

ਅਜੀਤ ਸਿੰਹੁ ਪੂਹਲੇ ਦੇ ਕਤਲ ਮਾਮਲੇ ਤੋਂ ਸਿੱਖਾਂ ਨੂੰ ਸੇਧ ਲੈਣ ਦੀ ਲੋੜ
- ਸਰਬਜੀਤ ਸਿੰਘ -
ਸਿੱਖਾਂ ’ਤੇ ਜ਼ੁਲਮ ਢਾਹੁਣ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਜ਼ਲੀਲ ਕਰਕੇ ਉਨ੍ਹਾਂ ਦਾ ਮਨੋਬਲ ਡਿਗਾਉਣ ਲਈ ਗੰਗੂਵਾਦੀਆਂ ਵੱਲੋਂ ਅਕਸਰ ਸਿੱਖੀ ਵੇਸ ਵਾਲੇ ਸਰਕਾਰੀ ਏਜੰਟਾਂ ਦਾ ਹੀ ਸਹਾਰਾ ਲਿਆ ਜਾਂਦਾ ਹੈ। ਇਨ੍ਹਾਂ ਏਜੰਟਾਂ ਨੂੰ ਆਮ ਲੋਕ ਸੰਤ, ਬਾਬਾ, ਸਾਧ ਆਦਿਕ ਨਾਵਾਂ ਤੋਂ ਜਾਣਦੇ ਹਨ ਤੇ ਪਿਛਲੇ ਦਿਨੀਂ ਅੰਮ੍ਰਿਤਸਰ ਦੀ ਇਕ ਜੇਲ੍ਹ ਵਿੱਚ ਕਤਲ ਕੀਤਾ ਗਿਆ ਅਖੌਤੀ ਬਾਬਾ ਅਜੀਤ ਸਿੰਘ ਪੂਹਲਾ ਵੀ ਇਸੇ ਬ੍ਰਾਹਮਣਵਾਦੀ ਸ਼ਤਰੰਜ ਦਾ ਹੀ ਇਕ ਮੋਹਰਾ ਸੀ।
![]() |
|
ਸੜਿਆ ਹੋਇਆ ਪੂਹਲਾ ਮੌਤ ਤੋਂ ਪਹਿਲਾਂ ਹਸਪਤਾਲ ਵਿੱਚ |
ਪੰਜਾਬ ਦੇ ਲੁਧਿਆਣਾ ਜ਼ਿਲੇ ਨਾਲ ਸਬੰਧਿਤ ਅਜੀਤ ਸਿੰਘ, ਜਿਸ ਦੀਆਂ ਕਰਤੂਤਾਂ ਬਾਰੇ ਪੰਜਾਬੀ ਮੀਡੀਆ ਵਿੱਚ ਸਮੇਂ-ਸਮੇਂ ’ਤੇ ਕਾਫੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ, ਨੇ ਆਪਣੇ ਮਾਫੀਆ ਕੈਰੀਅਰ ਦੀ ਸ਼ੁਰੂਆਤ ਅੰਮ੍ਰਿਤਸਰ ਦੇ ‘ਪੂਹਲਾ’ ਪਿੰਡ ਦੇ ਇਤਿਹਾਸਕ ਗੁਰਦੁਆਰਾ ਸਾਹਿਬ ’ਤੇ ਕਬਜ਼ਾ ਕਰਕੇ ਕੀਤੀ ਸੀ। ਗੁਰਦੁਆਰੇ ’ਤੇ ਕਬਜ਼ੇ ਉਪਰੰਤ ਪੂਹਲੇ ਨੇ ਆਪਣੇ ਰਾਜ਼ਦਾਰ ਗੱਜਣ ਸਿੰਘ ਦਾ ਕਤਲ ਕਰ ਦਿੱਤਾ ਅਤੇ ਗੁਰਦੁਆਰੇ ਨੂੰ ਮਿਲਦੇ ਅਥਾਹ ਚੜ੍ਹਾਵੇ ਸਹਾਰੇ 35-40 ਹਥਿਆਰਬੰਦ ਗੁੰਡਿਆਂ ਦਾ ਇਕ ਯੋਜਨਾਬੱਧ ਗਿਰੋਹ ਬਣਾ ਲਿਆ।
ਉਸ ਸਮੇਂ ਪੰਜਾਬ ਵਿੱਚ ਖਾੜਕੂਵਾਦ ਦਾ ਜੋਰ ਹੋਣ ਕਾਰਨ ਪੁਲਿਸ ਅਧਿਕਾਰੀਆਂ ਨੂੰ ਧਾਰਮਕ ਭੇਖ ਵਾਲੇ ਏਜੰਟਾਂ ਦੀ ਭਾਰੀ ਲੋੜ ਸੀ। ਇਸਲਈ ਪੰਜਾਬ ਦੇ ਤਤਕਾਲੀ ਪੁਲਿਸ ਮੁਖੀ ਨੇ ਪੂਹਲੇ ਨੂੰ ਆਪਣੇ ਦਲਾਲ ਵਜੋਂ ਵਰਤਣ ਦਾ ਸੌਦਾ ਕੀਤਾ ਅਤੇ ਉਸਨੂੰ ਹਥਿਆਰ, ਗੱਡੀਆਂ ਤੇ ਸਰਕਾਰੀ ਗਾਰਦ ਉਪਲਬਧ ਕਰਵਾ ਦਿੱਤੀ। ਇਸ ਸਰਕਾਰੀ ਮਦਦ ਬਦਲੇ ਪੂਹਲਾ ਆਪਣੇ ਹਥਿਆਰਬੰਦ ਗਿਰੋਹ ਦੀ ਮਦਦ ਨਾਲ ਖਾੜਕੂ ਸਿੰਘਾਂ ਦੇ ਪਰਵਾਰ ਮੈਂਬਰਾਂ ਨੂੰ ਧਮਕਾਉਂਦਾ, ਖਾੜਕੂਆਂ ਨੂੰ ਚੈਲੰਜ ਕਰਕੇ ਪੁਲਿਸ ਐਨਕਾਊਂਟਰ ਲਈ ਸਹੀ ਮੌਕਾ ਪ੍ਰਦਾਨ ਕਰਦਾ ਅਤੇ ਵੱਧ ਤੋਂ ਵੱਧ ਇਤਿਹਾਸਕ ਗੁਰਦੁਆਰਿਆਂ ’ਤੇ ਕਬਜ਼ਾ ਕਰਕੇ ਆਪਣੀ ਤਾਕਤ ਵਧਾਉਂਦਾ ਰਿਹਾ। ਆਪਣੀਆਂ ਕਾਰਵਾਈਆਂ ਦੇ ਰਸਤੇ ਵਿੱਚ ਅੜਿੱਕਾ ਬਣਨ ਵਾਲੇ ਹਰ ਵਿਅਕਤੀ ਨੂੰ ਪੂਹਲਾ ਅਤਿ ਜ਼ਾਲਮਾਨਾ ਢੰਗ ਨਾਲ ਕਤਲ ਕਰ ਦਿੰਦਾ ਤੇ ਉਸਦੇ ਪਰਵਾਰ ਦੀਆਂ ਬੀਬੀਆਂ ਦੀ ਪੱਤ ਲੁੱਟ ਲੈਂਦਾ। ਪਰ ਸਰਕਾਰੀ ਸ਼ਹਿ ਪ੍ਰਾਪਤ ਹੋਣ ਕਾਰਨ ਪੂਹਲੇ ਖਿਲਾਫ਼ ਕਦੇ ਕਾਨੂੰਨੀ ਕਾਰਵਾਈ ਨਾ ਹੋਈ।
ਜਦ ਚੰਡੀਗੜ੍ਹ ਦੇ ਐਸ.ਐਸ.ਪੀ. ਸੁਮੇਧ ਸੈਣੀ, ਜਿਸਨੇ ਪੰਜਾਬ ਵਿੱਚ ਸਿੱਖ ਨੌਜੁਆਨੀ ਦੀ ਨਸਲਕੁਸ਼ੀ ਵਿੱਚ ਅਹਿਮ ਭੂਮਿਕਾ ਨਿਭਾਈ ਸੀ, ਇਕ ਬੰਬ ਧਮਾਕੇ ਵਿੱਚ ਜ਼ਖਮੀ ਹੋ ਗਿਆ ਤਾਂ ਪੂਹਲੇ ਨੇ ਉਸੇ ਹੀ ਰਾਤ, ਇਸ ਧਮਾਕੇ ਲਈ ਜ਼ਿੰਮੇਵਾਰ ਸਮਝੇ ਜਾਂਦੇ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਸਾਰੇ ਪਰਵਾਰ ਮੈਂਬਰਾਂ, ਜਿਨ੍ਹਾਂ ਵਿੱਚ ਛੋਟੇ-ਛੋਟੇ ਬੱਚੇ ਵੀ ਸ਼ਾਮਲ ਸਨ, ਨੂੰ ਕੋਹ-ਕੋਹ ਕੇ ਮਾਰ ਦਿੱਤਾ। ਪੂਹਲੇ ਦਾ ਏਨਾ ਦਬਦਬਾ ਸੀ ਕਿ ਉਸਨੇ ਦਮਦਮੀ ਟਸਕਾਲ ਦੇ ਮਹਿਤਾ ਚੌਂਕ ਵਿਖੇ ਸਥਿਤ ਹੈਡ-ਕੁਆਰਟਰ ਅੰਦਰੋਂ ਚਾਰ ਵਿਦਿਆਰਥੀ ਚੁੱਕ ਲਿਆਂਦੇ ਤੇ ਆਪਣੇ ਇਲਾਕੇ ਵਿੱਚ ਲਿਆ ਕੇ ਉਨ੍ਹਾਂ ਨੂੰ ਮਾਰ ਦਿੱਤਾ।
ਅਜਿਹੀ ਖੌਫਨਾਕ ਗੁੰਡਾਗਰਦੀ ਦੇ ਬਾਵਜੂਦ, ਖਾੜਕੂਵਾਦ ਦੌਰਾਨ ਪੂਹਲੇ ਵਿਰੁੱਧ ਕੋਈ ਕਾਰਵਾਈ ਨਾ ਹੋਈ। ਸਨ 2004 ਵਿੱਚ ਕੁਝ ਮਾਮਲੇ ਦਰਜ ਹੋਣ ਉਪਰੰਤ ਵੀ ਪੂਹਲਾ ਕਾਫੀ ਸਮਾਂ ਜ਼ਮਾਨਤ ’ਤੇ ਹੀ ਬਾਹਰ ਰਿਹਾ। ਪਰ ਕਿਉਂਕਿ ਉਸਦੇ ਜ਼ੁਲਮਾਂ ਦੇ ਸ਼ਿਕਾਰ ਹੋਏ ਲੋਕ ਇਕਮੁੱਠ ਹੋਕੇ, ਉੱਚ ਸਤਰ ਦੀਆਂ ਕਾਨੂੰਨੀ ਕਾਰਵਾਈਆਂ ਕਰ ਰਹੇ ਸਨ, ਇਸਲਈ ਉਸਨੂੰ ਵੱਖ-ਵੱਖ ਮਾਮਲਿਆਂ ’ਤੇ ਸਜ਼ਾ ਹੋਣੀ ਨਿਸ਼ਚਿਤ ਜਾਪਦੀ ਸੀ। ਇਸ ਡਰ ਤੋਂ ਪੂਹਲੇ ਨੇ ਆਪਣੇ ਸਰਪ੍ਰਸਤ ਰਹਿ ਚੁੱਕੇ ਪੁਲਿਸ ਅਧਿਕਾਰੀਆਂ ਅਤੇ ਸਿਆਸੀ ਆਗੂਆਂ (ਜਿਨ੍ਹਾਂ ਵਿੱਚ ਅਕਾਲੀ ਤੇ ਕਾਂਗਰਸੀ ਦੋਵੇਂ ਨਸਲਾਂ ਸ਼ਾਮਲ ਹਨ) ਅੱਗੇ ਰੌਲਾ ਪਾਇਆ ਕਿ ਉਸਨੂੰ ਬਚਾ ਲਿਆ ਜਾਏ, ਨਹੀਂ ਤਾਂ ਖਾੜਕੂਵਾਦ ਦੌਰਾਨ ਕੀਤੀਆਂ ਗਈਆਂ ਜ਼ਾਲਮਾਨਾਂ ਕਰਤੂਤਾਂ ਵਿੱਚ ਸ਼ਾਮਲ ਸਭ ਲੋਕਾਂ ਦੀ ਪੋਲ ਖੋਲ੍ਹ ਦੇਵੇਗਾ।
ਕਿਉਂਕਿ ਸਿਆਸੀ ਆਗੂਆਂ ਜਾਂ ਪੁਲਿਸ ਅਧਿਕਾਰੀਆਂ ਨੂੰ ‘ਘਿਸੇ ਹੋਏ ਕਾਰਤੂਸਾਂ’ ਦੀ ਲੋੜ ਨਹੀਂ ਹੁੰਦੀ, ਇਸਲਈ ਉਨ੍ਹਾਂ ਨੇ ਜੇਲ੍ਹ ਵਿੱਚ ਹੀ ਪੂਹਲੇ ਤੋਂ ਛੁਟਕਾਰਾ ਪਾਉਣ ਦਾ ਪ੍ਰਬੰਧ ਕਰ ਲਿਆ। ਇਸ ਮਕਸਦ ਲਈ ਦੋ ਪਤਿਤ ਨੌਜੁਆਨਾਂ ਨੂੰ, ਉਨ੍ਹਾਂ ’ਤੇ ਛੋਟੇ-ਮੋਟੇ ਕੇਸ ਦਰਜ ਕਰਕੇ ਜੇਲ੍ਹ ਅੰਦਰ ਭੇਜ ਦਿੱਤਾ ਗਿਆ। ਹਰਚੰਦ ਸਿੰਘ ਤੇ ਨਵਤੇਜ ਸਿੰਘ ਨਾਂ ਦੇ ਇਨ੍ਹਾਂ ਨੌਜੁਆਨਾਂ ਨੇ ਮਿੱਥੀ ਯੋਜਨਾ ਮੁਤਾਬਿਕ, ਜੇਲ੍ਹ ਦੇ ਗੁਰਦੁਆਰਾ ਸਾਹਿਬ ਦੇ ਜਨਰੇਟਰ ਤੋਂ ਡੀਜ਼ਲ ਕੱਢ ਕੇ ਤੇ ਇਸਨੂੰ ਪੂਹਲੇ ’ਤੇ ਛਿੜਕ ਕੇ ਉਸਨੂੰ ਅੱਗ ਲਗਾ ਦਿੱਤੀ। ਇਸ ‘ਮਿਸ਼ਨ’ ਦੇ ਸਫਲ ਹੋ ਜਾਣ ਉਪਰੰਤ ਪੁਲਿਸ ਅਧਿਕਾਰੀਆਂ ਨੇ ਉਕਤ ਨੌਜੁਆਨਾਂ ਦਾ ਪੱਖ ਲੈਂਦਿਆਂ ਕਿਹਾ ਕਿ ਅਰੰਭਕ ਜਾਂਚ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਉਕਤ ਨੌਜੁਆਨ ਪੂਹਲੇ ਨੂੰ ਜਾਨੋਂ ਨਹੀਂ ਮਾਰਨਾ ਚਾਹੁੰਦੇ ਸਨ ਬਲਕਿ ਉਸਨੂੰ ਡਰਾਉਣਾ ਚਾਹੁੰਦੇ ਸਨ। ਇਸ ਘਟਨਾ ਦੇ ਬਾਅਦ ਵੀ ਇਨ੍ਹਾਂ ਨੌਜੁਆਨਾਂ ਦੀ ਸਰੀਰਕ ਮੁਦਰਾਵਾਂ ਤੋਂ ਵੀ ਅਜਿਹਾ ਪ੍ਰਤੀਤ ਨਹੀਂ ਹੁੰਦਾ ਕਿ ਉਨ੍ਹਾਂ ਨੇ ਨਿਰੋਲ ਸਿੱਖੀ ਦੀ ਭਾਵਨਾ ਅਧੀਨ ਜਜ਼ਬਾਤੀ ਹੋ ਕੇ ਇਹ ਕਾਰਜ ਕੀਤਾ ਸੀ।
|
|
|
|
ਪੂਹਲੇ ਦਾ ਕਤਲ ਕਰਨ ਵਾਲੇ ਨੌਜੁਆਨ ਨਵਤੇਜ ਸਿੰਘ ਤੇ ਹਰਚੰਦ ਸਿੰਘ |
|
ਪਰ ਅਜਿਹੀਆਂ ਹੋਰਨਾਂ ਘਟਨਾਵਾਂ ਦੀ ਤਰ੍ਹਾਂ, ਪੂਹਲੇ ਦਾ ਕਤਲ ਹੁੰਦਿਆਂ ਹੀ ਸਿੱਖ ਜੱਥੇਬੰਦੀਆਂ ਨੇ ਕਥਿਤ ‘ਯੋਧਿਆਂ’ ਦਾ ਸਨਮਾਨ ਕਰਨ ਆਦਿਕ ਦੇ ਬਿਆਨ ਦਾਗਨੇ ਸ਼ੁਰੂ ਕਰ ਦਿੱਤੇ। ਪੂਹਲੇ ਦੀ ਮੌਤ ਉਪਰੰਤ ਉਸਦੇ ਜ਼ੁਲਮਾਂ ਦੀਆਂ ਲੰਬੀਆਂ-ਚੌੜੀਆਂ ਦਾਸਤਾਨਾਂ ਵੀ ਸਾਹਮਣੇ ਆਉਣ ਲੱਗ ਪਈਆਂ ਹਨ, ਜਦਕਿ ਉਸਦੇ ਗਿਰੋਹ ਦੇ ਸਰਗਰਮ ਹੋਣ ਸਮੇਂ ਕਿਸੇ ਵੀ ਅਖੌਤੀ ਪੰਥਕ ਜੱਥੇਬੰਦੀ ਦੇ ਆਗੂ, ਇਥੋਂ ਤੱਕ ਕਿ ਤਖ਼ਤਾਂ ਦੇ ਜੱਥੇਦਾਰ, ਜੋ ਸਿੱਖ ਵਿਦਵਾਨਾਂ ਨੂੰ ਪੰਥ ’ਚੋਂ ਛੇਕਣ ਲਈ ਕਾਹਲੇ ਪਏ ਰਹਿੰਦੇ ਹਨ, ਵੀ ਉਸ ਖਿਲਾਫ਼ ਚੂੰ ਨਹੀਂ ਕਰਦੇ ਸਨ।
ਖੈਰ, ਇਸ ਸਾਰੇ ਘਟਨਾ-ਕ੍ਰਮ ਤੋਂ ਦੋ ਤੱਥ ਸਾਫ਼ ਉਭਰ ਕੇ ਆਉਂਦੇ ਹਨ। ਇਕ ਤਾਂ ਇਹ ਕਿ ਸਿੱਖ ਭਾਵੇਂ ‘‘ਰਾਜ ਕਰੇਗਾ ਖ਼ਾਲਸਾ’’ ਦੇ ਨਾਅਰੇ ਲਗਾਉਂਦੇ ਰਹਿਣ, ਪਰ ਆਪਣੇ ਧਾਰਮਕ ਸਿਧਾਂਤਾਂ ਤੋਂ ਪੂਰੀ ਤਰ੍ਹਾਂ ਟੁੱਟ ਜਾਣ ਅਤੇ ਭਾਰਤੀ ਸਰਕਾਰ ’ਤੇ ਹਾਵੀ ਬ੍ਰਾਹਮਣਵਾਦੀ ਤੱਤਾਂ ਦੀਆਂ ਸਿੱਖੀ-ਵਿਰੋਧੀ ਨੀਤੀਆਂ ਕਾਰਨ, ਸਿੱਖ ਕੌਮ ਅਸਲ ਤੌਰ ’ਤੇ ਬਹੁਤ ਹੀ ਕਮਜ਼ੋਰ ਸਥਿਤੀ ਵਿੱਚ ਪਹੁੰਚ ਗਈ ਹੈ। ਕੁਝ ਗਿਣਤੀ-ਮਿਣਤੀ ਦੇ ਗੁੰਡੇ ਪੰਜਾਬ ਦੇ ਇਤਿਹਾਸਕ ਗੁਰਦੁਆਰਿਆਂ ’ਤੇ ਕਬਜ਼ੇ ਕਰਦੇ ਰਹੇ ਪਰ ਸਿਆਸੀ ਤੇ ਧਾਰਮਕ ਆਗੂਆਂ ਦੀ ਨਲਾਇਕੀ ਕਾਰਨ ਸਿੱਖ ਇਨ੍ਹਾਂ ਗੁੰਡਿਆਂ ਨੂੰ ਗੁਰਦੁਆਰਿਆਂ ’ਚੋਂ ਕੱਢਣ ਲਈ ਕੋਈ ਸਾਰਥਕ ਕਦਮ ਨਾ ਚੁੱਕ ਸਕੇ। ਬਲਕਿ ਇਨ੍ਹਾਂ ਗੁੰਡਿਆਂ ਕੋਲੋਂ ਆਪਣੀਆਂ ਧੀਆਂ-ਭੈਣਾਂ ਦੀ ਬੇਪਤੀ ਕਰਵਾਉਣ ਲਈ ਮਜਬੂਰ ਰਹੇ।
ਦੂਜਾ ਨੁਕਤਾ ਇਹ ਸਪਸ਼ਟ ਹੁੰਦਾ ਹੈ ਕਿ ਧਾਰਮਕ ਭੇਖ ਬਣਾ ਕੇ ਗੁਰਦੁਆਰਿਆਂ/ਡੇਰਿਆਂ ਦੀਆਂ ਗੋਲਕਾਂ ’ਤੇ ਆਪਣੀਆਂ ਗੋਗੜਾਂ ਵਧਾਉਣ ਵਾਲੇ ਸਾਰੇ ਸਾਧ-ਬਾਬੇ, ਸਿੱਖ ਕੌਮ ਨੂੰ ਸਿੱਧੇ-ਅਸਿੱਧੇ ਢੰਗ ਨਾਲ ਖ਼ਤਮ ਕਰਨ ਲਈ ਛੱਡੇ ਗਏ ਸਰਕਾਰ/ਬ੍ਰਾਹਮਣਵਾਦੀਆਂ ਦੇ ਏਜੰਟ ਹਨ। ਜਿੱਥੇ ਕੁਝ ਸਾਧ-ਬਾਬੇ ਸਿੱਖ ਨੌਜੁਆਨੀ ਦੀ ਨਸਲਕੁਸ਼ੀ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ, ਉਥੇ ਬਾਕੀ ਬਾਬੇ ਸਿੱਖੀ ਸਿਧਾਂਤਾਂ ਦਾ ਹਿੰਦੂਕਰਨ ਅਤੇ ਸਿੱਖਾਂ ਨੂੰ ਕੌਮ ਸਾਹਮਣੇ ਦਰਪੇਸ਼ ਚੁਣੌਤੀਆਂ ਵਿਰੁੱਧ ਲਾਮਬੰਦ ਹੋਣ ਤੋਂ ਰੋਕਣ ਲਈ ਮਾਲਾ ਫੇਰਨ ਜਾਂ ਵਾਹਿਗੁਰੂ-ਵਾਹਿਗੁਰੂ ਕਰਨ ਵਿੱਚ ਹੀ ਰੁਝਾਈ ਰੱਖਦੇ ਹਨ।
ਤੀਜਾ ਪੱਖ ਇਹ ਹੈ ਕਿ ਪਿਛਲੇ ਕਈ ਸਾਲਾਂ ਤੋਂ ਪੂਹਲੇ ਖਿਲਾਫ਼ ਸਰਗਰਮ ਮੁਹਿੰਮ ਚਲਾਉਣ ਦੇ ਬਾਵਜੂਦ ਸਿੱਖ ਉਸਦਾ ਕੁਝ ਨਾ ਵਿਗਾੜ ਸਕੇ। ਪਰ ਦੋ ਨੌਜੁਆਨਾਂ ਨੇ ਜੇਲ੍ਹ ਵਿੱਚ ਚੁਪ-ਚੁਪੀਤੇ ਉਸਦਾ ਕੰਮ ਤਮਾਮ ਕਰ ਦਿੱਤਾ। ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਸਿੱਖਾਂ ਵਰਗੀ ਘੱਟ-ਗਿਣਤੀ ਕੌਮ ਲਈ ਸਰਕਾਰੀ ਜਬਰ ਵਿਰੁੱਧ ਸਿੱਧੀ ਲੜਾਈ ਲੜਨ ਨਾਲ ਕੋਈ ਸਾਰਥਕ ਨਤੀਜਾ ਨਹੀਂ ਨਿਕਲ ਸਕਦਾ ਬਲਕਿ ਆਪਣਾ ਜਾਨੀ-ਮਾਲੀ ਨੁਕਸਾਨ ਕਰਵਾ ਕੇ ਵੀ ਬਦਨਾਮੀ ਹੀ ਖੱਟਣੀ ਪੈਂਦੀ ਹੈ। ਇਸਲਈ ਸਿੱਖਾਂ ਨੂੰ ਨੰਗੀਆਂ ਕ੍ਰਿਪਾਨਾਂ ਲੈ ਕੇ ਸੜਕਾਂ ’ਤੇ ਜਾਮ ਲਗਾਉਣ ਦੀ ਬਜਾਏ, ਸਿੱਖ-ਵਿਰੋਧੀ ਸਰਕਾਰੀ ਏਜੰਟਾਂ ਨਾਲ ਛਾਪਾਮਾਰ ਵਿਧੀ ਨਾਲ ਨਿਬੜਨ ਦੀ ਨੀਤੀ ਹੀ ਅਪਣਾਉਣੀ ਚਾਹੀਦੀ ਹੈ।