Subscription About Us Contact Us


ਦਿੱਲੀ ਬੰਬ ਧਮਾਕਿਆਂ ਦੀ ਨਿਰਪੱਖ ਜਾਂਚ ਕਰਵਾਉਣ ਲਈ ਭਾਰਤੀ ਮਨੁੱਖੀ ਅਧਿਕਾਰ ਸੰਗਠਨਾਂ ਵੱਲੋਂ ਪ੍ਰਧਾਨ ਮੰਤਰੀ ਦੇ ਨਾਂ ਖੁੱਲਾ ਪੱਤਰ

- ਸ਼ਬਨਮ ਹਾਸ਼ਮੀ, ਰਾਮ ਪੁਨਿਆਣੀ -

 

15 ਸਤੰਬਰ 2008
ਨਵੀਂ ਦਿੱਲੀ

ਸਨਮਾਨਯੋਗ ਡਾ: ਮਨਮੋਹਨ ਸਿੰਘ,

ਦਿੱਲੀ ਵਿੱਚ 12 ਸਤੰਬਰ 2008 ਨੂੰ ਹੋਏ ਧਮਾਕੇ, ਪਹਿਲਾਂ ਦੇ ਅਜਿਹੇ ਧਮਾਕਿਆਂ ਦੀ ਦੁਖਦ ਲੜੀ ਵਿੱਚ ਇਕ ਹੋਰ ਵਾਧਾ ਹੈ, ਜਿਨ੍ਹਾਂ ਵਿੱਚ ਕਈ ਦਰਜਨ ਲੋਕ ਮਾਰੇ ਜਾ ਚੁੱਕੇ ਹਨ। ਅਸੀਂ ਇਨ੍ਹਾਂ ਧਮਾਕਿਆਂ ਦੀ ਸਖ਼ਤ ਨਿੰਦਾ ਕਰਦੇ ਹਾਂ ਅਤੇ ਇਨ੍ਹਾਂ ਦੀ ਲੋੜੀਂਦੀ ਅਤੇ ਨਿਰਪੱਖ ਜਾਂਚ ਦੀ ਮੰਗ ਕਰਦੇ ਹਾਂ। ਅਸੀਂ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕਰਦੇ ਹਾਂ। ਇਸਦੇ ਨਾਲ ਹੀ ਨਾਲ, ਅਜਿਹਾ ਵੀ ਪ੍ਰਤੀਤ ਹੁੰਦਾ ਹੈ ਕਿ ਸਾਡੀਆਂ ਜਾਂਚ ਕਰਨ ਵਾਲੀਆਂ ਏਜੰਸੀਆਂ ਅੱਤਵਾਦ ਦੇ ਮਾਮਲਿਆਂ ਦੀ ਜਾਂਚ ਵਿੱਚ ਨਿਰਣੈਕਾਰੀ ਤੱਥਾਂ ਨੂੰ ਨਜ਼ਰਅੰਦਾਜ ਕਰ ਰਹੀਆਂ ਹਨ।

ਅੱਤਵਾਦ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ ਅਤੇ ਗ੍ਰਹਿ ਮੰਤਰਾਲਾ ਉਨ੍ਹਾਂ ਨੂੰ ਬੇਬਸ ਹੋ ਕੇ ਵੇਖ ਰਿਹਾ ਹੈ। ਜਦਕਿ ਮੌਜੂਦਾ ਜਾਂਚ ਪੂਰੀ ਤਰ੍ਹਾਂ ‘ਸਿਮੀ’ (ਸਟੂਡੈਂਟਸ ਇਸਲਾਮਿਕ ਮੂਵਮੈਂਟ ਆਫ਼ ਇੰਡੀਆ) ਉੱਤੇ ਹੀ ਕੇਂਦਰਿਤ ਹੈ ਅਤੇ ਕਈ ਅਖੌਤੀ ਆਰੋਪੀਆਂ ਨੂੰ ਜੇਲ੍ਹ ਵਿੱਚ ਪਾ ਦਿੱਤਾ ਗਿਆ ਹੈ। ਇਸਦੇ ਬਾਵਜੂਦ ਹੁਣ ਇਕ ਅਨਜਾਣ ਸੰਗਠਨ ‘ਇੰਡੀਅਨ ਮੁਜਾਹੀਦੀਨ’ ਦਾ ਨਾਮ ਮੌਜੂਦਾ ਘਟਨਾਵਾਂ ਲਈ ਜ਼ਿੰਮੇਵਾਰ ਦੱਸ ਕੇ ਉਛਾਲਿਆ ਜਾ ਰਿਹਾ ਹੈ। ਇਸਦੇ ਨਾਲ ਹੀ ਇਕ ਨੰਗੇ-ਚਿੱਟੇ ਸੱਚ ਨੂੰ ਜਾਣਬੁੱਝ ਕੇ ਛੁਪਾਇਆ ਅਤੇ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇਸ ਸੱਚ ਦਾ ਸਬੰਧ ਬਜਰੰਗ ਦਲ ਅਤੇ ਹਿੰਦੂ ਜਾਗਰਣ ਸਮਿਤੀ ਵੱਲੋਂ ਕੀਤੇ ਜਾ ਰਹੇ ਧਮਾਕਿਆਂ ਨਾਲ ਹੈ। ਅਸੀਂ ਇਹ ਸਮਝਣ ਵਿੱਚ ਅਸਰਥ ਹਾਂ ਕਿ ਜਾਂਚ ਅਧਿਕਾਰੀ ਇਨ੍ਹਾਂ ਕੁਝ ਪੂਰਨ ਸਥਾਪਿਤ ਤੱਥਾਂ ਨੂੰ ਨਜ਼ਰ-ਅੰਦਾਜ਼ ਕਿਉਂ ਕਰ ਰਹੇ ਹਨ :

1) ਮਹਾਂਰਾਸ਼ਟ ਦੇ ਨਾਂਦੇੜ ਸ਼ਹਿਰ ਵਿੱਚ ਬੰਮ ਬਣਾਉਂਦੇ ਸਮੇਂ ਇਕ ਗੰਭੀਰ ਵਿਸਫੋਟ ਵਿੱਚ ਬਜਰੰਗ ਦਲ ਦੇ ਦੋ ਕਾਰਕੁੰਨ ਮਾਰੇ ਗਏ ਸਨ। ਇਹ ਘਟਨਾ ਵਾਪਰਨ ਤੋਂ ਕੁਝ ਪਹਿਲਾਂ ਹੀ ਇਸ ਤਰ੍ਹਾਂ ਦੇ ਬੰਮ ਧਮਾਕਿਆਂ ਦੀਆਂ ਕਈ ਘਟਨਾਵਾਂ ਮਹਾਂਰਾਸ਼ਟਰ ਦੇ ਪਰਭਨੀ, ਜਾਲਨਾ ਅਤੇ ਔਰੰਗਾਬਾਦ ਜਿਹੀਆਂ ਥਾਵਾਂ ’ਤੇ ਹੋਈਆਂ ਸਨ, ਜੋਕਿ ਵਧੇਰੇ ਕਰਕੇ ਮਸਜਿਦਾਂ ਦੇ ਸਾਹਮਣੇ ਹੋਈਆਂ। ਨਾਂਦੇੜ ਜਾਂਚ ਦੇ ਸੁਰਾਗਾਂ ਨੂੰ ਅੱਗੇ ਨਹੀਂ ਵਧਾਇਆ ਗਿਆ। ਇਸਦੇ ਉਲਟ, ਇਸ ਦਿਸ਼ਾ ਵਿੱਚ ਜਾਂਚ ਬਿਲਕੁਲ ਹੀ ਨਹੀਂ ਕੀਤੀ ਗਈ। ਇਸ ਜਾਂਚ ਵਿੱਚ ਪੁਲਿਸ ਦਾ ਨਜ਼ਰੀਆ ਬਿਲਕੁਲ ਢੁਲਮੁਲ ਰਿਹਾ ਹੈ। ਸਮਾਜਕ ਕਾਰਕੁੰਨਾਂ ਨੇ ਇਸਦੀ ਸ਼ਿਕਾਇਤ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਕੀਤੀ। ਕਮਿਸ਼ਨ ਨੇ 17 ਜੂਨ ਦੀ ਸੁਨਵਾਈ ਵਿੱਚ ਪੁਲਿਸ ਕਮਿਸ਼ਨਰ ਨਾਂਦੇੜ ਨੂੰ ਹਾਜ਼ਰ ਰਹਿਣ ਦਾ ਆਦੇਸ਼ ਦਿੱਤਾ ਪਰ ਪੁਲਿਸ ਕਮਿਸ਼ਨਰ ਉਸ ਸੁਨਵਾਈ ’ਤੇ ਹਾਜ਼ਰ ਹੀ ਨਹੀਂ ਹੋਏ !!

ਮਹਾਂਰਾਸ਼ਟਰ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐਸ.) ਵੱਲੋਂ ਇਸ ਖੋਜ ’ਤੇ ਜਾਣ-ਬੁੱਝ ਕੇ ਪਰਦਾ ਪਾਇਆ ਜਾਣਾ ਪ੍ਰਤੀਤ ਹੁੰਦਾ ਹੈ। ਏ.ਟੀ.ਐਸ. ਨੇ ਮ੍ਰਿਤਕਾਂ ਦਾ ਸਬੰਧ ਆਰ.ਐਸ.ਐਸ. ਨਾਲ ਜੁੜੇ ਬਜਰੰਗ ਦਲ ਨਾਲ ਹੋਣ ਦੀ ਜਾਂਚ ਕੀਤੀ ਸੀ। ਉਸ ਸਮੇਂ ਭਾਜਪਾ ਅਤੇ ਉਸਦੇ ਸਹਿਯੋਗ ਸਥਾਨਕ ਵੱਡੇ ਨੇਤਾ ਫੱਟੜਾਂ ਨੂੰ ਵੇਖਣ ਹਸਪਤਾਲ ਵਿੱਚ ਵੀ ਗਏ ਸਨ। ਸਥਾਨਕ ਭਾਜਪਾ ਸਾਂਸਦ ਵੱਲੋਂ ਪੁਲਿਸ ਨੂੰ ਬੰਮ ਬਣਾਉਣ ਦੇ ਆਰੋਪੀਆਂ ਨਾਲ ਜੁੜੇ ਲੋਕਾਂ ਨੂੰ ਤੰਗ ਨਾ ਕਰਨ ਦੀ ਗੱਲ ਵੀ ਕਹੀ ਗਈ ਸੀ। ਨਾਂਦੇੜ ਵਿੱਚ ਏ.ਟੀ.ਐਸ. ਨੇ ਨਕਲੀ ਦਾੜ੍ਹੀ-ਮੁੱਛਾਂ ਅਤੇ ਕੁੜਤੇ-ਪਜਾਮੇ ਵੀ ਬਰਾਮਦ ਕੀਤੇ ਸਨ, ਜੋਕਿ ਇਸ ਤਰ੍ਹਾਂ ਦੇ ਕਾਲੇ ਕਾਰਨਾਮਿਆਂ ਨੂੰ ਕਰਦੇ ਸਮੇਂ ਮੁਸਲਮਾਨੀ ਪਹਿਨਾਵਾ ਦਰਸਾਉਣ ਲਈ ਇਸਤੇਮਾਲ ਕੀਤੇ ਜਾ ਸਕਦੇ ਸਨ।

2) ਤਮਿਲਨਾਡੂ ਦੇ ਤਿਰੁਨੇਲਵੇਲੀ ਜ਼ਿਲੇ ਵਿੱਚ ਆਰ.ਐਸ.ਐਸ. ਦੇ ਤੇਨਕਾਸ਼ੀ ਵਿਖੇ ਸਥਿਤ ਦਫ਼ਤਰ ਵਿੱਚ 24 ਜਨਵਰੀ ਨੂੰ ਇਕ ਬੰਬ ਵਿਸਫੋਟ ਹੋਇਆ ਸੀ। ਗਹਿਰੀ ਜਾਂਚ ਉਪਰੰਤ ਤਮਿਲਨਾਡੂ ਪੁਲਿਸ ਨੇ ਸੰਘ ਪਰਵਾਰ ਨਾਲ ਜੁੜੇ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਿਨ੍ਹਾਂ ਨੇ ਇਹ ਇਕਬਾਲ ਕੀਤਾ ਸੀ ਕਿ ਉਹ ਇਸ ਤਰ੍ਹਾਂ ਦੀਆਂ ਅੱਤਵਾਦੀ ਕਾਰਵਾਈਆਂ ਸਥਾਨਕ ਹਿੰਦੂ ਲੋਕਾਂ ਨੂੰ ਮੁਸਲਮਾਨਾਂ ਦੇ ਖਿਲਾਫ਼ ਭੜਕਾਉਣ ਲਈ ਕਰਦੇ ਸਨ।

ਅਗ੍ਰਿਮ ਜਾਂਚ ’ਤੇ ਤਮਿਲਨਾਡੂ ਪੁਲਿਸ ਨੇ ਸ਼ਿਵਾ ਉਰਫ਼ ਸ਼ਿਵਾਨੰਦਮ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋਕਿ ਤੇਨਕਾਸ਼ੀ ਦੇ ਗੁਆਂਢੀ ਕਸਬੇ ਕਾਡਯਾਨਾਲੂਰ ਵਿੱਚ ਹਿੰਦੂ ਮੁੰਨਾਨੀ ਦਾ ਮਹਾਂਸਚਿਵ ਹੈ। 1980 ਵਿੱਚ ਬਣਿਆ ਹਿੰਦੂ ਮੁੰਨਾਨੀ ਤਮਿਲਨਾਡੂ ਵਿੱਚ ਕੰਮ ਕਰ ਰਹੇ ਸੰਘ ਪਰਵਾਰ ਦਾ ਸਹਾਇਕ ਸੰਗਠਨ ਹੈ। ਸ਼ਿਵਾ, ਜੋਕਿ ਗੁਆਂਢੀ ਸੂਬੇ ਕੇਰਲ ਦੀਆਂ ਖਦਾਨਾਂ ਵਿੱਚ ਕੰਮ ਕਰ ਚੁੱਕਾ ਹੈ, ਨੇ ਬੰਮ ਬਣਾਉਣ ਵਾਸਤੇ ਅਮੋਨੀਅਮ ਨਾਈਟ੍ਰੇਟ ਅਤੇ ਹੋਰ ਲੋੜੀਂਦੀ ਸਮੱਗਰੀ ਉਪਲਬਧ ਕਰਵਾਈ ਸੀ।

3) ਮਹਾਂਰਾਸ਼ਟਰ ਦੇ ਗੜਕਰੀ ਰੰਗਾਯਤਨ ਵਿੱਚ 4 ਜੂਨ 2008 ਨੂੰ ਹੋਏ ਬੰਮ ਧਮਾਕਿਆਂ ਵਿੱਚ ਸੱਤ ਲੋਕ ਫੱਟੜ ਹੋ ਗਏ ਸਨ। ਇਕ ਵਾਰ ਫਿਰ, ਮਹਾਂਰਾਸ਼ਟਰ ਅੱਤਵਾਦ ਵਿਰੋਧੀ ਦਸਤਾ ਦੋਸ਼ੀਆਂ ਨੂੰ ਫੜਨ ਵਿੱਚ ਸਫਲ ਰਿਹਾ। ਦੋਸ਼ੀ ਵਿਅਕਤੀ ‘ਹਿੰਦੂ ਜਨਜਾਗਰਣ ਸਮਿਤੀ’ (ਐਚ.ਜੇ.ਐਸ.) ਦੇ ਮੈਂਬਰ ਸਨ। ਇਹੀ ਦੋਸ਼ੀ ਵਿਕਅਤੀ ਵਾਸ਼ੀ, ਪਨਵੇਲ ਅਤੇ ਰਤਨਾਗਿਰੀ ਵਿੱਚ ਹੋਏ ਬਾਕੀ ਬੰਮ ਧਮਾਕਿਆਂ ਵਿੱਚ ਵੀ ਸ਼ਾਮਲ ਸਨ। ਇਸ ਮਹੱਤਵਪੂਰਨ ਸੁਰਾਗ ਦੇ ਸਬੰਧ ਵਿੱਚ ਹੋਈ ਵਧੇਰੀ ਪੜਤਾਲ ਦੀ ਕੋਈ ਜਾਣਕਾਰੀ ਨਹੀਂ ਹੈ।

4) ਕਾਨਪੁਰ ਵਿੱਚ ਬੰਬ ਬਣਾਉਂਦਿਆਂ 24 ਅਗਸਤ ਨੂੰ ਹੋਏ ਵਿਸਫੋਟ ਵਿੱਚ ਬਜਰੰਗ ਦਲ ਦੇ ਦੋ ਕਾਰਕੁੰਨ ਮਾਰੇ ਗਏ ਸਨ। ਐਤਵਾਰ ਦੀ ਸ਼ਾਮ ਨੂੰ ਦੇਸੀ ਬੰਬ ਬਣਾਉਂਦੇ ਸਮੇਂ ਰਾਜੀਵ ਉਰਫ਼ ਪਿਯੂਸ਼ ਮਿਸ਼ਰਾ ਅਤੇ ਭੁਪੇਂਦਰ ਸਿੰਹ ਦੀ ਮੌਤ ਹੋ ਗਈ ਸੀ। ਸੋਮਵਾਰ 25 ਅਗਸਤ ਨੂੰ ਪੁਲਿਸ ਨੇ ਲਖਨਊ ਤੋਂ ਲਗਭਗ 80 ਕਿਲੋਮੀਟਰ ਦੂਰ ਕਾਨਪੁਰ ਸ਼ਹਿਰ ਦੇ ਕਲਿਆਣਪੁਰ ਵਿਖੇ ਸਥਿਤ ਹੋਸਟਲ ਤੋਂ ਕੁਝ ਦੇਸੀ ਹਥਗੋਲੇ, ਲੈਡ-ਆਕਸਾਈਡ, ਸਿੰਦੂਰ, ਪੋਟਾਸ਼ੀਅਮ ਨਾਈਟ੍ਰੇਟ, ਬੰਬ ਦੀਆਂ ਕਿੱਲਾਂ, ਟਾਈਮਰਸ ਅਤੇ ਬੈਟਰੀਆਂ ਬਰਾਮਦ ਕੀਤੀਆਂ ਸਨ। ਇਸ ਮਾਮਲੇ ਦੀ ਕੋਈ ਵਧੇਰੀ ਪੜਤਾਲ ਨਹੀਂ ਕੀਤੀ ਗਈ। ਪਰ ਕਿਉਂ?

ਹਰ ਵਾਰ ਜਦ ਕੋਈ ਬੰਬ ਧਮਾਕਾ ਹੁੰਦਾ ਹੈ ਤਾਂ ਏਜੰਸੀਆਂ ਅਤੇ ਮੀਡੀਆ ਬਿਨ੍ਹਾਂ ਕਿਸੇ ਸਬੂਤ ਦੇ ਇਸਨੂੰ ਕਿਸੇ ਮੁਸਲਿਮ ਸੰਗਠਨ ਵੱਲੋਂ ਕੀਤੇ ਜਾਣ ਦਾ ਐਲਾਨ ਕਰ ਦਿੰਦੀਆਂ ਹਨ। ਸੈਂਕੜੇ ਨਿਰਦੋਸ਼ ਨੌਜੁਆਨ ਚੁੱਕ ਲਏ ਜਾਂਦੇ ਹਨ ਅਤੇ ਉਸ ਤੋਂ ਬਾਅਦ ਗੈਰ-ਕਾਨੂੰਨੀ ਹਿਰਾਸਤ, ਟਾਰਚਰ, ਗ੍ਰਿਫ਼ਤਾਰੀਆਂ, ਪਰਵਾਰ ਮੈਂਬਰਾਂ ’ਤੇ ਜ਼ੁਲਮ, ਆਰੋਪੀ ਅਤੇ ਉਸਦੇ ਪਰਵਾਰਕ ਮੈਂਬਰਾਂ ਤੋਂ ਸਾਦੇ ਕਾਗਜ਼ਾਂ ’ਤੇ ਦਸਤਖ਼ਤ ਕਰਵਾਉਣ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਸਾਲਾਂ ਤੱਕ ਇਨ੍ਹਾਂ ਬੇਸਹਾਰਾ ਵਿਅਕਤੀਆਂ ਨੂੰ ਜੇਲ੍ਹਾਂ ਵਿੱਚ ਟਾਰਚਰ ਕੀਤਾ ਜਾਂਦਾ ਹੈ, ਕਾਨੂੰਨੀ ਸਹਾਇਤਾ ਤੋਂ ਅੱਡਰਾ ਰੱਖਿਆ ਜਾਂਦਾ ਹੈ ਅਤੇ ਜਿਹੜੇ ਵਕੀਲ ਉਨ੍ਹਾਂ ਦੇ ਮਾਮਲਿਆਂ ਨੂੰ ਲੜਨ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਨੂੰ ਅਦਾਲਤਾਂ ਵਿੱਚ ਸ਼ਰੇਆਮ ਮਾਰਿਆ-ਕੁੱਟਿਆ ਜਾਂਦਾ ਹੈ।

ਅਜਿਹੇ ਮਾਮਲਿਆਂ ਦੇ ਆਰੋਪੀਆਂ ਦਾ ਅਕਸ ਜ਼ਿੰਦਗੀ ਭਰ ਲਈ ਖਰਾਬ ਹੋ ਜਾਂਦਾ ਹੈ। ਜੇਕਰ ਉਹ ਖੁਸ਼ਕਿਸਮਤ ਹੋਣ, ਤਾਂ ਕਈ ਸਾਲਾਂ ਬਾਦ ਵੀ ਏਜੰਸੀਆਂ ਅਤੇ ਪੁਲਿਸ ਕੋਲ ਉਨ੍ਹਾਂ ਖਿਲਾਫ਼ ਕੋਈ ਸਬੂਤ ਨਾ ਹੋਣ ਦੇ ਕਾਰਨ ਉਹ ਜੇਲ੍ਹ ਤੋਂ ਛੁਟ ਜਾਂਦੇ ਹਨ। ਇਸੇ ਲਈ ਦੇਸ਼ ਵਿੱਚ ਅੱਤਵਾਦ ਨੂੰ ਰੋਕਣ ਲਈ ਹੋਰ ਵਧੇਰੇ ਸਖ਼ਤ ਕਾਨੂੰਨ ਬਣਾਉਣ ਦਾ ਸ਼ੋਰ ਮਚਾਇਆ ਜਾਂਦਾ ਹੈ ਤਾਂਕਿ ਪੁਲਿਸ ਥਰਡ-ਡਿਗਰੀ ਟਾਰਚਰ ਰਾਹੀਂ ਆਰੋਪੀਆਂ ਦੇ ਇਕਬਾਲੀਆ ਬਿਆਨ ਪ੍ਰਾਪਤ ਕਰ ਸਕੇ ਅਤੇ ਉਨ੍ਹਾਂ ਨੂੰ ਸਬੂਤ ਦੇ ਤੌਰ ’ਤੇ ਪੇਸ਼ ਕਰ ਸਕੇ। ਇਸ ਯੋਜਨਾਬੱਧ ਦੁਸ਼-ਪ੍ਰਚਾਰ ਦੇ ਅਭਿਆਨ ਰਾਹੀਂ ਘੱਟ-ਗਿਣਤੀ ਕੌਮਾਂ ਨੂੰ ਬਦਨਾਮ ਕਰਨ ਦੀ ਪ੍ਰਕ੍ਰਿਆ ਲਗਾਤਾਰ ਚੱਲ ਰਹੀ ਹੈ।

ਜੇਕਰ ਅਸੀਂ ਆਤੰਕੀ ਹਮਲਿਆਂ ਦੇ ਸਮੇਂ ਨੂੰ ਵੇਖੀਏ, ਤਾਂ ਇਹ ਬਹੁਤ ਸਪਸ਼ਟ ਹੈ ਕਿ ਇਸਦਾ ਲਾਭ ਸਿਰਫ਼ ਇਕ ਵਿਸ਼ੇਸ਼ ਸਿਆਸੀ ਪਾਰਟੀ ਨੂੰ ਮਿਲ ਰਿਹਾ ਹੈ ਅਤੇ ਉਹ ਹੈ ਸੰਘ ਪਰਵਾਰ (ਉਰਫ਼ ਬੀਜੇਪੀ)। ਕੇਂਦਰ ਵਿੱਚ ਸਰਕਾਰ ਬਣਾਉਣ ਦੇ ਮਕਸਦ ’ਤੇ ਨਿਗਾਹ ਟਿਕਾਏ ਸੰਘ ਪਰਵਾਰ ਦਾ, ਵੋਟਾਂ ਦਾ ਧਰੂਵੀਕਰਨ ਕਰਨ ਦਾ ਏਜੰਡਾ ਸਫਲਤਾ ਨਾਲ ਅੱਗੇ ਵੱਧ ਰਿਹਾ ਹੈ।

ਦੂਜੀ ਤਰਫ਼, ਇਕ ਜਾਂ ਦੂਜਾ ਬਹਾਨਾ ਬਣਾ ਕੇ ਘੱਟ-ਗਿਣਤੀ ਕੌਮਾਂ ’ਤੇ ਬਰਾਬਰ ਹਮਲੇ ਹੋ ਰਹੇ ਹਨ। ਉੜੀਸਾ ਵਿੱਚ ਹਜ਼ਾਰਾਂ ਇਸਾਈਆਂ ’ਤੇ ਹਮਲੇ ਹੋਏ ਹਨ, ਉਨ੍ਹਾਂ ਨੂੰ ਬੇਘਰ ਕਰ ਦਿੱਤਾ ਗਿਆ ਹੈ, ਜਮੀਨ-ਜਾਇਦਾਦ ਤਹਿਸ-ਨਹਿਸ ਜਾਂ ਸਾੜ ਦਿੱਤੇ ਗਏ ਹਨ, ਚਰਚਾਂ ’ਤੇ ਹਮਲੇ ਹੋਏ ਹਨ ਅਤੇ ਯਤੀਮਖਾਨਿਆਂ ਨੂੰ ਵੀ ਛੱਡਿਆ ਨਹੀਂ ਗਿਆ।

ਕਰਨਾਟਕ ਵਿੱਚ ਵੀ ਇਸੇ ਤਰ੍ਹਾਂ ਦੀ ਤਸਵੀਰ ਉਭਰ ਰਹੀ ਹੈ। ਲੋਕਾਂ ਨੇ ਜ਼ਾਤੀ ਤੌਰ ’ਤੇ ਪ੍ਰਸ਼ਾਸਨ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਕਰਨਾਟਕ ਦੀ ਸਥਿਤੀ ਅਤੇ ਇਸ ਵਿਸਫੋਟ ਹੋਣ ਦੇ ਕਾਰਨਾਂ ਬਾਰੇ ਦੱਸਿਆ ਹੈ। ਪਰ ਪ੍ਰਸ਼ਾਸਨ ਵੱਲੋਂ ਇਸ ਬਾਬਤ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਅਤੇ ਕਲ ਜੋ ਹੋਇਆ (ਮੈਂਗਲੋਰ ਵਿੱਚ ਸੰਘ ਪਰਵਾਰ ਦੇ ਗੁੰਡਿਆਂ ਨੇ ਇਸਾਈਆਂ ’ਤੇ ਹਮਲਾ ਕਰ ਦਿੱਤਾ), ਉਸਨੂੰ ਅਸੀਂ ਸਭ ਨੇ ਵੇਖਿਆ ਹੈ।

ਜਦ ਅਸੀਂ ਤੁਹਾਨੂੰ ਇਹ ਪੱਤਰ ਲਿਖ ਰਹੇ ਹਾਂ ਤਾਂ ਗੁਜਰਾਤ ਦੇ ਬੜੌਦਾ ਸ਼ਹਿਰ ਦੇ ਯਾਕੂਤਪੁਰਾ ਵਿੱਚ ਪੁਲਿਸ ਮੁਸਲਮਾਨਾਂ ’ਤੇ ਗੋਲੀ ਚਲਾ ਰਹੀ ਹੈ। ਕਲ ਗਣਪਤੀ ਜਲੂਸ ਦੇ ਦੌਰਾਨ ਇਕ ਸਥਾਨਕ ਦਰਗਾਹ ਤੋੜ ਦਿੱਤੀ ਗਈ ਸੀ ਅਤੇ ਮੁਸਲਮਾਨਾਂ ਦੀਆਂ ਦੁਕਾਨਾਂ ਨੂੰ ਤੋੜਿਆ ਤੇ ਤਬਾਹ ਕੀਤਾ ਗਿਆ ਸੀ। ਪਹਿਲਾਂ ਹੀ ਇਕ ਲੜਕਾ ਮਾਰਿਆ ਜਾ ਚੁੱਕਾ ਹੈ ਅਤੇ ਅਨੇਕਾਂ ਫੱਟੜ ਹੋ ਚੁੱਕੇ ਹਨ।

ਪਿਛਲੇ ਕੁਝ ਦਿਨਾਂ ਤੋਂ ਗੁਜਰਾਤ ਦੇ ਡਾਂਗ ਜਿਲੇ ਵਿੱਚ ਇਕਮਾਤਰ ਮੁਸਲਿਮ ਪਿੰਡ ’ਤੇ ਹਮਲਾ ਕੀਤਾ ਗਿਆ ਅਤੇ ਤੋੜ-ਫੋੜ ਕੀਤੀ ਗਈ। ਔਰਤਾਂ ਅਤੇ ਬੱਚਿਆਂ ਦੀ ਬੇਰਹਿਮੀ ਨਾਲ ਪਿਟਾਈ ਕੀਤੀ ਗਈ। ਉਨ੍ਹਾਂ ਦੇ ਸਾਰੇ ਮਰਦ ਜੰਗਲਾਂ ਵਿੱਚ ਭੱਜ ਗਏ ਹਨ। ਪੁਲਿਸ ਨਾ ਸਿਰਫ਼ ਉਨ੍ਹਾਂ ਦਾ ਸਾਰਾ ਸਮਾਨ ਚੁੱਕ ਕੇ ਲੈ ਗਈ ਬਲਕਿ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਖਾਣ-ਪੀਣ ਦੀਆਂ ਵਸਤੂਆਂ ’ਤੇ ਮਿੱਟੀ ਦਾ ਤੇਲ ਛਿੜਕ ਦਿੱਤਾ, ਤਾਂਕਿ ਉਹ ਕੁਝ ਵੀ ਖਾ ਨਾ ਸਕਣ। ਚਾਰ ਘੰਟੇ ਫੋਨ ’ਤੇ ਬਹਿਸ ਕਰਨ ਅਤੇ ਪੁਲਿਸ ਦੇ ਵੱਖ-ਵੱਖ ਵਿਭਾਗਾਂ ’ਤੇ ਦਬਾਅ ਪਾਉਣ ਉਪਰੰਤ ਹੀ ਵਿਸ਼ਵ ਹਿੰਦੂ ਪਰਿਸ਼ਦ ਨੂੰ ਅੱਜ ਦੀ ਪ੍ਰਸਤਾਵਿਤ ਰੈਲੀ ਲਈ ਰੋਕਿਆ ਜਾ ਸਕਿਆ ਹੈ।

ਭਾਰੀ ਦਬਾਅ ਕਾਰਨ ਯੂ.ਪੀ.ਏ. ਨੇ ‘ਰਾਸ਼ਟਰੀ ਏਕੀਕਰਨ ਪਰਿਸ਼ਦ’ ਦਾ ਗਠਨ ਕੀਤਾ ਸੀ। ਜੇਕਰ ਤੁਹਾਨੂੰ ਯਾਦ ਹੋਵੇ ਕਿ ਪਹਿਲੀ ਮੀਟਿੰਗ ਦਾ ਜੋ ਏਜੰਡਾ ਪੇਪਰ ਤਿਆਰ ਕੀਤਾ ਗਿਆ ਸੀ, ਉਹ ਬੇਹੱਦ ਫਿਰਕਾਪ੍ਰਸਤੀ ਅਤੇ ਇਤਰਾਜ਼ਯੋਗ ਸੀ। ਸਾਡੇ ਵਿੱਚੋਂ ਕਈ ਲੋਕਾਂ ਨੇ ਮੀਟਿੰਗ ਦੌਰਾਨ ਇਸ ਮਾਮਲੇ ਚੁੱਕਿਆ ਸੀ ਅਤੇ ਤੁਹਾਡੀ ਹਾਜ਼ਰੀ ਵਿੱਚ ਗ੍ਰਹਿ ਮੰਤਰੀ ਨੇ ਜਵਾਬ ਦਿੱਤਾ ਸੀ ਕਿ ਇਨ੍ਹਾਂ ਨੂੰ ਰੱਦੀ ਦਾ ਕਾਗਜ਼ ਸਮਝਿਆ ਜਾਏ। ਸ਼ਾਇਦ ਗ੍ਰਹਿ ਮੰਤਰੀ ਨੇ ਜਾਣ ਲਿਆ ਸੀ ਕਿ ਸਾਡੇ ਵਰਗੇ ਲੋਕ, ਜੋ ਅਜਿਹੇ ਸਵਾਲ ਚੁੱਕਦੇ ਹਨ, ਨੂੰ ਪਰਿਸ਼ਦ ਵਿੱਚ ਰੱਖਣਾ ਅਸੁਵਿਧਾਜਨਕ ਹੈ। ਇਸਲਈ ਪਰਿਸ਼ਦ ਦੀ ਦੁਬਾਰਾ ਕਦੇ ਮੀਟਿੰਗ ਨਹੀਂ ਬੁਲਾਈ ਗਈ ਜਦਕਿ ਮੀਟਿੰਗ ਹਰ ਛੇ ਮਹੀਨਿਆਂ ਵਿੱਚ ਬੁਲਾਈ ਜਾਣੀ ਸੀ।

ਬਦਕਿਸਮਤੀ ਨਾਲ ਦੇਸ਼ ਨੂੰ ਤਸ਼ਤਰੀ ਵਿੱਚ ਸਜਾ ਕੇ ਸੰਘ ਪਰਵਾਰ ਨੂੰ ਭੇਟ ਕਰ ਦਿੱਤਾ ਗਿਆ ਹੈ ਅਤੇ ਸਰਕਾਰ ਆਮ ਨਾਗਰਿਕਾਂ ਨੂੰ ਅੱਤਵਾਦੀ ਹਮਲਿਆਂ ਤੇ ਸੰਘ ਪਰਵਾਰ ਦੇ ਸੰਗਠਨਾਂ ਦੇ ਨਿਰੰਤਰ ਹਮਲਿਆਂ ਤੋਂ ਸੁਰੱਖਿਆ ਦੇਣ ਵਿੱਚ ਬੇਸਹਾਰਾ ਦਿਖਾਈ ਦੇ ਰਹੀ ਹੈ।

ਅਸੀਂ ਆਸ ਕਰਦੇ ਹਾਂ ਕਿ ਤੁਸੀਂ ਦਖ਼ਲ ਦੇਵੋਗੇ ਅਤੇ ਅਧਿਕਾਰੀਆਂ ਨੂੰ ਪੁੱਛੋਗੇ ਕਿ ਸੰਘ ਪਰਵਾਰ ਦੇ ਅੱਤਵਾਦੀ ਹਮਲਿਆਂ ਵਿੱਚ ਲਿਪਤ ਹੋਣ ਦੇ ਸਪਸ਼ਟ ਮਾਮਲਿਆਂ ਨੂੰ ਕਿਉਂ ਨਜ਼ਰਅੰਦਾਜ ਕੀਤਾ ਜਾ ਰਿਹਾ ਹੈ। ਅਜਿਹਾ ਲਗਦਾ ਹੈ ਕਿ ਜਾਂਚ ਕਰ ਰਹੇ ਅਧਿਕਾਰੀ ਆਤੰਕ ਦੇ ਇਨ੍ਹਾਂ ਮਾਮਲਿਆਂ ਵਿੱਚ ਆਰ.ਐਸ.ਐਸ./ਸੰਘ ਪਰਵਾਰ ਦੀ ਭੂਮਿਕਾ ਨੂੰ ਜਾਣਬੁੱਝ ਕੇ ਛੁਪਾ ਰਹੇ ਹਨ। ਕੀ ਘਟਨਾਵਾਂ ਦੀ ਸਹੀ ਜਾਂਚ ਕੀਤੇ ਬਿਨਾਂ ਇਨ੍ਹਾਂ ਕਾਇਰਤਾ-ਪੂਰਨ ਕਾਰਿਆਂ ਦੇ ਪਿੱਛੇ ਛਿਪੀ ਸੱਚਾਈ ਬਾਹਰ ਆ ਸਕਦੀ ਹੈ, ਜਦਕਿ ਇਨ੍ਹਾਂ ਵਿੱਚ ਲਿਪਤ ਦੋਸ਼ੀ ਬਹੁਤ ਸਪਸ਼ਟ ਹਨ? ਅਸੀਂ ਤੁਹਾਨੂੰ ਜਾਂਚ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦੇਣ ਦੀ ਬੇਨਤੀ ਕਰਦੇ ਹਾਂ ਕਿ ਉਹ ਜਾਂਚ ਨੂੰ ਨਿਰਪੱਖ, ਇਮਾਨਦਾਰ ਅਤੇ ਮਾਹਿਰ ਢੰਗ ਨਾਲ ਕਰਨ। ਨਿਰਦੋਸ਼ ਨਾਗਰਿਕਾਂ ਦੇ ਜੀਵਨ ਦਾਅ ’ਤੇ ਲੱਗੇ ਹੋਏ ਹਨ ਅਤੇ ਅਜਿਹੀ ਗੈਰ-ਜਿੰਮੇਦਾਰਾਨਾ ਲੀਪਾ-ਪੋਤੀ ਨਾਲ ਅਸਲ ਸੱਚਾ ਬਾਹਰ ਨਹੀਂ ਆ ਸਕੇਗੀ। ਬਰਾਬਰਤਾ, ਇਮਾਨਦਾਰੀ ਅਤੇ ਸਾਡੇ ਸੰਵਿਧਾਨ ਦੀਆਂ ਕਦਰਾਂ-ਕੀਮਤਾਂ ਲਈ ਇਨ੍ਹਾਂ ਮਾਮਲਿਆਂ ਦੀ ਸਰਬ-ਪੱਖੀ ਖੋਜ ਕੀਤੇ ਜਾਣਾ ਜਰੂਰੀ ਹੈ।

ਪ੍ਰਧਾਨ ਮੰਤਰੀ ਜੀ, ਕੀ ਅਸੀਂ ਤੁਹਾਡੇ ਤੋਂ ਆਪਣੀ ਸਰਕਾਰ ਦੇ ਪੱਖਤਾਪੂਰਨ ਨਜ਼ਰੀਏ ਤੋਂ ਉੱਪਰ ਉਠਣ ਅਤੇ ਦੇਸ਼ ਨੂੰ ਦੁਖਦਾਈ ਢੰਗ ਨਾਲ ਹਿਲਾ ਦੇਣ ਵਾਲੇ ਧਮਾਕਿਆਂ ਦੇ ਪਿੱਛੇ ਦੀ ਸੱਚਾਈ ਨੂੰ ਬਾਹਰ ਲਿਆਉਣ ਦੀ ਆਸ ਕਰ ਸਕਦੇ ਹਾਂ।

ਪ੍ਰਾਥੀ,

ਸ਼ਬਨਮ ਹਾਸ਼ਮੀ (ਮੈਂਬਰ-ਰਾਸ਼ਟਰੀ ਏਕੀਕਰਨ ਪਰਿਸ਼ਦ)
ਰਾਮ ਪੁਨਿਆਣੀ (ਸਮਾਜਕ ਕਾਰਕੁੰਨ ਅਤੇ ਲੇਖਕ)
ਸੇਵਾ : ਜਨ-ਆਂਦੋਲਨਾਂ ਦਾ ਰਾਸ਼ਟਰੀ ਗਠਜੋੜ ਅਤੇ ਆਸ਼ਾ ਪਰਵਾਰ,
ਪੀ.ਯੂ.ਸੀ.ਐਲ., ਪੀ.ਯੂ.ਐਚ.ਆਰ.।