼ਾਂ ਲਈ ਖਤਮ ਕਰਕੇ, ਇਸਨੂੰ ਇੱਕ ‘ਯੂਨੀਅਨ ਟੈਰੀਟਰੀ’ ਵਜੋਂ ਕਾਇਮ ਰੱਖਣਾ ਹੈ। ਇਸ ਯੂਨੀਵਰਸਿਟੀ ਵਿੱਚ ਜਿਹੜੀ ਮਾੜੀ ਮੋਟੀ ਸਿੱਖ-ਦਿੱਖ ਵੀ ਹੈ, ਉਹ ਕੇਂਦਰੀ ਯੂਨੀਵਰਸਿਟੀ ਬਣਨ ਨਾਲ ਜਾਂਦੀ ਲੱਗੇਗੀ। ਬਾਦਲ ਵਲੋਂ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦਾ ਸਹਿਮਤੀ ਪੱਤਰ, ਉੱਚ ਸਿੱਖਿਆ ਦੇ ਹਿਊਮਨ ਰਿਸੋਰਸ ਤੇ ਵਿਕਾਸ ਮੰਤਰਾਲੇ ਦੇ ਸਕੱਤਰ ਨੂੰ ਭੇਜਿਆ ਗਿਆ ਹੈ।

ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਤੋਂ ਖੋਹਣ ਦੀ ਪ੍ਰਕਿਰਿਆ ਪਹਿਲਾਂ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਸੀ। ਕੇਂਦਰ ਦੇ ਮਨੁੱਖੀ ਵਿਕਾਸ ਮੰਤਰਾਲੇ ਵਲੋਂ 18 ਜੁਲਾਈ, 2007 ਅਤੇ 1 ਨਵੰਬਰ, 2007 ਨੂੰ ਦੋ ਅੱਡ-ਅੱਡ ਪੱਤਰ, ਪੰਜਾਬ ਦੇ ਮੁੱਖ ਸਕੱਤਰ ਨੂੰ ਲਿਖੇ ਗਏ ਸਨ, ਜਿਨ੍ਹਾਂ ਵਿੱਚ ਪੰਜਾਬ ਸਰਕਾਰ ਨੂੰ ਕਿਹਾ ਗਿਆ ਸੀ ਕਿ ਉਹ ਪੰਜਾਬ ਯੂਨੀਵਰਸਿਟੀ ਨੂੰ ‘ਕੇਂਦਰੀ ਯੂਨੀਵਰਸਿਟੀ’ ਬਣਾਉਣ ਲਈ ਸਹਿਮਤੀ ਦੇਵੇ।

ਇਸ ਲਈ ਯੂਨੀਵਰਸਿਟੀ ਦੇ ‘ਵਿੱਤੀ ਸੰਕਟ’ ਨੂੰ ਆਧਾਰ ਬਣਾਇਆ ਗਿਆ ਸੀ। ਕੇਂਦਰ ਸਰਕਾਰ ਵਲੋਂ ਲਿਖੇ ਪੱਤਰਾਂ ਤੋਂ ਇਕਦਮ ਬਾਅਦ ਕਮਿਊਨਿਸਟਾਂ ਤੇ ਆਰ.ਐਸ.ਐਸ. ਵਾਲਿਆਂ ਨੇ ਮਿਲ ਕੇ ‘ਪੰਜਾਬ ਯੂਨੀਵਰਸਿਟੀ ਅਧਿਆਪਕ ਐਸੋਸੀਏਸ਼ਨ’ ਦੇ ਬੈਨਰ ਥੱਲੇ ਮੁਹਿੰਮ ਆਰੰਭ ਦਿੱਤੀ ਸੀ, ਜਿਸਦੀ ਮੁੱਖ ਮੰਗ ਹੀ ਇਹ ਸੀ ਕਿ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਦੇ ਹਵਾਲੇ ਕੀਤਾ ਜਾਏ। ਭਾਵੇਂ ਬਾਦਲ ਨੇ ਪਹਿਲਾਂ ਦੋ ਵਾਰ ਇਸ ਮੰਗ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਸੀ ਪਰ ਫੇਰ ਅਚਾਨਕ (ਆਰ.ਐਸ.ਐਸ. ਦੇ ਦਬਾਅ ਹੇਠ) ਬਾਦਲ ਨੇ, ਕੇਂਦਰ ਦੀ ਮੰਗ ਨਾਲ ਸਹਿਮਤੀ ਜਤਾਉਂਦਿਆਂ, ਪੰਜਾਬ ਯੂਨੀਵਰਸਿਟੀ ਕੇਂਦਰ ਦੇ ਹਵਾਲੇ ਕਰਨ ਦਾ ਪੰਜਾਬ ਮਾਰੂ ਫੈਸਲਾ ਲਿਆ ਹੈ।

ਅਫਸੋਸ! ਇੱਕ ਅੱਧ ਨੂੰ ਛੱਡ ਕੇ ਪੰਜਾਬ ਦੇ ਕਿਸੇ ਅਕਾਦਮਿਕ ਮਾਹਿਰ, ਸਿਆਸੀ ਲੀਡਰ ਜਾਂ ਪੰਥਕ ਧਿਰਾਂ ਨੇ ਇਸ ਆਤਮਘਾਤੀ ਫੈਸਲੇ ਦੇ ਖਿਲਾਫ ਨਾ ਕੋਈ ਟਿੱਪਣੀ ਕੀਤੀ ਹੈ ਅਤੇ ਨਾ ਹੀ ਭਵਿੱਖ ਵਿੱਚ ਕੁਝ ਕਰਨਾ ਹੈ। ਇਹ ‘ਲੀਡਰ’ ਕੁਝ ਸਮੇਂ ਬਾਅਦ ਅਖਬਾਰੀ ਬਿਆਨਬਾਜ਼ੀ ਜ਼ਰੂਰ ਕਰਨਗੇ ਕਿ ਬਾਦਲ ਨੇ ਪੰਜਾਬ ਯੂਨੀਵਰਸਿਟੀ ਉਵੇਂ ਹੀ ਕੇਂਦਰ ਸਰਕਾਰ ਦੇ ਹਵਾਲੇ ਕਰ ਦਿੱਤੀ ਜਿਵੇਂ ਕਿ ਉਸ ਨੇ ਹਰਿਆਣੇ ਵਲੋਂ ਸਤਿਲੁਜ-ਯਮੁਨਾ ਲਿੰਕ ਨਹਿਰ ਬਣਾਉਣ ਲਈ 9 ਕਰੋੜ ਰੁਪਈਏ ਲੈ ਕੇ, ਨਹਿਰ ਕੱਢਣ ਦੇ ਫੈਸਲੇ ਤੇ ਸਹੀ ਪਾ ਦਿੱਤੀ ਸੀ। ਵਾਰ-ਵਾਰ ਇਹ ਸ਼ੇਅਰ ਜ਼ਿਹਨ ਵਿੱਚ ਉਕੇਭਰ ਰਿਹਾ ਹੈ -

ਬਰਬਾਦ ਗੁਲਸਿਤਾਂ ਕਰਨੇ ਕੋ, ਏਕ ਹੀ ਉੱਲੂ ਕਾਫੀ ਹੈ!
ਹਰ ਸ਼ਾਖ ਪੇ ਉੱਲੂ ਬੈਠਾ ਹੈ, ਅੰਜ਼ਾਮੇ-ਗੁਲਸਿਤਾਂ ਕਿਆ ਹੋਗਾ!

ਅਸੀਂ ਇਸ ਮੁੱਦੇ ’ਤੇ ਝੰਜੋੜਾ ਦੇਣ ਵਾਲਿਆਂ ਵਿੱਚ ਸਭ ਤੋਂ ਪਹਿਲੇ ਸੀ। ਸਾਨੂੰ ਖੁਸ਼ੀ ਹੈ ਕਿ ਸਾਡੀ ਆਸ ਦੇ ਉਲਟ, ਇਸ ਮੁੱਦੇ ’ਤੇ ਸਿੱਖ ਵਿਦਵਾਨਾਂ, ਸਿੱਖ ਮੀਡੀਏ, ਰਾਜਸੀ ਪਾਰਟੀਆਂ ਤੇ ਪੰਥ ਦਰਦੀਆਂ ਨੇ ਵੀ ਜ਼ੋਰਦਾਰ ਪ੍ਰਤੀਕਰਮ ਦਿੱਤਾ, ਜਿਸ ਦੇ ਨਤੀਜੇ ਵਜੋਂ ਬਾਦਲ ਨੇ ‘ਫਿਲਹਾਲ’ ਆਪਣੀ ਕੇਂਦਰ ਨੂੰ ਦਿੱਤੀ ‘ਰਜ਼ਾਮੰਦੀ’ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਇਹ ਸਥਿਤੀ ਕਦੋਂ ਬਦਲ ਜਾਵੇ, ਕੋਈ ਪਤਾ ਨਹੀਂ ਹੈ।

ਹਿੰਦੂਤਵੀ ਲਾਬੀ ਅਤੇ ਕਾਮਰੇਡ ਲਾਬੀ, ਇਸ ਮੁੱਦੇ ’ਤੇ ਇਕੱਠੀਆਂ ਹਨ। ਇੰਗਲਿਸ਼ ਟ੍ਰਿਬਿਊਨ ਨੇ ਬਾਦਲ ਵਲੋਂ, ਮਾਰੇ ‘ਯੂ-ਟਰਨ’ ਤੇ ਆਪਣੇ ਐਡੀਟੋਰੀਅਲ ਵਿੱਚ ਉਸ ਦੀ ਨਿੰਦਿਆ ਕੀਤੀ ਹੈ ਅਤੇ ਇਸ ਨੂੰ ਗਲਤ ਫੈਸਲਾ ਦੱਸਿਆ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰਾਂ ਦੀ ‘ਕਾਮਰੇਡ ਪ੍ਰਧਾਨ ਯੂਨੀਅਨ’ ਨੇ, ਇਸ ਦੀ ਕਰੜੀ ਆਲੋਚਨਾ ਕੀਤੀ ਹੈ। ਹੋ ਸਕਦਾ ਹੈ ਕਿ ਉਹ ਆਪਣਾ ਅੰਦੋਲਨ ਮੁੜ ਸ਼ੁਰੂ ਕਰ ਦੇਣ।

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਕੇਂਦਰ ਸਰਕਾਰ ਕੋਲ ‘ਸਮਰਪਣ’ ਕਰਨ ਦਾ ਬਾਦਲ ਦਾ ਫੈਸਲਾ, ਕਿਨ੍ਹਾਂ ਬੰਦਿਆ, ਬਿਊਰੋਕਰੇਸੀ ਸਲਾਹਕਾਰਾਂ ਨੇ ਕਰਵਾਇਆ, ਇਸ ਮਾਮਲੇ ਦੀ ਮੁਕੰਮਲ ਜਾਂਚ ਹੋਣੀ ਚਾਹੀਦੀ ਹੈ। ਬਾਦਲ, ਆਪਣੇ ਵਿਸ਼ਵਾਸ਼ਾਂ ਅਤੇ ਇਰਾਦੇ ’ਤੇ ਕਿੰਨਾ ਕੁ ਦ੍ਰਿੜ ਹੈ, ਇਸ ਦਾ ਅੰਦਾਜ਼ਾ ਉਪਰੋਕਤ ਮੁੱਦੇ ਦੇ ‘ਫੈਸਲੇ’ ਤੋਂ ਹੀ ਲਗਾਇਆ ਜਾ ਸਕਦਾ ਹੈ। ਕੋਈ ਵੀ ਸਧਾਰਨ ਬੁੱਧੀ ਇਨਸਾਨ, ਇਹ ਸਵਾਲ ਪੁੱਛ ਸਕਦਾ ਹੈ ਕਿ ਪੰਜਾਬ ਦੀ ਲਗਭਗ 125 ਸਾਲ ਦੀ ਵਿਰਾਸਤ ਨਾਲ ਜੁੜੀ ‘ਪੰਜਾਬ ਯੂਨੀਵਰਸਿਟੀ’ ਨੂੰ, ਜਿਸ ਦੀ ਕਈ ਅਰਬਾਂ ਦੀ ਜਾਇਦਾਦ ਵੀ ਹੈ, ਬਿਨਾਂ ਕਿਸੇ ਵਿਚਾਰ ਦੇ (ਵਿਦਵਾਨਾਂ, ਰਾਜਸੀ ਨੇਤਾਵਾਂ, ਜਨਤਾ ਵਿੱਚ) ਕੇਂਦਰ ਦੇ ਹਵਾਲੇ ਕਰਨ ਦਾ ਫੈਸਲਾ-ਬਾਦਲ ਨੇ ਇੰਨੀ ਜਲਦਬਾਜ਼ੀ ਵਿੱਚ ਕਿਉਂ ਲਿਆ ਸੀ? ਅਤੇ ਬਾਦਲ ਨੇ ਜੇ ਇਹ ਫੈਸਲਾ ਆਪਣੀ ‘ਅਕਲ ਤੇ ਸੂਝਬੂਝ’ ਤੋਂ ਕੰਮ ਲੈਂਦਿਆਂ ਲਿਆ ਸੀ ਅਤੇ ਉਸ ਮੁਤਾਬਿਕ ਇਹ ਠੀਕ ਸੀ ਤਾਂ ਇਸ ਨੂੰ ਫੌਰਨ ਬਦਲ ਕਿਉਂ ਦਿੱਤਾ ਗਿਆ? ਜਿਹੜਾ ਬਾਦਲ, ਆਚਰਹਣਹੀਣ ਆਹਲੂਵਾਲੀਏ ਨੂੰ, ਲੋਕਾਂ ਦੇ ਵਿਰੋਧ ਦੇ ਬਾਵਜੂਦ, ਵਾਈਸ ਚਾਂਸਲਰ ਬਣਾਈ ਰੱਖਣ ਲਈ ਇਹ ਦਲੀਲ ਦੇ ਰਿਹਾ ਹੈ ਕਿ ‘‘ਕੋਰਟ ਕੇਸ ਤਾਂ ਮੇਰੇ ਖਿਲਾਫ ਵੀ ਹਨ - ਆਹਲੂਵਾਲੀਏ ਨੂੰ ਕੋਈ ਸਜ਼ਾ ਤਾਂ ਨਹੀਂ ਹੋਈ’’, ਉਹ ਵਿਦਵਾਨ ਲੋਕਾਂ ਦੀ ਰਾਇ ਨੂੰ ਸੁਣਨ-ਮੰਨਣ ਵਾਲਾ ਨਹੀਂ ਹੈ। ਪਰ ਬਾਦਲ ਨੇ ਜਿਨ੍ਹਾਂ ਹਾਲਾਤਾਂ ਵਿੱਚ (ਉਸ ਨੂੰ ਪਾਰਲੀਮਾਨੀ ਚੋਣਾਂ ਵਿੱਚ ਕਾਂਗਰਸ ਵਲੋਂ ਇਸ ਨੂੰ ਮੁੱਦੇ ਦੇ ਤੌਰ ’ਤੇ ਉਭਾਰਨ ਦਾ ਫਿਕਰ ਸੀ) ਵੀ ਯੂ-ਟਰਨ ਮਾਰਿਆ ਹੈ, ਇਹ ਪੰਜਾਬ ਦੇ ਹਿੱਤ ਵਿੱਚ ਹੀ ਹੈ। ਇਸ ਫੈਸਲੇ ’ਤੇ ਬਾਦਲ ਨੂੰ ਮਜ਼ਬੂਤੀ ਨਾਲ ਖਲੋਣ ਦੀ ਜ਼ਰੂਰਤ ਹੈ। ਸਿੱਖ ਕੌਮ ਵਲੋਂ ‘ਗੁਰੁੂ ਗ੍ਰੰਥ ਸਾਹਿਬ ਵਰਲਡ ਸਿੱਖ ਯੂਨੀਵਰਸਿਟੀ’ ਦੇ ਮੁੱਦੇ ’ਤੇ ਵੀ ਇੰਨਾ ਦਬਾਅ ਬਣਾਇਆ ਜਾਣਾ ਚਾਹੀਦਾ ਹੈ ਕਿ ਆਹਲੂਵਾਲੀਏ ਦੀ ਛੁੱਟੀ ਹੋਵੇ ਅਤੇ ਇਸ ਯੂਨੀਵਰਸਿਟੀ ਨੂੰ ਸਿੱਖੀ ਦੇ ਆਸ਼ੇ ਨੂੰ ਪ੍ਰਫੁੱਲਿਤ ਕਰਨ ਲਈ ਹੀ ਵਰਤਿਆ ਜਾ ਸਕੇ।