Subscription About Us Contact Us


ਪੰਥਕ ਸੰਸਥਾਵਾਂ ਅਤੇ ਚੇਤੰਨ ਸਿੱਖਾਂ ਵਲੋਂ
ਹਜ਼ੂਰ ਸਾਹਿਬ ਦੇ ਮੁੱਖ ਪੁਜਾਰੀ ਨੂੰ ਬੇਨਤੀ ਪੱਤਰ

 

ਭਾਈ ਕੁਲਵੰਤ ਸਿੰਘ ਜੀ,
ਜੱਥੇਦਾਰ, ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ,
ਨਾਂਦੇੜ, ਮਹਾਂਰਾਸ਼ਟਰ।

ਵਿਸ਼ਾ: 300 ਸਾਲਾ ਗੁਰਤਾਗਦੀ ਮੌਕੇ ਵਿਸ਼ੇਸ਼ ਧਿਆਨ ਦੇਣ ਜੋਗ ਜ਼ਰੂਰੀ ਨੁਕਤੇ

ਭਾਈ ਸਾਹਿਬ ਜੀਓ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।

ਹਜ਼ੂਰ ਸਾਹਿਬ ਦੇ ਮੁੱਖ ਪੁਜਾਰੀ ਭਾਈ ਕੁਲਵੰਤ ਸਿੰਘ

ਕੁਝ ਦਿਨ ਹੋਏ, ਗਿ. ਕੇਵਲ ਸਿੰਘ, ਸਾਬਕਾ ਜੱਥੇਦਾਰ, ਤਖ਼ਤ ਦਮਦਮਾ ਸਾਹਿਬ ਨੇ ਆਪ ਜੀ ਨੂੰ ਉਪਰੋਕਤ ਵਿਸ਼ੇ ਉਪਰ ਇੱਕ ਪੱਤਰ ਲਿਖਿਆ ਸੀ। ਜਿਸ ਦਾ ਵੇਰਵਾ, ਸਮਾਚਾਰ ਪੱਤਰਾਂ ‘ਚ ਪੜ੍ਹਨ ਨੂੰ ਮਿਲਿਆ। ਇਹ ਪੱਤਰ ਗਿ. ਕੇਵਲ ਸਿੰਘ ਜੀ ਨੇ ਆਪ ਜੀ ਵਲੋਂ ਸੂਝ-ਬੂਝ ਵਰਤਣ ਦੀ ਵੱਡੀ ਆਸ ਰੱਖਦੇ ਹੋਏ ਲਿਖਿਆ ਸੀ। ਉਹਨਾਂ ਨੇ ਇਸ ਸਬੰਧੀ ਬਿਆਨ ਕੀਤਾ ਹੈ ਕਿ ਆਪ ਜੀ ਪੜ੍ਹੇ ਲਿਖੇ, ਪੰਥਕ ਜ਼ਿੰਮੇਵਾਰੀ ਅਤੇ ਪੰਥਕ ਨਿਰਮਲ ਨਿਆਰੀ ਸੋਚ ਨੂੰ ਬਾਖ਼ੂਬੀ ਸਮਝਦੇ ਹੋ, ਅਤੇ ਮਹਿਸੂਸ ਵੀ ਕਰਦੇ ਹੋ ਕਿ ਤਖ਼ਤ ਹਜ਼ੂਰ ਸਾਹਿਬ ਵਿਖੇ, ਪੰਥਕ ਮਰਯਾਦਾ ਦੇ ਵਿਪਰੀਤ ਜੋ ਹੋ ਰਿਹਾ ਹੈ, ਖ਼ਾਲਸਈ ਸਿਧਾਂਤਾਂ ਦੇ ਪੂਰਨਤ: ਅਨੁਕੂਲ ਨਹੀਂ। ਇਹ ਵੀ ਮਹਿਸੂਸ ਕਰਦੇ ਹੋਏ ਕਿ ਆਪ ਜੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਖ਼ਾਲਸਾ ਪੰਥ ਦੇ ਸਿਧਾਂਤਾਂ ‘ਤੇ ਦ੍ਰਿੜਤਾ ਅਤੇ ਦਲੇਰੀ ਨਾਲ ਪਹਿਰਾ ਦੇਣ ਦਾ ਉਤਸ਼ਾਹ ਤੇ ਸਮਰਥਾ ਰੱਖਦੇ ਹੋ, ਅਤੇ ਮਰਯਾਦਾ ਦੇ ਕੁਝ ਅੰਗਾਂ ‘ਤੇ ਇਸ ਮੌਕੇ, ਲੋੜੀਂਦੀ ਕਾਰਵਾਈ ਕਰਨ ਦੀ ਆਪ ਜੀ ਸੇਵਾ ਨਿਭਾ ਸਕਦੇ ਹੋ। ਇਨ੍ਹਾਂ ਮੁੱਦਿਆਂ ਉਪਰ ਪਹਿਲ ਕਦਮੀ ਕਰਨੀ ਆਪ ਜੀ ਦੇ ਵੱਸ ਵਿੱਚ ਹੈ ਅਤੇ ਵੱਡੇ ਭਾਗਾਂ ਨੂੰ, ਇਹ ਸੇਵਾ ਗੁਰੂ ਕ੍ਰਿਪਾ ਸਦਕਾ, ਆਪ ਜੀ ਦੇ ਹਿੱਸੇ ਆਈ ਹੈ। ਇਹ ਜ਼ਿੰਮੇਵਾਰੀ ਇਸ ਪ੍ਰਕਾਰ ਵਰਣਨ ਕੀਤੀ ਗਈ ਹੈ:-

1) ਤਖ਼ਤ ਸ੍ਰੀ ਸੱਚਖੰਡ ਹਜ਼ੂਰ ਸਾਹਿਬ ਵਿਖੇ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਸਰੂਪ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਰ੍ਹਾਂ ਪ੍ਰਕਾਸ਼ ਕੀਤਾ ਜਾਵੇ।

2) ਤਖ਼ਤ ਸ੍ਰੀ ਸੱਚਖੰਡ ਹਜ਼ੂਰ ਸਾਹਿਬ ਵਿਖੇ ਗੁਰੂ ਖ਼ਾਲਸਾ ਪੰਥ ਵਲੋਂ ਤਿਆਰ ਕੀਤੀ ‘ਸਿੱਖ ਰਹਿਤ ਮਰਿਯਾਦਾ’ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲਾਗੂ ਹੈ, ਬਿਨਾ ਕਿਸੇ ਦੇਰੀ ਦੇ, ਅਮਲ ਵਿਚ ਲਿਆਂਦੀ ਜਾਵੇ।

3) ਤਖ਼ਤ ਸਾਹਿਬ ਦੇ ਪ੍ਰਬੰਧਕੀ ਢਾਂਚੇ ਨੂੰ ਸਰਕਾਰੀ ਤੰਤਰ ਤੋਂ ਮੁਕਤ ਕਰ ਕੇ ਕੇਵਲ ਪੰਥਕ ਜੁਗਤਿ ਅਨੁਸਾਰ ਸਹੀ ਪੰਥਕ ਸੋਚ ਵਾਲੇ ਪ੍ਰਬੰਧਕ ਸੱਜਣ ਸੇਵਾ ਵਿਚ ਲਿਆਂਦੇ ਜਾਣ।

4) ਸ੍ਰੀ ਅਕਾਲ ਤਖ਼ਤ ਸਾਹਿਬ ਪੰਥਕ ਸੋਚ ਤੇ ਸਿਧਾਂਤ ਦੀ ਪਹਿਰੇਦਾਰੀ ਲਈ, ਸਰਵੋਤਮ ਤੇ ਕੇਂਦਰੀ ਤਖ਼ਤ ਵਜੋਂ ਗੁਰੂ ਜੀ ਵਲੋਂ ਸਥਾਪਤ ਹੈ। ਇਸ ਨੂੰ ਸਵੀਕਾਰ ਕਰਦਿਆਂ ਪੰਥਕ ਹਿਤਾਂ ਲਈ ਆਪਸੀ ਏਕਤਾ ਤੇ ਪਿਆਰ ਨੂੰ ਬਹਾਲ ਕੀਤਾ ਜਾਵੇ।

ਇਸ ਤੋਂ ਇਲਾਵਾ ਇਹ ਸੁਝਾਅ ਵੀ ਦਿੱਤਾ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾ ਗੁਰਤਾਗੱਦੀ ਦਿਵਸ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਇਆ ਜਾਣਾ ਚਾਹੀਦਾ ਹੈ।ਇਹ ਮਹਾਨ ਦਿਹਾੜਾ, ਪੰਜਾਬ, ਦਿੱਲੀ ਜਾਂ ਹੋਰ ਦੇਸ਼ ਵਿਦੇਸ਼ ਦੀਆਂ ਸਿੱਖ ਜੱਥੇਬੰਦੀਆਂ ਵਲੋਂ ਤਾਂ 18-19 ਅਤੇ 20 ਅਕਤੂਬਰ ਨੂੰ ਮਨਾਇਆ ਜਾਵੇਗਾ, ਪਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਇਸ ਦੇ ਉਲਟ ਹੋਰ ਤਰੀਕਾਂ ਨੂੰ ਮਨਾਇਆ ਜਾਵੇਗਾ। ਇਹ ਤਰੀਕਾਂ ਦਾ ਫ਼ਰਕ, ਸੰਸਾਰ ਦੇ ਸਾਹਮਣੇ ਪੰਥ ਦੀ ਸਥਿਤੀ ਨੂੰ ਹਾਸੋਹੀਣਾ ਬਣਾ ਦੇਵੇਗਾ।

ਉਪਰੋਕਤ ਨੁਕਤਾ ਨੰ. 1 ਦੇ ਸਬੰਧ ਵਿੱਚ ਅਸੀਂ ਸ਼੍ਰੋ.ਗੁ.ਪ੍ਰ. ਕਮੇਟੀ ਦੀ ਧਾਰਮਕ ਸਲਾਹਕਾਰ ਕਮੇਟੀ ਦੀ ਅੱਠਵੀਂ ਇੱਕਤ੍ਰਤਾ ਵਿੱਚ ਪਾਸ ਹੋਏ ਉਸ ਇਤਿਹਾਸਕ ਮਤੇ ਦੀ ਇਬਾਰਤ ਵੀ ਦੇ ਰਹੇ ਹਾਂ, ਜੋ 04.05.1942 ਨੂੰ ਹੋਈ ਸੀ:

ਦਸਮ ਗ੍ਰੰਥ ਅਖੰਡ ਪਾਠ: ਜਥੇਦਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਤ੍ਰਿਕਾ ਨੰਬਰ 684 ਮਿਤੀ 11-1-1942, ਜਿਸ ਰਾਹੀਂ ਧਾਰਮਕ ਸਲਾਹਕਾਰਾਂ ਪਾਸੋਂ ਪੁੱਛ ਕਰਨ ਲਈ ਲਿਖਿਆ ਗਿਆ ਸੀ ਕਿ ਅਕਾਲ ਤੱਖ਼ਤ ਸਾਹਿਬ ਕਈ ਪ੍ਰੇਮੀ ਦਸਮ ਗ੍ਰੰਥ ਸਾਹਿਬ ਦਾ ਅਖੰਡ-ਪਾਠ ਕਰਾਉਂਦੇ ਹਨ। ਇਸ ਸਬੰਧੀ ਕੀ ਕੀਤਾ ਜਾਣਾ ਚਾਹੀਦਾ ਹੈ। ਪੇਸ਼ ਹੋ ਕੇ ਪਰਵਾਨ ਹੋਇਆ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਰ੍ਹਾਂ ਦਸਮ ਗ੍ਰੰਥ (ਜੋ ਕਿਸੇ ਗਰੰਥੀ ਨੇ ਅਣਭੋਲਪੁਣੇ ’ਚ ਤਖ਼ਤ ਸਾਹਿਬ ਦੇ ਹੇਠਲੇ ਥੜ੍ਹੇ ਉਪਰ ਰਖਵਾ ਦਿੱਤਾ ਸੀ) ਉੱਪਰ ਅਖੰਡ, ਸਾਧਾਰਨ ਜਾਂ ਸਪਤਾਹਕ ਪਾਠ ਕਰਨਾ ਠੀਕ ਨਹੀਂ।

ਉਪਰੰਤ ਇਹ ਗ੍ਰੰਥ ਉਥੋਂ ਚੁਕਵਾ ਦਿੱਤਾ ਗਿਆ ਸੀ।

ਇਸ ਤੋਂ ਇਲਾਵਾ ਹੇਠ ਲਿੱਖੇ ਸਵਾਲ ਵੀ ਵਿਸ਼ੇਸ਼ ਧਿਆਨ ਦੇਣ ਯੋਗ ਹਨ:

ਪ੍ਰ. 1) ਕੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾਗੱਦੀ ਤੇ ਸੁਸ਼ੋਭਤ ਕਰਨ ਸਮੇਂ ਦਸਮੇਸ਼ ਜੀ ਨੇ ਕਿਸੇ ਹੋਰ ਪੁਸਤਕ ਦੀ ਮੰਜੀ ਵੀ ਸ਼ਬਦ-ਗੁਰੂ ਦੇ ਬਰਾਬਰ ਲਗਾ ਕੇ ਮੱਥਾ ਟੇਕਿਅ ਸੀ ?

ਪ੍ਰ.2) ਕੀ ਦਸਮੇਸ਼ ਪਿਤਾ ਜੀ ਨੇ ਕਿਸੇ ਨੂੰ ਅਜਿਹਾ ਕੋਈ ਅਧਿਕਾਰ ਵੀ ਦੇ ਦਿੱਤਾ ਸੀ ਕਿ ਭਵਿੱਖ ਵਿਚ, ਸਮੇਂ ਦੀ ਲੋੜ ਅਨੁਸਾਰ, ਕੋਈ ਹੋਰ ਪੁਸਤਕ ਵੀ ਛਾਪ ਕੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ (ਸ਼ਰੀਕ ਵਜੋਂ) ਪ੍ਰਕਾਸ਼ ਕੀਤੀ ਜਾ ਸਕਦੀ ਹੈ?

ਪ੍ਰ. 3) ਕੀ ਦਸਮੇਸ਼ ਪਿਤਾ ਵਲੋਂ ਗੁਰੂ ਗ੍ਰੰਥ ਸਾਹਿਬ ਨੂੰ ਸਦੀਵ ਕਾਲ ਲਈ ਗੁਰਿਆਈ ਸੌਂਪਣ ਵਾਲੇ ਹੁਕਮ ਨੂੰ ਬਦਲਿਆ ਜਾ ਸਕਦਾ ਹੈ ?

ਬਿਪਰਵਾਦੀਆਂ ਦੀ ਸਾਜ਼ਿਸ ਅਧੀਨ, ਕਾਫੀ ਸਾਲਾਂ ਤੋਂ ਇਸ ਸ਼ਾਕਤੀ ਪੋਥੇ (ਬਚਿਤ੍ਰ ਨਾਟਕ) ਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਵਜੋਂ ਉਭਾਰਨ ਅਤੇ ਮਾਣਤਾ ਦੇਣ ਦੇ ਨਾਪਾਕ ਇਰਾਦੇ ਨਾਲ ਇਸ ਦੀ ਮੰਜੀ ‘ਤਖ਼ਤ’ ਪਟਨਾ ਸਾਹਿਬ, ‘ਤਖ਼ਤ’ ਹਜ਼ੂਰ ਸਾਹਿਬ ਅਤੇ ਕਈ ਸੰਪਰਦਾਵਾਂ/ਡੇਰਿਆਂ ਵਿਖੇ ਲਗਾਈ ਹੋਈ ਹੈ।

ਆਸ ਹੈ, ਆਪ ਜੀ ਨੇ ਗਿਆਨੀ ਕੇਵਲ ਸਿੰਘ ਜੀ ਦੇ ਇਸ ਪੱਤਰ ਦੀ ਲਿਖਤ ‘ਤੇ ਗੰਭੀਰਤਾ ਅਤੇ ਡੂੰਘਾਈ ਨਾਲ ਵਿਚਾਰ ਕੀਤੀ ਹੋਵੇਗੀ, ਅਤੇ ਆਪਣੇ ਸਲਾਹਕਾਰਾਂ ਅਤੇ ਪ੍ਰਬੰਧਕ ਕਮੇਟੀ ਨਾਲ ਵਿਚਾਰ ਸਾਂਝੇ ਕਰਕੇ, ਕਿਸੇ ਸਲਾਹੁਣਯੋਗ ਨਤੀਜੇ ‘ਤੇ ਪੁਜੇ ਹੋਵੋਗੇ । ਇਸ ਬਾਰੇ ਸੰਖੇਪ ਜਾਣਕਾਰੀ ਦੇਣ ਦੀ ਖੇਚਲ ਕਰ ਸਕੋ, ਤਾਂ ਅੱਤੀ ਧਨਵਾਦੀ ਹੋਵਾਂਗੇ। ਹੇਠਾਂ ਅੰਕਤ ਗੁਰਮਤਿ ਪਰਚਾਰ ਦੀ ਸੇਵਾ ਨਿਭਾ ਰਹੀਆਂ ਸਮੂਹ ਸੰਸਥਾਵਾਂ, ਯੋਗ ਕਾਰਵਾਈ ਕਰਨ ਦਾ ਆਪ ਜੀ ਉਪਰ ਪੂਰਨ ਵਿਸਵਾਸ਼ ਅਤੇ ਭਰੋਸਾ ਕਰਦੀਆਂ ਹਨ ।ਇਸ ‘ਚ ਕੋਈ ਸ਼ੰਕਾ ਨਹੀਂ ਹੈ, ਆਪ ਜੀ ਦੇ ਉਤਮ ਭਾਗਾਂ ਸਦਕਾ, ਇੱਕ ਮੌਕਾ ਬਣਿਆ ਹੈ ਕਿ ਆਪ ਜੀ ਗੁਰੂ ਗ੍ਰੰਥ ਸਾਹਿਬ ਦੀ ਸਦੀਵੀ ਗੁਰਤਾ ਅਤੇ ਸਰਬ-ਸ਼੍ਰੇਸ਼ਟਤਾ ਨੂੰ ਕਾਇਮ ਰੱਖਦੇ ਹੋਏ, ਯੋਗ ਕਦਮ ਸਮੇਂ ਸਿਰ ਚੁੱਕੋਗੇ। ਅਸੀਂ ਮਹਿਸੂਸ ਕਰਦੇ ਹਾਂ ਕਿ ਆਪਜੀ ਨਿਜੀ ਸਵਾਰਥਾਂ ਤੋਂ ਉਪਰ ਉੱਠ ਕੇ, ਬਿਨਾਂ ਕਿਸੇ ਸੰਸਾਰਕ ਦਬਾਅ ਅਤੇ ਡਰ ਦੇ, ਗੁਰੂ ਵੱਲ ਮੁਖ ਕਰਕੇ, ਜ਼ਰੂਰੀ ਕਾਰਵਾਈ ਕਰਨ ਦਾ ਜੱਸ ਪ੍ਰਾਪਤ ਕਰ ਸਕੋਗੇ।ਆਪਜੀ ਭਲੀ ਭਾਂਤ ਸਮਝਦੇ ਹੋਵੋਗੇ, ਜੇ ਕਰ ਇਸ ਮੌਕੇ ਨੂੰ ਖੁੰਝਾ ਦਿਤਾ ਗਿਆ ਤਾਂ ਹਮੇਸ਼ਾ ਲਈ ਗੁਰੂ ਦੇ ਅਪਰਾਧੀ ਸਮਾਨ ਜਾਣੇ ਜਾਣ ਦਾ ਅਸ਼ੰਕਾ ਹੈ। ਜਿਸ ਦੇ ਫ਼ਲਸਰੂਪ, ਆਪਜੀ ਸਿੱਖ ਇਤਿਹਾਸ ‘ਚ ਗੁਰੂ ਦੋਖੀ ਵਜੋਂ ਜਾਣੇ ਜਾਵੋਗੇ।

ਇਸ ਲਈ ਸਾਡਾ ਗੰਭੀਰਤਾ-ਯੁਕਤ ਸੁਝਾਅ ਹੈ, ਆਪ ਜੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਨਮੁਖ ਹੁੰਦੇ ਹੋਏ, ਸ਼ੁਭ ਅਵਸਰ ਦੀ ਵੇਲੇ ਸਿਰ ਸੰਭਾਲ ਕਰ ਕੇ ਅਤੇ ਗੁਰਸਿੱਖ ਸੂਰਬੀਰਾਂ ਵਾਂਗ ਕਾਰਵਾਈ ਕਰਕੇ, ਰਹਿੰਦੀ ਦੁਨੀਆਂ ਤੱਕ ਆਪਣਾ ਨਾਮ ਰੋਸ਼ਨ ਕਰਨ ਦਾ ਉਪਰਾਲਾ ਕਰੋਗੇ। ਗੁਰੂ ਨਾਲ ਧ੍ਰੋਹ ਕਮਾਉਣ ਵਾਲਿਆਂ ਦਾ ਸੰਸਾਰ ਅਤੇ ਅਕਾਲਪੁਰਖੁ ਦੀ ਦਰਗਾਹ ‘ਚ ਹਸ਼ਰ (ਆਪ ਜੀ ਗੁਰੂ ਸ਼ਬਦ ਦੇ ਵੱਧ ਗਿਆਤਾ ਅਤੇ ਜਾਣਕਾਰੀ ਰੱਖਦੇ ਹੋ ), ਕਈ ਜਨਮ ਗੰਦਗੀ ਦੇ ਕੀੜਿਆਂ ਦੀ ਜੂਨੀ ਭੋਗਣ ਦੀ ਸਜ਼ਾ ਹੁੰਦਾ ਹੈ।

ਭੁੱਲਾਂ ਲਈ ਖਿਮਾਂ ਦੀ ਆਸ ਰੱਖਦੇ ਹੋਏ,

ਗੁਰੂ ਪੰਥ ਦੇ ਨਿਰਮਾਣ ਸੇਵਕ,

ਗੁਰਚਰਨ ਸਿੰਘ
ਸ਼੍ਰੋਮਣੀ ਸਿੱਖ ਸਮਾਜ/ ਗੁਰਮਤਿ ਮਿਸ਼ਨਰੀ ਕਾਲਜ, ਦਿੱਲੀ। (ਫੋਨ : 9357329442)

ਡਾ. ਹਰਿਜਿੰਦਰ ਸਿੰਘ ਦਿਲਗੀਰ (ਫੋਨ : 9417183277)

ਫ਼ਰੀਦਾਬਾਦ ਦੇ ਸਮੂਹ ਵਿਦਵਾਨ ਮਿਸ਼ਨਰੀ ਸੱਜਣ।

ਲੈਫ. ਕਰਨਲ (ਰਿਟ.) ਗੁਰਦੀਪ ਸਿੰਘ (ਫੋਨ : 9814516666)

ਸੁਖਦੇਵ ਸਿੰਘ (ਉਘੇ ਮਿਸ਼ਨਰੀ) (ਫੋਨ : 9888749487)।

ਇੰਦਰ ਸਿੰਘ ਘੱਗਾ, ਅੰਤਰਰਾਸ਼ਟਰੀ ਮਿਸ਼ਨਰੀ।

ਜਸਬਿੰਦਰ ਸਿੰਘ ਖ਼ਾਲਸਾ- ਡੁਬਈ (ਫੋਨ : 9872544016)

ਮਨਜੀਤ ਸਿੰਘ, ਗੁਰਮਤਿ ਮਿਸ਼ਨ, ਜਬਲਪੁਰ (ਫੋਨ: 94243946240)

ਭਾਈ ਰਾਜਿੰਦਰ ਸਿੰਘ, ਸ਼੍ਰੋਮਣੀ ਖ਼ਾਲਸਾ ਪੰਚਾਇਤ (ਫੋਨ : 9876104726)।

ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ, ਅਨੰਦਪੁਰ ਸਾਹਿਬ,

ਚੌਂਤਾ (ਰੋਪੜ), ਬਰੇਲੀ, ਜੰਮੂ, ਸ੍ਰੀਗੰਗਾਨਗਰ ਆਦਿ।

ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ।

ਭਾਈ ਮਨਜੀਤ ਸਿੰਘ, ਕੀਰਤਨੀ ਜੱਥਾ, ਮੋਹਾਲੀ।

ਇਸ ਤੋਂ ਇਲਾਵਾ, ਦੇਸ਼-ਵਿਦੇਸ਼ ’ਚ ਵਸਦੇ ਸੈਂਕੜੇ ਪੰਥ-ਦਰਦੀ ਸੱਜਣ।