Subscription About Us Contact Us


ਖ਼ਬਰ-ਤਰਾਸ਼ੀ

- ਇੰਡੀਆ ਅਵੇਅਰਨੈੱਸ ਬਿਉਰੋ -

ਪੰਜਾਬ ਦੇ ਅਧਿਆਪਕ ਫੇਲ੍ਹ

ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦੇ ਪੜ੍ਹਾਉਣ ਦਾ ਢੰਗ ਅਤੇ ਸਮਰੱਥਾ ਜਾਨਣ ਵਾਸਤੇ ਲਏ ਗਏ ਅੰਗਰੇਜ਼ੀ ਅਤੇ ਗਣਿਤ ਦੇ ਇਕ ਇਮਤਿਹਾਨ ਵਿੱਚੋਂ ਅੱਧੇ ਨਾਲੋਂ ਵੱਧ ਫੇਲ੍ਹ ਹੋ ਗਏ। ਇਹ ਇਮਤਿਹਾਨ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਵੱਲੋਂ ਲਿਆ ਗਿਆ ਸੀ। ਇਸ ਇਮਤਿਹਾਨ ਵਿੱਚ ਕੁਲ 4896 ਅਧਿਆਪਕ ਬੈਠੇ ਜਿਨ੍ਹਾਂ ਵਿੱਚੋਂ ਅੱਧੇ ਨਾਲੋਂ ਵੱਧ ਫੇਲ੍ਹ ਹੋ ਗਏ ਜਦਕਿ 25 ਫੀਸਦੀ ਤੋਂ ਵਧ ਦੀ ਕੰਪਾਰਟਮੈਂਟ ਆ ਗਈ। ਇਹ ਵੀ ਪਤਾ ਲੱਗਾ ਹੈ ਕਿ ਸੈਂਕੜੇ ਅਧਿਆਪਕ ਕੋਰਸ ਦੇ ਅੰਤ ਵਿੱਚ ਪ੍ਰੀਖਿਆ ਦੇਣੋਂ ਪਾਸਾ ਵੱਟ ਗਏ ਸਨ। ਜਿਨ੍ਹਾਂ ਪੰਜ ਹਜ਼ਾਰ ਦੇ ਕਰੀਬ ਨੇ ਇਮਤਿਹਾਨ ਦਿੱਤਾ, ਉਨ੍ਹਾਂ ਦੇ ਨਤੀਜੇ ਤੋਂ ਇਹ ਸਾਬਤ ਹੋ ਗਿਆ ਹੈ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਦਾ ਅੰਗਰੇਜ਼ੀ ਅਤੇ ਗਣਿਤ ਵਿੱਚ ਹਾਲ ਮਾੜਾ ਹੈ।

(ਪੰਜਾਬੀ ਟ੍ਰਿਬੀਊਨ, 24 ਅਗਸਤ 08)

»»» ਜਿਸ ਸੂਬੇ ਵਿੱਚ ਸਰਕਾਰੀ ਨੌਕਰੀ ਦੇਣ ਲਈ ਮੁੱਖ ਮੰਤਰੀ ਦੀ ਪਤਨੀ ਕੋਲ ਮਾਇਆ ਦੇ ਗੱਫੇ ਜਮ੍ਹਾਂ ਕਰਵਾਉਣ ਜਿਹੀ ਨੌਬਤ ਵੀ ਆ ਚੁੱਕੀ ਹੋਵੇ, ਉੱਥੋਂ ਦੇ ਅਧਿਆਪਕਾਂ ਦੇ ਅਕਾਦਮਿਕ ਸਤਰ ਬਾਰੇ ਹੋਰ ਆਸ ਵੀ ਕੀ ਕੀਤੀ ਜਾ ਸਕਦੀ ਹੈ? ਇਹੋ ਜਿਹੇ ਅਧਿਆਪਕਾਂ ਕੋਲ ਪੜ੍ਹਨ ਲਈ ਮਜਬੂਰ ਵਿਦਿਆਰਥੀਆਂ ਦਾ ਭਵਿੱਖ ਕੀ ਹੋਵੇਗਾ, ਇਸਦਾ ਅੰਦਾਜ਼ਾ ਲਗਾ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ !!

ਪੰਜਾਬ ਨੇ ਕੇਂਦਰ ਤੋਂ ਮਦਦ ਮੰਗ ਕੇ ਆਫਤ ਸਹੇੜੀ

‘ਕੁਦਰਤੀ ਆਫਤ ਫੰਡ’ ਨੂੰ ਸਰਕਾਰੀ ਖਜ਼ਾਨੇ ਵਿੱਚ ਰੱਖਣ ਕਾਰਨ ਪੰਜਾਬ ਸਰਕਾਰ ਦੀ ਹਾਲਤ ਕਸੂਤੀ ਬਣ ਗਈ ਹੈ। ਸੂਤਰਾਂ ਮੁਤਾਬਿਕ ਕੇਂਦਰ ਸਰਕਾਰ ਨੇ ਇਸ ਆਫਤ ਫੰਡ ’ਚ ਪਈ 1646 ਕਰੋੜ ਰੁਪਏ ਦੀ ਰਾਸ਼ੀ ਦਾ ਵਿਆਜ ਸਮੇਤ ਹਿਸਾਬ-ਕਿਤਾਬ ਮੰਗ ਲਿਆ ਹੈ। ਸਰਕਾਰੀ ਸੂਤਰਾਂ ਦਾ ਦੱਸਣਾ ਹੈ ਕਿ ਪੰਜਾਬ ਸਰਕਾਰ ਨੇ ਇਸ ਫੰਡ ਨੂੰ ਹੋਰਨਾਂ ਸਰਕਾਰੀ ਕੰਮਾਂ ਲਈ ਵਰਤ ਲਿਆ ਹੈ ਅਤੇ ਹੁਣ ਕੇਂਦਰ ਸਰਕਾਰ ਦੇ ਸਵਾਲਾ ਦਾ ਅਜੇ ਤੱਕ ਕੋਈ ਜਵਾਬ ਨਹੀਂ ਦੇ ਸਕੀ ਕਿਉਂਕਿ ਕੇਂਦਰ ਨੇ ਇਸ ਰਾਸ਼ੀ ’ਤੇ ਮਿਲਣ ਵਾਲਾ ਪੂਰਾ ਵਿਆਜ ਅਤੇ ਫੰਡ ਦੀ ਵਰਤੋਂ ਦਾ ਹਿਸਾਬ ਮੰਗ ਲਿਆ ਹੈ।

(ਪੰਜਾਬੀ ਟ੍ਰਿਬੀਊਨ, 25 ਅਗਸਤ 08)

»»» ਕੇਂਦਰ ਸਰਕਾਰ ਦੇ ਅਧਿਕਾਰੀਆਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ‘‘ਗੰਗਾ ਗਈਆਂ ਹੱਡੀਆਂ ਕਦੇ ਵਾਪਸ ਨਹੀਂ ਆਉਂਦੀਆਂ।’’ ਬਾਦਲ ਸਾਹਿਬ ਵੱਲੋਂ ਕੁਦਰਤੀ ਆਫਤਾਂ ਦੇ ਫੰਡ ਦੇ ਪੈਸੇ ਨੂੰ ਇੱਧਰ-ਉੱਧਰ ਕਰਨਾ ਤਾਂ ਉਨ੍ਹਾਂ ਦੇ ਰਾਜ (ਨਹੀਂ ਨਹੀਂ - ਸੇਵਾ) ਦੀ ਇਕ ਛੋਟੀ ਜਿਹੀ ਨਿਸ਼ਾਨੀ ਹੈ।

ਸਰਨਾ 84 ਦੋਸ਼ੀਆਂ ਦੀ ਮਦਦ ਕਰ ਰਹੇ ਹਨ : ਦੰਗਾ-ਪੀੜਤ

ਆਲ ਇੰਡੀਆ ਸਿੱਖ ਦੰਗਾ-ਪੀੜਤ ਐਕਸ਼ਨ ਕਮੇਟੀ ਅਤੇ ਨਵੰਬਰ 84 ਦੀਆਂ ਸਿੱਖ ਵਿਧਵਾਵਾਂ ਨੇ ਸ਼੍ਰੋਮਣੀ ਅਕਾਲੀ ਦਲ (ਬ) ਦਾ ਧੰਨਵਾਦ ਕੀਤਾ ਹੈ ਕਿ ਇਸ ਵਾਰ ਟਾਈਟਲਰ ਕੇਸ ਦੀ ਸੁਣਵਾਈ ਦੌਰਾਨ ਹੋਏ ਪ੍ਰਦਰਸ਼ਨ ਵਿੱਚ ਜਥੇਦਾਰ ਮਨਜੀਤ ਸਿੰਘ ਜੀ.ਕੇ. ਨੇ ਸ਼ਾਮਲ ਹੋ ਕੇ ਨਵੰਬਰ 84 ਦੇ ਪੀੜਤ ਪਰਵਾਰਾਂ ਦੇ ਜ਼ਖ਼ਮਾਂ ’ਤੇ ਮਲ੍ਹਮ ਲਗਾਉਣ ਦਾ ਕੰਮ ਕੀਤਾ ਹੈ। ਐਕਸ਼ਨ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਖ਼ਾਲਸਾ ਨੇ ਕਿਹਾ ਕਿ ਬੇਹੱਦ ਦੁਖ ਦੀ ਗੱਲ ਹੈ ਕਿ ਦਿੱਲੀ ਸਿੱਖ ਕਮੇਟੀ ਦੇ ਪ੍ਰਧਾਨ ਸ੍ਰ: ਪਰਮਜੀਤ ਸਿੰਘ ਸਰਨਾ ਆਪਣੀ ਬਣਦੀ ਜ਼ਿੰਮੇਵਾਰੀ ਨਾ ਨਿਭਾਅ ਕੇ 1984 ਦੇ ਦੋਖੀਆਂ ਦੀ ਸ਼ਰੇਆਮ ਮਦਦ ਕਰੇ ਹਨ।

(ਰੋਜ਼ਾਨਾ ਅਜੀਤ, 6 ਸਤੰਬਰ 08)

»»» ਸਿਆਸੀ ਆਗੂਆਂ, ਖਾਸਕਰ ਸਿੱਖਾਂ ਦੇ, ਤੋਂ ਕਿਸੇ ਵੀ ਜਰੂਰਤਮੰਦ ਨੂੰ ਮਦਦ ਦੀ ਆਸ ਰੱਖਣੀ ਹੀ ਨਹੀਂ ਚਾਹੀਦੀ। ਦੰਗਾ ਪੀੜਤਾਂ ਨੂੰ ਇਹ ਧਿਆਨ ਵੀ ਰੱਖਣਾ ਚਾਹੀਦਾ ਹੈ ਕਿ ਸਰਨਾ ਨੇ ਤਾਂ ਜੋ ਕੀਤਾ ਸੋ ਕੀਤਾ, ਬਾਦਲਕਿਆਂ ਨੇ ਵੀ 84 ਕਤਲੇਆਮ ਦੇ ਨਾਮ ’ਤੇ ਸਿਆਸੀ ਰੋਟੀਆਂ ਸੇਕਣ ਅਤੇ ਵੋਟਾਂ ਪ੍ਰਾਪਤ ਕਰਨ ਦੇ ਇਲਾਵਾ ਹੋਰ ਕੁਝ ਨਹੀਂ ਕੀਤਾ।

ਡੇਰਾ ਮੁਖੀ ਵਿਰੁੱਧ ਦੋਸ਼ ਤੈਅ

ਇਥੋਂ ਦੀ ਸੀ.ਬੀ.ਆਈ. ਦੀ ਅਦਾਲਤ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਕਤਲ ਅਤੇ ਜਬਰ-ਜਿਨਾਹ ਦੇ ਦੋਸ਼ ਆਇਦ ਕਰ ਦਿੱਤੇ ਹਨ। ਇਸ ਮਾਮਲੇ ਦੀ ਬਾਕਾਇਦਾ ਸੁਣਵਾਈ ਹੁਣ 4 ਅਕਤੂਬਰ ਤੋਂ ਹੋਵੇਗੀ। ਅਦਾਲਤ ਦੇ ਵਿਸ਼ੇਸ਼ ਜੱਜ ਸ੍ਰੀ ਏ.ਕੇ. ਵਰਮਾ ਦੀ ਹਾਜ਼ਰੀ ਵਿੱਚ ਡੇਰਾ ਮੁਖੀ ਵਿਰੁੱਧ ਡੇਰੇ ਦੀਆਂ ਕੁਝ ਸਾਧਵੀਆਂ ਨਾਲ ਜਬਰ-ਜਿਨਾਹ ਕਰਨ ਅਤੇ ਡੇਰੇ ਦੇ ਮੈਨੇਜਰ ਰਹਿ ਚੁੱਕੇ ਰਣਜੀਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਦੋਸ਼ ਲਾਏ ਗਏ।

(ਰੋਜ਼ਾਨਾ ਅਜੀਤ, 7 ਸਤੰਬਰ 08)

»»» ਕਰੋੜਾਂ-ਅਰਬਾਂ ਰੁਪਏ ਦਾ ਨੁਕਸਾਨ ਝੇਲ ਕੇ, ਮੀਡੀਆ ਰਾਹੀਂ ਬੇਅੰਤ ਬਦਨਾਮੀ ਖੱਟ ਕੇ ਅਤੇ 3 ਬੇਦੋਸ਼ੇ ਨੌਜੁਆਨ ਸ਼ਹੀਦ ਕਰਵਾ ਕੇ; ਡੇਢ ਸਾਲ ਦੇ ਸੰਘਰਸ਼ ਉਪਰੰਤ ਜੇਕਰ ਸਿੱਖ ਸਮਾਜ ਡੇਰੇਦਾਰ ਸਾਧ ਦੇ ਖਿਲਾਫ਼ ਸਿਰਫ਼ ਦੋਸ਼ ਹੀ ਤੈਅ ਕਰਵਾ ਸਕਿਆ ਹੈ, ਤਾਂ ਅਜਿਹੇ ਸੰਘਰਸ਼ ਦਾ ਕੀ ਲਾਭ? ਕੀ ਅਜਿਹੀ ਗਤੀ ਨਾਲ ਚੱਲ ਰਹੀ ਕਾਨੂੰਨੀ ਪ੍ਰਕ੍ਰਿਆ ਡੇਰੇਦਾਰ ਨੂੰ ਉਸਦੇ ਇਸੇ ਜਨਮ ਵਿੱਚ ਸਜ਼ਾ ਦੇ ਸਕੇਗੀ?

‘ਅੱਡ ਗੁਰਦੁਆਰਾ ਕਮੇਟੀ ਬਣਾਉਣ ਦੇ ਯਤਨ ਬੰਦ ਹੋਣ’

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਦੀ ਅਕਾਲ ਤਖ਼ਤ ਸਕੱਤਰੇਤ ਵਿੱਚ ਹੋਈ ਇਕੱਤਰਤਾ ਵਿੱਚ ਇਹ ਗੱਲ ਜ਼ੋਰ ਨਾਲ ਆਖੀ ਗਈ ਕਿ ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਲਈ ਕੀਤੇ ਜਾ ਰਹੇ ਜਤਨ ਬੰਦ ਹੋਣੇ ਚਾਹੀਦੇ ਹਨ। ਹਰਿਆਣਾ ਦੇ ਸਿੱਖਾਂ ਵੱਲੋਂ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਲਈ ਕੇਂਦਰ ਅਤੇ ਹਰਿਆਣਾ ਨੂੰ 7 ਸਤੰਬਰ ਦੀ ਕਾਨਫਰੰਸ ਵਿੱਚ ਦਿੱਤੇ 30 ਦਿਨਾ ਅਲਟੀਮੇਟਮ ਬਾਰੇ ਉਨ੍ਹਾਂ ਕਿਹਾ ਕਿ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣਾ ਸਿੱਖ ਸ਼ਕਤੀ ਨੂੰ ਕਮਜ਼ੋਰ ਕਰਨਾ ਹੈ।

(ਪੰਜਾਬੀ ਟ੍ਰਿਬੀਊਨ, 10 ਸਤੰਬਰ 08)

»»» ਬਾਦਲ-ਆਰ.ਐਸ.ਐਸ. ਜੁੰਡਲੀ ਦੇ ਹਥਠੋਕੇ ਅਖੌਤੀ ਜੱਥੇਦਾਰ ਆਪਣੇ ਆਕਾਵਾਂ ਨੂੰ ਸਿਆਸੀ-ਆਰਥਕ ਨੁਕਸਾਨ ਕਰਵਾ ਸਕਣ ਵਾਲੀ ਗੁਰਦੁਆਰਾ ਕਮੇਟੀ ਦੀ ਸਥਾਪਨਾ ਕਿਵੇਂ ਬਰਦਾਸ਼ਤ ਕਰਨਗੇ?

ਵੱਡੇ ਤਜਰਬੇ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ : ਕਲਾਮ

ਸਾਬਕਾ ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਨੇ ਪਰਲੋ-ਪੱਖੀਆਂ ਦੀਆਂ ਅਫਵਾਹਾਂ ਨੂੰ ਨਿਰਾਧਾਰ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਤਜਰਬੇ ਨਾਲ ਧਰਤੀ ਦੇ ਕਿਸੇ ਹਿੱਸੇ ’ਤੇ ਕੋਈ ਨੁਕਸਾਨ ਨਹੀਂ ਹੋਵੇਗਾ ਤੇ ਨਾ ਹੀ ਪ੍ਰੋਟੋਨ ਦੀ ਟੱਕਰ ਕੋਈ ਖਰਤਨਾਕ ਊਰਜਾ ਪੈਦਾ ਕਰੇਗੀ। ਉਨ੍ਹਾਂ ਕਿਹਾ ਕਿ ਮਾਨਵਤਾ ਦੀ ਹੋਂਦ ਨੂੰ ਕੋਈ ਖਤਰਾ ਨਹੀਂ ਸਗੋਂ ਤੋਂ ਪਰਦਾ ਉਠਣ ਪਿੱਛੋਂ ਮਾਨਵ ਜੀਵਨ ਹੋਰ ਬਿਹਤਰ ਹੋ ਜਾਵੇਗਾ।

(ਪੰਜਾਬੀ ਟ੍ਰਿਬੀਊਨ, 11 ਸਤੰਬਰ 08)

»»» ਕਲਾਮ ਸਾਹਿਬ, ਇਸ ਤਜਰਬੇ ਨਾਲ ਮਨੁੱਖਤਾ ਨੂੰ ਤਾਂ ਕੋਈ ਨੁਕਸਾਨ ਨਹੀਂ ਪਹੁੰਚੇਗਾ, ਪਰ ਦੁਨੀਆ ਦੇ ਪੈਦਾ ਹੋਣ ਦੇ ਘਟਨਾ-ਕ੍ਰਮ ਸਬੰਧੀ ਪ੍ਰਮਾਣਿਕ ਖੋਜ ਹੋਣ ਨਾਲ ਬ੍ਰਾਹਮਣਵਾਦੀਆਂ ਵੱਲੋਂ ਪ੍ਰਚਾਰੇ ਜਾਂਦੇ ਸ੍ਰਿਸਟੀ ਦੇ ਕਰਤਾ, ਸੰਭਾਲਕ ਤੇ ਵਿਨਾਸ਼ਕ ਦੇਵਤਿਆਂ ਦੀਆਂ ਕਹਾਣੀਆਂ ਵਿਗਿਆਨਕ ਤੌਰ ’ਤੇ ਵੀ ਝੂਠੀਆਂ ਸਾਬਤ ਹੋ ਜਾਣੀਆਂ ਹਨ। ਇਸਲਈ ਬ੍ਰਾਹਮਣਵਾਦੀ ਮੀਡੀਆ ਨੇ ਅਜਿਹੀ ਖੋਜ ਨੂੰ ਰੁਕਵਾਉਣ ਲਈ ਰੌਲਾ ਤਾਂ ਪਾਉਣਾ ਹੀ ਹੋਇਆ।

ਕੈਨੇਡੀਅਨ ਪੰਜਾਬੀ ਉਮੀਦਵਾਰਾਂ ਦੀ ਪੰਜਾਬੀ ਬੋਲੀ ਪ੍ਰਤੀ ਬੇਰੁਖੀ

ਕੈਨੇਡਾ ਦੀਆਂ ਸੰਸਦੀ ਚੋਣਾਂ ’ਚ ਜਿਵੇਂ-ਜਿਵੇਂ ਸਮਾਂ ਘਟਦਾ ਜਾ ਰਿਹਾ ਹੈ, ਉਵੇਂ ਹੀ ਸੜਕਾਂ, ਗਲੀਆਂ, ਬਾਜ਼ਾਰਾਂ ’ਚ ਉਮੀਦਵਾਰਾਂ ਦੇ ਸਾਈਨ ਬੋਰਡਾਂ ਦੀ ਭਰਮਾਰ ਹੋ ਰਹੀ ਹੈ। ਜਿੱਥੇ ਇਕ ਪਾਸੇ ਚੋਣਾਂ ਲੜ ਰਹੇ ਪੰਜਾਬੀ ਮੂਲ ਦੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਆਪਣਾ ਸੁਨੇਹਾ ਸਾਈਨ ਬੋਰਡਾਂ ਰਾਹੀਂ ਕੇਵਲ ਅੰਗਰੇਜ਼ੀ ਭਾਸ਼ਾ ਰਾਹੀਂ ਪਹੁੰਚਾ ਰਹੇ ਹਨ, ਉੱਥੇ ਗੈਰ-ਪੰਜਾਬੀ ਜਾਂ ਗੋਰੇ ਉਮੀਦਵਾਰਾਂ ਪੰਜਾਬੀ ਵੋਟਰਾਂ ਤੱਕ ਜਾਣਕਾਰੀ ਪਹੁੰਚਾਉਣ ਲਈ ਅੰਗਰੇਜ਼ੀ ਦੇ ਨਾਲ-ਨਾਲ ਗੁਰਮੁਖੀ ਦੀ ਵੀ ਵਰਤੋਂ ਕਰ ਰਹੇ ਹਨ।

(ਰੋਜ਼ਾਨਾ ਅਜੀਤ, 16 ਸਤੰਬਰ 08)

»»» ਜਿਹੜੇ ਲੋਕਾਂ ਵਿੱਚ ਆਪਣੀ ਮਾਂ-ਬੋਲੀ ਦੀ ਵਰਤੋਂ ਨੂੰ ਲੈ ਕੇ ਏਨੀ ਹੀਨ ਭਾਵਨਾ ਹੋਵੇ ਕਿ ਉਹ ਆਪਣੇ ਬੱਚਿਆਂ ਨਾਲ ਵੀ ਮਾਂ-ਬੋਲੀ ਦੀ ਬਜਾਏ ਹੋਰਨਾਂ ਬੋਲੀਆਂ ਵਿੱਚ ਗੱਲਾਂ ਕਰਦੇ ਹੋਣ, ਉਹ ਲੋਕ ਚੋਣ ਪ੍ਰਚਾਰ ਵਿੱਚ ਮਾਂ-ਬੋਲੀ ਦੀ ਵਰਤੋਂ ਕਿਵੇਂ ਕਰ ਸਕਦੇ ਹਨ? ਜੇਕਰ ਪੰਜਾਬੀਆਂ ਵਿੱਚ ਆਪਣੀ ਮਾਂ-ਬੋਲੀ ਅਪਣਾਉਣ ਦਾ ਕੋਈ ਜਜ਼ਬਾ ਹੁੰਦਾ, ਤਾਂ ਯੂਨੈਸਕੋ ਨੂੰ ਇਹ ਚੇਤਾਵਨੀ ਕਿਉਂ ਦੇਣੀ ਪੈਂਦੀ ਕਿ 50 ਕੁ ਸਾਲਾਂ ਬਾਅਦ ਪੰਜਾਬੀ ਬੋਲੀ ਦੁਨੀਆ ਵਿੱਚੋਂ ਖ਼ਤਮ ਹੋ ਜਾਏਗਾ? ਇਕ ਕਵੀ ਨੇ ਠੀਕ ਹੀ ਕਿਹਾ ਹੈ : ਸ਼ਰਫ ਪੁੱਛੀ ਨਾ ਜਿਨ੍ਹਾਂ ਨੇ ਵਾਤ ਮੇਰੀ, ਵੇ ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ !!

ਪੰਜਾਬ ਦੇ ਸਕੂਲੀ ਅਧਿਆਪਕ

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਦੇ ਅਧਿਆਪਕਾਂ ਦੀਆਂ ਅਸਾਮੀਆਂ ਨਹੀਂ ਹਨ। ਸਰਕਾਰ ਵੱਲੋਂ ਸਮਾਜਕ-ਗਿਆਨ ਦੇ ਅਧਿਆਪਕਾਂ ਨੂੰ ਅੰਗਰੇਜ਼ੀ ਪੜ੍ਹਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸਿੱਖਿਆ ਵਿਭਾਗ ਦੇ ਸੂਤਰਾਂ ਅਨੁਸਾਰ ਜਿਹੜੇ ਅਧਿਆਪਕ ਅੰਗਰੇਜ਼ੀ ਵਿਸ਼ੇ ਦੀ ਪੜ੍ਹਾਈ ਕਰਵਾ ਰਹੇ ਹਨ, ਉਨ੍ਹਾਂ ਵਿੱਚੋਂ ਬਹੁਤਿਆਂ ਨੇ ਬੀ.ਏ./ਬੀ.ਐਸ.ਸੀ. ਵਿੱਚ ਅੰਗਰੇਜ਼ੀ ਲਾਜ਼ਮੀ ਵਿਸ਼ੇ ਵਜੋਂ ਪਾਸ ਨਹੀਂ ਕੀਤੀ ਜਦਕਿ ਅੰਗਰੇਜ਼ੀ ਦੇ ਅਧਿਆਪਕ ਵਾਸਤੇ ਗ੍ਰੈਜੂਏਸ਼ਨ ਤੱਕ ਅੰਗਰੇਜ਼ੀ ਇਕ ਇਲੈਕਟਿਵ ਵਿਸ਼ੇ ਵਜੋਂ ਪਾਸ ਕਰਨ ਦੀ ਸ਼ਰਤ ਹੈ।

(ਪੰਜਾਬੀ ਟ੍ਰਿਬੀਊਨ, 17 ਸਤੰਬਰ 08)

»»» ਪਿੰਡਾਂ ਦੇ ਲੋਕਾਂ ਨੂੰ ਸਿੱਖਿਆਂ ਤੋਂ ਵਾਂਝਾ ਰੱਖ ਕੇ ਉਨ੍ਹਾਂ ਦਾ ਸ਼ੋਸ਼ਣ ਜਾਰੀ ਰੱਖਣ ਲਈ ਬਾਦਲ ਸਾਹਿਬ ਸਕੂਲਾਂ ’ਚ ਨਵੇਂ ਅਧਿਆਪਕ ਨਿਯੁਕਤ ਕਰਨਾ ਨਹੀਂ ਚਾਹੁੰਦੇ, ਤਾਂ ਪਹਿਲਾਂ ਕਾਰਜਰਤ ਅਧਿਆਪਕਾਂ ਨੂੰ ਦੂਜੇ ਵਿਸ਼ੇ ਹੀ ਪੜ੍ਹਾਉਣੇ ਪੈਣੇ ਹਨ।

ਰਾਜਸਥਾਨ ਸਰਕਾਰ ਦਾ ਘੱਗਰ ਨਦੀ ਦੇ ਪਾਣੀ ਉੱਤੇ ਦਾਅਵਾ

ਪੰਜਾਬ ਨੂੰ ਆਪਣੇ ਦਰਿਆਈ ਪਾਣੀਆਂ ਦੀ ਰਾਖੀ ਲਈ ਆਏ ਦਿਨ ਨਵੀਂ ਮੁਹਿੰਮ ਵਿਢਣੀ ਪੈਂਦੀ ਹੈ। ਹਰਿਆਣਾ ਨਾਲ ਤਾਂ ਪੰਜਾਬ ਪਹਿਲਾਂ ਕਈ ਪਾਸਿਆਂ ਤੋਂ ਉਲਝਿਆ ਹੀ ਹੋਇਆ ਹੈ ਪਰ ਹੁਣ ਘੱਗਰ ਦੇ ਪਾਣੀਆਂ ’ਤੇ ਰਾਜਸਥਾਨ ਵੱਲੋਂ ਮਾਰੇ ਜਾ ਰਹੇ ਛਾਪੇ ਨੂੰ ਰੋਕਣ ਲਈ ਪੰਜਾਬ ਨੇ ਰਾਜਸਥਾਨ ਸਰਕਾਰ ਨੂੰ ਪੱਤਰ ਲਿਖ ਕੇ ਆਪਣਾ ਸਖ਼ਤ ਸਟੈਂਡ ਦੱਸ ਦਿੱਤਾ ਹੈ। ਪੰਜਾਬ ਨੇ ਸਪਸ਼ਟ ਤੌਰ ’ਤੇ ਕਹਿ ਦਿੱਤਾ ਹੈ ਕਿ ਜੇਕਰ ਰਾਜਸਥਾਨ ਨੇ ਘੱਗਰ ਦਾ ਪਾਣੀ ਲੈਣਾ ਹੀ ਹੈ ਤਾਂ ਸਤਲੁਜ ਵਿੱਚੋਂ ਰਾਜਸਥਾਨ ਦਾ ਹਿੱਸਾ ਖ਼ਤਮ ਹੋ ਜਾਵੇਗਾ ਕਿਉਂ ਜੋ ਰਾਜਸਥਾਨ ਸਮਝੌਤੇ ਦੀ ਉਲੰਘਣਾ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਰਾਜਸਥਾਨ ਨੇ ਪੰਜਾਬ ਦੀ ਪ੍ਰਵਾਨਗੀ ਦੇ ਬਗੈਰ ਹੀ ਘੱਗਰ ਦੇ ਪਾਣੀਆਂ ਨੂੰ ਇਸਤੇਮਾਲ ਕਰਨ ਲਈ ਕਈ ਪ੍ਰਾਜੈਕਟ ਤਿਆਰ ਕਰਕੇ ਸੈਂਟਰਲ ਵਾਟਰ ਕਮਿਸ਼ਨ ਨੂੰ ਭੇਜ ਦਿੱਤੇ ਹਨ। ਇਹ ਵੀ ਪਤਾ ਲੱਗਾ ਹੈ ਕਿ ਰਾਜਸਥਾਨ ਨੇ ਆਪਣੇ ਖੇਤਰ ਵਿੱਚ ਇਨ੍ਹਾਂ ਪ੍ਰਾਜੈਕਟਾਂ ’ਤੇ ਕੰਮ ਵੀ ਸ਼ੁਰੂ ਕਰ ਦਿੱਤਾ ਹੈ।

(ਪੰਜਾਬੀ ਟ੍ਰਿਬੀਊਨ, 18 ਸਤੰਬਰ 08)

»»» ਬਾਦਲ ਸਾਹਿਬ ਨੂੰ ਪੰਜਾਬ ਦੇ ਲੋਕਾਂ ’ਤੇ ਲਾਠੀਚਾਰਜ ਕਰਵਾਉਣ ਤੋਂ ਫੁਰਸਤ ਮਿਲੇਗੀ ਤਾਂ ਉਹ ਪਾਣੀਆਂ ਦੀ ਰਾਖੀ ਬਾਰੇ ਸੋਚਣਗੇ ਨਾ? ਅਕਾਲੀ-ਬੀਜੇਪੀ ਦੀ ਭਾਈਵਾਲੀ ਨੂੰ ਪਤੀ-ਪਤਨੀ ਦਾ ਰਿਸ਼ਤਾ ਦੱਸਣ ਵਾਲੇ ਬਾਦਲਕੇ, ਰਾਜਸਥਾਨ ਵਿਚਲੀ ਬੀਜੇਪੀ ਸਰਕਾਰ ਦੀ ਇਸ ਮੱਕਾਰੀ ਭਰਪੂਰ ਕਾਰਵਾਈ ਬਾਰੇ ਅਵਾਜ ਕਿਉਂ ਨਹੀਂ ਚੁੱਕਦੇ?

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇੜੇ ਨਾਜਾਇਜ਼ ਸ਼ਰਾਬ ਦੀ ਵਿਕਰੀ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਮਹਿਜ਼ 100 ਮੀਟਰ ਦੀ ਦੂਰੀ ’ਤੇ ਵਿਕ ਰਹੀ ਨਾਜਾਇਜ਼ ਸ਼ਰਾਬ ਜਿੱਥੇ ਇਸ ਸ਼ਹਿਰ ਦੀ ਪਵਿੱਤਰਤਾ ਉੱਤੇ ਸਵਾਲੀਆ ਚਿੰਨ੍ਹ ਲਗਾ ਰਹੀ ਹੈ, ਉੱਥੇ ਹੀ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਵੀ ਠੇਸ ਪਹੁੰਚਾ ਰਹੀ ਹੈ। ਭਾਵੇਂ ਇਸ ਨਾਜਾਇਜ਼ ਸ਼ਰਾਬ ਦੀ ਵਰਤੋਂ ਦਾ ਧੰਦਾ ਦੋ ਤੋਂ ਪੰਜ ਪੇਟੀਆਂ ਤੱਕ ਹੀ ਸੀਮਤ ਹੈ, ਫਿਰ ਵੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਬਿਲਕੁਲ ਸਾਹਮਣੇ ਤੇ ਸਿਰਫ਼ 100 ਕੁ ਮੀਟਰ ਦੀ ਦੂਰ ’ਤੇ ਇਸ ਨਾਜਾਇਜ਼ ਕੰਮ ਦਾ ਚਲਣਾ ਗੁਰੂ ਘਰ ਵਿਖੇ ਆਉਣ ਵਾਲੀਆਂ ਸੰਗਤਾਂ ਦੀ ਸ਼ਰਧਾ ਨੂੰ ਠੇਸ ਪਹੁੰਚਾ ਰਿਹਾ ਹੈ।

(ਪੰਜਾਬੀ ਟ੍ਰਿਬੀਊਨ, 18 ਸਤੰਬਰ 08)

»»» ਸਿੱਖ ਇਤਿਹਾਸ ਨਾਲ ਸਬੰਧਿਤ ਸ਼ਹਿਰਾਂ ਦੀ ਪਵਿੱਤਰਤਾ ਦੀ ਪਰਵਾਹ ਦੀ ਆਸ ਕਿਨ੍ਹਾਂ ਤੋਂ ਕੀਤੀ ਜਾਏ? ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਉਣ ਵਾਲੇ ਬਾਦਲ ਪਰਵਾਰ ਕੋਲੋਂ ਜਾਂ ਸਿੱਖਾਂ ਦੇ ਹਿੰਦੂਕਰਨ ਲਈ ਸਰਗਰਮ ਸੰਘ ਪਰਵਾਰ ਕੋਲੋਂ?

ਭਨਿਆਰਾਂਵਾਲਾ ਤੇ ਪੰਜ ਸਾਥੀਆਂ ਨੂੰ ਕੈਦ

ਕਰੀਬ 9 ਸਾਲ ਚੱਲੀ ਕਾਨੂੰਨੀ ਲੜਾਈ ਤੋਂ ਬਾਅਦ ਅੰਬਾਲਾ ਦੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਪ੍ਰਵੀਨ ਕੁਮਾਰ ਗੁਪਤਾ ਨੇ ਬਹੁ-ਚਰਚਿਤ ‘ਭਵ ਸਾਗਰ ਗ੍ਰੰਥ’ ਦੇ ਲੇਖਕ ਬਾਬਾ ਪਿਆਰਾ ਸਿੰਘ ਭਨਿਆਰਾਂ ਵਾਲਾ ਅਤੇ ਉਸਦੇ ਪੰਜ ਸਾਥੀਆਂ ਨੂੰ ਥਾਣਾ ਨੂਰਪੁਰ ਬੇਦੀ ਵਿੱਚ ਦਰਜ ਮੁਕੱਦਮੇ ਤਹਿਤ ਮਾਰਕੁੱਟ ਅਤੇ ਅਗਵਾ ਲਈ ਦੋਸ਼ੀ ਮੰਨਦਿਆਂ ਤਿੰਨ-ਤਿੰਨ ਸਾਲ ਦੀ ਕੈਦ ਅਤੇ ਤਿੰਨ-ਤਿੰਨ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਸਜ਼ਾ ਸੁਣਾਉਣ ਤੋਂ ਬਾਅਦ 6 ਦੋਸ਼ੀਆਂ ਨੂੰ 25-25 ਹਜ਼ਾਰ ਰੁਪਏ ਦੇ ਨਿਜੀ ਮੁਚਲਕਿਆਂ ’ਤੇ ਜ਼ਮਾਨਤ ਦੇ ਦਿੱਤੀ ਗਈ ਅਤੇ ਕਿਹਾ ਕਿ ਅਗਰ ਦੋਸ਼ੀ ਚਾਹੁਣ ਤਾਂ ਉਹ ਫੈਸਲੇ ਦੇ ਖਿਲਾਫ ਇਕ ਮਹੀਨੇ ਦੇ ਅੰਦਰ-ਅੰਦਰ ਅਪੀਲ ਕਰ ਸਕਦੇ ਹਨ।

(ਪੰਜਾਬੀ ਟ੍ਰਿਬੀਊਨ, 21 ਸਤੰਬਰ 08)

»»» ਕੀ ਇਹ ਭਨਿਆਰੇ ਵਾਲੇ ਨੂੰ ਸਜ਼ਾ ਦਿੱਤੀ ਗਈ ਹੈ ਜਾਂ ਨਿਆਂ ਦੇ ਨਾ ’ਤੇ ਬਚਿੱਤਰ ਨਾਟਕ ਖੇਡਿਆ ਗਿਆ ਹੈ? ਡੇਰੇਦਾਰ ਸਾਧਾਂ ’ਤੇ ਹਮਲੇ ਦੇ ਆਰੋਪੀ ਸਿੱਖ ਨੌਜੁਆਨਾਂ ਨੂੰ ਤਾਂ ਦੋਸ਼ ਸਾਬਿਤ ਹੋਣ ਤੋਂ ਪਹਿਲਾਂ ਵੀ ਸਾਲਾਂ-ਬੱਧੀ ਜੇਲ੍ਹਾਂ ਵਿੱਚ ਸੜਨਾ ਪੈਂਦਾ ਹੈ ਤੇ ਸਿੱਖਾਂ ’ਤੇ ਜ਼ੁਲਮ ਕਰਨ ਵਾਲੇ ਡੇਰੇਦਾਰ ‘ਸਜ਼ਾ’ ਦਾ ਹੁਕਮ ਜਾਰੀ ਹੋਣ ਤੋਂ ਬਾਅਦ ਵੀ ਜੇਲ੍ਹ ਤੋਂ ਬਾਹਰ ਹੀ ਅਜ਼ਾਦ ਫਿਰਦੇ ਰਹਿੰਦੇ ਹਨ।